ਪੰਜਾਬ ਸਰਕਾਰ ਪ੍ਰਤੀ ਨਰਮ ਪੈਣ ਲੱਗੇ ਰਾਜਪਾਲ ਦੇ ਸੁਰ

ਚੰਡੀਗੜ੍ਹ: ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਬਣੀ ਖਿੱਚੋਤਾਣ ਦਰਮਿਆਨ ਦੋਵੇਂ ਧਿਰਾਂ ਦੇ ਸੁਰ ਨਰਮ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੌਮੀ ਖੇਡ ਦਿਵਸ ਮੌਕੇ ਪੰਜਾਬ ਦੀ ਰੱਜਵੀਂ ਤਾਰੀਫ ਕੀਤੀ ਸੀ ਅਤੇ ਮੀਡੀਆ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।

ਇਧਰ, ਪੰਜਾਬ ਸਰਕਾਰ ਨੇ ਰਾਜਪਾਲ ਵੱਲੋਂ ਭੇਜੇ ਪੱਤਰਾਂ ਦੇ ਜੁਆਬ ਦੇਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕੁੜੱਤਣ ਘਟਾਉਣ ਵੱਲ ਕਦਮ ਵਧਾਏ ਜਾ ਸਕਣ। ਰਾਜਪਾਲ ਨੇ ਹੁਣ ਤੱਕ ਕੁੱਲ 16 ਪੱਤਰ ਪੰਜਾਬ ਸਰਕਾਰ ਨੂੰ ਭੇਜੇ ਹਨ ਜਿਨ੍ਹਾਂ ਦੀ ਚਰਚਾ ਉਹ ਕਈ ਵਾਰ ਮੀਡੀਆ ਕੋਲ ਕਰ ਚੁੱਕੇ ਹਨ। ਇਵੇਂ ਹੀ ਮੁੱਖ ਮੰਤਰੀ ਵੀ ਆਖ ਚੁੱਕੇ ਹਨ ਕਿ 9 ਪੱਤਰਾਂ ਦਾ ਜੁਆਬ ਭੇਜਿਆ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਨੇ ਬਾਕੀ ਪੱਤਰਾਂ ਦੇ ਜੁਆਬ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਬਕਾਇਆ ਪਏ ਛੇ ਪੱਤਰਾਂ ਦੇ ਜੁਆਬ ਤਿਆਰ ਕਰ ਲਏ ਗਏ ਹਨ ਅਤੇ ਇਨ੍ਹਾਂ ਚੋਂ ਇਕ ਇਕ ਕਰਕੇ ਪੱਤਰਾਂ ਦੇ ਜੁਆਬ ਰਾਜ ਭਵਨ ਨੂੰ ਜਾਣੇ ਸ਼ੁਰੂ ਹੋ ਗਏ ਹਨ। ਕਰੀਬ ਇਕ ਹਫਤੇ ਵਿਚ ਸਾਰੇ ਪੱਤਰਾਂ ਦੇ ਜੁਆਬ ਦੇਣ ਨੂੰ ਸਰਕਾਰ ਯਕੀਨੀ ਬਣਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਚੇਤੇ ਰਹੇ ਕਿ ਇਨ੍ਹਾਂ ਪੱਤਰਾਂ ਨੂੰ ਲੈ ਕੇ ਵੱਡਾ ਬਿਖੇੜਾ ਖੜ੍ਹਾ ਹੋਇਆ ਸੀ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਇਨ੍ਹਾਂ ਪੱਤਰਾਂ ਦੇ ਜੁਆਬ ਦੇਣ ਲਈ ਕਿਹਾ ਸੀ। ਦੋਵਾਂ ਧਿਰਾਂ ਨੇ ਪਹਿਲੀ ਦਫਾ ਸੁਖਾਵਾਂ ਮਾਹੌਲ ਬਣਾਉਣ ਵਾਲੇ ਸੰਕੇਤ ਦਿੱਤੇ ਹਨ। ਸਿਆਸੀ ਹਲਕਿਆਂ ਨੂੰ ਹਾਲੇ ਯਕੀਨ ਨਹੀਂ ਬੱਝ ਰਿਹਾ ਕਿ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਸੁਰ ਸਦੀਵੀ ਬਣ ਸਕਣਗੇ ਕਿਉਂਕਿ ਦੋਵਾਂ ਧਿਰਾਂ ਨੇ ਸਿਆਸੀ ਲੜਾਈ ਨੂੰ ਸਿਖਰ ‘ਤੇ ਲਿਆਂਦਾ ਸੀ। ਸਿਖਰ ਉਦੋਂ ਹੋਇਆ ਜਦੋਂ ਰਾਜਪਾਲ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਸਿਫਾਰਸ਼ ਕੀਤੇ ਜਾਣ ਦੀ ਚਿਤਾਵਨੀ ਦੇ ਦਿੱਤੀ ਸੀ। ਹੁਣ ਜਦੋਂ ਪੰਜਾਬ ਸਰਕਾਰ ਨੇ ਰਾਜਪਾਲ ਦੇ ਬਕਾਇਆ ਪਏ ਪੱਤਰਾਂ ਦੇ ਜੁਆਬ ਦੇਣੇ ਸ਼ੁਰੂ ਕਰ ਦਿੱਤੇ ਹਨ ਤਾਂ ਰਾਜਪਾਲ ਕੋਲ ਇਸ ਮਾਮਲੇ ‘ਚ ਹੁਣ ਕਹਿਣ ਲਈ ਕੋਈ ਗੱਲ ਬਾਕੀ ਨਹੀਂ ਬਚੇਗੀ। ਪਿਛਲੇ ਕੁਝ ਦਿਨਾਂ ਤੋਂ ਰਾਜਪਾਲ ਤੇ ਮੁੱਖ ਮੰਤਰੀ ਨੇ ਚੁੱਪ ਵੱਟੀ ਹੋਈ ਹੈ।
ਸਿਆਸੀ ਹਲਕੇ ਹੈਰਾਨ ਹਨ ਕਿ ਆਖਰ ਅਜਿਹਾ ਕੀ ਵਾਪਰਿਆ ਹੈ ਕਿ ਅਚਾਨਕ ਸੁਰ ਏਨੀ ਮੱਠੇ ਪੈ ਗਏ ਹਨ। ਅਹਿਮ ਸੂਤਰ ਦੱਸਦੇ ਹਨ ਕਿ ਕੇਂਦਰੀ ਦਾਖਲ ਮਗਰੋਂ ਅਜਿਹਾ ਹੋਇਆ ਹੈ। ਪਤਾ ਲੱਗਾ ਹੈ ਕਿ ਕੇਂਦਰ ਦੀ ਭਾਜਪਾਈ ਲੀਡਰਸ਼ਿਪ ਨੇ ਦਾਖਲ ਦਿੱਤਾ ਹੈ। ਚਰਚੇ ਇਹ ਵੀ ਹਨ ਕਿ ਇਹ ਸਿਆਸੀ ਲੜਾਈ ਵਿਚ ਖੜੋਤ ਆਰਜ਼ੀ ਹੈ ਕਿਉਂਕਿ ਸਤੰਬਰ ਦੇ ਪਹਿਲੇ ਹਫਤੇ ਦਿੱਲੀ ਵਿਚ ਜੀ-20 ਸੰਮੇਲਨ ਹੋ ਰਿਹਾ ਹੈ ਜਿੱਥੇ ਕੌਮਾਂਤਰੀ ਹਸਤੀਆਂ ਪੁੱਜ ਰਹੀਆਂ ਹਨ। ਭਾਜਪਾ ਨੇ ਗੈਰ ਭਾਜਪਾਈ ਸੂਬਿਆਂ ਨਾਲ ਸਿਆਸੀ ਲੜਾਈ ਨੂੰ ਇਸ ਕਰਕੇ ਥੋੜ੍ਹਾ ਬਰੇਕ ਦਿੱਤਾ ਹੈ।
ਕੇਂਦਰੀ ਦਖਲ ਕਾਰਨ ਨਰਮ ਪਏ ਰਾਜਪਾਲ!
ਚੰਡੀਗੜ੍ਹ: ਸੂਤਰ ਦੱਸਦੇ ਹਨ ਕਿ ਅੰਦਰੋਂ ਅੰਦਰੀਂ ਕੇਂਦਰ ਸਰਕਾਰ ਨੇ ਦਖਲ ਦਿੱਤਾ ਹੈ ਜਿਸ ਮਗਰੋਂ ਰਾਜਪਾਲ ਥੋੜ੍ਹੇ ਨਰਮ ਰੌਂਅ ‘ਚ ਆ ਗਏ ਹਨ। ਸੂਤਰਾਂ ਅਨੁਸਾਰ ਭਾਰਤ ਸਰਕਾਰ ਸਤੰਬਰ ਦੇ ਪਹਿਲੇ ਹਫਤੇ ਜੀ-20 ਸੰਮੇਲਨ ਮੌਕੇ ਪੁੱਜਣ ਵਾਲੀਆਂ ਕੌਮਾਂਤਰੀ ਹਸਤੀਆਂ ਦੇ ਮੱਦੇਨਜ਼ਰ ਗੈਰ ਭਾਜਪਾਈ ਸ਼ਾਸਨ ਵਾਲੇ ਸੂਬਿਆਂ ਨਾਲ ਇਨ੍ਹਾਂ ਦਿਨਾਂ ‘ਚ ਕੋਈ ਟਕਰਾਅ ਨਹੀਂ ਚਾਹੁੰਦੀ। ਅਹਿਮ ਸੂਤਰ ਅੰਦਾਜ਼ੇ ਲਗਾ ਰਹੇ ਹਨ ਕਿ ਰਾਜਪਾਲ ਨੂੰ ਕੇਂਦਰ ਤਰਫ਼ੋਂ ਕੋਈ ਨਾ ਕੋਈ ਹਦਾਇਤ ਜ਼ਰੂਰ ਮਿਲੀ ਹੋਵੇਗੀ ਜਿਸ ਕਰਕੇ ਰਾਜਪਾਲ ਚੰਡੀਗੜ੍ਹ ‘ਚ ਪੰਜਾਬ ਦੀ ਤਾਰੀਫ ਕਰਦੇ ਨਜ਼ਰ ਆਏ।