ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ `ਚ ਹਲਚਲ

ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੱਡੀ ਹਲਚਲ ਹੋ ਰਹੀ ਹੈ। ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਵੱਲੋਂ ਆਪੋ-ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਗਏ ਹਨ। ਬੀਤੀ 14 ਅਗਸਤ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਹੋਈ ਆਪਸੀ ਤਕਰਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਾ ਸੀ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ। ਜਿਸ ਦੀ ਰਿਪੋਰਟ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰੀ ਜਾਣੀ ਹੈ।

ਚਰਚਾ ਹੈ ਕਿ ਦੋਵੇਂ iਆਗੂ ਕਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਧਮੀਜਾ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਿਰਧਾਰਿਤ ਚੋਣ ਪ੍ਰਕਿਰਿਆ ਤਹਿਤ ਚੋਣ ਲੜਨਗੇ। ਹਰਿਆਣਾ ਸਰਕਾਰ ਨੇ ਕਮੇਟੀ ਚੋਣਾਂ ਲਈ ਜਸਟਿਸ ਐਚ.ਐਸ. ਭੱਲਾ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ। ਐਚ.ਐਸ. ਭੱਲਾ ਨੇ ਚੋਣਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਪੂਰੇ ਸੂਬੇ ਵਿਚ 30 ਸਤੰਬਰ ਤੱਕ ਨਵੀਆਂ ਵੋਟਾਂ ਬਣਾਉਣ ਦਾ ਸਮਾਂ ਨਿਰਧਾਰਤ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਨਵਾਂ ਵੋਟਰ ਆਪਣੇ ਆਪ ਨੂੰ ਦੇ ਵੋਟਰ ਵਜੋਂ ਰਜਿਸਟਰ ਕਰ ਸਕਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਹੱਦਬੰਦੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਹੈ। 28 ਜੁਲਾਈ ਨੂੰ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਸੂਚਨਾ ਅਨੁਸਾਰ ਪੂਰੇ ਸੂਬੇ ਨੂੰ 40 ਵਾਰਡਾਂ ਵਿੱਚ ਵੰਡਿਆ ਗਿਆ ਹੈ।
ਹਰਿਆਣਾ ਕਮੇਟੀ ਦੀ ਚੋਣ ਵਿਚ ਹਰ ਵਾਰਡ ਵਿਚੋਂ ਇਕ ਮੈਂਬਰ ਚੁਣਿਆ ਜਾਵੇਗਾ। 40 ਮੈਂਬਰਾਂ ਦੀ ਚੋਣ ਤੋਂ ਬਾਅਦ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਹਾਲੇ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਸੂਬੇ ਵਿਚ ਤਿੰਨ ਦਰਜਨ ਤੋਂ ਵੱਧ ਵਿਧਾਨ ਸਭਾ ਸੀਟਾਂ ਅਜਿਹੀਆਂ ਹਨ ਜੋ ਬਹੁ ਸਿੱਖ ਆਬਾਦੀ ਵਾਲੀਆਂ ਮੰਨੀਆਂ ਜਾਂਦੀਆਂ ਹਨ। ਕਰਨਾਲ, ਕੁਰੂਕਸ਼ੇਤਰ, ਅੰਬਾਲਾ ਅਤੇ ਸਿਰਸਾ ਦੀਆਂ ਤਿੰਨ ਦਰਜਨ ਵਿਧਾਨ ਸਭਾ ਸੀਟਾਂ ਉਤੇ ਸਿੱਖ ਵੋਟਰ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ‘ਚ ਫੈਸਲਾਕੁਨ ਭੂਮਿਕਾ ਨਿਭਾਉਂਦੇ ਰਹੇ ਹਨ।
ਯਾਦ ਰਹੇ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ `ਚ ਭੁਪਿੰਦਰ ਸਿੰਘ ਅਸੰਧ, ਬਲਜੀਤ ਸਿੰਘ ਦਾਦੂਵਾਲ, ਬੀਬੀ ਕਰਤਾਰ ਕੌਰ ਸਮੇਤ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ।