ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਦੀ ਖਿੱਚ-ਧੂਹ, ਪੱਗਾਂ ਲੱਥੀਆਂ

ਸੰਗਰੂਰ: ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੁੱਜੇ ਸੈਂਕੜੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਮਹਿਲਾ ਅਧਿਆਪਕ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਡਿੱਗ ਪਈਆਂ।

ਪੁਲਿਸ ਨਾਲ ਝੜਪ ਤੋਂ ਬਾਅਦ ਰੋਹ ‘ਚ ਆਈਆਂ ਦੋ ਮਹਿਲਾ ਅਧਿਆਪਕਾਂ ਨੇ ਆਪਣੇ ‘ਤੇ ਪੈਟਰੋਲ ਛਿੜਕ ਲਿਆ ਪਰ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਅੱਗ ਨਾ ਲਾਉਣ ਦਿੱਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ ਅਤੇ ਬੱਚਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਵਾਉਣ ਵਾਲੀ ਅਧਿਆਪਕਾ ਮਨਪ੍ਰੀਤ ਕੌਰ ਕਨੋਈ ਦੇ ਤਨਖਾਹ ਵਾਧੇ ਸਣੇ ਨਵੇਂ ਹੁਕਮ ਜਾਰੀ ਕੀਤੇ ਜਾਣ। ਜ਼ਿਕਰਯੋਗ ਹੈ ਕਿ ਪਿੰਡ ਖੁਰਾਣਾ ਵਿਚ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ 83 ਦਿਨਾਂ ਤੋਂ ਜਾਰੀ ਹੈ। ਇੰਦਰਜੀਤ ਸਿੰਘ ਮਾਨਸਾ 83 ਦਿਨਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ। ਪੰਜਾਬ ਭਰ ਤੋਂ ਅਧਿਆਪਕ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਹੇਠ ਇਥੇ ਨੈਸ਼ਨਲ ਹਾਈਵੇਅ ਦੇ ਬਾਈਪਾਸ ਦੇ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਪੁਲਿਸ ਵੱਲੋਂ ਰੈਲੀ ਸਥਾਨ ਤੋਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਤੱਕ ਕਈ ਥਾਵਾਂ ਉਪਰ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਗਈ। ਰੈਲੀ ਮਗਰੋਂ ਰੋਸ ਮਾਰਚ ਕਰਦਿਆਂ ਅਧਿਆਪਕਾਂ ਨੇ ਪੁਲਿਸ ਦੀ ਪਹਿਲੀ ਨਾਕੇਬੰਦੀ ਪੁੱਟ ਦਿੱਤੀ ਅਤੇ ਪੁਲਿਸ ਨੂੰ ਧੂਹ ਕੇ ਅਧਿਆਪਕ ਅੱਗੇ ਵਧ ਗਏ। ਅਧਿਆਪਕਾਂ ਨੇ ਜਿਉਂ ਹੀ ਕਲੋਨੀ ਦੇ ਮੁੱਖ ਗੇਟ ਨੇੜੇ ਦੂਜੀ ਨਾਕੇਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਦੋਵਾਂ ਦਰਮਿਆਨ ਧੱਕਾਮੁੱਕੀ ਅਤੇ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ, ਕੁਝ ਮਹਿਲਾ ਅਧਿਆਪਕਾਂ ਅਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਵੀ ਡਿੱਗ ਪਈਆਂ। ਮੌਕੇ ‘ਤੇ ਮੌਜੂਦ ਐਸ.ਪੀ. ਪਲਵਿੰਦਰ ਸਿੰਘ ਚੀਮਾ ਅਤੇ ਐਸ.ਡੀ.ਐਮ. ਨਵਰੀਤ ਕੌਰ ਸੇਖੋਂ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਗੱਲਬਾਤ ਜਾਰੀ ਰੱਖੀ ਗਈ। ਕਰੀਬ ਇਕ ਘੰਟੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ 14 ਸਤੰਬਰ ਨੂੰ ਚੰਡੀਗੜ੍ਹ ‘ਚ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਮਗਰੋਂ ਪ੍ਰਦਰਸ਼ਨ ਸਮਾਪਤ ਹੋਇਆ।
ਉਧਰ, 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿਚ ਲਾਇਆ ਗਿਆ ਧਰਨਾ ਜਾਰੀ ਰਿਹਾ। ਇਸ ਦੌਰਾਨ ਸੂਬੇ ਦੇ ਸਰਕਾਰੀ ਸੈਕੰਡਰੀ ਸਕੂਲਾਂ ‘ਚ ਆਊਟਸੋਰਸਿੰਗ ਰਾਹੀਂ ਵੋਕੇਸ਼ਨਲ ਪੋਸਟਾਂ ‘ਤੇ ਕੰਮ ਕਰ ਰਹੇ ਅਧਿਆਪਕ ਵੀ ਆਪਣੀ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਧਰਨਾ ਲਗਾਉਣ ਲਈ ਪੁੱਜੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਦਾ ਰੋਸ ਵੇਖਦਿਆਂ ਮੌਕੇ ‘ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਇਨ੍ਹਾਂ ਨੂੰ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਅਧਿਆਪਕ ਆਗੂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਤਨਖਾਹ ਪਹਿਲ ਦੇ ਆਧਾਰ ‘ਤੇ ਵਧਾਈ ਜਾਵੇਗੀ ਪਰ ਅਫਸੋਸ ਦੀ ਗੱਲ ਹੈ ਕਿ ਸੂਬੇ ਅੰਦਰ ਸਰਕਾਰ ਬਣੀ ਨੂੰ ਲਗਭਗ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਪੱਲੇ ਕੁਝ ਨਹੀਂ ਪਿਆ। ਧਰਨੇ ‘ਚ ਸ਼ਾਮਲ ਹੋਏ ਅਧਿਆਪਕਾਂ ਨੇ ਕਿਹਾ ਕਿ ਜੇ ਮੀਟਿੰਗ ਮਗਰੋਂ ਵੀ ਕੋਈ ਸਿੱਟਾ ਨਾ ਨਿਕਲਿਆ ਤਾਂ ਉਨ੍ਹਾਂ ਵੱਲੋਂ ਮੁੜ ਸੰਘਰਸ਼ ਵਿੱਢਿਆ ਜਾਵੇਗਾ।
ਮਿੱਡ-ਡੇਅ ਮੀਲ ਕੁੱਕ ਵਰਕਰਾਂ ਵੱਲੋਂ ਰੈਲੀ
ਸ੍ਰੀ ਆਨੰਦਪੁਰ ਸਾਹਿਬ: ਮਿੱਡ-ਡੇਅ ਮੀਲ ਵਰਕਰਜ ਯੂਨੀਅਨ ਪੰਜਾਬ ਵੱਲੋਂ ਸਕੂਲਾਂ ‘ਚ ਨਿਗੂਣੇ ਮਾਣ ਭੱਤੇ ‘ਤੇ ਕੰਮ ਕਰਦੀਆਂ ਕੁੱਕ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੇ ਬਾਹਰਵਾਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮਗਰੋਂ ਉਨ੍ਹਾਂ ਨੂੰ ਚੰਡੀਗੜ੍ਹ ਵਿਚ 16 ਸਤੰਬਰ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਰੈਲੀ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੀਆਂ ਹੋਈਆਂ ਮਿੱਡ-ਡੇਅ ਮੀਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਅੰਦਰ ਕੰਮ ਕਰਦੀਆਂ ਮਿੱਡ-ਡੇਅ ਮੀਲ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਨਾ ਤਾਂ ਦੂਰ ਦੀ ਗੱਲ, ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਰੰਟੀਆਂ ‘ਚੋਂ ਕੁੱਕ ਵਰਕਰਾਂ ਦੇ ਮਾਣ ਭੱਤੇ ਨੂੰ ਤੁਰਤ ਦੁੱਗਣਾ ਕਰਨ ਦੀ ਦਿੱਤੀ ਗਾਰੰਟੀ ਵੀ ਹਾਲੇ ਪੂਰੀ ਨਹੀਂ ਕੀਤੀ ਜਾ ਰਹੀ।
ਸਿੱਖਿਆ ਮੰਤਰੀ ਦੇ ਪਿੰਡ ਨੇੜੇ ਅਧਿਆਪਕਾਂ ਨੇ ਜੂਸ ਵੇਚਿਆ
ਸ੍ਰੀ ਆਨੰਦਪੁਰ ਸਾਹਿਬ: 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਮੈਂਬਰਾਂ ਵੱਲੋਂ ਨੌਕਰੀ ‘ਤੇ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਧਰਨਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨਜ਼ਦੀਕ ਦਿੱਤਾ ਗਿਆ। ਇਨ੍ਹਾਂ ਉਮੀਦਵਾਰਾਂ ਨੇ ਸਿੱਖਿਆ ਮੰਤਰੀ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਵਿਲੱਖਣ ਤਰੀਕੇ ਨਾਲ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਉਮੀਦਵਾਰਾਂ ਨੇ ਜੂਸ ਦੀ ਰੇਹੜੀ ਲਾ ਕੇ ਜੂਸ ਵੇਚਿਆ ਤੇ ਹਰ ਆਉਣ ਜਾਣ ਵਾਲੇ ਨੂੰ ਹੋਕਾ ਦਿੱਤਾ ਕਿ ਇਸ ਰੇਹੜੀ ‘ਤੇ ਸੂਬੇ ਦੇ ਸਿੱਖਿਆ ਮੰਤਰੀ ਲਈ ਜੂਸ ਬਿਲਕੁਲ ਮੁਫ਼ਤ ਹੈ।