ਜਾਤੀ ਚੇਤਨਾ ਦੁਆਰਾ ਜਾਤ ਨੂੰ ਤੋੜਿਆ ਨਹੀਂ ਜਾ ਸਕਦਾ

ਪ੍ਰੋਫੈਸਰ ਆਨੰਦ ਤੇਲਤੁੰਬੜੇ ਨਾਲ ਮੁਲਾਕਾਤ
ਸਨਿਗਧੇਂਦੂ ਭੱਟਾਚਾਰੀਆ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਪ੍ਰੋਫੈਸਰ ਆਨੰਦ ਤੇਲਤੁੰਬੜੇ ਉੱਘੇ ਵਿਦਵਾਨ ਅਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਹਨ ਜੋ ਬੀ.ਆਰ. ਅੰਬੇਡਕਰ ਬਾਰੇ ਆਪਣੇ ਵਿਆਪਕ ਕੰਮ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਐਲਗਾਰ ਪ੍ਰੀਸ਼ਦ ਕੇਸ ਵਿਚ 2020 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 31 ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਨਵੰਬਰ 2022 ਵਿਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਸਨਿਗਧੇਂਦੂ ਭੱਟਾਚਾਰੀਆ ਵੱਲੋਂ 72 ਸਾਲਾ ਆਨੰਦ ਤੇਲਤੁਮੜੇ ਨਾਲ ਕੀਤੀ ਗੱਲਬਾਤ ਪੇਸ਼ ਹੈ ਜਿਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ‘ਪੰਜਾਬ ਟਾਈਮਜ਼’ ਲਈ ਉਚੇਚਾ ਕੀਤਾ ਹੈ।

ਸਵਾਲ: ਜੇਲ੍ਹ ਵਿਚ ਰਹਿੰਦਿਆਂ ਤੁਸੀਂ ਜਾਤ ਦੇ ਕਿਸ ਨਵੇਂ ਪਹਿਲੂ ਬਾਰੇ ਸਿੱਖਿਆ?
ਜਵਾਬ: ਮੈਂ ਜੇਲ੍ਹ ਵਿਚ ਜਾਤ ਦੇ ਮੁੱਦੇ ਬਾਰੇ ਕੁਝ ਨਹੀਂ ਸਿੱਖਿਆ ਜੋ ਮੈਨੂੰ ਪਹਿਲਾਂ ਨਹੀਂ ਪਤਾ ਸੀ। ਪਿਛਲੇ ਚਾਰ ਦਹਾਕਿਆਂ ਤੋਂ ਨਾਗਰਿਕ ਅਧਿਕਾਰਾਂ ਦਾ ਕਾਰਕੁਨ ਹੋਣ ਦੇ ਨਾਤੇ ਮੈਂ ਵਿਚਾਰ ਅਧੀਨ ਕੈਦੀਆਂ ਅਤੇ ਦੋਸ਼ੀਆਂ, ਦੋਹਾਂ ਦੇ ਰੂਪ `ਚ ਜੇਲ੍ਹਾਂ ਵਿਚ ਮੁਸਲਮਾਨਾਂ, ਦਲਿਤਾਂ ਅਤੇ ਆਦਿਵਾਸੀਆਂ ਦੀ ਬਹੁਤਾਤ ਤੋਂ ਜਾਣੂ ਸੀ। ਤਲੋਜਾ ਜੇਲ੍ਹ ਵੀ ਇਸ ਤੋਂ ਵੱਖਰੀ ਨਹੀਂ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਆਬਾਦੀ ਵਿਚ ਉਨ੍ਹਾਂ ਦੀ ਹਿੱਸੇਦਾਰੀ 39 ਪ੍ਰਤੀਸ਼ਤ ਦੇ ਮੁਕਾਬਲੇ ਜੇਲ੍ਹਾਂ `ਚ ਉਨ੍ਹਾਂ ਦੀ ਗਿਣਤੀ 51 ਪ੍ਰਤੀਸ਼ਤ ਦੇ ਕਰੀਬ ਹੈ। ਇਸ ਦੇ ਲਈ ਪੂਰੀ ਤਰ੍ਹਾਂ ਮੌਜੂਦਾ ਹਕੂਮਤ ਜ਼ਿੰਮੇਵਾਰ ਨਹੀਂ ਹੈ ਜਿਸ ਨੇ ਇਨ੍ਹਾਂ ਭਾਈਚਾਰਿਆਂ ਨੂੰ ਆਪਣੇ ਚੋਣ ਲਾਹੇ ਲਈ ਆਪਣਾ ਮੁੱਖ ਨਿਸ਼ਾਨਾ ਬਣਾਇਆ ਹੈ। ਇਹ ਵਿਸ਼ੇਸ਼ਤਾ ਪਿਛਲੇ ਪ੍ਰਬੰਧ ਦੀ ਨਿਰੰਤਰਤਾ ਹੈ। ਫਿਓਦਰ ਦੋਸਤੋਵਸਕੀ ਦੇ ਕਥਨ ਦੇ ਪ੍ਰਸੰਗ ਵਿਚ ਇਹ ਸਾਡੀ ਸਭਿਅਤਾ ਦੀ ਵਿਸ਼ੇਸ਼ਤਾ ਹੈ: “ਕਿਸੇ ਸਮਾਜ ਦੀ ਸਭਿਅਤਾ ਦੀ ਡਿਗਰੀ ਦਾ ਅੰਦਾਜ਼ਾ ਉਸ ਦੀਆਂ ਜੇਲ੍ਹਾਂ ਵਿਚ ਪ੍ਰਵੇਸ਼ ਕਰ ਕੇ ਲਗਾਇਆ ਜਾ ਸਕਦਾ ਹੈ।”
ਅੱਜਕੱਲ੍ਹ ਜੋ ਫਿਰਕੂ ਜ਼ਹਿਰ ਉਗਲਿਆ ਜਾ ਰਿਹਾ ਹੈ, ਉਹ ਕਾਰਨ ਨਹੀਂ ਹੈ ਸਗੋਂ ਇਸ ਸਭਿਅਤਾ ਦੀ ਵਿਸ਼ੇਸ਼ਤਾ ਦਾ ਪ੍ਰਭਾਵ ਹੈ। ਭਾਵੇਂ ਕੋਈ ਇਸ ਨੂੰ ਜਾਤ, ਫਿਰਕੇ (ਧਰਮ) ਜਾਂ ਜਮਾਤ ਦੀਆਂ ਐਨਕਾਂ ਨਾਲ ਦੇਖੇ, ਤਸਵੀਰ ਤਕਰੀਬਨ ਇੱਕੋ ਜਿਹੀ ਰਹਿੰਦੀ ਹੈ। ਇਹ ਤੱਥ ਮਹੱਤਵਪੂਰਨ ਸਵਾਲ ਉਠਾਉਂਦਾ ਹੈ: ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਖ਼ਾਤਰ ਟਿਕਾਊ ਲੋਕ ਅੰਦੋਲਨ ਬਣਾਉਣ ਲਈ ਇਨ੍ਹਾਂ ਵਿਚੋਂ ਕਿਹੜੀ ਸ਼੍ਰੇਣੀ ਵਿਹਾਰਕ ਪੱਖੋਂ ਟਿਕਾਊ ਸ਼੍ਰੇਣੀ ਹੋਣੀ ਚਾਹੀਦੀ ਹੈ? ਜੇਲ੍ਹਾਂ ਲੋਕਾਂ ਦੀਆਂ ਜਮਾਂਦਰੂ ਚੰਗੀਆਂ ਅਤੇ ਮਾੜੀਆਂ ਦੋਹਾਂ ਪ੍ਰਵਿਰਤੀਆਂ ਨੂੰ ਸਾਹਮਣੇ ਲਿਆਉਂਦੀਆਂ ਹਨ। ਉੱਥੇ ਇਕ ਕੈਦੀ ਨਾਲ ਮੇਰੀ ਪਹਿਲੀ ਮੁਲਾਕਾਤ ਇਸ ਸਵਾਲ ਦੇ ਨਾਲ ਹੋਈ ਕਿ ਕੀ ਮੈਂ ਮਰਾਠਾ ਹਾਂ? ਮੈਂ ਤਾਂ ਹੱਕਾ-ਬੱਕਾ ਰਹਿ ਗਿਆ ਪਰ ਮੈਂ ‘ਹਾਂ` ਕਹਿ ਕੇ ਸ਼ਾਰਟ-ਕੱਟ ਰਾਹ ਅਪਣਾਇਆ। ਮੈਨੂੰ ਉਮੀਦ ਸੀ ਕਿ ਮੇਰੇ ਕੋਲੋਂ ਮੇਰੇ ਗੋਤ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਪਰ ਚੰਗੇ ਭਾਗਾਂ ਨੂੰ ਗੱਲ ਇੱਥੇ ਹੀ ਬੰਦ ਹੋ ਗਈ। ਇਸ ਨੇ ਸਿਰਫ਼ ਮੇਰੇ ਨਿਰੀਖਣ ਦੀ ਪੁਸ਼ਟੀ ਹੀ ਕੀਤੀ ਕਿ ਅੱਜ ਦਾ ਭਾਰਤ ਪਹਿਲਾਂ ਨਾਲੋਂ ਵੀ ਜ਼ਿਆਦਾ ਜਾਤੀਵਾਦੀ ਹੈ।
ਜਾਤੀ ਦੇ ਪ੍ਰਸੰਗ `ਚ ਮੈਂ ਜੋ ਇਕ ਹੋਰ ਗੱਲ ਸੁਣੀ, ਉਹ ਸੀ ਵਿਤਕਰੇ ਵਿਰੁੱਧ ਕੁਝ ਅੰਬੇਡਕਰਵਾਦੀ ਨੌਜਵਾਨਾਂ ਦਾ ਸੰਘਰਸ਼। ਇਹ ਪਛਾਣ ਦੇ ਦਾਅਵੇ ਦੇ ਰੂਪ `ਚ ਪ੍ਰਗਟ ਹੋਇਆ (ਜਿਸ ਨੂੰ ਮੈਂ ਅਸਵੀਕਾਰ ਕਰਦਾ ਹਾਂ) ਪਰ ਪ੍ਰਸ਼ਾਸਨ ਦੁਆਰਾ ਜਿਸ ਬੇਕਿਰਕੀ ਨਾਲ ਇਸ ਨੂੰ ਕੁਚਲਿਆ ਗਿਆ, ਉਹ ਬ੍ਰਾਹਮਣਵਾਦੀ ਹੰਕਾਰ ਨੂੰ ਦਰਸਾਉਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਸੰਘਰਸ਼ ਵਿਚ ਸ਼ਾਮਿਲ ਸਾਰੇ ਲੋਕਾਂ ਦੀ ਗਾਰਡਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਦੀ ਅਗਵਾਈ ਕਰਨ ਵਾਲੇ ਸੁਰੇਸ਼ ਗਾਇਕਵਾੜ ਨੂੰ ਕਲਿਆਣ ਜੇਲ੍ਹ ਵਿਚ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਸ ਨੂੰ ਸਟਰੇਚਰ `ਤੇ ਪਾ ਕੇ ਲਿਜਾਣਾ ਪਿਆ। ਫਿਰ ਵੀ ਉਸ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਉਸ ਦੀ ਮੁੜ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਠਾਣੇ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹ ਉਦੋਂ ਵਾਪਰਿਆ ਜਦੋਂ ਆਈ.ਜੀ. ਜੇਲ੍ਹ ਖੁਦ ਦਲਿਤ ਸੀ। ਇਸ ਘਟਨਾ ਨੇ ਇਕ ਵਾਰ ਫਿਰ ਮੇਰੀ ਧਾਰਨਾ ਨੂੰ ਸਾਬਤ ਕਰ ਦਿੱਤਾ ਕਿ ‘ਰਾਖਵਾਂਕਰਨ` ਅੰਬੇਡਕਰ ਦੁਆਰਾ ਕਲਪਨਾ ਕੀਤੇ ਉਦੇਸ਼ ਨੂੰ ਪੂਰਾ ਨਹੀਂ ਕਰਦਾ ਹੈ।
ਸਵਾਲ: ਕੀ ਦਲਿਤਾਂ ਦੀਆਂ ਆਪਣੀਆਂ ਦਰਜੇਬੰਦੀਆਂ ਹਨ ਅਤੇ ਉਹ ਦਲਿਤ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ?
ਜਵਾਬ: ਦਲਿਤ ਆਪਣੇ ਆਪ `ਚ ਵਰਣ ਆਸ਼ਰਮ ਪ੍ਰਣਾਲੀ ਦਾ ਹਿੱਸਾ ਨਹੀਂ ਸਨ ਪਰ ਉਨ੍ਹਾਂ ਦੀ ਅਲਹਿਦਗੀ ਅਤੇ ਨਾਲ ਦੀ ਨਾਲ ਉੱਚ ਜਾਤੀਆਂ ਉੱਪਰ ਉਨ੍ਹਾਂ ਦੀ ਨਿਰਭਰਤਾ ਨੇ ਉਨ੍ਹਾਂ ਨੂੰ ਆਪਣੇ ਛੇਕੇ ਹੋਏ ਸਮਾਜ ਲਈ ਉਸੇ ਤਰ੍ਹਾਂ ਦੇ ਦਰਜੇਬੰਦੀ ਵਾਲੇ ਢਾਂਚੇ ਦੀ ਨਕਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕੋਲ ਬ੍ਰਾਹਮਣ, ਨਾਈ, ਤਰਖਾਣ ਆਦਿ ਸਨ। ਦਰਜਾਬੰਦੀ ਜਾਤੀ ਦਾ ਸਾਰ ਹੈ ਅਤੇ ਇਹ ਰੋਗ ਭਾਰਤੀ ਉਪ ਮਹਾਂਦੀਪ ਵਿਚ ਬਣੇ ਸਾਰੇ ਭਾਈਚਾਰਿਆਂ ਨੂੰ ਚਿੰਬੜਿਆ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਪਾਲਣ ਕਰਦੇ ਹੋਣ।
ਜੇਕਰ ਤੁਸੀਂ ਮਹਾਰਾਸ਼ਟਰ ਨੂੰ ਦਲਿਤ ਰਾਜਨੀਤੀ ਦੇ ਘਰ ਵਜੋਂ ਲੈਂਦੇ ਹੋ ਤਾਂ ਤੁਹਾਨੂੰ ਸਪਸ਼ਟ ਤੌਰ `ਤੇ ਦਲਿਤ ਜਾਤੀਆਂ ਦਾ ਪ੍ਰਭਾਵ ਮਿਲੇਗਾ, ਸਭ ਤੋਂ ਪਹਿਲਾਂ ਅੰਬੇਡਕਰ ਦੇ ਜ਼ਮਾਨੇ `ਚ ਗੈਰ-ਮਹਾਰ ਦਲਿਤਾਂ (ਮਾਂਗ, ਚਾਂਭਾਰ, ਢੋਰ) ਦੀ ਅਲਹਿਦਗੀ `ਚ ਅਤੇ ਫਿਰ ਉੱਪ-ਜਾਤੀਆਂ ਅਨੁਸਾਰ ਇਸਦੀ ਵੰਡ ਹੋਈ। ਮਹਾਰਾਂ ਵਿਚ ਉੱਪ-ਜਾਤੀ ਦੀ ਚੇਤਨਾ ਇੰਨੀ ਜ਼ੋਰਦਾਰ ਸੀ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਸਹਿ-ਭੋਜ ਵਰਗੇ ਤਰੀਕਿਆਂ ਰਾਹੀਂ ਉਨ੍ਹਾਂ ਨੂੰ ਇਕਜੁੱਟ ਕਰਨ ਲਈ ਵਿਸ਼ੇਸ਼ ਯਤਨ ਕਰਨੇ ਪਏ। ਕਿਹਾ ਜਾਂਦਾ ਹੈ ਕਿ ਰਿਪਬਲਿਕਨ ਪਾਰਟੀ ਆਫ ਇੰਡੀਆ (ਆਰ.ਪੀ.ਆਈ.) ਜਿਸ ਦੀ ਕਲਪਨਾ ਉਨ੍ਹਾਂ ਨੇ ਗੈਰ-ਕਾਂਗਰਸੀ, ਗੈਰ-ਕਮਿਊਨਿਸਟ ਵਿਰੋਧੀ-ਧਿਰ ਦੇ ਰੂਪ `ਚ ਕੀਤੀ ਸੀ, ਮਹਾਰਾਂ ਉੱਪ-ਜਾਤੀਆਂ/ਗੋਤਾਂ `ਚ ਵੰਡੀ ਗਈ ਸੀ। ਜਿਵੇਂ ਦਲਿਤ ਪੈਂਥਰਜ਼ ਦੇ ਬਾਨੀਆਂ ਵਿਚੋਂ ਇਕ ਜੇ.ਵੀ. ਪਵਾਰ ਨੇ ਆਪਣੀ ਕਿਤਾਬ ਵਿਚ ਪੁਸ਼ਟੀ ਕੀਤੀ ਹੈ, ਇਹ ਮਹਾਰ ਉੱਪ-ਜਾਤੀ ਦਲਿਤ ਪੈਂਥਰ ਅੰਦੋਲਨ ਦੌਰਾਨ ਵੀ ਸਾਹਮਣੇ ਆਈ ਸੀ ਪਰ ਇਸ ਉੱਪਰ ਰੋਕ ਲਗਾ ਦਿੱਤੀ ਗਈ ਸੀ। ਇਹ ਇਕੱਲੇ ਮਹਾਰਾਸ਼ਟਰ ਵਿਚ ਨਹੀਂ ਹੈ; ਦਲਿਤ ਅਸਮਾਨਤਾ, ਜੋ ਮਾਲਾ-ਮਾਡੀਗਾ ਸਿੰਡਰੋਮ ਦੁਆਰਾ ਸਭ ਤੋਂ ਵਧੀਆ ਢੰਗ ਨਾਲ ਦਰਸਾਈ ਜਾਂਦੀ ਹੈ, ਹਰ ਥਾਂ ਇਕ ਹਕੀਕਤ ਹੈ। ਅੱਜ ਭਾਜਪਾ ਵਰਗੀਆਂ ਪਾਰਟੀਆਂ ਵੱਲੋਂ ਰਾਜਨੀਤੀ ਵਿਚ ਇਸ ਦਾ ਘਿਨਾਉਣੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਮੇਰੀ ਧਾਰਨਾ ਨੂੰ ਵੀ ਸਾਬਤ ਕਰਦਾ ਹੈ ਕਿ ਜਾਤੀ ਸਰੋਤਾਂ (ਧਾਰਨਾਵਾਂ, ਚੇਤਨਾ, ਮੁਹਾਵਰੇ) ਦੀ ਵਰਤੋਂ ਕਰ ਕੇ ਜਾਤੀ ਸਿਰਫ਼ ਮਜ਼ਬੂਤ ਹੋਵੇਗੀ, ਇਸ ਦਾ ਕਦੇ ਖ਼ਾਤਮਾ ਨਹੀਂ ਹੋਵੇਗਾ। ਜੇਕਰ ਤੁਸੀਂ ਇਸ ਨੂੰ ਨਸ਼ਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮੁਤਵਾਜ਼ੀ ਸ਼੍ਰੇਣੀ ਨੂੰ ਅਪਣਾਉਣਾ ਹੋਵੇਗਾ।
ਸਵਾਲ: ਦਲਿਤ ਰਾਜਨੀਤੀ ਨੂੰ ਦ੍ਰਾਵਿੜ ਜਾਂ ਖੱਬੇ ਪੱਖੀ ਰਾਜਨੀਤੀ ਨਾਲ ਮਿਲਾਉਣ ਦੀ ਗੁੰਜਾਇਸ਼ ਕੀ ਹੈ ਜੋ ਹਿੰਦੂਤਵ ਦੇ ਦੋ ਵਿਚਾਰਧਾਰਕ ਵਿਰੋਧੀ ਹਨ?
ਜਵਾਬ: ਜ਼ਹਿਰੀਲੀ ਪਾਲਾਬੰਦੀ ਦੇ ਯੁਗ ਵਿਚ ਇਸ ਬਾਰੇ ਗੱਲ ਕਰਨ ਵਿਚ ਬਹੁਤ ਦੇਰ ਹੋ ਗਈ ਹੈ ਪਰ ਇਕ ਹਾਂਦਰੂ ਗੱਲ ਇਹ ਹੈ ਕਿ ਮੈਨੂੰ ਅਜੇ ਵੀ ਉਮੀਦ ਹੈ, ਦ੍ਰਾਵਿੜ ਰਾਜਨੀਤੀ ਤੋਂ ਨਹੀਂ ਸਗੋਂ ਜਮਾਤੀ ਰਾਜਨੀਤੀ ਤੋਂ। ਮੇਰੇ ਲਈ ਜਾਤੀ ਇਕ ਜ਼ਹਿਰੀਲੀ ਪਛਾਣ ਹੈ ਜਿਸ ਦਾ ਵਜੂਦ-ਸਮੋਇਆ ਗੁਣ ਅਮੀਬਾ ਵਾਂਗ ਵੰਡੇ ਜਾਣਾ ਹੈ; ਇਹ ਕਦੇ ਵੀ ਕਿਸੇ ਤਰ੍ਹਾਂ ਇਕੱਠੇ ਹੋਣ ਦਾ ਆਧਾਰ ਨਹੀਂ ਬਣ ਸਕਦਾ। ਇਸ ਦੀ ਇਕੋ-ਇਕ ਉਮੀਦ ਜਮਾਤ ਦੇ ਆਧਾਰ `ਤੇ ਹੀ ਹੈ। ਮੇਰੇ ਆਲੋਚਕ ਮੇਰੇ ਉੱਪਰ ਮਾਰਕਸਵਾਦੀ ਹੋਣ ਦਾ ਠੱਪਾ ਲਾ ਦੇਣਗੇ। ਹਾਲਾਂਕਿ ਮੈਂ ਉਨ੍ਹਾਂ ਦੇ ਠੱਪਿਆਂ ਦੀ ਪ੍ਰਵਾਹ ਨਹੀਂ ਕਰਦਾ, ਮੈਂ ਉਨ੍ਹਾਂ ਦੀ ਅਗਿਆਨਤਾ ਦੂਰ ਕਰਨੀ ਚਾਹਾਂਗਾ ਕਿ ਜਮਾਤ ਦਾ ਮਤਲਬ ਜ਼ਰੂਰੀ ਤੌਰ `ਤੇ ਮਾਰਕਸਵਾਦ ਨਹੀਂ ਹੈ।
ਮੌਜੂਦਾ ਤਾਕਤਾਂ ਬਾਰੇ ਆਪਣੀ ਸਮਝ ਦੇ ਆਧਾਰ `ਤੇ ਆਪਣੀ ਰਾਜਨੀਤੀ ਬਣਾਉਣ ਲਈ ਤੁਹਾਡੇ ਕੋਲ ਅਜੇ ਵੀ ਕਈ ਪੱਧਰ ਦੀ ਆਜ਼ਾਦੀ ਹੈ। ਸਮੱਸਿਆ ਇਹ ਹੈ ਕਿ ਇਸ ਮੁਲਕ ਵਿਚ ਜਮਾਤੀ ਰਾਜਨੀਤੀ ਦੀ ਕਦੇ ਵੀ ਲੋੜੀਂਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਿੱਧਰੇ ਹੋਰ ਇਸ ਦੀ ਅਸਫਲਤਾ ਮੇਰੇ ਲਈ ਜਾਇਜ਼ ਨੁਕਤਾ ਨਹੀਂ ਹੈ। ਭਾਰਤ ਸਿਰਫ਼ ਲੋਕਾਂ ਦੀ ਜਮਾਤ ਆਧਾਰਿਤ ਲਾਮਬੰਦੀ ਰਾਹੀਂ ਹੀ ਇਸ ਸਭਿਅਤਾਗਤ (ਜਾਤੀ) ਰਾਜਨੀਤੀ ਤੋਂ ਛੁਟਕਾਰਾ ਪਾ ਸਕਦਾ ਹੈ। ਮੇਰੇ ਅਨੁਸਾਰ ਸਿਰਫ਼ ਇਹੀ ਗੱਲ ਹਿੰਦੂਤਵ ਵਰਗੇ ਖ਼ਤਰਨਾਕ ਅੰਦੋਲਨਾਂ ਨੂੰ ਮਜ਼ਬੂਤ ਵਿਚਾਰਧਾਰਕ ਟੱਕਰ ਦੇ ਸਕਦੀ ਹੈ।
ਸਵਾਲ: ਸੰਵਿਧਾਨਵਾਦ ਅਤੇ ਸਰਗਰਮੀਵਾਦ ਦਰਮਿਆਨ ਬਹਿਸ ਨੇ ਸਾਲਾਂ ਤੋਂ ਅੰਬੇਡਕਰਵਾਦੀ ਲਹਿਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਇਹ ਕਿੰਨੀ ਕੁ ਪ੍ਰਸੰਗਿਕ ਹੈ?
ਜਵਾਬ: ਇਹ ਹੁਣ ਮਹੱਤਵਪੂਰਨ ਨਹੀਂ ਹੈ। ਇਸ ਉੱਪਰ ਲੰਮੇ ਸਮੇਂ ਤੋਂ ਮੌਕਾਪ੍ਰਸਤੀ ਭਾਰੂ ਰਹੀ ਹੈ। ਇਹ ਮੁੱਖ ਤੌਰ `ਤੇ ਅੰਬੇਡਕਰਵਾਦ ਕੀ ਹੈ, ਦੇ ਮੁੱਦੇ ਉੱਪਰ ਆਰ.ਪੀ.ਆਈ. (ਰਿਪਬਲਿਕਨ ਪਾਰਟੀ) ਦੇ ਅੰਦਰ ਸ਼ੁਰੂਆਤੀ ਬਹਿਸ ਵਿਚ ਉੱਭਰਿਆ ਸੀ। ਇਕ ਗਰੁੱਪ ਦਾ ਮੰਨਣਾ ਸੀ ਕਿ ਸੰਵਿਧਾਨਵਾਦ ਅੰਬੇਡਕਰਵਾਦ ਹੈ ਜੋ ਸੰਘਰਸ਼ ਦੀ ਵਕਾਲਤ ਕਰਨ ਵਾਲੇ ਦੂਜੇ ਗਰੁੱਪ ਦਾ ਵਿਰੋਧ ਕਰਦਾ ਸੀ। ਪਹਿਲੇ ਗਰੁੱਪ ਨੇ ਦੂਜੇ ਉੱਪਰ ਮਾਰਕਸਵਾਦ ਦਾ ਠੱਪਾ ਲਗਾ ਕੇ ਘਟੀਆ ਪ੍ਰਚਾਰ ਕੀਤਾ। ਇਸ ਨਾਲ ਆਰ.ਪੀ.ਆਈ. ਵੰਡੀ ਗਈ। ਫਿਰ ਇਹ ਦਲਿਤ ਪੈਂਥਰਜ਼ ਦੌਰਾਨ ਮੁੜ ਸੁਰਜੀਤ ਹੋਇਆ, ਜਦੋਂ ਅੰਬੇਡਕਰਵਾਦ ਬੁੱਧ ਧਰਮ ਬਣ ਗਿਆ, ਜਿਸ ਨੇ ਸੰਘਰਸ਼ ਦੇ ਨਾਇਕਾਂ ਨੂੰ ਮਾਰਕਸਵਾਦੀ ਕਹਿ ਕੇ ਨਿੰਦਿਆ। ਇਸ ਨੇ ਦਲਿਤ ਪੈਂਥਰਾਂ ਨੂੰ ਵੰਡ ਦਿੱਤਾ। ਬਹਿਸ ਖ਼ਤਮ ਹੋ ਗਈ ਪਰ ਮਾਰਕਸਵਾਦ ਕਿਸੇ ਵੀ ਪਾਰਟੀ, ਇੱਥੋਂ ਤੱਕ ਕਿ ਭਾਜਪਾ ਵਿਚ ਵੀ ਮੌਕਾਪ੍ਰਸਤੀ ਨਾਲ ਸ਼ਾਮਿਲ ਹੋ ਜਾਣ ਦਾ ਡਰਨਾ/ਹਊਆ ਬਣ ਗਿਆ।
ਸਵਾਲ: ਕਮਿਊਨਿਸਟਾਂ ਨੇ ਜਾਤੀ ਦੇ ਮਹੱਤਵ ਨੂੰ ਸਮਝਣ ਵਿਚ ਦੇਰ ਕਰ ਦਿੱਤੀ। ਤੁਸੀਂ ਉਨ੍ਹਾਂ ਨੂੰ ਕਿਸ ਹੱਦ ਤੱਕ ਆਪਣਾ ਰਸਤਾ ਸਹੀ ਕਰਦੇ ਹੋਏ ਦੇਖਦੇ ਹੋ?
ਜਵਾਬ: ਜਾਤੀ ਨੂੰ ਨਜ਼ਰਅੰਦਾਜ਼ ਕਰਨਾ ਕਮਿਊਨਿਸਟਾਂ ਦੀ ਸਭ ਤੋਂ ਵੱਡੀ ਗ਼ਲਤੀ ਰਹੀ ਹੈ, ਜਾਤੀ ਵਿਰੋਧੀ ਸੰਘਰਸ਼ ਦੇ ਪ੍ਰਸੰਗ `ਚ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਜਮਾਤੀ ਸੰਘਰਸ਼ ਦੇ ਪ੍ਰਸੰਗ `ਚ। ਜਾਤੀ ਦੀ ਹਕੀਕਤ ਨੂੰ ਛੱਡ ਕੇ ਜਮਾਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਲਈ ਜਮਾਤ ਦੀ ਵਿਆਪਕ ਵਿਆਖਿਆ ਹੋਣੀ ਚਾਹੀਦੀ ਹੈ। ਜਮਾਤੀ ਸੰਘਰਸ਼ ਵਿਚ ਜਾਤ-ਪਾਤ ਦਾ ਜਬਰ-ਜ਼ੁਲਮ ਸ਼ਾਮਿਲ ਹੈ। ਮੇਰੀ ਇਹ ਚੰਗੀ ਤਰ੍ਹਾਂ ਸੋਚੀ ਵਿਚਾਰੀ ਰਾਇ ਹੈ ਕਿ ਜੇਕਰ ਉਨ੍ਹਾਂ ਨੇ ਜਾਤੀਆਂ ਨੂੰ ਸ਼ਾਮਿਲ ਕਰ ਕੇ ਜਮਾਤਾਂ ਦੀ ਧਾਰਨਾ ਬਣਾਈ ਹੁੰਦੀ ਅਤੇ ਆਪਣੇ ਜਮਾਤੀ ਸੰਘਰਸ਼ ਦੀ ਰਣਨੀਤੀ ਬਣਾਈ ਹੁੰਦੀ ਤਾਂ ਉਹ ਇਸ ਦੁਖਦਾਈ ਹਾਲਤ `ਚ ਨਾ ਪਹੁੰਚਦੇ। ਇਸ ਨੂੰ ਅੱਜ ਵੀ ਅਜ਼ਮਾਇਆ ਜਾ ਸਕਦਾ ਹੈ, ਹਾਲਾਂਕਿ ਇਹ ਅੱਜ ਇਕ ਸਦੀ ਪਹਿਲਾਂ ਨਾਲੋਂ (ਜਦੋਂ ਦਲਿਤ ਅਤੇ ਕਮਿਊਨਿਸਟ ਦੋਹਾਂ ਲਹਿਰਾਂ ਦਾ ਜਨਮ ਹੋਇਆ ਸੀ) ਇਕ ਲੱਖ ਗੁਣਾ ਜ਼ਿਆਦਾ ਮੁਸ਼ਕਿਲ ਹੋ ਸਕਦਾ ਹੈ।
ਸਵਾਲ: ਅੰਬੇਡਕਰ ਨੂੰ ਹੜੱਪਣ ਦੀਆਂ ਹਿੰਦੂ ਰਾਸ਼ਟਰਵਾਦੀ ਕੋਸ਼ਿਸ਼ਾਂ ਨੂੰ ਕਿਵੇਂ ਨਾਕਾਮ ਕੀਤਾ ਜਾ ਸਕਦਾ ਹੈ? ਹਿੰਦੂ ਧਰਮ ਬੁੱਧ ਧਰਮ ਨੂੰ ਵੀ ਆਪਣੇ `ਚ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦਾ ਅੰਬੇਡਕਰਵਾਦੀਆਂ `ਤੇ ਕੀ ਅਸਰ ਪੈਂਦਾ ਹੈ?
ਜਵਾਬ: ਹਿੰਦੂਤਵ ਦਾ ਅੰਬੇਡਕਰ ਨੂੰ ਅਪਣਾਉਣਾ ਉਨ੍ਹਾਂ ਦੀ ਚੋਣ ਖੇਡ ਲਈ ਰਣਨੀਤਕ ਚਾਲ ਹੈ। ਅੰਬੇਡਕਰ ਅਤੇ ਹਿੰਦੂਤਵ ਇਕ ਦੂਜੇ ਦੇ ਵਿਰੋਧੀ ਹਨ। 1980 ਦੇ ਦਹਾਕੇ ਦੇ ਮੁੱਢ ਵਿਚ ਦੇਵਰਸ (ਸੰਘ ਦੇ ਪ੍ਰਮੁੱਖ ਆਗੂ) ਵੱਲੋਂ ਆਰ.ਐੱਸ.ਐੱਸ. `ਚ ਕੀਤੇ ਰਣਨੀਤਕ ਸੁਧਾਰ ਤੱਕ ਹਿੰਦੂਤਵ ਤਾਕਤਾਂ ਅੰਬੇਡਕਰ ਨੂੰ ਨਫ਼ਰਤ ਕਰਦੀਆਂ ਸਨ। ਉਹ ਇਸ ਵਿਚ ਕਦੇ ਵੀ ਕਾਮਯਾਬ ਨਾ ਹੁੰਦੇ ਜੇਕਰ ਅਖੌਤੀ ਅੰਬੇਡਕਰਵਾਦੀਆਂ ਨੇ ਉਸ ਨੂੰ ਬੇਹਰਕਤ ਪ੍ਰਤੀਕ ਵਿਚ ਨਾ ਬਦਲਿਆ ਹੁੰਦਾ। 2024 ਦੀਆਂ ਆਮ ਚੋਣਾਂ ਇਸ ਮੇਲਜੋਲ ਦੇ ਅੰਤ ਦਾ ਪ੍ਰਤੀਕ ਹੋ ਸਕਦੀਆਂ ਹਨ ਕਿਉਂਕਿ ਉਸ ਤੋਂ ਬਾਅਦ ਹਿੰਦੂਤਵ ਤਾਕਤਾਂ ਨੂੰ ਅੰਬੇਡਕਰ ਨੂੰ ਵਰਤਣ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ।
ਸਵਾਲ: ਪੇਰੀਆਰ ਉੱਪਰ ਕਬਜ਼ਾ ਜਮਾਉਣਾ ਹਿੰਦੂ ਰਾਸ਼ਟਰਵਾਦੀਆਂ ਲਈ ਵਧੇਰੇ ਔਖਾ ਕੰਮ ਹੋ ਸਕਦਾ ਹੈ ਪਰ ਕੀ ਦਲਿਤ ਰਾਜਨੀਤੀ ਪੇਰੀਆਰ ਦੀ ਵਰਤੋਂ ਤਾਮਿਲਨਾਡੂ ਜਾਂ ਦੱਖਣ ਤੋਂ ਪਾਰ ਕਰ ਸਕਦੀ ਹੈ?
ਜਵਾਬ: ਪੇਰੀਆਰ ਇੰਨਾ ਤਿੱਖਾ ਬ੍ਰਾਹਮਣਵਾਦ ਵਿਰੋਧੀ ਪ੍ਰਤੀਕ ਹੈ ਕਿ ਹਿੰਦੂ ਰਾਸ਼ਟਰਵਾਦੀਆਂ ਦੁਆਰਾ ਉਸ ਦੀ ਦੁਰਵਰਤੋਂ ਨਹੀਂ ਕੀਤੀ ਜਾ ਸਕਦੀ ਪਰ ਜਿੱਥੋਂ ਤੱਕ ਹਿੰਦੂਆਂ, ਹਿੰਦੂਵਾਦ ਅਤੇ ਹਿੰਦੂਤਵ ਬਾਰੇ ਉਨ੍ਹਾਂ ਦੇ ਵਿਚਾਰਾਂ ਦਾ ਸਬੰਧ ਹੈ, ਅੰਬੇਡਕਰ ਵੀ ਅਜਿਹੇ ਹੀ ਸਨ। ਜਿਵੇਂ ਮੈਂ ਕਿਹਾ, ਇਹ ਉਨ੍ਹਾਂ ਦੇ ਆਪੇ ਬਣੇ ਪੈਰੋਕਾਰ ਹਨ ਜਿਨ੍ਹਾਂ ਨੇ ਧਾਂਦਲੀ ਵਿਚ ਉਨ੍ਹਾਂ (ਸੰਘੀਆਂ) ਦੀ ਮਦਦ ਕੀਤੀ। ਹਾਲਾਂਕਿ, ਮੈਨੂੰ ਨਹੀਂ ਲੱਗਦਾ ਕਿ ਇਹ ਨਾਇਕ ਕੇਂਦਰਿਤ ਨਜ਼ਰੀਆ ਹੁਣ ਵਿਰੋਧ ਲਹਿਰਾਂ ਦੀ ਉਸਾਰੀ ਵਿਚ ਕੰਮ ਆਵੇਗਾ। ਇਕ ਨਵੀਂ ਆਤਮਸਾਤ ਕੀਤੀ ਜਮਾਤੀ ਰਾਜਨੀਤੀ ਭਵਿੱਖ ਦੀ ਜ਼ਰੂਰਤ ਹੈ।
ਸਵਾਲ: ਕੀ ਜਾਤ ਦੀਆਂ ਰੁਕਾਵਟਾਂ ਕਦੇ ਖ਼ਤਮ ਹੋ ਸਕਦੀਆਂ ਹਨ? ਜੇ ਨਹੀਂ ਤਾਂ ਸਰਕਾਰਾਂ ਅਤੇ ਸਿਵਲ ਸੁਸਾਇਟੀ ਨੂੰ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ?
ਜਵਾਬ: ਇਹ ਸੋਚਣਾ ਸਰਾਸਰ ਮੂਰਖ਼ਤਾ ਹੈ ਕਿ ਜਾਤੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਜਾਤ ਵਰਗੀਆਂ ਸੰਸਥਾਵਾਂ ਦੁਨੀਆ ਭਰ ਵਿਚ ਕਈ ਥਾਵਾਂ `ਤੇ ਮਨੁੱਖੀ ਇਤਿਹਾਸ ਦਾ ਹਿੱਸਾ ਰਹੀਆਂ ਹਨ ਅਤੇ ਉਹ ਲੋਪ ਹੋ ਗਈਆਂ ਹਨ। ਹਾਲਾਂਕਿ ਕਈ ਮਾਇਨਿਆਂ `ਚ ਭਾਰਤ ਦੀ ਜਾਤੀ ਪ੍ਰਣਾਲੀ ਨੇ ਆਪਣੇ ਇਤਿਹਾਸ ਅਤੇ ਭੂਗੋਲ ਦੇ ਮਾਧਿਅਮ ਜ਼ਰੀਏ ਆਪਣੀ ਵਿਲੱਖਣਤਾ ਹਾਸਲ ਕੀਤੀ ਹੈ ਅਤੇ ਇਹ ਸਵੈ-ਸੰਗਠਿਤ, ਸਵੈ-ਨਿਯਮਬੱਧ ਹੋਣ ਵਾਲੀ ਪ੍ਰਣਾਲੀ ਬਣ ਗਈ ਹੈ ਪਰ ਇਸ ਨੂੰ ਤੋੜਨਾ ਅਸੰਭਵ ਨਹੀਂ। ਹਾਲਾਂਕਿ, ਇਸ ਦੀ ਵਿਰੋਧੀ ਸ਼ਕਤੀ ਦੀ ਉਸਾਰੀ ਇਸ ਦੇ ਆਪਣੇ ਵਸੀਲਿਆਂ ਯਾਨੀ ਧਰਮ, ਸੱਭਿਆਚਾਰ ਆਦਿ ਦੀ ਵਰਤੋਂ ਕਰਕੇ ਨਹੀਂ ਕੀਤੀ ਜਾ ਸਕਦੀ ਸਗੋਂ ਆਧੁਨਿਕਤਾ ਦੇ ਵਸੀਲਿਆਂ ਦੀ ਵਰਤੋਂ ਕਰ ਕੇ ਹੀ ਕੀਤੀ ਜਾ ਸਕਦੀ ਹੈ।
ਸਵਾਲ: ਭਵਿੱਖ ਲਈ ਤੁਹਾਡੀ ਉਮੀਦ ਕੀ ਹੈ?
ਜਵਾਬ: ਤਰਕਸੰਗਤ ਰੂਪ `ਚ ਕਹੀਏ ਤਾਂ ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਹਨ, ਉਸ ਨੂੰ ਦੇਖਦੇ ਹੋਏ ਮੈਨੂੰ ਇਸ ਮੁਲਕ ਦੇ ਲਈ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਕਈ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਫਾਸ਼ੀਵਾਦੀ ਤਰੀਕਿਆਂ ਦੀ ਵਰਤੋਂ ਕਰ ਕੇ ਭਾਰਤ ਨੂੰ ਪਹਿਲਾਂ ਹੀ ਬ੍ਰਾਹਮਣਵਾਦ ਦੇ ਮੱਧਯੁਗ ਤੋਂ ਪਹਿਲੇ ਯੁਗ ਦੇ ਹਾਲਾਤ `ਚ ਧੱਕ ਦਿੱਤਾ ਗਿਆ ਹੈ। ਇਸ ਤੱਥ ਨੂੰ ਦੇਖਦੇ ਹੋਏ ਕਿ ਫਾਸ਼ੀਵਾਦ ਦੀ ਹਾਰ ਸਿਰਫ਼ ਆਲਮੀ ਯੁੱਧ ਦੇ ਹਾਲਾਤ `ਚ ਹੋਈ ਸੀ, ਤੇ ਮੌਜੂਦਾ ਨਵਉਦਾਰਵਾਦੀ ਭੂ-ਰਾਜਨੀਤੀ ਨੂੰ ਦੇਖਦੇ ਹੋਏ, ਭਾਰਤ ਦੇ ਆਪਣੇ ਪ੍ਰਾਚੀਨ ਸਵੈ ਨੂੰ ਮੁੜ ਪ੍ਰਾਪਤ ਕਰਨ ਦਾ ਕੰਮ ਔਖਾ ਜਾਪਦਾ ਹੈ ਪਰ ਮੇਰਾ ਪੱਕਾ ਵਿਸ਼ਵਾਸ ਹੈ ਕਿ ਹਮੇਸ਼ਾ ਹੀ ਕਿਸੇ ਵੀ ਸਮੱਸਿਆ ਦਾ ਇਕ ਹੱਲ ਹੁੰਦਾ ਹੈ; ਤੇ ਜੇਕਰ ਅਸੀਂ ਆਪਣੀ ਰਾਜਨੀਤੀ ਨੂੰ ਲੋਕਾਂ ਦੀ ਮੁਕਤੀ `ਤੇ ਕੇਂਦਰਿਤ ਕਰਦੇ ਹਾਂ, ਤੇ ਹਾਕਮ ਜਮਾਤਾਂ ਦੀਆਂ ਖੇਡਾਂ ਖੇਡਣ ਦੇ ਲਾਲਚ ਤੋਂ ਦੂਰ ਰਹਿੰਦੇ ਹਾਂ ਤਾਂ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਮਨੁੱਖਤਾ ਦੇ ਹਿਤ `ਚ ਮੁਕਤੀ ਦਿਵਾਉਣਾ ਸੰਭਵ ਹੈ। ਮੌਜੂਦਾ ਗੰਦਗੀ ਸਾਡੀ ਹੀ ਬਣਾਈ ਹੋਈ ਹੈ ਅਤੇ ਸਾਨੂੰ ਹੀ ਇਸ ਨੂੰ ਸਾਫ ਕਰਨਾ ਪਵੇਗਾ।
(ਆਉਟਲੁੱਕ ਦੇ ਧੰਨਵਾਦ ਸਹਿਤ)