ਫਾਸ਼ੀਵਾਦੀ ਹਿੰਸਾ ਦਾ ਡਿਸਟੋਪੀਆ ਅਤੇ ਮੌਜੂਦਾ ਨਿਜ਼ਾਮ ਦੀ ਸੂਖਮ ਪੜਚੋਲ ‘ਲੈਲਾ’ ਸੀਰੀਜ਼

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮ ਨਿਰਦੇਸ਼ਕ ਦੀਪਾ ਮਹਿਤਾ ਦਾ ਸਿਨੇਮਾ ਧਾਰਮਿਕ-ਸੱਭਿਆਚਾਰਕ ਜੜ੍ਹਤਾ, ਸਮਾਜਿਕ ਯਥਾਰਥ ਅਤੇ ਸਿਆਸੀ ਸਵਾਲਾਂ ਨੂੰ ਮੁਖਾਤਿਬ ਹੋਣ ਵਾਲਾ ਸਿਨੇਮਾ ਹੈ। ਆਪਣੀ ਬਹੁ-ਭਾਸ਼ਾਈ ਅਤੇ ਕਲਾਤਮਿਕ ਸੰਵੇਦਨਾ ਨਾਲ ਉਹ ਕਿਸੇ ਚੰਗੇ ਸਰਜਨ ਵਾਂਗ ਨਾ ਸਿਰਫ ਮੌਜੂਦਾ ਦੌਰ ਦੀ ਸਿਆਸਤ ਦੀਆਂ ਰਗਾਂ ਫਰੋਲਦੀ ਹੈ ਸਗੋਂ ਫਿਰਕਾਪ੍ਰਸਤੀ, ਸੱਭਿਆਚਾਰਕ ਦਾਬੇ, ਔਰਤਾਂ ਖਿਲਾਫ ਹੁੰਦੀ ਸੰਸਥਾਈ ਹਿੰਸਾ ਅਤੇ ਮਨੁੱਖੀ ਹੱਕ-ਹਕੂਕ ਦੇ ਘਾਣ ਵਿਰੁੱਧ ਸਮੂਹਿਕ ਚੇਤਨਾ ਦੀ ਲਾਮਬੰਦੀ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ।

ਉਸ ਦੀਆਂ ਮੁੱਖ ਫਿਲਮਾਂ ‘ਅਰਥ`, ‘ਫਾਇਰ, ‘ਵਾਟਰ`, ‘ਮਿਡਨਾਈਟ ਚਿਲਡਰਨ` ਅਤੇ ‘ਹੈਵਨ ਆਨ ਅਰਥ` ਜਿੱਥੇ ਪ੍ਰੰਪਰਾਗਤ ਸਮਾਜਾਂ ਦੇ ਆਧੁਨਿਕਤਾ ਨਾਲ ਟਕਰਾਉ ਅਤੇ ਗੈਰ-ਜਮਹੂਰੀ ਸਿਆਸਤੀ ਪ੍ਰਬੰਧਾਂ ਵਿਚ ਪਿਸ ਰਹੇ ਆਮ ਕਿਰਦਾਰਾਂ ਦੀ ਜਦੋ-ਜਹਿਦ ਦੀਆਂ ਫਿਲਮਾਂ ਹਨ ਉੱਥੇ ਉਸ ਦਾ ਸਿਨੇਮਾ ਸਿਨੇਮਾਈ ਬਿੰਬਾਂ, ਚਿੰਨ੍ਹਾਂ ਅਤੇ ਭਾਸ਼ਾ ਦੀ ਔਰਤ ਪੱਖੀ ਅਤੇ ਮਾਨਵਵਾਦੀ ਵਿਆਖਿਆ ਵੀ ਕਰਦਾ ਹੈ।
ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਉਸ ਦੀ ਛੇ ਭਾਗਾਂ ਵਿਚ ਵੰਡੀ ਸੀਰੀਜ਼ ‘ਲੈਲਾ` ਸਾਡੇ ਸਮਿਆਂ ਦਾ ਮਹੱਤਵਪੂਰਨ ਦਸਤਾਵੇਜ਼ ਹੈ ਜਿਹੜਾ ਕਲਪਿਤ ਹੋਣ ਦੇ ਬਾਵਜੂਦ ਧਰਾਤਲੀ ਯਥਾਰਥ ਦੇ ਇੰਨਾ ਨੇੜੇ ਹੈ ਕਿ ਤੁਸੀਂ ਇਸ ਵਿਚਲੇ ਕਿਰਦਾਰਾਂ ਨੂੰ ਆਪਣੇ ਆਸ-ਪਾਸ ਸਾਹ ਲੈਂਦੇ ਦੇਖ-ਸੁਣ ਸਕਦੇ ਹੋ। ਇਸ ਸੀਰੀਜ਼ ਦਾ ਕੈਨਵਸ ਬਹੁਤ ਵਿਸ਼ਾਲ ਹੈ ਜਿਸ ਵਿਚ ਦਰਸ਼ਕ ਡਿਸਟੋਪੀਆ (ਮਨਹੂਸ ਸਮਾਂ), ਐਬਸਰਡਿਟੀ (ਬੇਤੁਕਾਪਣ, ਖਾਸ ਤੌਰ ‘ਤੇ ਸਿਆਸੀ), ਸਮਾਜਿਕ ਅਰਾਜਕਤਾ ਅਤੇ ਧਾਰਮਿਕ ਫਾਸ਼ੀਵਾਦ ਤੋਂ ਲੈ ਕੇ ਕੱਟੜ ਰਾਸ਼ਟਰਵਾਦ, ਸਿਆਸੀ ਸਾਜ਼ਿਸ਼ਾਂ, ਤਕਨੀਕ ਦੀ ਸਮਰੱਥਾ ਅਤੇ ਸੂਹੀਆ ਤੰਤਰ ਦੀ ਸਿਆਸਤ ਤੇ ਪ੍ਰਚਾਰ ਨਾਲ ਹਰ ਕਦਮ ‘ਤੇ ਦੋ-ਚਾਰ ਹੁੰਦੇ ਹੋ। ਇਸ ਤੋਂ ਵੀ ਅਹਿਮ ਇਹ ਕਿ ਇਹ ਸੀਰੀਜ਼ ਮਾਨਵੀ ਚੇਤਨਾ ਅਤੇ ਬਿਹਤਰ ਭਵਿੱਖ ਲਈ ਜੂਝਣ ਦਾ ਨਿੱਗਰ ਹਸਤਾਖਰ ਹੋ ਨਿਬੜਦੀ ਹੈ।
ਆਪਣੇ ਮਹਤੱਵਪੂਰਨ ਲੇਖ ‘ਉਰ-ਫਾਸ਼ਿਜ਼ਮ (ਸਦੀਵੀ ਫਾਸ਼ੀਵਾਦ) ਵਿਚ ਫਾਸ਼ੀਵਾਦੀ ਪ੍ਰਵਿਰਤੀਆਂ ਦੀ ਵਿਆਖਿਆ ਕਰਦਿਆਂ ਉਘਾ ਚਿੰਤਕ ਉਮਬੈਰਤੋ ਐਕੋ ਲਿਖਦਾ ਹੈ ਕਿ ਸਿਆਸੀ ਤੌਰ ‘ਤੇ ਸੱਤਾ ਪ੍ਰਾਪਤੀ ਤੋਂ ਫਾਸ਼ੀਵਾਦ ਸ਼ੁਰੂ ਜ਼ਰੂਰ ਹੁੰਦਾ ਹੈ ਪਰ ਇਸ ਦਾ ਪ੍ਰਸਾਰ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਹੁੰਦਾ ਹੈ ਜਿਸ ਵਿਚ ਨਾ ਸਿਰਫ ਜਮਹੂਰੀ ਅਮਲਾਂ ਨੂੰੰ ਰੱਦ ਕਰ ਦਿੱਤਾ ਜਾਂਦਾ ਹੈ ਬਲਕਿ ਸਮਾਜਿਕ, ਆਰਥਿਕ, ਸੱਭਿਆਚਾਰਕ ਵਸੀਲਿਆਂ ਅਤੇ ਮਨੁੱਖੀ ਅਧਿਕਾਰਾਂ ਉੱਪਰ ਅਜਾਰੇਦਾਰੀ ਦੀ ਸਥਾਪਨਾ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾਂਦਾ ਹੈ। ਉਸ ਅਨੁਸਾਰ ਫਾਸ਼ੀਵਾਦ ਸਿਆਸੀ ਖਿਲਾਅ ਵਿਚੋਂ ਨਹੀਂ ਸਗੋਂ ਸਿਆਸੀ ਵਿਰੋਧ ਵਿਚੋਂ ਉੱਭਰਦਾ ਹੈ ਜਿਸ ਵਿਚ ਸੱਤਾ ਪ੍ਰਾਪਤੀ ਪਹਿਲਾ ਕਦਮ ਹੋ ਸਕਦਾ ਹੈ। ਇਸ ਪਿੱਛੇ ਕੰੰਮ ਕਰਦੇ ਕਾਰਕਾਂ ਵਿਚ ਮਹਾਨ ਸੱਭਿਅਤਾ ਦੀ ਮਿੱਥ ਉਭਾਰਨਾ, ਆਧੁਨਿਕ ਵਿਚਾਰਾਂ ਨਾਲ ਟਕਰਾਉ, ਵਖਰੇਵਿਆਂ ਨਾਲ ਨਫਰਤ ਅਤੇ ਵੱਖਰੀ ਨਸਲ/ਧਰਮ/ਵਰਗ ਨਾਲ ਦੂਜੈਲਪੁਣੇ ਦੀ ਧਾਰਨਾ ਬੇਹੱਦ ਅਹਿਮ ਹੈ।
‘ਲੈਲਾ’ ਸੀਰੀਜ਼ ਵਿਚ ਮੁੱਖ ਕਿਰਦਾਰ ਸ਼ਾਲਿਨੀ ਦਾ ਇੱਕ ਮੁਸਲਮਾਨ ਨਾਲ ਪਿਆਰ-ਵਿਆਹ ਉਸ ਦੀ ਬੇਟੀ ਲੈਲਾ ਦੇ ਅਗਵਾ ਹੋਣ ਅਤੇ ਫਿਰ ‘ਮਿਸ਼ਰਤ ਖੂਨ` ਵਾਲਾ ਬੱਚਾ ਹੋਣ ਕਾਰਨ ‘ਸ਼ੁੱਧੀਕਰਨ ਕੈਂਪ` ਵਿਚ ਭਰਤੀ ਹੋਣ ਦਾ ਕਾਰਨ ਬਣਦਾ ਹੈ। ਸ਼ਾਲਿਨੀ ਵੱਖਰੇ ਧਰਮ ਅਤੇ ਫਿਰਕੇ ਨਾਲ ਸਬੰਧਿਤ ਹੋਣ ਕਾਰਨ ਨਾ ਸਿਰਫ ਅਮਾਨਵੀ ਵਤੀਰੇ ਦਾ ਸ਼ਿਕਾਰ ਹੁੰਦੀ ਹੈ ਬਲਕਿ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਜਾਂਦੀ ਹੈ।
ਇਸ ਸੀਰੀਜ਼ ਦਾ ਪਹਿਲਾ ਦ੍ਰਿਸ਼ ਇਸ ਇਕਬਾਲੀਆ ਬਿਆਨ ਨਾਲ ਖੁੱਲ੍ਹਦਾ ਹੈ ਕਿ ਇਹ ਸਾਰਾ ਕਲਪਿਤ ਹੈ ਅਤੇ ਇਸ ਦਾ ਕਿਸੇ ਮ੍ਰਿਤਕ ਜਾਂ ਜਿਊਂਦੇ-ਜਾਗਦੇ ਇਨਸਾਨ ਨਾਲ ਕੋਈ ਸਬੰਧ ਨਹੀਂ ਪਰ ਇਸ ਦੇ ਪਹਿਲੇ ਹੀ ਦ੍ਰਿਸ਼ ਵਿਚ ਸ਼ਾਲਿਨੀ ਦੇ ਪਤੀ ਰਿਜ਼ਵਾਨ ਚੌਧਰੀ ਦੀ ਹਜੂਮੀ ਹੱਤਿਆ (ਮੌਬ ਲਿਚਿੰਗ) ਮੌਜੂਦਾ ਭਾਰਤ ਦੇ ਸਿਆਸੀ ਡਰਾਮੇ ਦੀ ਹਕੀਕਤ ਨਸ਼ਰ ਕਰਦੀ ਹੈ ਜਿੱਥੇ ਵੱਖਰੇ ਧਰਮ ਅਤੇ ਜੀਵਨ ਜਾਚ ਦਾ ਹਵਾਲਾ ਦੇ ਕੇ ਜਿਊਂਦੇ-ਜਾਗਦੇ ਅਖਲਾਕਾਂ, ਨਜੀਬਾਂ, ਪਹਿਲੂ ਖਾਨਾਂ ਅਤੇ ਜੁਨੈਦਾਂ ਨੂੰ ਭੀੜਾਂ ਦੁਆਰਾ ਜਲਾਉਣ, ਬੇਰਹਿਮ ਤਰੀਕੇ ਨਾਲ ਕੱਟਣ-ਵੱਢਣ ਦਾ ਦਸਤੂਰ ਨਿਰਵਿਘਨ ਜਾਰੀ ਹੈ। ਰਿਜ਼ਵਾਨ ਨੂੰ ਮਾਰਨਾ ਉਪਰਲੀ ਸਤਹਿ ‘ਤੇ ‘ਦੁਰਲਭ ਪਾਣੀ ਦੀ ਸਵਿਮਿੰਗ ਪੂਲ ਲਈ ਖਰੀਦਣ ਦੀ ਗੁਸਤਾਖੀ` ਜਾਪਦਾ ਹੈ ਪਰ ਜਦੋਂ ਹੌਲੀ-ਹੌਲੀ ਇਸ ਕਤਲ ਦੀਆਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਇਹ ਸਪਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮਸਲਾ ਸਿਰਫ ਗੈਰ-ਕਾਨੂੰਨੀ ਜਾਂ ‘ਪਾਣੀ ਚੋਰ ਹੋਣਾ ਨਹੀਂ ਬਲਕਿ ਇਸ ਮੁਲਕ ‘ਆਰੀਆਵਰਤ` ਵਿਚ ਇੱਕ ਧਰਮ ਤੋਂ ਬਿਨਾ ਦੂਜੇ ਧਰਮਾਂ ਦੇ ਲੋਕਾਂ ਦਾ ਵੱਡੇ ਪੱਧਰ ਤੇ ਸਮੂਹਿਕ ਸਫਾਇਆ ਅਤੇ ਨਸਲਘਾਤ ਦੀ ਸਰਕਾਰੀ ਕਾਰਵਾਈ ਦੇ ਅਧੀਨ ਗੁੰਡਾ ਗਰੋਹਾਂ ਤੋਂ ਇਹ ਕਾਰਾ ਕਰਵਾਇਆ ਜਾ ਰਿਹਾ ਹੈ।
ਇਸ ਸੀਰੀਜ਼ ਦਾ ਸਮਾਂ ਸੰਨ 2045 ਦਾ ਹੈ। ਇਸ ਸਮੇਂ ਤੱਕ ਭਾਰਤ ਵਿਚ ਖਾਸ ਧਰਮ ਦਾ ‘ਰਾਸ਼ਟਰ” ਬਣਾਇਆ ਜਾ ਚੁੱਕਾ ਹੈ ਅਤੇ ਸਾਰੇ ਸਰਕਾਰੀ ਅਦਾਰੇ, ਸੰਸਥਾਵਾਂ ਅਤੇ ਏਜੰਸੀਆਂ ਦਾ ਭਗਵਾਕਰਨ ਹੋ ਚੁੱਕਾ ਹੈ। ਪੁਰਾਤਨ ਰਸਮਾਂ-ਰਿਵਾਜ਼ਾਂ, ਸਮਾਜਿਕ ਵਰਤਾਉ ਅਤੇ ਸਜ਼ਾਵਾਂ ਦੀ ਵਾਪਸੀ ਹੋ ਚੁੱਕੀ ਹੈ, ਭਾਵੇਂ ਦੂਜੇ ਪਾਸੇ ਮੁਲਕ ਦੇ ਵਿਗਿਆਨੀ ਅਤੇ ਬਾਬੂਸ਼ਾਹੀ ਅਤਿ-ਆਧੁਨਿਕ ਯੰਤਰਾਂ, ਸਪੇਸ ਸਮੱਗਰੀ ਅਤੇ ਸੂਖਮ ਜਾਸੂਸੀ ਯੰਤਰ ਬਣਾਉਣ ਅਤੇ ਇਨ੍ਹਾਂ ਨੂੰ ਪੂਰੇ ਮੁਲਕ ਦੀਆਂ ਸੜਕਾਂ, ਘਰਾਂ, ਹੋਟਲਾਂ, ਸਕੂਲਾਂ, ਕਾਲਜਾਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਲਗਾਉਣ ਵਿਚ ਕਾਮਯਾਬ ਹੋ ਚੁੱਕੀ ਹੈ। ਕਿਰਤੀ-ਕਾਮਿਆਂ ‘ਤੇ ਨਿਗਾਹ ਰੱਖਣ, ਉਨ੍ਹਾਂ ਨੂੰ ਆਪਣੇ ਕੰਟਰੋਲ ਹੇਠ ਰੱਖਣ ਅਤੇ ਮੁਲਕ ਦੇ ਮੁਨਾਫਾ ਆਧਾਰਿਤ ਮਸ਼ੀਨਰੀ ਤੇ ਬਾਜ਼ਾਰਾਂ ਵਿਚ ਫਿੱਟ ਹੋਣ ਲਈ ਮਜਬੂਰ ਕਰਨ ਲਈ ਇੰਨੇ ਸੂਖਮ ਯੰਤਰ, ਕੈਮਰੇ ਅਤੇ ਖੁਫੀਆ ਤੰਤਰ ਸਰਗਰਮ ਹਨ। ਸਾਰਾ ਮੁਲਕ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ।
ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਦਾ ਹਵਾ ਪਾਣੀ ਵਰਗੀਆਂ ਕੁਦਰਤੀ ਨਿਆਮਤਾਂ ‘ਤੇ ਕੰਟਰੋਲ ਹੈ ਅਤੇ ਉਹ ਖੁਦ ਤੋਂ ਵਖਰੇਵੇਂ ਤੇ ਵੱਖਰੀ ਸਮਾਜਿਕ ਸਥਿਤੀ ਵਾਲਿਆਂ ਦਾ ਨਾ ਸਿਰਫ ਬਾਈਕਾਟ ਕਰਦੇ ਹਨ ਬਲਿਕ ਉਨ੍ਹਾਂ ਨੂੰ ਗੈਰ-ਮਾਨਵੀ ਅਤੇ ਜਲ ਰਹੇ ਕੂੜੇ ਦੇ ਢੇਰਾਂ ਵਿਚ ਗਲਣ-ਸੜਨ ਲਈ ਮਜਬੂਰ ਕਰ ਦਿੰਦੇ ਹਨ। ਇਸ ਸੀਰੀਜ਼ ਦੀ ਖੂਬੀ ਇਹ ਹੈ ਕਿ ਇਹ ਅੰਨ੍ਹੇ ਤਸ਼ਦੱਦ ਦੇ ਸਾਰੇ ਪਹਿਲੂਆਂ ਨੂੰ ਬਹੁਤ ਸੂਖਮਤਾ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ।
‘ਲੈਲਾ` ਵਿਚ ਧਾਰਮਿਕਤਾ ਤੇ ਵਿਗਿਆਨਕ ਨੇਮਾਂ ਵਿਚ ਚੱਲ ਰਹੀ ਜਦੋਜਹਿਦ ਬੇਹੱਦ ਸਟੀਕ ਹੈ। ਹੁਣ ਦੇ ਭਾਰਤਵਰਸ਼ ਵਾਂਗ ਭਵਿੱਖ ਦੇ ਆਰੀਆਵਰਤ ਨਾਮੀ ਮੁਲਕ ਵਿਚ ਵੀ ਸਰਕਾਰ ਦੀ ਆਲੋਚਨਾ ਅਤੇ ਉਸ ਦੇ ਕੰਮ-ਕਾਜ ਦੀ ਊਣਤਾਈ ਜ਼ਾਹਿਰ ਕਰਨਾ ਦੇਸ਼ਧ੍ਰੋਹ ਗਿਣਿਆ ਜਾਂਦਾ ਹੈ। ਇਸ ਸੀਰੀਜ਼ ਵਿਚ ਅਜਿਹੇ ਕੁਕਰਮਾਂ ਦੀ ਸਜ਼ਾ ‘ਸ਼ੁੱਧੀਕਰਨ ਕੈਂਪਾਂ’ ਤੇ ‘ਸੁਧਾਰ ਘਰਾਂ` ਵਿਚ ਭੇਜਣਾ ਹੈ ਪਰ ਮੌਜੂਦਾ ਦੌਰ ਵਿਚ ਇਸ ਦਾ ਨਤੀਜਾ ਨਰਿੰਦਰ ਦਭੋਲਕਰ, ਐੱਮ.ਐੱਮ. ਕੁਲਬਰਗੀ, ਗੋਬਿੰਦ ਪਾਨਸਰੇ ਅਤੇ ਗੌਰੀ ਲੰਕੇਸ਼ ਵਰਗੇ ਜ਼ਹੀਨ ਤੇ ਸਮਾਜ ਦੀ ਜ਼ਮੀਰ ਮੰਨੇ ਜਾਂਦੇ ਬੁਧੀਜੀਵੀਆਂ ਦੇ ਹਿੰਦੂ ਅਤਿਵਾਦੀ ਗਰੁੱਪਾਂ ਵੱਲੋਂ ਦਿਨ-ਦਿਹਾੜੇ ਕੀਤੇ ਕਤਲਾਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਚਾਰੇ ਬਜ਼ੁਰਗ ਦਰਵੇਸ਼ਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਹ ਨਾ ਸਿਰਫ ਧਾਰਮਿਕ ਕੱਟੜਤਾ, ਗੈਰ-ਜਮਹੂਰੀ ਨੀਤੀਆਂ, ਮੁਸਲਮਾਨਾਂ/ਦਲਿਤਾਂ/ਔਰਤਾਂ/ਗਰੀਬ ਤਬਕਿਆਂ ਨਾਲ ਹੋ ਰਹੇ ਬਲਾਤਕਾਰਾਂ, ਹਜੂਮੀ ਹੱਤਿਆਵਾਂ ਤੇ ਧੱਕੇਸ਼ਾਹੀ ਖਿਲਾਫ ਲਗਾਤਾਰ ਬੋਲ ਰਹੇ ਸਨ ਸਗੋਂ ਮੁਲਕ ਵਿਚ ਤੇਜ਼ੀ ਨਾਲ ਪਸਰ ਰਹੇ ਗੈਰ-ਵਿਗਿਆਨਕ, ਤਰਕਹੀਣ ਅਤੇ ਬੇਦਲੀਲ ਵਰਤਾਰਿਆਂ ਖਿਲਾਫ ਡਟ ਕੇ ਖੜ੍ਹੇ ਸਨ। ਇਸੇ ਤਰ੍ਹਾਂ ਇਸ ਸੀਰੀਜ਼ ਵਿਚ ਰਾਜ-ਸੱਤਾ ‘ਤੇ ਕਾਬਜ਼ ਜਮਾਤ ਸਵਾਲਾਂ, ਆਲੋਚਨਾ, ਸੱਚ, ਤੱਥਾਂ ਅਤੇ ਅਣਖ ਭਰੀ ਜ਼ਿੰਦਗੀ ਤੋਂ ਪਲੇਗ ਵਾਂਗ ਡਰਦੀ ਹੈ ਅਤੇ ਨਵੀਂ ਉਮੀਦ ਦੀਆਂ ਕਰੂੰਬਲਾਂ ਨੂੰ ਨੋਚ ਕੇ ਸੁੱਟ ਦੇਣਾ ਚਾਹੁੰਦੀ ਹੈ।
ਇਸ ਸੀਰੀਜ਼ ਵਿਚ ਸਰਕਾਰੀ ਤੰਤਰ ਦੀਆਂ ਬੰਦਾ-ਮਾਰੂ ਨੀਤੀਆਂ ਦਾ ਖਮਿਆਜ਼ਾ ਬੱਚੇ ਅਤੇ ਔਰਤਾਂ ਭੁਗਤਦੇ ਹਨ। ਸੀਰੀਜ਼ ਵਿਚ ਅਜਿਹੇ ਬੱਚੇ ਜਿਹੜੇ ਹਿੰਦੂ-ਮੁਸਲਿਮ, ਹਿੰਦੂ-ਦਲਿਤ ਜਾਂ ਹਿੰਦੂ-ਈਸਾਈ ਵਿਆਹ ਵਿਚੋਂ ਪੈਦਾ ਹੋਏ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਖੋਹ ਕੇ ਅਜਿਹੀਆਂ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਜਿਹੜੀਆਂ ਜਾਂ ਤਾਂ ਉਨ੍ਹਾਂ ਨੂੰ ਬੇਔਲਾਦ ਜੋੜਿਆਂ ਨੂੰ ਵੇਚ ਦਿੰਦੀਆਂ ਹਨ ਜਾਂ ਉਨ੍ਹਾਂ ਦੀ ਸਮਗਲਿੰਗ ਕਰਦੇ ਨੇ ਜਾਂ ਫਿਰ ਉਨ੍ਹਾਂ ਨੂੰ ਲੇਬਰ ਕੈਂਪਾਂ ਵਿਚ ਮਰਨ ਲਈ ਸੁੱਟ ਦਿੰਦੇ ਹਨ। ਇਸ ਸੀਰੀਜ਼ ਦੀ ਮੁੱਖ ਕਿਰਦਾਰ ਸ਼ਾਲਿਨੀ ਜਦੋਂ ਖੁਦ ਦੀ ਮੁਕਤੀ ਲਈ ਦੋ ‘ਅਪੱਵਿਤਰ’ ਔਰਤਾਂ ਨੂੰ ਗੈਸ ਚੈਂਬਰ ਵਿਚ ਮਾਰਨ ਤੋਂ ਮੁਨਕਰ ਹੋ ਜਾਂਦੀ ਹੈ ਤਾਂ ਸਜ਼ਾ ਦੇ ਤੌਰ ‘ਤੇ ਉਹ ਅਜਿਹੇ ਲੇਬਰ ਕੈਂਪ ਵਿਚ ਸੁੱਟ ਦਿੱਤੀ ਜਾਂਦੀ ਹੈ ਜਿੱਥੇ ਉਸ ਨੂੰ ਇੱਕ ਛੋਟੀ ਬੱਚੀ (ਮਾਪਿਆਂ ਤੋਂ ਖੋਹ ਕੇ ਸੁੱਟੀ) ਮਿਲਦੀ ਹੈ ਜਿਹੜੀ ਪੈਸਿਆਂ ਦੇ ਬਦਲੇ ਉਸ ਨੂੰ ਲੈਲਾ ਨੂੰ ਲੱਭਣ ਵਿਚ ਮਦਦ ਕਰਨ ਦਾ ਭਰੋਸਾ ਦਿੰਦੀ ਹੈ। ਫਿਲਮ ਦੀ ਕਹਾਣੀ ਮੁਤਾਬਿਕ ਸ਼ਾਲਿਨੀ ਦੀ ਧੀ ਲੈਲਾ ਨੂੰ ਅਗਵਾ ਕਰਨ ਵਿਚ ‘ਰਿਪੀਟਰਜ਼` ਦਾ ਮੁੱਖ ਰੋਲ ਹੁੰਦਾ ਹੈ ਜਿਹੜੇ ਲੁੱਟਮਾਰ, ਫਿਰੌਤੀਆਂ ਅਤੇ ਹਜੂਮੀ ਹੱਤਿਆਵਾਂ ਕਰਨ ਵਾਲੇ ਅਜਿਹੇ ਸਮੂਹ ਹਨ ਜਿਨ੍ਹਾਂ ਨੂੰ ਸਟੇਟ ਦੀ ਪੂਰੀ ਹਮਾਇਤ ਹਾਸਲ ਹੈ ਅਤੇ ਉਹ ਮੌਕਾ ਆਉਣ ‘ਤੇ ਬੱਚਿਆਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਦੇ।
ਇਹ ਸੀਰੀਜ਼ ‘ਲੈਲਾ’ ਬਹੁਤ ਸਾਰੇ ਪੱਖਾਂ ਤੋਂ ਇਸ ਲਈ ਵਿਲੱਖਣ ਹੈ ਕਿ ਇਹ ਫਾਸ਼ੀਵਾਦੀ ਸਮਾਜਾਂ ਵਿਚ ਜੀਅ ਰਹੇ ਲੋਕਾਂ ਦੀ ਜ਼ਿੰਦਗੀ ਦਾ ਮਾਰਮਿਕ ਖਾਕਾ ਖਿੱਚਦੀ ਹੈ। ਇਸ ਦੇ ਨਾਲ-ਨਾਲ ਸੀਰੀਜ਼ ਦਾਰਸ਼ਨਿਕ ਪੱਧਰ ‘ਤੇ ਇਹ ਸੁਨੇਹਾ ਦਿੰਦੀ ਹੈ ਕਿ ਫਾਸ਼ੀਵਾਦ ਦਾ ਅਸਰ ਸਿਰਫ ਸਿਆਸੀ ਨਹੀਂ ਹੁੰਦਾ, ਇਹ ਹੌਲੀ-ਹੌਲੀ ਜ਼ਹਿਰ ਵਾਂਗ ਜ਼ਿੰਦਗੀ ਦੀ ਸਾਰੀਆਂ ਸ਼ੈਆਂ ਨੂੰ ਨੀਲਾ ਕਰਦਾ ਜਾਂਦਾ ਹੈ। ਵਫਾਦਾਰਾਂ ਦੀ ਜਾਸੂਸੀ ਤੋਂ ਲੈ ਕੇ ਸਿਆਸੀ ਸਾਜ਼ਿਸ਼ਾਂ ਤਹਿਤ ਫਾਸ਼ੀਵਾਦੀ ਇੱਕ-ਦੂਜੇ ਨੂੰ ਨਾ ਸਿਰਫ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਹਨ ਬਲਕਿ ਉਨ੍ਹਾਂ ਦੀ ਨਾਲਾਇਕੀ ਤੇ ਵਿਚਾਰਹੀਣਤਾ ਦੀਕਸ਼ਤ ਵਾਂਗ ਪੂਰੇ ਪਰਿਵਾਰ ਨੂੰ ਨਿਗਲ ਜਾਂਦੀ ਹੈ।
ਫਾਸ਼ੀਵਾਦ ਮਿੱਥਕ ਇਤਿਹਾਸ, ਝੂਠੀ ਸ਼ਾਨੋ-ਸ਼ੌਕਤ, ਹਥਿਆਰਾਂ ਤੇ ਧਾਰਮਿਕਤਾ ਦੀ ਗਲੀਜ਼ ਨੁਮਾਇਸ਼ ਹੋਣ ਦੇ ਨਾਲ-ਨਾਲ ਮਾਨਵਤਾ ਦੀਆਂ ਸਭ ਤੋਂ ਖੂਬਸੂਰਤ ਸ਼ੈਆਂ ਨੂੰ ਨਿਗਲ ਜਾਂਦਾ ਹੈ। ਨਾਗਰਿਕ ਨੰਬਰਾਂ ਜਾਂ ਵਰਤੋਂ ਯੋਗ ਚੰਮ ਵਿਚ ਤਬਦੀਲ ਕਰ ਦਿੱਤੇ ਜਾਂਦੇ ਹਨ। ਇਹ ਸੀਰੀਜ਼ ਉਸ ਕਾਲੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ ਜਦੋਂ ਸਮਾਜਿਕ-ਜਿਨਸੀ ਕੁੰਠਾ ਅਤੇ ਸਿਆਸੀ ਨਪੁੰਸਕਤਾ ਦੇ ਭੰਨੇ ਬਦਨਸੀਬ ਸਮਾਜ ਇੱਕ-ਦੂਜੇ ਨੂੰ ਖਾਣ ਤੇ ਉਤਾਰੂ ਹੋ ਜਾਂਦੇ ਹਨ। ਦੀਪਾ ਮਹਿਤਾ ਨੇ ਬਹੁਤ ਹਿੰਮਤ ਨਾਲ ਦਰਸ਼ਕਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
‘ਲੈਲਾ’ ਸੀਰੀਜ਼ ਪ੍ਰਯਾਗ ਅਕਬਰ ਦੇ ਇਸੇ ਨਾਮ ਦੇ ਨਾਵਲ ‘ਤੇ ਆਧਾਰਿਤ ਹੈ ਅਤੇ ਇਸ ਵਿਚੋਂ ਵਾਰ-ਵਾਰ ਮਾਰਗਰੇਟ ਐਟਵੁੱਡ ਦੇ ਨਾਵਲ ‘ਦਿ ਹੈਂਡਮੇਡ`ਜ਼ ਟੇਲ` ਅਤੇ ਜਾਰਜ ਆਰਵੈੱਲ ਦੇ ਨਾਵਲ ‘ਨਾਈਨਟੀਨ ਏਟੀ ਫਾਰ` ਦਾ ਝਲਕਾਰਾ ਪੈਂਦਾ ਹੈ। ਫਿਲਮ ਦਾ ਸਭ ਤੋਂ ਦਰਦਨਾਕ ਦ੍ਰਿਸ਼ ਉਹ ਹੈ ਜਦੋਂ ਸ਼ਾਲਿਨੀ ਆਪਣੀ ਧੀ ‘ਲੈਲਾ` ਨੂੰ ਲੱਭਣ ਵਿਚ ਕਾਮਯਾਬ ਤਾਂ ਹੋ ਜਾਂਦੀ ਹੈ ਪਰ ਤਦ ਤੱਕ ਉਸ ਉਪਰ ਜ਼ਹਿਰੀਲੇ ਪ੍ਰਚਾਰ ਦਾ ਇੰਨਾ ਅਸਰ ਹੋ ਚੁੱਕਿਆ ਹੈ ਕਿ ਉਹ ਆਪਣੀ ਮਾਂ ਨੂੰ ਆਖਦੀ ਹੈ, “ਮੇਰੀ ਕੋਈ ਮਾਂ ਨਹੀਂ, ਮੇਰੀ ਮਾਂ ਆਰੀਆਵਰਤ ਹੈ ਤੇ ਮੈਂ ਉਸ ਲਈ ਮਰਨ ਜਾਂ ਕਿਸੇ ਨੂੰ ਮਾਰਨ ਤੋਂ ਗੁਰੇਜ਼ ਨਹੀਂ ਕਰਾਂਗੀ।”