ਇਥੋਪੀਆ ਦਾਮੈਰਾਥਨ ਦੌੜਾਕ ਅਬੇਬੇ ਬਕੀਲਾ

ਪ੍ਰਿੰ. ਸਰਵਣ ਸਿੰਘ
ਅਬੇਬੇ ਬਕੀਲਾ ਸਿਰੜ ਦਾ ਦੂਜਾ ਨਾਂ ਹੈ। ਉਹ ਪ੍ਰਥਮ ਦੌੜਾਕ ਸੀ ਜਿਹੜਾ ਲਗਾਤਾਰ ਦੋ ਵਾਰ ਓਲੰਪਿਕ ਖੇਡਾਂ ਦੀ ਮੈਰਾਥਨ ਦੌੜ ਜਿੱਤਿਆ। ਉਹ ਪਹਿਲਾ ਅਥਲੀਟ ਸੀ ਜਿਸ ਨੇ ਪੂਰਬੀ ਅਫਰੀਕਾ ਦੇ ਖਿਡਾਰੀਆਂ ਨੂੰ ਓਲੰਪਿਕ ਚੈਂਪੀਅਨ ਬਣਨ ਦੇ ਰਾਹ ਪਾਇਆ। ਉਸ ਪਿੱਛੋਂ ਅਨੇਕਾਂ ਅਫਰੀਕੀ ਦੌੜਾਕ ਓਲੰਪਿਕ ਖੇਡਾਂ ਦੇ ਜਿੱਤ ਮੰਚ `ਤੇ ਚੜ੍ਹੇ। ਕਈਆਂ ਨੇ ਕਈ ਕਈ ਮੈਡਲ ਜਿੱਤੇ ਅਤੇ ਵਿਸ਼ਵ ਭਰ ਦੀਆਂ ਮੈਰਾਥਨ ਦੌੜਾਂ ਦਾ ਸਿੰLਗਾਰ ਬਣੇ। ਕੀਨੀਆ ਦੇ ਦੌੜਾਕਾਂ ਨੇ ਤਾਂ ਜਿਵੇਂ ਮੈਰਾਥਨ ਤੇ ਲੰਮੀਆਂ ਦੌੜਾਂ ਜਿੱਤਣ ਦਾ ਅਸ਼ਟਾਮ ਹੀ ਆਪਣੇ ਨਾਂ ਕਰਾ ਲਿਆ ਹੋਵੇ!

ਰੋਮ ਦੀਆਂ ਓਲੰਪਿਕ ਖੇਡਾਂ-1960 ਵਿਚ ਅਬੇਬੇ ਬਕੀਲਾ ਨੰਗੇ ਪੈਰੀਂ ਦੌੜਿਆ। ਉਹ 2 ਘੰਟੇ 15 ਮਿੰਟ 16.2 ਸੈਕੰਡ`ਚ ਮੈਰਾਥਨ ਪੂਰੀ ਕਰ ਕੇ ਓਲੰਪਿਕ ਚੈਂਪੀਅਨ ਬਣਿਆ। 1964 ਵਿਚ ਟੋਕੀਓ ਦੀਆਂ ਓਲੰਪਿਕ ਖੇਡਾਂ `ਚ ਵੀ ਉਹ ਮੀਰੀ ਰਿਹਾ। ਟੋਕੀਓ ਵਿਚ ਉਸ ਨੇ 2 ਘੰਟੇ 12 ਮਿੰਟ 11.2 ਸਕਿੰਟ ਵਿਚ ਦੌੜ ਪੂਰੀ ਕੀਤੀ। ਦੋਵੇਂ ਵਾਰ ਉਸ ਨੇ ਓਲੰਪਿਕ ਤੇ ਵਿਸ਼ਵ ਰਿਕਾਰਡ ਨਵਿਆਏ। ਉਦੋਂ ਤਕ ਉਸ ਤੋਂ ਬਿਨਾਂ ਕਿਸੇ ਹੋਰ ਦੌੜਾਕ ਨੇ ਓਲੰਪਿਕ ਖੇਡਾਂ ਦੀ ਮੈਰਾਥਨ ਦੋ ਵਾਰ ਨਹੀਂ ਸੀ ਜਿੱਤੀ। ਪਰ ਕੁਦਰਤ ਦਾ ਭਾਣਾ ਵੇਖੋ, ਜਦੋਂ ਉਹ ਮੈਕਸੀਕੋ ਓਲੰਪਿਕ-1968 ਦੀਆਂ ਤਿਆਰੀਆਂ `ਚ ਲੱਗਾ ਹੋਇਆ ਸੀ ਤਾਂ ਕਾਰ ਹਾਦਸੇ ਵਿਚ ਉਹਦਾ ਲੱਕੋਂ ਹੇਠਲਾ ਧੜ ਕੁਚਲਿਆ ਗਿਆ। ਜਿਹੜੀਆਂ ਲੱਤਾਂ ਨਾਲ ਉਹ ਲੱਖ ਮੀਲ ਤੋਂ ਵੀ ਵੱਧ ਦੌੜਿਆ ਸੀ ਉਨ੍ਹਾਂ ਨੂੰ ਨਕਾਰਾ ਹੋਈਆਂ ਵੇਖ ਉਹ ਬਹੁਤਾ ਚਿਰ ਜਿਊਂਦਾ ਨਾ ਰਹਿ ਸਕਿਆ ਤੇ 41 ਸਾਲ ਦੀ ਉਮਰੇ ਪਰਲੋਕ ਸਿਧਾਰ ਗਿਆ!
ਉਹਦਾ ਜਨਮ 7 ਅਗਸਤ 1932 ਨੂੰ ਜੱਤੋ, ਜ਼ਿਲ੍ਹਾ ਸ਼ੇਵਾ ਵਿਚ ਇਕ ਆਜੜੀ ਦੇਮਿੱਸੀ ਦੇ ਘਰ ਬੁਦਿਨੇਸ਼ ਬੇਨੇਬਰੂ ਦੀ ਕੁੱਖੋਂ ਹੋਇਆ ਸੀ। ਦੇਮਿੱਸੀ, ਬੁਦਿਨੇਸ਼ ਦਾ ਦੂਜਾ ਪਤੀ ਸੀ। ਇਸ ਨੂੰ ਮੌਕਾ ਮੇਲ ਕਹੋ ਜਾਂ ਕੁਝ ਹੋਰ ਕਿ ਜਿੱਦਣ ਅਬੇਬੇ ਦਾ ਜਨਮ ਹੋਇਆ ਉੱਦਣ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ-1932 ਵਿਚ ਮੈਰਾਥਨ ਦੌੜ ਲੱਗ ਰਹੀ ਸੀ। ਉਦੋਂ ਕੀ ਪਤਾ ਸੀ ਕਿ ਉਸੇ ਦਿਨ ਇਥੋਪੀਆ ਦੇ ਇਕ ਗਰੀਬੜੇ ਘਰ `ਚ ਜਨਮ ਲੈਣ ਵਾਲਾ ਬੱਚਾ ਵੱਡਾ ਹੋ ਕੇ ਇਕ ਵਾਰ ਨਹੀਂ ਬਲਕਿ ਦੋ ਵਾਰ ਮੈਰਾਥਨ ਦੌੜ ਦਾ ਓਲੰਪਿਕ ਚੈਂਪੀਅਨ ਬਣੇਗਾ ਤੇ ਨੰਗੇ ਪੈਰਾਂ ਨਾਲ ਦੌੜਦਾ ਨਵਾਂ ਵਿਸ਼ਵ ਰਿਕਾਰਡ ਰੱਖੇਗਾ!
1935-37 ਦੀ ਇਟਾਲੋ-ਇਥੋਪੀਅਨ ਜੰਗ ਦੌਰਾਨ ਅਬੇਬੇ ਦੇ ਪਰਿਵਾਰ ਨੂੰ ਇਕ ਉਜਾੜ ਪਿੰਡ ਗੋਰੋ ਜਾਣਾ ਪੈ ਗਿਆ ਸੀ। ਜੰਗ ਦੌਰਾਨ ਮਾਂ ਬਾਪ ਦਾ ਤਲਾਕ ਹੋ ਗਿਆ। ਮਾਂ ਅਬੇਬੇ ਨੂੰ ਵਾਪਸ ਜੱਤੋ ਲੈ ਆਈ। ਉਥੇ ਉਨ੍ਹਾਂ ਦਾ ਛੋਟਾ ਜਿਹਾ ਫਾਰਮ ਸੀ। ਅਬੇਬੇ ਉਥੋਂ ਦੀਆਂ ਦੇਸੀ ਖੇਡਾਂ ਜੇਨਾ ਤੇ ਟੋਲੇ ਮਾਰਵੀਂ ਹਾਕੀ ਖੇਡਣ ਲੱਗਾ। 1952 ਵਿਚ ਉਹ ਇੰਪੀਰੀਅਲ ਗਾਰਡ ਦੀ ਪੰਜਵੀਂ ਇਨਫੈਂਟਰੀ ਰਜਮੈਂਟ ਵਿਚ ਭਰਤੀ ਹੋ ਗਿਆ। ਉਥੇ ਉਸ ਨੂੰ ਲੰਮੀਆਂ ਦੌੜਾਂ ਦੌੜਨ ਦੀ ਚੇਟਕ ਲੱਗ ਗਈ। ਉਹ ਸਲੂਟਾ ਦੀਆਂ ਪਹਾੜੀਆਂ `ਤੇ ਹਰ ਰੋਜ਼ ਵੀਹ ਕਿਲੋਮੀਟਰ ਦੌੜਨ ਦੀ ਪ੍ਰੈਕਟਿਸ ਕਰਦਾ। ਸਵੀਡਨ ਦਾ ਓਨੀ ਨਿਸਕਾਨਿਨ ਉਸ ਦਾ ਕੋਚ ਬਣ ਗਿਆ। 1956 ਵਿਚ ਉਹ ਇਥੋਪੀਆ ਦੇ ਹਥਿਆਰਬੰਦ ਦਲਾਂ ਦੀ ਮੈਰਾਥਨ ਦੌੜ `ਚ ਦੋਮ ਆਇਆ। 16 ਮਾਰਚ 1960 ਨੂੰ ਉਸ ਦੀ ਸ਼ਾਦੀ 15 ਸਾਲ ਦੀ ਯਵੇਬਦਰ ਵੋਲਡੇ ਨਾਲ ਹੋਈ ਜੋ ਅਖ਼ੀਰ ਤਕ ਨਿਭੀ। ਉਨ੍ਹਾਂ ਦੇ ਤਿੰਨ ਪੁੱਤਰ ਹਨ ਤੇ ਇਕ ਧੀ।
ਅਬੇਬੇ ਦਾ ਕੱਦ 1.77 ਮੀਟਰ ਤੇ ਵਜ਼ਨ 57 ਕਿਲੋਗਰਾਮ ਸੀ। ਓਲੰਪਿਕ ਖੇਡਾਂ ਤਕ ਪੁੱਜਣ ਲਈ ਨੰਗੇ ਪੈਰੀਂ ਦੌੜਦਾ ਉਹ ਪਤਾ ਨਹੀਂ ਕਿੰਨੀ ਵਾਰ ਹਫ਼ ਕੇ ਡਿੱਗਿਆ ਹੋਵੇਗਾ, ਬੇਹੋਸ਼ ਹੋਇਆ ਹੋਵੇਗਾ ਤੇ ਉੱਠ ਕੇ ਮੁੜ ਦੌੜਿਆ ਹੋਵੇਗਾ? ਅੰਦਾਜ਼ਾ ਲਾਉਣ ਵਾਲਿਆਂ ਦਾ ਅਨੁਮਾਨ ਹੈ ਕਿ ਉਹ ਘੱਟੋ-ਘੱਟ ਸਵਾ ਲੱਖ ਮੀਲ ਤਾਂ ਦੌੜਿਆ ਹੀ ਹੋਵੇਗਾ। ਮੈਰਾਥਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਹੂ ਪੀਣੀ ਦੌੜ ਹੈ। ਤਦੇ ਮੈਰਾਥਨ ਦੌੜਾਕਾਂ ਦੇ ਜੁੱਸੇ ਮਾੜਚੂ ਜਿਹੇ ਹੁੰਦੇ ਹਨ। ਦੌੜਦੇ ਹੋਏ ਉਹ ਹਰ ਪਲ ਘਾਇਲ ਹੁੰਦੇ ਹਨ ਪਰ ਉਨ੍ਹਾਂ ਦਾ ਸਿਰੜ ਉਨ੍ਹਾਂ ਨੂੰ ਰੁਕਣ ਨਹੀਂ ਦਿੰਦਾ। ਬੇਸ਼ਕ ਅਬੇਬੇ ਬਕੀਲਾ ਅਧਖੜ ਉਮਰ `ਚ ਗੁਜ਼ਰ ਗਿਆ ਫਿਰ ਵੀ ਲੱਖਾਂ ਦੌੜਾਕ ਮੈਰਾਥਨ ਦੌੜਾਂ ਦੌੜਦੇ ਹੋਏ ਬਾਬਾ ਫੌਜਾ ਸਿੰਘ ਵਾਂਗ ਲੰਮੀਆਂ ਉਮਰਾਂ ਜਿਉਂਦੇ ਹਨ। ਵੇਖ ਲਓ 1910 ਦਾ ਜੰਮਿਆ ਬਾਬਾ ਫੌਜਾ ਸਿੰਘ ਅਜੇ ਵੀ ਜਿਉਂ ਰਿਹੈ। ਅਬੇਬੇ ਬਕੀਲਾ ਦੀ ਬਦਕਿਸਮਤੀ ਸੀ ਜੋ ਹਾਦਸੇ ਕਾਰਨ ਕੇਵਲ 41 ਸਾਲ ਹੀ ਜਿਉਂਦਾ ਰਹਿ ਸਕਿਆ। ਉਸ ਦੀ ਮੌਤ 25 ਅਕਤੂਬਰ 1973 ਨੂੰ ਹੋਈ। ਖੇਡ ਜਗਤ ਉਸ ਨੂੰ ਅਮਰ ਮੈਰਾਥਨ ਰਨਰ ਵਜੋਂ ਯਾਦ ਕਰਦਾ ਰਹੇਗਾ।
ਜੁਲਾਈ 1960 ਵਿਚ ਅਬੇਬੇ ਨੇ ਅਦੀਸ ਅਬਾਬਾ ਦੀ ਮੈਰਾਥਨ ਜਿੱਤ ਕੇ ਪਹਿਲੀ ਵੱਡੀ ਸਫਲਤਾ ਹਾਸਲ ਕੀਤੀ। ਇਕ ਮਹੀਨੇ ਬਾਅਦ ਉਸ ਨੇ ਮੈਰਾਥਨ ਦੌੜ 2 ਘੰਟੇ 21:23 ਮਿੰਟ ਵਿਚ ਲਾ ਕੇ ਐਮਿਲ ਜ਼ੈਟੋਪਿਕ ਦਾ ਓਲੰਪਿਕ ਰਿਕਾਰਡ ਮਾਤ ਪਾ ਦਿੱਤਾ। ਰੋਮ ਦੀਆਂ ਓਲੰਪਿਕ ਖੇਡਾਂ-1960 ਦੀ ਮੈਰਾਥਨ ਦੌੜ 10 ਸਤੰਬਰ ਨੂੰ ਦੌੜੀ ਜਾਣੀ ਸੀ। ਅਬੇਬੇ ਰੋਮ ਪੁੱਜਾ ਤੇ ਦੌੜਨ ਵਾਲੇ ਨਵੇਂ ਬੂਟ ਖਰੀਦੇ। ਜਦ ਉਹ ਬੂਟ ਪਾ ਕੇ ਦੌੜਨ ਲੱਗਾ ਤਾਂ ਬੂਟ ਫਿੱਟ ਨਾ ਬੈਠੇ ਜਿਨ੍ਹਾਂ ਨਾਲ ਉਸ ਦੇ ਪੈਰਾਂ `ਤੇ ਛਾਲੇ ਹੋ ਗਏ। ਤਦੇ ਉਸ ਨੇ ਫੈਸਲਾ ਕਰ ਲਿਆ ਕਿ ਮੈਂ ਨੰਗੇ ਪੈਰੀਂ ਦੌੜਾਂਗਾ। ਰੋਮ ਵਿਚ ਉਨ੍ਹੀਂ ਦਿਨੀਂ ਗਰਮੀ ਬਹੁਤ ਸੀ। ਇਸ ਲਈ ਦੌੜ ਸ਼ਾਮ ਨੂੰ ਸ਼ੁਰੂ ਕੀਤੀ ਗਈ ਜੋ ਹਨ੍ਹੇਰੇ ਪਏ ਮੁੱਕੀ।
ਪਹਿਲੇ 5 ਕਿਲੋਮੀਟਰ ਤੋ 20ਵੇਂ ਕਿਲੋਮੀਟਰ ਤਕ ਦੌੜਾਕ ਅੱਗੇ ਪਿੱਛੇ ਦੌੜਦੇ ਰਹੇ। 25ਵੇਂ ਕਿਲੋਮੀਟਰ ਤੋਂ ਅਬੇਬੇ ਤੇ ਅਬਦੇਸਲਾਮ ਹੋਰਨਾਂ ਤੋਂ ਅੱਗੇ ਨਿਕਲ ਗਏ। ਉਹ ਅਖ਼ੀਰਲੇ 500 ਮੀਟਰਾਂ ਤਕ ਬਰਾਬਰ ਦੌੜਦੇ ਰਹੇ। ਰੋਮ ਦੀ ਗਰਮੀ ਨਾਲ ਤਪਦੀਆਂ ਸੜਕਾਂ `ਤੇ ਨੰਗੇ ਪੈਰੀਂ ਦੌੜਦਿਆਂ ਅਬੇਬੇ ਦੇ ਪੈਰਾਂ `ਤੇ ਛਾਲੇ ਉਭਰ ਆਏ। ਤਦ ਤਕ ਹਨ੍ਹੇਰਾ ਉੱਤਰ ਆਇਆ ਸੀ ਜਿਸ ਕਰਕੇ ਬੈਟਰੀਆਂ ਦੇ ਚਾਨਣ ਵਿਚ ਦੌੜ ਜਾਰੀ ਰਹੀ। ਆਖ਼ਰੀ 500 ਮੀਟਰ ਦੀ ਦੌੜ ਅਬੇਬੇ ਬਕੀਲਾ ਨੇ ਏਨੀ ਤੇਜ਼ ਲਾਈ ਕਿ ਅਬਦੇਸਲਾਮ ਨੂੰ ਕਾਫੀ ਪਿੱਛੇ ਛੱਡ ਗਿਆ। ਅਬੇਬੇ ਦੀ ਦੌੜ ਦਾ ਸਮਾਂ 2:15:41.6 ਨਿਕਲਿਆ ਜਦ ਕਿ ਅਬਦੇਸਲਾਮ ਦਾ 2:15:41.6 ਸਕਿੰਟ। ਦੌੜ ਪੂਰੀ ਕਰਨ ਪਿੱਛੋਂ ਅਬੇਬੇ ਨੇ ਆਪਣੇ ਪੈਰ ਛੂਹੇ ਤੇ ਆਖਿਆ ਕਿ ਅਜੇ ਉਹ 10-15 ਕਿਲੋਮੀਟਰ ਹੋਰ ਵੀ ਦੌੜ ਸਕਦੈ! ਫੋਟੋਕਾਰਾਂ ਨੇ ਉਹਦੇ ਪੈਰਾਂ ਦੀਆਂ ਫੋਟੋਆਂ ਖਿੱਚੀਆਂ ਜਿਨ੍ਹਾਂ ਦੀਆਂ ਤਲ਼ੀਆਂ `ਤੇ ਰੱਟਣ ਪਏ ਤੇ ਛਾਲੇ ਉਭਰੇ ਹੋਏ ਸਨ। ਪੈਰਾਂ `ਤੇ ਭਾਵੇਂ ਛਾਲੇ ਸਨ ਪਰ ਮੂੰਹ `ਤੇ ਜਿੱਤ ਦੀਆਂ ਮੁਸਕਰਾਹਟਾਂ ਖਿੜੀਆਂ ਰਹੀਆਂ। ਇਥੋਪੀਆ ਦਾ ਗਰੀਬ ਤੇ ਗੁੰਮਨਾਮ ਦੌੜਾਕ ਰਾਤੋ ਰਾਤ ਕੁਲ ਦੁਨੀਆਂ `ਚ ਮਸ਼ਹੂਰ ਹੋ ਗਿਆ।
ਏਡੀ ਵੱਡੀ ਜਿੱਤ ਨਾਲ ਅਬੇਬੇ ਨੂੰ ਸੋਲਜਰ ਤੋਂ ਕਾਰਪੋਰਲ ਬਣਾ ਦਿੱਤਾ ਗਿਆ। ਇਥੋਪੀਆ ਦੇ ਸ਼ਹਿਨਸ਼ਾਹ ਨੇ ਉਸ ਨੂੰ ‘ਸਟਾਰ ਆਫ ਇਥੋਪੀਆ’ ਦਾ ਸਨਮਾਨ ਦਿੱਤਾ। ਉਸ ਨੂੰ ਥਾਓਂ ਥਾਈਂ ਸਲਾਮੀਆਂ ਮਿਲਣ ਲੱਗੀਆਂ। ਉਹਦੀ ਜਿੱਤ ਦੇ ਜਲੂਸ ਕੱਢੇ ਗਏ ਤੇ ਜਸ਼ਨ ਮਨਾਏ ਗਏ। ਨੰਗੇ ਪੈਰਾਂ ਨਾਲ ਦੌੜਨ ਵਾਲੇ ਨਾਇਕ ਨੂੰ ਡਰਾਈਵਰ ਸਮੇਤ ਵੱਡੀ ਵੈਨ ਦਿੱਤੀ ਗਈ। ਡਰਾਈਵਰ ਇਸ ਲਈ ਦਿੱਤਾ ਕਿ ਉਹ ਅਜੇ ਕਾਰ ਚਲਾਉਣੀ ਨਹੀਂ ਸੀ ਜਾਣਦਾ। ਉਹ ਅਦੀਸ ਅਬਾਬਾ ਦੀ ਪਹਿਲੀ ਮੈਰਾਥਨ ਦੌੜ `ਚ ਦੂਜੀ ਥਾਂ ਰਿਹਾ ਸੀ, ਪਰ ਪਿੱਛੋਂ ਲਗਾਤਾਰ ਬਾਰਾਂ ਮੈਰਾਥਨਾਂ ਜਿੱਤਿਆ। 13 ਦਸੰਬਰ 1960 ਨੂੰ ਇਥੋਪੀਆ ਵਿਚ ਰਾਜ ਪਲਟੇ ਦਾ ਹਮਲਾ ਹੋਇਆ ਤੇ ਅਦੀਸ ਅਬਾਬਾ ਦੇ ਮਹਿਲਾਂ ਵਿਚ ਗੋਲੀਬਾਰੀ ਸ਼ੁਰੂ ਹੋ ਗਈ। ਕਈ ਗਾਰਡ ਮਾਰੇ ਗਏ ਪਰ ਅਬੇਬੇ ਬਕੀਲਾ ਬਚ ਗਿਆ ਜਿਸ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਪਿੱਛੋਂ ਛੱਡ ਦਿੱਤਾ ਗਿਆ।
1961 ਵਿਚ ਏਥਨਜ਼ ਦੀ ਕਲਾਸੀਕਲ ਮੈਰਾਥਨ ਉਸ ਨੇ ਫਿਰ ਨੰਗੇ ਪੈਰੀਂ ਦੌੜਦਿਆਂ ਜਿੱਤੀ। ਉਸੇ ਸਾਲ ਉਸ ਨੇ ਜਪਾਨ ਵਿਚ ਉਸਾਕਾ ਤੇ ਕੋਸੀ ਦੀਆਂ ਮੈਰਾਥਨਾਂ ਜਿੱਤੀਆਂ। ਜਪਾਨ ਦੀ ਸ਼ੂਅ ਕੰਪਨੀ ਓਨਿਟਸੂਕਾ ਟਾਈਗਰ ਨੇ ਉਸ ਨੂੰ ਆਪਣੇ ਬੂਟ ਪਹਿਨਾਉਣ ਦੀ ਪੇਸ਼ਕਸ਼ ਕੀਤੀ ਜੋ ਉਹਦੇ ਕੋਚ ਨੇ ਠੁਕਰਾ ਦਿੱਤੀ। ਪਰ ਪਿਓਮਾ ਸ਼ੂਅ ਵਾਲੇ ਕਾਮਯਾਬ ਹੋ ਗਏ। ਉਹਦੇ ਪਹਿਨੇ ਪਿਓਮਾ ਬੂਟਾਂ ਨਾਲ ਕੰਪਨੀ ਦੇ ਬੂਟ ਧੜਾਧੜ ਵਿਕਣ ਲੱਗੇ। 1963 ਵਿਚ ਉਹ ਬੋਸਟਨ ਦੀ ਜਗਤ ਪ੍ਰਸਿੱਧ ਮੈਰਾਥਨ ਦੌੜਿਆ ਜਿਸ ਵਿਚ ਪੰਜਵੇਂ ਸਥਾਨ `ਤੇ ਰਿਹਾ ਪਰ 1964 ਵਿਚ ਅਦੀਸ ਅਬਾਬਾ ਦੀ ਮੈਰਾਥਨ 2:23:14.4 ਵਿਚ ਜਿੱਤ ਗਿਆ।
ਫਿਰ 1964 ਦੀਆਂ ਓਲੰਪਿਕ ਖੇਡਾਂ ਆ ਗਈਆਂ ਜੋ ਟੋਕੀਓ `ਚ ਹੋਣੀਆਂ ਸਨ। ਖੇਡਾਂ ਸ਼ੁਰੂ ਹੋਣ ਤੋਂ 40 ਦਿਨ ਪਹਿਲਾਂ ਪ੍ਰੈਕਟਿਸ ਦੌਰਾਨ ਅਬੇਬੇ ਦੇ ਪੇਟ ਵਿਚ ਸਖਤ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਨਾਲ ਉਹਦਾ ਖੇਡਾਂ `ਚ ਭਾਗ ਲੈਣਾ ਖ਼ਤਰੇ `ਚ ਪੈ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਪਤਾ ਲੱਗਾ ਕਿ ਅਪੈਂਡੇਸਾਈਟਸ ਹੈ। ਹਸਪਤਾਲ ਤੋਂ ਹਫ਼ਤੇ ਬਾਅਦ ਛੁੱਟੀ ਮਿਲੀ ਤਾਂ ਖੇਡਾਂ ਸ਼ੁਰੂ ਹੋਣ `ਚ ਥੋੜ੍ਹੇ ਦਿਨ ਹੀ ਬਾਕੀ ਸਨ। ਲੱਗਦਾ ਨਹੀਂ ਸੀ ਕਿ ਉਹ ਰੋਮ ਵਰਗੀ ਕਾਰਗੁਜ਼ਾਰੀ ਵਿਖਾ ਸਕੇਗਾ।
21 ਅਕਤੂਬਰ ਨੂੰ ਮੈਰਾਥਨ ਦੌੜ ਲੱਗਣੀ ਸੀ। ਐਤਕੀਂ ਨੰਗੇ ਪੈਰਾਂ ਦੀ ਥਾਂ ਉਹ ਪਿਓਮਾ ਦਾ ਜੋੜਾ ਪਹਿਨ ਕੇ ਲਾਈਨ ਉਤੇ ਜਾ ਖੜ੍ਹਾ ਹੋਇਆ। 10 ਕਿਲੋਮੀਟਰ ਉਹ ਇਕ ਟੋਲੀ ਮਗਰ ਦੌੜਿਆ। ਫਿਰ ਉਸ ਨੇ ਕਦਮ ਹੋਰ ਤੇਜ਼ ਕੀਤੇ ਤੇ 15 ਕਿਲੋਮੀਟਰ ਦੇ ਨਿਸ਼ਾਨ `ਤੇ ਤੀਜੇ ਥਾਂ ਪਹੁੰਚ ਗਿਆ। 20ਵੇਂ ਕਿਲੋਮੀਟਰ ਦੇ ਨਿਸ਼ਾਨ `ਤੇ ਉਹ ਮੂਹਰਲੇ ਦੋਹਾਂ ਦੇ ਬਰਾਬਰ ਜਾ ਚੜ੍ਹਿਆ। 40 ਕਿਲੋਮੀਟਰ ਦੇ ਨਿਸ਼ਾਨ ਤੱਕ ਪੁੱਜਦਿਆਂ ਉਹ ਸਭ ਤੋਂ ਮੂਹਰੇ ਦੌੜਦਾ ਕਾਫੀ ਲੀਡ ਲੈ ਗਿਆ। ਸਟੇਡੀਅਮ `ਚ ਪੁੱਜਣ ਸਮੇਂ ਉਹ ਇਕੱਲਾ ਸੀ, ਬਾਕੀ ਦੌੜਾਕ ਕਾਫੀ ਪਿੱਛੇ ਸਨ। 75000 ਦਰਸ਼ਕ ਉਸ ਨੂੰ ਹੱਲਾਸ਼ੇਰੀ ਦਿੰਦੇ ਤਾੜੀਆਂ ਮਾਰਨ ਲੱਗੇ। ਉਹ ਹੋਰ ਤੇਜ਼ ਦੌੜਨ ਲੱਗਾ ਤੇ 42.195 ਕਿਲੋਮੀਟਰ ਦੀ ਮੈਰਾਥਨ 2 ਘੰਟੇ 12 ਮਿੰਟ 11.2 ਸੈਕੰਡ ਵਿਚ ਪੂਰੀ ਕਰ ਕੇ ਨਵਾਂ ਓਲੰਪਿਕ ਤੇ ਨਵਾਂ ਵਿਸ਼ਵ ਰਿਕਾਰਡ ਰੱਖ ਗਿਆ। ਦੂਜੇ ਨੰਬਰ `ਤੇ ਆਉਣ ਵਾਲਾ ਦੌੜਾਕ ਉਸ ਤੋਂ 4 ਮਿੰਟ 8 ਸੈਕਿੰਡ ਪਿੱਛੋਂ ਪਹੁੰਚਿਆ ਤਾਂ ਅਬੇਬੇ ਬਕੀਲਾ ਜੇਤੂ ਗੇੜੀ ਲਾ ਰਿਹਾ ਸੀ ਤੇ ਆਪਣੇ ਪੈਰ ਛੋਂਹਦਾ ਰਿਲੈਕਸ ਹੋ ਰਿਹਾ ਸੀ। ਉਹ ਓਲੰਪਿਕ ਖੇਡਾਂ ਦੇ ਇਤਿਹਾਸ `ਚ ਪਹਿਲਾ ਦੌੜਾਕ ਬਣ ਗਿਆ ਸੀ ਜਿਸ ਨੇ ਉੱਤੋੜੁਤੀ ਦੋ ਵਾਰ ਮੈਰਾਥਨ ਦੌੜਾਂ ਜਿੱਤ ਲਈਆਂ ਸਨ ਤੇ ਉਹ ਵੀ ਵਿਸ਼ਵ ਰਿਕਾਰਡਾਂ ਨਾਲ। ਦੇਸ਼ ਵਾਪਸੀ `ਤੇ ਉਹਦਾ ਸ਼ਾਹੀ ਸਵਾਗਤ ਹੋਇਆ ਤੇ ਉਸ ਨੂੰ ਸ਼ਹਿਨਸ਼ਾਹ ਦੇ ਸੁਰੱਖਿਆ ਦਸਤੇ ਵਿਚ ਸ਼ੈਂਬਲ ਯਾਨੀ ਕੈਪਟਨ ਬਣਾ ਦਿੱਤਾ ਗਿਆ।
1965 ਵਿਚ ਉਹ ਨਿਊ ਯਾਰਕ ਦੇ ਵਿਸ਼ਵ ਮੇਲੇ ਵਿਚ ਮਹਿਮਾਨ ਬਣ ਕੇ ਪਹੁੰਚਾ ਤੇ ਜਪਾਨ ਵਿਚ ਮੈਨਚੀ ਮੈਰਾਥਨ ਜਿੱਤੀ। 1966 ਵਿਚ ਉਹ ਲਗਾਤਾਰ ਮੈਰਾਥਨਾਂ ਦੌੜਦਾ ਰਿਹਾ। ਜੁਲਾਈ 1967 ਵਿਚ ਮੈਰਾਥਨ ਲਾਉਂਦਿਆਂ ਉਹਦਾ ਹੈਮਸਟਰਿੰਗ (ਪੱਠਾ) ਖਿੱਚਿਆ ਗਿਆ। ਇਹ ਸੱਟ ਉਸ ਨੂੰ ਸਦਾ ਲਈ ਲੈ ਬੈਠੀ। 1966 ਵਿਚ ਸਿਓਲ `ਚ ਲਾਈ ਇੰਚਓਨ ਦੀ ਮੈਰਾਥਨ ਉਸ ਦੀ ਆਖ਼ਰੀ ਮੈਰਾਥਨ ਰਹੀ। ਉਹਦਾ 1968 ਦੀਆਂ ਓਲੰਪਿਕ ਖੇਡਾਂ ਵਿਚ ਕੁਝ ਹੋਰ ਕਰ ਵਿਖਾਉਣ ਦਾ ਸੁਪਨਾ ਅਧੂਰਾ ਹੀ ਰਿਹਾ।
22 ਮਾਰਚ 1969 ਦੀ ਰਾਤ ਨੂੰ ਕਾਰ ਹਾਦਸੇ ਵਿਚ ਉਹ ਅਪਾਹਜ ਹੋ ਗਿਆ। ਇੰਗਲੈਂਡ ਤੋਂ ਕਰਾਏ ਇਲਾਜ ਨਾਲ ਉਹਦੇ ਸਰੀਰ ਦਾ ਉਪਰਲਾ ਹਿੱਸਾ ਹੀ ਹਰਕਤ ਕਰਨ ਜੋਗਾ ਰਹਿ ਗਿਆ। ਹਜ਼ਾਰਾਂ ਮੀਲ ਦੌੜਨ ਵਾਲੀਆਂ ਲੱਤਾਂ ਇਕ ਕਦਮ ਵੀ ਪੁੱਟਣ ਜੋਗੀਆਂ ਨਾ ਰਹੀਆਂ। ਇੰਗਲੈਂਡੋ ਕਰਾਏ ਇਲਾਜ ਨਾਲ ਉਹ ਬੈਠਾ ਬੈਠਾ ਤੀਰ ਅੰਦਾਜ਼ੀ ਤੇ ਟੇਬਲ ਟੈਨਿਸ ਖੇਡਣ ਦੇ ਕਾਬਲ ਜ਼ਰੂਰ ਹੋਇਆ ਅਤੇ 1970 ਵਿਚ ਲੰਡਨ ਦੀਆਂ ਸਟੋਕ ਮੈਂਡੇਵਿੱਲ ਗੇਮਜ਼ ਵਿਚ ਹਿੱਸਾ ਲੈ ਸਕਿਆ। ਉਸ ਨੇ 1971 ਵਿਚ ਵੀ ਦੋਹਾਂ ਖੇਡਾਂ ਵਿਚ ਭਾਗ ਲਿਆ। ਮਿੳਨਿਖ-1972 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਜਿਥੇ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ।
ਆਖ਼ਰ 25 ਅਕਤੂਬਰ 1973 ਨੂੰ ਉਹ ਵਸਦੀ ਰਸਦੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜਿੱਦਣ ਉਸ ਦਾ ਫਿਊਨਰਲ ਹੋਇਆ ਉੱਦਣ ਇਥੋਪੀਆ `ਚ ਕੌਮੀ ਸੋਗ ਦਿਵਸ ਮਨਾਇਆ ਗਿਆ। ਇਥੋਪੀਆ ਦੇ ਸ਼ਹਿਨਸ਼ਾਹ ਹੈਲੀ ਸੇਲਾਸੀ ਸਣੇ 65000 ਸੋਗਵਾਰ ਉਹਦੇ ਸਸਕਾਰ `ਚ ਸ਼ਾਮਲ ਹੋਏ। ਸ਼ਾਹੀ ਤੋਪਾਂ ਨੇ ਗਰਜ ਕੇ ਸਲਾਮੀ ਦਿੱਤੀ। ਉਹਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤੀ ਗਈ, ਨੈਸ਼ਨਲ ਸਟੇਡੀਅਮ, ਪੁਲ, ਸਕੂਲਾਂ ਤੇ ਹੋਰ ਯਾਦਗਾਰੀ ਸਥਾਨਾਂ ਨਾਲ ਅਬੇਬੇ ਬਕੀਲਾ ਦਾ ਨਾਂ ਜੋੜਿਆ ਗਿਆ। ਹਾਲ ਆਫ ਫੇਮ ਵਿਚ ਉਹਦਾ ਨਾਂ ਸਥਾਪਿਤ ਕੀਤਾ ਗਿਆ। ਉਹਦੇ ਬਾਰੇ ਫਿਲਮਾਂ ਬਣੀਆਂ, ਜੀਵਨੀਆਂ ਲਿਖੀਆਂ ਗਈਆਂ ਤੇ ਉਹਦੇ ਨਾਂ `ਤੇ ਮੈਰਾਥਨ ਦੌੜਾਂ ਲਾਈਆਂ ਜਾ ਰਹੀਆਂ ਹਨ। 21 ਮਾਰਚ 2010 ਨੂੰ ਉਹਦੀ 50ਵੀਂ ਬਰਸੀ `ਤੇ ਰੋਮ ਵਿਚ ਮੈਰਾਥਨ ਦੌੜ ਲਵਾਈ ਗਈ। ਉਸ ਵਿਚ ਜੇਤੂ ਇਥੋਪੀਆ ਦਾ ਹੀ ਸਿਰਾਜ ਜੇਨਾ ਰਿਹਾ। ਅਬੇਬੇ ਬਕੀਲਾ ਦੇ ਸਤਿਕਾਰ ਵਿਚ ਉਹ ਮੈਰਾਥਨ ਦੌੜ ਦੇ ਆਖ਼ਰੀ 300 ਮੀਟਰ ਨੰਗੇ ਪੈਰੀਂ ਦੌੜਿਆ।
ਅਬੇਬੇ ਬਕੀਲਾ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਆਪਣੀ ਮੁੰਦਰੀ ਬਾਥਰੂਮ `ਚੋਂ ਚੁੱਕਣੀ ਭੁੱਲ ਗਿਆ ਸੀ। ਉਹ ਜਪਾਨ ਦੀ ਸਫਾਈ ਸੇਵਕਾ ਨੇ ਸੰਭਾਲ ਲਈ ਸੀ। ਸਫਾਈ ਸੇਵਕਾ ਆਪਣੇ ਹੱਥੀਂ ਮੁੰਦਰੀ ਅਬੇਬੇ ਬਕੀਲਾ ਨੂੰ ਵਾਪਸ ਕਰਨਾ ਚਾਹੁੰਦੀ ਸੀ। ਵਿਚਾਰੀ ਅਬੇਬੇ ਨੂੰ ਉਡੀਕਦੀ ਮਰ ਗਈ। ਆਖ਼ਰ ਉਹ ਮੁੰਦਰੀ ਆਪਣੇ ਪਰਿਵਾਰ ਨੂੰ ਫੜਾ ਗਈ ਕਿ ਜਦੋਂ ਵਿਧ ਬਣੇ ਤਾਂ ਅਬੇਬੇ ਦੇ ਪਰਿਵਾਰ ਨੂੰ ਦੇ ਦੇਣੀ। ਦਸੰਬਰ 2019 ਵਿਚ ਜਪਾਨ ਦੇ ਸ਼ਹਿਰ ਕਸਾਮਾ ਸਿਟੀ ਵਿਖੇ ਅਬੇਬੇ ਦੀ ਯਾਦ ਵਿਚ ਕਰਾਈ ਮੈਰਾਥਨ ਦੌੜ ਦੇ ਮੁੱਖ ਮਹਿਮਾਨ ਵਜੋਂ ਉਹਦੇ ਪੁੱਤਰ ਯੇਤਨਾਯੇਤ ਨੂੰ ਸੱਦਿਆ ਗਿਆ। ਉਥੇ ਉਹਦੇ ਪਿਤਾ ਦੀ ਮੁੰਦਰੀ ਉਸ ਨੂੰ ਸੌਂਪੀ ਗਈ ਜਿਸ ਨਾਲ ਜਪਾਨ ਦੀ ਗੁਜ਼ਰ ਚੁੱਕੀ ਸਫਾਈ ਸੇਵਕਾ ਦੇ ਸਿਰੋਂ ਭਾਰ ਲਹਿ ਗਿਆ ਤੇ ਉਹਦੀ ਰੂਹ ਸ਼ਾਂਤ ਹੋ ਗਈ।