ਸਾਹਿਤ ਸਭਿਆਚਾਰ ਦਾ ਵਕਾਲਤੀ ਮੁਲਾਂਕਣ

ਗੁਲਜ਼ਾਰ ਸਿੰਘ ਸੰਧੂ
ਮੁੱਢ ਕਦੀਮੋਂ ਸਾਹਿਤ, ਕਲਾ ਤੇ ਸਭਿਆਚਾਰ ਦਾ ਸਰਕਾਰੇ-ਦਰਬਾਰੇ ਮਾਣ ਸਨਮਾਨ ਹੁੰਦਾ ਆਇਆ ਹੈ| ਰਾਜੇ, ਮਹਾਰਾਜੇ ਤੇ ਉਨ੍ਹਾਂ ਦੀਆਂ ਸਰਕਾਰਾਂ ਵੱਖ-ਵੱਖ ਰੂਪਾਂ ਵਿਚ ਆਪਣੇ ਸਮੇਂ ਦੇ ਕਲਾਕਾਰਾਂ ਦਾ ਸਨਮਾਨ ਕਰਦੀਆਂ ਆਈਆਂ ਹਨ| ਇਕ ਲੋਕ ਬੋਲੀ ਅਨੁਸਾਰ ‘ਹੀਰੇ, ਜਵਾਹਰ, ਮੋਤੀ, ਗੀਟੇ ਜਿਹੇ ਨੇ ਭਾਵੇਂ ਪੈਂਦਾ ਹੈ ਮੁੱਲ ਆਖਿਰ ਉਨ੍ਹਾਂ ਦੀ ਰੋਸ਼ਨੀ ਦਾ|

ਮਾਨਵ ਜਾਤੀ ਮਾਣਕ ਮੋਤੀਆਂ ਨਾਲੋਂ ਕਿਤੇ ਵੱਧ ਉੱਤਮ ਹੈ| ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਸਰਵ ਸ੍ਰੇਸ਼ਠ ਗਿਣੇ ਜਾਂਦੇ ਰਚਨਾਕਾਰਾਂ ਨੂੰ ਨਿਵਾਜਣ ਲਈ ਸੰਗੀਤ, ਨਾਟਕ, ਸਾਹਿਤ ਤੇ ਲਲਿਤ ਕਲਾ ਅਕਾਡਮੀਆਂ ਸਥਾਪਤ ਕੀਤੀਆਂ| ਰਾਜ ਸਰਕਾਰਾਂ ਨੇ ਵੀ ਇਨ੍ਹਾਂ ਕਲਾਵਾਂ ਦੀ ਨਿਵਾਜਸ਼ ਤੇ ਪ੍ਰਚਾਰ ਪਸਾਰ ਦੇ ਢੰਗ ਲੱਭੇ| ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਉਨ੍ਹਾਂ ਵਿਚੋਂ ਇਕ ਹੈ, ਜਿਹੜਾ ਸਾਹਿਤ ਕਲਾ ਤੇ ਸਭਿਆਚਾਰ ਵਿਚ ਉੱਘਾ ਯੋਗਦਾਨ ਪਾਉਣ ਵਾਲਿਆਂ ਨੂੰ ਸ਼੍ਰੋਮਣੀ ਤੇ ਕਲਾ ਰਤਨ ਗਰਦਾਨ ਕੇ ਹਰ ਸਾਲ ਇਕ ਕਰੋੜ ਰੁਪਏ ਰਾਸ਼ੀ ਪ੍ਰਦਾਨ ਕਰਦਾ ਹੈ|
ਸਰਕਾਰੀ ਕੰਮ ਵਿਚ ਥੋੜ੍ਹੀ ਬਹੁਤ ਤਰੁੱਟੀ ਵੀ ਹੋ ਜਾਂਦੀ ਹੈ| ਇਸ ਵਾਰੀ ਕਿਸੇ ਕਾਰਨ ਵਿਭਾਗ ਨੇ ਇਹ ਫੈਸਲਾ ਕਰਦਿਆਂ ਛੇ ਸਾਲ ਲਾ ਦਿੱਤੇ| ਪਰ ਇਸ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੇ ਪੰਜ ਸਾਲਾਂ ਦੇ ਸਨਮਾਨ ਅਣਗੌਲੇ ਛੱਡ ਦਿੱਤੇ| ਫੈਸਲਾ ਤਾਂ ਲਿਆ ਪਰ ਛੇ ਸਾਲ ਦਾ ਇਕੱਠਾ| ਹੋਇਆ ਸੋ ਹੋਇਆ, ਇਕ ਲੇਖਕ ਵਕੀਲ ਨੇ ਲੁਦੇਹਾਣਾ ਦੀ ਕਚਹਿਰੀ ਵਿਚ ਇਸ ਫੈਸਲੇ ਨੂੰ ਵੰਗਾਰਦਿਆਂ ਇਨ੍ਹਾਂ ਛੇ ਵਰਿ੍ਹਆਂ ਦੇ ਸਨਮਾਨਾਂ ਉੱਤੇ ਰੋਕ ਲਗਵਾ ਦਿੱਤੀ ਜਿਸਦੇ ਨਤੀਜੇ ਵਜੋਂ ਛੇ ਸਾਲ ਦੇ ਸਨਮਾਨ ਦੋ ਵਰ੍ਹੇ ਲਈ ਹੋਰ ਲਟਕ ਗਏ| ਹੋ ਸਕਦਾ ਹੈ ਉਸ ਵਕੀਲ ਨੂੰ ਇਹ ਰੋਸ ਹੋਵੇ ਕਿ ਉਨ੍ਹਾਂ ਛੇ ਸਾਲਾਂ ਵਿਚ ਉਸਨੂੰ ਕਿਉਂ ਨਹੀਂ ਗੌਲਿਆ ਗਿਆ| ਇਹ ਵੀ ਨਹੀਂ ਜਾਪਦਾ ਕਿ ਉਸ ਵਕੀਲ ਦੀ ਵਕਾਲਤ ਉਸਨੂੰ ਲੋੜੀਂਦੀ ਆਮਦਨ ਨਾ ਦਿੰਦੀ ਹੋਵੇ ਤੇ ਉਹ ਏਸ ਤਰ੍ਹਾਂ ਦੇ ਕੇਸ ਕਰ ਕੇ ਕੰਮ ਸਾਰਦਾ ਹੋਵੇ| ਏਨਾ ਜ਼ਰੂਰ ਹੈ ਕਿ ਸਾਰੇ ਜੇਤੂਆਂ ਦੀ ਰਾਸ਼ੀ ਦੋ ਸਾਲ ਸਰਕਾਰੀ ਖਜ਼ਾਨੇ ਵਿਚ ਰੁਕੀ ਰਹੀ ਹੈ| ਇਹ ਰਾਸ਼ੀ ਕੋਈ ਪੌਣੇ ਛੇ ਕਰੋੜ ਰੁਪਏ ਦੇ ਲਗਪਗ ਹੈ ਜਿਸ ਉੱਤੇ ਦੋ ਸਾਲ ਦਾ ਵਿਆਜ ਏਨਾ ਬਣਦਾ ਹੈ ਕਿ ਉਸ ਨਾਲ ਅੱਧੀ ਦਰਜਨ ਕਲਾਕਾਰ ਨਿਵਾਜੇ ਜਾ ਸਕਦੇ ਹਨ| ਉਂਝ ਵੀ ਇਹ ਰਾਸ਼ੀ ਦੋ ਸਾਲ ਉਨ੍ਹਾਂ ਪਾਤਰਾਂ ਦੇ ਕੰਮ ਨਹੀਂ ਆ ਸਕੀ ਜਿਨ੍ਹਾਂ ਨੂੰ ਮਿਲਣੀ ਸੀ|
ਹੋ ਸਕਦਾ ਹੈ ਰੋਕ ਲਗਵਾਉਣ ਵਾਲੇ ਵਕੀਲ ਨੇ ਸੋਚਿਆ ਹੋਵੇ ਕਿ ਏਨੀ ਵੱਡੀ ਰਾਸ਼ੀ ਦਾ ਵਿਆਜ ਪ੍ਰਾਪਤ ਕਰਨ ਵਾਲਾ ਵਿਭਾਗ ਸਬੰਧਤ ਵਕੀਲ ਲੇਖਕ ਨੂੰ ਅਗਲੇ ਸਾਲਾਂ ਵਿਚ ਉਨ੍ਹਾਂ ਅੱਧੀ ਦਰਜਨ ਵਿਅਕਤੀਆਂ ਵਿਚ ਸ਼ਾਮਲ ਕਰ ਲਵੇ ਜਿਨ੍ਹਾਂ ਦਾ ਲਾਭ ਉਹ ਲੈ ਚੁੱਕੀ ਹੈ| ਵਕੀਲ ਭਾਈਚਾਰਾ ਆਪਣੇ ਸਾਥੀ ਦੇ ਇਸ ਪੈਂਤੜੇ ਨੂੰ ਕਿਵੇਂ ਲੈਂਦਾ ਹੈ, ਉਹ ਜਾਨਣ| ਇਨ੍ਹਾਂ ਸਤਰਾਂ ਦਾ ਲੇਖਕ ਤਾਂ ਏਨਾ ਹੀ ਜਾਣਦਾ ਹੈ ਕਿ ਇਨ੍ਹਾਂ ਦੋ ਸਾਲਾਂ ਵਿਚ ਸਰਦੂਲ ਸਿਕੰਦਰ ਤੇ ਹਰਬੀਰ ਭੰਵਰ ਦੋ ਕਲਾਕਾਰ ਅਕਾਲ ਚਲਾਣਾ ਕਰਨ ਕਾਰਨ ਆਪਣਾ ਸਨਮਾਨ ਖੁਦ ਨਹੀਂ ਪ੍ਰਾਪਤ ਕਰ ਸਕਦੇ| ਲੇਖਕ ਵਕੀਲ ਨੇ ਕੀ ਖੱਟੀਆ ਉਹੀਓ ਜਾਣੇ|
ਭਾਵੇਂ ਸਰਕਾਰਾਂ ਤੇ ਸਰਕਾਰੀ ਵਿਭਾਗਾਂ ਨੂੰ ਲੱਖਾਂ ਰੁਪਏ ਦਾ ਕੋਈ ਆਸਰਾ ਨਹੀਂ ਹੁੰਦਾ ਫੇਰ ਵੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਬੰਧਤ ਵਕੀਲ ਲੇਖਕ ਨੂੰ ਉਸਦੀ ਜੁਗਤ ਲਈ ਜ਼ਰੂਰ ਨਿਵਾਜਣ| ਘੱਟੋ ਘਟ ਉਸਦੇ ਧੰਨਵਾਦੀ ਅਵੱਸ਼ ਹੋਣ ਤੇ ਅੱਗੇ ਤੋਂ ਹਰ ਸਾਲ ਦਾ ਫੈਸਲਾ ਉਸੇ ਸਾਲ ਲੈ ਲਿਆ ਕਰਨ| ਕੋਤਾਹੀ ਕੀਤਿਆਂ ਕਿੰਤੂ ਪ੍ਰੰਤੂ ਹੋਣਾ ਕੁਦਰਤੀ ਹੈ|
ਭਾਰਤ ਚੀਨ ਸਬੰਧ 1962 ਤੇ ਹੁਣ
ਚੀਨ ਵਲੋਂ ਜਾਰੀ ਕੀਤੇ ਸੱਜਰੇ ਨਕਸ਼ੇ ਵਿਚ ਇਕ ਵਾਰ ਫੇਰ ਅਰੁਣਾਚਲ ਨੂੰ ਚੀਨ ਦਾ ਹਿੱਸਾ ਵਿਖਾਇਆ ਗਿਆ ਹੈ| ਚੇਤੇ ਰਹੇ ਕਿ 1962 ਵਿਚ ਚੀਨ ਨੇ ਭਾਰਤ ਉੱਤੇ ਹਮਲਾ ਕਰ ਕੇ ਆਪਣੀ ਸੈਨਾ ਨੂੰ ਭਾਰਤ ਦੇ ਧੁਰ ਅੰਦਰ ਤੱਕ ਭੇਜ ਦਿੱਤਾ ਸੀ ਅਤੇ ਅਕਸਾਈ ਚਿਨ ਉਤੇ ਅਜਿਹਾ ਕਬਜ਼ਾ ਕੀਤਾ ਸੀ ਕਿ ਅੱਜ ਤੱਕ ਨਹੀਂ ਛੱਡਿਆ| ਨਕਸ਼ੇ ਦੀ ਗੱਲ ਵੀ ਸਹੀ ਹੀ ਪੁਰਾਣੀ ਹੈ| ਇਸਨੂੰ ਵਿਦੇਸ਼ ਮੰਤਰੀ ਵਾਂਗ ਕਿਹਾ ਬੇਤੁਕਾ ਕਹਿਣਾ ਕਾਫੀ ਨਹੀਂ, ਖਬਰਦਾਰ ਰਹਿਣਾ ਜ਼ਰੂਰੀ ਹੈ| ਉਸਦੀ ਟਿੱਪਣੀ ਤਾਂ 1962 ਦੇ ਕਵੀ ਤਾਰਾ ਚੰਦ ਆਜ਼ਾਦ ਵਰਗੀ ਹੈ, ਜਿਹੜਾ ਚੀਨੀਆਂ ਦੇ ਕੱਦ ਦਾ ਮਜ਼ਾਕ ਉਡਾ ਕੇ ਖ਼ੁਸ਼ ਹੋ ਰਿਹਾ ਸੀ| ਉਹ ਸੀ:
‘ਤੂੰ ਆਪਣੇ ਕੱਦ ਨੂੰ ਮਾਪ ਤੇ ਸਹੀ ਤਾਰਾ ਚੰਦ ਆਜ਼ਾਦ ਦੇ ਕੱਦ ਦੇ ਨਾਲ’ ਉਹ ਨਹੀਂ ਸੀ ਜਾਣਦਾ ਕਿ ਅਜੋਕੀਆਂ ਲੜਾਈਆਂ ਕੱਦਾਂ ਦੀ ਨਹੀਂ ਹਥਿਆਰਾਂ ਦੀ ਮੰਗ ਕਰਦੀਆਂ ਹਨ| ਚੀਨ ਦੇ ਨਕਸ਼ੇ ਨੂੰ ਕੇਵਲ ਬੇਤੁਕਾ ਕਹਿਣਾ ਕਾਫੀ ਨਹੀਂ, ਚੇਤੰਨ ਰਹਿਣ ਦੀ ਲੋੜ ਹੈ|
ਢਾਈ ਸੌ ਰੁਪਏ ਦਾ ਸੋਫਾ ਸੈੱਟ
ਮੈਂ ਲਿਖ ਚੁੱਕਾ ਹਾਂ ਕਿ ਲੰਘੇ ਦਿਨੀਂ ਮੇਰੀ ਤਬੀਅਤ ਠੀਕ ਨਹੀਂ ਰਹੀ| ਮੇਰੀ ਜੀਵਨ ਸਾਥਣ ਨੂੰ ਵੀ ਮੇਰੀ ਦੇਖਭਾਲ ਵਾਸਤੇ ਘਰ ਹੀ ਰਹਿਣਾ ਪਿਆ| ਅੰਤ ਉਸਨੇ ਆਪਣੇ ਆਪ ਲਈ ਇਹ ਰੁਝੇਵਾਂ ਲੱਭਿਆ ਕਿ ਆਪਣੇ ਪੁਰਾਣੇ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ| ਉਨ੍ਹਾਂ ਵਿਚੋਂ ਇਕ 7 ਜੁਲਾਈ 1964 ਦਾ ਬਿੱਲ ਮਿਲਿਆ| ਸਾਡੇ ਵਿਆਹ ਤੋਂ ਦੋ ਸਾਲ ਪਹਿਲਾਂ ਦਾ ਜਦੋਂ ਉਹ ਸੰਧੂ ਨਹੀਂ ਸੀ ਹੋਈ; ਸੁਰਜੀਤ ਪੰਨੂੰ ਵਜੋਂ ਜਾਣੀ ਜਾਂਦੀ ਸੀ| ਇਹ ਬਿੱਲ ਉਸ ਸੋਫਾ ਸੈੱਟ ਦਾ ਹੈ ਜਿਹੜਾ ਉਸਨੇ ਜੁਲਾਈ 1964 ਵਿਚ ਹੌਜ਼ ਖਾਸ ਦਿੱਲੀ ਦੀ ਮੇਨ ਮਾਰਕਿਟ ਵਿਚ ਪੈਂਦੀ ਕੁੱਕੂ ਫਰਨਿਸ਼ਰਜ਼ ਨਾਂ ਦੀ ਦੁਕਾਨ ਤੋਂ ਬਣਵਾਇਆ ਸੀ| ਸੋਫਾ ਸੈੱਟ ਦੀ ਕੀਮਤ 250 ਰੁਪਏ ਲਾਈ ਤੇ ਉਹਦੇ ਲਈ ਵਰਤੇ ਗਏ ਕੱਪੜੇ ਦੀ 11 ਰੁਪਏ 22 ਨਵੇਂ ਪੈਸੇ|
ਮੇਰੀ ਸੁਰਜੀਤ ਨਾਲ ਸ਼ਾਦੀ ਤੋਂ ਪਿੱਛੋਂ ਉਹ ਸੋਫਾ ਸੈੱਟ ਨਵੀਂ ਦਿੱਲੀ ਤੋਂ ਸਾਡੇ ਨਾਲ 29 ਸੈਕਟਰ, ਚੰਡੀਗੜ੍ਹ, ਵਿਚ ਪੈਂਦੀ ਟ੍ਰਿਬਿਊਨ ਕਲੋਨੀ ਪਹੁੰਚਿਆ; ਫੇਰ ਮੇਰੀ ਹੁਣ ਵਾਲੀ ਰਿਹਾਇਸ਼ (1538, ਸੈਕਟਰ 36 ਡੀ, ਚੰਡੀਗੜ੍ਹ) ਵਿਚ ਤੇ ਪਿਛਲੇ ਸਾਲ ਤੋਂ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਕਸਬੇ ਦੀ ਉਸ ਕੁਟੀਆ ਵਿਚ ਜਿੱਥੇ ਅਸੀਂ ਗਰਮੀ ਦੇ ਮੌਸਮ ਵਿਚ ਜਾਂਦੇ ਹਾਂ|
ਇਹ ਬਾਤ ਪਾਉਣ ਦਾ ਭਾਵ ਸੋਫਾ ਸੈੱਟ ਦਾ ਸਫਰਨਾਮਾ ਲਿਖਣਾ ਨਹੀਂ ਸਗੋਂ ਪਿਛਲੇ 60 ਸਾਲ ਵਿਚ ਹੋਈ ਵਸਤਾਂ ਦੀ ਮਹਿੰਗਾਈ ਦਰਸਾਉਣਾ ਹੈ| ਇਹ ਵੀ ਕਿ ਉਦੋਂ ਨਵੇਂ ਪੈਸੇ ਦੀ ਕਿੰਨੀ ਕਦਰ ਸੀ| 250 ਜਾਂ 11 ਰੁਪਏ ਦੀ ਵੁੱਕਤ ਇਕ ਪਾਸੇ ਰਹੀ 22 ਨਵੇਂ ਪੈਸੇ ਵੀ ਅਰਥ ਰਖਦੇ ਸਨ|
ਜੇ 40 ਸਾਲ ਪਹਿਲਾਂ ਦੀ ਸੁਣਨਾ ਚਾਹੁੰਦੇ ਹੋ ਤਾਂ ਮੈਂ ਇਕ ਰੁਪਏ ਦੇ ਨੋਟ ਦੀ ਗੱਲ ਕਰਨੀ ਚਾਹੁੰਦਾ ਹਾਂ, ਜਿਹੜਾ ਉਦੋਂ ਨਵਾਂ ਨਵਾਂ ਹੋਂਦ ਵਿਚ ਆਇਆ| ਮੇਰੇ ਪਿੰਡ ਦੇ ਇਕ ਮੁੰਡੇ ਦੇ ਹੱਥ ਇਕ ਰੁਪਏ ਦਾ ਨੋਟ ਆ ਗਿਆ ਤਾਂ ਉਸ ਨੇ ਇਹ ਨੋਟ ਮਲਮਲ ਦੀ ਕੁੜਤੀ ਦੀ ਛਾਤੀ ਵਾਲੀ ਜੇਬ ਵਿਚ ਪਾ ਕੇ ਇੰਝ ਛਾਤੀ ਚੌੜੀ ਕਰ ਕੇ ਤੁਰਨਾ ਜਿਵੇਂ ਉਹਦੀ ਜੇਬ ਵਿਚ ਵਡਾ ਖਜ਼ਾਨਾ ਹੋਵੇ| ਸੋਚੋ ਤੇ ਵਿਚਾਰੋ|
ਅੰਤਿਕਾ
—ਇਕ ਲੋਕ ਬੋਲੀ—
ਬੋਤਾ ਬੰਨ੍ਹ ਦੇ ਪਿਪਲ ਦੀ ਛਾਵੇਂ
ਮੁੰਨੀਆਂ ਰੰਗੀਨ ਗੱਡੀਆਂ|
ਮੱਥਾ ਟੇਕਦਾ ਅੰਮਾ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨ੍ਹਾਂਗਾ|