ਚੋਣ ਕਲਾਬਾਜ਼ੀਆਂ

ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਨਰਿੰਦਰ ਮੋਦੀ ਦਾ ਗੁਬਾਰਾ ਜਿਹੜਾ ਪਿਛਲੇ ਨੌਂ ਸਾਲਾਂ ਦੌਰਾਨ ਵਾਹਵਾ ਫੁੱਲ ਗਿਆ ਸੀ, ਦੀ ਹਵਾ ਨਿੱਕਲਣੀ ਸ਼ੁਰੂ ਹੋ ਗਈ ਹੈ।

ਮਹਿੰਗਾਈ ਦੇ ਮੁੱਦੇ ਕਾਰਨ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਮੋਦੀ ਸਰਕਾਰ ਨੂੰ ਰਸੋਈ ਗੈਸ ਦੇ ਸਿਲੰਡਰ ਵਿਚ ਸਿੱਧੀ, 200 ਰੁਪਏ ਦੀ ਇਕਲਖਤ ਕਟੌਤੀ ਕਰਨੀ ਪਈ ਹੈ। ਯਾਦ ਰਹੇ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਸਾਲ ਛਤੀਸਗੜ੍ਹ ਤੇ ਮਿਜ਼ੋਰਮ ਅਤੇ ਅਗਲੇ ਸਾਲ ਦੇ ਸ਼ੁਰੂ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਤਿਲੰਗਾਨਾ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚੋਂ ਛਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਤਿਲੰਗਾਨਾ ਦੀਆਂ ਚੋਣਾਂ ਬਹੁਤ ਅਹਿਮੀਅਤ ਰੱਖਦੀਆਂ ਹਨ। ਮੱਧ ਪ੍ਰਦੇਸ਼ ਵਿਚ ਕਾਂਗਰਸ ਵੋਟਰਾਂ ਨਾਲ ਵਾਅਦਾ ਕਰ ਰਹੀ ਹੈ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਬਣਨ ‘ਤੇ ਸਿਲੰਡਰ 500 ਰੁਪਏ ਵਿਚ ਮੁੱਹਈਆ ਕਰਵਾਇਆ ਜਾਵੇਗਾ। ਰਾਜਸਥਾਨ ਜਿੱਥੇ ਕਾਂਗਰਸ ਦੀ ਸਰਕਾਰ ਹੈ, ਵਿਚ ਗਰੀਬਾਂ ਨੂੰ ਗੈਸ ਸਿਲੰਡਰ 500 ਰੁਪਏ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਾਹਿਰ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਹਾਰ ਜਾਣ ਦਾ ਡਰ ਸਤਾ ਰਿਹਾ ਹੈ। ਵਿਰੋਧੀ ਧਿਰ ਨੇ ਰਲ ਕੇ ਜਦੋਂ ‘ਇੰਡੀਆ’ ਨਾਂ ਤਹਿਤ ਆਪਣਾ ਗੱਠਜੋੜ ਕਾਇਮ ਕੀਤਾ ਸੀ, ਉਸ ਵਕਤ ਵੀ ਭਾਰਤੀ ਜਨਤਾ ਪਾਰਟੀ ਦੀ ਬੁਖਲਾਹਟ ਸਾਹਮਣੇ ਆਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਕਰ ਕੇ ਵਿਰੋਧੀ ਧਿਰ ਦੀ ਕਿਸੇ ਨੁਕਤਾਚੀਨੀ ਦਾ ਕਦੇ ਜਵਾਬ ਨਹੀਂ ਦਿੰਦੇ ਪਰ ‘ਇੰਡੀਆ’ ਦੇ ਮਾਮਲੇ ‘ਤੇ ਉਨ੍ਹਾਂ ਨੂੰ ਮੂੰਹ ਖੋਲ੍ਹਣਾ ਪੈ ਗਿਆ ਸੀ। ਹੁਣ ਜਿਸ ਤਰ੍ਹਾਂ ‘ਇੰਡੀਆ’ ਗੱਠਜੋੜ ਅਗਾਂਹ ਵਧ ਰਿਹਾ ਹੈ, ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੇ ਫਿਕਰਾਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੀ ਸਰਪ੍ਰਸਤ ਜਥੇਬੰਦੀ- ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਵੀ ਸਾਫ ਕਹਿ ਚੁੱਕੀ ਹੈ ਕਿ ਅਗਲੀਆਂ ਚੋਣਾਂ ਜਿੱਤਣ ਲਈ ਫਿਰਕੂ ਧਰੁਵੀਕਰਨ ਅਤੇ ਨਰਿੰਦਰ ਮੋਦੀ ਦੇ ਜਾਦੂ ਤੋਂ ਇਲਾਵਾ ਕੁਝ ਹੋਰ ਕਰਨਾ ਪਵੇਗਾ।
ਅਸਲ ਵਿਚ ਭਾਰਤੀ ਜਨਤਾ ਪਾਰਟੀ ਜਿਸ ਕਾਂਗਰਸ ਤੋਂ ਭਾਰਤ ਨੂੰ ਮੁਕਤ ਕਰਵਾਉਣ ਦੇ ਨਾਅਰੇ ਲਗਾ ਰਹੀ ਸੀ, ਉਹੀ ਕਾਂਗਰਸ ਹੁਣ ਇਸ ਲਈ ਚੁਣੌਤੀ ਬਣ ਰਹੀ ਹੈ। ਕਾਂਗਰਸ ਵਿਰੋਧੀ ਧਿਰਾਂ ਨੂੰ ਇਕ ਮੰਚ ‘ਤੇ ਲਿਆਉਣ ਲਈ ਪੂਰਾ ਟਿੱਲ ਲਾ ਰਹੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਾਰਗੁਜ਼ਾਰੀ ਬਿਲਕੁਲ ਵੀ ਚੰਗੀ ਨਹੀਂ ਰਹੀ, ਇਸ ਲਈ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਮੌਕਾ ਨਹੀਂ ਗੁਆਉਣਾ ਚਾਹੁੰਦੀ। ਦੂਜੇ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਪਾਰਟੀ ਲਈ ਚੰਗੀ ਜ਼ਮੀਨ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੂੰ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਪਾਰਟੀ ਦੇ ਅੰਦਰ ਵੀ ਹਾਲਾਤ ਸੰਭਲਣੇ ਸ਼ੁਰੂ ਹੋਏ ਹਨ। ਖੜਗੇ ਨੇ ਹਾਲ ਹੀ ਵਿਚ ਕਾਂਗਰਸ ਵਰਕਿੰਗ ਕਮੇਟੀ ਦਾ ਜਿਹੜਾ ਨਵੇਂ ਸਿਰੇ ਤੋਂ ਗਠਨ ਕੀਤਾ ਹੈ, ਉਸ ਦਾ ਸਿਆਸੀ ਵਿਸ਼ਲੇਸ਼ਕਾਂ ਨੇ ਵਿਸ਼ੇਸ਼ ਨੋਟਿਸ ਲਿਆ ਹੈ। ਇਸ ਗਠਨ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 84 ਮੈਂਬਰੀ ਕਮੇਟੀ ਬਣਾਉਂਦੇ ਸਮੇਂ ਖੜਗੇ ਨੇ ਇਹ ਸੰਕੇਤ ਦਿੱਤਾ ਹੈ ਕਿ ਕੇਂਦਰੀ ਲੀਡਰਸ਼ਿਪ ਨਾਲ ਅਸਹਿਮਤੀ ਰੱਖਣ ਵਾਲੇ ਆਗੂਆਂ ਨੂੰ ਵੀ ਪਾਰਟੀ ਵਿਚ ਮਾਣ-ਸਨਮਾਨ ਮਿਲੇਗਾ। ਕੁਝ ਸਮਾਂ ਪਹਿਲਾਂ ਪਾਰਟੀ ਦੇ 23 ਆਗੂਆਂ ਨੇ ਕੇਂਦਰੀ ਲੀਡਰਸ਼ਿਪ ਨਾਲ ਮਤਭੇਦ ਪ੍ਰਗਟਾਏ ਸਨ। ਇਨ੍ਹਾਂ ਆਗੂਆਂ ਦੇ ਗਰੁੱਪ ਵਿਚੋਂ ਕੁਝ ਲੀਡਰਾਂ ਨੂੰ ਵਰਕਿੰਗ ਕਮੇਟੀ ਵਿਚ ਖਾਸ ਜਗ੍ਹਾ ਦਿੱਤੀ ਗਈ ਹੈ। ਉਂਝ ਵੀ ਖੜਗੇ ਦੀ ਅਗਵਾਈ ਵਿਚ ਪਾਰਟੀ ਨੇ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਜਿੱਤ ਪ੍ਰਾਪਤ ਕੀਤੀ ਹੈ। ਹੁਣ ਪਾਰਟੀ ਲਈ ਅਸਲ ਇਮਤਿਹਾਨ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤਿਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਚੋਣਾਂ ਨੇ 2024 ਵਾਲੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਦੇ ‘ਇੰਡੀਆ` ਗੱਠਜੋੜ ਨੂੰ ਅੱਗੇ ਲੈ ਕੇ ਜਾਣਾ ਹੈ।
ਪੰਜਾਬ ਵਿਚ ਸਮੀਕਰਨ ਕੁਝ ਕੁ ਟੇਢੀਆਂ ਹਨ। ਸੂਬੇ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਗੂਆਂ ਵਿਚਕਾਰ ਟਕਰਾਅ ਜਿਹਾ ਚੱਲ ਰਿਹਾ ਹੈ। ਉਂਝ, ਸਿਆਸੀ ਵਿਸ਼ਲੇਸ਼ਕ ਕਿਆਫੇ ਲਾ ਰਹੇ ਕਿ ਜੇ ਕੌਮੀ ਸਹਿਮਤੀ ਦੇ ਆਧਾਰ ‘ਤੇ ਪੰਜਾਬ ਅੰਦਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਕੋਈ ਸਹਿਮਤੀ ਬਣਦੀ ਹੈ ਤਾਂ ਇਹ ਸੂਬੇ ਅੰਦਰ ਨਵੀਂ ਸਿਆਸਤ ਆਰੰਭ ਹੋਣ ਦਾ ਸਬਬ ਬਣ ਸਕਦੀ ਹੈ ਅਤੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਇਸ ਸੰਭਾਵੀ ਗੱਠਜੋੜ ਦੇ ਹੱਕ ਵਿਚ ਜਾ ਸਕਦੇ ਹਨ। ਸੂਬੇ ਅੰਦਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਅਜੇ ਤੱਕ ਪੈਰ ਨਹੀਂ ਲੱਗ ਰਹੇ। ਉਧਰ, ਭਾਰਤੀ ਜਨਤਾ ਪਾਰਟੀ ਐਤਕੀਂ ਹੋਰ ਪਾਰਟੀਆਂ ਤੋਂ ਆਏ ਲੀਡਰਾਂ ਦੇ ਦਮ ‘ਤੇ ਚੋਣਾਂ ਲੜਨ ਲਈ ਪਰ ਤੋਲ ਰਹੀ ਹੈ। ਇਸੇ ਦੌਰਾਨ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਅਜਿਹੀ ਸ਼ਾਬਦਿਕ ਜੰਗ ਭਖੀ ਹੋਈ ਹੈ ਜਿਹੜੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਇਸ ਟਕਰਾਅ ਕਾਰਨ ਲੋਕਾਂ ਨੂੰ ਦਰਪੇਸ਼ ਮਸਲੇ ਬਹੁਤ ਪਿਛਾਂਹ ਛੁੱਟ ਗਏ ਹਨ। ਸੂਬੇ ਵਿਚੋਂ ਨੌਜਾਵਨੀ ਦਾ ਹੋ ਰਿਹਾ ਪਰਵਾਸ ਹੁਣ ਸਭ ਤੋਂ ਵੱਡਾ ਮਸਲਾ ਬਣ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸੂਬੇ ਅੰਦਰ ਬੇਰੁਜ਼ਗਾਰੀ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵਿਚ ਸਿਹਤ ਅਤੇ ਸਿੱਖਿਆ ਖੇਤਰਾਂ ਦਾ ਹਾਲ ਬਹੁਤ ਮਾੜਾ ਹੈ। ਹੁਣ ਹਾਲ ਇਹ ਹੈ ਕਿ ਸਾਰੀਆ ਧਿਰਾਂ ਆਪੋ-ਆਪਣੀਆਂ ਸਰਗਰਮੀਆਂ ਲੋਕ ਸਭਾ ਚੋਣਾਂ ਦੇ ਹਿਸਾਬ ਨਾਲ ਵਧਾ ਰਹੀਆਂ ਹਨ। ਦਿਲਚਸਪ ਸਵਾਲ ਇਹ ਹੋਵੇਗੀ ਕਿ ਸੰਘਰਸ਼ਾਂ ਦੇ ਪਿੜਾਂ ਅੰਦਰ ਜੂਝ ਰਹੀਆਂ ਜਥੇਬੰਦੀਆਂ ਅਤੇ ਇਨ੍ਹਾਂ ਦੇ ਆਗੂਆਂ ਦੀ ਚੋਣਾਂ ਦੇ ਮਾਮਲੇ ਵਿਚ ਕੀ ਪਹੁੰਚ ਬਣਦੀ ਹੈ। ਇਉਂ ਕੌਮੀ ਪੱਧਰ ‘ਤੇ ਵੀ ਅਤੇ ਪੰਜਾਬ ਪੱਧਰ ‘ਤੇ ਲੋਕ ਸਭਾ ਚੋਣਾਂ ਪਹਿਲੀ ਸਾਰੀਆਂ ਚੋਣਾਂ ਨਾਲੋਂ ਨਿਆਰੀਆਂ ਹਨ।