ਨਵੀਂ ਦਿੱਲੀ: ਸਾਲ 2021 ਲਈ ਦਿੱਤੇ ਜਾਣ ਵਾਲੇ ਕੌਮੀ ਫਿਲਮ ਪੁਰਸਕਾਰਾਂ ਵਿਚ ਸੂਜੀਤ ਸਰਕਾਰ ਦੀ ਬਾਇਓਪਿਕ ‘ਸਰਦਾਰ ਊਧਮ` ਨੂੰ ਸਰਵੋਤਮ ਹਿੰਦੀ ਫਿਲਮ ਐਲਾਨਿਆ ਗਿਆ ਹੈ। ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਬੈਸਟ ਸਿਨੇਮਾਟੋਗ੍ਰਾਫੀ, ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ ਤੇ ਕੌਸਟਿਊਮ ਡਿਜ਼ਾਈਨ ਵਰਗ ਵਿਚ ਵੀ ਪੁਰਸਕਾਰ ਜਿੱਤੇ।
ਬੌਲੀਵੁੱਡ ਅਦਾਕਾਰਾਂ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਕ੍ਰਮਵਾਰ ਫਿਲਮ ‘ਗੰਗੂਬਾਈ ਕਾਠੀਆਵਾੜੀ` ਤੇ ‘ਮਿਮੀ` ਵਿਚ ਨਿਭਾਏ ਕਿਰਦਾਰਾਂ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਦੱਖਣ ਦੇ ਸਟਾਰ ਅਲੂ ਅਰਜੁਨ ਨੂੰ ਤੈਲਗੂ ਬਲਾਕਬਸਟਰ ‘ਪੁਸ਼ਪਾ: ਦਿ ਰਾਈਜ਼ (ਪਾਰਟ-1) ਲਈ ਬੈਸਟ ਐਕਟਰ ਦੇ ਐਵਾਰਡ ਲਈ ਚੁਣਿਆ ਗਿਆ। ਬੈਸਟ ਨਿਰਦੇਸ਼ਕ ਦਾ ਕੌਮੀ ਫਿਲਮ ਪੁਰਸਕਾਰ ਮਰਾਠੀ ਫਿਲਮ ‘ਗੋਦਾਵਰੀ` ਲਈ ਨਿਖਿਲ ਮਹਾਜਨ ਦੀ ਝੋਲੀ ਪਿਆ। ਹਿੰਦੀ ਫਿਲਮ ‘ਰਾਕੇਟਰੀ: ਦਿ ਨਾਂਬੀ ਇਫੈਕਟ` ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਫਿਲਮਸਾਜ਼ ਕੇਤਨ ਮਹਿਤਾ ਦੀ ਅਗਵਾਈ ਵਾਲੀ 11 ਮੈਂਬਰੀ ਜਿਊਰੀ ਨੇ ਕੀਤਾ। ਹੋਰਨਾਂ ਵਰਗਾਂ ਵਿਚ ਪੰਕਜ ਤ੍ਰਿਪਾਠੀ ਨੂੰ ਫਿਲਮ ‘ਮਿਮੀ` ਤੇ ਪੱਲਵੀ ਜੋਸ਼ੀ ਨੂੰ ਫਿਲਮ ‘ਦਿ ਕਸ਼ਮੀਰ ਫਾਈਲਜ਼` ਲਈ ਕ੍ਰਮਵਾਰ ਸਰਵੋਤਮ ਸਹਾਇਕ ਅਦਾਕਾਰ ਤੇ ਅਦਾਕਾਰਾ ਦੇ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ। ਤ੍ਰਿਪਾਠੀ ਨੇ ਐਵਾਰਡ ਆਪਣੇ ਪਿਤਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ‘ਦਿ ਕਸ਼ਮੀਰ ਫਾਈਲਜ਼` ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਨੈਸ਼ਨਲ ਇੰਟੀਗ੍ਰੇਸ਼ਨ ਬਾਰੇ ਸਰਵੋਤਮ ਫਿਲਮ ਲਈ ਨਰਗਿਸ ਦੱਤ ਐਵਾਰਡ ਜਿੱਤਿਆ। ਫਿਲਮ ‘ਆਰ.ਆਰ.ਆਰ` ਨੇ ਛੇ ਪੁਰਸਕਾਰ ਜਿੱਤੇ। ਫਿਲਮ ਦੇ ਸੰਗੀਤ ਨਿਰਦੇਸ਼ਕ ਐੱਮ.ਐੱਮ.ਕੀਰਾਵਾਨੀ ਨੇ ਫਿਲਮ ‘ਪੁਸ਼ਪਾ` ਦੇ ਸੰਗੀਤ ਨਿਰਦੇਸ਼ਕ ਦੇਵੀ ਪ੍ਰਸ਼ਾਦ ਨਾਲ ਐਵਾਰਡ ਸਾਂਝਾ ਕੀਤਾ। ਐੱਸ.ਐੱਸ.ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ ਨੇ ਸਰਵੋਤਮ ਪਾਪੂਲਰ ਫਿਲਮ (ਐਂਟਰਟੇਨਮੈਂਟ), ਸਰਵੋਤਮ ਪੁਰਸ਼ ਪਿੱਠਵਰਤੀ ਗਾਇਕ ਕਾਲਭੈਰਵਾ, ਬੈਸਟ ਸਪੈਸ਼ਲ ਇਫੈਕਟਸ, ਬੈਸਟ ਐਕਸ਼ਨ ਡਾਇਰੈਕਟਰ ਤੇ ਬੈਸਟ ਕੋਰੀਓਗ੍ਰਾਫੀ ਸ਼੍ਰੇਣੀ ਵਿਚ ਵੀ ਪੁਰਸਕਾਰ ਜਿੱਤੇ। ਸ੍ਰੇਆ ਘੋਸ਼ਾਲ ਨੇ ਫਿਲਮ ‘ਇਰਾਵਿਨ ਨਿਨਜਾਲ` ਦੇ ਗੀਤ ‘ਮਾਯਾਵਾ ਛਾਇਆਵਾ` ਲਈ ਬਿਹਤਰੀਨ ਮਹਿਲਾ ਪਿੱਠਵਰਤੀ ਗਾਇਕ ਦਾ ਐਵਾਰਡ ਜਿੱਤਿਆ। ਮੂਲ ਪਟਕਥਾ ਦਾ ਪੁਰਸਕਾਰ ਮਲਿਆਲਮ ਫਿਲਮ ‘ਨਾਯਾਟੂ` ਤੇ ਇਸ ਦੇ ਲੇਖਕ ਸ਼ਾਹੀ ਕਬੀਰ ਨੂੰ ਮਿਲਿਆ।