ਚੰਡੀਗੜ੍ਹ: ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ ਵਿਚੋਂ ਸ਼ਹੀਦ ਦੀਆਂ ਉਂਗਲਾਂ ਦੇ ਪ੍ਰਿੰਟ ਮਿਲੇ ਹਨ, ਜੋ ਹੁਣ ਤੱਕ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੇ ਹੋਏ ਸਨ। ਊਧਮ ਸਿੰਘ ਦੀਆਂ ਉਂਗਲਾਂ ਦੇ ਪ੍ਰਿੰਟ ਵਾਲੀਆਂ ਇਹ ਵਿਰਲੀਆਂ ਕਾਪੀਆਂ ਸਾਲ 1927 ਵਿਚ ਲਈਆਂ ਗਈਆਂ ਸਨ, ਜਦੋਂ ਉਸ ਨੂੰ ਗਦਰ ਪਾਰਟੀ ਦੇ ਕਾਰਕੁਨ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਪੱਤਰਕਾਰ ਨੂੰ ਊਧਮ ਸਿੰਘ ਦੇ ‘ਫਿੰਗਰ ਪ੍ਰਿੰਟ` ਵਾਲੀਆਂ ਇਹ ਕਾਪੀਆਂ ਉਦੋਂ ਮਿਲੀਆਂ ਜਦੋਂ ਉਹ ਪੰਜਾਬ ਪੁਲਿਸ ਦੀ ਮਦਦ ਨਾਲ ਪੁਲਿਸ ਅਕੈਡਮੀ ਵਿਚੋਂ ਸ਼ਹੀਦ ਭਗਤ ਸਿੰਘ ਦੀਆਂ ਉਂਗਲਾਂ ਦੇ ਪ੍ਰਿੰਟਾਂ ਦੀ ਭਾਲ ਕਰ ਰਿਹਾ ਸੀ। ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ 1860 ਤੋਂ ਪੁਲਿਸ ਕੇਸ ਫਾਈਲਾਂ, ਦਸਤਾਵੇਜ਼ਾਂ ਤੇ ਹਥਿਆਰਾਂ ਦਾ ਮਾਲਖਾਨਾ ਹੈ, ਉਦੋਂ ਇਸ ਦਾ ਨਾਮ ਮਿਲਟਰੀ ਪੁਲਿਸ ਫੋਰਸ ਸੀ ਤੇ ਮਗਰੋਂ 1891 ਵਿਚ ਇਹ ਪੁਲਿਸ ਅਕੈਡਮੀ ਬਣ ਗਈ।
ਊਧਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਵਿਚ ਬ੍ਰਿਟਿਸ਼ ਇੰਡੀਆ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ‘ਡਵਾਇਰ ਦੀ ਹੱਤਿਆ ਕਰਕੇ ਜੱਲਿ੍ਹਆਂਵਾਲਾ ਬਾਗ ਸਾਕੇ ਦਾ ਬਦਲਾ ਲਿਆ ਸੀ। ਊਧਮ ਸਿੰਘ ਨੂੰ ਸਬਰ-ਸੰਤੋਖ ਵਾਲਾ ਕਾਤਲ (ਪੇਸ਼ੈਂਟ ਅਸੈਸਿਨ) ਵੀ ਕਿਹਾ ਜਾਂਦਾ ਹੈ, ਜਿਸ ਨੇ ਬਦਲਾ ਲੈਣ ਲਈ ਇੰਨੇ ਸਾਲ ਉਡੀਕ ਕੀਤੀ। ਸ਼ਹੀਦ ‘ਤੇ ਬਣੀ ਫਿਲਮ ‘ਸਰਦਾਰ ਊਧਮ‘ ਨੇ ਪੰਜ ਵੱਖ-ਵੱਖ ਵਰਗਾਂ ਵਿਚ ਕੌਮੀ ਪੁਰਸਕਾਰ ਜਿੱਤੇ ਹਨ। ਊਧਮ ਸਿੰਘ, ਜੋ ਜੋਰ ਦੇ ਕੇ ਆਖਦਾ ਸੀ ਕਿ ਉਸ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਹੈ, ਉਸ ਦੇ ਧਰਮ-ਨਿਰਪੱਖ ਸੁਭਾਅ ਨੂੰ ਦਰਸਾਉਂਦਾ ਹੈ। ਜਨਰਲ ਓ‘ਡਵਾਇਰ ਦੇ ਕਤਲ ਮਗਰੋਂ ਉਹ ਭਾਰਤ ਵਿਚ ਨਾਇਕ ਬਣਿਆ ਤੇ ਉਦੋਂ ਤੋਂ ਉਹ ਕਿਤਾਬਾਂ, ਗੀਤਾਂ, ਨਾਟਕਾਂ ਤੇ ਫਿਲਮਾਂ ਦਾ ਸ਼ਿੰਗਾਰ ਹੈ। ਹਰ ਸਾਲ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਊਧਮ ਸਿੰਘ ਨਾਲ ਸਬੰਧਤ ਵਸਤਾਂ ਇਕੱਤਰ ਕਰਨ ਤੇ ਇਨ੍ਹਾਂ ਦੀ ਅੱਗੇ ਅਜਾਇਬਘਰ ‘ਚ ਨੁਮਾਇਸ਼ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਹਾਲਾਂਕਿ ‘ਫਿੰਗਰ ਪ੍ਰਿੰਟ‘ ਸਣੇ ਹੋਰ ਕਈ ਵਸਤਾਂ ਸਰਕਾਰੀ ਫਾਈਲਾਂ ਹੇਠ ਦਬੀਆਂ ਪਈਆਂ ਹਨ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਜਦੋਂ ਇਸ ਖੋਜ ਬਾਰੇ ਦੱਸਿਆ ਤਾਂ ਉਹ ਬਹੁਤ ਉਤਸ਼ਾਹੀ ਨਜ਼ਰ ਆਏ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਪੁਲਿਸ ਅਕੈਡਮੀ ਨੇ ਇੰਨੇ ਸਾਲਾਂ ਤੱਕ ਅਜਿਹੇ ਅਹਿਮ ਦਸਤਾਵੇਜ਼ਾਂ ਨੂੰ ਸਾਂਭੀ ਰੱਖਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਇਨ੍ਹਾਂ ਪ੍ਰਿੰਟਾਂ ਨੂੰ ਢੁਕਵੀਂ ਥਾਂ ‘ਤੇ ਨੁਮਾਇਸ਼ ਲਈ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਸੇ ਅਕੈਡਮੀ ਤੋਂ ਕੀਤੀ ਖੋਜ ਸਦਕਾ ਇਸ ਪੱਤਰਕਾਰ ਨੇ ਸ਼ਹੀਦ ਭਗਤ ਸਿੰਘ ਦਾ ਗੁਆਚਿਆ ਪਿਸਤੌਲ ਲੱਭਿਆ ਸੀ। ਊਧਮ ਸਿੰਘ ਦਾ ਅਸਲ ਨਾਮ ਸ਼ੇਰ ਸਿੰਘ ਸੀ। ਉਸ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਚ ਪਿਤਾ ਟਹਿਲ ਸਿੰਘ ਤੇ ਮਾਤਾ ਨਰੈਣ ਕੌਰ ਦੇ ਘਰ ਹੋਇਆ ਸੀ। ਅਕੈਡਮੀ ਤੋਂ ਮਿਲੇ ਫਿੰਗਰ ਪ੍ਰਿੰਟ ਨਾਲ ਲੱਗੇ ਸੂਚਨਾ ਫਾਰਮ ਵਿਚ ਇਸ ‘ਤੇ ਸ਼ੇਰ ਸਿੰਘ ਪੁੱਤਰ ਟਹਿਲ ਸਿੰਘ ਦਾ ਨਾਮ ਲਿਖਿਆ ਹੈ।
ਊਧਮ ਸਿੰਘ ਦੀਆਂ ਉਂਗਲਾਂ ਦੇ ਇਹ ਨਿਸ਼ਾਨ 10 ਅਕਤੂਬਰ 1927 ਨੂੰ ਲਏ ਗਏ ਸਨ। ਦਿਲਚਸਪ ਗੱਲ ਹੈ ਕਿ ਇਨ੍ਹਾਂ ਪ੍ਰਿੰਟਾਂ ‘ਤੇ ਪਹਿਲੀ ਅਪਰੈਲ 1940 ਦੀ ਨੋਟਿੰਗ ਹੈ, ਜਿਸ ਤੋਂ ਇਹ ਜਾਪਦਾ ਹੈ ਕਿ ਊਧਮ ਸਿੰਘ ਦੀ ਪਛਾਣ ਦੀ ਤਸਦੀਕ ਲਈ ਇਨ੍ਹਾਂ ਪ੍ਰਿੰਟਾਂ ਨੂੰ ਅਕੈਡਮੀ ਵਿਚੋਂ ਬਾਹਰ ਕੱਢਿਆ ਗਿਆ। ਊਧਮ ਸਿੰਘ 13 ਮਾਰਚ 1940 ਨੂੰ ਓ‘ਡਵਾਇਰ ਦੀ ਹੱਤਿਆ ਮਗਰੋਂ ਲੰਡਨ ਦੀ ਜੇਲ੍ਹ ਵਿਚ ਬੰਦ ਸੀ।