ਕੋਟਕਪੂਰਾ ਗੋਲੀ ਕਾਂਡ: ਸਿੱਟ ਵੱਲੋਂ ਅਦਾਲਤ ਵਿਚ ਤੀਜਾ ਚਲਾਨ ਪੇਸ਼

ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇੱਥੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿਚ 2502 ਪੰਨਿਆਂ ਦਾ ਤੀਜਾ ਚਲਾਨ ਪੇਸ਼ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਸ ਚਲਾਨ ਵਿਚ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਖ਼ਿਲਾਫ਼ 2446 ਪੰਨਿਆਂ ‘ਤੇ ਦਸਤਾਵੇਜ਼ੀ ਸਬੂਤ ਅਤੇ 56 ਪੰਨਿਆਂ ‘ਤੇ ਫੋਰੈਂਸਿਕ ਮਾਹਿਰਾਂ ਦੀਆਂ ਰਿਪੋਰਟਾਂ, ਘਟਨਾ ਸਥਾਨ ਦੇ ਨਕਸ਼ੇ, ਘਟਨਾ ਵਾਲੇ ਦਿਨ ਹੋਈਆਂ ਫੋਨ ਕਾਲਾਂ ਦੀ ਡਿਟੇਲ ਤੇ ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਆਦਿ ਸ਼ਾਮਲ ਹਨ। ਅਦਾਲਤ ਨੇ ਇਸ ਚਲਾਨ ਦੀ ਸੁਣਵਾਈ 2 ਸਤੰਬਰ ਦੀ ਤੈਅ ਕਰਦਿਆਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸੇ ਦਿਨ ਹੀ ਕੋਟਕਪੂਰਾ ਗੋਲੀ ਕਾਂਡ ਦੇ ਦੂਜੇ ਦੋ ਚਲਾਨ ਵੀ ਸੁਣਵਾਈ ਲਈ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਜਾਂਚ ਟੀਮ ਨੇ ਬੀਤੀ 24 ਫਰਵਰੀ ਨੂੰ 7000 ਪੰਨਿਆਂ ਦਾ ਪਹਿਲਾ ਚਲਾਨ ਅਤੇ 25 ਅਪਰੈਲ ਨੂੰ 2400 ਪੰਨਿਆਂ ਦਾ ਦੂਜਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਸੀ। ਹਾਲਾਂਕਿ ਜਾਂਚ ਟੀਮ ਨੇ ਪੇਸ਼ ਕੀਤੇ ਤੀਜੇ ਚਲਾਨ ਵਿਚ ਮੁਲਜ਼ਮਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਕੀਤਾ ਹੈ ਤੇ ਨਾ ਹੀ ਦੋਸ਼ਾਂ ਵਿੱਚ ਵਾਧ-ਘਾਟ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿਚ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਉਨ੍ਹਾਂ ਦਾ ਨਾਮ ਚਲਾਨ ਵਿਚੋਂ ਬਾਹਰ ਕੱਢ ਦਿੱਤਾ ਹੈ। ਕੋਟਕਪੂਰਾ ਗੋਲੀ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਜ਼ਮਾਨਤ ਦੇ ਚੁੱਕੀ ਹੈ ਅਤੇ ਇਹ ਕੇਸ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਜਾਣ ਤੋਂ ਬਾਅਦ ਬਹਿਬਲ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇੱਕਸਾਰ ਸ਼ੁਰੂ ਹੋਣੀ ਹੈ।