ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਤੋਂ ਇਕ ਮਹੀਨੇ ਬਾਅਦ ਹੁਣ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਇਸ ਦੇ ਵਿਸਥਾਰ ਲਈ ਤਿਆਰੀ ਕਰ ਰਹੀ ਹੈ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਸਮੇਂ ਨੂੰ ਪੰਜ ਘੰਟੇ ਹੋਰ ਵਧਾਉਣ ਦੀ ਯੋਜਨਾ ਹੈ। ਇਸ ਲਈ ਨਵੇਂ ਤੇ ਤਜਰਬੇਕਾਰ ਅਮਲੇ ਦੀ ਭਰਤੀ ਦੀ ਵੀ ਯੋਜਨਾ ਹੈ, ਜਿਸ ਵਿਚ ਇਸ ਖੇਤਰ ਨਾਲ ਸਬੰਧਤ ਛੇ ਨਵੇਂ ਮਾਹਰ ਭਰਤੀ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਸਬੰਧੀ ਇਕ ਸਟੂਡੀਓ ਸਥਾਪਤ ਕਰਨ ਲਈ ਵੀ ਕੰਮ ਚੱਲ ਰਿਹਾ ਹੈ। ਇਹ ਸਟੂਡੀਓ ਸ਼੍ਰੋਮਣੀ ਕਮੇਟੀ ਦੇ ਦਫਤਰ ਕੈਂਪਸ ਵਿਚ ਹੀ ਹੋਵੇਗਾ। ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ ਚੈਨਲ ਤੇ ਆਡੀਓ ਰਾਹੀਂ 13 ਘੰਟੇ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ, ਜਿਸ ਵਿਚ ਨੌਂ ਘੰਟੇ ਦਾ ਵੀਡੀਓ ਪ੍ਰਸਾਰਨ ਤੇ ਚਾਰ ਘੰਟਿਆਂ ਦਾ ਆਡੀਓ ਪ੍ਰਸਾਰਨ ਸ਼ਾਮਲ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਸਾਊਂਡ ਪਰੂਫਿੰਗ ਸਿਸਟਮ, ਇਕ ਸਟੂਡੀਓ, ਇਕ ਕੰਟਰੋਲ ਰੂਮ ਤੇ ਹੋਰ ਲੋੜੀਂਦਾ ਸਮਾਨ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਵਿਸਥਾਰ ਲਈ ਐਂਕਰ, ਵੀਡੀਓ ਸੰਪਾਦਕ, ਕੈਮਰਾਮੈਨ ਵੀਡੀਓਗ੍ਰਾਫੀ ਵਾਸਤੇ ਲੇਖਕ ਤੇ ਗ੍ਰਾਫਿਕ ਡਿਜਾਈਨਰ ਦੀ ਨਿਯੁਕਤੀ ਵੀ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਫਿਲਹਾਲ ਸੈਟੇਲਾਈਟ ਰਾਹੀਂ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਇਕ ਨਿੱਜੀ ਚੈਨਲ ਰਾਹੀਂ ਕੀਤਾ ਜਾ ਰਿਹਾ ਹੈ।