ਸਿੱਖਾਂ ਨੂੰ ਧਮਕੀਆਂ ਮਿਲਣੀਆਂ ਫਿਕਰਮੰਦੀ ਵਾਲੀ ਗੱਲ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿਚ ਖਾਸ ਕਰ ਕੇ ਰਾਵਲਪਿੰਡੀ ਅਤੇ ਪੰਜਾ ਸਾਹਿਬ ਵਿਚ ਸਿੱਖਾਂ ਨੂੰ ਧਮਕੀਆਂ ਦਿੱਤੇ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਚ ਵਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ। ਜਾਣਕਾਰੀ ਮੁਤਾਬਕ ਸਿੱਖਾਂ ਨੂੰ ਧਮਕੀ ਭਰੇ ਪੱਤਰ ਭੇਜੇ ਜਾਣ ਦਾ ਖੁਲਾਸਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਵੱਲੋਂ ਵੀ ਮੀਡੀਆ ਰਾਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਅਜਿਹੇ ਧਮਕੀ ਭਰੇ ਪੱਤਰ ਵੀ ਮੀਡੀਆ ਵਿਚ ਜਨਤਕ ਕੀਤੇ ਸਨ। ਪਰ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਧਮਕੀ ਭਰੇ ਪੱਤਰਾਂ ‘ਤੇ ਕਿਸੇ ਦੇ ਦਸਤਖ਼ਤ ਨਹੀਂ ਹਨ ਅਤੇ ਨਾ ਹੀ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਭਾਵੇਂ ਸਿੱਖ ਆਗੂ ਨੇ ਕਿਹਾ ਕਿ ਇਹ ਧਮਕੀ ਪੱਤਰ ਸ਼ਰਾਰਤ ਵੀ ਹੋ ਸਕਦੇ ਹਨ ਪਰ ਪਾਕਿਸਤਾਨ ਵਿਚ ਵੱਸਦੇ ਸਿੱਖ ਇਸ ਨਾਲ ਖੌਫ਼ਜ਼ਦਾ ਹਨ। ਇਸ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਅਫ਼ਗਾਨਿਸਤਾਨ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਪਾਕਿਸਤਾਨ ਵਿਚ ਅਜਿਹਾ ਵਰਤਾਰਾ ਸ਼ੁਰੂ ਹੋਇਆ ਹੈ।
ਸਿੱਖ ਪੇਸ਼ਾਵਰ ਤੋਂ ਪੰਜਾ ਸਾਹਿਬ ਤੋਂ ਲਹਿੰਦੇ ਪੰਜਾਬ ਵਿਚ ਆ ਕੇ ਵੱਸ ਰਹੇ ਹਨ। ਹੁਣ ਪਿਛਲੇ ਦਿਨੀਂ ਰਾਵਲ ਪਿੰਡੀ ਤੇ ਪੰਜਾ ਸਾਹਿਬ ਵਿਚ ਸਿੱਖਾਂ ਨੂੰ ਧਮਕੀਆਂ ਭਰੇ ਪੱਤਰ ਮਿਲੇ ਹਨ। ਪੱਤਰ ਵਿਚ ਸਿੱਖਾਂ ਨੂੰ ਮੁਸਲਮਾਨ ਬਣ ਜਾਣ ਜਾਂ ਪਾਕਿਸਤਾਨ ਛੱਡ ਕੇ ਚਲੇ ਜਾਣ ਵਾਸਤੇ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਅਤੇ ਨਿੰਦਣਯੋਗ ਹੈ। ਪਾਕਿਸਤਾਨ ਵਿਚ ਸਿੱਖਾਂ ਦੇ ਕਾਰੋਬਾਰ, ਘਰ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਗੁਰੂ ਘਰ ਵੀ ਹਨ।
‘ਜਾਨ ਮਾਲ ਦੀ ਰਾਖੀ ਕਰਨ ਸਰਕਾਰਾਂ`
ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖਲਅੰਦਾਜੀ ਕਰੇ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਅਤੇ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਆਖੇ। ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਨਾਲ ਸਿੱਖਾਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਵੇ।