ਚੰਦਰਯਾਨ-3 ਨਾਲ ਭਾਰਤ ਨੇ ਚੰਨ ਉਤੇ ਕਦਮ ਰੱਖਿਆ

ਬੰਗਲੂਰੂ: ਚੰਦਰਯਾਨ-3 ਦੇ ਚੰਦ ਦੀ ਸਤਹਿ ‘ਤੇ ਉਤਰਨ ਮਗਰੋਂ ਲੈਂਡਰ ਮੌਡਿਊਲ (ਐਲ.ਐਮ) ਤੋਂ ਰੋਵਰ ‘ਪ੍ਰਗਿਆਨ‘ ਬਾਹਰ ਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ‘ਭਾਰਤ ਨੇ ਚੰਦ ਉਤੇ ਸੈਰ ਕੀਤੀ।“ ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਸਪੇਸਕ੍ਰਾਫਟ ਦਾ ਲੈਂਡਰ ‘ਵਿਕਰਮ‘ ਚੰਦ ਦੀ ਸਤਹਿ ‘ਤੇ ਉਸੇ ਥਾਂ ਲੈਂਡ ਕੀਤਾ ਹੈ, ਜਿਸ ਖੇਤਰ ਦੀ ਇਸ ਮੰਤਵ ਲਈ ਪਛਾਣ ਕੀਤੀ ਗਈ ਸੀ।

ਇਸ ਦੌਰਾਨ ਇਸਰੋ ਨੇ ਆਸ ਜਤਾਈ ਕਿ ਲੈਂਡਰ ਤੇ ਰੋਵਰ ਦੀ ਮਿਸ਼ਨ ਲਾਈਫ ਇਕ ਚੰਦ ਦਿਨ ਤੱਕ ਸੀਮਤ ਨਹੀਂ ਰਹੇਗੀ। ਇਸਰੋ ਵਿਗਿਆਨੀਆਂ ਨੇ ਕਿਹਾ ਕਿ ਚੰਦ ‘ਤੇ ਮੁੜ ਸੂਰਜ ਉੱਗਦੇ ਹੀ ਇਹ ਮੁੜ ਹਰਕਤ ਵਿਚ ਆ ਜਾਣਗੇ ਤੇ ਉਥੇ ਤਜਰਬਿਆਂ ਤੇ ਅਧਿਐਨ ਦੇ ਅਮਲ ਨੂੰ ਪੂਰਾ ਕਰਨਗੇ।
ਇਸਰੋ ਨੇ ਆਪਣੇ ਅਧਿਕਾਰਤ ‘ਐਕਸ` ਹੈਂਡਲ `ਤੇ ਕਿਹਾ ਕਿ ਰੋਵਰ ਬਾਹਰ ਆ ਗਿਆ ਹੈ। ਇਸਰੋ ਨੇ ਕਿਹਾ, ‘’ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ- ਮੇਡ ਫਾਰ ਮੂਨ! ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲਿਆ ਅਤੇ ਭਾਰਤ ਨੇ ਚੰਦ ਦੀ ਸੈਰ ਕੀਤੀ।“ ਇਸ ਤੋਂ ਪਹਿਲਾਂ ਸੂਤਰਾਂ ਨੇ ਲੈਂਡਰ ‘ਵਿਕਰਮ` ਤੋਂ ਰੋਵਰ ‘ਪ੍ਰਗਿਆਨ` ਦੇ ਸਫਲਤਾ ਨਾਲ ਬਾਹਰ ਨਿਕਲਣ ਦੀ ਪੁਸ਼ਟੀ ਕੀਤੀ ਸੀ। ਸੋਮਨਾਥ ਨੇ ਇਸ ਖਬਰ ਏਜੰਸੀ ਨੂੰ ਦੱਸਿਆ, ‘’ਲੈਂਡਰ ਆਪਣੀ ਥਾਂ `ਤੇ ਉੱਤਰਿਆ ਹੈ। ਲੈਂਡਿੰਗ ਲੋਕੇਸ਼ਨ ਨੂੰ 4.5 ਕਿਲੋਮੀਟਰ 2.5 ਕਿਲੋਮੀਟਰ ਵਜੋਂ ਮਾਰਕ ਕੀਤਾ ਗਿਆ ਸੀ, ਇਹ ਇਸ ਪੁਆਇੰਟ ਦੇ 300 ਮੀਟਰ ਦੇ ਅੰਦਰ ਹੀ ਲੈਂਡ ਕੀਤਾ ਹੈ।“ ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸਰੋ ਟੀਮ ਨੂੰ ਪ੍ਰਗਿਆਨ ਦੀ ਸਫਲ ਤਾਇਨਾਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, ‘’ਵਿਕਰਮ ਦੀ ਸਫਲ ਲੈਂਡਿੰਗ ਦੇ ਕੁਝ ਘੰਟਿਆਂ ਮਗਰੋਂ ਪ੍ਰਗਿਆਨ ਦੇ ਬਾਹਰ ਨਿਕਲਣ ਨਾਲ ਚੰਦਰਯਾਨ-3 ਦਾ ਇਕ ਹੋਰ ਪੜਾਅ ਸਫਲ ਰਿਹਾ। ਦੇਸ਼ ਦੇ ਆਪਣੇ ਨਾਗਰਿਕਾਂ ਤੇ ਵਿਗਿਆਨੀਆਂ ਨਾਲ ਮੈਂ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਪ੍ਰਗਿਆਨ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਤੇ ਇਕੱਤਰ ਜਾਣਕਾਰੀ ਨਾਲ ਚੰਦ ਬਾਰੇ ਸਾਡੀ ਸਮਝ ਵਿਚ ਹੋਰ ਵਾਧਾ ਹੋਵੇਗਾ।“ ਚੰਦਰਯਾਨ-3 ਦੇ ਲੈਂਡਰ ਮੌਡਿਊਲ ਵਿਕਰਮ ਨੇ ਚੰਦ ਦੀ ਸਤਹਿ `ਤੇ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6:04 ਵਜੇ ਸਾਫਟ ਲੈਂਡਿੰਗ ਕੀਤੀ ਸੀ। ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ), ਜਿਨ੍ਹਾਂ ਦਾ ਕੁੱਲ ਵਜ਼ਨ 1752 ਕਿਲੋ ਹੈ, ਇੰਜ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਇਕ ਲੂਨਰ ਡੇਅਲਾਈਟ ਅਰਸੇ (ਲਗਭਗ 14 ਧਰਤੀ ਦਿਨ) ਲਈ ਆਪਣੇ ਚੌਗਿਰਦੇ ਦਾ ਅਧਿਐਨ ਕਰ ਸਕਣਗੇ। ਇਸਰੋ ਅਧਿਕਾਰੀਆਂ ਨੇ ਹਾਲਾਂਕਿ ਇਸ ਦੇ ਇਕ ਹੋਰ ਲੂਨਰ ਦਿਨ ਲਈ ਜੀਵੰਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਰੋਵਰ ਆਪਣੇ ਮਿਸ਼ਨ ਦੌਰਾਨ ਚੰਦ ਦੀ ਸਤਹਿ ਦਾ ਰਸਾਇਣਕ ਮੁਲਾਂਕਣ ਵੀ ਕਰੇਗਾ। ਲੈਂਡਰ ਤੇ ਰੋਵਰ ਚੰਦ ਦੀ ਸਤਹਿ `ਤੇ ਤਜਰਬੇ ਕਰਨ ਲਈ ਵਿਗਿਆਨਕ ਪੇਅਲੋਡਜ ਨਾਲ ਲੈਸ ਹਨ। ਰੋਵਰ ਆਪਣੇ ਪੇਅਲੋਡਜ ਏ.ਪੀ.ਐਕਸ.ਐੈੱਸ- ਅਲਫਾ ਪਾਰਟੀਕਲ ਐਕਸਰੇਅ ਸਪੈਕਟੋਮੀਟਰ ਦੀ ਮਦਦ ਨਾਲ ਚੰਦ ਦੀ ਸਤਹਿ ਦਾ ਅਧਿਐਨ ਕਰੇਗਾ। ਪ੍ਰਗਿਆਨ ਵਿਚ ਇਕ ਹੋਰ ਪੇਅਲੋਡ-ਲੇਜਰ ਇੰਡਿਊਸਡ ਬ੍ਰੇਕਡਾਊਨ ਸਪੈਕਟਰੋਸਕੋਪ (ਲਿਬਸ) ਹੈ, ਜਿਸ ਦੀ ਮਦਦ ਨਾਲ ਚੰਦ ਦੀ ਮਿੱਟੀ ਤੇ ਚੱਟਾਨਾਂ ਵਿਚਲੇ ਤੱਤਾਂ ਦਾ ਪਤਾ ਲਾਇਆ ਜਾਵੇਗਾ। ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਪਹਿਲਾਂ ਕਿਹਾ ਸੀ, ‘’ਲੈਂਡਿੰਗ ਸਾਈਟ `ਤੇ ਵਿਕਰਮ ਦੇ ਉਤਰਨ ਮਗਰੋਂ ਰੋਵਰ ਇਸ ਵਿਚੋਂ ਬਾਹਰ ਆਏਗਾ। ਇਸ ਮਗਰੋਂ ਇਕ ਤੋਂ ਬਾਅਦ ਇਕ ਤਜਰਬੇ ਕੀਤੇ ਜਾਣਗੇ ਤੇ ਇਨ੍ਹਾਂ ਸਾਰਿਆਂ ਨੂੰ ਚੰਦ `ਤੇ ਇਕ ਦਿਨ, ਜੋ ਧਰਤੀ ਦੇ 14 ਦਿਨ ਬਣਦੇ ਹਨ, ਵਿਚ ਪੂਰਾ ਕਰਨਾ ਹੋਵੇਗਾ।“ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਗਿਆਨ ਕਰ ਕੇ ਭਾਰਤ ਦੀ ਚੰਦਰਮਾ ਤੱਕ ਪੁਲਾਂਘ ਸੰਭਵ ਹੋਈ ਹੈ। ਉਨ੍ਹਾਂ ਚੰਦਰਯਾਨ-3 ਦੀ ਸਫਲਤਾ ਲਈ ਭੇਜੇ ਵਧਾਈ ਸੰਦੇਸ਼ਾਂ ਲਈ ਆਲਮੀ ਆਗੂਆਂ ਦਾ ਧੰਨਵਾਦ ਕੀਤਾ।
ਪ੍ਰਾਪਤੀ ਵਿਗਿਆਨੀਆਂ ਦੀ, ਮੇਲਾ ਮੋਦੀ ਨੇ ਲੁੱਟਿਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ਵਿਗਿਆਨੀਆਂ ਦੀ ਪ੍ਰਾਪਤੀ ਸੀ, ਪਰ ਮੇਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁੱਟ ਗਏ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਚੰਦਰਯਾਨ-3 ਦਾ ਜੋਸ਼ ਤੇ ਮਾਣ ‘’ਸਾਡੇ ਨਾਲ ਲੰਮਾ ਸਮਾਂ ਬਣਿਆ ਰਹੇਗਾ।“ ਵੇਣੂਗੋਪਾਲ ਨੇ ਐਕਸ `ਤੇ ਇਕ ਪੋਸਟ ਵਿਚ ਕਿਹਾ, ‘’ਇਸਰੋ ਚੇਅਰਮੈਨ ਡਾ.ਸੋਮਨਾਥ ਦੀ ਅਗਵਾਈ ਨੇ ਸੱਚਮੁੱਚ ਇਤਿਹਾਸ ਸਿਰਜਿਆ ਹੈ ਤੇ ਅਸੀਂ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਨੂੰ ਦਿਲੋਂ ਵਧਾਈ ਦਿੰਦੇ ਹਾਂ। ਹਾਲਾਂਕਿ ਪ੍ਰਧਾਨ ਮੰਤਰੀ ਨੂੰ ਆਪਣੇ ਪਖੰਡ ਦਾ ਜਵਾਬ ਦੇਣਾ ਚਾਹੀਦਾ ਹੈ।“
ਤਾਪਮਾਨ 70 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ
ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਲੱਗੇ ‘ਚੇਸਟ` ਪੇਲੋਡ ਵੱਲੋਂ ਚੰਦ ਦੀ ਸਤਹਿ `ਤੇ ਮਾਪੀ ਗਈ ਤਾਪਮਾਨ ਭਿੰਨਤਾ ਦਾ ਇਕ ਗ੍ਰਾਫ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਚੰਨ ਦੀ ਸਤਹਿ `ਤੇ ਵੱਧ ਤੋਂ ਵੱਧ 70 ਡਿਗਰੀ ਸੈਂਟੀਗਰੇਡ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਪੁਲਾੜ ਏਜੰਸੀ ਮੁਤਾਬਕ ‘ਚੰਦਰ ਸਰਫੇਸ ਥਰਮੋਫਿਜੀਕਲ ਐਕਸਪੈਰੀਮੈਂਟ` (ਚੇਸਟ) ਨੇ ਚੰਦ ਦੀ ਸਤਹਿ ਦੇ ਤਾਪਮਾਨ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦਰਮਾ ਦੀ ਉਪਰਲੀ ਮਿੱਟੀ ਦਾ ਤਾਪਮਾਨ ਮਾਪਿਆ। ਇਸਰੋ ਨੇ ‘ਐਕਸ` `ਤੇ ਇਕ ਪੋਸਟ `ਚ ਕਿਹਾ,’’ਵਿਕਰਮ ਲੈਂਡਰ `ਤੇ ਚੇਸਟ ਪੇਲੋਡ ਦਾ ਪਹਿਲਾ ਨਿਰੀਖਣ ਪੇਸ਼ ਹੈ।