ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਮੇਰੀ ਤਬੀਅਤ ਠੀਕ ਨਹੀਂ ਰਹੀ| ਮਾੜੀ ਗੱਲ ਇਹ ਕਿ ਇਨ੍ਹਾਂ ਦਿਨਾਂ ਵਿਚ ਮੇਰੇ ਕਈ ਸਾਥੀ ਅਕਾਲ ਚਲਾਣਾ ਕਰ ਗਏ| ਮੈਂ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮਾਂ ਉੱਤੇ ਵੀ ਨਹੀਂ ਜਾ ਸਕਿਆ|
ਅਗਾਂਹਵਧੂ ਤੇ ਪ੍ਰਤੀਬਧ ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਮੇਰਾ ਹਾਣੀ ਸੀ|

ਉਸਦੇ ਪੁਰਖਿਆਂ ਨੂੰ ਗੋਰੀ ਸਰਕਾਰ ਵਲੋਂ ਅਲਾਟ ਕੀਤੀਆਂ ਜ਼ਮੀਨਾਂ ਪਾਕਿਸਤਾਨ ਵਿਚ ਰਹਿ ਗਈਆਂ| ਬਾਰਾਂ ਨੂੰ ਖੇਤੀ ਦੇ ਯੋਗ ਕੀਤਾ ਤਾਂ ਸਨ ਸੰਤਾਲੀ ਦੀ ਦੇਸ਼ ਵੰਡ ਪਿਛੋਂ ਸਭ ਕੁਝ ਛੱਡ ਛੁਡਾ ਕੇ ਏਧਰ ਫੱਤੂ ਚੱਕ (ਕਪੂਰਥਲਾ) ਆਣ ਡੇਰਾ ਲਾਇਆ| ਹੁੰਦਲ ਸਾਰੀ ਉਮਰ ਅਗਾਂਹਵਧੂ ਸਾਹਿਤ ਤੇ ਸਭਿਆਚਾਰ ਨਾਲ ਜੁੜਿਆ ਰਿਹਾ| ਓਧਰੋਂ ਏਧਰ ਆਉਣ ਵਾਲਾ ਸ਼ਿਵਨਾਥ ਵੀ ਮੇਰਾ ਹਾਣੀ ਸੀ, ਜਿਸਨੇ ਸਾਦ ਮੁਰਾਦੀ ਰਚਨਾਕਾਰੀ ਨਾਲ ਪਾਠਕਾਂ ਦਾ ਮਨ ਮੋਹਿਆ| ਉਹ ਸਦਾ ਸਾਈਕਲ `ਤੇ ਸਵਾਰ ਮਿਲਦਾ ਤੇ ਜਾਂ ਫੇਰ ਕਾਪੀ ਕਲਮ ਲੈ ਕੇ ਕਿਸੇ ਨਾ ਕਿਸੇ ਰੁੱਖ ਥੱਲੇ ਬੈਠਾ ਦੇਖਿਆ ਜਾਂਦਾ| ਉਸ ਦੀਆਂ ਕਵਿਤਾਵਾਂ ਤੇ ਕਹਾਣੀਆਂ ਬਿਰਖਾਂ ਨੂੰ ਪੈਣ ਵਾਲੇ ਬੂਰ ਵਰਗੀਆਂ ਹੁੰਦੀਆਂ|
ਤੁਰ ਗਏ ਸੱਜਣਾਂ ਵਿਚੋਂ ਦੋ ਰੂਹਾਂ ਦਾ ਸਬੰਧ ਮੇਰੀ ਪੜ੍ਹਾਈ ਦੇ ਮੁਢਲੇ ਦਿਨਾਂ ਨਾਲ ਹੈ| ਉਨ੍ਹਾਂ ਵਿਚੋਂ ਪਿੰਡ ਬਾਹੋਮਾਜਰਾ ਦੇ ਜੰਮਪਲ ਜਸਟਿਸ ਸੁਖਦੇਵ ਸਿੰਘ ਕੰਗ ਦੀ ਜੀਵਨ ਸਾਥਣ ਰਣਬੀਰ ਕੌਰ ਮੇਰੀ ਭੈਣ ਵਰਗੀ ਭਰਜਾਈ ਸੀ| ਮੈਂ ਵੀ ਮਿਡਲ ਤੱਕ ਦੀ ਪੜ੍ਹਾਈ ਬਾਹੋਮਾਜਰਾ ਪਿੰਡ ਵਿਚ ਰਹਿ ਕੇ ਏ ਐਸ ਹਾਈ ਸਕੂਲ ਖੰਨਾ ਤੋਂ ਕੀਤੀ ਸੀ ਜਿੱਥੇ ਸੁਖਦੇਵ ਸਿੰਘ ਤੇ ਉਸਦੇ ਛੋਟੇ ਭਰਾ ਦਵਿੰਦਰ ਸਿੰਘ ਤੇ ਰਾਜਿੰਦਰ ਵੀ ਪੜ੍ਹਦੇ ਸਨ| ਮੇਰੀ ਮਾਸੀ ਦੇ ਉਸ ਪਰਿਵਾਰ ਨਾਲ ਬਹੁਤ ਚੰਗੇ ਸਬੰਧ ਸਨ| ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਨੇ ਨੇੜਲੇ ਪਿੰਡ ਲਿਬੜਾ ਵਾਲਿਆਂ ਨਾਲ ਰਲ ਨੇ ਟਰਾਂਸਪੋਰਟ ਦਾ ਕਾਰੋਬਾਰ ਕੀਤਾ ਤੇ ਆਪਣੇ ਬੇਟਿਆਂ ਨੂੰ ਉੱਚੀ ਵਿਦਿਆ ਦੇ ਯੋਗ ਬਣਾਇਆ|
ਦਵਿੰਦਰ ਸਿੰਘ ਤੇ ਰਾਜਿੰਦਰ ਮੇਰੇ ਹਾਣੀਆਂ ਸਮਾਨ ਸਨ| ਦਵਿੰਦਰ ਨੇ ਉੱਨਤ ਖੇਤੀ ਵਿਚ ਨਾਮਣਾ ਖੱਟਿਆ ਤੇ ਬਲਾਕ ਸੰਮਤੀ ਦਾ ਕਰਤਾ-ਧਰਤਾ ਵੀ ਰਿਹਾ ਜਿਸ ਨਾਤੇ ਮੇਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਸਰਵਿਸ ਸਮੇਂ ਮੇਰੇ ਨਾਲ ਜੁੜਿਆ ਰਿਹਾ|
ਤੀਜੀ ਸ਼ਖਸੀਅਤ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸੀ ਜਿਸਦੇ ਮੇਲ ਮਿਲਾਪ ਤੇ ਸਲੀਕੇ ਦਾ ਮੈਂ ਕਾਇਲ ਰਿਹਾ ਹਾਂ| ਉਸਦੇ ਅੰਤਲੇ ਦਿਨਾਂ ਵਿਚ ਮੈਨੂੰ ਪਤਾ ਲਗਿਆ ਕਿ ਉਸਦੀ ਵੀ ਬਾਹੋਮਾਜਰਾ ਪਿੰਡ ਦੀ ਬੇਬੇ ਈਸ਼ਰ ਕੌਰ ਨਾਲ ਨੇੜਲੀ ਰਿਸ਼ਤੇਦਾਰੀ ਸੀ| ਅਸੀਂ ਛੇਤੀ ਹੀ ਇਕ ਦੂਜੇ ਨਾਲ ਮਿਲ ਬੈਠਣ ਦਾ ਪ੍ਰੋਗਰਾਮ ਬਣਾ ਰਹੇ ਸਾਂ ਕਿ ਉਹ ਅਚਾਨਕ ਹੀ ਅਲਵਿਦਾ ਕਹਿ ਗਿਆ|
ਉਪਰ ਵਾਲਾ ਸਾਰਿਆਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ|
ਸਰਵਣ ਸਿੰਘ ਤੇ ਉਸਦਾ ਰਚਨਾ ਸੰਸਾਰ
ਸਰਵਣ ਸਿੰਘ ਰੇਖਾ ਚਿੱਤਰ ਲਿਖੇ, ਜੀਵਨੀ, ਸਵੈ-ਜੀਵਨੀ ਜਾਂ ਸਫਰਨਾਮਾ ਉਸਦੀ ਵਾਰਤਕ ਵਿਚ ਪੇਂਡੂ ਸਲੀਕਾ ਤੇ ਬਾਦਸ਼ਾਹੀ ਹੁੰਦੀ ਹੈ| ਉਸ ਸ਼ਹਿਦ ਦੇ ਛੱਤੇ ਵਰਗੀ ਜਿਸ ਦੀਆਂ ਮਖੀਆਂ ਸ਼ਹਿਦ ਵਰਤਾਉਂਦੀਆਂ ਹਨ, ਡੰਗ ਨਹੀਂ ਮਾਰਦੀਆਂ| ਮੈਂ ਦਿੱਲੀ ਤੋਂ ਉਸ ਦੀਆਂ ਲਿਖਤਾਂ ਦੀ ਪੈੜ ਨੱਪ ਰਿਹਾ ਹਾਂ| ਉਸਨੇ ਆਪਣੇ ਮੁਢਲੇ ਰੇਖਾ ਚਿੱਤਰਾਂ ਵਿਚ ਇਕ ਖਿਡਾਰੀ ਨੂੰ ‘ਧਰਤੀ ਧੱਕ’ ਕਿਹਾ ਸੀ ਤੇ ਇਕ ਹੋਰ ਨੂੰ ‘ਮੁੜ੍ਹਕੇ ਦਾ ਮੋਤੀ’। ਉਸਦੀ ਲਿਖਣ ਸ਼ੈਲੀ ਵਿਚ ਵੀ ਇਹ ਦੋਵੇਂ ਗੁਣ ਪ੍ਰਧਾਨ ਸਨ|
ਉਹ ਮੇਰੇ ਦਿੱਲੀ ਦੇ ਮਿੱਤਰ ਪ੍ਰੀਤਮ ਸਿੰਘ ਦਾ ਵਿਦਿਆਰਥੀ ਸੀ ਜਿਹੜਾ ਹੋਣਹਾਰ ਵਿਦਿਆਰਥੀਆਂ ਦਾ ਰਾਹ ਦਸੇਰਾ ਸੀ| ਸ਼ਹਿਦ ਚੋਣ ਵਾਲਿਆਂ ਦਾ ਪਾਰਖੂ| ਖੇਡ ਜਗਤ ਨਾਲ ਆਪਣੇ ਮੋਹ ਪਿਆਰ ਸਦਕਾ ਪ੍ਰੀਤਮ ਸਿੰਘ ਦਿੱਲੀ ਯੂਨੀਵਰਸਿਟੀ ਵਿਚ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੀ ਪਦਵੀ ਤੱਕ ਪਹੁੰਚਿਆ| ਮੈਂ ਉਸਦੇ ਪਰਿਵਾਰ ਦਾ ਮੈਂਬਰ ਸਮਾਨ ਸਾਂ| ਸਰਵਣ ਮੇਰੇ ਨਾਲੋਂ ਵੱਧ|
ਪੰਜਾਬੀ ਦਾ ਸ਼ਾਇਦ ਹੀ ਕੋਈ ਪ੍ਰਕਾਸ਼ਕ ਹੋਵੇ ਜਿਸਨੇ ਸਰਵਣ ਦੀ ਰਚਨਾਕਾਰੀ ਨੂੰ ਮਾਣ ਨਾਲ ਨਾ ਪ੍ਰਕਾਸ਼ਤ ਕੀਤਾ ਹੋਵੇ| ਨਵਯੁਗ ਪ੍ਰਕਾਸ਼ਕ ਦਿੱਲੀ ਤੋਂ ਲਾਹੌਰ ਬੁੱਕ ਸ਼ਾਪ ਤੱਕ| ਸੰਗਮ ਪਬਲਿਸ਼ਰਜ਼ ਸਮਾਣਾ ਤੇ ਬਰਗਾੜੀ ਵਾਲਿਆਂ ਸਮੇਤ| ‘ਮੇਰੀ ਕਲਮ ਦੀ ਮੈਰਾਥਾਨ’ ਨਾਲ ਉਸ ਦੀਆਂ ਪੁਸਤਕਾਂ ਦੀ ਗਿਣਤੀ 50 ਹੋ ਚੁੱਕੀ ਹੈ| ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਕੋਈ ਹੋਰ ਛਪ ਜਾਵੇ ਤਾਂ ਹੈਰਾਨ ਨਾ ਹੋਣਾ|
ਸਰਵਣ ਨੇ ਬਚਪਨ ਵਿਚ ਡੰਗਰ ਵੀ ਚਾਰੇ, ਕਿਸ਼ੋਰ ਅਵਸਥਾ ਵਿਚ ਮੁਰੱਬੇਬੰਦੀ ਦੁਆਰਾ ਆਈ ਹਰੀ ਕ੍ਰਾਂਤੀ ਵੀ ਤੱਕੀ ਅਤੇ ਆਪਣੇ ਖੁਲ੍ਹੇ ਡੁਲ੍ਹੇ ਸੁਭਾਅ ਸਦਕਾ ਖੇਡਾਂ ਖਿਡਾਰੀਆਂ ਤੋਂ ਬਿਨਾਂ ਸਾਹਿਤ ਤੇ ਸਭਿਆਚਾਰ ਦੇ ਮਹਾਰਥੀਆਂ ਦੀ ਸੰਗਤ ਵੀ ਮਾਣੀ, ਜਿਨ੍ਹਾਂ ਨੂੰ ਆਪਣੇ ਸ਼ਬਦ ਚਿੱਤਰਾਂ ਵਿਚ ‘ਪੰਜਾਬ ਦੇ ਕੋਹੇਨੂਰ’ ਨਾਂ ਦਿੱਤਾ|
ਉਹ ਸ਼ਬਦਾਂ ਦਾ ਖਿਡਾਰੀ ਹੈ| ਮਿਲਖਾ ਸਿੰਘ ਨੂੰ ‘ਉਡਣਾ ਸਿੱਖ’ ਕਹਿਣ ਵਾਲੇ ਤਾਂ ਬਹੁਤ ਸਨ ਪਰ ਪ੍ਰਸਿਧ ਅਰਥਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ‘ਖੇਤੀ ਅਰਥਚਾਰੇ ਦਾ ਧਰੂ ਤਾਰਾ’ ਕਹਿਣ ਵਾਲਾ ਕੇਵਲ ਸਰਵਣ ਸਿੰਘ ਹੀ ਹੈ| ਭਾਰਤ ਦੀਆਂ ਏਸ਼ਿਆਈ ਖੇਡਾਂ ਤੇ ਬੰਬਈ ਦੀ ਵਿਸ਼ਵ ਹਾਕੀ ਹੀ ਨਹੀਂ ਉਸਦੀ ਕਲਮ ਨੇ ਕੈਨੇਡਾ ਦੀ ਪਤਝੜ ਦੇ ਰੰਗ ਵੀ ਖੂਬ ਪੜ੍ਹੇ ਹਨ| ਏਸ਼ਿਆਈ ਖੇਡਾਂ ਬਾਰੇ ਉਸਦੇ ਸ਼ਬਦ ਤੇ ਸ਼ੈਲੀ ਨੋਟ ਕਰੋ|
‘ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ ਤਾਂ ਪ੍ਰੈਸ ਬਾਕਸ ਵਿਚ ਮੇਰੇ ਆਲੇ ਦੁਆਲੇ ਪੂਰਬੀ ਏਸ਼ੀਆ ਦੀਆਂ ਗੋਰੀਆਂ ਪੀਲੀਆਂ ਕੌਮਾਂ ਦੇ ਫੀਨੀਆਂ ਨੱਕਾਂ ਤੇ ਟੋਪੀਦਾਰ ਅੱਖਾਂ ਵਾਲੇ ਮੀਡੀਆਕਾਰ ਹੀ ਨਹੀਂ ਅਰਬ ਮੁਲਕਾਂ ਦੇ ਚਿੱਟੇ ਚੋਗਿਆਂ ਵਾਲੇ ਨਾਮਾਨਿਗਾਰ ਵੀ ਬੈਠੇ ਸਨ| ਅਸਮਾਨ ਵਿਚ ਵੀ ਚਿਤਕਬਰੀਆਂ ਬਦਲੀਆਂ ਉਮਡ ਆਈਆਂ ਸਨ ਜਿਵੇਂ ਉਨ੍ਹਾਂ ਨੇ ਵੀ ਖੇਡਾਂ ਦੀਆਂ ਉਦਘਾਟਨੀ ਰੌਣਕਾਂ ਤੱਕਣੀਆਂ ਹੋਣ|
ਸਰਵਣ ਸਿੰਘ ਦੀ ਸ਼ੈਲੀ ਵਿਚ ਪੇਂਡੂ ਸ਼ਬਦਾਵਲੀ ਰਾਜ ਕਰਦੀ| ਇਕੱਲੀ ਕਬੱਡੀ ਦੀ ਖੇਡ ਬਾਰੇ ਲਿਖਦਿਆਂ ਉਸ ਨੇ ਦੋ ਦਰਜਨ ਸ਼ਬਦ ਪੰਜਾਬੀ ਦੀ ਝੋਲੀ ਪਾਏ ਸਨ| ਧੋਬੀ ਪਟੜਾ ਸਮੇਤ ਖੇਡਾਂ ਖਿਡਾਰੀਆਂ ਬਾਰੇ ਲਿਖਦਾ ਉਹ ਸਾਹਿਤਕ ਲੇਖਣੀ ਦੇ ਰਾਹ ਕਿਵੇਂ ਆ ਪਿਆ ਉਸਦੀ ਹਥਲੀ ਪੁਸਤਕ ਦਸਦੀ ਹੈ| ਇਹ ਕੇਵਲ ਉਸਦੀ ਕਲਮ ਦੀ ਮੈਰਾਥਾਨ ਨਾ ਹੋ ਕੇ ਸਵੈ-ਜੀਵਨੀ ਵੀ ਹੋ ਨਿਬੜਦੀ ਹੈ| ਉਸਦੀ ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਦਾ ਅਗਲਾ ਭਾਗ|
ਅੱਜ ਕਲ ਉਹ ਆਪਣੇ ਨਾਂ ਨਾਲ ਪ੍ਰਿੰਸੀਪਲ ਲਿਖਣ ਲਗ ਪਿਆ ਹੈ| ਇਸਦੀ ਕੀ ਲੋੜ ਪੈ ਗਈ ਉਹੀਓ ਜਾਣੇ| ਉਸਨੇ ਪੰਜਾਬੀ ਦੀ ਰਚਨਾਕਾਰੀ ਵਿਚ ਗੁਰਬਖਸ਼ ਸਿੰਘ, ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦਾ ਪੈਂਡਾ ਮਾਣਿਆ ਹੈ| ਚੇਤੇ ਰਹੇ ਕਿ ਉਹ ਮੁਕੰਦਪੁਰ ਤੋਂ ਪਹਿਲਾਂ ਢੁਡੀਕੇ ਦੇ ਕਾਲਜ ਵਿਚ ਪ੍ਰਿੰਸੀਪਲ ਰਿਹਾ ਹੈ| ‘ਮੇਰੀ ਕਲਮ ਦੀ ਮੈਰਾਥਾਨ’ ਵਾਲਾ ਪ੍ਰਿੰਸੀਪਲ ਸਰਵਣ ਸਿੰਘ|
ਪੰਜਾਬੀ ਟ੍ਰਿਬਿਊਨ ਦੇ 45 ਸਾਲ
ਏਸ ਮਹੀਨੇ ਪੰਜਾਬੀ ਟ੍ਰਿਬਿਊਨ ਨੂੰ ਛਪਦਿਆਂ 45 ਸਾਲ ਹੋ ਗਏ ਹਨ| ਇਸਨੂੰ ਸਲਾਮਤ ਕਰਨ ਵਾਲਿਆਂ ਵਿਚ ਐਮ. ਐਸ. ਰੰਧਾਵਾ ਪ੍ਰਧਾਨ ਸੀ ਤੇ ਸੇਧ ਦੇਣ ਵਾਲੇ ਸੰਪਾਦਕਾਂ ਵਿਚ ਬਰਜਿੰਦਰ ਸਿੰਘ ਹਮਦਰਦ ਜਿਸਨੂੰ ਅੱਗੇ ਜਾ ਕੇ ਸੁਰਿੰਦਰ ਸਿੰਘ ਤੇਜ ਨੇ ਖੂਬ ਨਿਭਾਇਆ|
ਅੰਤਿਕਾ
ਮਿਰਜ਼ਾ ਗ਼ਾਲਿਬ॥
ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ।