ਜਨਮ ਦਿਵਸ ਮੌਕੇ: ਹਾਕੀ ਦਾ ਜਾਦੂਗਰ ਧਿਆਨ ਚੰਦ ਉਰਫ ਧਿਆਨ ਸਿੰਘ

ਪ੍ਰਿੰ. ਸਰਵਣ ਸਿੰਘ
ਧਿਆਨ ਚੰਦ ਦਾ ਅਸਲੀ ਨਾਂ ਧਿਆਨ ਸਿੰਘ ਸੀ। ਜਦੋਂ ਉਹ ਫੌਜ `ਚ ਭਰਤੀ ਹੋ ਕੇ ਹਾਕੀ ਖੇਡਣ ਲੱਗਾ ਤਾਂ ਖੇਡਦਿਆਂ ਰਾਤ ਪੈ ਜਾਂਦੀ ਪਰ ਉਹ ਰਾਤ ਨੂੰ ਵੀ ਚੰਦ ਚਾਂਦਨੀ ਵਿਚ ਖੇਡਦਾ ਰਹਿੰਦਾ। ਚੰਦ ਦੇ ਚਾਨਣ ਵਿਚ ਖੇਡਦਾ ਹੋਣ ਕਰਕੇ ਉਹਦੇ ਫੌਜੀ ਸਾਥੀ ਉਸ ਨੂੰ ਧਿਆਨ ਚੰਦ ਕਹਿਣ ਲੱਗ ਪਏ ਅਤੇ ਉਸ ਦਾ ਨਾਂ ਹੀ ਧਿਆਨ ਸਿੰਘ ਤੋਂ ਧਿਆਨ ਚੰਦ ਪੱਕ ਗਿਆ।

ਉਸ ਦਾ ਜਨਮ 29 ਅਗਸਤ 1905 ਨੂੰ ਅਲਾਹਬਾਦ ਵਿਚ ਫੌਜੀ ਪਿਤਾ ਸਮੇਸ਼ਵਰ ਸਿੰਘ ਤੇ ਘਰੇਲੂ ਸੁਆਣੀ ਮਾਤਾ ਸ਼ਾਰਧਾ ਸਿੰਘ ਦੇ ਰਾਜਪੂਤ ਪਰਿਵਾਰ ਵਿਚ ਹੋਇਆ। ਉਸ ਦੇ ਦੋ ਭਰਾ ਹੋਰ ਸਨ ਮੂਲ ਸਿੰਘ ਤੇ ਰੂਪ ਸਿੰਘ। ਰੂਪ ਸਿੰਘ ਵੀ ਧਿਆਨ ਸਿੰਘ ਵਾਂਗ ਬ੍ਰਿਟਿਸ਼ ਇੰਡੀਆ ਦੀਆਂ ਹਾਕੀ ਟੀਮਾਂ ਵਿਚ ਖੇਡਦਾ ਰਿਹਾ ਅਤੇ ਭਰਾ ਨਾਲ ਗੋਲਾਂ ਦੀ ਝੜੀ ਲਾਉਂਦਾ ਰਿਹਾ। ਦੋਹੇਂ ਇਕ ਦੂਜੇ ਨੂੰ ਪਾਸ ਦਿੰਦੇ ਅਤੇ ਫਾਰਵਰਡ ਖੇਡਦੇ ਹੋਏ ਗੋਲ `ਤੇ ਗੋਲ ਕਰੀ ਜਾਂਦੇ। ਰੂਪ ਸਿੰਘ ਨੇ ਅਮਰੀਕਾ ਸਿਰ 12 ਗੋਲ ਕੀਤੇ। ਦੋਹਾਂ ਨੇ ਓਲੰਪਿਕ ਖੇਡਾਂ ਵਿਚੋਂ ਗੋਲਡ ਮੈਡਲ ਜਿੱਤੇ।
ਧਿਆਨ ਚੰਦ ਦਾ ਬਾਲ ਉਤੇ ਏਨਾ ਕੰਟਰੋਲ ਹੁੰਦਾ ਸੀ ਕਿ ਫਰਿਸ਼ਤੇ ਵੀ ਉਸ ਕੋਲੋਂ ਬਾਲ ਨਹੀਂ ਸਨ ਖੋਹ ਸਕਦੇ। ਉਹਦੀ ਡ੍ਰਿਬਲਿੰਗ ਚਕਾਚੌਂਧ ਕਰਨ ਵਾਲੀ ਸੀ ਅਤੇ ਅਛੋਪਲੇ ਜਿਹੇ ਸਰਕਾਏ ਪਾਸਾਂ ਦਾ ਕੋਈ ਅਨੁਮਾਨ ਨਹੀਂ ਸੀ ਲਾ ਸਕਦਾ ਕਿ ਕਿਸ ਨੂੰ ਦੇਵੇਗਾ? ਉਹ ਆਪਣੀ ਗੋਲ ਲਾਈਨ ਤੋਂ ਵਿਰੋਧੀ ਧਿਰ ਦੀ ਗੋਲ ਲਾਈਨ ਤਕ ਬਾਲ ਨੂੰ ਹਾਕੀ ਨਾਲ ਚਿਪਕਾਈ ਡੀ ਵਿਚ ਪਹੁੰਚਦਾ ਤੇ ਡਾਜ ਮਾਰ ਕੇ ਗੋਲ ਦਾ ਫੱਟਾ ਖੜਕਾ ਦਿੰਦਾ। ਇਕ ਵਾਰ ਨੀਦਰਲੈਂਡਜ਼ ਵਿਚ ਉਹਦੀ ਹਾਕੀ ਤੋੜ ਕੇ ਜਾਂਚ ਕੀਤੀ ਗਈ ਕਿ ਹਾਕੀ ਵਿਚ ਮਿਕਨਾਤੀਸ ਤਾਂ ਨਹੀਂ ਭਰਿਆ ਹੋਇਆ? ਇਕੇਰਾਂ ਉਹ ਡੀ `ਚੋਂ ਬਾਲ ਹਾਕੀ `ਤੇ ਚੁੱਕ ਕੇ ਵਿਰੋਧੀਆਂ ਦੀ ਡੀ ਵਿਚ ਪਹੁੰਚ ਗਿਆ ਤੇ ਹਵਾ ਵਿਚ ਹੀ ਗੋਲ ਕਰ ਆਇਆ ਸੀ। ਉਦੋਂ ਤੋਂ ਦਰਸ਼ਕ ਉਸ ਨੂੰ ‘ਹਾਕੀ ਦਾ ਜਾਦੂਗਰ’ ਕਹਿਣ ਲੱਗ ਪਏ ਸਨ।
ਓਲੰਪਿਕ ਖੇਡਾਂ ਵਿਚ ਗੋਲਡਨ ਹੈਟ ਟ੍ਰਿਕ ਮਾਰਨ (ਲਗਾਤਾਰ ਤਿੰਨ ਗੋਲਡ ਮੈਡਲ ਜਿੱਤਣ) ਸਮੇਤ ਉਸ ਨੇ 1926 ਤੋਂ 1964 ਤਕ 185 ਅੰਤਰਰਾਸ਼ਟਰੀ ਮੈਚਾਂ ਵਿਚ 570 ਗੋਲ ਕੀਤੇ। ਉਸ ਦੀ ਸਵੈ-ਜੀਵਨੀ ਦਾ ਨਾਂ ਵੀ ‘ਗੋਲ’ ਹੈ ਜੋ ਅੰਗਰੇਜ਼ੀ ਤੇ ਹਿੰਦੀ `ਚ ਛਪੀ ਹੈ। ਬੀਬੀਸੀ ਨੇ ਉਸ ਨੂੰ ਹਾਕੀ ਦਾ ਮੁਹੰਮਦ ਅਲੀ ਕਹਿ ਕੇ ਵਡਿਆਇਆ। ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ਦਾ ਨਾਂ ‘ਗੋਲਡਨ ਗੋਲ’ ਹੈ ਜੋ ਮੈਂ ਪੰਜਾਬੀ ਵਿਚ ਲਿਖੀ। ਭਾਰਤ ਸਰਕਾਰ ਨੇ ਧਿਆਨ ਚੰਦ ਨੂੰ ਪਦਮ ਭੂਸ਼ਨ ਪੁਰਸਕਾਰ ਦਿੱਤਾ ਅਤੇ ਉਸ ਦਾ ਜਨਮ ਦਿਵਸ 29 ਅਗਸਤ ਭਾਰਤ ਦੇ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਵੀ ਮੇਜਰ ਧਿਆਨ ਚੰਦ ਸਟੇਡੀਅਮ ਰੱਖ ਦਿੱਤਾ ਅਤੇ ਉਹਦੇ ਨਾਂ `ਤੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਤੇ ਹੋਰ ਅਵਾਰਡ ਦਿੱਤੇ ਜਾਂਦੇ ਹਨ। ਝਾਂਸੀ, ਗਵਾਲੀਅਰ, ਪਟਿਆਲੇ ਤੇ ਕੁਝ ਹੋਰਨੀਂ ਥਾਈਂ ਖੇਡ ਮੈਦਾਨਾਂ, ਖੇਡ ਭਵਨਾਂ ਤੇ ਖੇਡ ਹੋਸਟਲਾਂ ਦੀਆਂ ਇਮਾਰਤਾਂ ਨਾਲ ਉਸ ਦਾ ਨਾਂ ਜੋੜਿਆ ਗਿਆ ਹੈ। ਭਾਰਤ ਵਿਚ ਜਿੰਨੀ ਮਾਨਤਾ ਧਿਆਨ ਚੰਦ ਨੂੰ ਮਿਲੀ ਹੈ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੂੰ ਮਿਲੀ ਹੋਵੇ। ਇਹ ਵੱਖਰੀ ਗੱਲ ਹੈ ਕਿ ਭਾਰਤ ਰਤਨ ਪੁਰਸਕਾਰ ਹਾਲੇ ਤਕ ਕ੍ਰਿਕਟ ਦੇ ਖਿਡਾਰੀ ਸਚਿਨ ਤੇਂਦੁਲਕਰ ਤੋਂ ਬਿਨਾਂ ਕਿਸੇ ਹੋਰ ਖੇਡ ਦੇ ਖਿਡਾਰੀ ਨੂੰ ਨਹੀਂ ਮਿਲਿਆ।
ਓਲੰਪਿਕ ਖੇਡਾਂ ਵਿਚ ਜੇ ਕਿਸੇ ਖੇਡ `ਚ ਭਾਰਤੀ ਟੀਮਾਂ ਨੇ ਵਧੇਰੇ ਜਿੱਤਾਂ ਜਿੱਤੀਆਂ ਹਨ ਤਾਂ ਉਹ ਹਾਕੀ ਹੀ ਹੈ। ਇਸੇ ਲਈ ਹਾਕੀ ਨੂੰ ਭਾਰਤ ਦੀ ਕੌਮੀ ਖੇਡ ਕਿਹਾ ਜਾਂਦਾ ਹੈ। ਹਾਕੀ ਵਿਚ ਦੋ ਖਿਡਾਰੀਆਂ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਾਨਤਾ ਮਿਲੀ ਹੈ। 2012 ਦੀਆਂ ਓਲੰਪਿਕ ਖੇਡਾਂ ਸਮੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਸਫਰ `ਚੋਂ ਜੋ 16 ਓਲੰਪਿਕ ਆਈਕੋਨ ਚੁਣੇ ਉਨ੍ਹਾਂ ਵਿਚ ਭਾਰਤ ਦਾ ਹਾਕੀ ਖਿਡਾਰੀ ਬਲਬੀਰ ਸਿੰਘ ਵੀ ਹੈ। ਪ੍ਰਾਂਤਕ ਸਰਕਾਰਾਂ ਧਿਆਨ ਚੰਦ ਤੇ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਦੇਣ ਦੀਆਂ ਪੁਰਜ਼ੋਰ ਸਿਫ਼ਾਰਸ਼ਾਂ ਕਰਦੀਆਂ ਆ ਰਹੀਆਂ ਹਨ ਪਰ ਕੇਂਦਰੀ ਸਰਕਾਰਾਂ ਨੇ ਅਜੇ ਤਕ ਉਨ੍ਹਾਂ ਸਿਫਾਰਸ਼ਾਂ `ਤੇ ਅਮਲ ਨਹੀਂ ਕੀਤਾ। ਪੰਜਾਬ ਦੀਆਂ ਤਿੰਨ ਸਰਕਾਰਾਂ ਦੇ ਮੁੱਖ ਮੰਤਰੀਆਂ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਹੁਣ ਸ. ਭਗਵੰਤ ਮਾਨ ਨੇ ਵੀ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਜੇ ਕਿਸੇ ਕ੍ਰਿਕਟ ਦੇ ਖਿਡਾਰੀ ਨੂੰ ਭਾਰਤ ਰਤਨ ਦਿੱਤਾ ਜਾ ਸਕਦੈ ਤਾਂ ਰਾਸ਼ਟਰੀ ਖੇਡ ਹਾਕੀ ਦੇ ਖਿਡਾਰੀਆਂ ਨੂੰ ਕਿਉਂ ਨਹੀਂ?
ਧਿਆਨ ਚੰਦ ਦੇ ਪਿਤਾ ਸਮੇਸ਼ਵਰ ਸਿੰਘ ਬ੍ਰਿਟਿਸ਼ ਆਰਮੀ ਵਿਚ ਸਰਵਿਸ ਕਰਦੇ ਸਨ। ਉਨ੍ਹਾਂ ਦੀ ਜਿੱਥੇ ਜਿੱਥੇ ਬਦਲੀ ਹੁੰਦੀ ਪਰਿਵਾਰ ਨੂੰ ਵੀ ਉਥੇ ਜਾਣਾ ਪੈਂਦਾ। ਇਸ ਤਰ੍ਹਾਂ ਉਨ੍ਹਾਂ ਦੇ ਬੱਚਿਆਂ ਦੀ ਇਕੋ ਸਕੂਲ ਵਿਚ ਪੜ੍ਹਾਈ ਨਾ ਹੋ ਸਕੀ। ਧਿਆਨ ਚੰਦ ਉਚੇਰੀ ਤਾਲੀਮ ਨਾ ਲੈ ਸਕਿਆ ਤੇ ਛੇ ਜਮਾਤਾਂ ਪੜ੍ਹ ਕੇ ਸਕੂਲੋਂ ਹਟ ਗਿਆ। ਫਿਰ ਪਰਿਵਾਰ ਨੂੰ ਝਾਂਸੀ ਵਿਚ ਜ਼ਮੀਨ ਦਾ ਟੁਕੜਾ ਮਿਲ ਗਿਆ ਜਿਥੇ ਉਨ੍ਹਾਂ ਦਾ ਪੱਕਾ ਟਿਕਾਣਾ ਬਣ ਗਿਆ। ਝਾਂਸੀ ਰਹਿੰਦਿਆਂ ਜਦ ਉਹ 17 ਸਾਲਾਂ ਦਾ ਹੋਇਆ ਤਾਂ ਫੌਜ ਦੀ ਫਸਟ ਬ੍ਰਾਹਮਣਜ਼ ਰਜਮੈਂਟ ਵਿਚ ਸਿਪਾਹੀ ਵਜੋਂ ਭਰਤੀ ਹੋ ਗਿਆ। ਉਦੋਂ ਤਕ ਸਿਵਾਏ ਬੱਚਿਆਂ ਵਾਲੀਆਂ ਆਮ ਖੇਡਾਂ ਖੇਡਣ ਦੇ ਉਹਦੀ ਕਿਸੇ ਖੇਡ ਵਿਚ ਖ਼ਾਸ ਰੁਚੀ ਨਹੀਂ ਸੀ। ਸਿਰਫ਼ ਕੁਸ਼ਤੀ ਹੀ ਉਸ ਦਾ ਮਾੜਾ ਮੋਟਾ ਧਿਆਨ ਖਿੱਚਦੀ। ਹਾਕੀ ਖੇਡਣੀ ਤਾਂ ਦੂਰ ਦੀ ਗੱਲ ਉਸ ਨੇ ਹਾਕੀ ਫੜ ਕੇ ਵੀ ਨਹੀਂ ਸੀ ਵੇਖੀ। ਉਸ ਨੇ ਆਪਣੀਆਂ ਯਾਦਾਂ ਵਿਚ ਲਿਖਿਆ: ਜਦੋਂ ਮੈਂ ਪਹਿਲੀ ਬ੍ਰਾਹਮਣਜ਼ ਰਜਮੈਂਟ ਵਿਚ ਭਰਤੀ ਹੋਇਆ ਤਾਂ ਸਾਨੂੰ ਬਾਲ ਤਿਵਾੜੀ ਨਾਂ ਦਾ ਸੂਬੇਦਾਰ ਮੇਜਰ ਮਿਲਿਆ। ਉਹ ਹਾਕੀ ਦਾ ਬੜਾ ਵਧੀਆ ਖਿਡਾਰੀ ਸੀ ਅਤੇ ਨਵੇਂ ਰੰਗਰੂਟਾਂ `ਚ ਹਾਕੀ ਖੇਡਣ ਦਾ ਸ਼ੌਕ ਪੈਦਾ ਕਰ ਰਿਹਾ ਸੀ। ਉਸ ਨੇ ਮੈਨੂੰ ਵੀ ਹਾਕੀ ਖੇਡਣ ਦੀ ਚੇਟਕ ਲਾ ਦਿੱਤੀ। ਉਦੋਂ ਸਾਡੀ ਰਜਮੈਂਟ ਹਾਕੀ ਖੇਡਣ ਵਿਚ ਮੰਨੀ ਹੋਈ ਸੀ। ਸਾਡੇ ਕੋਲ ਇਕ ਖੁੱਲ੍ਹਾ ਖੇਡ ਮੈਦਾਨ ਸੀ ਜਿਥੇ ਅਸੀਂ ਵਿਹਲੇ ਟਾਈਮ ਹਾਕੀ ਖੇਡਦੇ ਰਹਿੰਦੇ। ਉਂਜ ਸਾਡਾ ਹਾਕੀ ਖੇਡਣ ਦਾ ਕੋਈ ਪੱਕਾ ਸਮਾਂ ਨਹੀਂ ਸੀ। ਕਈ ਵਾਰ ਹਾਕੀ ਖੇਡਦਿਆਂ ਰਾਤ ਪੈ ਜਾਂਦੀ ਤੇ ਮੈਨੂੰ ਚੰਦ ਚਾਂਦਨੀ `ਚ ਖੇਡਣਾ ਹੋਰ ਵੀ ਚੰਗਾ ਲੱਗਦਾ।
ਕੁਝ ਸਮੇਂ ਬਾਅਦ ਫਸਟ ਬ੍ਰਾਹਮਣਜ਼ ਰਜਮੈਂਟ ਫਸਟ ਪੰਜਾਬ ਰਜਮੈਂਟ ਵਿਚ ਤਬਦੀਲ ਹੋ ਗਈ। 1922-26 ਵਿਚਕਾਰ ਧਿਆਨ ਚੰਦ ਕੇਵਲ ਫੌਜੀ ਟੂਰਨਾਮੈਂਟ ਹੀ ਖੇਡਿਆ। 1926 ਵਿਚ ਉਹ ਇੰਡੀਅਨ ਆਰਮੀ ਟੀਮ ਦਾ ਮੈਂਬਰ ਬਣ ਕੇ ਨਿਊਜ਼ੀਲੈਂਡ ਟੂਰ `ਤੇ ਗਿਆ ਜਿਥੇ ਟੀਮ ਨੇ 18 ਮੈਚ ਜਿੱਤੇ, ਦੋ ਮੈਚ ਬਰਾਬਰ ਰਹੇ ਤੇ ਇਕ ਹਾਰਿਆ। ਨਿਊਜ਼ੀਲੈਂਡ ਦੇ ਦਰਸ਼ਕਾਂ ਤੇ ਅਖ਼ਬਾਰਾਂ ਤੋਂ ਧਿਆਨ ਚੰਦ ਨੂੰ ਭਰਵੀਂ ਦਾਦ ਮਿਲੀ। ਉਸ ਨੇ ਨੌਕਰੀ ਕਰਨ ਨਾਲ ਪੜ੍ਹਾਈ ਵੀ ਜਾਰੀ ਰੱਖੀ ਤੇ ਪ੍ਰਾਈਵੇਟ ਤੌਰ `ਤੇ 1932 ਵਿਚ ਵਿਕਟੋਰੀਆ ਕਾਲਜ ਗਵਾਲੀਅਰ ਤੋਂ ਗ੍ਰੈਜੂਏਸ਼ਨ ਕਰ ਲਈ ਜੋ ਅੱਗੇ ਜਾ ਕੇ ਉਹਦੇ ਬੜੇ ਕੰਮ ਆਈ। ਵਾਪਸ ਦੇਸ਼ ਪਰਤਣ `ਤੇ 1927 ਵਿਚ ਧਿਆਨ ਚੰਦ ਨੂੰ ਲਾਇੰਸ ਨਾਇਕ ਬਣਾ ਦਿੱਤਾ ਗਿਆ।
ਇੰਡੀਅਨ ਹਾਕੀ ਵਿਚ ਵੱਡੀ ਛਾਲ ਉਦੋਂ ਵੱਜੀ ਜਦੋਂ ਇੰਡੀਅਨ ਹਾਕੀ ਫੈਡਰੇਸ਼ਨ ਨੇ 1928 ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਟੀਮ ਐਮਸਟਰਡਮ ਭੇਜੀ। ਉਸ ਟੀਮ ਵਿਚ ਧਿਆਨ ਚੰਦ ਨੂੰ ਸੈਂਟਰ ਫਾਰਵਰਡ ਪਾਇਆ ਗਿਆ। ਐਮਸਟਰਡਮ ਜਾਣ ਤੋਂ ਪਹਿਲਾਂ ਇੰਡੀਆ ਵਿਚ ਇੰਟਰ ਪ੍ਰੋਵਿੰਸ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਸੀ ਜਿਸ ਵਿਚ ਯੂ.ਪੀ., ਸੀ.ਪੀ., ਪੰਜਾਬ, ਬੰਗਾਲ ਤੇ ਰਾਜਪੂਤਾਨਾ ਦੀਆਂ ਹਾਕੀ ਟੀਮਾਂ ਭਾਗ ਲੈਣ ਲੱਗ ਪਈਆਂ ਸਨ। ਓਲੰਪਿਕ ਖੇਡਾਂ `ਚ ਜਾਣ ਸਮੇਂ ਇੰਡੀਅਨ ਹਾਕੀ ਫੈਡਰੇਸ਼ਨ ਪਾਸ ਪੈਸਿਆਂ ਦੀ ਘਾਟ ਸੀ। ਸਮੁੰਦਰੀ ਜਹਾਜ਼ `ਚ ਚੜ੍ਹਨ ਤੋਂ ਪਹਿਲਾਂ ਉਸ ਟੀਮ ਦਾ ਇਕ ਨੁਮਾਇਸ਼ੀ ਮੈਚ ਬੰਬੇ ਇਲੈਵਨ ਨਾਲ ਕਰਾ ਕੇ ਕੁਝ ਪੈਸੇ `ਕੱਠੇ ਕੀਤੇ ਗਏ। ਹੈਰਾਨੀ ਦੀ ਗੱਲ ਸੀ ਕਿ ਇੰਡੀਆ ਦੀ ਟੀਮ ਬੰਬੇ ਇਲੈਵਨ ਤੋਂ 3-2 ਗੋਲਾਂ ਨਾਲ ਹਾਰ ਗਈ! ਤਸੱਲੀ ਦੀ ਗੱਲ ਇਹੋ ਸੀ ਕਿ ਇੰਡੀਆ ਦੀ ਟੀਮ ਵੱਲੋਂ ਦੋਵੇਂ ਗੋਲ ਧਿਆਨ ਚੰਦ ਨੇ ਕੀਤੇ। ਉਸ ਵੇਲੇ ਕੇਵਲ ਤਿੰਨ ਜਣਿਆਂ ਨੇ ਟੀਮ ਨੂੰ ਵਿਦਾ ਕੀਤਾ।
ਇੰਡੀਆ ਦੀ ਹਾਕੀ ਟੀਮ ਲੈ ਕੇ ਜਾਣ ਵਾਲਾ ਜਹਾਜ਼ ਐਮਸਟਰਡਮ ਪੁੱਜਾ ਤਾਂ ਬਰਤਾਨੀਆ ਨੇ ਆਪਣੀ ਹਾਕੀ ਟੀਮ ਓਲੰਪਿਕ ਖੇਡਾਂ `ਚੋਂ ਵਾਪਸ ਲੈ ਲਈ। ਉਸ ਨੂੰ ਡਰ ਸੀ ਕਿ ਬ੍ਰਿਟਿਸ਼ ਇੰਡੀਆ ਹੱਥੋਂ ਹਾਰ ਨਾ ਜਾਵੇ ਜੋ ਵੱਡੀ ਨਮੋਸ਼ੀ ਵਾਲੀ ਗੱਲ ਹੋਣੀ ਸੀ ਕਿ ਹਾਕਮ ਆਪਣੇ ਗ਼ੁਲਾਮਾਂ ਕੋਲੋਂ ਹਾਰ ਗਏ! ਜਦੋਂ ਤਕ ਬਰਤਾਨੀਆ ਇੰਡੀਆ ਉਤੇ ਰਾਜ ਕਰਦਾ ਰਿਹਾ ਉਹ ਕਦੇ ਵੀ ਇੰਡੀਆ ਖ਼ਿਲਾਫ ਹਾਕੀ ਨਾ ਖੇਡਿਆ। ਇਹ ਵੱਖਰੀ ਗੱਲ ਹੈ ਕਿ ਐਂਗਲੋ-ਇੰਡੀਅਨ ਖਿਡਾਰੀ ਇੰਡੀਆ ਵੱਲੋਂ ਖੇਡਦੇ ਰਹੇ। ਇਹਦਾ ਵਿਸਥਾਰ ਉਸ ਸਮੇਂ ਦੇ ਅਖ਼ਬਾਰਾਂ ਵਿਚ ਛਪਿਆ।
24 ਅਪ੍ਰੈਲ 1928 ਨੂੰ ਇੰਡੀਆ ਦੀ ਟੀਮ ਐਮਸਟਰਡਮ ਅੱਪੜੀ। 17 ਮਈ ਨੂੰ ਓਲੰਪਿਕ ਹਾਕੀ ਦੇ ਮੈਚ ਸ਼ੁਰੂ ਹੋਏ। ਇੰਡੀਆ ਨੇ ਪਹਿਲੇ ਮੈਚ ਵਿਚ ਆਸਟਰੀਆ ਨੂੰ 6-0 ਗੋਲਾਂ ਨਾਲ ਹਰਾਇਆ ਜਿਸ ਵਿਚ ਧਿਆਨ ਚੰਦ ਨੇ 3 ਗੋਲ ਕੀਤੇ। ਅਗਲੇ ਦਿਨ ਬੈਲਜੀਐਮ ਸਿਰ 9-0 ਗੋਲ ਕੀਤੇ ਜਿਨ੍ਹਾਂ `ਚ ਧਿਆਨ ਚੰਦ ਇਕੋ ਗੋਲ ਕਰ ਸਕਿਆ। 20 ਮਈ ਦਾ ਮੈਚ ਇੰਡੀਆ ਨੇ ਡੈੱਨਮਾਰਕ ਨੂੰ 5-0 ਗੋਲਾਂ ਨਾਲ ਹਰਾ ਕੇ ਜਿੱਤਿਆ ਜਿਸ `ਚ ਧਿਆਨ ਚੰਦ ਨੇ ਫਿਰ 3 ਗੋਲ ਕੀਤੇ। ਅਗਲਾ ਮੈਚ ਸਵਿਟਰਜ਼ਰਲੈਂਡ ਵਿਰੁੱਧ ਸੀ ਜੋ ਧਿਆਨ ਚੰਦ ਦੇ 4 ਗੋਲਾਂ ਸਮੇਤ ਇੰਡੀਆ ਨੇ 6-0 ਗੋਲਾਂ ਨਾਲ ਜਿੱਤਿਆ। ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡਜ਼ ਵਿਰੁਧ ਸੀ। ਉਸ ਵਿਚ ਧਿਆਨ ਚੰਦ ਨੇ 2 ਗੋਲ ਕੀਤੇ ਤੇ ਇੰਡੀਆ 3-0 ਗੋਲਾਂ ਨਾਲ ਗੋਲਡ ਮੈਡਲ ਜਿੱਤ ਗਿਆ। ਧਿਆਨ ਚੰਦ 14 ਗੋਲਾਂ ਨਾਲ ਟੌਪ ਸਕੋਰਰ ਰਿਹਾ। ਉਦੋਂ ਅਖ਼ਬਾਰਾਂ `ਚ ਛਪਿਆ ਕਿ ਇੰਡੀਅਨ ਖਿਡਾਰੀ ਚਮਤਕਾਰੀ ਹਾਕੀ ਖੇਡਦੇ ਹਨ। ਨੀਦਰਲੈਂਡਜ਼ ਦੇ ਅਧਿਕਾਰੀਆਂ ਨੇ ਧਿਆਨ ਚੰਦ ਦੀ ਹਾਕੀ ਦੀ ਪੂਰੀ ਪਰਖ ਕੀਤੀ ਕਿ ਇਸ ਵਿਚ ਮੈਗਨਿਟ ਤਾਂ ਨਹੀਂ ਪਾਇਆ ਹੋਇਆ? ਇਕ ਬੁੱਢੀ ਔਰਤ ਨੇ ਤਾਂ ਆਪਣੀ ਖੂੰਡੀ ਧਿਆਨ ਚੰਦ ਨੂੰ ਫੜਾ ਕੇ ਕਿਹਾ: ਤਦ ਮੰਨਾਂਗੀ ਜੇ ਆਪਣੀ ਹਾਕੀ ਦੀ ਥਾਂ ਇਸ ਖੂੰਡੀ ਨਾਲ ਗੋਲ ਕਰ ਕੇ ਵਿਖਾਵੇਂ। ਧਿਆਨ ਚੰਦ ਨੇ ਉਸ ਖੂੰਡੀ ਨਾਲ ਵੀ ਗੋਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ! ਇੰਡੀਆ ਦੀ ਹਾਕੀ ਟੀਮ ਨੂੰ ਵਿਦਾ ਕਰਨ ਵੇਲੇ ਬੇਸ਼ਕ ਤਿੰਨ ਜਣੇ ਹੀ ਹਾਜ਼ਰ ਸਨ ਪਰ ਗੋਲਡ ਮੈਡਲ ਜਿੱਤ ਕੇ ਮੁੜੀ ਟੀਮ ਦਾ ਸਵਾਗਤ ਕਰਨ ਵੇਲੇ ਹਜ਼ਾਰਾਂ ਲੋਕ ਹਾਜ਼ਰ ਹੋਏ!
1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿਚ ਹੋਈਆਂ ਜਿਥੇ ਹਾਕੀ ਦੀਆਂ ਕੇਵਲ ਤਿੰਨ ਇੰਡੀਆ, ਜਪਾਨ ਤੇ ਹੋਸਟ ਅਮਰੀਕਾ ਦੀਆਂ ਟੀਮਾਂ ਨੇ ਭਾਗ ਲਿਆ। ਉਥੇ ਇੰਡੀਆ ਦੀ ਟੀਮ ਨੇ ਗੋਲ ਕਰਨ ਦੀ `ਨੇ੍ਹਰੀ ਲਿਆ ਦਿੱਤੀ। ਉਸ ਨੇ ਸ਼ੁਗਲ ਕਰਦਿਆਂ ਜਪਾਨ ਨੂੰ 11-1 ਤੇ ਅਮਰੀਕਾ ਨੂੰ 24-1 ਗੋਲਾਂ ਨਾਲ ਹਰਾ ਕੇ ਦੂਜੀ ਵਾਰ ਗੋਲਡ ਮੈਡਲ ਜਿੱਤ ਲਿਆ। ਇੰਡੀਆ ਦੇ ਕੁਲ 35 ਗੋਲਾਂ `ਚੋਂ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ ਨੇ 25 ਗੋਲ ਕੀਤੇ। 1936 ਦੀਆਂ ਓਲੰਪਿਕ ਖੇਡਾਂ ਸਮੇਂ ਧਿਆਨ ਚੰਦ ਨੂੰ ਇੰਡੀਆ ਦੀ ਟੀਮ ਦਾ ਕਪਤਾਨ ਬਣਾਇਆ ਗਿਆ। ਬਰਲਿਨ ਵਿਚ ਹਜ਼ਾਰਾਂ ਦੀ ਗਿਣਤੀ `ਚ ਦਰਸ਼ਕਾਂ ਨੇ ਹਾਕੀ ਦੀ ਖੇਡ ਵੇਖੀ। ਜਰਮਨੀ ਦਾ ਡਿਕਟੇਟਰ ਹਿਟਲਰ ਵੀ ਹਾਜ਼ਰ ਸੀ। ਉਥੇ ਇੰਡੀਆ ਨੇ ਹੰਗਰੀ ਨੂੰ 4-1, ਅਮਰੀਕਾ ਨੂੰ 7-0, ਜਪਾਨ ਨੂੰ 9-0, ਫਰਾਂਸ ਨੂੰ ਸੈਮੀ ਫਾਈਨਲ `ਚ 10-0 ਅਤੇ ਫਾਈਨਲ ਮੈਚ ਵਿਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਗੋਲਡ ਮੈਡਲਾਂ ਦਾ ਹੈਟ ਟ੍ਰਿਕ ਮਾਰਿਆ। ਧਿਆਨ ਚੰਦ ਨੇ ਫਾਈਨਲ ਮੈਚ ਵਿਚ 3 ਗੋਲ ਕੀਤੇ। ਤਿੰਨ ਓਲੰਪਿਕਸ ਵਿਚ ਉਹ 12 ਮੈਚ ਖੇਡਿਆ ਜਿਨ੍ਹਾਂ `ਚ 33 ਗੋਲ ਕਰ ਕੇ ਦੁਨੀਆ ਨੂੰ ਦੰਗ ਕਰ ਗਿਆ! 1940 ਤੇ 1944 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। ਜੇਕਰ ਉਹ ਵੀ ਹੋ ਜਾਂਦੀਆਂ ਤਾਂ ਧਿਆਨ ਚੰਦ ਦੇ ਓਲੰਪਿਕ ਗੋਲਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਹੁੰਦੀ? ਅਡੋਲਫ ਹਿਟਲਰ ਨੇ ਐਵੇਂ ਨਹੀ ਸੀ ਉਸ ਨੂੰ ਫੌਜ ਦਾ ਵੱਡਾ ਅਫਸਰ ਬਣਾਉਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਨਿਮਰਤਾ ਸਹਿਤ ਨਹੀਂ ਸੀ ਮੰਨੀ।
ਦੇਸ਼ ਆਜ਼ਾਦ ਹੋਣ ਪਿੱਛੋਂ ਭਾਰਤ ਨੇ ਉਸ ਨੂੰ ਮੇਜਰ ਦਾ ਖ਼ਿਤਾਬ ਦੇ ਕੇ ਸੇਵਾ ਮੁਕਤ ਕੀਤਾ। 1956 ਵਿਚ ਪਦਮ ਭੂਸ਼ਨ ਦਾ ਪੁਰਸਕਾਰ ਦਿੱਤਾ। ਬਾਅਦ ਵਿਚ ਉਹ ਭਾਰਤੀ ਟੀਮਾਂ ਨੂੰ ਕੋਚਿੰਗ ਦਿੰਦਾ ਰਿਹਾ। ਉਮਰ ਦੇ ਆਖ਼ਰੀ ਦਿਨ ਉਸ ਨੇ ਤੰਗੀ ਤੁਰਸ਼ੀ `ਚ ਕੱਟੇ। ਉਸ ਨੂੰ ਜਿਗਰ ਦਾ ਕੈਂਸਰ ਹੋ ਗਿਆ ਸੀ ਤੇ ਉਹ 3 ਦਸੰਬਰ 1979 ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਵਿਚ ਪਰਲੋਕ ਸਿਧਾਰ ਗਿਆ। ਉਹਦਾ ਬੁੱਤ ਗਵਾਲੀਅਰ ਦੀ ਇਕ ਪਹਾੜੀ `ਤੇ ਸਥਾਪਿਤ ਕੀਤਾ ਗਿਆ ਅਤੇ 1980 ਵਿਚ ਧਿਆਨ ਚੰਦ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ। ਧਿਆਨ ਚੰਦ ਇਕ ਲੀਜੈਂਡ ਸੀ ਜਿਸ ਦੀ ਦੰਦ ਕਥਾ ਬਣ ਗਈ ਹੈ। 29 ਅਗਸਤ ਦਾ ਦਿਨ ਹਰ ਸਾਲ ਆਉਂਦਾ ਰਹੇਗਾ ਤੇ ‘ਹਾਕੀ ਦਾ ਜਾਦੂਗਰ’ ਧਿਆਨ ਚੰਦ ਉਰਫ਼ ਧਿਆਨ ਸਿੰਘ ਵਾਰ ਵਾਰ ਯਾਦ ਕੀਤਾ ਜਾਂਦਾ ਰਹੇਗਾ।