ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਚਰਚਿਤ ਕਹਾਣੀਕਾਰ ਹਰਪ੍ਰੀਤ ਸੇਖਾ (ਕੈਨੇਡਾ) ਦਾ ਪਲੇਠਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਕਰਨਵੀਰ
ਪਾਣੀ ਵਾਲੇ ਜੱਗ ਭਰਦੇ ਅਤੇ ਫਿਰ ਖਾਲੀ ਹੋਈਆਂ ਪਲੇਟਾਂ ਚੁੱਕਦੇ ਕਰਨਵੀਰ ਨੇ ਨਿਗ੍ਹਾ ਰੱਖੀ ਕਿ ਕਦੋਂ ਜੀਤੀ ‘ਬ੍ਰੇਕ’ ਲਈ ਜਾਵੇਗੀ, ਉਦੋਂ ਹੀ ਉਹ ਜਾਵੇਗਾ ਪਰ ਦਿਲਰੀਤ ਨੇ ਉਸ ਦੀ ਇਹ ਇੱਛਾ ਪੂਰੀ ਨਾ ਹੋਣ ਦਿੱਤੀ, ਉਸ ਨੇ ਕਰਨਵੀਰ ਨੂੰ ਪਹਿਲਾਂ ‘ਬ੍ਰੇਕ’ ਲਈ ਭੇਜ ਦਿੱਤਾ।
ਖਾਣਾ ਖਾ ਕੇ ਕਰਨਵੀਰ ਮੁੜ ਜੂਠੀਆਂ ਪਲੇਟਾਂ ਮੇਜ਼ਾਂ ਤੋਂ ਚੁੱਕਣ ਲੱਗਾ। ਰਸੋਈ ਵਿਚ ਭਾਂਡੇ ਧੋਣ ਵਾਲੀ ਮਸ਼ੀਨ ਦੇ ਮੂਹਰੇ ਪਏ ਸਟੀਲ ਦੇ ਮੇਜ਼ਾਂ ’ਤੇ ਪਲੇਟਾਂ ਰੱਖਣ ਆਏ ਕਰਨਵੀਰ ਨੂੰ ਲੱਗਾ ਜਿਵੇਂ ਪਲੇਟਾਂ ਸਾਫ਼ ਕਰ ਰਹੀ ਔਰਤ ਰੋ ਰਹੀ ਹੋਵੇ। ਕਰਨਵੀਰ ਨੇ ਪੈਰ ਮਲ ਲਿਆ ਅਤੇ ਧਿਆਨ ਨਾਲ਼ ਦੇਖਿਆ। ਉਸ ਦੀ ਸ਼ੱਕ ਸਹੀ ਸੀ। ਪਹਿਲਾਂ ਇਸ ਥਾਂ ‘ਤੇ ਦੋ ਔਰਤਾਂ ਕੰਮ ਕਰ ਰਹੀਆਂ ਸਨ। ਇਕ ਚਲੀ ਗਈ ਸੀ। ਕਈ ਹੋਰਾਂ ਦੇ ਨਾਲ਼-ਨਾਲ਼ ਉਸ ਦੀ ਵੀ ਸ਼ਿਫਟ ਖਤਮ ਹੋ ਗਈ ਹੋਵੇਗੀ। ਸ਼ਾਇਦ ਕੰਮ ਦੇ ਲੋਡ ਕਰ ਕੇ ਜਾਂ ਥਕੇਵੇਂ ਕਰ ਕੇ ਇਹ ਰੋ ਰਹੀ ਹੋਵੇਗੀ। ਕਰਨਵੀਰ ਨੇ ਸੋਚਿਆ। ਉਹ ਬੋਲਿਆ, “ਆਂਟੀ, ਕੀ ਗੱਲ ਏ?” ਆਂਟੀ ਨੇ ਆਪਣੀ ਬਾਂਹ ਨਾਲ਼ ਅੱਖਾਂ ਪੂੰਝਣ ਦੀ ਕੋਸ਼ਿਸ਼ ਕਰਦਿਆਂ ਸਿਰ ਫੇਰਿਆ। “ਮੈਂ ਥੋਡੀ ਹੈਲਪ ਕਰ ਦਿੰਨਾ ਵਾਂ। ਤੁਸੀਂ ਥੱਕ ਗਏ ਹੋਵੋਂਗੇ। ਬ੍ਰੇਕ ਲੈ ਲਵੋ।” ਕਰਨਵੀਰ ਨੇ ਕਿਹਾ। ਆਂਟੀ ਨੇ ਬੁੱਲ੍ਹਾਂ ਵਿਚ ਹੀ ਕੁਝ ਕਿਹਾ ਜਿਹੜਾ ਕਰਨਵੀਰ ਨੂੰ ਨਾ ਸੁਣਿਆ। ਉਹ ਬੋਲਿਆ, “ਮੈਂ ਸੁਪਰਵਾਈਜ਼ਰ ਨੂੰ ਪੁੱਛ ਕੇ ਆਉਨਾ ਵਾਂ ਤੇ ਤੁਹਾਡੇ ਨਾਲ਼ ਲਗਦਾ ਵਾਂ ਇੱਥੇ।” ਆਂਟੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ।
ਕਰਨਵੀਰ ਨੇ ਹਾਲ ਵਿਚ ਜਾ ਕੇ ਦਿਲਰੀਤ ਨੂੰ ਪੁੱਛਿਆ ਤਾਂ ਉਹ ਬੋਲੀ, “ਪਹਿਲਾ ਦਿਨ ਐ। ਵਿਜ਼ਟਰ ਐ। ਇੰਡੀਆ ਦੀ ਸਰਦਾਰੀ ਯਾਦ ਕਰ ਕੇ ਮਨ ਖ਼ਰਾਬ ਹੋ ਗਿਆ ਹੋਵੇਗਾ। ਕੋਈ ਨਹੀਂ, ਉਹ ਮੈਨੇਜ ਕਰ ਲਊ। ਤੂੰ ਆਪਣਾ ਕੰਮ ਨਬੇੜ ਲੈ।” ਕਰਨਵੀਰ ਨੂੰ ਦਿਲਰੀਤ ਦੀ ਆਵਾਜ਼ ਵੀ ਉਦਾਸ ਹੋ ਗਈ ਲੱਗੀ। ਕਰਨਵੀਰ ਮੁੜ ਜੂਠੀਆਂ ਪਲੇਟਾਂ ਚੁੱਕਣ ਲੱਗਾ। ਉਸ ਦੀਆਂ ਅੱਖਾਂ ਮੂਹਰੇ ਆਪਣੀ ਮਾਂ ਦਾ ਚਿਹਰਾ ਆ ਗਿਆ। ਅਗਲੀ ਵਾਰ ਰਸੋਈ ਵਿਚ ਗਏ ਕਰਨਵੀਰ ਨੇ ਪਲੇਟਾਂ ਵਿਚਲੇ ਵਧੇ ਖਾਣੇ ਨੂੰ ਪਹਿਲਾਂ ਗਾਰਬੇਜ ਕੈਨ ਵਿਚ ਸੁੱਟਿਆ ਤੇ ਫਿਰ ਪਲੇਟਾਂ ਮੇਜ਼ ‘ਤੇ ਰੱਖੀਆਂ। ਉਸ ਨੇ ਆਸੇ-ਪਾਸੇ ਨਿਗ੍ਹਾ ਮਾਰੀ, ਦਿਲਰੀਤ ਕਿਤੇ ਨਹੀਂ ਸੀ। ਉਹ ਹੋਰ ਪਲੇਟਾਂ ਵਿਚਲੀ ਜੂਠ ਵੀ ਕੂੜੇ ਵਿਚ ਸੁੱਟਣ ਲੱਗਾ। ਅਗਲੇ ਗੇੜੇ ਉਸ ਨੇ ਜੂਠ ਨਾਲ਼ ਭਰੇ ਗਾਰਬੇਜ ਬੈਗਾਂ ਨੂੰ ਕੈਨਾਂ ਵਿਚੋਂ ਕੱਢਿਆ ਅਤੇ ਰਸੋਈ ਤੋਂ ਬਾਹਰ ਰੱਖੇ ਕੂੜੇ ਦੇ ਹੋਰ ਬੈਗਾਂ ਦੇ ਨਾਲ਼ ਰੱਖ ਆਇਆ। ਹਾਲ ਵਿਚ ਮੁੜ ਕੇ ਗਏ ਨੂੰ ਜੀਤੀ ਬੋਲੀ, “ਤੂੰ ਕਿਚਨ ‘ਚ ਕੁਝ ਜ਼ਿਆਦਾ ਹੀ ਨਹੀਂ ਟਾਈਮ ਲਾਉਣ ਲੱਗਾ?”
ਕਰਨਵੀਰ ਨੇ ਉਸ ਨੂੰ ਆਂਟੀ ਬਾਰੇ ਦੱਸਿਆ। ਉਹ ਬੋਲੀ, “ਮੈਨੂੰ ਪਤੈ। ਪਹਿਲਾਂ ਓਨ੍ਹਾਂ ਦੀ ਬੇਟੀ ਵੀ ਸਾਡੇ ਨਾਲ਼ ਹੀ ਕੰਮ ਕਰਦੀ ਸੀ। ਉਹ ਵੀ ਸਟੂਡੈਂਟ ਐ। ਉਹਦੀ ਫ਼ੀਸ ਬਣਾਉਣ ‘ਚ ਹੈਲਪ ਕਰਨ ਲਈ ਆਏ ਆ ਪਰ ਪਤਾ ਨਹੀਂ ਸੀ ਕਿ ਏਦਾਂ ਦੇ ਕੰਮ ਕਰਨੇ ਪੈਣਗੇ। ਆਪੇ ਠੀਕ ਹੋ ਜਾਣਗੇ। ਪਹਿਲਾ ਦਿਨ ਤਾਂ ਔਖਾ ਲਗਦਾ ਈ ਹੁੰਦੈ। ਤੈਨੂੰ ਨੀ ਲੱਗਦਾ?”
“ਔਖਾ ਤਾਂ ਨਹੀਂ ਲਗਦਾ, ਓਪਰਾ ਜਿਹਾ ਲਗਦਾ ਏ। ਆਪਣੇ ਲੋਕਾਂ ‘ਚ ਬਹਿਰਾ ਜਿਹਾ ਬਣਿਆ ਲਗਦਾ ਵਾਂ—।” ਕਰਨਵੀਰ ਨੇ ਆਪਣੀ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਨ੍ਹਾਂ ਨੂੰ ਲਲਕਾਰਾ ਸੁਣਿਆ। ਉਨ੍ਹਾਂ ਨੇ ਆਵਾਜ਼ ਵਾਲੇ ਪਾਸੇ ਦੇਖਿਆ। ‘ਡਾਂਸ ਫਲੋਰ’ ਦੇ ਨੇੜੇ ਕੋਈ ਉੱਚੀ ਆਵਾਜ਼ ’ਚ ਆਖ ਰਿਹਾ ਸੀ, “ਨੋ ਨੋ, ਨੋ ਡਿਨਰ। ਹੋਰ ਭੰਗੜਾ ਪਾਉਣੈ। ਪਾਓ ਬਈ ਤੁਸੀਂ ਵੀ। ਕੋਈ ਨੀ ਰੋਕ ਸਕਦਾ ਸਾਨੂੰ। ਇਟਸ ਮਾਈ ਬੱਡੀਜ਼ ਹਾਲ।” ਤੇ ਫਿਰ ਉਹ ਬਾਹਾਂ ਮਾਰਦਾ ਗਾਉਣ ਲੱਗਾ, “ਅਭੀ ਤੋ ਰਾਤ ਜਵਾਂ ਹੈ—।”
“ਲੈ ਅੱਜ ਨਹੀਂ ਜਾਣ ਦਿੰਦੇ ਦੋ ਵਜੇ ਤੋਂ ਪਹਿਲਾਂ।” ਜੀਤੀ ਬੋਲੀ। ਕਰਨਵੀਰ ਨੇ ਉਸ ਵੱਲ ਦੇਖਿਆ। ਉਹ ਫਿਰ ਬੋਲੀ, “ਹੁਣ ਤਾਂ ਜੀਅ ਕਰਦੈ ਐਥੇ ਈ ਲੇਟ ਜਾਈਏ। ਪੈਰ ਦੁਖਣ ਲੱਗੇ ਆ।”
“ਤੂੰ ਆਰਾਮ ਕਰ ਲੈ, ਮੈਂ ਚੁੱਕ ਦਿੰਨਾ ਵਾਂ ਇਹ।” ਕਰਨਵੀਰ ਨੇ ਮੇਜ਼ ਵੱਲ ਹੱਥ ਕਰ ਕੇ ਕਿਹਾ।
“ਜਿੰਨਾ ਚਿਰ ਇਹ ਨੀ ਜਾਂਦੇ, ਕਿੱਥੇ ਆਰਾਮ ਹੋਣੈ।” ਜੀਤੀ ਨੇ ਨੱਚ ਰਿਹਾਂ ਵੱਲ ਇਸ਼ਾਰਾ ਕਰ ਕੇ ਕਿਹਾ। ਉੱਥੇ ਚਾਲ਼ੀ-ਪੰਜਾਹ ਜਣੇ ਰਹਿ ਗਏ ਸਨ। ਕਰਨਵੀਰ ਹੋਰੀਂ ਚਾਰ ਮੇਜ਼ਾਂ ਨੂੰ ਛੱਡ ਕੇ ਬਾਕੀਆਂ ਨੂੰ ਸਮੇਟਣ ਲੱਗੇ। ਸਾਢੇ ਕੁ ਬਾਰਾਂ ਵਜੇ ਤਕ ਪੰਦਰਾਂ-ਵੀਹ ਪ੍ਰਾਹੁਣੇ ਰਹਿ ਗਏ। ਜੀਤੀ ਦੇ ਮੁਰਝਾਏ ਚਿਹਰੇ ਵੱਲ ਦੇਖ ਕੇ ਕਰਨਵੀਰ ਬੋਲਿਆ, “ਜੀਤੀ, ਤੂੰ ਦਿਲਰੀਤ ਨੂੰ ਦੱਸ ਆ ਕਿ ਅਸੀਂ ਬਾਹਰ ਰੱਖਿਆ ਗਾਰਬੇਜ ਸੁੱਟਦੇ ਵਾਂ। ਤੂੰ ਬਾਹਰ ਜਾ ਕੇ ਬੈਠ ਜਾਈਂ, ਮੈਂ ਸੁੱਟ ਦੇਊਂਗਾ।”
“ਚੱਲ ਆ ਜਾ।”
ਦਿਲਰੀਤ ਡੀ ਜੇ ਵਾਲੇ ਕੈਬਿਨ ਵਿਚ ਬੈਠੀ ਸੀ। ਡੀ ਜੇ ਆਪਣੇ ਕੰਮ ਦੀ ਸ਼ਿਫਟ ਮੁਕਾ ਕੇ ਚਲਾ ਗਿਆ ਸੀ। ਗੀਤ ਵਜਾਉਣ ਦੀ ਜ਼ਿੰਮੇਵਾਰੀ ਦਿਲਰੀਤ ਨੇ ਸੰਭਾਲ਼ ਲਈ ਸੀ। ਸੁਣ ਕੇ ਦਿਲਰੀਤ ਬੋਲੀ, “ਮੈਂ ਡਿਨਰ ਦਾ ਚੇਤਾ ਕਰਵਾਉਣ ਲਈ ਲਾਸਟ ਟਾਈਮ ਅਨਾਊਂਸ ਕਰਦੀ ਆਂ। ਤੁਸੀਂ ਗਾਰਬੇਜ ਸੁੱਟ ਦਿਓ। ਜੇ ਉਦੋਂ ਤਕ ਵੀ ਇਹ ਡਿਨਰ ਨਾ ਕਰਨ ਲੱਗੇ ਤਾਂ ਬਫੇ ਨੂੰ ਸਮੇਟ ਦਿਓ।”
ਉਨ੍ਹਾਂ ਦੇ ਖੜ੍ਹਿਆਂ ਹੀ ਗੀਤ ਰੋਕ ਕੇ ਦਿਲਰੀਤ ਨੇ ਮਾਈਕ ਰਾਹੀਂ ਖਾਣੇ ਵਾਸਤੇ ਆਵਾਜ਼ ਦੇ ਦਿੱਤੀ। ਨੱਚਣ ਵਾਲਿਆਂ ਦੇ ਕੰਨੀ ਜੂੰ ਨਾ ਸਰਕੀ।
ਗਾਰਬੇਜ ਸੁੱਟ ਕੇ ਵਾਪਸ ਆਇਆਂ ਤੋਂ ਕਰਨਵੀਰ ਨੇ ਦੇਖਿਆ ਕਿ ਨੱਚਣ ਵਾਲਿਆਂ ‘ਚੋਂ ਕੋਈ ਵੀ ਖਾਣਾ ਖਾਣ ਨਹੀਂ ਸੀ ਲੱਗਾ। ਲਲਕਾਰਾ ਮਾਰਨ ਵਾਲ਼ਾ ਹੁਣ ਫਰਸ਼ ‘ਤੇ ਪਿਆ ਸੱਪ ਬਣ ਕੇ ਮੇਲ੍ਹ ਰਿਹਾ ਸੀ। ਉਸ ਦਾ ਸਾਥੀ ਹੱਥਾਂ ਦੀ ਬੀਨ ਬਣਾ ਕੇ ਸਪੇਰਾ ਬਣਿਆ ਹੋਇਆ ਸੀ। ਗੀਤ ਚੱਲ ਰਿਹਾ ਸੀ, ‘ਪੈਸਾ ਜਿਵੇਂ ਨਚਾਈ ਜਾਂਦੈ, ਦੁਨੀਆ ਨੱਚੀ ਜਾਂਦੀ ਐ। ਬਈ ਦੁਨੀਆ ਨੱਚੀ ਜਾਂਦੀ ਐ।’ ਵੱਜ ਰਹੇ ਗਾਣੇ ਦੀ ਤਾਲ ਅਤੇ ਨੱਚਣ ਵਾਲਿਆਂ ਦੀਆਂ ਚੱਲ ਰਹੀਆਂ ਲੱਤਾਂ-ਬਾਹਾਂ ਵਿਚ ਕੋਈ ਤਾਲ-ਮੇਲ ਨਹੀਂ ਸੀ। ਇਹ ਦੇਖ ਕੇ ਕਰਨਵੀਰ ਨੂੰ ਹਾਸਾ ਆ ਗਿਆ। ਉਸ ਨੇ ਜੀਤੀ ਵੱਲ ਦੇਖਿਆ। ਜੀਤੀ ਨੇ ਕਚੀਚੀ ਵੱਟੀ। ਦਿਲਰੀਤ ਕੋਲ ਜਾ ਕੇ ਉਹ ਬੋਲੀ, “ਕੋਈ ਗਜ਼Lਲ ਚਲਾ ਦਿਓ। ਆਪੇ ਨੱਚਣੋ ਹਟ ਜਾਣਗੇ।”
“ਹੁਣ ਤਾਂ ਭਾਵੇਂ ਪਾਠ ਲਾ ਦਿਆਂ, ਏਨ੍ਹਾਂ ਨੇ ਫੇਰ ਵੀ ਨਹੀਂ ਹਟਣਾ। ਖਾਣਾ ਏਨ੍ਹਾਂ ਨੇ ਹੈਨੀ। ਬਸ ਆਹੀ ਡਰ ਐ ਕਿ ਵਾਰੀ-ਵਾਰੀ ਕਹਿਣ ‘ਤੇ ਲੜ ਨਾ ਪੈਣ। ਤੁਸੀਂ ਹੌਲ਼ੀ-ਹੌਲ਼ੀ ਚੁੱਕੀ ਜਾਓ ਸਮਾਨ।” ਆਖ ਕੇ ਦਿਲਰੀਤ ਨੇ ਸੱਚ ਹੀ ਨੱਚਣ ਦੀ ਥਾਂ ਸੁਣਨ ਵਾਲ਼ਾ ਗੀਤ ‘ਸਾਈਂ ਮੇਰੀ ਫਰਿਆਦ ਤੇਰੇ ਤਾਈਂ’ ਚਲਾ ਦਿੱਤਾ।
ਨੱਚਣ ਵਾਲਿਆਂ ‘ਤੇ ਇਸ ਦਾ ਕੋਈ ਅਸਰ ਨਾ ਹੋਇਆ। ਜੀਤੀ ਬੋਲੀ, “ਵੇ ਤਰਸ ਕਰੋ ਭਾਈ ਸਾਡੇ ‘ਤੇ।”
ਤਰਸ ਕਰਨ ਵਾਲੇ ਆਪਣੀ ਮਸਤੀ ਵਿਚ ਸਨ। ਕਰਨਵੀਰ ਹੋਰੀਂ ਉਨ੍ਹਾਂ ਦੇ ਜਾਣ ਦੀ ਝਾਕ ਵਿਚ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਸਾਫ਼-ਸਫ਼ਾਈ ਕਰਦਿਆਂ ਉਨ੍ਹਾਂ ਨੂੰ ਢਾਈ ਵੱਜ ਗਏ। ਰਜਿੰਦਰ ਨੇ ਸਾਰੇ ਦਿਹਾੜੀਦਾਰਾਂ ਨੂੰ ਲਿਫ਼ਾਫ਼ੇ ਫੜਾਏ ਤੇ ਬੋਲਿਆ, “ਆ ਜੋ ਤੁਹਾਨੂੰ ਘਰੋ-ਘਰੀ ਛੱਡ ਦੇਈਏ।”
ਭਾਂਡੇ ਧੋਣ ਵਾਲੀ ਆਂਟੀ, ਦੋ ਕੁੜੀਆਂ ਤੇ ਇਕ ਮੁੰਡਾ ਰਜਿੰਦਰ ਨੇੜੇ ਹੋ ਕੇ ਖੜ੍ਹ ਗਏ। ਜੀਤੀ ਤੇ ਉਸ ਦੀ ਸਾਥਣ ਦਿਲਰੀਤ ਵੱਲ ਹੋ ਗਈਆਂ। ਕਰਨਵੀਰ ਨੂੰ ਪਤਾ ਨਹੀਂ ਸੀ ਕਿ ਉਸ ਨੇ ਕਿਸ ਨਾਲ਼ ਜਾਣਾ ਸੀ। ਉਹ ਉਸੇ ਤਰ੍ਹਾਂ ਹੀ ਖੜ੍ਹਾ ਰਿਹਾ। ਦਿਲਰੀਤ ਨੇ ਪੁੱਛਿਆ, “ਕਰਨ, ਤੇਰਾ ਘਰ ਕਿੱਧਰ ਐ?”
“ਹਰਓਂਟੇਰੀਓ ਤੇ ਸੈਂਡਲਵੁੱਡ ਪਾਰਕ ਵੇਅ ਨੇੜੇ ਏ।”
“ਚੱਲ ਤੈਨੂੰ ਮੈਂ ਛੱਡ ਦੇਊਂਗੀ, ਮੈਂ ਵੀ ਓਧਰ ਹੀ ਰਹਿਨੀ ਆਂ।” ਆਖਦੀ ਦਿਲਰੀਤ ਆਪਣੀ ਕਾਰ ਵੱਲ ਤੁਰ ਪਈ। ਜੀਤੀ ਦੀ ਸਾਥਣ ਦਿਲਰੀਤ ਨਾਲ਼ ਕਾਰ ਦੀ ਮੂਹਰਲੀ ਸੀਟ ‘ਤੇ ਬੈਠ ਗਈ। ਕਰਨਵੀਰ ਤੇ ਜੀਤੀ ਪਿਛਲੀ ਸੀਟ ‘ਤੇ। ਜੀਤੀ ਨੇ ਬਾਰੀ ਨਾਲ਼ ਸਿਰ ਦਾ ਢੋਅ ਲਾ ਕੇ ਅੱਖਾਂ ਮੀਚ ਲਈਆਂ। ਕਰਨਵੀਰ ਦੇ ਦਿਮਾਗ਼ ਵਿਚ ਰਜਿੰਦਰ ਵੱਲੋਂ ਮਿਲਣ ਲਈ ਦਿੱਤੇ ਸੱਦੇ ਵਾਲੀ ਗੱਲ ਆ ਗਈ। ਉਹ ਜੀਤੀ ਨੂੰ ਦੱਸਣਾ ਚਾਹੁੰਦਾ ਸੀ ਪਰ ਉਹ ਦੂਰੀ ਬਣਾ ਕੇ ਬੈਠ ਗਈ ਸੀ। ਕਰਨਵੀਰ ਨੇ ਸੋਚਿਆ ਕਿ ਥੱਕੀ ਹੋਵੇਗੀ। ਕੱਲ੍ਹ ਨੂੰ ਦੱਸ ਦੇਵੇਗਾ। ਉਹ ਕਾਰ ਦੀ ਦੂਜੀ ਬਾਰੀ ਨੇੜੇ ਹੋ ਕੇ ਬਾਹਰ ਵੱਲ ਦੇਖਣ ਲੱਗਾ। ਦਿਲਰੀਤ ਨੇ ਸਟੀਲਜ਼ ਅਤੇ ਮੈਕਲਾਗਲਿਨ ਦਾ ਚੌਰਸਤਾ ਲੰਘ ਕੇ ਕਾਰ ਰੋਕ ਦਿੱਤੀ, ਤੇ ਬੋਲੀ, “ਕਰਨ, ਤੂੰ ਅਗਲੀ ਸੀਟ ‘ਤੇ ਆ ਜਾ।”
ਜੀਤੀ ਤੇ ਉਸ ਦੀ ਸਾਥਣ ਕਾਰ ਵਿਚੋਂ ਉੱਤਰ ਗਈਆਂ ਤੇ ਕਰਨਵੀਰ ਖਾਲੀ ਹੋਈ ਮੂਹਰਲੀ ਸੀਟ ‘ਤੇ ਬੈਠ ਗਿਆ। ਉਸ ਨੂੰ ਪਤਾ ਸੀ ਕਿ ਜੀਤੀ ਦਾ ਸ਼ੈਰੀਡਨ ਕਾਲਜ ਜਿੱਥੇ ਪੰਜਾਬ ਤੋਂ ਆਉਣ ਵਾਲੇ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀ ਦਾਖਲਾ ਲੈਂਦੇ ਸਨ, ਇੱਥੋਂ ਨੇੜੇ ਹੀ ਸੀ। ਦਿਲਰੀਤ ਬੋਲੀ, “ਕਰਨ, ਤੈਨੂੰ ਨਹੀਂ ਮਿਲਿਆ ਓਪਨ ਵਰਕ ਪਰਮਿਟ ਹਾਲੇ?”
“ਨਹੀਂ ਜੀ, ਮੈਂ ਵਿਜ਼ਟਰ ਵਾਂ। ਵਰਕ ਪਰਮਿਟ ਲੱਭ ਰਿਹਾ ਵਾਂ ਭਾਵੇਂ ਬੌਂਡਿਡ ਹੀ ਹੋਵੇ।” ਕਰਨਵੀਰ ਨੇ ਜਵਾਬ ਦਿੱਤਾ।
“ਅੱਛਾ।”
ਕਰਨਵੀਰ ਨੇ ਸੋਚਿਆ ਕਿ ਹੁਣ ਗੱਲ ਤੁਰ ਪਈ ਹੈ ਤਾਂ ਇਸ ਨੂੰ ਜਾਰੀ ਰੱਖਾਂ। ਉਸ ਨੇ ਪੁੱਛ ਲਿਆ, “ਝਾਂਜਰ ਰੈਸਟੋਰੈਂਟ ‘ਚ ਕੋਈ ਵਕੈਂਸੀ ਖਾਲੀ ਏ? ਰਜਿੰਦਰ ਹੋਰੀਂ ਮੈਨੂੰ ਮਿਲਣ ਲਈ ਕਹਿੰਦੇ ਸੀ।”
“ਅੱਛਾ? ਨਹੀਂ ਝਾਂਜਰ ’ਚ ਨਹੀਂ। ਇਹ ਨਵਾਂ ਰੈਸਟੋਰੈਂਟ ਖੋਲ੍ਹ ਰਹੇ ਆ। ਉਸ ਲਈ ਚਾਹੀਦੇ ਆ ਵਰਕਰ। ਝਾਂਜਰ ’ਚ ਤਾਂ ਮੈਂ ਹੀ ਸੁਪਰਵਾਈਜ਼ਰ ਹਾਂ। ਨਵੇਂ ਰੈਸਟੋਰੈਂਟ ਨੂੰ ਰਜਿੰਦਰ ਨੇ ਆਪ ਸੁਪਰਵਾਈਜ਼ ਕਰਨੈ। ਉਸ ਨੂੰ ਮਿਲ ਲਵੀਂ।”
“ਮੇਰਾ ਰੈਸਟੋਰੈਂਟ ‘ਚ ਕੰਮ ਕਰਨ ਦਾ ਤਜਰਬਾ ਏ। ਬਾਰ ਟੈਂਡਿੰਗ ਵੀ ਕਰ ਲੈਨਾ ਵਾਂ।”
“ਠੀਕ ਐ ਫੇਰ ਤਾਂ।”
“ਵਰਕ ਪਰਮਿਟ ਦਿਵਾ ਦੇਣਗੇ?”
“ਇਸ ਬਾਰੇ ਨਹੀਂ ਮੈਨੂੰ ਪਤਾ। ਹਾਂ, ਏਨਾ ਜ਼ਰੂਰ ਆ ਕਿ ਜੇ ਏਨ੍ਹਾਂ ਦੀ ਹਾਂ ‘ਚ ਹਾਂ ਮਿਲਾਈ ਜਾਓਗੇ ਤਾਂ ਖ਼ਰਾਬ ਨਹੀਂ ਕਰਦੇ। ਪੇਅ ਵੀ ਟਾਈਮ ਨਾਲ਼ ਦੇ ਦਿੰਦੇ ਆ। ਨਹੀਂ ਤਾਂ ਆਪਣੇ ਬਹੁਤੇ ਲੋਕ ਵਾਧੂ ਗੇੜੇ ਕਢਵਾਈ ਜਾਂਦੇ ਆ।”
ਕਰਨਵੀਰ ਨੇ ਸੋਚਿਆ ਕਿ ਜੇ ਇਸ ਤਰ੍ਹਾਂ ਵਰਕ ਪਰਮਿਟ ਮਿਲ ਗਿਆ ਤਾਂ ਐੱਲ ਐੱਮ ਆਈ ਏ ‘ਤੇ ਲੱਗਣ ਵਾਲੇ ਵੀਹ ਹਜ਼ਾਰ ਡਾਲਰ ਵੀ ਬਚ ਜਾਣਗੇ ਜਿਸ ਬਾਰੇ ਇਮੀਗ੍ਰੇਸ਼ਨ ਵਾਲੇ ਚਿੱਟੀ ਨੇ ਦੱਸਿਆ ਸੀ।
“ਮੇਰੀ ਸਿਫਾਰਸ਼ ਕਰ ਦਿਉਗੇ?” ਕਰਨਵੀਰ ਨੇ ਹੌਲ਼ੀ ਆਵਾਜ਼’ਚ ਕਿਹਾ। ਜਿਵੇਂ ਇਹ ਉਸ ਦੇ ਮੂੰਹੋਂ ਮਸਾਂ ਹੀ ਨਿਕਲਿਆ ਹੋਵੇ।
“ਜ਼ਰੂਰ ਪਰ ਪਹਿਲਾਂ ਉਨ੍ਹਾਂ ਨੂੰ ਮਿਲ ਤਾਂ ਲੈ। ਅੱਜ ਸ਼ਾਮ ਨੂੰ ਹੀ ਚਲਿਆ ਜਾਵੀਂ। ਸੰਡੇ ਨੂੰ ਬਹੁਤਾ ਰਸ਼ ਨਹੀਂ ਹੁੰਦਾ। ਮੈਂ ਵੀ ਆਖ ਦਿਆਂਗੀ।” ਦਿਲਰੀਤ ਨੇ ਕਰਨਵੀਰ ਵੱਲ ਦੇਖਦੀ ਨੇ ਕਿਹਾ। ਕਰਨਵੀਰ ਨੂੰ ਉਸ ਦੀ ਮੋਹ ਭਰੀ ਤੱਕਣੀ ਦੇਖ ਕੇ ਆਸ ਹੋ ਗਈ ਕਿ ਉਹ ਉਸ ਦਾ ਕੰਮ ਬਣਵਾ ਦੇਵੇਗੀ।

ਬੱਚਿਆਂ ਦਾ ਰੌਲਾ ਸੁਣ ਕੇ ਕਰਨਵੀਰ ਦੀ ਅੱਖ ਖੁੱਲ੍ਹ ਗਈ। ਉਸ ਨੇ ਫੋਨ ’ਤੇ ਸਮਾਂ ਦੇਖਿਆ। ਸਾਢੇ ਦਸ ਵੱਜੇ ਸਨ। ਉਸ ਨੇ ਫੋਨ ਰੱਖ ਦਿੱਤਾ ਅਤੇ ਮੁੜ ਅੱਖਾਂ ਮੀਚ ਲਈਆਂ ਪਰ ਰਸੋਈ ਵਿਚ ਦਗੜ-ਦਗੜ ਭੱਜੇ-ਫਿਰਦੇ ਉਸ ਦੇ ਭਤੀਜੇ-ਭਤੀਜੀ ਨੇ ਘਰ ਸਿਰ ‘ਤੇ ਚੁੱਕਿਆ ਹੋਇਆ ਸੀ। ਕਰਨਵੀਰ ਨੂੰ ਪਤਾ ਸੀ ਕਿ ਉਸ ਨੇ ਹੁਣ ਸੌਂ ਨਹੀਂ ਸਕਣਾ। ਉਸ ਨੇ ਮੁੜ ਸੌਣ ਦਾ ਖਿਆਲ ਛੱਡ ਕੇ ਅੱਖਾਂ ਖੋਲ੍ਹ ਲਈਆਂ। ਰਜਿੰਦਰ ਨੂੰ ਮਿਲਣ ਦਾ ਖਿਆਲ ਰਾਤ ਹੀ ਮੱਠਾ ਪੈ ਗਿਆ ਸੀ ਜਦੋਂ ਉਸ ਨੇ ਲਿਫ਼ਾਫ਼ਾ ਖੋਲਿ੍ਹਆ ਸੀ। ਉਸ ਵਿਚੋਂ ਸਿਰਫ਼ ਪੰਜਾਹ ਡਾਲਰ ਹੀ ਨਿਕਲੇ ਸਨ। ਇਹ ਦੇਖ ਕੇ ਉਸ ਨੂੰ ਇਕ ਦਮ ਗੁੱਸਾ ਚੜ੍ਹਿਆ ਸੀ। ਇਸ ਹਿਸਾਬ ਨਾਲ਼ ਤਾਂ ਚਾਰ ਡਾਲਰ ਪ੍ਰਤੀ ਘੰਟਾ ਵੀ ਨਹੀਂ ਸੀ ਬਣਦੇ ਜਦੋਂ ਕਿ ਕਾਨੂੰਨੀ ਤੌਰ ‘ਤੇ ਓਂਟੇਰੀਓ ਵਿਚ ਘੱਟੋ-ਘੱਟ ਤਨਖਾਹ ਗਿਆਰਾਂ ਡਾਲਰ ਸੱਠ ਸੈਂਟ ਪ੍ਰਤੀ ਘੰਟਾ ਸੀ। ਰਾਤ ਵਾਲ਼ਾ ਗੁੱਸਾ ਹੁਣ ਕੁਝ ਢੈਲਾ ਹੋ ਗਿਆ ਸੀ। ਉਸ ਨੂੰ ਦਿਲਰੀਤ ਦੀ ਕਹੀ ਗੱਲ ਯਾਦ ਆ ਗਈ ਕਿ ਜੇ ਰਜਿੰਦਰ ਦੀ ਹਾਂ ‘ਚ ਹਾਂ ਮਿਲਾਈ ਜਾਓਂਗੇ ਤਾਂ ਉਹ ਖ਼ਰਾਬ ਨਹੀਂ ਕਰਦਾ। ਕਰਨਵੀਰ ਸੋਚੀਂ ਪੈ ਗਿਆ ਕਿ ਜਾਵੇ ਜਾਂ ਨਾ। ਉਸ ਦੇ ਚਿੱਤ ‘ਚ ਆਈ ਕਿ ਜੀਤੀ ਦੀ ਸਲਾਹ ਲੈ ਲਵੇ, ਨਾਲ਼ੇ ਉਸ ਨੂੰ ਦੱਸ ਦੇਵੇ। ਉਸ ਨੇ ਆਪਣਾ ਫੋਨ ਚਾਰਜਰ ਤੋਂ ਲਾਹਿਆ ਅਤੇ ਫੇਸਬੁੱਕ ਮੈਸੰਜਰ ’ਤੇ ਜੀਤੀ ਨੂੰ ‘ਗੁੱਡ ਮੌਰਨਿੰਗ’ ਲਿਖ ਦਿੱਤਾ। ਉਸ ਦਾ ਕੋਈ ਜਵਾਬ ਨਾ ਆਇਆ। ਕਰਨਵੀਰ ਨੂੰ ਪਤਾ ਲੱਗ ਗਿਆ ਸੀ ਕਿ ਜੀਤੀ ਨੇ ਸੁਨੇਹਾ ਪੜ੍ਹ ਲਿਆ ਸੀ। ਉਸ ਨੇ ਸੋਚਿਆ ਕਿ ਜੀਤੀ ਜਾਗ ਰਹੀ ਸੀ। ਉਸ ਨੇ ਮੁੜ ਸੁਨੇਹਾ ਲਿਖ ਦਿੱਤਾ, “ਜੀਤੀ, ਜੇ ਟਾਈਮ ਹੈ ਤਾਂ ਕਾਲ ਕਰਾਂ? ਇਕ ਗੱਲ ਕਰਨੀ ਏ।”
ਜੀਤੀ ਨੇ ਲਿਖ ਭੇਜਿਆ, “ਦਿਲਰੀਤ ਨੂੰ ਕਰ ਲੈ। ਮੈਂ ਬਿਜ਼ੀ ਆਂ।” ਇਹ ਪੜ੍ਹ ਕੇ ਕਰਨਵੀਰ ਨੂੰ ਕੋਈ ਸਮਝ ਨਾ ਲੱਗੀ। ਉਸ ਨੇ ਫੋਨ ਮਿਲਾ ਲਿਆ। ਫੋਨ ਚੁਕਦਿਆਂ ਹੀ ਜੀਤੀ ਬੋਲੀ, “ਕਿਓਂ ਦਿਲਰੀਤ ਨੇ ਨਹੀਂ ਚੁੱਕਿਆ ਫੋਨ?”
“ਕੀ ਮਤਲਬ?”
“ਚੇਤਾ ਨੀ ਰਾਤ ਕਿਵੇਂ ਭੱਜ ਕੇ ਮੂਹਰਲੀ ਸੀਟ ‘ਤੇ ਉਸ ਨਾਲ਼ ਬੈਠਾ ਸੀ।” ਜੀਤੀ ਦਾ ਇਹ ਜਵਾਬ ਸੁਣ ਕੇ ਕਰਨਵੀਰ ਨੂੰ ਕਹਾਣੀ ਸਮਝ ਆਉਣ ਲੱਗੀ। ਉਸ ਨੂੰ ਚੰਗਾ ਲੱਗਾ ਕਿ ਜੀਤੀ ਉਸ ‘ਤੇ ਮੇਰ ਕਰਨ ਲੱਗੀ ਸੀ। ਉਸ ਨੇ ਸਵਾਦ ਲੈਣ ਲਈ ਕਿਹਾ, “ਤੂੰ ਤਾਂ ਅੱਖਾਂ ਮੀਚ ਕੇ ਪਾਸੇ ਹੋ ਕੇ ਬੈਠ ਗਈ ਸੀ, ਕਿਸੇ ਨਾਲ਼ ਤਾਂ ਗੱਲ ਕਰਨੀ ਸੀ।”
“ਚੰਗਾ, ਉਸੇ ਨਾਲ਼ ਕਰ ਲੈ ਗੱਲ। ਮੈਂ ਫੋਨ ਬੰਦ ਕਰਨ ਲੱਗੀ ਆਂ।”
“ਨਾ ਨਾ ਫੋਨ ਨਾ ਬੰਦ ਕਰੀਂ।”
“ਕਿਉਂ ਨਾ ਕਰਾਂ? ਜੇ ਮੈਂ ਤੇਰੇ ਨਾਲ਼ ਗੱਲ ਨਾ ਕਰੂੰਗੀ ਤਾਂ ਤੂੰ ਕੋਈ ਹੋਰ ਲੱਭ ਲਵੇਂਗਾ?” ਜੀਤੀ ਦਾ ਇਹ ਜਵਾਬ ਸੁਣ ਕੇ ਕਰਨਵੀਰ ਮੁਸਕਰਾ ਪਿਆ। ਇਹ ਜੀਤੀ ਨੂੰ ਦੂਜੇ ਪਾਸੇ ਨਹੀਂ ਸੀ ਦਿਸਣਾ। ਉਹ ਫਿਰ ਬੋਲੀ, “ਤੂੰ ਵੀ ਰਾਤ ਮੁੜ-ਮੁੜ ਉਸ ਕੋਲੋਂ ਪੁੱਛਣ ਜਾਂਦਾ ਸੀ ਤੇ ਉਹ ਵੀ ਕਿੰਨਾ ਇੰਟਰਸਟ ਦਿਖਾਉਂਦੀ ਸੀ।”
“ਅੱਛਾ? ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇਸ ਗੱਲ ਦਾ।”
“ਹੁਣ ਲੱਗ ਗਿਆ ਨਾ? ਕਰ ਉਸੇ ਨਾਲ਼ ਹੀ ਗੱਲਾਂ।” ਆਖਦੀ ਜੀਤੀ ਨੇ ਫੋਨ ਬੰਦ ਕਰ ਦਿੱਤਾ। ਕਰਨਵੀਰ ਕੁਝ ਪਲ ਆਪਣੇ ਫੋਨ ਵੱਲ ਦੇਖਦਾ ਰਿਹਾ। ਫਿਰ ਮੁਸਕਰਾ ਪਿਆ। ਉਸ ਨੇ ਮੁੜ ਜੀਤੀ ਨੂੰ ਫੋਨ ਕੀਤਾ ਪਰ ਉਸ ਨੇ ਚੁੱਕਿਆ ਨਹੀਂ। ਕਰਨਵੀਰ ਉੱਨੀ ਦੇਰ ਫੋਨ ਮਿਲਾਉਂਦਾ ਰਿਹਾ, ਜਿੰਨੀ ਦੇਰ ਜੀਤੀ ਨੇ ਜਵਾਬ ਨਾ ਦੇ ਦਿੱਤਾ। ਉਹ ਬੋਲੀ, “ਮੈਂ ਤੇਰੇ ਵਰਗੀ ਵਿਹਲੀ ਨਹੀਂ। ਮੇਰੇ ਬਹੁਤ ਕੰਮ ਕਰਨ ਵਾਲੇ ਪਏ ਆ।”
“ਸੌਰੀ ਯਾਰ, ਮੈਂ ਤਾਂ ਮਜ਼ਾਕ ਕਰ ਰਿਹਾ ਸੀ ਪਰ ਇਕ ਗੱਲ ਤਾਂ ਪਤਾ ਲੱਗ ਗਈ ਨਾ…।” ਆਖਦਾ ਆਖਦਾ ਕਰਨਵੀਰ ਰੁਕ ਗਿਆ। ਉਹ ਅੱਗੇ ਆਖਣਾ ਚਾਹੁੰਦਾ ਸੀ ਕਿ ਯੂ ਆਰ ਇਨ ਲਵ ਵਿਦ ਮੀ ਪਰ ਉਹ ਜਕ ਗਿਆ। ਜੀਤੀ ਬੋਲੀ, “ਕੀ?”
“ਚੱਲ ਛੱਡ, ਜੀਤ, ਤੂੰ ਤਾਂ ਕਹਿੰਦੀ ਸੀ ਕਿ ਪਾਰਟੀ ਦਾ ਸੌ ਡਾਲਰ ਦੇਣਗੇ ਪਰ ਉਨ੍ਹਾਂ ਨੇ ਤਾਂ ਪੰਜਾਹ ਹੀ ਦਿੱਤੇ ਨੇ।”
“ਤੇਰਾ ਪਹਿਲਾ ਦਿਨ ਸੀ। ਸ਼ੁਕਰ ਕਰ ਪੰਜਾਹ ਦੇ ਦਿੱਤੇ। ਮੈਨੂੰ ਤਾਂ ਪਹਿਲੇ ਦਿਨ ਕੁਝ ਵੀ ਨਹੀਂ ਸੀ ਮਿਲਿਆ। ਕਹਿੰਦੇ ਪਹਿਲਾ ਦਿਨ ਟ੍ਰੇਨਿੰਗ ਦਾ ਹੁੰਦੈ।”
“ਪਰ ਮੈਂ ਤਾਂ ਕੋਈ ਟ੍ਰੇਨਿੰਗ ਨਹੀਂ ਲਈ। ਸਾਰਾ ਕੰਮ ਆਪਣੇ ਆਪ ਕੀਤਾ ਸੀ। ਨਾਲ਼ੇ ਮੈਂ ਤੈਨੂੰ ਰਾਤ ਦੱਸਣਾ ਸੀ ਪਰ ਮੌਕਾ ਹੀ ਨਹੀਂ ਮਿਲਿਆ ਕਿ ਰਜਿੰਦਰ ਨੇ ਨਵਾਂ ਰੈਸਟੋਰੈਂਟ ਖੋਲ੍ਹਣਾ ਵਾ। ਉਨ੍ਹਾਂ ਨੂੰ ਬੰਦੇ ਚਾਹੀਦੇ ਨੇ। ਮੈਨੂੰ ਮਿਲਣ ਲਈ ਕਹਿੰਦਾ ਸੀ।”
“ਕੌਣ ਰਜਿੰਦਰ ਕਿ ਦਿਲਰੀਤ?”
“ਮੈਂ ਕਹਿੰਦੀ ਨਹੀਂ ਕਹਿੰਦਾ ਕਿਹਾ ਵਾ। ਤੈਨੂੰ ਤਾਂ ਐਵੇਂ ਹੀ ਸ਼ੱਕ ਹੋ ਗਿਆ ਏ।”
“ਨਾਲ਼ੇ ਤੂੰ ਕਹਿੰਦਾ ਸੀ ਕਿ ਸਾਰਾ ਧਿਆਨ ਟਰੱਕ ਦਾ ਲਾਇਸੰਸ ਲੈਣ ਵੱਲ ਲਾਉਣੈ।”
“ਹਾਂ ਕਹਿੰਦਾ ਤਾਂ ਏਦਾਂ ਹੀ ਸੀ ਪਰ ਹੁਣ ਲਗਦਾ ਵਾ ਕਿ ਜੇ ਇਸ ਤਰ੍ਹਾਂ ਵਰਕ ਪਰਮਿਟ ਮਿਲਦਾ ਏ ਤਾਂ ਟਰੱਕ ਸਿੱਖ ਕੇ ਕੀ ਕਰਨਾ ਏ।”
“ਦੇਖ ਲਾ।”
“ਤੂੰ ਕੀ ਸਲਾਹ ਦਿੰਨੀ ਏਂ?”
ਜੀਤੀ ਕੁਝ ਕੁ ਪਲ ਚੁੱਪ ਰਹੀ ਫਿਰ ਬੋਲੀ, “ਮਿਲ ਕੇ ਦੇਖ ਲੈ ਉਹਨੂੰ।”
“ਮੇਰੇ ਨਾਲ਼ ਚੱਲੇਂਗੀ ਅੱਜ?”
“ਮੇਰੇ ਤਾਂ ਬਹੁਤ ਕੰਮ ਕਰਨ ਵਾਲੇ ਪਏ ਆ। ਲਾਂਡਰੀ ਕਰਨੀ ਐ। ਖਾਣਾ ਬਣਾ ਕੇ ਰੱਖਣੈ। ਤੂੰ ਹੀ ਚਲਿਆ ਜਾਹ। ਜੇ ਕਹੇਂ ਤਾਂ ਅਗਲੇ ਐਤਵਾਰ ਚਲੇ ਚੱਲਾਂਗੇ।” ਇਹ ਸੁਣ ਕੇ ਕਰਨਵੀਰ ਦੁਚਿੱਤੀ ‘ਚ ਪੈ ਗਿਆ। ਉਸ ਤੋਂ ਅਗਲੇ ਐਤਵਾਰ ਤੱਕ ਉਡੀਕ ਨਹੀਂ ਸੀ ਹੋਣੀ। ਉਸ ਨੇ ਸੋਚਿਆ, ‘ਟਰੱਕ ਦਾ ਤਾਂ ਪਤਾ ਨਹੀਂ ਕਦੋਂ ਲਾਇਸੰਸ ਮਿਲੇ ਤੇ ਫਿਰ ਕਦੋਂ ਵਰਕ ਪਰਮਿਟ। ਕਿਓਂ ਨਾ ਇੱਧਰ ਕੋਸ਼ਿਸ਼ ਕਰ ਲਵਾਂ। ਹੋ ਸਕਦਾ ਏ ਕਿ ਇਸ ਤਰੀਕੇ ਨਾਲ਼ ਛੇਤੀ ਵਰਕ ਪਰਮਿਟ ਮਿਲ ਜਾਵੇ। ਇਹ ਸੋਚ ਕੇ ਉਸ ਨੇ ਸਾਢੇ ਕੁ ਬਾਰਾਂ ਵਜੇ ਰਜਿੰਦਰ ਨੂੰ ਫੋਨ ਕਰ ਕੇ ਉਸ ਤੋਂ ਮਿਲਣ ਦਾ ਸਮਾਂ ਲੈ ਲਿਆ।

ਝਾਂਜਰ ਰੈਸਟੋਰੈਂਟ ਬ੍ਰੈਂਪਟਨ ਸ਼ਹਿਰ ਦੇ ਸਪਰਿੰਗਡੇਲ ਇਲਾਕੇ ਵਿਚ ਸੀ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਹੋਣ ਕਰ ਕੇ ਇਹ ਇਲਾਕਾ ਸਿੰਘਡੇਲ ਵਜੋਂ ਮਸ਼ਹੂਰ ਹੋ ਗਿਆ ਸੀ। ਰਜਿੰਦਰ ਨੇ ਕਰਨਵੀਰ ਨੂੰ ਚਾਰ ਵਜੇ ਇੱਥੇ ਹੀ ਮਿਲਣ ਦਾ ਸਮਾਂ ਦਿੱਤਾ ਸੀ। ਜਦੋਂ ਕਰਨਵੀਰ ਉੱਥੇ ਪਹੁੰਚਿਆ, ਰੈਸਟੋਰੈਂਟ ਵਿਚ ਇਕ-ਦੋ ਹੀ ਗਾਹਕ ਸਨ। ਉਸ ਨੇ ਰੈਸਟੋਰੈਂਟ ਦੇ ਅੰਦਰ ਆਸੇ-ਪਾਸੇ ਨਿਗ੍ਹਾ ਘੁਮਾਈ। ਰਜਿੰਦਰ ਉਸ ਨੂੰ ਬਾਰ ਵਿਚ ਬੈਠਾ ਦਿਸ ਪਿਆ। ਕਰਨਵੀਰ ਉਸ ਕੋਲ ਚਲਾ ਗਿਆ। ਉਹ ਬੋਲਿਆ, “ਆ ਗਿਆ, ਛੋਟੇ?”
“ਸਰ, ਕਰਨਵੀਰ ਏ ਮੇਰਾ ਨਾਂ।”
“ਠੀਕ ਐ। ਆ ਜਾ, ਆਰਾਮ ਨਾਲ਼ ਬਹਿ ਕੇ ਗੱਲ ਕਰਦੇ ਆਂ।” ਆਖਦਾ ਰਜਿੰਦਰ ਕੁਰਸੀ ਤੋਂ ਉੱਠਿਆ ਅਤੇ ਬਾਰ ਦੇ ਪਿੱਛੇ ਬਣੇ ਛੋਟੇ ਜਿਹੇ ਕਮਰੇ ਵਿਚ ਲੈ ਗਿਆ ਜਿੱਥੇ ਸੋਫਾ ਪਿਆ ਸੀ। ਉਸ ‘ਤੇ ਬੈਠਦਾ ਉਹ ਬੋਲਿਆ, “ਆ ਜਾ, ਬੈਠ। ਐਸ ਵੇਲੇ ਕੰਮ ਸਲੋਅ ਹੁੰਦੈ, ਤਾਂ ਹੀ ਹੁਣ ਸੱਦਿਐ। ਰਾਤ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਣਾ ਸੀ।”
ਕਰਨਵੀਰ ਦੇ ਬੈਠਣ ਬਾਅਦ ਉਸ ਨੇ ਆਖਿਆ, “ਨਵਾਂ ਰੈਸਟੋਰੈਂਟ ਮਹੀਨੇ ਕੁ ਤਕ ਖੁੱਲ੍ਹ ਜਾਣੈ। ਉਸ ਲਈ ਮੈਨੂੰ ਭਰੋਸੇਯੋਗ ਬੰਦਾ ਚਾਹੀਦੈ। ਤੇਰਾ ਕਿੰਨਾ ਕੁ ਐਕਸਪੀਰੀਐਂਸ ਐ?”
“ਡੇਢ ਕੁ ਸਾਲ ਕੀਤਾ ਏ ਕੰਮ ਰੈਸਟੋਰੈਂਟ ‘ਚ।”
“ਅੱਛਾ। ਵਿਜ਼ਟਰ ਐ ਨਾ ਐਥੇ?”
“ਹਾਂ ਜੀ।”
“ਵਰਕ ਪਰਮਿਟ ਤਾਂ ਨੀ ਹੋਣਾ?”
“ਨਹੀਂ ਜੀ।”
“ਠੀਕ ਐ। ਹਫ਼ਤੇ ਦੇ ਸੱਤੇ ਦਿਨ ਰੈਸਟੋਰੈਂਟ ਖੋਲ੍ਹਣ ਤੋਂ ਲੈ ਕੇ ਬੰਦ ਕਰਨ ਤਕ ਹੋਵੇਗਾ ਕੰਮ। ਸਾਰਾ ਕੰਮ ਕਰਨਾ ਪਵੇਗਾ ਬਾਰ ਟੈਂਡਿੰਗ ਤੋਂ ਸਰਵਰ ਤਕ। ਕਰ ਲਵੇਂਗਾ ਮੈਨੇਜ?”
“ਹਾਂ ਜੀ। ਕੰਮ ਜਿੰਨਾ ਮਰਜ਼ੀ ਹੋਵੇ।”
“ਦਸ ਡਾਲਰ ਦੇਵਾਂਗਾ ਘੰਟੇ ਦੇ। ਘੰਟੇ ਬਹੁਤ ਬਣ ਜਾਇਆ ਕਰਨਗੇ।”
“ਠੀਕ ਏ ਜੀ।”
“ਜੇ ਰੈਸਟੋਰੈਂਟ ਨੂੰ ਆਵਦਾ ਸਮਝ ਕੇ ਇਮਾਨਦਾਰੀ ਨਾਲ਼ ਕੰਮ ਕਰੇਂਗਾ ਤਾਂ ਪੱਕਾ ਕਰਵਾ ਦੇਊਂ। ਦਿਲਰੀਤ ਨੂੰ ਤੂੰ ਰਾਤ ਦੇਖਿਆ ਈ ਸੀ। ਉਸ ਨੂੰ ਮੈਂ ਹੀ ਪੱਕੀ ਕਰਵਾਇਐ।”
“ਵਰਕ ਪਰਮਿਟ ਲੈ ਦਿਓਂਗੇ ਜੀ ਫਿਰ?”
“ਹਾਂ, ਵਰਕ ਪਰਮਿਟ ਤੋਂ ਬਿਨਾ ਤਾਂ ਕੰਮ ਨਹੀਂ ਕਰ ਸਕਦਾ।”
“ਠੀਕ ਏ ਜੀ, ਮੈਂ ਤਿਆਰ ਆਂ।”
“ਵਰਕ ਪਰਮਿਟ ਦੀ ਫ਼ੀਸ ਪਹਿਲਾਂ ਦੇਣੀ ਪਵੇਗੀ।”
“ਫ਼ੀਸ?”
“ਹਾਂ, ਚਾਲ਼ੀ ਹਜ਼ਾਰ।” ਇਹ ਸੁਣ ਕੇ ਕਰਨਵੀਰ ਚੁੱਪ ਕਰ ਗਿਆ। ਫਿਰ ਉਸ ਨੇ ਪੁੱਛਿਆ, “ਵਰਕ ਪਰਮਿਟ ਤੋਂ ਬਿਨਾ ਨੀ ਕੰਮ ਦੇ ਸਕਦੇ ਜੀ? ਮੈਂ ਤਾਂ ਸਮਝਦਾ ਸੀ ਤੁਹਾਨੂੰ ਬੰਦੇ ਦੀ ਲੋੜ ਏ।”
“ਬੰਦੇ ਦੀ ਤਾਂ ਲੋੜ ਐ ਪਰ ਤੂੰ ਲੀਗਲੀ ਕੰਮ ਨਹੀਂ ਕਰ ਸਕਦਾ। ਵਰਕ ਪਰਮਿਟ ਨਾਲ਼ ਲੀਗਲ ਹੋਵੇਂਗਾ।”
“ਰਾਤ ਵੀ ਤਾਂ ਕੀਤਾ ਹੀ ਸੀ। ਉਸ ਤਰ੍ਹਾਂ ਪਾਰਟ ਟਾਈਮ ਦੇ ਦਿਓ ਕੰਮ।”
“ਬੈਂਕੁਇਟ ਹਾਲ ਦੀ ਹੋਰ ਗੱਲ ਐ। ਓਥੇ ਚੈਕਿੰਗ ਨਹੀਂ ਹੁੰਦੀ। ਰੈਸਟੋਰੈਂਟ ‘ਚ ਹੋ ਸਕਦੀ ਐ। ਫੇਰ ਨਾਲ਼ੇ ਤੂੰ ਫਸੇਂਗਾ ਨਾਲ਼ੇ ਮੈਂ। ਜੇ ਸਟੂਡੈਂਟ ਹੁੰਦਾ ਤਾਂ ਤੈਨੂੰ ਕੰਮ ਦੇ ਦਿੰਦਾ।”
ਇਹ ਸੁਣ ਕੇ ਕਰਨਵੀਰ ਫਿਰ ਚੁੱਪ ਕਰ ਗਿਆ। ਰਜਿੰਦਰ ਬੋਲਿਆ, “ਐਲ ਐਮ ਆਈ ਏ ਦੇ ਥੋੜ੍ਹੇ ਘੱਟ ਦੇ ਦੇਵੀਂ ਪਰ ਦੇਣੇ ਪਹਿਲਾਂ ਪੈਣਗੇ।”
“ਠੀਕ ਏ ਜੀ, ਇਕ-ਅੱਧੇ ਦਿਨ ‘ਚ ਸਲਾਹ ਕਰ ਕੇ ਦੱਸ ਦਿੰਨਾ ਵਾਂ।” ਆਖ ਕੇ ਕਰਨਵੀਰ ਉੱਠ ਖਲੋਤਾ।
ਉਹ ਰੈਸਟੋਰੈਂਟ ਵਿਚੋਂ ਬਾਹਰ ਨਿਕਲਿਆ ਹੀ ਸੀ ਕਿ ਜੀਤੀ ਦਾ ਫੋਨ ਆ ਗਿਆ। ਉਹ ਬੋਲੀ, “ਸੌਰੀ ਯਾਰ, ਤੇਰੇ ਨਾਲ਼ ਨਹੀਂ ਜਾ ਸਕੀ। ਮਾਈਂਡ ਨਾ ਕਰੀਂ। ਆਪਾਂ ਅਗਲੇ ਵੀਕ ਐਂਡ ਚੱਲਾਂਗੇ, ਨਾਲ਼ੇ ਸੀ ਐਨ ਟਾਵਰ ਦੇਖ ਆਵਾਂਗੇ। ਠੀਕ ਐ?”
“ਸੀ ਐਨ ਟਾਵਰ ਦੇਖਣ ਚਲੇ ਚੱਲਾਂਗੇ। ਰਜਿੰਦਰ ਨੂੰ ਮਿਲਣ ਦੀ ਲੋੜ ਨਹੀਂ ਪੈਣੀ। ਉਹ ਮੈਂ ਮਿਲ ਆਇਆ ਵਾਂ।”
“ਅੱਛਾ, ਕੀ ਬਣਿਆ?”
“ਬਣਨਾ ਕੀ ਏ। ਡਾਲਰ ਬਹੁਤ ਮੰਗਦਾ ਏ। ਵਰਕ ਪਰਮਿਟ ਤੋਂ ਬਿਨਾ ਕੈਸ਼ ‘ਤੇ ਕੰਮ ਦੇਣਾ ਨਹੀਂ ਮੰਨਿਆ। ਕਹਿੰਦਾ, ਜੇ ਸਟੂਡੈਂਟ ਹੁੰਦਾ ਤਾਂ ਦੇ ਦਿੰਦਾ ਕੰਮ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ।”
“ਸਟੂਡੈਂਟ ਲੀਗਲੀ ਹਫ਼ਤੇ ’ਚ ਵੀਹ ਘੰਟੇ ਕੰਮ ਕਰ ਸਕਦੇ ਆ। ਜਿੱਥੇ ਮੈਂ ਕੰਮ ਕਰਦੀ ਆਂ, ਉੱਥੇ ਮੈਂ ਹਫ਼ਤੇ ਦੇ ਪੰਜਾਹ-ਸੱਠ ਘੰਟੇ ਕੰਮ ਕਰਦੀ ਆਂ। ਵੀਹ ਘੰਟਿਆਂ ਤੋਂ ਉੱਪਰਲੇ ਕੈਸ਼ ਦੇ ਦਿੰਦੇ ਆ। ਜੇ ਚੈਕਿੰਗ ਹੋ ਜਾਵੇ ਤਾਂ ਵੀਹ ਘੰਟਿਆਂ ‘ਚ ਹੀ ਕਵਰ ਹੋ ਜਾਂਦੇ ਆ। ਤੂੰ ਲੀਗਲੀ ਕੰਮ ਨਹੀਂ ਕਰ ਸਕਦਾ, ਇਸ ਲਈ ਉਹ ਰਿਸਕ ਨਹੀਂ ਲੈਣਾ ਚਾਹੁੰਦਾ।”
“ਏਦਾਂ ਚੈਕਿੰਗ ਹੋ ਜਾਂਦੀ ਏ?”
“ਹੋ ਸਕਦੀ ਐ ਜੇ ਕੋਈ ਸ਼ਿਕਾਇਤ ਕਰ ਦੇਵੇ।”
“ਫੇਰ ਮੈਂ ਨਹੀਂ ਪੈਂਦਾ ਕੈਸ਼ ਵਾਲੇ ਚੱਕਰ ‘ਚ।” ਆਖ ਕੇ ਕਰਨਵੀਰ ਚੁੱਪ ਕਰ ਗਿਆ। ਫਿਰ ਬੋਲਿਆ, “ਪਰ ਯਾਰ, ਰਾਤ ਤੇਰੇ ਸਾਥ ‘ਚ ਟਾਈਮ ਵਧੀਆ ਲੰਘ ਗਿਆ ਸੀ।”
“ਅੱਛਾ ਜੀ, ਫੇਰ ਆ ਜਾਇਆ ਕਰੀਂ ਸੈਟਰਡੇ ਨਾਈਟ।”
“ਤੂੰ ਚਾਹੁੰਨੀ ਏਂ?”
“ਹੂੰ, ਤਾਂ ਹੀ ਕਹਿੰਨੀ ਆਂ।”
“ਅਗਲਾ ਵੀਕਐਂਡ ਉਡੀਕੇਂਗੀ?”
“ਹੂੰ ਹੂੰ।” ਜੀਤੀ ਦੀ ਆਵਾਜ਼ ਕੁਝ ਭਾਰੀ ਹੋ ਗਈ। ਕਰਨਵੀਰ ਦਾ ਮਨ ਉਛਾਲੇ ਖਾਣ ਲੱਗਾ। ਉਹ ਬੋਲਿਆ, “ਅਗਲਾ ਵੀਕਐਂਡ ਯਾਰ, ਕੱਲ੍ਹ ਨੂੰ ਨਹੀਂ ਆ ਸਕਦਾ?”
“ਅੱਛਾ ਜੀ, ਐਨੀ ਬੇਤਾਬੀ ਆ? ਜਸਟਿਨ ਟਰੂਡੋ ਨੂੰ ਕਹਾਂਗੇ ਕਿ ਵੀਕ ਦੇ ਸਾਰੇ ਦਿਨ ਕੈਂਸਲ ਕਰ ਦੇਵੇ।”
“ਹਾਂ, ਸਿਰਫ ਸੈਟਰਡੇ ਨਾਈਟ ਰੱਖੇ।”
“ਅਗਲੇ ਸੈਟਰਡੇਅ ਝਾਂਜਰ ’ਚ ਕੋਈ ਪਾਰਟੀ ਨਹੀਂ ਹੈ। ਇਸ ਲਈ ਸਿਰਫ ਸੰਡੇ ਰੱਖੇ।”
“ਸੰਡੇ ਕਿਉਂ?”
ਜੀਤੀ ਇਕ ਪਲ ਚੁੱਪ ਕਰ ਗਈ, ਫਿਰ ਬੋਲੀ, “ਸੰਡੇ ਲਾਂਡਰੀ ਕਰਨੀ ਹੁੰਦੀ ਐ।” ਇਹ ਆਖ ਕੇ ਜੀਤੀ ਖਿੜ ਖਿੜਾ ਕੇ ਹੱਸ ਪਈ। ਫਿਰ ਬੋਲੀ, “ਸੀ ਐਨ ਟਾਵਰ ਨੀ ਦੇਖਣਾ ਅਗਲੇ ਸੰਡੇ, ਬੁੱਧੂਆ?”
“ਐਨੀ ਬੇਸਬਰੀ ਏ ਉਹ ਦੇਖਣ ਦੀ?”
“ਮੇਰਾ ਤਾਂ ਦੇਖਿਆ। ਤੈਨੂੰ ਦਿਖਾ ਕੇ ਲਿਆਉਣੈ।”
ਬੇਸਬਰੀ ਜੀਤੀ ਨੂੰ ਸੀ ਜਾਂ ਨਹੀਂ, ਇਸ ਬਾਰੇ ਕਰਨਵੀਰ ਨੂੰ ਪੂਰਾ ਨਹੀਂ ਸੀ ਪਤਾ ਪਰ ਉਸ ਨੂੰ ਜੀਤੀ ਦੇ ਨਾਲ਼ ਤੁਰਨ ਦੀ ਤਾਂਘ ਜ਼ਰੂਰ ਸੀ।
(ਚੱਲਦਾ)