‘ਰਵਿੰਦਰ ਸਿੰਘ ਸਹਿਰਾਅ – ਮਾਣ ਸਾਡੇ ਪਿੰਡ ਦਾ’

ਡਾ. ਕੁਲਵਿੰਦਰ ਸਿੰਘ ਬਾਠ
ਫੋਨ: 209 600 2897
209 371 7234
ਪਿੰਡ, ਕਸਬੇ, ਜਾਂ ਫਿਰ ਇਲਾਕੇ ਦੇ ਕਿਸੇ ਇਨਸਾਨ ਨੂੰ ਜਦ ਸੁਲਝੇ ਹੋਏ ਤੇ ਨਾਮਵਰ ਸ਼ਖ਼ਸੀਅਤਾਂ ਦੀ ਕਤਾਰ ਵਿਚ ਜੋੜਿਆ ਜਾਣ ਲੱਗ ਪਵੇ ਤਾਂ ਉਹ ਉਸ ਪਿੰਡ ਹੀ ਨਹੀਂ ਬਲਕਿ ਇਲਾਕੇ ਦਾ ਮਾਣ-ਸਨਮਾਨ ਬਣ ਜਾਂਦਾ ਹੈ। ਉਸ ਦੇ ਨਜ਼ਦੀਕੀ ਲੋਕ ਉਸ `ਤੇ ਮਾਣ ਕਰਦੇ ਹਨ, ਉਸਨੂੰ ਆਪਣਾ ਸਮਝਦੇ ਹਨ, ਅਤੇ ਉਸ ਤੋਂ ਕੁਝ ਕਰਨ/ ਕਰਾਉਣ ਦੀਆਂ ਆਸਾਂ ਵੀ ਰੱਖਦੇ ਹਨ।

ਅੱਜ ਜਿਸ ਅਦੀਬ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਮੇਰੇ ਦੇਸ਼ ਦੀ ਇੰਡਿਆਨਾ ਸਟੇਟ `ਚ ਵਸਦੇ, ਸ਼੍ਰੋਮਣੀ ਪੰਜਾਬੀ ਸਾਹਿਤਕਾਰ, ਰਵਿੰਦਰ ਸਿੰਘ ਸਹਿਰਾਅ, ਜੋ ਸਾਹਿਤ ਦੇ ਖੇਤਰ `ਚ ਸੱਚਮੁੱਚ ਜਾਣਿਆ ਪਹਿਚਾਣਿਆ ਅਦੀਬ ਹੈ। ਰਵਿੰਦਰ ਸਹਿਰਾਅ ਦੀ ਸ਼ਖ਼ਸੀਅਤ ਨੂੰ ਇਸ ਛੋਟੇ ਜਿਹੇ ਲੇਖ ਦੀਆਂ ਸੀਮਾਵਾਂ ‘ਚ ਸੀਮਤ ਕਰਨਾ ਕੁੱਜੇ `ਚ ਸਮੁੰਦਰ ਬੰਦ ਕਰਨ ਦੇ ਸਮਾਨ ਹੈ। ਸੰਖੇਪ ਵਿਚ ਕੁੱਝ ਗੱਲਾਂ ਸਾਂਝੀਆਂ ਕਰਨੀਆਂ ਹਨ। ਰਵਿੰਦਰ ਦੀ ਜ਼ਿੰਦਗੀ-ਕਿਤਾਬ ਖੋਲ੍ਹ ਕੁਝ ਪੰਨੇ ਇੱਧਰ-ਉਧਰ ਕਰਨ ਤੇ ਆਪਣੇ ਅਨੁਭਵ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖ ਰਵਿੰਦਰ ਦੀ ਜੀਵਨੀ ਨੂੰ ਸਿਰਫ ਛੂਹ ਹੀ ਰਿਹਾ ਹੈ, ਜਿਵੇਂ ਕਹਿੰਦੇ ਹਨ ਟਿੱਪ ਆਫ ਦਿ ਆਈਸਬਰਗ। ਮੇਰਾ ਇੱਕ ਲੇਖਕ ਅਤੇ ਸਾਹਿਤਕ ਪਿਛੋਕੜ ਨਾ ਹੋਣ ਕਾਰਨ ਸ਼ਾਇਦ ਇਹ ਲਿਖਤ ਪੜ੍ਹਨ/ਜਾਨਣ ਵਾiਲ਼ਆਂ ਦੇ ਮਿਆਰ ਦੀ ਵੀ ਨਾ ਹੋਵੇ ਤੇ ਮੈਂ ਰਵਿੰਦਰ ਭਾਅ ਨਾਲ ਇਨਸਾਫ਼ ਵੀ ਨਾ ਕਰ ਸਕਾਂ।
ਰਵਿੰਦਰ ਦੋਆਬੇ ਦੇ ਜ਼ਿਲ੍ਹੇ ਜਲੰਧਰ `ਚ ਪੈਂਦੇ ਸਾਡੇ ਟਿੱਬਿਆਂ ਵਾਲੇ ਪਿੰਡ ਦਾ ਪੁੱਤਰ ਹੈ, ਜਿਸ ਨੂੰ ਹਰਦੋ ਫ਼ਰਾਲਾ ਦਾ ਨਾਮ ਦਿੱਤਾ ਗਿਆ ਹੈ। ਬਹੁਤ ਲੋਕਾਂ ਨੂੰ ਹਰਦੋ ਫ਼ਰਾਲੇ ਨਾਲ਼ੋਂ ਰਾਏਪੁਰ ਫ਼ਰਾਲੇ ਦਾ ਜ਼ਿਆਦਾ ਪਤਾ ਹੋ ਸਕਦਾ ਹੈ। ਰਵਿੰਦਰ ਭਾਅ ਦੀ ਜਵਾਨੀ ਤੇ ਮੇਰੇ ਬਚਪਨ ਦਾ ਸਮਾਂ ਇਕ ਹੀ ਸੀ ਜੋ ਇਸ ਪਿੰਡ ਦੀ ਜੂਅ ‘ਚ ਗੁਜ਼ਰਿਆ। ਇਸ ਨੂੰ ਛੋਟੀ ਉਮਰੇ ਹੀ ਪਿੰਡ ਦੇ ਸਰਪੰਚ ਹੋਣ ਦਾ ਮਾਣ ਵੀ ਮਿਲਿਆ। ਪਿੰਡ ਦਾ ਇਹ ਪਹਿਲਾ ਪੋਸਟ ਗ੍ਰੈਜੂਏਟ ਸੀ, ਜੋ ਕਾਲਜ ਪੜ੍ਹਦਿਆਂ ਹੀ ਅਗਾਂਹਵਧੂ ਸੋਚ ਦਾ ਮਾਲਕ ਬਣ ਗਿਆ। ਇਹਦੇ ਵਿਚਰਨ ਦਾ ਤੌਰ ਤਰੀਕਾ ਅਤੇ ਸਾਥ ਉਨ੍ਹਾਂ ਸਮਕਾਲੀ ਇਨਸਾਨਾਂ ਨਾਲ ਬਣ ਗਿਆ ਜੋ ਸਮੇਂ ਦੀ ਇਨਕਲਾਬੀ ਮੂਵਮੈਂਟ ਦੇ ਚਿਹਰੇ ਮੋਹਰੇ ਸਨ। ਇਨਕਲਾਬੀ ਸੋਚ ਦੇ ਅਸਰ ਸਦਕਾ ਪਿੰਡ ਦੇ ਬੱਚਿਆਂ ਤੇ ਜਵਾਨਾਂ ਦੇ ਜੋਸ਼ ਤੇ ਹੌਸਲੇ ਬੁਲੰਦ ਹੋਣੇ ਸ਼ੁਰੂ ਹੋ ਗਏ। ਪਿੰਡ ਦਾ ਮਾਹੌਲ ਬਦਲ ਗਿਆ ਤੇ ਸਭ ਪਾਸੇ ਰੌਣਕਾਂ ਲੱਗਣ ਲੱਗ ਪਈਆਂ। ਰਵਿੰਦਰ ਭਾਅ ਦੀ ਟੀਮ ਨੇ ਪਿੰਡ ਵਿਚ ਸਮਾਜਿਕ ਸੇਧ ਲਈ ਨਾਟਕਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ। ਸਾਡੀ ਛੋਟਿਆਂ ਦੀ ਟੀਮ ਜ਼ਿਆਦਾ ਨਾ ਸਮਝਦੇ ਹੋਏ ਵੀ ਹਲਾ-ਲਲਾ ਕਰਦੀ ਇੱਧਰ-ਉੱਧਰ ਦੌੜ ਭੱਜ ਕੇ ਆਪਣਾ ਹਿੱਸਾ ਪਾਉਂਦੀ ਰਹਿੰਦੀ। ਸਾਡੇ ਗਰੁੱਪ ਦਾ ਕੰਮ ਕੁਝ ਇਸ ਤਰ੍ਹਾਂ ਹੀ ਸੀ ਜਿਵੇਂ ਇੱਕ ਤਕੜੇ ਭਲਵਾਨ ਦੇ ਦੁਆਲੇ ਉਸ ਦੇ ਕੱਪੜੇ ਸੰਭਾਲ਼ਣ ਵਾਲੇ ਹੁੰਦੇ ਹਨ। ਕਰੀਬ ਚਾਲੀ ਸਾਲ ਪਹਿਲਾਂ ਦਾ ਇਹ ਮਾਹੌਲ ਅੱਜ ਵੀ ਮੇਰੇ ਦਿਮਾਗ ਦੇ ਕੋਨੇ ਵਿਚ ਸਿਰਫ ਕੈਦ ਹੀ ਨਹੀਂ ਬਲਕਿ ਮੈਂ ਇਹਨੂੰ ਅੱਜ ਵੀ ਮਹਿਸੂਸ ਕਰਦਾ ਹਾਂ। ਮੈਨੂੰ ਇਹ ਵੀ ਯਾਦ ਹੈ ਕਿ ਪਿੰਡ ਦੀ ਕਿਸ ਕਿਸ ਜਗ੍ਹਾ `ਤੇ ਨਾਟਕ ਖੇਡੇ ਜਾਂਦੇ ਸਨ। ਦਰਸ਼ਕਾਂ ਦੇ ਇਕੱਠ ਵਿਚ ਸਾਡੇ ਪਿੰਡ ਤੋਂ ਇਲਾਵਾ ਗੁਆਂਢੀ ਪਿੰਡਾਂ ਦੇ ਲੋਕ ਵੀ ਆ ਸ਼ਾਮਲ ਹੁੰਦੇ ਸੀ। ਸਾਲ ਸੱਤਰ-ਅੱਸੀ ਦਾ ਟਾਈਮ ਇਨ੍ਹਾਂ ਇਨਕਲਾਬੀ ਸੋਚ ਵਾiਲ਼ਆਂ ਲਈ ਸੰਘਰਸ਼ਪੂਰਨ ਹੀ ਸੀ। ਸਮੇਂ ਦੀ ਸਰਕਾਰ ਦੀਆਂ ਵਧੀਕੀਆਂ ਬਾਬਤ ਸੁੱਤੇ ਹੋਏ ਲੋਕਾਂ ਨੂੰ ਜਗਾਉਣਾ ਤੇ ਨਾ-ਇਨਸਾਫ਼ੀ ਦੇ ਖ਼ਿਲਾਫ਼ ਟੱਕਰ ਲੈਣੀ ਗੱਲਾਂ ਨਾਲ਼ੋਂ ਅਸਲ ਵਿਚ ਬੇਹੱਦ ਮੁਸ਼ਕਲ ਹੁੰਦੀ ਹੈ। ਪਰ ਜੋਸ਼ ਤੇ ਸਮਰੱਥਾ ਅਥਾਹ ਹੋਣ ਕਰਕੇ ਇਸ ਗਰੁੱਪ ਨੇ ਕਦੀ ਕਿਸੇ ਦੀ ਪ੍ਰਵਾਹ ਹੀ ਨਹੀਂ ਕੀਤੀ ਸੀ। ਆਪਣੇ ਮਿਸ਼ਨ ਦੇ ਦਿਵਾਨੇ ਸਨ, ਜਿਸ ਕਰਕੇ ਜੇਲ੍ਹ ਯਾਤਰਾ, ਉਹ ਵੀ ਕਈ ਵਾਰੀ, ਆਮ ਜਿਹੀ ਗੱਲ ਹੀ ਸੀ। ਐਮਰਜੈਂਸੀ ਦੌਰਾਨ ਮੀਸਾ, ਡੀ. ਆਈ. ਆਰ., ਹਥਿਆਰਾਂ ਦੇ ਕੇਸ, ਇੰਟੈਰੋਗੇਸ਼ਨ, ਰਿਮਾਂਡ, ਜੇਲ੍ਹ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਇਸ ਕਰਕੇ ਕਈ ਵਾਰੀ ਸਾਨੂੰ ਇਸ ਗਰੁੱਪ ਦੇ ਦਰਸ਼ਨ ਹੀ ਨਾ ਹੁੰਦੇ – ਕਦੀ ਅੰਦੋਲਨ, ਅੰਡਰ ਗ੍ਰਾਊਂਡ, ਕਚਹਿਰੀ, ਤੇ ਕਦੀ ਜੇਲ੍ਹ ਅੰਦਰ ਕਿਸੇ ਇਕ ਜਾਂ ਦੂਸਰੇ “ਸਰਕਾਰੀ ਜੁਰਮ” ਤਹਿਤ। ਪਰ ਧੰਨ ਹੀ ਸੀ ਇਹ ਇਨਕਲਾਬੀ ਸੋਚ ਦੀ ਪਹਿਰੇਦਾਰ ਯੂਥ ਪਾਵਰ ਜੋ ਹਮੇਸ਼ਾਂ ਲੜਨ ਤੇ ਮਰਨ ਲਈ ਤਿਆਰ ਹੀ ਰਹਿੰਦੀ।

ਸਿਰਫ ਸਾਡੇ ਪਿੰਡ ਜਾਂ ਇਲਾਕੇ ‘ਚ ਹੀ ਨਹੀਂ, ਰਵਿੰਦਰ ਸਹਿਰਾਅ ਦਾ ਪੰਜਾਬ ਵਿਚ ਇਕ ਨਾਂਅ ਬਣ ਗਿਆ। ਰਾਮਗੜ੍ਹੀਆ ਕਾਲਜ, ਫ਼ਗਵਾੜਾ ਇਨ੍ਹਾਂ ਦੇ ਗਰੁੱਪ ਦਾ ਦੂਸਰਾ ਘਰ ਸੀ। ਪੀ.ਐਸ. ਯੂ. – ਪੰਜਾਬ ਸਟੂਡੈਂਟ ਯੂਨੀਅਨ ਦੀ ਪ੍ਰਧਾਨਗੀ ਜਾਂ ਫਿਰ ਪਿੰਡ ਦੀ ਸਰਪੰਚੀ, ਇਸ ਸਖ਼ਸ਼ ਨੇ ਪੂਰੀ ਸਮਝਦਾਰੀ, ਇਮਾਨਦਾਰੀ, ਲਿਆਕਤ, ਪਰ ਦਲੇਰੀ ਨਾਲ ਨਿਭਾਈ। ਸਾਨੂੰ ਵੱਡਿਆਂ ਹੋਇਆਂ ਪਤਾ ਲੱਗਾ ਕਿ ਸਾਡੇ ਇਸ ਵੀਰ ਕੋਲ ਕਈ ਵੱਡੇ ਲੇਖਕ, ਸ਼ਾਇਰ, ਬੁੱਧੀਜੀਵੀ, ਤੇ ਸਮੇਂ ਦੇ ਲੀਡਰ ਵੀ ਆਉਂਦੇ-ਜਾਂਦੇ ਰਹੇ। ਸੰਤ ਰਾਮ ਉਦਾਸੀ, ਪਾਸ਼, ਤੇ ਕਈ ਹੋਰ ਵੀ। ਪਿੰਡ ਦੀ ਸਰਪੰਚੀ ਸਮੇਂ ਵੀ ਕਈ ਸੁਧਾਰ ਕੀਤੇ ਤੇ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਇਕ ਵਿਗੜੇ-ਤਿਗੜੇ ਵੀ ਸਿੱਧੇ ਕੀਤੇ ਜੋ ਸ਼ਰਾਬ ਪੀ ਕੇ ਖੌਰੂ ਪਾਉਣ ਅਤੇ ਪਿੰਡ ਦਾ ਚੰਗਾ ਭਲਾ ਮਾਹੌਲ ਖ਼ਰਾਬ ਕਰਨ ਦੇ ਆਦੀ ਬਣ ਚੁੱਕੇ ਸਨ। ਸਰਪੰਚੀ ਦੇ ਟਾਈਮ ਪੁਲੀਸ ਜਿਵੇਂ ਸਾਡੇ ਪਿੰਡ ਦਾ ਰਾਹ ਹੀ ਭੁੱਲ ਗਈ ਸੀ, ਕਿਉਂਕਿ ਇਸ ਦੀ ਜ਼ਰੂਰਤ ਹੀ ਨਹੀਂ ਰਹੀ ਸੀ। ਪੁਲੀਸ ਟਾਊਟ ਵੀ ਚੁੱਪ ਹੋ ਗਏ ਜੋ ਆਪਣੀਆਂ ਚੰਮ ਦੀਆਂ ਚਲਾਉਣ ਲਈ ਝੱਟ ਝੂਠੀ ਕਹਾਣੀ ਘੜ ਪੁਲੀਸ ਚੌਕੀ ਪਹੁੰਚ ਜਾਂਦੇ। ਪਿੰਡ ਦੇ ਸਰਪੰਚ ਬਣਨ `ਚ ਸਾਡੀ ਭੂਮਿਕਾ ਵੀ ਭਲਵਾਨ ਦੇ ਕਛਹਿਰੇ ਸੰਭਾਲ਼ਣ ਵਾiਲ਼ਆਂ ਵਰਗੀ ਹੀ ਸੀ ਕਿਉਂਕਿ ਉਸ ਸਮੇਂ ਸਾਡੀ ਆਪਣੀ ਵੋਟ ਵੀ ਨਹੀਂ ਬਣੀ ਸੀ।
ਰਵਿੰਦਰ ਹੁਣਾਂ ਦਾ ਘਰ ਪਿੰਡ ਦੇ ਦੂਸਰੇ ਪਾਸੇ ਇਕ ਤੰਗ ਗਲੀ ਵਿਚ ਸੀ ਅਤੇ ਅਜੇ ਵੀ ਹੈ। ਇਨ੍ਹਾਂ ਦੇ ਵੱਡੇ ਪਰਿਵਾਰ ਵਿਚੋਂ ਮੈਂ ਸਿਰਫ ਰਵਿੰਦਰ ਤੇ ਇਸ ਦੀ ਬਜ਼ੁਰਗ ਮਾਤਾ (ਸਵਰਗ ਵਾਸੀ) ਨੂੰ ਜਾਣਦਾਂ ਜਾਂ ਦੇਖਿਆ ਹੈ। ਇਸ ਦੇ ਵੱਡੇ ਭਰਾ (ਜੋ ਮੇਰੇ ਪਿਤਾ ਜੀ ਨਾਲ ਇੱਕ ਵੱਡੀ ਕੰਪਨੀ `ਚ ਕੰਮ ਕਰਦੇ ਰਹੇ ਸੀ) ਚਾਹੁੰਦੇ ਸੀ ਕਿ ਰਵਿੰਦਰ ਅੱਗੇ ਪੜ੍ਹਨ ਦੀ ਬਜਾਏ ਟਾਟਾ ਕੰਪਨੀ `ਚ ਆ ਕੰਮ ਕਰਨ ਲੱਗ ਪਵੇ (ਸ਼ਾਇਦ ਇਸ ਨੂੰ ਇਨਕਲਾਬੀ ਸੰਗਤ ਤੋਂ ਦੂਰ ਰੱਖਣ ਲਈ)। ਪਰ ਇਸਨੇ ਸਾਫ਼ ਇਨਕਾਰ ਕਰ ਅੱਗੇ ਪੜ੍ਹਨਾ ਜਾਰੀ ਰੱਖਿਆ। ਇਸ ਪਰਿਵਾਰ ਦੀ ਸਾਡੇ ਪਰਿਵਾਰ ਨਾਲ ਬੜੀ ਡੂੰਘੀ ਸਾਂਝ ਹੈ, ਜੋ ਅੱਜ ਤੱਕ ਵੀ ਕਾਇਮ ਹੈ। ਮੇਰੇ ਤੋਂ ਵੱਡੀ ਭੈਣ ਵੀ ਉਸ ਸਮੇਂ ਕਾਲਜ ਜਾਣ ਕਰਕੇ ਮਾਂ ਜੀ (ਰਵਿੰਦਰ ਦੇ ਮਾਤਾ ਜੀ ਜਿਹਨੂੰ ਅਸੀਂ ਮਾਂ ਜੀ ਕਹਿੰਦੇ ਸੀ) ਉਸ ਤੋਂ ਰਵਿੰਦਰ ਦੀਆਂ ਕਾਲਜ ਦੀਆਂ ਹਰਕਤਾਂ ਦਾ ਪਤਾ ਕਰਦੀ ਰਹਿੰਦੀ। ਰਵਿੰਦਰ ਮਾਂ ਜੀ ਨੂੰ ਜ਼ਿਆਦਾ ਕੁਝ ਦੱਸਦਾ ਨਹੀਂ ਸੀ, ਸ਼ਾਇਦ ਇਹ ਸੋਚ ਕਿ ਇਹ ਐਵੇਂ ਫਿਕਰ ਕਰੀ ਜਾਊਗੀ। ਪੰਦਰਾਂ ਸਤੰਬਰ 1981 ਨੂੰ ਅਚਾਨਕ ਮੇਰੀ ਇਹ ਭੈਣ ਇੱਕ ਬੱਸ ਦੁਰਘਟਨਾ ਕਾਰਨ ਸਾਡੇ ਕੋਲੋਂ ਸਦਾ ਲਈ ਵਿਛੜ ਗਈ, ਜਿਸ ਦਾ ਸਾਡੇ ਟੱਬਰ ਵਾਂਗ ਹੀ ਮਾਂ ਜੀ ਨੂੰ ਬਹੁਤ ਦੁੱਖ ਲੱਗਾ। ਉਸ ਤੋਂ ਬਾਅਦ ਵੀ ਮਾਂ ਜੀ ਸਵੇਰੇ ਹੀ ਘਰੋਂ ਤਿਆਰ ਹੋ ਕੇ, ਅੱਧਾ ਪਿੰਡ ਲੰਘ ਕੇ ਸਾਡੇ ਘਰ ਆ ਬਹਿੰਦੀ ਤੇ ਅੱਧਾ-ਸਾਰਾ ਦਿਨ ਉੱਥੇ ਹੀ ਰਹਿੰਦੀ। ਜਦੋਂ ਭੁੱਖ ਲੱਗਦੀ ਤਾਂ ਬੀਬੀ ਨੂੰ ਕਹਿ ਦਿੰਦੀ ਜੋ ਵੀ ਖਾਣਾ ਹੁੰਦਾ। ਉਹਦਾ ਦਿਲ ਲੱਗਾ ਰਹਿੰਦਾ ਤੇ ਸਾਡਾ ਸਾਰਿਆਂ ਦਾ ਵੀ। ਜਿਸ ਦਿਨ ਕਿਤੇ ਲੇਟ ਹੋ ਜਾਂਦੀ ਜਾਂ ਨਾ ਆਉਂਦੀ ਤਾਂ ਫਿਕਰ ਲੱਗਦਾ ਕੇ ਕਿਤੇ ਢਿੱਲੀ-ਮੱਠੀ ਹੀ ਨਾ ਹੋ ਗਈ ਹੋਵੇ। ਰਵਿੰਦਰ ਦੀ ਵੱਡੀ ਭੈਣ ਅਮਰੀਕਾ ਆਈ ਹੋਈ ਸੀ ਤੇ ਉਸ ਨੂੰ ਚਿੱਠੀਆਂ ਲਿਖਣ ਅਤੇ ਆਈਆਂ ਚਿੱਠੀਆਂ ਪੜ੍ਹਨ ਦਾ ਕੰਮ ਮੇਰਾ ਹੋ ਗਿਆ ਜੋ ਪਹਿਲਾਂ ਮੇਰੀ ਭੈਣ ਦਾ ਸੀ। ਇੱਕ ਦਿਨ ਮੈਂ ਕਹਿ ਬੈਠਾ, ਮਾਂ ਜੀ ਇੱਕ ਚਿੱਠੀ ਖ਼ਾਤਰ ਕਈ ਵਾਰੀ ਤੈਨੂੰ ਮੇਰੀ ਅਵਾਰਾਗਰਦੀ ਕਰਕੇ ਉਡੀਕਣਾ ਤੇ ਬੈਠਣਾ ਪੈਂਦਾ ਹੈ, ਕਿਉਂ ਨਹੀਂ ਤੁਸੀਂ ਆਪਣੇ ਗੁਆਂਢ `ਚ ਕਿਸੇ ਨਿਆਣੇ-ਸਿਆਣੇ ਤੋਂ ਪੜ੍ਹਾ-ਲਿਖਾ ਲੈਂਦੇ? ਸੰਖੇਪ ਚੁੱਪ ਤੋਂ ਬਾਅਦ ਬੋਲੀ, “ਚਿੱਠੀ `ਚ ਦੁੱਖ-ਸੁੱਖ, ਘਰ ਦੀਆਂ ਗੱਲਾਂ, ਸੌ ਪਰਦੇ ਵਾਲ਼ੀਆਂ ਗੱਲਾਂ ਹੁੰਦੀਆਂ ਆ, ਐਵੇਂ ਕਿਵੇਂ ਕਿਸੇ ਤੋਂ ਵੀ ਲਿਖਾ-ਪੜ੍ਹਾ ਲਵਾਂ? ਦੂਸਰਾ ਕਾਰਨ ਇਹ ਕਿ ਮੈਂ ਇੱਥੇ ਆ ਰੌਣਕ `ਚ ਬੈਠੀ ਰਹਿੰਦੀ ਆਂ, ਰਵਿੰਦਰ ਦਾ ਕੀ ਪਤਾ ਕਦੋਂ ਆਵੇ ਜਾਂ ਨਾ ਆਵੇ, ਮੈਂ ਕੰਧਾਂ ਨਾਲ ਗੱਲਾਂ ਕਰਾਂ? ਜਵਾਬ ਸੁਣ ਮੈਨੂੰ ਚਿੱਠੀ ਦੀ ਅਹਿਮੀਅਤ ਤੇ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਮੈਂ ਕਾਫ਼ੀ ਸਮਾਂ ਜਹਾਜ਼ ਦੀ ਫੋਟੋ ਵਾਲੇ ਨੀਲੇ ਲਿਫ਼ਾਫ਼ਿਆਂ ਤੇ ਲਿਖਣ-ਪੜ੍ਹਨ `ਚ ਬਿਤਾਇਆ, ਸ਼ਾਇਦ ਜਦ ਤੱਕ ਮਾਂ ਜੀ ਆਪਣੇ ਵੱਡੇ ਲੜਕੇ ਕੋਲ ਨਹੀਂ ਚਲੀ ਗਈ। ਮਾਂ ਜੀ ਬਹੁਤ ਨਿੱਘੇ ਸੁਭਾਅ ਦੀ ਸੀ। ਉਸ ਦੀ ਸ਼ਕਲ ਸੂਰਤ ਅੱਜ ਤੱਕ ਮੇਰੇ ਦਿਮਾਗ ‘ਚ ਤਾਜ਼ਾ ਹੈ। ਕੱਦ ਛੋਟਾ, ਰੰਗ ਬਿਲਕੁਲ ਸਾਫ਼, ਕੱਪੜੇ ਇੰਜ ਜਿਵੇਂ ਹੁਣ ਹੀ ਧੋ ਕੇ ਪਾਏ ਹੋਣ। ਬਹੁਤ ਸਾਫ਼-ਸਫ਼ਾਈ ਦੀ ਆਦਤ। ਰਵਿੰਦਰ ਹੁਣਾਂ ਦਾ ਖੂਹ ਤੇ ਜ਼ਮੀਨ ਸਾਡੇ ਪਿੰਡ ਤੋਂ ਮਹੇੜੂ ਨੂੰ ਜਾਂਦੇ ਕੱਚੇ ਰਸਤੇ ਉੱਪਰ ਹੀ ਸੀ। ਇਨ੍ਹਾਂ ਮੱਝਾਂ / ਗਾਈਆਂ ਵੀ ਰੱਖੀਆਂ ਹੁੰਦੀਆਂ ਦੁੱਧ ਘਿਓ ਵਾਸਤੇ, ਕੁਝ ਵਰਤ ਲੈਂਦੇ, ਅਤੇ ਬਾਕੀ ਵੇਚ ਦਿੰਦੇ। ਸ਼ਾਇਦ ਇਹ ਪਸ਼ੂ ਵੀ ਸੰਭਾਲ਼ਦਾ ਸੀ ਪਰ ਕੁਝ ਯਾਦ ਨਹੀਂ ਜਾਂ ਕਦੇ ਦੇਖਿਆ ਨਹੀਂ ਸੀ। ਗੱਲ ਥੋੜ੍ਹੀ ਹੋਰ ਪਾਸੇ ਨਿਕਲ ਗਈ, ਚਲੋ ਦੁਬਾਰਾ ਰਵਿੰਦਰ ਦੀ ਜ਼ਿੰਦਗੀ ਵੱਲ ਮੁੜੀਏ।
ਪੜ੍ਹਨ-ਲਿਖਣ ਦਾ ਸ਼ੌਕ ਸੀ ਜੋ ਅੱਜ ਤੱਕ ਬਰਕਰਾਰ ਹੈ। ਸਾਹਿਤਕ ਸਰਗਰਮੀਆਂ `ਚ ਵੀ ਵਿਚਰਦਾ ਹੈ। ਦਰਜਨਾਂ ਕਿਤਾਬਾਂ ਵੀ ਲਿਖ ਚੁੱਕਿਆ ਹੈ। ਇਕ ਮਿਆਰੀ ਮੈਗਜ਼ੀਨ ਦਾ ਸੰਪਾਦਕ ਵੀ ਹੈ। ਇਹਦੀਆਂ ਕਵਿਤਾਵਾਂ ਨੂੰ ਗਾਇਆ ਵੀ ਗਿਆ ਤੇ ਹੋਰ ਭਾਸ਼ਾਵਾਂ `ਚ ਤਰਜਮੇ ਵੀ ਕੀਤੇ ਗਏ। ਜੇਲ੍ਹਾਂ `ਚ ਬਿਤਾਏ ਸਮੇਂ ਬਾਰੇ ਵੀ ਕਈ ਕ੍ਰਾਂਤੀਕਾਰੀ ਤੇ ਜੁਝਾਰੂ ਕਵਿਤਾਵਾਂ ਲਿਖੀਆਂ, ਕੁੱਝ ਲਿਖਿਆ ਹੋਇਆ ਗੁੰਮ ਵੀ ਗਿਆ, ਤੇ ਬਹੁਤ ਸਾਰੀਆਂ ਅਧੂਰੀਆਂ ਰਚਨਾਵਾਂ ਕਦੇ ਪੂਰੀਆਂ ਹੀ ਨਹੀਂ ਹੋਈਆਂ ਜਿਸ ਦਾ ਹੇਰਵਾ ਹੈ ਇਸ ਨੂੰ। 1980 `ਚ ਛਪੀ ਆਪਣੀ ਪਹਿਲੀ ਕਾਵਿ-ਪੁਸਤਕ ‘ਚੁਰਾਏ ਪਲਾਂ ਦਾ ਹਿਸਾਬ’ ਵਿਚ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਜੀਵਨ ਦੇ “ਚੁਰਾਏ ਪਲਾਂ” ਦਾ ਹਿਸਾਬ ਵੀ ਮੰਗਿਆ। ਇਸ ਕਿਤਾਬ ਨੂੰ ਛਪਵਾਉਣ ਲਈ ਵੀ ਤਕੜਾ ਸੰਘਰਸ਼ ਕਰਨਾ ਪਿਆ ਜਿਸ ਬਾਰੇ ਪ੍ਰੋ. ਨਿਰੰਜਣ ਸਿੰਘ ਢੇਸੀ ਨੇ ਇਕ ਵਾਰ ਮੈਨੂੰ ਵਿਸਥਾਰ ਨਾਲ ਦੱਸਿਆ। ਕਈ ਵਰ੍ਹੇ ਪਹਿਲਾਂ ਡਾ. ਗੁਰੂਮੇਲ ਸਿੱਧੂ ਨਾਲ ਗੱਲਾਂ-ਗੱਲਾਂ `ਚ ਰਵਿੰਦਰ ਬਾਰੇ ਗੱਲ-ਬਾਤ ਚੱਲ ਪਈ। ਡਾ. ਸਿੱਧੂ ਸਾਇੰਸਦਾਨ ਸੀ ਤੇ ਫਰਿਜ਼ਨੋ ਸਟੇਟ ਯੂਨੀਵਰਸਿਟੀ `ਚ ਪੜ੍ਹਾਉਂਦੇ ਸੀ। ਸਾਡਾ ਫੀਲਡ ਇੱਕੋ ਜਿਹਾ ਹੋਣ ਕਰਕੇ ਕਿਤੇ ਕਿਤੇ ਗੱਲ ਬਾਤ ਹੁੰਦੀ ਰਹਿੰਦੀ ਸੀ। ਪਰ ਨਾਲ ਹੀ ਉਹ ਕਈ ਕਿਤਾਬਾਂ ਦੇ ਰਚੇਤਾ ਤੇ ਜਾਣੇ-ਪਹਿਚਾਣੇ ਸਾਹਿਤਕਾਰ ਵੀ ਸਨ। ਖ਼ੈਰ ਇਕ ਦਿਨ ਅਚਾਨਕ ਮੈਨੂੰ ਪੁੱਛਣ ਲੱਗੇ ਕਿ ਤੁਹਾਡਾ ਪਿੰਡ ਕਿਹੜਾ ਆ ਬਈ? ਮੈਂ ਕਿਹਾ ਪਤਾ ਨਹੀਂ ਜੀ ਤੁਹਾਨੂੰ ਪਤਾ ਹੋਵੇ ਜਾਂ ਨਾ, ਪਰ ਜਲੰਧਰ ਛਾਉਣੀ ਲਾਗੇ, ਕੁੱਕੜ ਪਿੰਡ ਦੀ ਬੇਈਂ ਪਾਰ, ਚਹੇੜੂ ਦੇ ਪੱਛਮ `ਚ, ਜਮਸ਼ੇਰ ਦੇ ਪੂਰਬ ‘ਚ ਇਕ ਛੋਟਾ ਜਿਹਾ ਬੇਈਂ ਘੇਰਿਆ ਪਿੰਡ ਆ ਹਰਦੋ ਫ਼ਰਾਲਾ ਜਾਂ ਰਾਏ ਪੁਰ ਫ਼ਰਾਲਾ। ਇੱਕਦਮ ਬੋਲੇ, ਯਾਰ ਆਹ ਦੋਆਬੇ ਦਾ ਨਕਸ਼ਾ ਬਣਾਉਣ ਦੀ ਕੀ ਜ਼ਰੂਰਤ ਸੀ, ਉਦਾਂ ਹੀ ਦੱਸ ਦਿੰਦਾ ਪਈ ਰਵਿੰਦਰ ਵਾਲਾ ਪਿੰਡ ਆ! ਪਹਿਲਾਂ ਕਦੇ ਰਵਿੰਦਰ ਦੇ ਨਾਮ ਦਾ ਜ਼ਿਕਰ ਨਾ ਹੋਣ ਕਰਕੇ ਮੈਂ ਹੈਰਾਨੀ ਨਾਲ ਪੁੱਛਿਆ, ਤੁਸੀਂ ਜਾਣਦੇ ਰਵਿੰਦਰ ਨੂੰ? ਕਹਿੰਦੇ ਸਿਰਫ ਜਾਣਦਾ ਹੀ ਨਹੀਂ ਬਲਕਿ ਪੂਰਾ ਜਾਣਦਾ ਹਾਂ। ਕ੍ਰਾਂਤੀਕਾਰੀ ਕਵੀ ਆ ਉਹ। ਉਹਦੀ ਕਵਿਤਾ ਬਹੁਤ ਸੁਆਦਲੀ ਵੀ ਹੁੰਦੀ ਆ, ਕੋਈ ਰਹਿੰਦ-ਖੂੰਹਦ ਨਹੀਂ ਹੁੰਦੀ। ਵਾਰਤਕ ਕਵਿਤਾ ਵੀ ਕਮਾਲ ਦੀ। ਫਿਰ ਉਸਨੇ ਰਵਿੰਦਰ ਦੀ ਇੱਕ ਕਵਿਤਾ ਦੀ ਚੀਰ ਫਾੜ ਕਰਦੇ ਕੁਝ ਸੁਣਾਇਆ… ਜੋ ਮੈਂ ਪੂਰਾ ਲਿਖ ਨਾ ਸਕਿਆ…
ਕਿਵੇਂ ਜੀ ਰਹੇ ਨੇ ਇਹ ਲੋਕ
ਬਿਨਾ ਛੱਤ ਤੋਂ
ਇਨ੍ਹਾਂ ਠਰੀਆਂ ਰਾਤਾਂ ਅੰਦਰ
ਜਿਉਂ ਰਹੇ ਨੇ ਕਿਵੇਂ
ਇਹ ਖਿਆਲ ਆਉਂਦਿਆਂ ਹੀ
ਗਰਮ ਕਮਰੇ ‘ਚ ਬੈਠਾ
ਕੰਬ ਜਾਂਦਾ ਹਾਂ ਮੈਂ ..।
ਰਵਿੰਦਰ ਦੇ ਨਾਮ ਤੇ ਪਹਿਚਾਣ ਦਾ ਕਈ ਵਾਰੀ ਸਾਨੂੰ ਵੀ ਫ਼ਾਇਦਾ ਹੋ ਜਾਂਦਾ, ਜਾਂ ਇਹ ਕਹਿ ਲਓ ਕਿ ਅਸੀਂ ਇਸ ਨਾਮ ਨਾਲ ਜੁੜ ਕੇ ਫ਼ਾਇਦਾ ਲਾ ਲੈਂਦੇ। ਬਹੁਤੀਆਂ ਵਿਚੋਂ ਸਿਰਫ ਇਕ ਹੀ ਉਦਾਹਰਨ ਦਿੰਦਾ ਹਾਂ …
ਜਦੋਂ ਹਾਈ ਸਕੂਲ ਪਾਸ ਕਰ ਕੇ ਅਸੀਂ ਕਾਲਜ `ਚ ਦਾਖਲਾ ਲੈਣ ਵਾਸਤੇ ਪਹਿਲੀ ਵਾਰ ਰਾਮਗੜ੍ਹੀਆ ਕਾਲਜ ਫ਼ਗਵਾੜੇ ਪਹੁੰਚੇ। ਸੱਤ-ਅੱਠ ਮੁੰਡਿਆ ਦਾ ਗਰੁੱਪ ਸੀ। ਜਿਉਂ ਹੀ ਕਾਲਜ ਦੇ ਮੇਨ ਗੇਟ ਅੰਦਰ ਦਾਖਲ ਹੋਏ ਤਾਂ ਤਿੰਨ-ਚਾਰ ਮੁੰਡਿਆਂ ਦਾ ਗਰੁੱਪ ਸਾਡੇ ਵੱਲ ਦੌੜਦਾ ਆ ਗਿਆ। ਅਸੀਂ ਅਜੇ ਸਾਈਕਲਾਂ ਦੇ ਸਟੈਂਡ ਹੀ ਲਾਉਂਦੇ ਸੀ ਕਿ ਉਹ ਸਾਨੂੰ ਘੇਰ ਕਹਿਣ ਲੱਗੇ, ‘ਸਾਡੀ ਸਟੂਡੈਂਟ ਜਥੇਬੰਦੀ ਦੇ ਮੈਂਬਰ ਬਣੋ’। ਅਸੀਂ ਸਾਰੇ ਇੱਕ ਦੂਸਰੇ ਵੱਲ ਝਾਕੀਏ ਕਿ ਸਾਨੂੰ ਤਾਂ ਅਜੇ ਇਹ ਵੀ ਨਹੀਂ ਪੱਕਾ ਪਤਾ ਕਿ ਅਸੀਂ ਇੱਥੇ ਦਾਖਲਾ ਲੈਣਾ ਵੀ ਹੈ ਜਾਂ ਮਿਲੇਗਾ ਵੀ, ਇਹ ਕੀ ਭੰਬਲ਼ਭੂਸਾ ਪਾ ਕੇ ਬਹਿ ਗਏ? ਅਸੀਂ ਪਿੰਡੋਂ ਆ ਪਹਿਲੀ ਵਾਰ ਕਾਲਜ `ਚ ਪੈਰ ਰੱਖਿਆ ਹੀ ਸੀ, ਪਰ ਇਹ ਹੰਢੇ ਬੰਦੇ ਲੱਗਦੇ ਸੀ। ਖ਼ੈਰ ਹੌਸਲਾ ਜਿਹਾ ਕਰ ਕੇ ਦੱਸਿਆ ਕਿ ਅਸੀਂ ਤਾਂ ਅਜੇ ਕੈਟਾਲੌਗ ਜਿਸ ਨੂੰ ਪ੍ਰਾਸਪੈਕਟਸ ਕਹਿੰਦੇ ਸਨ ਲੈਣ ਆਏ ਹਾਂ। ਸਾਡਾ ਦਾਖਲਾ ਹੋ ਜਾਵੇ ਫਿਰ ਦੇਖਦੇ ਹਾਂ। ਖ਼ੈਰ ਉਨ੍ਹਾਂ ਦੀ ਮਜਬੂਰੀ ਲੱਗਦੀ ਸੀ ਕਿ ਨਵੇਂ ਰੰਗਰੂਟ ਭਰਤੀ ਕਰੋ। ਜਾਂ ਫਿਰ ਉਨ੍ਹਾਂ ਨੂੰ ਇੰਜ ਲੱਗੇ ਜਿਵੇਂ ਝਟਕਈ ਨੂੰ ਮੇਮਣੇ। ਸਾਡੇ ਸਾਰੇ ਗਰੁੱਪ ਨੇ ਪ੍ਰਾਸਪੈਕਟਸ ਲਏ ਤੇ ਵਾਪਸ ਮੇਨ ਗੇਟ ਕੋਲ ਬਣੇ, ਟੀਨਾਂ ਦੀ ਛੱਤ ਵਾਲੇ ਸਾਈਕਲ ਸਟੈਂਡ ਵਿਚ ਖੜ੍ਹੇ ਹੋ ਪੜ੍ਹਨ ਲੱਗ ਪਏ ਕਿ ਕਿਹੜੇ ਸਬਜੈਕਟ ਲੈਣੇ ਹਨ। ਪ੍ਰਾਸਪੈਕਟਸ ਅੰਗਰੇਜ਼ੀ `ਚ ਹੋਣ ਕਾਰਨ, ਕਾਲਜ ਵਿਚ ਪਹਿਲਾ ਕਦਮ ਹੋਣ ਕਰਕੇ, ਅਤੇ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇੱਕ ਦੂਸਰੇ ਦੀ ਮਦਦ ਦੀ ਲੋੜ ਸੀ। ਅਜੇ ਮੱਥੇ `ਤੇ ਆਈਆਂ ਤ੍ਰੇਲੀਆਂ ਸਾਫ਼ ਕਰ ਲੰਬਾ ਸਾਹ ਹੀ ਲਿਆ ਸੀ ਕਿ ਉਹੀ ਗਰੁੱਪ ਇੱਕ ਬੰਦਾ ਹੋਰ ਲੈ ਕੇ ਸਾਡੇ ਕੋਲ ਦੋਬਾਰਾ ਪਹੁੰਚ ਗਿਆ। “ਛੋਟੀਆਂ ਜਿਹੀਆਂ ਅੱਖਾਂ ਵਾਲਾ” ਇਹ ਫੁਰਤੀਲਾ ਬੰਦਾ ਉਨ੍ਹਾਂ ਦਾ ਲੀਡਰ ਲੱਗਦਾ ਸੀ। ਉਸਨੇ ਆਉਂਦਿਆਂ ਹੀ ਸਾਨੂੰ ਇਸ ਜਥੇਬੰਦੀ ਦੇ ਮੈਂਬਰ ਬਣਨ ਦੇ ਫਾਇਦੇ ਗਿਣਨੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਜ਼ੋਰ ਪਾ ਕੇ ਕਿਹਾ ਕੇ ਮੈਂਬਰ ਬਣਨਾ ਜ਼ਰੂਰੀ ਹੈ, ਹਾਲਾਂ ਕਿ ਇਹ ਸਹੀ ਨਹੀਂ ਸੀ। ਉਸਦੇ ਸਾਥੀਆਂ ਕੋਲ ਮੈਂਬਰਸ਼ਿਪ ਦੀਆਂ ਪਰਚੀਆਂ ਉੱਪਰ ਨਜ਼ਰ ਪਈ ਤਾਂ ਪਤਾ ਲੱਗਾ ਕਿ ਇਹ ਜਥਾ Sਾਂੀ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਸੀ। ਸਾਨੂੰ ਜ਼ਿਆਦਾ ਤਾਂ ਪਤਾ ਨਹੀਂ ਸੀ ਪਰ ਇਹ ਅੰਦਾਜ਼ਾ ਸੀ ਕਿ ਰਵਿੰਦਰ ਇਸ ਜਥੇਬੰਦੀ ਦਾ ਲੀਡਰ ਨਹੀਂ ਸੀ। ਸਾਡੇ ਵੱਲੋਂ ਕੋਈ ਲੜ-ਸਿਰਾ ਨਾ ਫੜਾਉਣ ਕਰਕੇ ਇਹ ਗਰੁੱਪ ਹੋਰ ਰੋਹਬ ਪਾਉਣ ਲੱਗ ਪਿਆ। ਘੈਂਸ-ਘੈਂਸ ਵਧਦੀ ਦੇਖ, ਮੈਂ ਹੌਸਲਾ ਕਰਕੇ ਅੱਗੇ ਹੋ ਕਿਹਾ “ਭਾਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਸਾਰੇ ਰਾਏਪੁਰ ਫ਼ਰਾਲਾ ਪਿੰਡ ਤੋਂ ਆਏ ਹਾਂ, ਉਹ ਵੀ ਰਵਿੰਦਰ ਸਹਿਰਾਅ ਦੇ ਕਹਿਣ `ਤੇ, ਅਸੀਂ ਐਵੇਂ ਕਿਵੇਂ ਤੁਹਾਨੂੰ ਹਾਂ ਕਰ ਦਈਏ?” ਇਤਨਾ ਕਹਿਣ ਦੀ ਹੀ ਦੇਰ ਸੀ ਕਿ ਉਹ “ਛੋਟੀਆਂ ਅੱਖਾਂ ਵਾਲਾ ਲੀਡਰ” ਆਪਣੇ ਗਰੁੱਪ ਨੂੰ ਲੈ ਤਿੱਤਰ ਹੋ ਗਿਆ। ਮਗਰੋਂ ਪਤਾ ਲੱਗਾ ਇਹ ਐਸ ਐਫ ਆਈ ਦਾ ਲੀਡਰ ਸੀ ਤੇ ਰਵਿੰਦਰ ਦਾ ਨਾਂਅ ਸੁਣਦੇ ਹੀ ਉੱਥੋਂ ਚਲਾ ਗਿਆ, ਸੋਚਿਆ ਗੱਲ ਨਹੀਂ ਬਣਨੀ। ਜਾਂਦਾ ਹੋਇਆ ਇਹ ਜ਼ਰੂਰ ਕਹਿ ਗਿਆ “ਵਿਦਿਆਰਥੀ ਦੋਸਤੋ ਜਦੋਂ ਵੀ ਕੋਈ ਜ਼ਰੂਰਤ ਹੋਈ ਦੱਸ ਦਿਓ, ਰਵਿੰਦਰ ਵੀ ਆਪਣਾ ਈ ਬੰਦਾ ਆ।” ਸਾਡੇ ਲਈ ਇਹੀ ਜ਼ਰੂਰਤ ਸੀ ਕਿ ਇਹ ਸਾਡਾ ਪਿੱਛਾ ਛੱਡਣ।
ਰਵਿੰਦਰ ਦੀਆਂ ਲਿਖਤਾਂ, ਵਾਰਤਕ ਹੋਵੇ ਜਾਂ ਕਵਿਤਾ, ਬੋਲਦੀਆਂ ਹਨ, ਗੱਲਾਂ ਕਰਦੀਆਂ, ਸੰਵਾਦ ਰਚਾਉਂਦੀਆਂ ਹਨ ਪੜ੍ਹਨ ਵਾਲੇ ਨਾਲ। ਸਧਾਰਨ ਪਾਠਕ ਨਾਲ ਨਿੱਘੀ ਸਾਂਝ ਪਾਉਂਦੀਆਂ ਹਨ। ਜਿਸ ਕਰਕੇ ਇਸ ਦੀਆਂ ਕਿਤਾਬਾਂ ਮਿਆਰੀ ਲਾਇਬ੍ਰੇਰੀਆਂ ਦੀ ਸ਼ਾਨ ਬਣਦੀਆਂ। ਚੰਗੀਆਂ ਕਿਤਾਬਾਂ ਦੀ ਗਿਣਤੀ ‘ਚ ਗਿਣੀਆਂ ਜਾਂਦੀਆਂ ਹਨ ਅਤੇ ਚੰਗੇ ਦੋਸਤ ਵਾਂਗ ਤੁਹਾਡੇ ਨਾਲ ਵਿਚਰਦੀਆਂ ਹਨ। ਕਈ ਕਿਤਾਬਾਂ ਦੇ ਰਚੇਤਾ ਰਵਿੰਦਰ ਦੀਆਂ ਚੋਣਵੀਆਂ ਕਿਤਾਬਾਂ ਹਨ, ‘ਚੁਰਾਏ ਪਲਾਂ ਦਾ ਹਿਸਾਬ’, ‘ਜ਼ਖ਼ਮੀ ਪਲ’, ‘ਰਿਸ਼ਤਾ ਸ਼ਬਦ ਸਲੀਬਾਂ ਦਾ’, ‘ਅੱਖਰਾਂ ਦੀ ਲੋਅ’, ‘ਕਾਗਤ, ਕਲਮ, ਕਿਤਾਬ’, ‘ਅਮਰੀਕੀ ਪੰਜਾਬੀ ਕਵਿਤਾ’ ਅਤੇ ‘ਕੁਝ ਨਾ ਕਹੋ’।
ਰਵਿੰਦਰ ਜੀ ਅਕਸਰ ਕਹਿ ਦਿੰਦੇ ਹਨ ਕਿ ਕਵੀ ਨੂੰ ਆਪਣੇ ਅਕੀਦਿਆਂ ਦਾ ਪਾਲਣ ਕਰਨਾ ਚਾਹੀਦਾ ਹੈ, ਜ਼ਿਕਰ ‘ਚ ਆਉਣਾ ਜ਼ਰੂਰੀ ਨਹੀਂ। ਇਸ ਦੀਆ ਕਵਿਤਾਵਾਂ ਦੀ ਇਹ ਛੋਟੀ ਜਿਹੀ ਝਲਕ ਗਵਾਹੀ ਭਰਦੀ ਹੈ..
ਲੋ ਅੱਖਰਾਂ ਦੀ…
ਅਸੀਂ ਵੀ ਸ਼ਾਇਦ
ਆਪਣੇ ਹਿੱਸੇ ਦੀ ਆਯੂ
ਕੀੜਿਆਂ ਵਾਂਗੂੰ ਰੀਂਘ-ਰੀਂਘ ਕੇ
ਬਸਰ ਗੁਜ਼ਰ ਕਰ ਲੈਂਦੇ
ਤੇ ਹਰ ਲੰਘਦਾ ਵੜਦਾ
ਜਾਣੇ ਅਣਜਾਣ ਵਿਚ
ਆਪਣੀ ਹੀ ਧੁਨ ਅੰਦਰ ਮਸਤ
ਮਸਲ ਕੇ ਅਗਾਂਹ ਲੰਘ ਜਾਂਦਾ
ਤੜਪ-ਤੜਪ ਕੇ ਦਮ ਤੋੜਦਿਆਂ ਨੂੰ
ਨਾ ਕੋਈ ਗਿਲਾ ਹੁੰਦਾ ਨਾ ਸ਼ਿਕਵਾ
ਨਾ ਕਦੇ ਜਾਂਚ ਹੀ ਆਉਂਦੀ
ਸੰਘਰਸ਼ਾਂ ਟੱਕਰਾਂ ਦੀ
ਜੇ ਸਾਡੇ ਕੋਲ਼ ਨਾ ਹੁੰਦੀ
ਲੋ ਅੱਖਰਾਂ ਦੀ
ਜ਼ਫ਼ਰਨਾਮੇ ਵਿਚ ਬਲ਼ਦੇ ਅੱਖਰ
ਮੋਹ ਮੁਹੱਬਤ ਵਿਚ ਗੜੁੱਚੇ
ਵਾਰਿਸ ਅਤੇ ਸ਼ਿਵ ਦੇ ਅੱਖਰ
ਨਾ ਅੰਬਰ ਨਾ ਧਰਤੀ ਪਾਉਂਦੀ
ਬਾਤ ਬੁੱਲ੍ਹੇ ਜਿਹੇ ਫ਼ੱਕਰਾਂ ਦੀ
ਜੇ ਸਾਡੇ ਕੋਲ ਨਾ ਹੁੰਦੀ
ਲੋਅ ਅੱਖਰਾਂ ਦੀ..

ਸੋਨਾ ਚਾਂਦੀ….
ਨਿੱਕੇ ਹੁੰਦਿਆਂ
ਜਦ ਪਿੰਡ ਦੇ ਕੁਝ ਲਾਡਲੇ ਕਾਕੇ
ਗਲ਼ਾਂ ‘ਚ ਸੋਨੇ ਦੀਆਂ ਜ਼ੰਜੀਰੀਆਂ ਪਾ ਕੇ
ਮੇਰੇ ਕੋਲੋਂ ਗੁਜ਼ਰਦੇ ਤਾਂ
ਤਾਂ ਸੋਨੇ ਦੀ ਚਮਕ
ਮੇਰੀਆਂ ਅੱਖਾਂ ਚੁੰਧਿਆ ਜਾਂਦੀ
ਤੇ ਮੈਂ ਡੋਰ-ਭੌਰ ਹੋਇਆ
ਹੱਥ ‘ਚ ਰੰਬੇ ਨੂੰ ਚੁੰਮ ਲੈਂਦਾ

ਜਦ ਮੈਂ ਉਸ ਨੂੰ ਕਿਹਾ
ਕਿ ਤੂੰ
ਸਾਰੀ ਦੀ ਸਾਰੀ ਚਾਂਦੀ ਬਣ ਜਾ
ਚਾਂਦੀ ਦੀ ਧਰਤ ਵਰਗੀ
ਚਾਂਦੀ ਦੀ ਨਜ਼ਮ ਵਰਗੀ
ਕੋਈ ਚਾਂਦੀ ਦੀ ਕਿਤਾਬ
ਤਾਂ ਉਸ ਕਿਹਾ
ਭੈੜਿਆ
ਇੰਨਾਂ ਵਕਤਾਂ ‘ਚ ਚਾਂਦੀ ਨੂੰ ਕੌਣ ਪੁੱਛਦਾ..

ਪੰਜਾਬ ਬਿਮਾਰ ਹੈ….
ਯਾਦ ਕਰਦਾ ਹੈ ਇਹ
ਨਾਨਕ ਨੂੰ, ਫ਼ਰੀਦ ਨੂੰ
ਵਾਰਿਸ ਨੂੰ, ਬੁੱਲੇ ਨੂੰ
ਨਿੱਤਰੇ ਹੋਏ ਪਾਣੀਆਂ ਨੂੰ
ਠੰਡੀਆਂ ਸਾਫ਼ ਹਵਾਵਾਂ ਨੂੰ
ਬੋਹੜਾਂ ਨੂੰ, ਪਿੱਪਲ਼ਾਂ ਨੂੰ
ਸਾਂਝੀਆਂ ਸੱਥਾਂ ਨੂੰ
ਤੂਤਾਂ ਦੀਆ ਛਾਵਾਂ ਨੂੰ
ਦਰਦ ਵੰਡਾਵਣ ਲਈ
ਮਿਲਕੇ ਜੋ ਬਹਿੰਦੇ ਸੀ
ਭੈਣਾਂ ਨੂੰ ਭਰਾਵਾਂ ਨੂੰ
ਹੁਣ ਤਾਂ ਹੈ ਖੁੱਸਿਆ-ਖੁੱਸਿਆ
ਇਸਦਾ ਸਤਿਕਾਰ ਹੈ
ਜੀ ਹਾਂ ! ਪੰਜਾਬ ਬੀਮਾਰ ਹੈ..

ਗੱਲਬਾਤ ਪਿੰਡ ਨਾਲ….
ਪਿੰਡ ਫ਼ੋਨ ਕਰਦਾ ਹਾਂ
ਪੁਰਾਣੇ ਬੇਲੀ ‘ਡਿਪਟੀ’ ਨੂੰ
ਅਕਸਰ ਹੀ ਕਰਦਾ ਹਾਂ ਫ਼ੋਨ ਉਸਨੂੰ
ਝੱਟ-ਪੱਟ ਸੁਣਾ ਦਿੰਦਾ ਹੈ
ਗਲੀ-ਗੁਆਂਢ ਤੇ ਪਿੰਡ ਦੀ ਖ਼ਬਰ
ਫਸਲਾਂ ਦਾ, ਮੀਂਹ ਪਾਣੀ ਦਾ
ਕਿਸੇ ਸੋਗ ਜਾਂ ਖੁਸ਼ੀ ਦਾ
ਪੂਰਾ ਵੇਰਵਾ ਉਸ ਕੋਲ ਹੁੰਦਾ ਹੈ
ਕਿਸੇ ਹੰਢੇ ਹੋਏ ਪੱਤਰਕਾਰ ਵਾਂਗ
ਗੱਲ ਕਰਦਿਆਂ ਇੰਜ ਲੱਗਣ ਲਗਦੈ
ਜਿਵੇਂ ਪਿੰਡ ਘੁੰਮ ਰਿਹਾ ਹੋਵਾਂ ..

ਨਜ਼ਮ….
ਸੌਂ ਰਿਹਾ ਸੀ ਘੂਕ
ਦਰਵਾਜ਼ੇ ‘ਤੇ
ਹਲਕੀ ਜਿਹੀ ਠੱਕ-ਠੱਕ ਹੋਈ
ਉੱਠਿਆ, ਦੇਖਿਆ
ਕੋਈ ਨਹੀਂ ਸੀ
ਰਾਤ
ਅੱਧਿਓਂ ਵੀ ਟੱਪ ਚੁੱਕੀ ਸੀ
ਪਲਸੇਟੇ ਮਾਰਦਾ
ਫਿਰ ਸ਼ੌਕ ਗਿਆ
ਅੱਖਾਂ ਮਲ਼ਦਾ ਸਵੇਰੇ ਉੱਠਿਆ
ਤਾਂ ਦੰਗ ਰਹਿ ਗਿਆ
ਦਰਵਾਜ਼ੇ ‘ਤੇ
ਨਜ਼ਮ ਖੜੀ ਸੀ..।

ਕਿੱਥੇ ਗਏ ਨੇ ਉਹ ਰਾਹ….
ਕਿੱਥੇ ਗਏ ਨੇ ਉਹ ਰਾਹ?
ਜਿਨ੍ਹਾਂ ‘ਤੇ ਕਦੇ ਤੁਰਿਆ ਸੀ
ਸਿਆਲਾਂ ਵਿਚ
ਹੁਨਾਲ਼ਾਂ ਵਿਚ
ਦਿਨਾਂ ਤੇ ਰਾਤਾਂ ਵਿਚ
ਬੱਸ ਤੁਰਦੇ ਜਾਣਾ ਹੀ
ਸਿੱਖਿਆ ਸੀ ਪੈਰਾਂ ਨੇ
ਪੈਂਡਾ ਕਿੰਨਾ ਹੈ?
ਮੰਜ਼ਿਲ ਕਿੱਥੇ ਹੈ?
ਪਹੁੰਚ ਸਕਾਂਗੇ
ਜਾ ਨਹੀਂ?
ਕਦੇ ਸੋਚਿਆ ਵੀ ਨਹੀਂ ਸੀ
ਬਸ
ਜਾਣੇ-ਅਣਜਾਣੇ ਰਾਹਾਂ ‘ਤੇ
ਪੁਲਾਘਾਂ ਭਰਦੇ
ਤੁਰੀ ਜਾਂਦੇ ਸਾਂ
ਕਿੱਥੇ ਗਏ ਨੇ ਉਹ ਰਾਹ?

ਮਖੌਟਾਧਾਰੀ….
ਉਹ ਮਾਹਰ ਹਨ
ਆਪਣੀਆਂ
ਮਾਨਵਤਾ ਵਿਰੋਧੀ ਚਾਲਾਂ ਲਈ
ਕਦੇ ਧਰਮ
ਤੇ ਕਦੇ ਕੌਮ ਦੇ ਨਾਂ ‘ਤੇ
ਦੰਗੇ ਕਰਾਉਂਦੇ ਹਨ
ਫਿਰ ਆਪਣੀਆਂ ਆਲੀਸ਼ਾਨ ਕੋਠੀਆਂ ‘ਚ ਬਹਿ ਕੇ
ਜਸ਼ਨ ਮਨਾਉਂਦੇ ਹਨ
ਉਹ ਮਖੌਟੇ ਪਹਿਨ ਕੇ
ਲੋਕਾਂ ‘ਚ ਵਿਚਰਦੇ
ਕਦੇ ਦਾਨੀ, ਕਦੇ ਸਮਾਜ ਸੇਵਕ
ਖ਼ਬਰੇ ਕੀ ਕੀ
ਢੰਗ ਵਰਤਦੇ
ਭੋਲੇ ਲੋਕਾਂ ਦੀ
ਚਾਲਾਂ’ਚ ਫਸਣ ਦੀ
ਚਾਲ ਤੇ ਹੱਸਦੇ
ਤੇ ਆਪਣੇ ਗੁਰੂ ਘੰਟਾਲਾਂ ਨੂੰ
ਆਪਣੀ ਪ੍ਰਾਪਤੀ ਦੱਸਦੇ

ਤੇ ਕਵਿਤਾ ਦਾ ਇਹ ਰੰਗ ਵੀ….
ਪਤਾ ਨਹੀਂ ਕਿਓਂ
ਹਰ ਵੇਲੇ ਲਿਖ ਦਿੰਦਾ ਹਾਂ
ਪੱਥਰਾਂ ‘ਤੇ ਉਸਦਾ ਨਾਂ
ਕਿ ਪੱਥਰਾਂ ਨਾਲ
ਗੱਲ ਕਰਨ ਦੀ ਅੱਜ ਕੱਲ੍ਹ
ਕਿਸੇ ਕੋਲ ਵਿਹਲ ਹੀ ਕਿੱਥੇ ਹੈ

ਉਸ ਕਿਹਾ
ਕਿਵੇਂ ਰਿਹਾ ਸਫਰ?
….ਬਹੁਤ ਖ਼ੂਬਸੂਰਤ
ਕੋਈ ਅਭੁੱਲ ਯਾਦ…
ਹਾਂ…
ਬੱਦਲ ਦਾ ਇੱਟ ਟੋਟਾ
ਉੱਡ ਰਿਹਾ ਸੀ ਨਾਲ ਨਾਲ
ਅਚਾਨਕ ਕੋਲ ਆਇਆ
ਤਾਂ ਮੈਂ…
ਉਸ ਉੱਪਰ ਤੇਰਾ ਨਾਂ ਲਿਖ ਦਿੱਤਾ

ਜੇ ਮਿਲ਼ਣਾ ਹੈ….
ਜੇ ਮਿਲ਼ਣਾ ਹੈ
ਤਾਂ ਇਸ ਤਰਾਂ ਮਿਲ਼ੀਂ
ਜਿਵੇਂ ਪੰਛੀ
ਉਡਾਰੀ ਮਾਰ ਕੇ
ਬੋਟਾਂ ਨੂੰ ਮਿਲਦਾ ਹੈ..
ਕਾਗ਼ਜ਼, ਕਲਮ, ਅਤੇ ਦਵਾਤ ਦੀ ਜਗ੍ਹਾ ਹੁਣ ਕੰਪਿਊਟਰ ਨੇ ਲੈ ਲਈ ਹੈ। ਪੋਸਟ ਕਾਰਡ, ਚਿੱਠੀਆਂ ਤੇ ਬੇ-ਰੰਗ ਚਿੱਠੀਆਂ ਕਿੱਧਰ ਗਈਆਂ?
ਜੀ ਹਾਂ, ਈ-ਮੇਲ … ਰਵਿੰਦਰ ਕੀ ਕਹਿੰਦਾ
ਡਾਕੀਆ ਜਦ ਵੀ ਆਉਂਦਾ ਹੈ
ਉਸ ਦਾ ਝੋਲਾ ਜਾਂ ਗੱਡੀ
ਢੋਲ ਦੀਆਂ ਚਿੱਠੀਆਂ ਨਾਲ ਨਹੀਂ
ਜ੍ਹੰਕ ਮੇਲ ਨਾਲ ਭਰੀ ਹੁੰਦੀ ਹੈ

ਘਰ ਹੁਣ
ਘਰ ਨਹੀਂ ਰਹੇ
ਸ਼ੈਲਫ਼ਾਂ ‘ਤੇ ਸਜੇ ਹੋਏ ਖਿਡੌਣੇ
ਕੰਧਾ ਤੇ ਲਟਕਦੇ ਪੋਰਟ੍ਰੇਟ
ਜਾਂ ਮਿਊਜ਼ੀਅਮ ਵਿਚ ਸਾਂਭੀਆਂ
ਐਨਟੀਕ ਵਸਤਾਂ ਜਿਹੇ ਬਣ ਗਏ ਹਨ
ਹੋਰ ਅਨੇਕ ਅਜਿਹੀਆਂ ਕਵਿਤਾਵਾਂ ਇਸ ਦੀਆ ਦਰਜਨਾਂ ਕਿਤਾਬਾਂ ਵਿਚੋਂ ਪਾਠਕਾਂ ਨੂੰ ਹਾਕਾਂ ਮਾਰ ਬੁਲਾ ਰਹੀਆਂ ਹਨ ਕਿ ਆ ਸਾਡੇ ਨਾਲ ਗੱਲਾਂ ਕਰ…।
ਡਾ. ਜਗਤਾਰ ਨੇ ਰਵਿੰਦਰ ਦੀ ਸ਼ਾਇਰੀ ਦੀ ਪੜਚੋਲ `ਚ ਲਿਖਿਆ ਕਿ ਰਵਿੰਦਰ ਸਹਿਰਾਅ ਗਿਆਨ, ਬੋਧ, ਤੇ ਅਨੁਭਵ ਦਾ ਸ਼ਾਇਰ ਹੈ ਜੋ ਅੱਖਰ ਨੂੰ ਸਭ ਤੋਂ ਵੱਡੀ ਰੌਸ਼ਨੀ ਪ੍ਰਦਾਨ ਕਰਨ ਵਾਲੀ ਸ਼ਕਤੀ ਸਮਝਦਾ ਹੈ।
ਗੁਰੂਮੇਲ ਸਿੱਧੂ ਮੁਤਾਬਕ ਰਵਿੰਦਰ ਦੀ ਹਰ ਕਵਿਤਾ ਵਿਚ ਕਹਾਣੀ ਛੁਪੀ ਹੁੰਦੀ ਹੈ ਜੋ ਪਾਠਕਾਂ ਦੀ ਦਿਲਚਸਪੀ ਦਾ ਸਾਧਨ ਬਣਾਉਂਦੀ ਹੈ।
ਰਵਿੰਦਰ ਦੇ ਜਾਣ ਪਹਿਚਾਣ ਵਾiਲ਼ਆਂ ਦਾ ਘੇਰਾ ਬਹੁਤ ਵੱਡਾ ਹੈ, ਪਰ ਇਸ ਦੇ ਬਾਵਜੂਦ ਵੀ ਮੈਨੂੰ ਇਹ ਹਮੇਸ਼ਾਂ ਆਪਣਾ ਪੁਰਾਣਾ ਪਿੰਡ ਵਾਲਾ ‘ਰਵਿੰਦਰ ਭਾਅ’ ਹੀ ਲੱਗਦਾ ਰਹਿੰਦਾ। ਸਾਨੂੰ ਇਸ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ। ਜ਼ਿੰਦਗੀ ਸੰਘਰਸ਼ ਦਾ ਦੂਸਰਾ ਨਾਂ ਹੈ। ਹਰੇਕ ਇਨਸਾਨ ਦੇ ਜੀਵਨ ਵਾਂਗ ਰਵਿੰਦਰ ਦੀ ਸੰਘਰਸ਼ ਭਰੀ ਜ਼ਿੰਦਗੀ `ਚ ਵੀ ਰੰਗ-ਬੇਰੰਗ, ਖੁਸ਼ੀਆਂ-ਗ਼ਮੀਆਂ, ਉਤਰਾਅ-ਚੜ੍ਹਾਅ ਆਉਂਦੇ ਜਾਂਦੇ ਰਹੇ ਹਨ, ਪਰ ਇਸ ਨੇ ਅਜਿਹੀਆਂ ਸਥਿਤੀਆਂ ਨਾਲ ਨਜਿੱਠਣਾ ਬਹੁਤ ਪਹਿਲਾਂ ਹੀ ਸਿੱਖ ਲਿਆ ਸੀ। ਅੱਜ-ਕੱਲ੍ਹ ਇੰਡਿਆਨਾ ਸਟੇਟ `ਚ ਰਹਿੰਦਿਆਂ ਇਲਾਕੇ ਦੀਆਂ ਸਾਹਿਤਕ ਗਤੀਵਿਧੀਆਂ ‘ਚ ਵਧ ਚੜ੍ਹ ਹਿੱਸਾ ਪਾਉਂਦਾ ਰਹਿੰਦਾ ਹੈ ਤੇ ਚੜ੍ਹਦੀ ਕਲਾ `ਚ ਜੀਵਨ ਬਤੀਤ ਕਰ ਰਿਹਾ ਹੈ।