ਪ੍ਰੀਤੋ

ਚਰਨਜੀਤ ਸਿੰਘ ਪਨੂੰ
ਸੇਠ ਰੋਲਾ ਮੱਲ ਠਠੰਬਰ ਕੇ ਠੰਢਾ ਹੋ ਗਿਆ। ਪ੍ਰੀਤੋ ਦੀ ਇਕ ਹੀ ਦਬਾਕੜੀ ਨੇ ਉਸ ਦਾ ਸਾਰਾ ਜੋਸ਼ੀਲਾ ਮੱਚ ਪਾਣੀ-ਪਾਣੀ ਕਰ ਦਿੱਤਾ। ਆਪਣਾ ਤੰਗੜ ਤੱਪੜ ਵਲੇਟਦਾ, ਧੋਤੀ ਕਲੁੰਜਦਾ ਉਹ ਸੁੰਗੜ ਗਿਆ। ਪ੍ਰੀਤੋ ਦੀ ਕਾੜ੍ਹ ਕਰਦੀ ਚਪੇੜ ਉਸ ਦੇ ਮੂੰਹ ‘ਤੇ ਪਈ ਤੇ ਉਹ ਦੁਮੂੰਹੀ ਵਾਂਗ ਲੋਟਣੀਆਂ ਲੈਂਦਾ ਕੰਧ ਨਾਲ ਜਾ ਅਟਕਿਆ।

‘ਪ੍ਰੀਤੋ ਇਕੇਰਾਂ ਮੇਰੀ ਲਾਜ ਰੱਖ ਲੈ…ਮੈਂ ਤੈਨੂੰ ਸੋਨੇ ਨਾਲ ਤੋਲ ਦੇਊਂ…ਘਰ ਆਏ ਦੀ ਇੱਜਤ ਰੱਖ ਲੈ।’ ਸੇਠ ਦੀ ਅੱਧਮੋਈ ਪਤਿਤ ਭ੍ਰਿਸ਼ਟ ਆਤਮਾ ਵਿਚੋਂ ਇਸ਼ਕ ਦਾ ਸ਼ੈਤਾਨ ਭੂਤ ਉਸ ਦੇ ਸਿਰ ਚੜ੍ਹ ਬੋਲ ਉੱਠਿਆ।
‘ਮੇਰੇ ਬਾਪ ਨਾਲੋਂ ਵੀ ਵੱਡੀ ਤੇਰੀ ਉਮਰ, ਧੌਲਾ ਤੇਰਾ ਝਾਟਾ ਤੇ ਇਹ ਖੇਹ-ਖ਼ਰਾਬਾ ਕਰਨੋਂ ਤੂੰ ਅਜੇ ਵੀ ਬਾਜ਼ ਨਹੀਂ ਆਇਆ! ਦਿਲਾਂ ਦੇ ਸੌਦੇ…ਜਿਸਮਾਂ ਦੇ ਸੌਦੇ…ਸੋਨੇ ਚਾਂਦੀ ਨਾਲ ਨਹੀਂ ਹੁੰਦੇ ਬਾਬਾ। ਤੇਰੀਆਂ ਫੋਕੀਆਂ ਗਿੱਦੜ-ਭਬਕੀਆਂ ਨੂੰ ਮੈਂ ਕੀ ਜਾਣਾਂ?’
‘ਮੇਰੇ ਕੋਲ ਬਹੁਤ ਕੁੱਝ ਹੈ ਪ੍ਰੀਤੋ…ਚੱਲ ਮੇਰੇ ਨਾਲ ਚੱਲ ਕੇ ਵੇਖ…ਮੇਰਾ ਘਰ ਮੇਰਾ ਠਾਠ…ਮੇਰੀਆਂ ਕੋਠੀਆਂ ਕਾਰਖ਼ਾਨੇ…ਕਾਰਾਂ…ਨੌਕਰ…ਸੋਨੇ ਦੇ ਭਾਂਡੇ…ਬੈਂਕਾਂ ਦੇ ਲਾਕਰ…ਧਰਤੀ ਥੱਲੇ ਦੱਬੇ ਕਰੋੜਾਂ ਰੁਪਏ ਦੇ ਨੋਟ ਮੈਂ ਤੇਰੀ ਭੇਟ ਕਰ ਦਿਆਂ…ਤੂੰ ਹਾਂ ਕਰ…ਮੈਂ ਤੈਨੂੰ ਰਾਣੀ ਬਣਾ ਲਵਾਂ ਪ੍ਰੀਤੋ।’ ਸੇਠ ਇਕੇ ਸਾਹੇ ਸਭ ਕੁੱਝ ਗੁਲੱਸ਼ ਗਿਆ।
‘ਚੰਗਾ ਫਿਰ ਕੱਲ੍ਹ ਸੋਚਾਂਗੀ।’ ਸ਼ਿਕਾਰੀ ਫਸਦਾ ਆਪਣਾ ਅੰਦਰ ਉਗਲੱਛਦਾ ਵੇਖ ਕੇ ਪ੍ਰੀਤੋ ਨੇ ਉਤਸੁਕਤਾ ਜਾਰੀ ਰੱਖਣ ਲਈ ਸੇਠ ਨੂੰ ਭੰਬਲਭੂਸੇ ਵਿਚ ਪਾ ਦਿੱਤਾ। ਉਮੀਦ ਦੀ ਝਲਕ ਕੱਲ੍ਹ ਤੱਕ ਲਟਕ ਗਈ। ਪਿਸ਼ਾਬ ਦੀ ਝੱਗ ਵਾਂਗ ਬੈਠਾ, ਕੱਖਾਂ ਤੋਂ ਹੌਲੀ ਹੋਈ ਮਾਨਸਿਕਤਾ ਨੂੰ ਧੂੰਹਦਾ ਉਹ ਬਾਹਰਲੀਆਂ ਬਰੂੰਹਾਂ ਵੱਲ ਵਧਿਆ।
‘ਵੇਖ ਨਾ ਸੁਹਣੀਏ…ਆਪਣੇ ਗਿੰਦਰ ਸਿੰਘ ਨਾਲ ਨਾ ਗੱਲ ਕਰੀਂ…ਮੇਰੀ ਤੇ ਉਸ ਨਾਲ ਬੜੀ ਪੁਰਾਣੀ ਸਾਂਝ ਏ…ਇਸ ਟੱਬਰ ਨਾਲ ਬੜਾ ਪਿਆਰ ਰਿਹਾ ਏ ਮੇਰਾ…ਗਿੰਦਰ ਦੀ ਮਾਂ ਵੀ ਤੇਰੇ ਵਾਂਗ ਬੜਾ ਤੇਹ ਕਰਦੀ ਸੀ ਮੇਰਾ।’
ਸੇਠ ਦੇ ਸ਼ਬਦਾਂ ਨਾਲ ਪ੍ਰੀਤੋ ਦਾ ਹਾਸਾ ਨਿਕਲ ਗਿਆ। ‘ਅੱਛਾ ਹੁਣ ਪਤਾ ਲੱਗਾ। ਗਿੰਦਰ ਦੀ ਮਾਂ ਨਾਲ ਵੀ ਤੇਰਾ ਤੇਹ ਸੀ। ਇਹੋ ਤੇਹ! ਜੋ ਹੁਣ ਮੇਰੇ ਨਾਲ ਕਰਨ ਆਇਐਂ, ਮੈਂ ਤਾਂ ਤੈਨੂੰ ਸਬਕ ਸਿਖਾਵਾਂਗੀ ਕੰਜਰਾ।’ ਉਸ ਨੇ ਦਿਲ ਹੀ ਦਿਲ ਵਿਚ ਕਿਹਾ।
‘ਜਾਹ ਦਫ਼ਾ ਹੋ ਐਵੇਂ ਕੋਈ ਵੇਖ ਲੂਗਾ।’ ਉਸ ਨੇ ਸੇਠ ਨੂੰ ਗਲੋਂ ਲਾਹੁਣਾ ਚਾਹਿਆ।
‘ਵੇਖ ਨਾ ਬੀਬੀ, ਮੇਰਾ ਤਾਂ ਤੇਰੇ ਕੋਲੋਂ ਜਾਣ ਨੂੰ ਦਿਲ ਹੀ ਨਹੀਂ ਕਰਦਾ…ਜੀ ਕਰਦਾ ਤੇਰੀ ਫ਼ੋਟੋ ਲੈ ਲਵਾਂ।’ ਸੇਠ ਨੇ ਜਾਂਦੇ-ਜਾਂਦੇ ਨਿਰਾਸ਼ਤਾ ਵਿਚ ਪੁੱਛਿਆ।
‘ਕੱਲ੍ਹ ਆਊ ਤੇ ਕੱਲ੍ਹ ਦੇਖੀ ਜਾਊ। ਤੂੰ ਜਾਹ ਤਿੱਤਰ ਹੋ ਇੱਥੋਂ।’ ਪ੍ਰੀਤੋ ਨੇ ਬੁੱਢੇ ਦਾ ਦਿਲ ਢਾਹ ਦਿੱਤਾ। ਉਸ ਨੂੰ ਪਤਾ ਸੀ ਇਸ ਨੂੰ ਜਿੰਨੀ ਮਰਜ਼ੀ ਫਿਟਕਾਰ ਪਾਓ, ਇਹ ਦੁਬਾਰਾ ਜ਼ਰੂਰ ਆਏਗਾ।
ਛਾਨਣੀ-ਛਾਨਣੀ ਹੋਇਆ ਕਾਲਜਾ ਲੈ ਕੇ ਹੌਕੇ ਲੈਂਦਾ ਸੇਠ ਰੋਲਾ ਮੱਲ ਘਰ ਪਹੁੰਚਿਆ। ਸ਼ਾਂਤੀ ਨੇ ਸੇਠ ਦਾ ਉਡਿਆ ਚਿਹਰਾ ਦੇਖ ਕੇ ਕਾਰਨ ਪੁੱਛਿਆ ਪਰ ਉਹ ਚੁੱਪ-ਚੁਪੀਤੇ ਧੈੜ ਕਰਦਾ ਪਲੰਘ ‘ਤੇ ਜਾ ਪਿਆ। ਸ਼ਾਂਤੀ ਉਸ ਨੂੰ ਘੁੱਟਣਾ ਚਾਹੁੰਦੀ ਸੀ ਪਰ ਉਸ ਨੇ ਮਨ੍ਹਾ ਕਰ ਦਿੱਤਾ।
ਸ਼ਾਂਤੀ ਉਸ ਦੀ ਨੌਕਰਾਣੀ ਸੀ ਭਾਂਡੇ ਮਾਂਜਣ ਦੀ, ਰੋਟੀ ਪਕਾਉਣ ਦੀ, ਪਰ ਸੇਠ ਉਸ ਕੋਲੋਂ ਕਦੇ ਕਦਾਈਂ ਚੋਰੀ-ਛਿਪੇ ਮੁੱਠੀ ਚਾਪੀ ਵੀ ਕਰਵਾ ਲੈਂਦਾ ਤੇ ਇਸ ਦੇ ਬਦਲੇ ਪਿੱਤਲ ਤਾਂਬੇ ਦੇ ਚਾਰ ਸਿੱਕੇ ਉਸ ਦੀ ਝੋਲੀ ਪਾ ਦਿੰਦਾ ਸੀ। ਇੰਨੀ ਵੱਡੀ ਸਾਰੀ ਕੋਠੀ ਵਿਚ ਸੇਠ ਜਾਂ ਉਸ ਦੀ ਨੌਕਰਾਣੀ ਦੇ ਦੋ ਦਿਲ ਮਹੀਨੇ ਵਿਚ ਦੋ-ਚਾਰ ਵੇਰਾਂ ਇਕੱਠੇ ਧੜਕਦੇ ਸੁਣੇ ਜਾਂਦੇ। ਰੋਜ਼ ਵੀ ਧੜਕਣ ਤਾਂ ਕਿਸੇ ਨੂੰ ਕੀ! ਉਨ੍ਹਾਂ ਦੀ ਇਹ ਧੜਕਣ ਸਾਰੀ ਕੋਠੀ ਦੇ ਕਣ ਵਿਚੋਂ ਧੜਕਣ ਲਗਦੀ। ਸ਼ਾਂਤੀ ਚਾਹੁੰਦੀ ਹੋਈ ਵੀ ਇਸ ਦਾ ਵਿਰੋਧ ਨਾ ਕਰਦੀ। ਸੇਠ ਚਾਹੁੰਦੇ ਹੋਏ ਵੀ ਉਸ ਨੂੰ ਅਪਣਾ ਨਾ ਸਕਦਾ। ਸ਼ਾਂਤੀ ਦਾ ਘਰ ਵਾਲਾ ਸੇਠ ਦੀ ਦੁਕਾਨ ‘ਤੇ ਗਿੰਦਰ ਵਾਂਗ ਹੀ ਨੌਕਰੀ ਕਰਦਾ ਸੀ ਤੇ ਸ਼ਾਂਤੀ ਉਸ ਦੇ ਘਰ ਦਾ ਕੰਮ ਕਰਦੀ ਸੀ। ਦੋਵੇਂ ਜੀਅ ਇਸ ਤਰ੍ਹਾਂ ਸੇਠ ਦੀ ਮਜ਼ਦੂਰੀ ਕਰ ਕੇ ਪੇਟ ਪਾਲਣ ਲਈ ਚਾਰ ਰੋਟੀਆਂ ਕਮਾ ਲੈਂਦੇ। ਦੋ-ਚਾਰ ਫੁੱਟੀਆਂ ਕੌਡੀਆਂ ਦੇ ਕੇ ਸੇਠ ਨੇ ਦੁੱਗਣੀਆਂ ਲਿਖਾ ਲਈਆਂ ਤੇ ਵਿਆਜ ਪੈ-ਪੈ ਹੁਣ ਤੱਕ ਦਸ ਗੁਣਾਂ ਕਰਜ਼ਾ ਵਧ ਗਿਆ। ਘਰ ਦੀਆਂ ਬੁੱਤੀਆਂ, ਥੁੜ੍ਹਾਂ, ਖ਼ਰਚੇ ਦੇ ਭਾਰ ਨੇ ਉਨ੍ਹਾਂ ਨੂੰ ਸੇਠ ਦੇ ਆਝੀ ਬਣਾ ਦਿੱਤਾ, ਗ਼ੁਲਾਮ ਬਣਾ ਦਿੱਤਾ। ਨਾ ਵਿਆਜ ਲੱਥੇ, ਨਾ ਕਰਜ਼ਾ ਮੁੱਕੇ ਤੇ ਨਾ ਇਨ੍ਹਾਂ ਦਾ ਛੁਟਕਾਰਾ ਹੋਵੇ। ਤਾਂ ਹੀ ਦੋਵੇਂ ਜੀਅ ਸੇਠ ਦੇ ਦੋਹੀਂ ਹੱਥੀਂ ਬੰਨ੍ਹੇਂ ਗੁਲਾਮ ਸਨ, ਉਹ ਜੋ ਚਾਹੇ ਉਨ੍ਹਾਂ ਤੋਂ ਕਰਵਾਉਂਦਾ ਸੀ।
ਸੇਠ ਔਰਤਾਂ ਦਾ ਬੜਾ ਸ਼ੌਕੀਨ ਸੀ। ਬੜਾ ਹੰਢਿਆ-ਵਰਤਿਆ ਸ਼ਿਕਾਰੀ ਸੀ, ਜਿਸ ਨੇ ਹੁਣ ਤੱਕ ਆਪਣੇ ਸਾਰੇ ਕਾਮਿਆਂ ਦੀਆਂ ਜਵਾਨ ਨੂੰਹਾਂ ਧੀਆਂ ਦੇ ਨੰਗ ਦੇਖੇ ਹੋਣਗੇ। ਇਹ ਸੁਭਾਵਿਕ ਹੀ ਸੀ। ਗ਼ਰੀਬ ਮਜ਼ਲੂਮਾਂ ਦਾ ਨੰਗ ਉਸ ਦੇ ਕੁੱਝ ਕੁ ਚਾਂਦੀ ਦੇ ਸਿੱਕਿਆਂ ਅੱਗੇ ਢੇਰੀ ਹੋ ਜਾਂਦੈ। ਤੇ ਹੁਣ ਉਸ ਨੇ ਜਾਲ ਸੁੱਟਿਆ ਸੀ, ਗਿੰਦਰ ਸਿੰਘ ਦੀ ਨਵੀਂ ਵਿਆਂਹਦੜ ਪ੍ਰੀਤੋ `ਤੇ, ਜਿਸ ਨੂੰ ਵੇਖ ਕੇ ਲੋਕ ਅਸ਼-ਅਸ਼ ਕਰਦੇ ਸਨ। ਸਾਰੇ ਪਿੰਡ ਦੇ ਜੁਆਨ ਉਸ ਨੂੰ ਵੇਖ ਕੇ ਕਾਲਜਾ ਫੜ ਕੇ ਬਹਿ ਜਾਂਦੇ। ਉਹ ਸਭ ਦਾ ਘਰ ਪੂਰਾ ਕਰਦੀ, ਪਰ ਕਿਸੇ ਦੇ ਪੱਲੇ ਫੁੱਟੀ ਕੌਡੀ ਵੀ ਨਾ ਪਾਉਂਦੀ। ਦੁੱਧ ਪੀਣੇ ਮਜਨੂੰਆਂ ਨੂੰ ਬੁੱਧੂ ਬਣਾਉਣਾ ਉਸ ਦੇ ਖੱਬੇ ਹੱਥ ਦਾ ਕੰਮ ਸੀ। ਹੁਣ ਉਸ ‘ਤੇ ਅੱਖਾਂ ਸਨ ਬੁੱਢੇ ਸੇਠ ਦੀਆਂ ਜਿਸ ਦੀ ਗਿੰਦਰ ਦੇ ਟੱਬਰ ਨਾਲ ਬੜੀ ਬਹਾਨਾ ਸਾਂਝ ਸੀ ਤੇ ਗਿੰਦਰ ਉਸ ਦਾ ਮੁਲਾਜ਼ਮ ਸੀ, ਚਾਰ ਕੌਡੀਆਂ ਦਾ ਗ਼ੁਲਾਮ ਸੀ…ਸੇਠ ਦਾ ਕਰਜ਼ਾਈ ਸੀ…ਉਸ ਦਾ ਆਝੀ ਸੀ।
ਪ੍ਰੀਤੋ ਦਾ ਸਿਰਫ਼ ਰੰਗ ਹੀ ਗੋਰਾ ਨਹੀਂ ਸੀ ਸਗੋਂ ਰੱਬ ਨੇ ਉਸ ਨੂੰ ਇਕ ਅੱਤ ਤੀਖਣ ਦੂਰ ਅੰਦੇਸ਼ੀ ਤੇ ਬਲ ਬੁੱਧੀ ਬਖ਼ਸ਼ੀ ਸੀ। ਪਿੰਡ ਦੇ ਮਾਡਰਨ ਗੁੰਡਿਆਂ ਨੇ ਇਕ ਬਦਨੀਤੀ ਨਾਲ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ। ਮਾਰ-ਮਾਰ ਕੇ ਗਿੰਦਰ ਦੀ ਢਿੰਬਰੀ ਟੈਟ ਕਰ ਦਿੱਤੀ। ਪ੍ਰੀਤੋ ਵੱਲ ਵਧੇ ਤਾਂ ਉਹਨੇ ਬਿਫਰੀ ਸ਼ੀਹਣੀ ਵਾਂਗ ਟੁੱਟ ਕੇ ਇਕ ਨੂੰ ਥੱਲੇ ਸੁੱਟ ਲਿਆ…ਬਾਕੀ ਦੇ ਸਿਰ ‘ਤੇ ਪੈਰ ਰੱਖ ਕੇ ਡਾਂਗਾਂ-ਸੋਟੇ ਪਿੱਛੇ ਛੱਡ ਕੇ ਨੱਸ ਗਏ। ਗਿੰਦਰ ਖ਼ੁਸ਼ ਸੀ, ਉਸ ਨੂੰ ਸੁਹਣੀ, ਸੁਚੱਜੀ ਤੇ ਦਲੇਰ ਔਰਤ ਮਿਲੀ ਸੀ। ਉਹ ਉਸ ਨੂੰ ਪਿਆਰ ਕਰਦੀ ਸੀ। ਹੱਦੋਂ ਵੱਧ ਪਿਆਰ। ਉਸ ‘ਤੇ ਮਰਦੀ ਸੀ ਪਰ ਉਸ ਨੂੰ ਪ੍ਰੀਤੋ ‘ਤੇ ਗਿਲਾ ਵੀ ਸੀ। ਪ੍ਰੀਤੋ ਨੇ ਉਹਨੂੰ ਹੁਣ ਤੱਕ ਨੋ-ਮੈਨ ਲੈਂਡ ਤੱਕ ਨਹੀਂ ਸੀ ਵਧਣ ਦਿੱਤਾ। ਉਹ ਜਿਹਾ ਵਿਆਹਿਆ ਤਿਹਾ ਕੰਵਾਰਾ ਹੀ ਰਿਹਾ ਪਰ ਹਾਂ ਉਸ ਦੀ ਰੋਟੀ ਜ਼ਰੂਰ ਪੱਕਣ ਲੱਗ ਗਈ ਸੀ। ਆਂਢੀ-ਗੁਆਂਢੀ ਗਿੰਦਰ ਦੀ ਕਿਸਮਤ ‘ਤੇ ਬੜਾ ਸੜਦਾ ਤੇ ਝੂਰਦਾ ਸੀ। ਰੱਬ ਜਿਸ ਨੂੰ ਦੇਵੇ ਛੱਪੜ ਪਾੜ ਕੇ ਦਿੰਦਾ ਹੈ ਤੇ ਫਿਰ ਅਜਿਹੀ ਹੂਰ ਪਰੀ ਗਿੰਦਰ ਵਰਗੇ ਪਿਛਲੱਗ ਆਦਮੀ ਨੂੰ ਬਿਨਾ ਕਿਸੇ ਕੀਮਤ ਦੇ ਮਿਲ ਜਾਣੀ, ਰੱਬੀ ਰਹਿਮਤ ਤੋਂ ਘੱਟ ਨਹੀਂ ਸੀ। ਕੁਝ ਲੋਕ ਅਵੱਲੀਆਂ ਗੱਲਾਂ ਕਰਨ ਲੱਗੇ ਸਨ ਕਿ ਉਹ ਹੂਰ ਪਰੀ ਇਸ ਪਿੰਡ ਵਿਚ ਕਿਸੇ ਖ਼ਾਸ ਮਿਸ਼ਨ `ਤੇ ਆਈ ਹੈ ਤੇ ਗਿੰਦਰ ਨੂੰ ਉਸ ਨੇ ਇੱਕ ਜ਼ਰੀਆ ਹੀ ਬਣਾਇਆ ਹੈ।
ਸੇਠ ਰੋਲਾ ਮੱਲ ਦੀ ਦੁਕਾਨ ਦੇ ਲਾਗੇ ਦੋ-ਚਾਰ ਵੇਰਾਂ ਗਿੰਦਰ ਦੀ ਉਸ ਨਾਲ ਮੁਲਾਕਾਤ ਹੋਈ ਸੀ। ਉਸ ਨੂੰ ਵੇਖ ਕੇ ਗਿੰਦਰ ਦਾ ਜੀਅ ਕਰ ਆਇਆ, ਉਸ ਨੂੰ ਜੀਅ ਭਰ ਕੇ ਵੇਖ ਲਵੇ ਪਰ ਉਸ ਦੀ ਅਮੀਰੀ ਨੇ ਗਿੰਦਰ ਦਾ ਸਾਰਾ ਹੌਸਲਾ ਮਲੀਆ ਮੇਟ ਕਰ ਦਿੱਤਾ। ਉਹ ਹਉਕਾ ਭਰ ਕੇ ਰਹਿ ਗਿਆ।
ਅਗਲੇ ਦਿਨ ਨਾਲ ਦੇ ਹੋਟਲ ਵਿਚ ਜਦ ਗਿੰਦਰ ਆਪਣੀ ਹੱਥ ਦੀ ਪਕਾਈ ਵਿੰਗੀ ਟੇਢੀ ਰੋਟੀ ਪੋਣੇ ਵਿਚੋਂ ਕੱਢ ਕੇ ਖਾਣ ਬੈਠਾ ਤਾਂ ਉਹ ਮਲਕੜੇ ਜਿਹੇ ਉਸ ਦੇ ਸਾਹਮਣੇ ਆ ਬੈਠੀ। ਗਿੰਦਰ ਸ਼ਸ਼ੋਪੰਜ ਵਿਚ ਪੈ ਗਿਆ। ਉਸ ਦੀ ਬੁਰਕੀ ਮੂੰਹ ਵਿਚ ਹੀ ਫੁੱਲ ਗਈ। ਉੱਠ ਕੇ ਦੂਜੀ ਕੁਰਸੀ ਵੱਲ ਚੱਲਿਆ ਹੀ ਸੀ ਕਿ ‘ਕੋਈ ਨਹੀਂ ਇੱਥੇ ਹੀ ਬੈਠੋ।’ ਇੱਕ ਮਧੁਰ ਆਵਾਜ਼ ਨੇ ਗਿੰਦਰ ਨੂੰ ਉੱਥੇ ਹੀ ਕੀਲ ਦਿੱਤਾ।
ਗਿੰਦਰ ਗ਼ਰੀਬ ਸੀ ਪਰ ਜੁਆਨ ਸੀ। ਜੁਆਨੀ ਅਮੀਰੀ-ਗ਼ਰੀਬੀ ਨਹੀਂ ਦੇਖਦੀ। ਗਿੰਦਰ ਦੇ ਡੌਲਿਆਂ ਦੀਆਂ ਮਛਲੀਆਂ ਦੇਖ ਕੇ ਕਈ ਜੁਆਨੀਆਂ ਹੌਕੇ ਭਰਦੀਆਂ ਪਰ ਗਿੰਦਰ ਦੇ ਪਾਟੇ ਕੱਪੜੇ, ਉਸ ਦੇ ਹੱਡਾਂ ਦੀਆਂ ਮੈਲੀਆਂ ਪਾਟੀਆਂ ਲਕੀਰਾਂ ਤੇ ਉਸ ਦੇ ਪਾਟੇ ਹੋਏ ਭਵਿੱਖ ਦਾ ਸੰਕੇਤ ਉਨ੍ਹਾਂ ਦੇ ਅਰਮਾਨਾਂ ਨੂੰ ਥੱਲੇ ਦੱਬ ਲੈਂਦੀਆਂ।
‘ਤੁਸੀਂ ਰੋਟੀ ਖਾਓਗੇ?’ ਪਤਾ ਨਹੀਂ ਉਸ ਨੂੰ ਪੁੱਛਣ ਦਾ ਇੰਨਾ ਵੱਡਾ ਹੌਸਲਾ ਗਿੰਦਰ ਕੋਲ ਕਿਥੋਂ ਆ ਗਿਆ। ਸੂਰਜ ਤੇ ਦੀਵੇ ਦਾ ਮੁਕਾਬਲਾ ਸੀ ਇਹ।
‘ਹਾਂ ਜੀ ਹਾਂ, ਕਿਉਂ ਨਹੀਂ!’ ਜਿਵੇਂ ਉਹ ਪਹਿਲਾਂ ਹੀ ਤਿਆਰ ਸੀ। ਪ੍ਰੀਤੋ ਨੇ ਇਕ ਦਮ ਸੁੱਕੇ ਟੁਕੜੇ ਭੰਨ ਕੇ ਗਿੰਦਰ ਦੇ ਨਾਲ ਹੀ ਖਾਣੇ ਸ਼ੁਰੂ ਕਰ ਦਿੱਤੇ। ਗਿੰਦਰ ਇਕ ਪਾਸੇ ਆਪਣੇ ਕੱਪੜਿਆਂ ਵੱਲ ਵੇਖ-ਵੇਖ ਝੂਰਦਾ ਸਾਹਮਣੇ ਬੈਠੀ ਤਿਤਲੀ ਦਾ ਮੁਕਾਬਲਾ ਕਰਨ ਲੱਗਾ। ਉਹ ਗ਼ਰੀਬ ਮਜ਼ਦੂਰ ਤੇ ਸਾਹਮਣੇ ਬੈਠੀ ਚਿੱਟੀ ਕਬੂਤਰੀ ਜ਼ਮੀਨ ਆਸਮਾਨ ਦਾ ਫ਼ਰਕ! ਕੁਦਰਤ ਕਾਦਰ ਦੀ ਕਰਾਮਾਤ! ਇਹ ਦਾਲ ਕਿਵੇਂ ਗਲੇਗੀ? ਗਿੰਦਰ ਨੂੰ ਯਕੀਨ ਜਿਹਾ ਨਹੀਂ ਸੀ ਆ ਰਿਹਾ, ਉਹ ਕੀ ਵੇਖ ਰਿਹਾ ਹੈ!
‘ਤੁਸੀਂ ਕਿਥੇ ਰਹਿੰਦੇ ਹੋ?’
‘ਜੀ ਨਾਲ ਦੇ ਪਿੰਡ ਵਿਚ।’
‘ਇਕੱਲੇ ਹੀ ਓ?’
‘ਹਾਂ ਜੀ ਇਕੱਲਾ ਹੀ ਹਾਂ…ਮਾਂ ਸੀ, ਉਹ ਮਰ ਗਈ। ਗ਼ਰੀਬੀ ਕਰਕੇ ਵਿਆਹ ਨਹੀਂ ਹੋਇਆ।’ ਗਿੰਦਰ ਨੇ ਹਉਕਾ ਭਰ ਕੇ ਵਾਕ ਪੂਰਾ ਕੀਤਾ।
‘ਚ…ਚ…ਚ…।’ ਬੜੀ ਹਮਦਰਦੀ ਕਰ ਕੇ ਲੜਕੀ ਨੇ ਗਿੰਦਰ ਦਾ ਦਿਲ ਜਿੱਤ ਲਿਆ। ਜਿੱਤਿਆ ਹੋਇਆ ਤਾਂ ਉਹ ਅੱਗੇ ਹੀ ਸੀ। ਹਾਂ ਕੁੱਝ ਹੌਸਲਾ ਦਿੱਤਾ। ਜੀਵਨ ਦੀ ਇਕ ਚਿੰਗਾਰੀ ਭਰ ਦਿੱਤੀ।
‘ਤੁਸੀਂ ਮੈਨੂੰ ਲੈ ਚੱਲੋ ਮੈਂ ਤੁਹਾਡੀ ਰੋਟੀ ਪਕਾਇਆ ਕਰਾਂਗੀ।’ ਗਿੰਦਰ ਤ੍ਰਭਕਿਆ, ਮਾਨੋ ਅਸਮਾਨੀਂ ਬਿਜਲੀ ਡਿੱਗੀ ਹੋਵੇ। ਉਸ ਨੇ ਲੜਕੀ ਨਾਲ ਨਜ਼ਰਾਂ ਮਿਲਾਈਆਂ।
‘ਹਾਂ, ਹਾਂ, ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ।’
…ਤੇ ਫਿਰ ਉਸ ਰਾਤ ਸਾਰੇ ਪਿੰਡ ਨੇ ਦੇਖਿਆ, ਗਿੰਦਰ ਦੇ ਘਰ ਬਾਰਾਂ ਵਜੇ ਤੱਕ ਧੂੰਆਂ ਨਿਕਲਦਾ ਰਿਹਾ ਸੀ। ਅੱਗ ਬਲਦੀ ਰਹੀ ਸੀ। ਇਕ ਮਰਦ ਤੇ ਔਰਤ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ। ਆਂਢੀ-ਗੁਆਂਢੀ ਕੰਧਾਂ ਨਾਲ ਕੰਨ ਲਾ ਕੇ ਸੁਣਦੇ ਰਹੇ ਸਨ।
ਪ੍ਰੀਤੋ ਦੇ ਆਗਮਨ ਦੀ ਖ਼ਬਰ ਸਾਰੇ ਪਿੰਡ ਵਿਚ ਅੱਗ ਵਾਂਗ ਫੈਲ ਗਈ। ਸਾਰੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸ-ਅਰਾਈਆਂ ਕਰਦੇ ਰਹੇ। ਕੋਈ ਕਹਿੰਦਾ ਗਿੰਦਰ ਨੇ 300 ਦੀ ਮੁੱਲ ਲਿਆਂਦੀ ਹੈ, ਕੋਈ ਕਹਿੰਦਾ ਕੱਢ ਕੇ ਲਿਆਂਦੀ ਹੈ। ਕੋਈ ਕਹਿੰਦਾ ਅਵਾਰਾ ਸੀ ਵਿਚਾਰੀ ਆਪੇ ਆ ਗਈ ਹੈ। ਕੋਈ ਕਹਿੰਦਾ ਸੇਠ ਰੋਲਾ ਮੱਲ ਨੇ ਗਿੰਦਰ ਦਾ ਘਰ ਵੱਸਦਾ ਕੀਤਾ ਹੈ। ਪਿੰਡ ਦੇ ਸਰਪੰਚ ਨੇ ਫਫੇਕੁਟਣੀ ਦੀ ਡਿਊਟੀ ਲਗਾਈ ਕਿ ਪ੍ਰੀਤੋ ਦਾ ਸਾਰਾ ਭੇਦ ਕੱਢੇ ਤੇ ਉਸ ਨੂੰ ਵਰਗਲਾ ਕੇ ਸਰਪੰਚ ਦੇ ਛੋਟੇ ਭਰਾ ਦੇ ਘਰ ਬਿਠਾ ਦਿੱਤਾ ਜਾਏ। ਕੰਸੋ ਗਈ …ਉਸ ਨੇ ਪੂਰਾ ਟਿੱਲ ਲਾਇਆ ਲਾਲਚ ਦਿੱਤਾ…ਪਰ ਪ੍ਰੀਤੋ ਦੇ ਕੰਨ ‘ਤੇ ਜੂੰ ਨਾ ਸਰਕੀ। ਕੰਸੋ ਨੇ ਸਰਪੰਚ ਦੀ ਬਲੈਕ ਦੀ ਕਮਾਈ ਕੋਠੀਆਂ, ਕੰਮ ਦਾ ਜ਼ਿਕਰ ਕੀਤਾ ਪਰ ਪ੍ਰੀਤੋ ਨਾ ਮੰਨੀ।
ਦਿਨ ਚੜ੍ਹੇ ਕਾਰ ਦਾ ਹਾਰਨ ਵੱਜਿਆ…ਦਰਵਾਜ਼ਾ ਖੜਕਿਆ। ਸੇਠ ਰੋਲਾ ਮੱਲ ਝਕਦਾ-ਝਕਦਾ ਅੰਦਰ ਆਇਆ।
‘ਤੂੰ ਕੀ ਲੈਣ ਆਇਐਂ ਬਾਬਾ? ਅਜੇ ਕੱਲ੍ਹ ਤੇਰੀ ਕੁੱਤੇ ਖਾਣੀ ਕੀਤੀ ਸੀ!’ ਪ੍ਰੀਤੋ ਨੇ ਬਣਾਉਟੀ ਤਿਊੜੀ ਪਾਈ। ਉਹ ਆਪਣੇ ਸ਼ਿਕਾਰ ਨੂੰ ਹੋਰ ਤਰਸਾ ਕੇ ਪੱਕਾ ਕਰਨਾ ਚਾਹੁੰਦੀ ਸੀ। ਪਰ ਸੇਠ ਨੇ ਦੋ ਸੋਹਣੇ-ਸੋਹਣੇ ਸੂਟ ਤੇ ਇਕ ਮੁੰਦਰੀ ਕੱਢ ਕੇ ਉਸ ਦੇ ਅੱਗੇ ਢੇਰੀ ਕਰ ਦਿੱਤੇ। ਮੁੰਦਰੀ ‘ਤੇ ਕੀਮਤੀ ਨਗ ਸੀ।
‘ਲੈ ਦੇਖ ਇਹ ਮੁੰਦਰੀ ਤੈਨੂੰ ਬੜੀ ਸਜੇਗੀ। ਮੇਰੇ ਕੋਲ ਇਹੋ ਜਿਹੀਆਂ ਅਣਗਿਣਤ ਮੁੰਦਰੀਆਂ ਹਨ, ਹੀਰੇ ਹਨ।’
‘ਅੱਛਾ ਬੈਠ, ਮੈਂ ਚਾਹ ਬਣਾਵਾਂ।’ ਪ੍ਰੀਤੋ ਕੁੱਝ ਨਰਮ ਹੋ ਗਈ। ਚਾਹ ਦਾ ਕੱਪ ਆਪਣੀਆਂ ਲਗਰਾਂ ਵਰਗੀਆਂ ਉਂਗਲਾਂ ਸੇਠ ਨੂੰ ਛੁਹਾ ਕੇ ਉਸ ਨੂੰ ਸੱਤੀਂ ਕੱਪੜੀਂ ਅੱਗ ਲਾ ਦਿੱਤੀ।
ਗਰਮ ਚਾਹ ਵਾਂਗ ਸੇਠ ਦਾ ਆਪਾ, ਤਨ ਬਦਨ ਕਲਵਲ ਹੋ ਕੇ ਉਬਾਲੇ ਖਾਣ ਲੱਗਾ।
‘ਪ੍ਰੀਤੋ ਅੰਦਰ ਬੈਠਾਂਗੇ।’ ਜਿਵੇਂ ਅੰਦਰ ਦਾ ਤਾਂ ਉਹ ਪਹਿਲਾਂ ਹੀ ਵਾਕਿਫ ਸੀ, ਗਿੰਦਰ ਦੀ ਮਾਂ ਦਾ ਜੂ ਉਸ ਨਾਲ ਬੜਾ ਤੇਹ ਸੀ।
ਪ੍ਰੀਤੋ ਸੇਠ ਦੇ ਸਾਹਮਣੇ ਮੰਜੀ `ਤੇ ਜਾ ਬੈਠੀ। ਸੇਠ ਨੇ ਬਾਂਹਾਂ ਤੋਂ ਫੜ ਉਸ ਨੂੰ ਆਪਣੇ ਕੋਲ ਬਿਠਾ ਲਿਆ। ਪ੍ਰੀਤੋ ਅਡੋਲ ਬੈਠੀ ਰਹੀ। ਸਭ ਕੁੱਝ ਜਾਣਦੀ ਹੋਈ ਵੀ ਉਹ ਮਾਸੂਮ ਬਣੀ ਸੁਣਦੀ ਰਹੀ। ਸੇਠ ਦੇ ਹੱਥ ਚਾਰ-ਚੁਫੇਰੇ ਰਹੇ।
‘ਤੁਹਾਡਾ ਘਰ ਕਿਥੇ? ਮੈਨੂੰ ਘਰ ਨਹੀਂ ਵਿਖਾਉਗੇ। ਇੱਥੇ ਤਾਂ ਕੋਈ ਓਪਰਾ ਆ ਜੂਗਾ।’ ਪ੍ਰੀਤੋ ਨੇ ਵਿਸਮਾਦਕ ਡੋਰੇ ਸੁੱਟੇ।
ਆਪਣਾ ਇਹ ਮੌਕਾ ਵੀ ਖੁੰਝਦਾ ਵੇਖ ਕੇ ਸੇਠ ਨਿਰਾਸ਼ ਤਾਂ ਹੋਇਆ। ਪਰ ਉਹ ਖ਼ੁਸ਼ ਵੀ ਸੀ ਪ੍ਰੀਤੋ ਨੇ ਉਸ ਦੇ ਘਰ ਜਾਣ ਦਾ ਇਰਾਦਾ ਕਰ ਲਿਆ ਸੀ। ਸੇਠ ਫੁੱਲਿਆ ਨਹੀਂ ਸੀ ਸਮਾਉਂਦਾ। ਉਸ ਦੇ ਘਰ ਜਾ ਕੇ ਉਹ ਖਾਲੀ ਕਿਵੇਂ ਮੁੜ ਸਕਦੀ ਸੀ…ਤੇ ਫਿਰ ਜੇ ਗਿੰਦਰ ਨੂੰ ਵੀ ਪਤਾ ਲੱਗ ਜਾਏ ਤਾਂ ਸੇਠ ਨੂੰ ਉਹ ਕੁੱਝ ਨਹੀਂ ਸੀ ਕਹਿ ਸਕਦਾ।
‘ਚਲੋ ਫਿਰ ਹੁਣੇ ਹੀ ਚੱਲਦੇ ਆਂ।’
ਪ੍ਰੀਤੋ ਜਿਵੇਂ ਪਹਿਲਾਂ ਹੀ ਚਾਹੁੰਦੀ ਸੀ। ਉਹ ਝੱਟ ਕੱਪੜੇ ਬਦਲ ਕੇ ਤਿਆਰ ਹੋਈ ਤੇ ਤੁਰ ਪਈ। ਸੇਠ ਦੀ ਕੋਠੀ ਕਿਸੇ ਮਹਾਰਾਜੇ ਦੇ ਮਹੱਲ ਤੋਂ ਘੱਟ ਨਹੀਂ ਸੀ। ਜੋ ਸੇਠ ਨੇ ਦੱਸਿਆ, ਸੋਲ੍ਹਾਂ ਆਨੇ ਸੱਚ ਸੀ। ਸੇਠ ਨੇ ਪ੍ਰੀਤੋ ਨੂੰ ਸਾਰੀਆਂ ਅਲਮਾਰੀਆਂ ਖੋਲ੍ਹ ਕੇ ਦਿਖਾਈਆਂ। ਕੀਮਤੀ ਸਾੜੀਆਂ, ਕੱਪੜੇ, ਸੋਨੇ ਦੇ ਜ਼ੇਵਰ, ਨੋਟਾਂ ਦੀਆਂ ਪੰਡਾਂ, ਵਿਸਕੀ ਦੇ ਸਟਾਕ, ਸੋਨੇ ਦੇ ਭਾਂਡੇ, ਸਮਗਲਡ ਘੜੀਆਂ, ਮੁੰਦਰੀਆਂ ਦੇ ਵੱਡੇ ਖ਼ਜ਼ਾਨੇ…ਉਹ ਸਭ ਕੁੱਝ ਸਮਝ ਗਈ। ਸੇਠ ਸੱਚਮੁੱਚ ਕਿਸੇ ਚੰਗੇ ਕੌਮਾਂਤਰੀ ਪੱਧਰ ਦਾ ਕਾਲਾ ਧੰਦਾ ਕਰਦਾ ਹੈ।
‘ਤੁਸੀਂ ਵਿਸਕੀ ਵੀ ਪੀਂਦੇ ਓ?’ ਉਸ ਨੇ ਸ਼ਰਾਰਤੀ ਲਹਿਜ਼ੇ ਵਿਚ ਕਿਹਾ।
‘ਹਾਂ…ਹਾਂ…ਮੈਂ ਰੋਜ਼ ਪੀਂਦਾ ਹਾਂ…।’ ਸੇਠ ਨੇ ਗੋਗੜ ਫੈਲਾਈ।
ਪ੍ਰੀਤੋ ਨੇ ਝੱਟ ਵਿਸਕੀ ਦੀ ਬੋਤਲ ਕੱਢੀ। ‘ਅੱਜ ਮੈਂ ਵੀ ਪੀਵਾਂਗੀ ਤੁਹਾਡੇ ਨਾਲ।’ ਅੰਨ੍ਹਾ ਕੀ ਭਾਲੇ ਦੋ ਅੱਖੀਆਂ। ਹੁਣ ਤਾਂ ਮੁਰਗ਼ੀ ਫਸੇਗੀ ਚੰਗੀ ਤਰ੍ਹਾਂ…ਹੁਣ ਪਿੱਛੇ ਕੋਈ ਸ਼ੱਕ ਨਹੀਂ।
‘ਅੱਛਾ ਤੂੰ ਹੀ ਪਾ ਫਿਰ ਮੇਰੀ ਜਾਨ।’ ਸੇਠ ਨੇ ਪ੍ਰੀਤੋ ਦੀ ਪਿੱਠ ਥਾਪੜਦਿਆਂ ਕਿਹਾ।
ਇਕ ਪੈੱਗ, ਦੋ ਪੈੱਗ, ਤਿੰਨ ਪੈੱਗ। ਪ੍ਰੀਤੋ ਪਾਉਂਦੀ ਗਈ ਸੇਠ ਪੀਂਦਾ ਗਿਆ।
‘ਇੱਕੋ ਡੀਕੇ ਪੀ ਲਾਂ ਸਾਰੀ, ਜੇ ਤੂੰ ਆਪ ਪਿਲਾਵੇਂ, ਤੇਰੀ ਹੱਥਾਂ ਵਾਲੀ ਬੋਤਲ ਕਰ ਦਿਆਂ ਖਾਲਮ ਖ਼ਾਲੀ।’ ਸੇਠ ਦੇ ਲਰਜਦੇ ਬੁੱਲ੍ਹਾਂ ਦੇ ਸ਼ਬਦਾਂ ਨਾਲ ਪ੍ਰੀਤੋ ਨੇ ਰਹਿੰਦੀ ਸ਼ਰਾਬ ਵੀ ਸਾਰੀ ਉਲੱਦ ਦਿੱਤੀ। ਉਸ ਨੇ ਆਪ ਵੀ ਆਪਣੇ ਗਿਲਾਸ ਵਿਚ ਪਾਈ ਪਰ ਸਿਰਫ਼ ਦਿਖਾਵੇ ਮਾਤਰ। ਬਾਕੀ ਆਪਣੇ ਹਿੱਸੇ ਦੀ ਬੁੱਢੇ ਤੋਂ ਬਚਾ ਕੇ ਡੋਲ੍ਹ ਦਿੱਤੀ। ਸੇਠ ਨੂੰ ਚੜ੍ਹ ਗਈ।
‘ਬੱਸ ਕਰ ਪ੍ਰੀਤੋ। ਮੈਨੂੰ ਹੋਰ ਨਾ ਝਟਕਾ।’ ਉਸ ਨੇ ਪ੍ਰੀਤੋ ਦਾ ਹੱਥ ਫੜਦੇ ਕਿਹਾ। ਪ੍ਰੀਤੋ ਉਸ ਦੇ ਨਾਲ ਲਗ ਕੇ ਬੈਠ ਗਈ। ਸੱਟ ਲਾਣ ਲਈ ਹੁਣ ਲੋਹਾ ਗਰਮ ਸੀ।
‘ਮੈਨੂੰ ਤੁਹਾਡੇ ਨਾਲ ਬੜਾ ਪਿਆਰ ਹੋ ਗਿਆ। ਤੁਸੀਂ ਬੜੇ ਚੰਗੇ ਲਗਦੇ ਓ।’
ਬੁੱਢੇ ਦਾ ਦਿਲ ਹੋਰ ਫੁੱਲ ਗਿਆ, ‘ਓ ਮੇਰੀ ਜਾਨ ਮੇਰਾ ਸਭ ਕੁਛ ਤਨ, ਮਨ ਧਨ ਸਭ ਤੇਰੇ ਲਈ ਹਾਜ਼ਰ।’
‘ਤੁਸੀਂ ਐਵੇਂ ਬੁੱਧੂ ਤਾਂ ਨਹੀਂ ਬਣਾ ਰਹੇ? ਤੁਹਾਡੀ ਸਾਰੀ ਜਾਇਦਾਦ ਦੇ ਹੋਰ ਵੀ ਕਈ ਵਾਰਸ ਹੋਣਗੇ। ਕਈ ਭਾਈਵਾਲ ਹੋਣਗੇ। ਮੇਰੇ ਵਰਗੀਆਂ ਤੁਹਾਡੀਆਂ ਕਈ ਰਖੇਲਾਂ ਹੋਣਗੀਆਂ ।’
‘ਨਹੀਂ ਨਹੀਂ! ਅੱਜ ਤੋਂ ਬਾਅਦ ਮੇਰੀ ਤੂੰ ਸਿਰਫ਼ ਤੂੰ।’ ਮੇਰੇ ਕੰਮ ਵਿਚ ਮੇਰੇ ਭਾਈਵਾਲ ਹਨ ਪਰ ਉਹ ਬਾਹਰਲੇ ਹੀ ਹਨ ਸਿਰਫ਼ ਕੰਮ ਕਰਨ ਵਾਲੇ, ਪੈਸੇ ਤਾਂ ਮੇਰੇ ਹੀ ਚੱਲਦੇ ਨੇ। ਤਹਿਖ਼ਾਨੇ ਵਿਚ ਨੱਪਿਆ ਮੇਰਾ ਮਾਲ, ਬੈਂਕਾਂ ਦੇ ਲਾਕਰਾਂ ਦੀਆਂ ਚਾਬੀਆਂ ਅੱਜ ਤੋਂ ਤੇਰੀਆਂ ਸਭ ਤੇਰੀਆਂ। ਪਿੰਡ ਦਾ ਸਰਪੰਚ ਵੀ ਮੇਰਾ ਹਿੱਸੇਦਾਰ ਹੈ।’
‘ਮੈਨੂੰ ਯਕੀਨ ਨਹੀਂ ਸੀ ਪਈ ਤੁਹਾਡੇ ਕੋਲ ਏਨਾ ਮਾਲ ਹੋਊ।’
‘ਤੂੰ ਤਾਂ ਇੰਨੀ ਵੇਖ ਕੇ ਹੈਰਾਨ ਹੋ ਗਈ। ਗਿੰਦਰ ਦੀ ਪਿਛਲੀ ਕੋਠੜੀ ਦੇ ਥੱਲੇ ਮੇਰਾ ਤਹਿਖ਼ਾਨਾ, ਪਰ ਇਸ ਦਾ ਗਿੰਦਰ ਨੂੰ ਪਤਾ ਨਹੀਂ ਸਿਰਫ਼ ਗਿੰਦਰ ਦੀ ਮਾਂ ਨੂੰ ਹੀ ਪਤਾ। ਨੱਥੂ ਮਰਾਸੀ ਦੇ ਛੱਪੜ ਥੱਲੇ ਮੇਰਾ ਸੋਨੇ ਦਾ ਭੰਡਾਰ, ਸਰਪੰਚ ਦੀ ਹਵੇਲੀ ਦੀ ਡਿਉੜੀ ਵਿਚ ਮੇਰਾ ਬਾਹਰਲਾ ਬਲੈਕ ਦਾ ਸਾਰਾ ਭੰਡਾਰ, ਤੂੰ ਐਸ਼ ਕਰੇਂਗੀ। ਗਿੰਦਰ ਨੂੰ ਤਾਂ ਆਪਾਂ ਕਲ ਨੂੰ ਹੀ ਪਾਰ ਬੁਲਾ ਦਿਆਂਗੇ।’ ਜਿਉਂ ਜਿਉਂ ਚੜ੍ਹਦੀ ਗਈ ਸੇਠ ਬਕਦਾ ਗਿਆ।
‘ਹੁਣ ਤਾਂ ਆ ਜਾ ਨੀ।’ ਨਾਲ ਢੁੱਕ ਬੈਠੀ ਪ੍ਰੀਤੋ ਵਲ ਹੱਥ ਵਧਾਉਂਦੇ ਸੇਠ ਨੇ ਲਿਲ੍ਹਕੜੀ ਕੱਢੀ।
‘ਨਹੀਂ ਇਕ ਪੈੱਗ ਹੋਰ। ਨਵੀਂ ਬੋਤਲ ਵਿਚੋਂ ਇਕ ਵੱਡਾ ਸਾਰਾ ਪੈੱਗ ਪਾ ਕੇ ਪ੍ਰੀਤੋ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਸੇਠ ਬੇਸੁੱਧ ਹੋ ਗਿਆ। ਚਾਰ ਚੁਫੇਰੇ ਖਿੱਲਰੀ ਕਰੋੜਾਂ ਦੀ ਜਾਇਦਾਦ ਹੁਣ ਉਸਦੇ ਹਵਾਲੇ ਸੀ। ਉਸ ਦਾ ਦਿਲ ਬੇਈਮਾਨ ਡੋਲਣ ਲੱਗਾ। ਪਰ ਉਸ ਦਾ ਕਰਤੱਵ ਉਸ ਨੂੰ ਲਾਹਨਤ ਪਾਣ ਲਗਾ। ਉਹ ਉੱਠੀ ਤੇ ਗਿੰਦਰ ਦੇ ਘਰ ਆ ਗਈ। ਗਿੰਦਰ ਉਸ ਨੂੰ ਉਡੀਕ ਰਿਹਾ ਸੀ।
‘ਮੁਆਫ਼ ਕਰਨਾ ਮੈਂ ਬਾਜ਼ਾਰ ਗਈ ਸੀ। ਇਕ ਸਹੇਲੀ ਮਿਲ ਗਈ ਤਾਂ ਦੇਰ ਹੋ ਗਈ।’ ਗਿੰਦਰ ਦੇ ਸ਼ੱਕ ਤੇ ਸ਼ਿਕਵੇ ਦੂਰ ਹੋ ਗਏ।
ਰੋਟੀ ਪੱਕੀ ਪਕਾਈ, ਆਪ ਖਾਧੀ, ਗਿੰਦਰ ਨੂੰ ਖੁਆਈ ਤੇ ਦੋਵੇਂ ਸੌਂ ਗਏ। ਗਿੰਦਰ ਵਿਆਹਿਆ ਹੋਇਆ ਵੀ ਕੰਵਾਰਾ ਹੀ ਉੱਸਲਵੱਟੇ ਭੰਨਦਾ ਰਿਹਾ।
ਸਵੇਰੇ ਉੱਠਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦਾ ਆਪਾ ਕੰਬ ਗਿਆ। ਪ੍ਰੀਤੋ ਵਾਲਾ ਮੰਜਾ ਖ਼ਾਲੀ ਸੀ। ਉਸਦੇ ਕੱਪੜੇ ਤੇ ਪਰਸ ਵੀ ਗ਼ਾਇਬ ਸਨ। ਪ੍ਰੀਤੋ ਕਾਰਾ ਕਰ ਗਈ ਸੀ ਪਰ ਉਸ ਨੇ ਗਿੰਦਰ ਦੀ ਕੋਈ ਚੀਜ਼ ਨਹੀਂ ਸੀ ਛੇੜੀ। ਉਹ ਕੋਠੇ ‘ਤੇ ਚੜ੍ਹ ਕੇ ਰੌਲਾ ਪਾਣ ਲਗਾ।
‘ਓਏ ਲੋਕੋ ਮੈਂ ਲੁੱਟਿਆ ਗਿਆ ਮੇਰੀ ਪ੍ਰੀਤੋ ਚਲੇ ਗਈ।’ ਪਰ ਇਸ ਤੋਂ ਪਹਿਲਾਂ ਕਿ ਲੋਕ ਉਸ ਨਾਲ ਹਮਦਰਦੀ ਲਈ ਆਉਂਦੇ ਗਿੰਦਰ ਦਾ ਘਰ ਪੁਲੀਸ ਨੇ ਘੇਰ ਲਿਆ ਸੀ। ਗਿੰਦਰ ਪੁਲਿਸ ਦੀ ਹੱਥਕੜੀ ਵਿਚ ਬੱਧਾ ਪਿੰਡ ਦੀ ਸੱਥ ਵੱਲ ਲਿਜਾਇਆ ਗਿਆ। ਉੱਥੇ ਸਰਪੰਚ, ਨੱਥੂ ਮਰਾਸੀ ਤੇ ਸੇਠ ਰੌਲਾ ਮੱਲ ਅੱਗੇ ਹੀ ਹੱਥਕੜੀਆਂ ਬੱਧੀ ਬਾਂਦਰਾਂ ਵਾਂਗ ਬਿਠਾਏ ਹੋਏ ਸਨ। ਤਮਾਸ਼ਬੀਨ ਇਕੱਠੇ ਹੋ ਕੇ ਤਮਾਸ਼ਾ ਦੇਖ ਰਹੇ ਸਨ।
‘ਸੇਠ ਜੀ ਲੋਕਾਂ ਸਾਹਮਣੇ ਆਪਣੀ ਕਰਤੂਤ ਆਪ ਹੀ ਦਸ ਦਿਓ।’ ਪੁਲਿਸ ਅਧਿਕਾਰੀ ਨੇ ਕਿਹਾ।
‘ਨਹੀਂ ਮਹਾਰਾਜ ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਚੋਰੀ ਨਹੀਂ ਕੀਤੀ ਅਪਰਾਧ ਨਹੀਂ ਕੀਤਾ।’ ਉਸ ਨੇ ਧਰਤੀ ਤੇ ਨੱਕ ਦੀਆਂ ਲਕੀਰਾਂ ਕੱਢਦੇ ਹੱਥ ਜੋੜੇ। ਸਾਰੇ ਲੋਕਾਂ ਨੇ ਸੇਠ ਦੀ ਸ਼ਰਾਫ਼ਤ ਤੇ ਇਮਾਨਦਾਰੀ ਦੀ ਸ਼ਾਹਦੀ ਭਰੀ।
‘ਪ੍ਰੀਤੋ ਘਰ ਚੱਲ। ਇੱਧਰ ਨਾ ਆਈਂ ਪ੍ਰੀਤੋ।’ ਸੇਠ ਨੇ ਪ੍ਰੀਤੋ ਨੂੰ ਆਪਣੇ ਵਲ ਆਉਂਦੀ ਵੇਖ ਕੇ ਹੇਠੀ ਮੰਨੀ। ਉਹ ਨਹੀਂ ਸੀ ਚਾਹੁੰਦਾ ਪ੍ਰੀਤੋ ਉਸ ਦੀ ਇਹ ਹਾਲਤ ਵੇਖੇ।
‘ਨਹੀਂ ਸੇਠ ਹੁਣ ਮੈਂ ਤੇਰੇ ਘਰ ਨਹੀਂ ਜਾਵਾਂਗੀ, ਸਗੋਂ ਤੇਰੇ ਜਿਹੇ ਸ਼ਰੀਫ਼ ਬਗਲਾ ਭਗਤਾਂ ਦੀ ਕਰਤੂਤ ਦਾ ਪਰਦਾਫਾਸ਼ ਕਰਾਂਗੀ।’ ਇੰਨਾ ਕਹਿੰਦੇ ਉਸ ਨੇ ਆਪਣੇ ਸਿਰ ਦਾ ਦੁਪੱਟਾ ਲਾਹ ਮਾਰਿਆ।
‘ਵੇਖ! ਤੇਰੇ ਲਈ ਮੈਨੂੰ ਕਿੰਨੇ ਪਾਪੜ ਵੇਲਣੇ ਪਏ। ਤੂੰ ਚਿੱਟੇ ਡਰੱਗ ਦਾ ਕਾਰੋਬਾਰ ਕਰਕੇ ਕਿੰਨੇ ਨੌਜੁਆਨਾਂ ਨੂੰ ਮੌਤ ਦੇ ਵਰੰਟ ਵੰਡੇ ਤੇ ਕਿੰਨੇ ਘਰ ਬਰਬਾਦ ਕੀਤੇ। ਤੇਰੇ ਜਿਹੇ ਪੈਸੇ ਦੇ ਪੁੱਤ! ਮੌਤ ਦੇ ਸੌਦਾਗਰ ਦੀ ਜਗ੍ਹਾ ਇਸ ਸ਼ਰੀਫ਼ ਸਮਾਜ ਵਿਚ ਨਹੀਂ, ਜੇਲ੍ਹ ਵਿੱਚ ਹੈ।’
‘ਸੀ. ਆਈ. ਡੀ ਇੰਸਪੈਕਟਰ!’ ਚਮਕਦੇ ਸਟਾਰਾਂ ਵਾਲੇ ਫੀਤੇ ਵੇਖ ਕੇ ਸੇਠ ਨੂੰ ਦੰਦਲ ਪੈ ਗਈ।
ਪ੍ਰੀਤੋ ਨੇ ਪਰਸ ਵਿਚੋਂ ਕੱਢ ਕੇ ਟੇਪ ਰਿਕਾਰਡ ਚਲਾ ਦਿੱਤੀ। ਸੇਠ ਬੋਲ ਰਿਹਾ ਸੀ…ਬਕ ਰਿਹਾ ਸੀ। ਰਾਤ ਦੀ ਸਾਰੀ ਕਰਤੂਤ, ਉਸ ਦੇ ਇਕਬਾਲ ਕੀਤੇ ਹੋਏ ਸਾਰੇ ਅਪਰਾਧ ਪਟਾਕ-ਪਟਾਕ ਬੋਲਣ ਲੱਗੇ। ਸਰਪੰਚ ਸਮੇਤ ਸੇਠ ਦੀ ਜੁੰਡਲੀ ਦੇ ਹਮਾਇਤੀ ਪੁਲਸ ਹੱਥਕੜੀਆਂ ਵਿਚ ਜਕੜੇ ਖੜ੍ਹੇ ਸਨ। ਡਰੱਗ ਤੇ ਬਲੈਕ ਦਾ ਇਹ ਨਾਜਾਇਜ਼ ਭਾਰੀ ਭੰਡਾਰ ਸੁਣ ਕੇ ਪੁਲਸ ਦੀ ਹੋਰ ਨਫ਼ਰੀ ਨੇ ਸਾਰੇ ਪਿੰਡ ਨੂੰ ਘੇਰ ਲਿਆ। ਚਾਕੜਹੱਥੇ ਮੁਸ਼ਟੰਡੇ ਅੱਖ ਬਚਾ ਕੇ ਨੌਂ ਦੋ ਗਿਆਰਾਂ ਹੋ ਗਏ। ਪਿੰਡ ਦੇ ਹੋਰ ਸ਼ਰੀਫ਼ ਲੋਕ ਉਨ੍ਹਾਂ ਸ਼ਰੀਫ਼ਜਾਦਿਆਂ ਦੀਆਂ ਕਰਤੂਤਾਂ ਵੇਖ ਸੁਣ ਕੇ ਕੰਨਾਂ ਵਿਚ ਉਂਗਲਾਂ ਪਾਉਂਦੇ ਦੁਰ੍ਹ ਲਾਅਨਤ ਕਹਿੰਦੇ ਪ੍ਰੀਤੋ ਦੇ ਕਿਰਦਾਰ `ਤੇ ਤਸੱਲੀ ਪ੍ਰਗਟਾਉਂਦੇ ਅਸ਼ ਅਸ਼ ਕਰ ਰਹੇ ਸਨ।