ਲਾਲ ਕਿਲ੍ਹੇ ਦੀ ਫਸੀਲ ਤੋਂ ਮੋਦੀ ਦੇ ਭਾਸ਼ਣ ਦੇ ਮਾਇਨੇ

ਨਵਕਿਰਨ ਸਿੰਘ ਪੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਸੰਸਦ ਵਿਚ ਅਤੇ ਫਿਰ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ਨੇ ਸਾਫ ਕਰ ਦਿੱਤਾ ਹੈ ਕਿ ਮੋਦੀ ਲਈ ਹੁਣ ਭਾਸ਼ਣ ਦੇਣ ਦਾ ਮਤਲਬ ਵੋਟਾਂ ਮੰਗਣਾ ਹੈ। ਇਹ ਦਾਅਵਾ ਵੀ ਕੀਤਾ ਗਿਆ ਕਿ ਅਗਲੇ ਸਾਲ ਉਹ ਇੱਥੋਂ ਹੀ ਆਪਣਾ 11ਵਾਂ ਭਾਸ਼ਣ ਦੇਣਗੇ। ਭਾਸ਼ਣ ਵਿਚ ਉਨ੍ਹਾਂ ਤਿੰਨ ਬੁਰਾਈਆਂ

ਗਿਣਾਈਆਂ- ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਪਰ ਇਨ੍ਹਾਂ ਮਾਮਲਿਆਂ ਵਿਚ ਭਾਜਪਾ ਦੀ ਸਿਆਸਤ ਕਿੰਨੀ ਕੁ ਸਾਫ ਸੁਥਰੀ ਹੈ, ਇਸ ਬਾਰੇ ਚਰਚਾ ਸਾਡੇ ਕਾਲਮਨਵੀਸ ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਐਤਕੀਂ 15 ਅਗਸਤ ਨੂੰ ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲ ਕਿਲ੍ਹੇ ਤੋਂ ਆਪਣੇ ਦੂਜੇ ਕਾਰਜਕਾਲ ਦਾ ਆਖਰੀ ਭਾਸ਼ਣ ਸੀ। ਲਾਲ ਕਿਲ੍ਹਾ ਸੱਤਾ ਦਾ ਅਜਿਹਾ ‘ਬਿੰਦੂ` ਹੈ ਜਿੱਥੋਂ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਸ਼ਾਸਕ ਇਸ ਵਿਸ਼ੇਸ਼ ਦਿਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੇਸ਼ ਨੂੰ ਅੱਗੇ ਲਿਜਾਣ ਦਾ ਦਾਅਵਾ ਕਰਦਾ ਹੈ। ਹੁਣ ਤੱਕ ਜ਼ਿਆਦਾਤਰ ਪ੍ਰਧਾਨ ਮੰਤਰੀ ਇਸ ਦਿਨ ਲਿਖੇ ਹੋਏ ਰਵਾਇਤੀ ਭਾਸ਼ਣ ਹੀ ਪੜ੍ਹਦੇ ਆਏ ਹਨ ਪਰ ਲਾਲ ਕਿਲ੍ਹੇ ਤੋਂ ਮੋਦੀ ਨੇ ਆਪਣਾ ਇਹ ਦਸਵਾਂ ਭਾਸ਼ਣ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਕੇਂਦਰਿਤ ਕਰ ਕੇ ਦਿੱਤਾ। ਨਾਲ ਹੀ ਉਨ੍ਹਾਂ ਦਾਅਵਾ ਠੋਕ ਦਿੱਤਾ ਕਿ ਉਹ ਅਗਲੇ ਸਾਲ ਵੀ ਇੱਥੋਂ ਹੀ ਆਪਣਾ 11ਵਾਂ ਭਾਸ਼ਣ ਦੇਣਗੇ। ਪਿਛਲੇ ਦਿਨੀਂ ਸੰਸਦ ਵਿਚ ਅਤੇ ਹੁਣ ਲਾਲ ਕਿਲ੍ਹੇ ਤੋਂ ਦਿੱਤਾ ਭਾਸ਼ਣ ਸੁਣ ਕੇ ਪ੍ਰਤੀਤ ਹੁੰਦਾ ਹੈ ਕਿ ਮੋਦੀ ਲਈ ਹੁਣ ਭਾਸ਼ਣ ਦੇਣ ਦਾ ਇੱਕੋ-ਇੱਕ ਮਤਲਬ ਵੋਟਾਂ ਮੰਗਣਾ ਹੈ। ਉਨ੍ਹਾਂ ਦੇ ਲਹਿਜੇ ਅਤੇ ਬੋਲੇ ਗਏ ਹਰ ਸ਼ਬਦ ਵਿਚੋਂ ਚੋਣ ਰਾਜਨੀਤੀ ਅਤੇ ਫੋਕੇ ਦਾਅਵਿਆਂ ਦੀ ਸਾਫ ਝਲਕ ਪੈ ਰਹੀ ਸੀ। ਮੋਦੀ ਜੀ ਨੇ ਆਪਣਾ ਭਾਸ਼ਣ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਨ ਨੂੰ ਦੇਸ਼ ਦੀ ਸਭ ਤੋਂ ਵੱਡੀ ਬੁਰਾਈ ਦੱਸਦਿਆਂ ਇਸ ‘ਤੇ ਕੇਂਦਰਿਤ ਕੀਤਾ ਪਰ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਭਾਜਪਾ ਦੀ ਖੁਦ ਦੀ ਰਾਜਨੀਤੀ ਕਿੰਨੀ ਕੁ ਸਾਫ ਸੁਥਰੀ ਹੈ, ਇਸ ‘ਤੇ ਝਾਤ ਮਾਰਦੇ ਹਾਂ।
ਪਰਿਵਾਰਵਾਦ ‘ਤੇ ਟਿੱਪਣੀ ਕਰਨ ਲਈ ਮੋਦੀ ਨੇ ਆਪਣਾ ਭਾਸ਼ਣ ‘ਭੈਣੋ ਭਰਾਵੋ` ਜਾਂ ‘ਪਿਆਰੇ ਦੇਸ਼ ਵਾਸੀਓ` ਕਹਿ ਕੇ ਸ਼ੁਰੂ ਕਰਨ ਦੀ ਥਾਂ ਵਿਸ਼ੇਸ਼ ਸ਼ਬਦ ‘ਪਰਿਵਾਰ ਜਨ` ਵਰਤ ਕੇ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ‘ਦੇਸ਼ ਦੇ ਲੋਕਤੰਤਰ ਵਿਚ ਇੱਕ ਬਿਮਾਰੀ ਹੈ ਪਰਿਵਾਰਵਾਦੀ ਪਾਰਟੀ ਅਤੇ ਉਨ੍ਹਾਂ ਦਾ ਇੱਕ ਹੀ ਮੰਤਰ ਹੈ- ਪਰਿਵਾਰ ਲਈ, ਪਰਿਵਾਰ ਦੁਆਰਾ।’ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਰਾਜਨੀਤੀ ਪਰਿਵਾਰਵਾਦ ਤੋਂ ਨਿਰਲੇਪ ਹੋਣੀ ਚਾਹੀਦੀ ਹੈ। ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੇ ਪਰਿਵਾਰਵਾਦ ਦੀ ਰਾਜਨੀਤੀ ਕਰਦਿਆਂ ਲੋਕ ਹਿੱਤ ਅੱਖੋਂ ਪਰੋਖੇ ਕੀਤੇ ਹਨ ਪਰ ਜੇ ਭਾਜਪਾ ਲੀਡਰਸ਼ਿਪ ‘ਤੇ ਨਜ਼ਰ ਮਾਰੀਏ ਤਾਂ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਪਰਿਵਾਰਵਾਦ ਵਿਚ ਬੁਰੀ ਤਰ੍ਹਾਂ ਗ੍ਰਸੀ ਹੋਈ ਹੈ। ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਅਤੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਪੰਕਜ ਸਿੰਘ ਨੋਇਡਾ ਤੋਂ ਵਿਧਾਇਕ ਹੈ, ਉਹ ਆਪਣੇ ਪਿਉ ਦੀ ਥਾਂ ਲੈਣ ਲਈ ਕਾਹਲਾ ਨਜ਼ਰ ਆ ਰਿਹਾ ਹੈ। ਕੇਂਦਰ ਵਿਚ ਨੌਜਵਾਨ ਮੰਤਰੀ ਵਜੋਂ ਮਸ਼ਹੂਰ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਮੁੰਡਾ ਹੈ। ਕਿਸਾਨ ਅੰਦੋਲਨ ਸਮੇਂ ਚਰਚਾ ਵਿਚ ਰਹੇ ਵਣਜ ਮੰਤਰੀ ਪਿਊਸ਼ ਗੋਇਲ ਦਾ ਪਿਤਾ ਵੇਦ ਪ੍ਰਕਾਸ਼ ਗੋਇਲ ਵਾਜਪਾਈ ਸਰਕਾਰ ਵਿਚ ਮੰਤਰੀ ਸੀ ਤੇ ਉਸ ਦੀ ਮਾਂ ਚੰਦਰਕਾਂਤਾ ਗੋਇਲ ਤਿੰਨ ਵਾਰ ਐਮ.ਐਲ.ਏ. ਰਹੀ ਹੈ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦੇ ਪਿਤਾ ਦਵੇਂਦਰ ਪ੍ਰਧਾਨ ਵੀ ਵਾਜਪਾਈ ਸਰਕਾਰ ਵਿਚ ਮੰਤਰੀ ਸਨ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਪੁੱਤਰ ਦਸ਼ਿਅੰਤ ਸਿੰਘ ਕਈ ਵਾਰ ਸੰਸਦ ਦੀਆਂ ਪੌੜੀਆਂ ਚੜ੍ਹ ਚੁੱਕਾ ਹੈ। ਕੇਂਦਰ ਵਿਚ ਨੌਜਵਾਨ ਮੰਤਰੀ ਅਣੂ ਪ੍ਰਿਆ ਪਟੇਲ ਵੀ ਤਾਂ ਸੋਨੇ ਲਾਲ ਪਟੇਲ ਦੀ ਧੀ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਦੇ ਪਿਤਾ ਰਿੰਚਿਨ ਖੇਰੂ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਪਹਿਲੇ ਪ੍ਰੋਟਮ ਸਪੀਕਰ ਸਨ। ਅਗਲੀ ਗੱਲ, ਇਹ ਜ਼ਰੂਰੀ ਨਹੀਂ ਕਿ ਰਾਜਨੀਤਕ ਲੀਡਰ ਦਾ ਮੁੰਡਾ ਜੇ ਮੰਤਰੀ, ਵਿਧਾਇਕ ਬਣੇ ਸਿਰਫ ਉਹੀ ਪਰਿਵਾਰਵਾਦ ਹੁੰਦਾ ਹੈ ਬਲਕਿ ਜੇ ਰਾਜਨੀਤਕ ਲੀਡਰ ਆਪਣੇ ਰੁਤਬੇ ਦਾ ਫਾਇਦਾ ਉੱਠਾ ਕੇ ਪੁੱਤ ਦੇ ਬਿਜ਼ਨਸ ਨੂੰ ਲਾਹਾ ਪਹੁੰਚਾ ਰਿਹਾ ਹੈ ਤਾਂ ਉਹ ਵੀ ਪਰਿਵਾਰਵਾਦ ਹੀ ਹੈ। ਮੋਦੀ ਸਰਕਾਰ ਵਿਚ ਦੂਜੇ ਨੰਬਰ ਦੇ ਤਾਕਤਵਰ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਜੈ ਸ਼ਾਹ ਬੀ.ਸੀ.ਸੀ.ਆਈ. ਵਿਚ ਅੱਗੇ ਦੀ ਅੱਗੇ ਜਾ ਰਿਹਾ ਹੈ।
ਜਦੋਂ ਵਿਰੋਧੀ ਪਾਰਟੀਆਂ ਵਿਚ ਸੰਨ੍ਹ ਮਾਰ ਕੇ ਕੋਈ ਲੀਡਰ ਭਾਜਪਾ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਵਰਗੇ ਸ਼ਬਦ ਮੋਦੀ ਦੀ ਡਿਕਸ਼ਨਰੀ ਵਿਚੋਂ ਗਾਇਬ ਹੋ ਜਾਂਦੇ ਹਨ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਜਯੋਤਿਰਾਇ ਸਿੰਧਿਆ ਨੂੰ ਮੋਦੀ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਪਰ ਸ਼ਾਇਦ ਭੁੱਲ ਗਏ ਕਿ ਉਸ ਦਾ ਪਿਤਾ ਮਾਧਵ ਸਿੰਧਿਆ ਵੀ ਤਾਂ ਕਾਂਗਰਸ ਸਰਕਾਰ ਵਿਚ ਮੰਤਰੀ ਸੀ। ਭਾਜਪਾ ਦੀ ਮਿਹਰਬਾਨੀ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਏਕਨਾਥ ਸ਼ਿੰਦੇ ਦਾ ਪੁੱਤਰ ਵੀ ਤਾਂ ਲੋਕ ਸਭਾ ਮੈਂਬਰ ਹੈ। ਅਜੀਤ ਪਵਾਰ ਨੂੰ ਭਾਜਪਾ ਨੇ ਸ਼ਹਿ ਦਿੱਤੀ, ਉਹ ਵੀ ਤਾਂ ਪਰਿਵਾਰਵਾਦ ਵਿਚੋਂ ਹੀ ਨਿਕਲਿਆ ਹੈ। ਭਾਜਪਾ ਦੇ ਸਭ ਤੋਂ ਨੇੜੇ ਮੰਨੇ ਜਾਂਦੇ ਚਿਰਾਗ ਪਾਸਵਾਨ ਦੀ ਤਾਂ ਯੋਗਤਾ ਹੀ ਇਹ ਹੈ ਕਿ ਉਹ ਰਾਮਵਿਲਾਸ ਪਾਸਵਾਨ ਦਾ ਪੁੱਤਰ ਹੈ। ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ ਨੀਰਜ਼ ਸ਼ੇਖਰ ਨੂੰ ਭਾਜਪਾ ਵਿਚ ਲਿਆਉਣ ਸਮੇਂ ਇਹ ਨਹੀਂ ਕਿਹਾ ਗਿਆ ਕਿ ਭਾਜਪਾ ਪਰਿਵਾਰਵਾਦ ਦੀ ਰਾਜਨੀਤੀ ਨਹੀਂ ਕਰਦੀ। ਹੋਰ ਤਾਂ ਹੋਰ, ਭਾਜਪਾ ਵੱਲੋਂ ਪੰਜਾਬ ਦੇ ਪ੍ਰਧਾਨ ਬਣਾਏ ਸੁਨੀਲ ਜਾਖੜ ਵੀ ਪਰਿਵਾਰਵਾਦ ਦੀ ਦੇਣ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਪਾਰਟੀ ਨੂੰ ਪਰਿਵਾਰਵਾਦ ਦੀ ਭੇਂਟ ਚਾੜ੍ਹ ਦਿੱਤਾ ਪਰ ਮੋਦੀ ਸਮੇਤ ਭਾਜਪਾ ਲੀਡਰ ਉਨ੍ਹਾਂ ਨੂੰ ਫਿਰ ਵੀ ਆਪਣੇ ਮਾਰਗ ਦਰਸ਼ਕ ਕਹਿੰਦੇ ਰਹੇ।
ਮੋਦੀ ਨੇ ਭਾਸ਼ਣ ਵਿਚ ਦੂਜਾ ਮੁੱਦਾ ਭ੍ਰਿਸ਼ਟਾਚਾਰ ਦਾ ਕੇਂਦਰਿਤ ਕੀਤਾ। ਕਰਨਾ ਬਣਦਾ ਵੀ ਸੀ ਕਿਉਂਕਿ ‘ਨਾ ਖਾਊਂਗਾ, ਨਾ ਖਾਨੇ ਦੂੰਗਾ` ਦਾ ਹੋਕਾ ਦੇ ਕੇ ਸੱਤਾ ਹਾਸਲ ਕਰਨ ਵਾਲੇ ਇਸ ਸ਼ਖਸ ਦੇ ਕਾਰਜਕਾਲ ਦੌਰਾਨ ਅਮੀਰ ਹੋਰ ਵੱਧ ਅਮੀਰ ਹੋਏ ਹਨ ਤੇ ਗਰੀਬ ਹੋਰ ਵੱਧ ਗਰੀਬ। ਅਸਲ ਵਿਚ ਆਮ ਆਦਮੀ ਲਈ ਭ੍ਰਿਸ਼ਟਾਚਾਰ ਦਾ ਮਤਲਬ ਸਰਕਾਰੀ ਅਧਿਕਾਰੀ ਵੱਲੋਂ ਮੰਗੀ ਰਿਸ਼ਵਤ ਹੁੰਦਾ ਹੈ ਪਰ ਭਾਜਪਾ ਨੂੰ ਕਾਰਪੋਰੇਟ ਘਰਾਣਿਆਂ ਤੋਂ ਮਿਲ ਰਿਹਾ ਕਰੋੜਾਂ ਦਾ ‘ਪਾਰਟੀ ਫੰਡ` ਤੇ ਉਸ ਬਦਲੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਛੋਟਾਂ ਸੰਸਥਾਈ ਭ੍ਰਿਸ਼ਟਾਚਾਰ ਹੈ ਜੋ ਸਭ ਤੋਂ ਖਤਰਨਾਕ ਹੈ। ਇਸੇ ਕਰ ਕੇ ਮੋਦੀ ਸਰਕਾਰ ਨੇ ਹਿੰਡਨਬਰਗ ਰਿਸਰਚ ਦੀ ਰਿਪੋਰਟ ‘ਤੇ ਜਾਂਚ ਨਹੀਂ ਕਰਵਾਈ। ਅਜਿਹੀਆਂ ਦਰਜਨਾਂ ਉਦਹਾਰਨਾਂ ਹਨ ਕਿ ਭਾਜਪਾ ਜਿਨ੍ਹਾਂ ਨੂੰ ਭ੍ਰਿਸ਼ਟਾਚਾਰੀ ਕਹਿੰਦੀ ਸੀ, ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ। ਭਾਜਪਾ ਦੀ ਹਾਲਤ ਇਹ ਹੈ ਕਿ ਜਦ ਤੱਕ ਏਕਨਾਥ ਸ਼ਿੰਦੇ, ਅਜੀਤ ਪਵਾਰ ਵਰਗੇ ਆਪਣੀਆਂ ਪਾਰਟੀਆਂ ਵਿਚ ਰਹੇ, ਤਦ ਤੱਕ ਉਨ੍ਹਾਂ ਵਿਚ ਨੁਕਸ ਸਨ; ਹੁਣ ਜਦ ਉਹ ਭਾਜਪਾ ਨਾਲ ਸਾਂਝ-ਭਿਆਲੀ ਵਿਚ ਹਨ ਤਾਂ ਉਹ ਦੁੱਧ ਧੋਤੇ ਹੇ ਗਏ।
ਮੋਦੀ ਦੀ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ‘ਘੁਣ ਵਾਂਗ ਭ੍ਰਿਸ਼ਟਾਚਾਰ ਨੇ ਦੇਸ਼ ਦੇ ਪੂਰੇ ਸਿਸਟਮ ਅਤੇ ਇਸ ਦੀਆਂ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਛੱਡਿਆ ਹੈ` ਪਰ ਸਵਾਲ ਇਹ ਹੈ ਕਿ ਉਨ੍ਹਾਂ ਦੇ ਸੱਤਾ ਵਿਚ ਹੁੰਦਿਆਂ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਕੈਗ ਦੀ ਰਿਪੋਰਟ ਆਈ ਕਿ ਦਵਾਰਕਾ ਐਕਸਪ੍ਰੈੱਸ ਵੇਅ ‘ਤੇ ਪ੍ਰਤੀ ਕਿਲੋਮੀਟਰ 250.77 ਕਰੋੜ ਰੁਪਏ ਲਾਗਤ ਦੱਸੀ ਜਾ ਰਹੀ ਹੈ ਜੋ ਤਜਵੀਜ਼ਤ 18.20 ਕਰੋੜ ਪ੍ਰਤੀ ਕਿਲੋਮੀਟਰ ਦੀ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਭਾਰਤ ਮਾਲਾ ਪ੍ਰੋਜੈਕਟ ਅਤੇ ਆਯੂਸ਼ਮਾਨ ਭਾਰਤ ਵਿਚੋਂ ਵੀ ਭ੍ਰਿਸ਼ਟਾਚਾਰ ਦੀ ਬੋਅ ਆ ਰਹੀ ਹੈ।
ਭਾਜਪਾ ਦੀਆਂ ਸੂਬਾ ਸਰਕਾਰਾਂ ਗਲ-ਗਲ ਤੱਕ ਭ੍ਰਿਸ਼ਟਾਚਾਰ ਨਾਲ ਡੁੱਬੀਆਂ ਹੋਈਆਂ ਹਨ ਤੇ ਮੋਦੀ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦੇ ਰਹੇ ਹਨ। ਹਕੀਕਤ ਇਹ ਹੈ ਕਿ ਆਰਥਿਕ ਵਿਕਾਸ ਦਾ ਜੋ ਮਾਡਲ ਭਾਜਪਾ ਲਾਗੂ ਕਰ ਰਹੀ ਹੈ, ਉਹ ਅਮੀਰਾਂ ਦੇ ਪੱਖ ਵਿਚ ਹੈ ਤੇ ਉਸ ਨਾਲ ਸਿਖਰਲੇ ਅਮੀਰਾਂ ਦੀ ਦੌਲਤ ਵਿਚ ਅਪਾਰ ਵਾਧਾ ਹੋਇਆ ਹੈ ਤੇ ਗਰੀਬਾਂ ਦੀ ਆਮਦਨ ਘਟੀ ਹੈ।
ਜਦ ਦੇਸ਼ ਦੀ ਵਸੋਂ ਦਾ ਅਹਿਮ ਹਿੱਸਾ ਮੁਫਤ ਆਟਾ, ਦਾਲ ਲੈਣ ਤੱਕ ਦਾ ਮੁਥਾਜ ਹੋਵੇ ਤਾਂ ਸਰਕਾਰ ਦਾ ਇਹ ਕਹਿਣਾ ਕਿ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਕੇ ‘ਨਵੀਂ ਮੱਧ ਵਰਗੀ ਜਮਾਤ` ਵਿਚ ਦਾਖ਼ਲ ਹੋਏ ਹਨ, ਬਿਲਕੁੱਲ ਖੋਖਲਾ ਹੈ। ਮੋਦੀ ਨੇ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਦੀ ਗੱਲ ਤਾਂ ਕੀਤੀ ਪਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਜਾਂ ਸਵਿੱਸ ਬੈਂਕ ਵਿਚੋਂ ਪੈਸਾ ਲਿਆਉਣ ਜਾਂ ਬੇਰੁਜ਼ਗਾਰੀ ਖਤਮ ਕਰਨ ਦੇ ਪੁਰਾਣੇ ਵਾਅਦਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ‘ਮੋਦੀ ਕੀ ਗਾਰੰਟੀ` ਹੈ ਕਿ ਦੇਸ਼ ਅਗਲੇ ਪੰਜ ਸਾਲਾਂ ਵਿਚ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਪਰ ਕੀ ਉਹ ਇਹ ਦਾਅਵਾ ਕਰ ਸਕਦੇ ਹਨ ਕਿ ਪੰਜ ਸਾਲ ਬਾਅਦ ਸਰਕਾਰ ਨੂੰ ਮੁਫਤ ਅਨਾਜ ਵੰਡਣ ਦੀ ਲੋੜ ਨਹੀਂ ਰਹੇਗੀ, ਲੋਕ ਆਤਮ-ਨਿਰਭਰ ਹੋ ਜਾਣਗੇ।
ਤੁਸ਼ਟੀਕਰਨ ਦੀ ਗੱਲ ਕਰ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਘੱਟ ਗਿਣਤੀਆਂ ਖਾਸਕਰ ਮੁਸਲਿਮ ਭਾਈਚਾਰੇ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਲਾਲ ਕਿਲ੍ਹੇ ਤੋਂ ਮਹਿਜ਼ ਕੁਝ ਕਿਲੋਮੀਟਰ ਦੂਰ ਹਰਿਆਣਾ ਦੇ ਨੂਹ ਵਿਚ ਕੁਝ ਦਿਨ ਪਹਿਲਾਂ ਜੋ ਹੋਇਆ, ਉਸ ‘ਤੇ ਮੋਦੀ ਚੁੱਪ ਰਹੇ ਤੇ ਉੱਤਰ ਪੂਰਬੀ ਸੂਬੇ ਮਨੀਪੁਰ ਵਿਚ ਜੋ ਹੋ ਰਿਹਾ ਹੈ, ਉਸ ‘ਤੇ ਸੀਮਤ ਸ਼ਬਦਾਂ ਵਿਚ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਕੇਂਦਰੀ ਮੰਤਰੀ ਮੰਡਲ ਵਿਚ ਇੱਕ ਵੀ ਮੁਸਲਿਮ ਮੰਤਰੀ ਨਹੀਂ; ਤੇ ਅਜੇ ਤੁਸ਼ਟੀਕਰਨ ਘੱਟ ਗਿਣਤੀ ਦਾ ਹੋ ਰਿਹਾ ਹੈ? ਹਕੀਕਤ ਇਹ ਹੈ ਕਿ ਜਦ ਤੋਂ ਭਾਜਪਾ ਨੇ ਸੱਤਾ ਸੰਭਾਲੀ ਹੈ, ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਖਿਲਾਫ ਹਮਲੇ ਤੇਜ਼ ਹੋਏ ਹਨ। ਆਰ.ਐਸ.ਐਸ. ਅਤੇ ਭਾਜਪਾ ਵੱਲੋਂ ਬਹੁ ਗਿਣਤੀ ਦੀ ਸਿਆਸਤ ਕਰਦਿਆਂ ਧਾਰਮਿਕ ਘੱਟ ਗਿਣਤੀਆਂ ਨੂੰ ਨੁੱਕਰੇ ਲਾਇਆ ਜਾ ਰਿਹਾ ਹੈ। ਅਸਲ ਵਿਚ ਭਾਜਪਾ ਆਪਣੇ ਹਿਸਾਬ ਨਾਲ ਘੱਟ ਗਿਣਤੀਆਂ ਬਿਰਤਾਂਤ ਸਿਰਜਦੀ ਹੈ ਤੇ ਫਿਰ ਉਸ ਨੂੰ ਲਾਗੂ ਕਰਦੀ ਹੈ। ਸੋ, 2024 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਭਾਜਪਾ ਨੂੰ ਪਿਛਲੇ ਵਾਅਦਿਆਂ/ਦਾਅਵਿਆਂ ‘ਤੇ ਸਵਾਲ ਕਰਨ ਦੀ ਲੋੜ ਹੈ।