ਪਾਕਿਸਤਾਨ: ਘੱਟ ਗਿਣਤੀਆਂ ਦੀ ਰਾਖੀ ਲਈ ਵਿਸ਼ੇਸ਼ ਦਸਤੇ ਕਾਇਮ

ਇਸਲਾਮਾਬਾਦ: ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲਿਆਂ ਦੇ ਮੱਦੇਨਜ਼ਰ ਇਸਲਾਮਾਬਾਦ ਪੁਲਿਸ ਨੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਤੇ ਉਨ੍ਹਾਂ ਦੀਆਂ ਧਾਰਮਿਕ ਥਾਵਾਂ ਦੀ ਰਾਖੀ ਲਈ 70 ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਇਸਲਾਮਾਬਾਦ ਪੁਲਿਸ ਨੇ ਟਵੀਟ ਕੀਤਾ, ’70 ਜਵਾਨ ‘ਘੱਟ ਗਿਣਤੀ ਰੱਖਿਆ ਇਕਾਈ‘ ‘ਚ ਤਾਇਨਾਤ ਕੀਤੇ ਗਏ ਹਨ।‘

ਇਹ ਟੀਮ ਕੌਮੀ ਘੱਟ ਗਿਣਤੀ ਕਮਿਸ਼ਨ ਦੀਆਂ ਸਿਫਾਰਸ਼ਾਂ ਮਗਰੋਂ ਕਾਇਮ ਕੀਤੀ ਗਈ ਹੈ।
ਉਧਰ, ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਭੀੜ ਵੱਲੋਂ ਈਸਾਈ ਭਾਈਚਾਰੇ ਦੇ 21 ਗਿਰਜਾਘਰਾਂ ‘ਤੇ ਹਮਲੇ ਕਰਨ ਨਾਲ ਸਬੰਧਤ ਮਾਮਲਿਆਂ ‘ਚ ਹੁਣ ਤੱਕ 135 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਰਕਾਰ ਨੇ ਧਾਰਮਿਕ ਬੇਅਦਬੀ ਸਬੰਧੀ ਲੱਗੇ ਦੋਸ਼ਾਂ ਦੇ ਸਬੰਧ ਵਿਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਦੀ ਜੜਾਂਵਾਲਾ ਤਹਿਸੀਲ ‘ਚ ਭੀੜ ਨੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਮਕਾਨਾਂ ਤੇ ਗਿਰਜਾਘਰਾਂ ਨੂੰ ਅੱਗ ਲਗਾ ਦਿੱਤੀ ਸੀ। ਈਸਾਈ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਕੁਰਾਨ ਦੀ ਬੇਅਦਬੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਇਹ ਹਿੰਸਕ ਘਟਨਾਵਾਂ ਵਾਪਰੀਆਂ ਹਨ।
ਪੰਜਾਬ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਧਾਰਮਿਕ ਬੇਅਦਬੀ ਦੇ ਮਾਮਲੇ ‘ਚ ਈਸਾਈਆਂ ਦੇ ਮਕਾਨਾਂ ਤੇ ਗਿਰਜਾਘਰਾਂ ‘ਤੇ ਹਮਲੇ ਕਰਨ ਦੇ ਦੋਸ਼ ਹੇਠ ਕੱਟਪੜਪੰਥੀ ਸਮੂਹ ਤਹਿਰੀਕ-ਏ-ਲੱਬੈਕ ਪਾਕਿਸਤਾਨ ਦੇ ਕਾਰਕੁਨਾਂ ਸਮੇਤ 135 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੰਜਾਬ ਦੇ ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਬੰਧ ਵਿਚ ਹੁਣ ਤੱਕ 600 ਤੋਂ ਵੱਧ ਮਸ਼ਕੂਕਾਂ ਖਿਲਾਫ ਅਤਿਵਾਦ ਤੇ ਧਾਰਮਿਕ ਬੇਅਦਬੀ ਦੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਸ਼ਾਂਤੀ ਕਾਇਮ ਕਰ ਲਈ ਗਈ ਹੈ ਅਤੇ ਚਰਚਾਂ ਤੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਘਰਾਂ ਬਾਹਰ ਸੁਰੱਖਿਆ ਲਈ ਭਾਰੀ ਪੁਲਿਸ ਤੇ ਰੇਂਜਰਜ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਨਾਕਾਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਹਮਲਿਆਂ ‘ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਿੱਖਾਂ ਦੇ ਸਮਾਗਮ ‘ਚ ਚਾਕੂ ਨਾਲ ਹਮਲੇ ਕਾਰਨ ਦੋ ਜ਼ਖ਼ਮੀ
ਲੰਡਨ: ਬਰਤਾਨੀਆ ਦੇ ਪੱਛਮੀ ਲੰਡਨ ਵਿਚ ਸਿੱਖ ਭਾਈਚਾਰੇ ਦੇ ਸਮਾਗਮ ਦੌਰਾਨ ਦੋ ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ (25) ਨੂੰ ਇੱਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਖਿਲਾਫ ਗੰਭੀਰ ਦੋਸ਼ ਲਾਏ ਗਏ। ਉਸ ਵਿਰੁੱਧ ਕੁੱਲ ਸੱਤ ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮ ਨੂੰ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ 14 ਸਤੰਬਰ ਨੂੰ ਇੱਥੇ ਆਇਲਵਰਥ ਕਰਾਊਨ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਹ ਘਟਨਾ ਸਾਊਥਾਲ ‘ਚ ਭਾਰਤ ਦੇ ਸੁਤੰਤਰਤਾ ਦਿਵਸ ਉਤੇ ਭਾਈਚਾਰਕ ਸਮਾਗਮ ਦੌਰਾਨ ਵਾਪਰੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਜਨਤਕ ਹੋਈ ਹੈ, ਜਿਸ ‘ਚ ਕੁਝ ਖਾਲਿਸਤਾਨੀ ਸਮਰਥਕ ਲੜਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਅਧਿਕਾਰੀ ਮਸ਼ਕੂਕਾਂ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ।