ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਯੂਪੀ `ਚ ਰਚਣ ਦਾ ਖੁਲਾਸਾ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ਵਿਚ ਬੈਠ ਕੇ ਰਚਣ ਦੇ ਹੋਏ ਖੁਲਾਸੇ ਮਗਰੋਂ ਇਹ ਮਾਮਲਾ ਮੁੜ ਭਖ ਗਿਆ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਪਿੱਛੇ ਸਿਆਸਤਦਾਨਾਂ ਅਤੇ ਸੰਗੀਤ ਜਗਤ ਨਾਲ ਜੁੜੇ ਬੰਦਿਆਂ ਦਾ ਹੱਥ ਹੈ ਪਰ ਪੰਜਾਬ ਪੁਲਿਸ ਇਸ ਮਾਮਲੇ ਨੂੰ ਪਹਿਲੇ ਦਿਨ ਤੋਂ ਹੀ ਗੈਂਗਵਾਰ ਦਾ ਨਤੀਜਾ ਦੱਸ ਰਹੀ ਹੈ। ਹਾਲਾਂਕਿ ਇਹ ਮਾਮਲਾ ਗੈਂਗਸਟਰਾਂ ਨਾਲ ਨਹੀਂ ਜੁੜਿਆ, ਸਗੋਂ ਗੈਂਗਸਟਰਾਂ ਨੂੰ ਇਸ ਮਾਮਲੇ ‘ਚ ਵਰਤਿਆ ਗਿਆ ਹੈ।

ਉਨ੍ਹਾਂ ਲਾਰੈਂਸ ਬਿਸ਼ਨੋਈ ਦੇ ਯੂਪੀ ਵਿਚਲੇ ਮਦਦਗਾਰਾਂ ਦੀ ਪਛਾਣ ਜਨਤਕ ਕਰਨ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਛੋਟੀ ਉਮਰ ਵਿਚ ਹੀ ਸੰਗੀਤ ਤੇ ਰਾਜਨੀਤੀ ‘ਚ ਚੜ੍ਹਤ ਹੋਣ ਲੱਗੀ ਤਾਂ ਅੰਦਰ ਖਾਤੇ ਉਸ ਦੇ ਕਈ ਦੁਸ਼ਮਣ ਬਣਨ ਲੱਗੇ, ਜਿਨ੍ਹਾਂ ਨੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਉਸ ਦਾ ਕਤਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਹੀ ਦੱਸ ਸਕਦੇ ਹਨ ਕਿ ਉਸ ਨੂੰ ਮਾਰਨ ਪਿੱਛੇ ਕਿਹੜੇ-ਕਿਹੜੇ ਲੋਕਾਂ ਦਾ ਹੱਥ ਹੈ ਅਤੇ ਇਸੇ ਇਨਸਾਫ਼ ਲਈ ਹੀ ਉਹ ਲੜਾਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਅਨੁਸਾਰ ਇਸ ਕਤਲ ਲਈ ਯੂਪੀ ਦੇ ਅਯੁੱਧਿਆ ਵਿਚ ਇਕ ਆਗੂ ਦੇ ਫਾਰਮ ਵਿਚ ਗੈਂਗਸਟਰਾਂ ਨੂੰ ਟਰੇਨਿੰਗ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ੂਟਰਾਂ ਦੀਆਂ ਅਯੁੱਧਿਆ ਅਤੇ ਲਖਨਊ ਦੀਆਂ ਜਾਰੀ ਤਸਵੀਰਾਂ ਦੱਸਦੀਆਂ ਹਨ ਕਿ ਬਾਹਰਲੇ ਸੂਬੇ ਦੀ ਪੁਲਿਸ ਦੀ ਜਾਂਚ ਸਹੀ ਪਾਸੇ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੂੰ ਹਥਿਆਰ ਯੂਪੀ ਵਿਚ ਦਿੱਤੇ ਗਏ ਸਨ। ਇਨ੍ਹਾਂ ਹਥਿਆਰਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
‘ਸਿਟ` ਤੋਂ ਕੋਈ ਉਮੀਦ ਨਹੀਂ: ਬਲਕੌਰ ਸਿੰਘ
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਤਲ ਕੇਸ ਦੀ ਜਾਂਚ ਲਈ ਬਣਾਈ ਗਈ ‘ਸਿਟ` ਤੋਂ ਫਿਲਹਾਲ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ 447 ਦਿਨਾਂ ਵਿਚ ਮੂਸੇਵਾਲਾ ਕਤਲ ਕੇਸ ਦੀ ਜਾਂਚ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿਚ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਟ੍ਰੇਨਿੰਗ ਦੇਣ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਸ ਕਤਲ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਜਾਂਚ ਹੋਣ ਦੀ ਉਮੀਦ ਖ਼ਤਮ ਹੋ ਗਈ ਹੈ। ਉਹ ਪਿੰਡ ਮੂਸਾ ਵਿਖੇ ਪੰਜਾਬੀ ਗਾਇਕ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰ ਰਹੇ ਸਨ।