ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਚਰਚਿਤ ਕਹਾਣੀਕਾਰ ਹਰਪ੍ਰੀਤ ਸੇਖਾ (ਕੈਨੇਡਾ) ਦਾ ਪਲੇਠਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਕਰਨਵੀਰ

ਝਾਂਜਰ ਵਿਆਹ ਭਵਨ ਮੂਹਰੇ ਪਹੁੰਚ ਕੇ ਕਰਨਵੀਰ ਨੇ ਆਪਣੇ ਫੋਨ ਦੇ ਫੇਸਬੁੱਕ ਮੈਸੰਜਰ ਉੱਤੇ ਜੀਤੀ ਨੂੰ ਸੁਨੇਹਾ ਭੇਜਿਆ, “ਝਾਂਜਰ ਪੈਲੇਸ ਤਾਂ ਖਾਲੀ ਪਿਆ ਲਗਦਾ ਏ?”
“ਵੇਟ ਯਾਰ, ਐਨੀ ਕਾਹਲੀ ਨਾ ਮਚਾ।” ਝੱਟ ਜੀਤੀ ਦਾ ਸੁਨੇਹਾ ਆ ਗਿਆ।
ਕਰਨਵੀਰ ਹਾਲੇ ਸੋਚ ਹੀ ਰਿਹਾ ਸੀ ਕਿ ਅੱਗੋਂ ਕੀ ਲਿਖੇ, ਜੀਤੀ ਦਾ ਇਕ ਹੋਰ ਸੁਨੇਹਾ ਆ ਗਿਆ, “ਹਾਲੇ ਤਾਂ ਬੱਸ ’ਚ ਬੈਠੀ ਹਾਂ, ਦਸ ਮਿੰਟ ਹੋਰ ਲੱਗਣਗੇ।”
“ਮੈਂ ਗੇਟ ਮੂਹਰੇ ਵੇਟ ਕਰਾਂਗਾ।” ਲਿਖ ਕੇ ਕਰਨਵੀਰ ਭਵਨ ਦੇ ਅੰਦਰ ਚਲਾ ਗਿਆ। ਭਵਨ ਦੀ ਵਿਸ਼ਾਲ ਲਾਬੀ ਨੂੰ ਨਿਹਾਰਦਿਆਂ ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਕੁਝ ਪਲ ਉਹ ਉੱਪਰਲੀ ਮੰਜ਼ਲ ਵੱਲ ਜਾਂਦੀਆਂ ਵਲ਼ੇਵੇਂਦਾਰ ਪੌੜੀਆਂ ਵੱਲ ਦੇਖਦਾ ਰਿਹਾ, ਫਿਰ ਇਕ ਕੰਧ ਨਾਲ਼ ਲੱਗੇ ਸ਼ੀਸ਼ੇ ਮੂਹਰੇ ਜਾ ਖੜ੍ਹਿਆ। ਆਪਣੇ ਕੇਸਾਂ ਨੂੰ ਥਾਂ ਸਿਰ ਕਰਨ ਲੱਗਾ। ਇਸ ਤਰ੍ਹਾਂ ਕਰਦਿਆਂ ਉਸ ਨੂੰ ਰੁਪਿੰਦਰ ਭਾਬੀ ਦੇ ਬੋਲ ਯਾਦ ਆ ਗਏ। ਘਰੋਂ ਨਿਕਲ਼ਣ ਤੋਂ ਪਹਿਲਾਂ ਕਰਨਵੀਰ ਨੂੰ ਸ਼ੀਸ਼ੇ ਮੂਹਰੇ ਖੜ੍ਹਾ ਦੇਖ ਕੇ ਭਾਬੀ ਬੋਲੀ ਸੀ, “ਲੱਗਦੈ ਦੇਵਰ ਜੀ, ਮੇਰੀ ਦਰਾਣੀ ਲੱਭਣ ਚੱਲੇ ਨੇ ਕਿ ਪਹਿਲਾਂ ਹੀ ਲੱਭੀ ਹੋਈ ਐ?”
ਕਰਨਵੀਰ ਕਹਿਣਾ ਚਾਹੁੰਦਾ ਸੀ, ‘ਤੁਸੀਂ ਤਾਂ ਲੱਭ ਕੇ ਦਿੰਦੇ ਨਹੀਂ, ਆਪ ਹੀ ਲੱਭਣੀ ਸੀ’ ਪਰ ਉਸ ਨੇ ਇਹ ਕਿਹਾ ਨਹੀਂ ਸਗੋਂ ਕਿਹਾ, “ਕਰਲੋ ਮਖੌਲ। ਬਹਿਰੇ ਦਾ ਕੰਮ ਕਰਨ ਚੱਲਿਆ ਵਾਂ।”
“ਮਨ ਨੀ ਲੱਗਦੀ ਗੱਲ। ਐਨਾ ਸਜ ਸੰਵਰ ਕੇ?”
“ਮੈਂ ਸੋਹਣਾ ਈ ਐਨਾ ਵਾਂ ਕਿ ਥੋੜ੍ਹਾ ਜਿਹਾ ਤਿਆਰ ਹੋਣ ਨਾਲ਼ ਈ ਸਜਿਆ-ਫਬਿਆ ਲੱਗਣ ਲੱਗ ਜਾਨਾ ਵਾਂ।” ਆਖ ਕੇ ਕਰਨਵੀਰ ਆਪ ਹੀ ਹੱਸ ਪਿਆ।
“ਹਾਂ, ਇਹ ਗੱਲ ਤਾਂ ਮੰਨਣ ਵਾਲੀ ਐ।” ਆਖਦੀ ਭਾਬੀ ਵੀ ਹੱਸ ਪਈ।
ਭਵਨ ਦੇ ਸ਼ੀਸ਼ੇ ‘ਚ ਦੇਖਦਿਆਂ ਕਰਨਵੀਰ ਨੇ ਸੋਚਿਆ, ‘ਜੇ ਜੀਤੀ ਵੀ ਮੰਨ ਜਾਵੇ, ਫੇਰ ਬਣੇ ਗੱਲ!’
ਜੀਤੀ ਨੂੰ ਕਰਨਵੀਰ ਨੇ ਪਹਿਲੀ ਵਾਰ ਮਿਲਣਾ ਸੀ। ਉਸ ਨਾਲ਼ ਫੋਨ ਰਾਹੀਂ ਤਾਂ ਗੱਲ ਅਕਸਰ ਹੋ ਜਾਂਦੀ ਸੀ ਪਰ ਮਿਲਣ ਦਾ ਮੌਕਾ ਨਹੀਂ ਸੀ ਮਿਲਿਆ। ਜੀਤੀ ਜਾਂ ਤਾਂ ਕੰਮ ‘ਤੇ ਹੁੰਦੀ ਜਾਂ ਕਾਲਜ। ਪਿਛਲੇ ਹਫ਼ਤੇ ਜੀਤੀ ਨੇ ਆਪ ਹੀ ਪੁੱਛਿਆ ਸੀ, “ਤੂੰ ਵੀਕਐਂਡ ‘ਤੇ ਕੀ ਕਰਦਾ ਹੁੰਨੈ?”
“ਕੁਝ ਨਹੀਂ।”
“ਮੈਂ ਸੈਟਰਡੇਅ ਸ਼ਾਮ ਨੂੰ ਮੈਰਿਜ ਪੈਲੇਸ ‘ਚ ਕੰਮ ਕਰਦੀ ਆਂ। ਜੇ ਤੂੰ ਕੰਮ ਕਰਨੈ ਤਾਂ ਮੈਂ ਪੁੱਛ ਲਵਾਂਗੀ। ਨਾਲ਼ੇ ਮਿਲ ਲਵਾਂਗੇ।”
“ਰੱਖ ਲੈਣਗੇ? ਤੈਨੂੰ ਪਤਾ ਈ ਏ ਕਿ ਮੇਰੇ ਕੋਲ ਵਰਕ ਪਰਮਿਟ ਤਾਂ ਹੈ ਨਹੀਂ।”
“ਹਾਂ, ਮੈਂ ਵੀ ਓਥੇ ਕੈਸ਼ ‘ਤੇ ਹੀ ਕੰਮ ਕਰਦੀ ਆਂ। ਓਨ੍ਹਾਂ ਨੂੰ ਲੋੜ ਐ।”
“ਠੀਕ ਏ।”
“ਕਰ ਲਵੇਂਗਾ ਸਰਵਿੰਗ ਦਾ ਕੰਮ?”
“ਹਾਂ-ਹਾਂ। ਪਹਿਲਾਂ-ਪਹਿਲਾਂ ਸਪੇਨ ‘ਚ ਕਰਦਾ ਰਿਹਾ ਵਾਂ।”
ਕਰਨਵੀਰ ਨੂੰ ਕੰਮ ਨਾਲੋਂ ਜੀਤੀ ਨੂੰ ਮਿਲਣ ਦਾ ਵੱਧ ਚਾਅ ਸੀ। ਜਦੋਂ ਦਾ ਉਸ ਨੂੰ ਪਤਾ ਲੱਗਾ ਸੀ ਕਿ ਕੈਨੇਡਾ ਵਿਚ ਸਟੂਡੈਂਟ ਵੀਜ਼ੇ ‘ਤੇ ਆਈ ਕੁੜੀ ਨਾਲ਼ ਵਿਆਹ ਕਰਵਾ ਕੇ ਵੀ ਉਸ ਨੂੰ ਓਪਨ ਵਰਕ ਪਰਮਿਟ ਮਿਲ ਸਕਦਾ ਸੀ, ਉਸ ਨੇ ਫੇਸਬੁੱਕ ‘ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ‘ਫ੍ਰੈਂਡ ਰਿਕੁਐਸਟਾਂ’ ਭੇਜੀਆਂ ਸਨ। ਕਈਆਂ ਨੇ ਉਸ ਦੀ ‘ਰਿਕੁਐਸਟ’ ਪ੍ਰਵਾਨ ਕਰ ਲਈ ਸੀ ਪਰ ਸਿਰਫ ਜੀਤੀ ਹੀ ਸੀ ਜਿਸ ਨਾਲ਼ ਉਸ ਦੀ ਦੋਸਤੀ ਹੋਈ ਸੀ; ਤੇ ਉਸ ਦੋਸਤ ਨੂੰ ਮਿਲਣ ਦੀ ਬੇਸਬਰੀ ਕਾਰਨ ਹੀ ਉਹ ਝਾਂਜਰ ਭਵਨ ਦੀ ਲਾਬੀ ਵਿਚ ਖੜ੍ਹਾ ਸੀ।
‘ਕੀ ਜੀਤੀ ਨੂੰ ਪਛਾਣ ਲਵਾਂਗਾ?’ ਕਰਨਵੀਰ ਅੰਦਰ ਪ੍ਰਸ਼ਨ ਉੱਠਿਆ। ਉਸ ਨੇ ਆਪਣੇ ਫੋਨ ਦੇ ਫੇਸਬੁੱਕ ਐਪ ‘ਤੇ ਜੀਤੀ ਦੀ ‘ਪ੍ਰੋਫਾਈਲ ਫੋਟੋ’ ਵੱਲ ਮੁੜ ਦੇਖਿਆ। ਉਹ ਕੁਝ ਪਲ ਫੋਟੋ ਨੂੰ ਨਿਹਾਰਦਾ ਰਿਹਾ। ਇਸ ਫੋਟੋ ਨੂੰ ਉਸ ਨੇ ਪਤਾ ਨਹੀਂ ਕਿੰਨੇ ਵਾਰ ਪਹਿਲਾਂ ਵੀ ਦੇਖਿਆ ਸੀ। ਇਹ ਸ਼ਕਲ ਭਾਵੇਂ ਉਸ ਦੇ ਚੇਤਿਆਂ ਵਿਚ ਉੱਕਰ ਗਈ ਸੀ, ਫਿਰ ਵੀ ਵਾਰ-ਵਾਰ ਉਸ ਦੀ ਫੋਟੋ ਦੇਖਣਾ, ਜਿਵੇਂ ਉਸ ਲਈ ਕੋਈ ਨਸ਼ਾ ਹੋਵੇ। ਕਰਨਵੀਰ ਨੂੰ ਆਪਣੀ ਫੇਸਬੁੱਕ ਦੀ ਪ੍ਰੋਫਾਈਲ ਫੋਟੋ ਦਾ ਖਿਆਲ ਆ ਗਿਆ। ਉਹ ਪੰਜ ਸਾਲ ਪੁਰਾਣੀ ਸੀ।
‘ਕੀ ਜੀਤੀ ਮੈਨੂੰ ਪਛਾਣ ਲਵੇਗੀ?’ ਉਸ ਦੇ ਚਿੱਤ ‘ਚ ਆਈ। ‘ਦੇਖਦੇ ਵਾਂ ਪਛਾਣਦੀ ਏ ਕਿ ਨਹੀਂ?’ ਇਹ ਸੋਚ ਕੇ ਕਰਨਵੀਰ ਲਾਬੀ ਵਿਚ ਹੀ ਖੜ੍ਹਾ ਰਿਹਾ, ਦਰਵਾਜ਼ੇ ਮੂਹਰੇ ਨਹੀਂ ਗਿਆ ਜਿੱਥੇ ਉਸ ਨੇ ਮਿਲਣ ਦਾ ਵਾਅਦਾ ਕੀਤਾ ਸੀ। ਉਹ ਸ਼ੀਸ਼ੇ ਦੇ ਦਰਵਾਜ਼ੇ ਰਾਹੀਂ ਬਾਹਰ ਵੱਲ ਦੇਖਦਾ ਰਿਹਾ। ਅੰਦਰੋਂ ਦੇਖਿਆਂ, ਬਾਹਰ ਸਭ ਕੁਝ ਦਿਸਦਾ ਸੀ ਪਰ ਬਾਹਰੋਂ ਅੰਦਰ ਕੁਝ ਨਹੀਂ ਸੀ ਦਿਸਦਾ। ਕਰਨਵੀਰ ਨੂੰ ਦੋ ਕੁੜੀਆਂ ਭਵਨ ਵੱਲ ਆਉਂਦੀਆਂ ਦਿਸੀਆਂ। ਉਸ ਨੇ ਜੀਤੀ ਨੂੰ ਝੱਟ ਪਛਾਣ ਲਿਆ। ਪ੍ਰੋਫਾਈਲ ਫੋਟੋ ’ਤੇ ਉਸ ਦਾ ਚਿਹਰਾ ਹੀ ਦਿਸਦਾ ਸੀ, ਉਸ ਦੇ ਕੱਦ-ਕਾਠ ਬਾਰੇ ਨਹੀਂ ਸੀ ਪਤਾ ਲਗਦਾ। ਕਰਨਵੀਰ ਨੂੰ ਇਹ ਆਪਣੇ ਚਿਤਵੇ ਹੋਏ ਵਰਗਾ ਹੀ ਲੱਗਾ। ਪੰਜ ਫੁੱਟ ਛੇ ਇੰਚ ਦੇ ਕਰੀਬ ਕੱਦ, ਦਰਮਿਆਨੀ ਕਾਠੀ ਜਿਹੜੀ ਪਹਿਨੇ ਹੋਏ ਕੋਟ ਕਾਰਨ ਦਰਮਿਆਨੇ ਤੋਂ ਵੱਧ ਲਗਦੀ ਸੀ। ਕਰਨਵੀਰ ਆਪਣੇ ਫੋਨ ਵਿਚ ਰੁੱਝੇ ਹੋਣ ਦਾ ਨਾਟਕ ਕਰਨ ਲੱਗਾ। ਉਸ ਨੇ ਕਨੱਖੀਆਂ ਰਾਹੀਂ ਦੇਖਿਆ ਕਿ ਜੀਤੀ ਦਰਵਾਜ਼ੇ ਮੂਹਰੇ ਖੜ੍ਹੀ ਏਧਰ-ਓਧਰ ਦੇਖ ਰਹੀ ਸੀ। ਫਿਰ ਉਹ ਆਪਣੇ ਫੋਨ ’ਤੇ ਉਂਗਲਾਂ ਚਲਾਉਣ ਲੱਗੀ। ਕਰਨਵੀਰ ਨੂੰ ਉਸ ਦਾ ਸੁਨੇਹਾ ਮਿਲ ਗਿਆ। ਉਸ ਨੇ ਲਿਖਿਆ ਸੀ, “ਕਿੱਥੇ ਐਂ ਯਾਰ?”
“ਤੁਹਾਡੀ ਉਡੀਕ ‘ਚ ਖੜ੍ਹੇ ਹਾਂ।” ਕਰਨਵੀਰ ਨੇ ਜਵਾਬ ਲਿਖ ਦਿੱਤਾ ਤੇ ਫਿਰ ਕਨੱਖੀਆਂ ਰਾਹੀਂ ਦੇਖਿਆ। ਜੀਤੀ ਫਿਰ ਏਧਰ-ਓਧਰ ਦੇਖਣ ਲੱਗੀ ਸੀ। ਫਿਰ ਉਸ ਨੇ ਦਰਵਾਜ਼ਾ ਖੋਲਿ੍ਹਆ। ਕਰਨਵੀਰ ਨੇ ਛੇਤੀ ਨਾਲ਼ ਧੌਣ ਫੋਨ ਦੀ ਸਕਰੀਨ ‘ਤੇ ਹੋਰ ਵੀ ਝੁਕਾ ਲਈ। ਅੰਦਰ ਆ ਕੇ ਜੀਤੀ ਨੇ ਕੁਝ ਪਲ ਕਰਨਵੀਰ ਵੱਲ ਦੇਖਿਆ, ਫਿਰ ਉਸ ਵੱਲ ਤੁਰ ਪਈ। ਕਰਨਵੀਰ ਘੁੱਟ-ਵੱਟ ਕੇ ਆਪਣਾ ਹਾਸਾ ਰੋਕਦਾ ਰਿਹਾ ਪਰ ਜੀਤੀ ਦੇ ਨੇੜੇ ਆਉਣ ਤਕ ਉਸ ਤੋਂ ਹੋਰ ਨਾਟਕ ਨਾ ਹੋਇਆ। ਉਸ ਨੇ ਆਪਣਾ ਚਿਹਰਾ ਉਤਾਂਹ ਕੀਤਾ ਤੇ ਹੱਸ ਪਿਆ।
ਜੀਤੀ ਨੇ ਉਸ ਵੱਲ ਮੁੱਕੀ ਵੱਟੀ ਤੇ ਬੋਲੀ, “ਤੈਨੂੰ ਲਗਦਾ ਸੀ ਕਿ ਮੈਨੂੰ ਸਿਆਣ ਨਹੀਂ ਆਉਣੀ?” ਉਹ ਅੱਖਾਂ ਗੱਡ ਕੇ ਕਰਨਵੀਰ ਵੱਲ ਦੇਖਦੀ ਰਹੀ। ਕਰਨਵੀਰ ਦਾ ਜੀਅ ਕੀਤਾ ਕਿ ਪੁੱਛੇ, ‘ਕਿਉਂ ਪਾਸ ਹਾਂ?’ ਪਰ ਉਹ ਜਕ ਗਿਆ। ਜੀਤੀ ਦੀਆਂ ਅੱਖਾਂ ਦੀ ਚਮਕ ਤੇ ਬੁੱਲ੍ਹਾਂ ਦੀ ਮੁਸਕਾਨ ਦੇਖ ਕੇ ਉਸ ਨੂੰ ਝਾਂਜਰ ਭਵਨ ਮਹਿਕ ਪਿਆ ਲੱਗਾ। ਉਹ ਜੀਤੀ ਦੇ ਨਾਲ਼ ਭਵਨ ਦੀ ਰਸੋਈ ਵੱਲ ਚੱਲ ਪਿਆ।
ਜੀਤੀ ਉਸ ਨੂੰ ਰਸੋਈ ਦੇ ਇਕ ਕੋਨੇ ‘ਤੇ ਬਣੀ ਅਲਮਾਰੀ ਕੋਲ ਲੈ ਗਈ ਤੇ ਆਪਣਾ ਕੋਟ ਟੰਗਦਿਆਂ ਬੋਲੀ, “ਦੋ ਵੱਜ ਗਏ ਆ। ਆ ਜਾ, ਛੇਤੀ ਕਰ ਤੈਨੂੰ ਸੁਪਰਵਾਈਜ਼ਰ ਨਾਲ਼ ਮਿਲਾਵਾਂ। ਉਹ ਟਾਈਮ ਦੀ ਬਹੁਤ ਸਟਰੈਕਟ ਐ।” ਕਰਨਵੀਰ ਨੇ ਜੀਤੀ ਵੱਲ ਦੇਖਿਆ। ਕੋਟ ਲਾਹੁਣ ਤੋਂ ਬਾਅਦ ਹਲਕੇ ਹਰੇ ਰੰਗ ਦੀ ਟੀ-ਸ਼ਰਟ ਵਿਚ ਉਹ ਉਸ ਨੂੰ ਹੋਰ ਵੀ ਸੋਹਣੀ ਲੱਗੀ। ਉਸ ਦਾ ਜੀਅ ਕੀਤਾ ਕਿ ਕਹੇ, ‘ਗੋਲੀ ਮਾਰ ਕੰਮ ਨੂੰ, ਚੱਲ ਕਿਤੇ ਬੈਠ ਕੇ ਇਕ-ਦੂਜੇ ਵੱਲ ਦੇਖਦੇ ਰਹੀਏ’ ਪਰ ਉਸ ਨੇ ਇਹ ਕਿਹਾ ਨਹੀਂ। ਆਪਣੀ ਜੈਕਟ ਲਾਹ ਕੇ ਉਸ ਨੇ ਜੀਤੀ ਦੇ ਕੋਟ ਨਾਲ਼ ਟੰਗ ਦਿੱਤੀ ਅਤੇ ਦੋਨਾਂ ਨੂੰ ਆਪਸ ਵਿਚ ਖਹਿੰਦਿਆਂ ਦੇਖ ਉਸ ਦੇ ਚਿਹਰੇ ‘ਤੇ ਮੁਸਕਾਨ ਆ ਗਈ। ਜੀਤੀ ਨੇ ਉਸ ਵੱਲ ਦੇਖਿਆ ਤੇ ਪੁੱਛਿਆ, “ਕੀ ਲੱਭ ਗਿਆ ਜਿਹੜਾ ਐਨਾ ਖੁਸ਼ ਐਂ?” ਕਰਨਵੀਰ ਤੋਂ “ਤੂੰ” ਆਖ ਨਹੀਂ ਹੋਇਆ। ਇਸ ਦੀ ਥਾਂ ਉਸ ਨੇ ਕਿਹਾ, “ਚੱਲ, ਸੁਪਰਵਾਈਜ਼ਰ ਨੂੰ ਮਿਲੀਏ।”
ਕਰਨਵੀਰ ਨੂੰ ਜੀਤੀ ਆਪਣੀ ਸੁਪਰਵਾਈਜ਼ਰ ਦਿਲਰੀਤ ਕੋਲ ਲੈ ਗਈ। ਉਸ ਕੋਲ ਦੋ ਕੁੜੀਆਂ ਤੇ ਇਕ ਮੁੰਡਾ ਹੋਰ ਖੜ੍ਹੇ ਸਨ। ਕਰਨਵੀਰ ਨੂੰ ਉਹ ਵੀ ਜੀਤੀ ਦੇ ਹਾਣ ਦੇ ਹੀ ਉਨੀ-ਵੀਹ ਸਾਲਾਂ ਦੇ ਲੱਗੇ। ਦਿਲਰੀਤ ਉਸ ਨੂੰ ਪੱਚੀ ਕੁ ਸਾਲਾਂ ਦੀ, ਆਪਣੀ ਹਾਨਣ ਲੱਗੀ। ਜੀਤੀ ਦੀ ਸਾਥਣ ਵੀ ਉਨ੍ਹਾਂ ਵਿਚ ਆਣ ਖੜ੍ਹੀ ਜਿਹੜੀ ਭਵਨ ਵਿਚ ਵੜਦਿਆਂ ਹੀ ਵਾਸ਼ਰੂਮਾਂ ਵੱਲ ਚਲੀ ਗਈ ਸੀ। ਦਿਲਰੀਤ ਦੱਸ ਰਹੀ ਸੀ, “ਆਪਾਂ ਇਕ ਸੌ ਪੱਚੀ ਟੇਬਲ ਲਾਉਣੇ ਆਂ। ਅੱਠ-ਅੱਠ ਕੁਰਸੀਆਂ ਇਕ ਟੇਬਲ ਦੁਆਲੇ। ਫੇਰ ਉੱਪਰ ਟੇਬਲ ਕਲਾਥ ਵਿਛਾਉਣੇ ਆਂ। ਫੇਰ ਟੇਬਲਾਂ ਦੀ ਡੈਕੋਰੇਸ਼ਨ ਕਰਨੀ ਐ। ਛੇ ਵਜੇ ਤੋਂ ਪਹਿਲਾਂ-ਪਹਿਲਾਂ ਆਪਾਂ ਇਹ ਸਾਰਾ ਡੰਨ ਕਰਨੈ। ਓ ਕੇ। ਨਾਓ ਲੈਟਸ ਮੂਵ ਔਨ ਗਾਏਜ਼।” ਜਦ ਉਹ ਬੋਲ ਹਟੀ, ਜੀਤੀ ਨੇ ਉਸ ਦੀ ਕਰਨਵੀਰ ਨਾਲ਼ ਜਾਣ-ਪਛਾਣ ਕਰਾਉਂਦਿਆਂ ਕਿਹਾ, “ਇਹ ਮੇਰਾ ਫ੍ਰੈਂਡ, ਕਰਨਵੀਰ ਆ ਜਿਸ ਲਈ ਮੈਂ ਕੰਮ ਬਾਰੇ ਤੁਹਾਡੇ ਤੋਂ ਪੁੱਛਿਆ ਸੀ।”
ਦਿਲਰੀਤ ਨੇ ਕਰਨਵੀਰ ਵੱਲ ਦੇਖਿਆ। ਉਹ ਮੁਸਕਰਾ ਪਿਆ। ਦਿਲਰੀਤ ਕੁਝ ਪਲ ਉਸ ਦੇ ਚਿਹਰੇ ਵੱਲ ਦੇਖਦੀ ਰਹੀ। ਸ਼ਾਇਦ ਉਸ ਨੂੰ ਕਰਨਵੀਰ ਦੀ ਮੁਸਕਰਾਹਟ ਭਾਅ ਗਈ ਸੀ। ਉਸ ਨੇ ਸੰਭਲ ਕੇ ਪੁੱਛਿਆ, “ਪਹਿਲਾਂ ਕੰਮ ਕੀਤੈ ਕਿਸੇ ਬੈਂਕੁਇਟ ਹਾਲ ‘ਚ?”
“ਰੈਸਟੋਰੈਂਟ ‘ਚ ਕੀਤਾ ਏ।”
“ਠੀਕ ਐ।” ਫਿਰ ਉਹ ਜੀਤੀ ਵੱਲ ਦੇਖਦੀ ਬੋਲੀ, “ਜੀਤੀ, ਆਰ ਯੂ ਗੋਨਾ ਟੇਕ ਯੁਅਰ ਫ੍ਰੈਂਡ ਅੰਡਰ ਯੂਅਰ ਵਿੰਗਜ਼? ਔਰ ਯੂ ਵਾਂਟ ਮੀ ਟੂ? – ਜੀਤੀ, ਤੂੰ ਆਪਣੇ ਦੋਸਤ ਦੀ ਨਿਗਰਾਨੀ ਰੱਖੇਂਗੀ, ਜਾਂ ਮੈਂ ਰੱਖਾਂ?”
“ਸ਼ਿਓਰ, ਆਈ ਵੈੱਲ ਟੇਕ ਕੇਅਰ।” ਜੀਤੀ ਨੇ ਜਵਾਬ ਦਿੱਤਾ। ਕਰਨਵੀਰ ਖਿੜ ਗਿਆ। ਗੋਲ ਮੇਜ਼ ਰੋੜ੍ਹ ਕੇ ਹਾਲ ਵਿਚ ਥਾਂ ਪੁਰ ਥਾਂ ਲਾਉਂਦਿਆਂ ਕਰਨਵੀਰ ਜਿਵੇਂ ਉੱਡ ਰਿਹਾ ਹੋਵੇ। ਜੀਤੀ ਦੇ ਨਾਲ਼-ਨਾਲ਼ ਕੰਮ ਕਰਵਾਉਂਦਿਆਂ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਪੌਣੇ ਛੇ ਵੱਜ ਗਏ ਸਨ। ਸਮੇਂ ਦਾ ਤਾਂ ਉਸ ਨੂੰ ਉਦੋਂ ਪਤਾ ਲੱਗਾ ਜਦੋਂ ਦਿਲਰੀਤ ਨੇ ਤਾੜੀ ਮਾਰ ਕੇ ਕਿਹਾ ਸੀ, “ਵੈੱਲ ਡੰਨ, ਗਾਏਜ਼। ਹੁਣ ਬ੍ਰੇਕ ਲੈ ਲਵੋ।” ਉਨ੍ਹਾਂ ਨੇ ਕੰਮ ਨਬੇੜ ਦਿੱਤਾ ਸੀ। ਉਹ ਰਸੋਈ ਵਿਚ ਜਾ ਕੇ ਪਕੌੜਿਆਂ ਨਾਲ਼ ਚਾਹ ਪੀਣ ਲੱਗੇ। ਇਹ ਹਲਵਾਈ ਨੇ ਉਨ੍ਹਾਂ ਲਈ ਹੀ ਤਾਜ਼ੇ ਗਰਮ ਕੀਤੇ ਸਨ। ਉਨ੍ਹਾਂ ਦੇ ਚਾਹ ਪੀਂਦਿਆਂ ਹੀ ਇਕ-ਇਕ, ਦੋ-ਦੋ ਕਰ ਕੇ ਦਸ-ਗਿਆਰਾਂ ਮੁੰਡੇ-ਕੁੜੀਆਂ ਹੋਰ ਆ ਗਏ ਸਨ। ਕਰਨਵੀਰ ਨੇ ਉਨ੍ਹਾਂ ਵੱਲ ਸੈਨਤ ਕਰਦਿਆਂ ਪੁੱਛਿਆ, “ਇਹ ਜਿਹੜੇ ਹੁਣ ਆਏ ਨੇ, ਇਹ?”
“ਇਹ ਛੇ ਤੋਂ ਬਾਰਾਂ ਤਕ ਕੰਮ ਕਰਨਗੇ। ਇਹ ਸਾਰੇ ਏਨ੍ਹਾਂ ਦੇ ਰੈਗੂਲਰ ਘੰਟਿਆਂ ‘ਤੇ ਕੰਮ ਕਰਦੇ ਆ। ਹਾਲ ਵਾਲਿਆਂ ਦੇ ਝਾਂਜਰ ਰੈਸਟੋਰੈਂਟ ਵਿਚ ਕੰਮ ਕਰਦੇ ਆ। ਆਪਾਂ ਹੀ ਛੇ ਜਾਣੇ ਦਿਹਾੜੀ ‘ਤੇ ਹਾਂ।” ਜੀਤੀ ਨੇ ਦੱਸਿਆ।
“ਦਿਹਾੜੀਏ ਆਖ।” ਆਖ ਕੇ ਕਰਨਵੀਰ ਹੱਸਿਆ।
“ਤੇਰਾ ਹਾਸਾ ਦੇਖਦੀ ਆਂ ਚਾਹ ਤੋਂ ਬਾਅਦ ਕਿੱਧਰ ਜਾਂਦੈ!”
“ਕਿਉਂ, ਚਾਹ ਤੋਂ ਬਾਅਦ ਕੀ ਏ?”
“ਤੈਨੂੰ ਆਪ ਹੀ ਪਤਾ ਲੱਗ ਜਾਣੈ। ਔਖੀ ਜੌਬ ਤਾਂ ਹੁਣ ਸ਼ੁਰੂ ਹੋਣੀ ਐ।” ਆਖਦੀ ਜੀਤੀ ਉੱਠ ਖਲੋਤੀ। ਕਰਨਵੀਰ ਵੀ ਖੜ੍ਹਾ ਹੋ ਗਿਆ। ਜੀਤੀ ਬੋਲੀ, “ਮੈਂ ਕੱਪੜੇ ਬਦਲ ਆਵਾਂ।” ਕਰਨਵੀਰ ਨੇ ਆਪਣੇ ਕੱਪੜਿਆਂ ਵੱਲ ਨਜ਼ਰ ਮਾਰੀ। ਉਸ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਜੀਤੀ ਨੇ ਕਿਹਾ, “ਤੂੰ ਤਾਂ ਪਹਿਲਾਂ ਹੀ ਯੂਨੀਫੌਰਮ ਪਾ ਕੇ ਆਇਐਂ।” ਇਹ ਆਖ ਕੇ ਜੀਤੀ ਤੁਰ ਪਈ। ਜਦੋਂ ਉਹ ਵਾਪਸ ਆਈ, ਉਸ ਦੇ ਵੀ ਕਰਨਵੀਰ ਵਰਗੀ ਹੀ ਕਾਲੇ ਰੰਗ ਦੀ ਪੈਂਟ ਤੇ ਚਿੱਟੀ ਕਮੀਜ਼ ਪਾਈ ਹੋਈ ਸੀ। ਕਰਨਵੀਰ ਨੇ ਬਾਕੀ ਵਰਤਾਵਿਆਂ ਵੱਲ ਨਜ਼ਰ ਮਾਰੀ। ਸਾਰਿਆਂ ਨੇ ਹੀ ਇਨ੍ਹਾਂ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਕਰਨਵੀਰ ਨੇ ਢੁਕਵੇਂ ਰੰਗ ਦੇ ਕੱਪੜੇ ਪਹਿਨਣ ਲਈ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ।
ਹਾਲ ਵਿਚ ਮਹਿਮਾਨ ਆਉਣੇ ਸ਼ੁਰੂ ਹੋ ਗਏ। ਕਰਨਵੀਰ ਮੇਜ਼ਾਂ ‘ਤੇ ਪਕੌੜੇ ਵਰਤਾਉਣ ਲੱਗਾ। ਹਾਲੇ ਉਹ ਦੂਜੇ ਗੇੜੇ ਹੀ ਪਕੌੜੇ ਲੈ ਕੇ ਆਇਆ ਸੀ ਕਿ ਮੇਜ਼ ’ਤੇ ਪਲੇਟ ਰੱਖਦੇ ਨੂੰ ਇਕ ਔਰਤ ਨੇ ਪੁੱਛਿਆ, “ਪੁੱਤ, ਇੰਡੀਆ ਤੋਂ ਸਟੂਡੈਂਟ ਆਇਐਂ?”
ਕਰਨਵੀਰ ਨੂੰ ਆਪਣੀ ਸ਼ੇਵ ਕੀਤੀ ਦਾੜ੍ਹੀ ਦਾ ਮੁੱਲ ਪੈ ਗਿਆ ਲੱਗਾ। ਪਹਿਲਾਂ ਉਹ ਦਾੜ੍ਹੀ ਕਤਰਦਾ ਸੀ। ਉਸ ਨੇ ਜਵਾਬ ਦਿੱਤਾ, “ਹਾਂ ਜੀ।” ਉਸ ਨੇ ਹਾਲੇ ਉੱਥੋਂ ਪਿੱਠ ਕੀਤੀ ਹੀ ਸੀ ਕਿ ਉਸ ਦੇ ਕੰਨੀਂ ਉਸੇ ਔਰਤ ਦੀ ਆਵਾਜ਼ ਪਈ, ਉਹ ਨਾਲ਼ ਬੈਠੇ ਨੂੰ ਆਖ ਰਹੀ ਸੀ, “ਏਨ੍ਹੇ ਇੰਡੀਆ ‘ਚ ਆਪਣੇ ਹੱਥੀਂ ਗਿਲਾਸ ਚੁੱਕ ਕੇ ਪਾਣੀ ਨੀ ਪੀਤਾ ਹੋਣਾ ਤੇ ਐਥੇ ਦੇਖ ਲਾ, ਜਿਹੋ-ਜਿਹਾ ਮਰਜ਼ੀ ਕੰਮ ਹੋਵੇ।” ਕਰਨਵੀਰ ਦੇ ਦਿਮਾਗ਼ ਵਿਚ ਝੱਟ ਜੀਤੀ ਦੇ ਬੋਲ ਆ ਗਏ ਕਿ ਔਖੀ ਜੌਬ ਤਾਂ ਹੁਣ ਸ਼ੁਰੂ ਹੋਣੀ ਆ। ਵਾਪਸ ਮੁੜਦੇ ਨੂੰ ਮਿਲੀ ਜੀਤੀ ਨੂੰ ਉਸ ਕਿਹਾ, “ਲੱਗ ਗਿਆ ਏ ਪਤਾ।”
“ਕੀ?”
“ਜਿਹੜਾ ਤੂੰ ਕਹਿੰਦੀ ਸੀ ਕਿ ਆਪੇ ਪਤਾ ਲੱਗ ਜਾਏਗਾ।”
“ਕਿਉਂ ਕਿਸੇ ਨੇ ਪਿਛਲਾ ਪਿੰਡ ਪੁੱਛ ਲਿਆ?”
“ਨਹੀਂ ਪੁੱਛਿਆ ਤਾਂ ਨਹੀਂ ਪਰ ਲਗਦਾ ਏ ਕਿ ਪੁੱਛੇਗਾ ਜ਼ਰੂਰ ਕੋਈ।”
“ਬਸ ਆਪਣਿਆਂ ਦੀ ਪਾਰਟੀ ‘ਚ ਇਹੀ ਡਰ ਰਹਿੰਦੈ ਕਿ ਕੋਈ ਜਾਣ-ਪਛਾਣ ਵਾਲ਼ਾ ਨਾ ਮਿਲ ਜਾਵੇ। ਜਦੋਂ ਕਿਸੇ ਹੋਰ ਕਮਿਊਨਿਟੀ ਦੀ ਪਾਰਟੀ ਹੁੰਦੀ ਐ, ਉਦੋਂ ਬਿਨਾਂ ਝਿਜਕ ਕੰਮ ਕਰਦੇ ਰਹੀਦੈ।” ਆਖਦੀ ਹੋਈ ਜੀਤੀ ਚਾਹ ਵਰਤਾਉਣ ਚਲੀ ਗਈ; ਤੇ ਫਿਰ ਅਗਲੇ ਗੇੜੇ ਆਏ ਕਰਨਵੀਰ ਨੂੰ ਕਹਿੰਦੀ, “ਕਰਨ ਯਾਰ, ਤੂੰ ਐਧਰਲੇ ਟੇਬਲ ਕਵਰ ਕਰ। ਮੈਂ ਤੇਰੇ ਆਲੇ ਪਾਸੇ ਕਵਰ ਕਰਦੀ ਆਂ।”
“ਠੀਕ ਏ। ਜਿਵੇਂ ਕਹੇਂ।”
“ਆਪਣੇ ਬੰਦਿਆਂ ਨੂੰ ਪਤਾ ਨਹੀਂ ਕੀ ਮਿਲਦੈ, ਅਗਲੇ ਨੂੰ ਹੇਠ ਤੋਂ ਉੱਤੇ ਤਕ ਸਕੈਨ ਕਰ ਛੱਡਣਗੇ।” ਜੀਤੀ ਨੇ ਨੀਵੀਂ ਆਵਾਜ਼ ’ਚ ਕਿਹਾ। ਕਰਨਵੀਰ ਨੇ ਉਸ ਪਾਸੇ ਦੇਖਿਆ ਜਿੱਧਰੋਂ ਜੀਤੀ ਆਈ ਸੀ।
“ਔਧਰ ਬਾਰ ਤੋਂ ਸੱਜੇ ਪਾਸੇ ਵਾਲੇ ਟੇਬਲ ‘ਤੇ ਬੈਠਾ ਇਕ ਸਟੂਪਿਡ ਜਿਹਾ। ਟਿਕਟਿਕੀ ਲਾ ਕੇ ਦੇਖੀ ਜਾਂਦੈ। ਮੈਨੂੰ ਬੜਾ ਔਖਾ ਲਗਦੈ ਇਸ ਤਰ੍ਹਾਂ ਪਰ ਤੂੰ ਵੀ ਇਸ ਤਰ੍ਹਾਂ ਡਾਇਰੈਕਟ ਨਾ ਵੇਖ ਓਦਰ।” ਜੀਤੀ ਨੇ ਕਿਹਾ।
“ਲੈ ਤੂੰ ਆਹ ਪਕੌੜੇ ਲੈ ਜਾ ਕੰਧ ਨਾਲ਼ ਲੱਗਵੇਂ ਤੇਰਾਂ ਨੰਬਰ ਟੇਬਲ ‘ਤੇ। ਮੈਂ ਤੇਰੇ ਵਾਲੇ ਟੇਬਲ ਕਵਰ ਕਰਦਾ ਵਾਂ।” ਆਖਦੇ ਕਰਨਵੀਰ ਨੇ ਜੀਤੀ ਤੋਂ ਚਾਹ ਵਾਲ਼ਾ ਜੱਗ ਫੜ ਲਿਆ ਅਤੇ ਪਕੌੜਿਆਂ ਵਾਲੀ ਟਰਾਲੀ ਜੀਤੀ ਹਵਾਲੇ ਕਰ ਦਿੱਤੀ। ਜੀਤੀ ਦੇ ਦੱਸੇ ਮੇਜ਼ਾਂ ’ਤੇ ਚਾਹ ਵਰਤਾਉਂਦੇ ਕਰਨਵੀਰ ਨੂੰ ਕਿਸੇ ਮਹਿਮਾਨ ਨੇ ਕਿਹਾ, “ਬੱਚੇ, ਰਜਿੰਦਰ ਇੱਥੇ ਹੀ ਹੁੰਦੈ ਕਿ ਰੈਸਟੋਰੈਂਟ ‘ਚ?”
“ਕੌਣ ਰਜਿੰਦਰ ਜੀ?”
“ਇਸ ਹਾਲ ਦੇ ਮਾਲਕ ਦਾ ਨਾਂ ਰਜਿੰਦਰ ਈ ਐ ਨਾ?” ਮਹਿਮਾਨ ਨੇ ਪੁੱਛਿਆ।
“ਪਤਾ ਨਹੀਂ ਜੀ, ਮੇਰਾ ਅੱਜ ਪਹਿਲਾ ਦਿਨ ਏ। ਜੇ ਕੋਈ ਕੰਮ ਏ ਤਾਂ ਮੈਂ ਅੰਦਰੋਂ ਪੁੱਛ ਆਉਨਾ ਕਿਸੇ ਨੂੰ?”
“ਪਲੀਜ਼, ਜੇ ਮੇਰਾ ਸੁਨੇਹਾ ਉਸ ਤਕ ਪਹੁੰਚਾ ਦਿਓਂ। ਆਖਿਓ, ਵੈਨਕੂਵਰ ਵਾਲ਼ਾ ਸੇਖੋਂ ਯਾਦ ਕਰਦੈ।”
“ਠੀਕ ਏ ਜੀ।” ਆਖ ਕੇ ਕਰਨਵੀਰ ਰਸੋਈ ਵੱਲ ਚਲ ਪਿਆ। ਰਾਹ ਵਿਚ ਮਿਲੀ ਦਿਲਰੀਤ ਨੇ ਉਸ ਨੂੰ ਰਜਿੰਦਰ ਦੇ ਦਫ਼ਤਰ ਦਾ ਰਾਹ ਸਮਝਾ ਦਿੱਤਾ ਜਿਹੜਾ ਰਸੋਈ ਦੇ ਨਾਲ਼ ਲੱਗਵਾਂ ਹੀ ਸੀ।
“ਵੈਨਕੂਵਰ ਵਾਲ਼ਾ ਸੇਖੋਂ” ਸੁਣ ਕੇ ਰਜਿੰਦਰ ਉਦੋਂ ਹੀ ਉੱਠ ਪਿਆ ਅਤੇ ਕਰਨਵੀਰ ਦੇ ਨਾਲ਼ ਹੀ ਹਾਲ ਵਿਚ ਆ ਗਿਆ। ਸੇਖੋਂ ਉਨ੍ਹਾਂ ਨੂੰ ਆਪਣੇ ਵੱਲ ਆਉਂਦੇ ਦੇਖ ਕੁਰਸੀ ਤੋਂ ਉੱਠ ਖਲੋਤਾ ਤੇ ਉਨ੍ਹਾਂ ਦੇ ਨੇੜੇ ਆਉਣ ‘ਤੇ ਬੋਲਿਆ, “ਮੈਨੂੰ ਪਤਾ ਸੀ ਕਿ ਮੇਰਾ ਨਾਂ ਸੁਣ ਕੇ ਭੱਜਿਆ ਆਏਂਗਾ।” ਸੇਖੋਂ ਤੇ ਰਜਿੰਦਰ ਨੂੰ ਬਗਲਗੀਰ ਹੁੰਦੇ ਦੇਖ ਕੇ ਕਰਨਵੀਰ ਨੂੰ ਇਕ ਪਲ ਸਮਝ ਨਾ ਲੱਗੀ ਕਿ ਉਹ ਆਪਣੇ ਕੰਮ ਜਾ ਲੱਗੇ ਜਾਂ ਰਜਿੰਦਰ ਦੇ ਹੁਕਮ ਤਕ ਖੜ੍ਹਾ ਰਹੇ। ਫਿਰ ਉਸ ਨੇ ਸੋਚਿਆ ਕਿ ਸੇਖੋਂ ਖ਼ਾਸ ਬੰਦਾ ਹੀ ਹੋਵੇਗਾ ਜਿਹੜਾ ਰਜਿੰਦਰ ਉਦੋਂ ਹੀ ਉੱਠ ਕੇ ਆ ਗਿਆ ਸੀ। ਇਹ ਸੋਚ ਕੇ ਉਹ ਰਸੋਈ ਵਿਚ ਚਲਾ ਗਿਆ ਅਤੇ ਗੋਭੀ ਤੇ ਪਨੀਰ ਦੇ ਪਕੌੜਿਆਂ ਦੀਆਂ ਦੋ ਪਲੇਟਾਂ ਚੁੱਕ ਕੇ ਉਹ ਸੇਖੋਂ ਵਾਲੇ ਮੇਜ਼ ’ਤੇ ਲੈ ਆਇਆ। ਰਜਿੰਦਰ ਨੇ ਕਰਨਵੀਰ ਵੱਲ ਪ੍ਰਸ਼ੰਸਾਮਈ ਨਜ਼ਰਾਂ ਨਾਲ਼ ਦੇਖਿਆ ਜਿਸ ਨੂੰ ਕਰਨਵੀਰ ਨੇ ਭਾਂਪ ਲਿਆ। ਰਜਿੰਦਰ ਬੋਲਿਆ, “ਛੋਟੇ, ਤੂੰ ਸਾਡੇ ਨਾਲ਼ ਆ। ਇਹ ਟੇਬਲ ਕੋਈ ਹੋਰ ਕਵਰ ਕਰ ਲਊਗਾ।” ਉਹ ਸੇਖੋਂ ਦੀ ਬਾਂਹ ਫੜ ਕੇ ਆਪਣੇ ਦਫ਼ਤਰ ਵੱਲ ਲਿਜਾਣ ਲੱਗਾ। ਕਰਨਵੀਰ ਉਨ੍ਹਾਂ ਦੇ ਮਗਰ ਚੱਲ ਪਿਆ। “ਤੂੰ ਤਾਂ ਫਿਰ ਸੇਖੋਂ ਭਾਅ ਓਥੇ ਹੀ ਕੰਮ ਕਰੀ ਜਾਨੈ ਹਾਲੇ ਤੱਕ?” ਰਜਿੰਦਰ ਬੋਲਿਆ। ਸੇਖੋਂ ਦੀ ਆਵਾਜ਼ ਕਰਨਵੀਰ ਨੂੰ ਨਾ ਸੁਣੀ। ਉਹ ਹੌਲ਼ੀ ਬੋਲਦਾ ਸੀ। ਰਜਿੰਦਰ ਨੇ ਫਿਰ ਕਿਹਾ, “ਭਾਅ, ਤੂੰ ਈ ਐਂ ਕੈਨੇਡਾ ’ਚ ਮੇਰੇ ਪੈਰ ਲਵਾਉਣ ਵਾਲ਼ਾ। ਜੇ ਤੂੰ ਮੈਨੂੰ ਕੈਨੇਡਾ ’ਚ ਨਵੇਂ ਆਏ ਨੂੰ ਆਵਦੇ ਨਾਲ਼ ਕੰਮ ‘ਤੇ ਨਾ ਲਵਾਉਂਦਾ ਤਾਂ ਮੈਂ ਸ਼ਾਇਦ ਵਾਪਸ ਇੰਡੀਆ ਹੀ ਮੁੜ ਜਾਂਦਾ।”
ਰਜਿੰਦਰ ਦੇ ਦਫ਼ਤਰ ਵਿਚ ਵੜਦਿਆਂ ਸੇਖੋਂ ਬੋਲਿਆ, “ਤੂੰ ਤਾਂ ਵਧੀਆ ਜੁਗਾੜ ਫਿੱਟ ਕਰੀ ਬੈਠਾਂ। ਚੰਗਾ ਰਹਿ ਗਿਆ ਟਰਾਂਟੋ ਮੂਵ ਹੋ ਕੇ।”
“ਬੰਦਾ ਜੇ ਸਮੇਂ ਦੇ ਨਾਲ਼-ਨਾਲ਼ ਤੁਰਨਾ ਸਿੱਖ ਜਾਵੇ ਤਾਂ ਸਭ ਕੁਝ ਆਪ ਹੀ ਬਣ ਜਾਂਦੈ। ਆ, ਬੈਠ।” ਆਖਦਿਆਂ ਰਜਿੰਦਰ ਨੇ ਕੁਰਸੀ ਮੇਜ਼ ਦੇ ਹੇਠੋਂ ਬਾਹਰ ਖਿੱਚੀ ਅਤੇ ਸੇਖੋਂ ਨੂੰ ਬੈਠਣ ਦਾ ਇਸ਼ਾਰਾ ਕੀਤਾ। ਫਿਰ ਉਸ ਦੇ ਸਾਹਮਣੇ ਆਪਣੀ ਕੁਰਸੀ ‘ਤੇ ਬੈਠ ਗਿਆ। ਕਰਨਵੀਰ ਦਫ਼ਤਰ ਵਿਚ ਲੱਗੇ ਮੌਨੀਟਰਾਂ ਵੱਲ ਦੇਖਣ ਲੱਗਾ ਜਿਨ੍ਹਾਂ ‘ਤੇ ਹਾਲ ਦੇ ਹਰ ਕੋਨੇ ਵਿਚ ਹੋ ਰਹੀਆਂ ਗਤੀਵਿਧੀਆਂ ਚੱਲ ਰਹੀਆਂ ਸਨ। ਰਜਿੰਦਰ ਬੋਲਿਆ, “ਛੋਟੇ, ਆਪਣੇ ਕੁੱਕ ਨੂੰ ਕਹੀਂ ਕਿ ਮੱਛੀ ਦੇ ਪਕੌੜੇ ਤਲੇ ਛੇਤੀ। ਦੱਸ ਦੇਈਂ ਉਹਨੂੰ ਕਿ ਜਿਹੜੀ ਹਾਲ ‘ਚ ਵਰਤਾਉਣੀ ਐ, ਬਾਸਾ ਮੱਛੀ, ਉਹਦੇ ਨਹੀਂ, ਦੂਜੀ ਸਪੈਸ਼ਲ ਕੌਡ ਮੱਛੀ ਦੇ ਤਲਣੇ ਆ।”
“ਠੀਕ ਏ ਸਰ, ਪੀਣ ਲਈ ਕੁਝ ਲੈ ਕੇ ਆਵਾਂ?” ਕਰਨਵੀਰ ਨੇ ਪੁੱਛਿਆ।
“ਪੀਣ ਦਾ ਹੈਗਾ ਬੰਦੋਬਸਤ ਮੇਰੇ ਕੋਲ। ਗਲਾਸ ਲੈ ਆਈਂ।”
ਹਲਵਾਈ ਨੂੰ ਪਕੌੜਿਆ ਬਾਰੇ ਆਖ ਕੇ ਕਰਨਵੀਰ ਨੇ ਟਰੇਅ ਵਿਚ ਗਲਾਸ ਰੱਖੇ। ਪਲੇਟ ਵਿਚ ਸਲਾਦ ਪਾਇਆ। ਨਿੰਬੂ ਨੂੰ ਗੋਲਾਈ ‘ਚ ਕੱਟਿਆ ਅਤੇ ਬਾਰੀਕ ਫਾੜੀਆਂ ਦੇ ਅੱਧ ਤਕ ਚੀਰ ਪਾ ਕੇ ਨਿੱਕੀ ਕੌਲੀ ਵਿਚ ਰੱਖ ਲਿਆ। ਇਕ ਕੌਲੀ ਵਿਚ ਬਰਫ਼ ਦੀਆਂ ਟੁਕੜੀਆਂ ਰੱਖੀਆਂ ਅਤੇ ਸੋਢੇ ਦੀ ਬੋਤਲ ਚੁੱਕ ਲਈ। ਇਹ ਸਾਰਾ ਸਮਾਨ ਸਲੀਕੇ ਨਾਲ਼ ਰਜਿੰਦਰ ਹੋਰਾਂ ਦੇ ਵਿਚਕਾਰ ਜਾ ਰੱਖਿਆ। ਰਜਿੰਦਰ ਨੇ ਕਰਨਵੀਰ ਵੱਲ ਦੇਖਿਆ ਤੇ ਫਿਰ ਸੇਖੋਂ ਨੂੰ ਪੁੱਛਣ ਲੱਗਾ, “ਭਾਅ, ਦੱਸ ਕਿਹੜੀ ਪੀਏਂਗਾ?”
“ਜਿਨ੍ਹਾਂ ਦੇ ਵਿਆਹ ‘ਤੇ ਆਇਆਂ, ਓਹਨਾਂ ਕੋਲੋਂ ਪੀਊਂਗਾ। ਤੇਰੇ ਕੋਲੋਂ ਕਦੇ ਫੇਰ ਸਹੀ।”
“ਇਕ ਡਰਿੰਕ ਤਾਂ ਤੈਨੂੰ ਮੇਰੇ ਨਾਲ਼ ਲਾਉਣਾ ਈ ਪਵੇਗਾ।”
“ਚੰਗਾ ਫਿਰ ਪਾ ਦੇ ਜਿਹੜਾ ਤੇਰਾ ਜੀਅ ਕਰਦੈ।”
“ਸਰ, ਜੇ ਕਹੋਂ ਤਾਂ ਮੈਂ ਡਰਿੰਕ ਬਣਾ ਕੇ ਦੇਵਾਂ?” ਕਰਨਵੀਰ ਨੇ ਪੁੱਛਿਆ।
ਰਜਿੰਦਰ ਨੇ ਆਪਣੇ ਪਿੱਛੇ ਬਣੀ ਅਲਮਾਰੀ ਵਿਚੋਂ ਗਲੈਨਫੈਡਿਕ ਵਿਸਕੀ ਦੀ ਬੋਤਲ ਕੱਢੀ ਅਤੇ ਮੇਜ਼ ‘ਤੇ ਰੱਖਦਿਆਂ ਬੋਲਿਆ, “ਬਣਾ ਫਿਰ ਛੋਟੇ।”
“ਜੀ ਕਰਨਵੀਰ ਏ ਮੇਰਾ ਨਾਂ।” ਕਰਨਵੀਰ ਨੂੰ ‘ਛੋਟੇ’ ਸੰਬੋਧਨ ਅੱਖਰਿਆ। ਰਜਿੰਦਰ ਨੇ ਇਸ ਵੱਲ ਧਿਆਨ ਨਾ ਦਿੱਤਾ। ਉਹ ਬੋਲਿਆ, “ਹਾਂ ਠੀਕ ਐ। ਬਣਾ।”
ਕਰਨਵੀਰ ਨੇ ਸਿੰਗਲ ਮਾਲਟ ਵਿਸਕੀ ਵੱਲ ਦੇਖਿਆ ਤੇ ਬੋਲਿਆ, “ਸਰ, ਇਕ ਮਿੰਟ ਦਿਓ, ਮੈਂ ਡਰਿੰਕ ਲਈ ਕੁਝ ਸਮਾਨ ਲੈ ਆਵਾਂ।” ਆਖ ਕੇ ਕਰਨਵੀਰ ਮੁੜ ਰਸੋਈ ਵਿਚ ਆ ਗਿਆ। ਕੱਟ ਕੇ ਰੱਖੇ ਫਲਾਂ ਦੀਆਂ ਟਰੇਆਂ ਵਿਚ ਉਹ ਨਾਸ਼ਪਾਤੀ ਦੀਆਂ ਫਾੜੀਆਂ ਵੱਲ ਦੇਖਣ ਲੱਗਾ। ਉਹ ਤਿਕੋਨੀਆਂ ਕੱਟੀਆਂ ਹੋਈਆਂ ਸਨ। ਗਲਾਸਾਂ ਦੇ ਕਿਨਾਰਿਆਂ ‘ਤੇ ਟੰਗਣ ਲਈ ਕਰਨਵੀਰ ਨੂੰ ਇਹ ਗੋਲ ਚਾਹੀਦੀਆਂ ਸਨ। ਉਸ ਨੇ ਤਰਕੀਬ ਸੋਚੀ ਤੇ ਉਨ੍ਹਾਂ ਫਾੜੀਆਂ ਨੂੰ ਹੋਰ ਬਾਰੀਕ ਕੱਟ ਕੇ ਇਕ ਕੌਲੀ ਵਿਚ ਰੱਖ ਲਿਆ ਅਤੇ ਮੁੜ ਰਜਿੰਦਰ ਹੋਰਾਂ ਦੀ ਹਾਜ਼ਰੀ ਵਿਚ ਪੇਸ਼ ਹੋ ਗਿਆ। ਗਲਾਸਾਂ ਵਿਚ ਬਰਫ਼ ਦੀਆਂ ਟੁਕੜੀਆਂ ਪਾਉਂਦਾ ਕਰਨਵੀਰ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਾ। ਰਜਿੰਦਰ ਆਖ ਰਿਹਾ ਸੀ, “ਭਾਅ, ਟਰਾਂਟੋ ਆ ਕੇ ਪਹਿਲਾਂ ਰੈਸਟੋਰੈਂਟ ਲਿਆ ਪਰ ਕੰਮ ਨਾ ਚੱਲਿਆ। ਘਾਟਾ ਪੈ ਗਿਆ। ਮੈਂ ਟੈਕਸੀ ਚਲਾਉਣ ਲੱਗ ਪਿਆ। ਫੇਰ ਪਤਾ ਲੱਗਾ ਕਿ ਲੇਬਰ ਬਹੁਤ ਸਸਤੀ ਮਿਲਦੀ ਹੈ। ਇੰਡੀਆ ਤੋਂ ਬਹੁਤ ਸਟੂਡੈਂਟ ਆ ਰਹੇ ਆ। ਮੈਂ ਫਿਰ ਰੈਸਟੋਰੈਂਟ ਖੋਲ੍ਹ ਲਿਆ। ਫੇਰ ਦੇਖਿਆ ਕਿ ਐੱਲ ਐੱਮ ਆਈ ਏਆਂ ਵਿਕ ਰਹੀਆਂ। ਫੇਰ ਇਹ ਬੈਂਕੁਇਟ ਹਾਲ ਖੋਲ੍ਹ ਲਿਆ।”
ਕਰਨਵੀਰ ਦੇ ਚਿੱਤ ‘ਚ ਆਈ ਕਿ ਕਹੇ, ‘ਨਵੇਂ ਆਇਆਂ ਦੀ ਲੁੱਟ ਤਾਂ ਨਾ ਕਰੋ’ ਪਰ ਉਸ ਨੇ ਇਹ ਕਿਹਾ ਨਹੀਂ ਤੇ ਗਲਾਸਾਂ ਨੂੰ ਜੋਹਿਆ। ਉਹ ਹੇਠੋਂ ਭੀੜੇ ਸਨ। ਉਨ੍ਹਾਂ ਨੂੰ ਅੱਧ ਤੱਕ ਬਰਫ਼ ਦੇ ਟੁਕੜਿਆਂ ਨਾਲ਼ ਭਰ ਲਿਆ। ਫਿਰ ਵਿਸਕੀ ਪਾਈ। ਉਸ ਤੋਂ ਦੁੱਗਣਾ ਸੋਢਾ ਪਾ ਕੇ ਨਾਸ਼ਪਾਤੀ ਦੀਆਂ ਬਾਰੀਕ ਟੁਕੜੀਆਂ ਚਮਚੇ ਨਾਲ਼ ਉਸ ਵਿਚ ਪਾ ਦਿੱਤੀਆਂ। ਫਿਰ ਨਿੰਬੂ ਦੀਆਂ ਫਾੜੀਆਂ ਨੂੰ ਗਲਾਸਾਂ ਦੀਆਂ ਕੰਗਣੀਆਂ ਉੱਪਰ ਟੰਗ ਕੇ ਉਸ ਨੇ ਪਹਿਲਾਂ ਸੇਖੋਂ ਨੂੰ ਪੇਸ਼ ਕੀਤਾ ਤੇ ਫੇਰ ਰਜਿੰਦਰ ਨੂੰ।
ਸੇਖੋਂ ਨੇ ਕਰਨਵੀਰ ਨੂੰ “ਸ਼ੁਕਰੀਆ” ਕਿਹਾ ਅਤੇ ਰਜਿੰਦਰ ਵੱਲ ਦੇਖਦਾ ਬੋਲਿਆ, “ਪਰ ਯਾਰ ਇਹ ਐੱਲ ਐੱਮ ਆਈ ਏਆਂ ਵੇਚਣੀਆਂ ਗੈਰ-ਕਾਨੂੰਨੀ ਵੀ ਐ ਤੇ ਗ਼ਲਤ ਵੀ।” ਸੇਖੋਂ ਦਾ ਇਹ ਕਿਹਾ ਸੁਣ ਕੇ ਕਰਨਵੀਰ ਨੇ ਉਸ ਵੱਲ ਸ਼ੁਕਰਾਨੇ ਨਾਲ਼ ਦੇਖਿਆ।
“ਗ਼ਲਤ ਇਹਦੇ ‘ਚ ਕੁਝ ਨਹੀਂ ਸੇਖੋਂ ਭਾਅ। ਅਸੀਂ ਰਿਸਕ ਵੀ ਤਾਂ ਲੈਂਦੇ ਆਂ। ਜੇ ਫੜੇ ਗਏ ਜੁਰਮਾਨਾ ਹੋਵੇਗਾ। ਬਿਜ਼ਨਸ ਲਾਈਸੰਸ ਰੱਦ ਹੋ ਸਕਦਾ। ਖਰਚੇ ਬਹੁਤ ਆ ਜਾਂਦੇ ਆ ਐੱਲ ਐੱਮ ਆਈ ਏ ਅਪਰੂਵ ਕਰਵਾਉਣ ਲਈ। ਜੌਬਾਂ ਦੀ ਫੇਕ ਐਡਵਰਟਾਈਜ਼ੈਂਟ। ਦੋਹਰੀ ਅਕਾਊਂਟਿੰਗ। ਬਹੁਤ ਜੱਭ ਕਰਨੇ ਪੈਂਦੇ ਆ।” ਆਖ ਕੇ ਰਜਿੰਦਰ ਨੇ ਸੇਖੋਂ ਵੱਲ ਦੇਖਿਆ। ਫਿਰ ਬੋਲਿਆ, “ਏਥੇ ਵਿਜ਼ਟਰ ਆਇਆਂ ਨੂੰ ਪੱਕੇ ਕਰਾਉਣ ਦਾ ਨਵਾਂ ਤਰੀਕਾ ਹੈ। ਦੋਹਾਂ ਧਿਰਾਂ ਨੂੰ ਈ ਫਾਇਦੈ। ਗ਼ਲਤ ਤਾਂ ਹੈ ਜੇ ਡਾਲਰ ਵੀ ਲੈ ਲਈਏ ਤੇ ਪੱਕੇ ਵੀ ਨਾ ਕਰਾਈਏ। ਸੌਦਾ ਐ ਇਹ। ਅੱਜ ਕੱਲ੍ਹ ਦਾ ਟਰੈਂਡ। ਜੇ ਤੁਸੀਂ ਮੌਕੇ ਦਾ ਫਾਇਦਾ ਨਾ ਲਿਆ ਤਾਂ ਪਿੱਛੇ ਰਹਿ ਜਾਓਂਗੇ। ਮੇਰੇ ਕੰਪੀਟੀਟਰ ਇਹ ਕਰਦੇ ਆ ਤਾਂ ਮੈਂ ਕਿਉਂ ਨਾ ਕਰਾਂ? ਠੀਕ ਐ ਨਾ? ਉਸ ਐਕਸਟਰਾ ਮਨੀ ਨਾਲ਼ ਉਹ ਬੈਟਰ ਸਰਵਿਸ ਦਿੰਦੇ ਐ। ਜੇ ਮੈਂ ਉਨ੍ਹਾਂ ਵਰਗੀ ਸਰਵਿਸ ਨਾ ਦੇਵਾਂਗਾ ਤਾਂ ਮੈਂ ਪਿੱਛੇ ਰਹਿ ਜਾਵਾਂਗਾ। ਫੇਲ੍ਹ ਹੋ ਜਾਵਾਂਗਾ। ਆਪਾਂ ਦੇਖਦੇ ਈ ਆਂ ਕਿ ਪਹਿਲਾਂ ਵਿਆਹਾਂ ਦੀਆਂ ਪਾਰਟੀਆਂ ‘ਤੇ ਕਿੰਨੇ ਕੁ ਸਰਵਰ ਹੁੰਦੇ ਸੀ? ਹੁਣ ਜਦੋਂ ਦੇ ਇੰਡੀਆ ਤੋਂ ਸਟੂਡੈਂਟ ਆਉਣ ਲੱਗੇ ਆ, ਓਨੇ ਡਾਲਰਾਂ ਨਾਲ਼ ਦੁੱਗਣੇ ਨਾਲੋਂ ਵੱਧ ਸਰਵਰ ਮਿਲ ਜਾਂਦੇ ਆ। ਭਾਅ, ਆਪਾਂ ਸਾਰੇ ਈ ਕੋਈ ਨਾ ਕੋਈ ਕੀਮਤ ਤਾਰ ਕੇ ਕੈਨੇਡਾ ਆਉਨੇ ਆਂ। ਤੂੰ ਇਸ ਤਰ੍ਹਾਂ ਦੇਖ ਇਸ ਵਰਤਾਰੇ ਨੂੰ ਕਿ ਜੇ ਮੈਂ ਆਪਣਾ ਕਾਰੋਬਾਰ ਨਾ ਵਧਾਉਂਦਾ ਤਾਂ ਐਨੇ ਸਟੂਡੈਂਟਾਂ ਨੂੰ ਕਿੱਥੋਂ ਜੌਬਾਂ ਮਿਲਦੀਆਂ? ਸੋਚ ਕਿ ਇਹ ਛੋਟੇ ਸ਼ਹਿਰਾਂ ‘ਚ ਕਿਉਂ ਨਹੀਂ ਪੜ੍ਹਨ ਜਾਂਦੇ। ਟਰਾਂਟੋ, ਵੈਨਕੂਵਰ ਜਾਂ ਹੋਰ ਵੱਡੇ ਸ਼ਹਿਰਾਂ ‘ਚ ਜਿੱਥੇ ਆਪਣੇ ਲੋਕਾਂ ਦੇ ਕਾਰੋਬਾਰ ਐ, ਓਥੇ ਹੀ ਕਿਉਂ ਆਉਂਦੇ ਆ? ਸੋਚਣ ਵਾਲੀ ਗੱਲ ਐ।” ਆਖ ਕੇ ਰਜਿੰਦਰ ਨੇ ਆਪਣਾ ਗਲਾਸ ਚੁੱਕਿਆ ਤੇ ਘੁੱਟ ਭਰੀ। ਫਿਰ ਕਰਨਵੀਰ ਵੱਲ ਦੇਖ ਕੇ ਬੋਲਿਆ, “ਸਿੱਖਿਆ ਲਗਦੈਂ?”
“ਹਾਂ ਜੀ, ਸਪੇਨ ‘ਚ ਕੁਝ ਸਮਾਂ ਰੈਸਟੋਰੈਂਟ ‘ਚ ਕੰਮ ਕੀਤਾ ਸੀ। ਉੱਥੇ ਕਦੇ-ਕਦੇ ਬਾਰਟੈਂਡਿੰਗ ਵੀ ਕਰ ਲੈਂਦਾ ਸੀ।”
“ਸੇਖੋਂ ਭਾਅ, ਤੇਰਾ ਕੀ ਖਿਆਲ ਐ ਕਿ ਸਰਕਾਰ ਨੂੰ ਪਤਾ ਨਹੀਂ ਕੁਝ? ਉਨ੍ਹਾਂ ਨੂੰ ਸਭ ਪਤੈ। ਉਨ੍ਹਾਂ ਨੇ ਲੂਪਹੋਲ ਜਾਣ ਕੇ ਰੱਖੇ ਹੁੰਦੇ ਆ। ਪਤੈ ਇਸ ਤਰੀਕੇ ਨਾਲ਼ ਇੰਡੀਆ ਤੋਂ ਕੈਨੇਡਾ ਕਿੰਨੀ ਮਨੀ ਆ ਰਹੀ ਹੈ? ਇਹ ਮਨੀ ਇੱਥੋਂ ਦੀ ਇਕਾਨਮੀ ‘ਚ ਲਗਦੀ ਐ। ਗੌਰਮਿੰਟ ਨੂੰ ਟੈਕਸ ਮਿਲਦੈ। ਮੇਰੀ ਮੰਨਦੈਂ ਤਾਂ ਭਾਅ, ਤੂੰ ਵੀ ਕੋਈ ਬਿਜ਼ਨਸ ਸ਼ੁਰੂ ਕਰ। ਕਿੱਥੇ ਸਾਰੀ ਉਮਰ ਫੈਕਟਰੀ ‘ਚ ਹੱਥ ਕਾਲੇ ਕਰਦਾ ਰਹੇਂਗਾ। ਹੁਣ ਮੌਕਾ ਐ। ਆਵਦੇ ਪੱਲਿਓਂ ਵੀ ਬਹੁਤੇ ਨਹੀਂ ਲਾਉਣੇ ਪੈਣੇ। ਤੈਨੂੰ ਮੈਂ ਦੱਸਦੈਂ ਤਰਕੀਬ”, ਆਖਦੇ ਰਜਿੰਦਰ ਨੇ ਕਰਨਵੀਰ ਵੱਲ ਦੇਖਿਆ ਤੇ ਬੋਲਿਆ, “ਛੋਟੇ, ਤੂੰ ਇਉਂ ਕਰ ਸਾਨੂੰ ਫਿਸ਼ ਫੜਾ ਜਾ ਤੇ ਫਿਰ ਕੰਮ ਲੱਗ ਜਾ ਕੇ। ਚਿਕਨ ਸਰਵ ਕਰਨ ਦਾ ਟਾਈਮ ਹੋ ਗਿਐ। ਜੇ ਲੋੜ ਪਈ, ਫੇਰ ਸੱਦ ਲਵਾਂਗੇ।”
ਮੱਛੀ ਦੇ ਪਕੌੜੇ ਰੱਖਣ ਆਏ ਕਰਨਵੀਰ ਨੂੰ ਰਜਿੰਦਰ ਨੇ ਆਪਣਾ ਬਿਜ਼ਨਸ ਕਾਰਡ ਫੜਾਉਂਦਿਆਂ ਕਿਹਾ, “ਤੂੰ ਡਰਿੰਕ ਵਧੀਆ ਬਣਾਏ ਆ। ਮੈਨੂੰ ਕਿਸੇ ਦਿਨ ਆ ਕੇ ਰੈਸਟੋਰੈਂਟ ‘ਚ ਮਿਲੀਂ।”
“ਠੀਕ ਏ, ਸਰ।” ਆਖ ਕੇ ਕਰਨਵੀਰ ਦਫ਼ਤਰ ਵਿਚੋਂ ਬਾਹਰ ਆ ਗਿਆ। ਉਸ ਨੂੰ ਹਾਲ ਵਿਚ ਵੜਦੇ ਨੂੰ ਹੀ ਦਿਲਰੀਤ ਬੋਲੀ, “ਟੇਬਲਾਂ ‘ਤੇ ਜਿਹੜੀਆਂ ਵਧੇ ਹੋਏ ਪਕੌੜਿਆਂ ਵਾਲੀਆਂ ਪਲੇਟਾਂ ਪਈਐਂ, ਉਹ ਜਲਦੀ ਨਾਲ਼ ਚੁੱਕ ਲਿਆਓ। ਫੇਰ ਚਿਕਨ ਸਰਵ ਕਰਨੈ।”
“ਠੀਕ ਏ।” ਆਖ ਕੇ ਕਰਨਵੀਰ ਅੱਗੇ ਤੁਰਿਆ ਹੀ ਸੀ ਕਿ ਉਸ ਕੋਲ ਜੀਤੀ ਆ ਕੇ ਬੋਲੀ, “ਕਿੱਧਰ ਚਲਾ ਗਿਆ ਸੀ? ਦੱਸ ਤਾਂ ਜਾਂਦਾ।” ਇਕਦਮ ਕਰਨਵੀਰ ਦੇ ਚਿੱਤ ‘ਚ ਆਈ ਕਿ ਪੁੱਛੇ, ‘ਮਿੱਸ ਕਰਦੀ ਸੀ?’ ਪਰ ਇਸ ਦੀ ਥਾਂ ਉਸ ਨੇ ਕਿਹਾ, “ਦਿਲਰੀਤ ਨੇੜੇ ਸੀ, ਉਸ ਨੂੰ ਦੱਸ ਦਿੱਤਾ ਸੀ।”
“ਲੱਗ ਗਿਆ ਸੀ ਪਤਾ।” ਆਖ ਕੇ ਜੀਤੀ ਅਗਾਂਹ ਤੁਰ ਗਈ। ਕਰਨਵੀਰ ਉਸ ਨੂੰ ਰਜਿੰਦਰ ਵੱਲੋਂ ਮਿਲੇ ਸੱਦੇ ਵਾਲੀ ਗੱਲ ਦੱਸਣਾ ਚਾਹੁੰਦਾ ਸੀ ਪਰ ਜੀਤੀ ਨੇ ਇਹ ਮੌਕਾ ਹੀ ਨਾ ਦਿੱਤਾ; ਤੇ ਫਿਰ ਉਹ ਪਹਿਲਾਂ ਮੱਛੀ ਦੇ ਪਕੌੜੇ ਤੇ ਪਿੱਛੋਂ ‘ਚਿਕਨ’ ਵਰਤਾਉਣ ਵਿਚ ਐਸਾ ਰੁੱਝੇ ਕਿ ਕਰਨਵੀਰ ਨੂੰ ਇਹ ਦੱਸਣ ਲਈ ਵਕਤ ਹੀ ਨਾ ਮਿਲਿਆ। ਕਰਨਵੀਰ ਜੀਤੀ ਦੇ ਦੂਰੋਂ ਹੀ ਦੀਦਾਰ ਕਰ ਕੇ ਸਾਰਦਾ ਰਿਹਾ। ਕੁਝ ਹੌਲ-ਹੁੰਗਾਰਾ ਹੋਏ ਤੋਂ ਮੇਜ਼ਾਂ ‘ਤੇ ਪਈਆਂ ਪਲੇਟਾਂ ਚੁੱਕਣ ਬਾਰੇ ਪੁੱਛਣ ਦੇ ਬਹਾਨੇ ਕਰਨਵੀਰ ਜੀਤੀ ਵੱਲ ਜਾਣ ਹੀ ਲੱਗਾ ਸੀ ਕਿ ਦਿਲਰੀਤ ਉਸ ਵੱਲ ਆ ਗਈ। ਉਹ ਬੋਲੀ, “ਟੇਬਲਾਂ ‘ਤੇ ਪਈਆਂ ਪਲੇਟਾਂ ‘ਚ ਵਧਿਆ ਪਿਆ ਚਿਕਨ ਸੁੱਟਣਾ ਨਹੀਂ। ਅੰਦਰ ਬਕਟ ਲਾਈ ਹੋਈ ਐ, ਉਸ ‘ਚ ਪਾਉਣੈ। ਸ਼ੁਰੂ ਕਰ ਦਿਓ ਚੁੱਕਣਾ। ਫੇਰ ਡਿਨਰ ਲਈ ਬਫੇ ਲਾਉਣੈ।” ਇਹ ਆਖ ਕੇ ਦਿਲਰੀਤ ਅੱਗੇ ਚਲੀ ਗਈ। ਕਰਨਵੀਰ ਨੇ ਓਧਰ ਦੇਖਿਆ ਜਿੱਧਰ ਪਹਿਲਾਂ ਜੀਤੀ ਖੜ੍ਹੀ ਸੀ। ਉਹ ਉਸ ਵੱਲ ਹੀ ਦੇਖ ਰਹੀ ਸੀ। ਕਰਨਵੀਰ ਨੇ ਉਸ ਵੱਲ ਮੁਸਕਰਾਹਟ ਸੁੱਟੀ ਪਰ ਉਹ ਅਜਾਈਂ ਹੀ ਗਈ। ਜੀਤੀ ਨੇ ਕੋਈ ਹੁੰਗਾਰਾ ਨਾ ਭਰਿਆ। ‘ਕੁਝ ਨਰਾਜ਼ ਲਗਦੀ ਏ’, ਕਰਨਵੀਰ ਨੇ ਸੋਚਿਆ। ਮੇਜ਼ਾਂ ਤੋਂ ਪਲੇਟਾਂ ਚੁੱਕਦੇ ਅਤੇ ਫਿਰ ਖਾਣੇ ਤੋਂ ਪਹਿਲਾਂ ਹਰ ਮੇਜ਼ ‘ਤੇ ਪਾਣੀ ਦੇ ਜੱਗ ਰਖਦਿਆਂ ਕਰਨਵੀਰ ਆਪਣੀ ਚਾਲ ਵਧਾਉਂਦਾ-ਘਟਾਉਂਦਾ ਰਿਹਾ ਤਾਂ ਕਿ ਜੀਤੀ ਨਾਲ਼ ਟਾਕਰਾ ਹੋ ਜਾਵੇ ਪਰ ਉਸ ਨੂੰ ਮੌਕਾ ਨਾ ਮਿਲਿਆ। ਦਸ ਵਜੇ ਖਾਣੇ ਦਾ ਬਫੇ ਸਜਣ ਤੋਂ ਬਾਅਦ ਕਰਨਵੀਰ ਨੂੰ ਕੁਝ ਸਾਹ ਆਇਆ। ਉਸ ਨੇ ਜੀਤੀ ਦੀ ਤਲਾਸ਼ ਵਿਚ ਹਾਲ ਦੇ ਚਾਰੋਂ ਪਾਸੇ ਨਿਗ੍ਹਾ ਮਾਰੀ। ਉਹ ਉਸ ਨੂੰ ਹਾਲ ਦੇ ਘੱਟ ਰੋਸ਼ਨੀ ਵਾਲੇ ਇਕ ਕੋਨੇ ਵਿਚ ਕੰਧ ਨਾਲ਼ ਢੋਅ ਲਾਈ ਖੜ੍ਹੀ ਦਿਸ ਗਈ। ਕਰਨਵੀਰ ਉਸ ਕੋਲ ਚਲਿਆ ਗਿਆ। ਜੀਤੀ ਨੇ ਅੱਖਾਂ ਮੀਚੀਆਂ ਹੋਈਆਂ ਸਨ। ਉਸ ਦੇ ਬੁੱਲ੍ਹ ਸੁੱਕੇ ਹੋਏ ਸਨ। ਕਰਨਵੀਰ ਨੂੰ ਉਸ ਦੇ ਚਿਹਰੇ ‘ਤੇ ਥਕਾਵਟ ਲੱਗੀ। ਉਸ ਨੇ ਜੀਤੀ ਨੂੰ ਕਿਹਾ, “ਜੀਤੀ, ਚੱਲ ਆਪਾਂ ਵੀ ਬ੍ਰੇਕ ਲੈ ਲਈਏ।” ਉਸ ਨੇ ਕੁਝ ਵਰਤਾਵਿਆ ਨੂੰ ਪਿੱਛੇ ਰਸੋਈ ਵਿਚ ਖਾਣਾ ਖਾਂਦਿਆਂ ਦੇਖਿਆ ਸੀ।
“ਦਿਲਰੀਤ ਦੱਸੇਗੀ ਕਿ ਕਦੋਂ ਬ੍ਰੇਕ ਕਰਨੀ ਆ। ਜਿਨ੍ਹਾਂ ਨੇ ਪਹਿਲਾਂ ਕੰਮ ਤੋਂ ਹਟਣਾ, ਉਹ ਪਹਿਲਾਂ ਬ੍ਰੇਕ ਲੈ ਰਹੇ ਆ।” ਜੀਤੀ ਨੇ ਉਵੇਂ ਹੀ ਖੜ੍ਹੀ ਨੇ ਦੱਸਿਆ। ਫਿਰ ਬੋਲੀ, “ਕਰਨ, ਜੀਅ ਕਰਦੈ, ਕਿਸੇ ਪਾਰਟੀ ‘ਚ ਆਪਾਂ ਵੀ ਗੈੱਸਟ ਹੋਈਏ। ਹੁਣ ਤਾਂ ਇਉਂ ਲੱਗਦੈ ਕੋਈ ਵਿਆਹ ਦੇਖੇ ਨੂੰ ਜਿਵੇਂ ਕਿੰਨੇ ਹੀ ਸਾਲ ਲੰਘ ਗਏ ਹੋਣ।” ਕਰਨਵੀਰ ਦੇ ਚਿੱਤ ‘ਚ ਆਈ ਕਿ ਹਾਸੇ ‘ਚ ਕਹੇ, ‘ਚੱਲ ਆਪਾਂ ਹੀ ਆਪਣਾ ਵਿਆਹ ਕਰਵਾ ਲਈਏ’ ਪਰ ਜੀਤੀ ਦੀ ਆਵਾਜ਼ ਵਿਚਲੀ ਉਦਾਸੀ ਨੂੰ ਭਾਂਪ ਕੇ ਉਸ ਨੇ ਕਿਹਾ, “ਜਿਉਂ ਇੰਡੀਆਂ ‘ਚੋਂ ਨਿਕਲਿਆਂ, ਮੈਨੂੰ ਵੀ ਕਦੇ ਗੈੱਸਟ ਬਣਨ ਦਾ ਮੌਕਾ ਨਹੀਂ ਮਿਲਿਆ।”
“ਤੈਨੂੰ ਤਾਂ ਫਿਰ ਮੇਰੇ ਤੋਂ ਵੀ ਵੱਧ ਟਾਈਮ ਹੋ ਗਿਆ। ਮੈਨੂੰ ਤਾਂ ਡੇਢ ਸਾਲ ਈ ਹੋਇਐ ਪਰ ਲਗਦੈ ਇਉਂ ਆ ਜਿਵੇਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣ।” ਆਖਦੀ ਜੀਤੀ ਨੇ ਅੱਖਾਂ ਖੋਲ੍ਹੀਆਂ। ਉਧਰੋਂ ਲੰਘ ਰਹੀ ਦਿਲਰੀਤ ‘ਤੇ ਉਸ ਦੀ ਨਿਗ੍ਹਾ ਪਈ। ਉਸ ਨੇ ਕੰਧ ਨਾਲੋਂ ਢੋਅ ਹਟਾ ਲਿਆ ਤੇ ਬੋਲੀ, “ਚੱਲ ਚੁੱਕ ਪਾਣੀ ਵਾਲੇ ਜੱਗ। ਜਿਹੜੇ ਟੇਬਲਾਂ ‘ਤੇ ਖਾਲੀ ਹੋ ਗਏ ਆ, ਉਨ੍ਹਾਂ ‘ਤੇ ਹੋਰ ਰੱਖੀਏ।” ਉਹ ਹੌਲ਼ੀ-ਹੌਲ਼ੀ ਰਸੋਈ ਵੱਲ ਤੁਰ ਪਏ। (ਚੱਲਦਾ)