ਪਿਕਾਸੋ: ਕਲਾ ਰਾਹੀਂ ਫਾਸ਼ੀਵਾਦੀ ਨੂੰ ਵੰਗਾਰ

ਮਨਦੀਪ
ਫੋਨ: +1-438-924-2052
ਸੰਸਾਰ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ (25 ਅਕਤੂਬਰ 1881-8 ਅਪਰੈਲ 1973) ਦਾ ਜਨਮ ਮੈਲਾਗਾ (ਸਪੇਨ) ਵਿਚ ਹੋਇਆ। ਉਸ ਦਾ ਪਿਤਾ ਰੁਈਜ਼ ਬਲਾਸਕੋ ਚਿੱਤਰਕਾਰ ਅਤੇ ਕਲਾ ਅਧਿਆਪਕ ਸਨ। ਪਾਬਲੋ ਅੰਦਰਲੀ ਚਿੱਤਰਕਲਾ ਪ੍ਰਤਿਭਾ ਦੀ ਖੋਜ ਅਤੇ ਵਿਕਾਸ ਵਿਚ ਉਸ ਦੇ ਪਿਤਾ ਦਾ ਵੱਡਾ ਯੋਗਦਾਨ ਹੈ। ਬਹੁਤ ਛੋਟੀ ਉਮਰ ਵਿਚ ਉਸ ਦੀਆਂ ਰਚਨਾਵਾਂ ਸਪੈਨਿਸ਼ ਮੈਗਜ਼ੀਨ ‘ਆਰਤੇ ਖੋਵਿਨ` (ਨੌਜਵਾਨ ਪ੍ਰਤਿਭਾ) ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਇਸ ਲੇਖ ਵਿਚ ਕੈਨੇਡਾ ਵੱਸਦੇ ਮਨਦੀਪ ਨੇ ਇਸ ਕਲਾਕਾਰ ਦੇ ਜੀਵਨ ਅਤੇ ਕਲਾ ਬਾਰੇ ਨਿਵੇਕਲੀਆਂ ਗੱਲਾਂ ਕੀਤੀਆਂ ਹਨ।

ਕਲਾ ਨਿੱਤ ਦਿਹਾੜੀ ਸਾਡੀ ਆਤਮਾ `ਤੇ ਪੈ ਰਹੇ ਘੱਟੇ ਨੂੰ ਸਾਫ਼ ਕਰਦੀ ਰਹਿੰਦੀ ਹੈ। -ਪਿਕਾਸੋ
2019 ਵਿਚ ਆਪਣੀ ਯੂਰਪ ਯਾਤਰਾ ਦੌਰਾਨ ਜਰਮਨੀ ਵਿਚ ਮਹਾਨ ਫਿਲਾਸਫਰ ਕਾਰਲ ਮਾਰਕਸ ਦੇ ਘਰ ਅਤੇ ਸਪੇਨ ਦੇ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਦੇ ਅਜਾਇਬ ਘਰ (ਮੂਸੀਓ ਪਿਕਾਸੋ) ਜਾਣ ਦੀ ਬੜੀ ਉਤਸੁਕਤਾ ਸੀ। ਬਾਰਸੀਲੋਨਾ ਦੇ ਪੁਰਾਣੇ ਮੁਹੱਲੇ ਵਿਚ ਪਾਬਲੋ ਪਿਕਾਸੋ ਦੇ ਅਜਾਇਬ ਘਰ ਜਾਣ ਤੋਂ ਪਹਿਲਾਂ ਉਸ ਪ੍ਰਤੀ ਮੇਰੀ ਉਤਸੁਕਤਾ ਦਾ ਸ੍ਰੋਤ ਉਸ ਦੀ ਸੰਸਾਰ ਪ੍ਰਸਿੱਧ ਕਲਾਕ੍ਰਿਤ ‘ਗੁਏਰਨਿਕਾ` ਹੀ ਸੀ ਪਰ ਉਸ ਦੇ ਦੇਸ਼, ਉਸ ਘਰ, ਗਲੀਆਂ ਜਿੱਥੇ ਉਸ ਨੇ ਆਪਣੇ ਜੀਵਨ ਦਾ ਮੁੱਢਲਾ ਸਮਾਂ ਗੁਜ਼ਾਰਿਆ, ਜਾ ਕੇ ਪਿਕਾਸੋ ਬਾਰੇ ਮੇਰੇ ਵਿਚਾਰ ਤੇ ਸੰਕਲਪ ਹੋਰ ਵੱਧ ਸਪਸ਼ਟ ਹੋ ਗਏ। ਉਸ ਦੇ ਸਮੁੱਚੇ ਵਿਵਾਦਿਤ ਜੀਵਨ ਅਤੇ ਚਿੱਤਰਕਲਾ ਦੇ ਅਨੇਕਾਂ ਪਸਾਰ ਹਨ। ਇਹ ਉਸ ਦੀ ਕਲਾ ਦੀ ਤਾਕਤ ਹੀ ਸੀ ਕਿ ਬੌਧਿਕ ਹਲਕਿਆਂ ਅਤੇ ਆਮ ਲੋਕਾਂ `ਚ ਉਸ ਦੀ ਕਲਾ ਪ੍ਰਤੀ ਚੋਖੀ ਦਿਲਚਸਪੀ ਰਹੀ ਅਤੇ ਨਾਜ਼ੀ ਤੇ ਫਾਸ਼ੀ ਤਾਕਤਾਂ ਅੰਦਰ ਉਸ ਦੀ ਕਲਾ ਦਾ ਖ਼ੌਫ਼ ਸਦਾ ਬਣਿਆ ਰਿਹਾ।
ਬਚਪਨ ਵਿਚ ਜਦੋਂ ਪੈਨਸਿਲ ਪਾਬਲੋ ਦੀਆਂ ਉਂਗਲਾਂ ਦੀ ਪਕੜ `ਚ ਆਉਣ ਲੱਗੀ, ਉਹ ਉਦੋਂ ਤੋਂ ਹੀ ਸਫ਼ੇਦ ਕਾਗਜ਼ਾਂ `ਤੇ ਰੰਗਦਾਰ ਝਰੀਟਾਂ ਵਾਹੁਣ ਲੱਗ ਗਿਆ ਸੀ। ਕੈਨਵਸ ਉੱਤੇ ਪਹਿਲੀ ਤਸਵੀਰ ਉਸ ਨੇ ਨੌਂ ਸਾਲ ਦੀ ਉਮਰ ਵਿਚ ਬਣਾਈ ਸੀ। ਉਸ ਦੇ ਪਿਤਾ ਘੱਟ ਤਨਖ਼ਾਹ `ਤੇ ਕਿਸੇ ਸਥਾਨਕ ਸਕੂਲ ਵਿਚ ਆਰਟ ਐਂਡ ਕਰਾਫਟ ਦੇ ਅਧਿਆਪਕ ਸਨ ਜੋ ਉਸ ਸਮੇਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਤਸਵੀਰਾਂ ਵੇਚ ਕੇ ਗੁਜ਼ਾਰਾ ਕਰਦੇ ਸਨ। ਰੋਜ਼ੀ-ਰੋਟੀ ਦੇ ਇਸ ਛੋਟੇ ਜਿਹੇ ‘ਕਾਰੋਬਾਰ` `ਚ ਬਚਪਨ ਵਿਚ ਜਾਨਵਰਾਂ ਦੀਆਂ ਤਸਵੀਰਾਂ ਬਣਾ ਕੇ ਵੇਚਣ ਲਈ ਬਾਲ ਪਾਬਲੋ ਵੀ ਆਪਣੇ ਪਿਤਾ ਦਾ ਹੱਥ ਵਟਾਉਂਦਾ। ਛੋਟੀ ਉਮਰ ਵਿਚ ਹੀ ਪਾਬਲੋ ਦੇ ਨੰਨ੍ਹੇ ਹੱਥ ਕੈਨਵਸ ਉੱਤੇ ਪ੍ਰਤੀਕਾਂ ਅਤੇ ਅਰਥਾਂ ਦੇ ਨਕਸ਼ ਉਘਾੜਨ ਲੱਗ ਗਏ ਸਨ। ਹੌਲੀ-ਹੌਲੀ ਉਸ ਦੇ ਬਾਲ ਉਮਰ ਦੇ ਬੇਮੁਹਾਰੇ, ਨਿਰਾਰਥਕ, ਖਿਆਲੀ ਤੇ ਅੰਤਰੀਵੀ ਮਿੱਥ, ਅਰਥ ਭਰਪੂਰ ਕਲਾਤਮਿਕ ਗੁਣ ਗ੍ਰਹਿਣ ਕਰਨ ਲੱਗੇ। ਗਿਆਰਾਂ ਸਾਲ ਦੀ ਉਮਰ `ਚ ਪਾਬਲੋ ਗਲੀਆਂ `ਚ ਆਪਣੀਆਂ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਉਣ ਲੱਗਿਆ ਅਤੇ ਤੇਰਾਂ ਸਾਲਾਂ ਦੀ ਉਮਰ ਵਿਚ ਉਸ ਦੇ ਪਿਤਾ ਨੇ ਸਖ਼ਤ ਮਿਹਨਤ ਦੀ ਨਸੀਹਤ ਦੇ ਨਾਲ-ਨਾਲ ਆਪਣੇ ਰੰਗ ਅਤੇ ਬੁਰਸ਼ ਸਦਾ ਲਈ ਪਾਬਲੋ ਨੂੰ ਸੌਂਪ ਦਿੱਤੇ। ਪਾਬਲੋ ਪਿਕਾਸੋ ਚਿੱਤਰਕਾਰ ਦੇ ਨਾਲ-ਨਾਲ ਮੂਰਤੀਕਾਰ, ਪ੍ਰਿੰਟ ਮੇਕਰ, ਲੇਖਕ, ਕਵੀ, ਸਟੇਜ ਡਿਜ਼ਾਈਨਰ ਅਤੇ ਨਾਟਕਕਾਰ ਵੀ ਸੀ। ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿਚੋਂ ਜਾਣੇ ਜਾਂਦੇ ਪਾਬਲੋ ਨੇ ਕਿਊਬਿਸਟ ਲਹਿਰ, ਮੂਰਤੀ ਉਸਾਰੀ, ਕੋਲਾਜ ਦੀ ਸਹਿ-ਖੋਜ ਅਤੇ ਵੱਖ-ਵੱਖ ਕਿਸਮ ਦੀਆਂ ਸ਼ੈਲੀਆਂ ਦੇ ਵਿਕਾਸ ਅਤੇ ਖੋਜ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਸਪੈਨਿਸ਼ ਘਰੇਲੂ ਯੁੱਧ ਦੌਰਾਨ ਜਰਮਨ ਅਤੇ ਇਤਾਲਵੀ ਹਵਾਈ ਫ਼ੌਜਾਂ ਦੁਆਰਾ ਗੁਏਰਨਿਕਾ ਕਸਬੇ ਉੱਤੇ ਬੰਬਾਰੀ ਕਾਰਨ ਹੋਈ ਤਬਾਹੀ ਸਬੰਧੀ ਬਣਾਇਆ ਚਿੱਤਰ ਉਸ ਦੀ ਸ਼ਾਹਕਾਰ ਕਲਾਕ੍ਰਿਤ ਹੈ। ਇਹ ਵੱਡ-ਆਕਾਰੀ ਪੇਟਿੰਗ ਅੱਜ ਵੀ ਉਸ ਦੇ ਨਾਮ `ਤੇ ਬਣੇ ਅਜਾਇਬ ਘਰ `ਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਅਸਲ ਵਿਚ ‘ਗੁਏਰਨਿਕਾ` ਨਾਮੀ ਸੰਸਾਰ ਪ੍ਰਸਿੱਧ ਇਤਿਹਾਸਕ ਪੇਂਟਿੰਗ ਨਾਮਵਰ ਸਪੈਨਿਸ਼ ਚਿੱਤਰਕਾਰ ਪਾਬਲੋ ਪਿਕਾਸੋ ਦੁਆਰਾ ਬਣਾਈ ਆਧੁਨਿਕ ਚਿੱਤਰ ਕਲਾ ਦਾ ਉੱਤਮ ਨਮੂਨਾ ਅਤੇ ਫਾਸ਼ੀਵਾਦ ਵਿਰੁੱਧ ਜ਼ਬਰਦਸਤ ਸਿਆਸੀ ਬਿਆਨ ਹੈ। ਇਹ ਕਲਾ ਦਾ ਐਸਾ ਨਮੂਨਾ ਹੈ ਜੋ ਇਨਸਾਫ਼ਪਸੰਦਾਂ ਨੂੰ ਹਲੂਣਦਾ, ਪ੍ਰੇਸ਼ਾਨ ਕਰਦਾ ਅਤੇ ਉਨ੍ਹਾਂ ਨੂੰ ਹਰ ਬਰਬਰਤਾ ਖਿਲਾਫ਼ ਉੱਠ ਖੜ੍ਹੇ ਹੋਣ ਲਈ ਪ੍ਰੇਰਦਾ ਹੈ; ਇੱਕ ਐਸੀ ਕਲਾ ਜੋ ਮਨੁੱਖਤਾ ਨੂੰ ਸਿਆਸੀ ਅਪਰਾਧ, ਨਿਹੱਕੀ ਜੰਗ ਅਤੇ ਮੌਤ ਦੇ ਮਲਬੇ ਵਿਚ ਤਬਦੀਲ ਕਰਨ ਵਾਲੀਆਂ ਤਾਕਤਾਂ ਖਿਲਾਫ਼ ਸ਼ਾਨ ਨਾਲ ਉੱਠ ਖੜ੍ਹੇ ਹੋਣ ਦਾ ਸੰਸਾਰ ਪੱਧਰੀ ਸੁਨੇਹਾ ਦਿੰਦੀ ਹੈ।
1936 ਵਿਚ ਸਪੇਨ ਦੇ ਡੈਮੋਕਰੇਟਿਕ ਰਿਪਬਲੀਕਨਾਂ (ਕਮਿਊਨਿਸਟ, ਅਰਾਜਕਤਾਵਾਦੀ, ਸਮਾਜਵਾਦੀ ਆਦਿ ਦਾ ਸਾਂਝਾ ਫਰੰਟ) ਅਤੇ ਸਪੇਨ ਦੇ ਫਾਸ਼ੀਵਾਦੀ ਜਨਰਲ ਫਰਾਂਸਿਸਕੋ ਫਰੈਂਕੋ ਦੀ ਅਗਵਾਈ ਵਾਲੀ ਫ਼ੌਜ ਵਿਚਕਾਰ ਘਰੇਲੂ ਜੰਗ ਛਿੜ ਗਈ ਸੀ। 26 ਅਪਰੈਲ 1937 ਨੂੰ ਫਰੈਂਕੋ ਦੇ ਹੱਕ `ਚ ਹਿਟਲਰ ਦੇ ਸ਼ਕਤੀਸ਼ਾਲੀ ਜਰਮਨ ਹਵਾਈ ਜਹਾਜ਼ਾਂ ਅਤੇ ਇਟਲੀ ਦੀਆਂ ਫਾਸ਼ੀ ਤਾਕਤਾਂ ਨੇ ਉੱਤਰੀ ਸਪੇਨ `ਚ ਸਥਿਤ ਬਾਸਕ ਦੇ ਗੁਏਰਨਿਕਾ ਕਸਬੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ। ਇਸ ਕਸਬੇ ਦੀ ਇੱਕ-ਤਿਹਾਈ ਆਬਾਦੀ ਇਸ ਭਿਆਨਕ ਬੰਬਾਰੀ ਵਿਚ ਮਾਰੀ ਗਈ ਜਿਸ ਵਿਚ ਜ਼ਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਸੀ।
ਇਸ ਭਿਆਨਕ ਕਤਲੇਆਮ ਨੇ ਪਾਬਲੋ ਪਿਕਾਸੋ ਨੂੰ ਰੋਹ ਨਾਲ ਬੇਚੈਨ ਕਰ ਦਿੱਤਾ। ਇਸ ਫਾਸ਼ੀਵਾਦੀ ਹਮਲੇ ਖਿਲਾਫ਼ ਉਸ ਨੇ ‘ਗੁਏਰਨਿਕਾ` ਨਾਮੀ ਚਿੱਤਰ ਬਣਾਇਆ ਜੋ ਸੰਸਾਰ ਭਰ ਵਿਚ ਫਾਸ਼ੀਵਾਦੀ ਬਰਬਰਤਾ ਦੇ ਵਿਰੋਧ ਦਾ ਚਿੰਨ੍ਹ ਬਣ ਕੇ ਉੱਭਰਿਆ।
ਇਸ ਚਿੱਤਰ ਵਿਚ ਖੱਬੇ ਪਾਸੇ ਵੱਡੀਆਂ ਅੱਖਾਂ ਵਾਲਾ ਬਲਦ, ਉਦਾਸ ਔਰਤ ਉੱਤੇ ਖੜ੍ਹਾ ਹੈ ਜਿਸ ਨੇ ਮਰੇ ਹੋਏ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਫੜਿਆ ਹੋਇਆ ਹੈ। ਘੋੜਾ ਤੜਫ਼ਦਾ ਹੋਇਆ ਡਿੱਗਿਆ ਪਿਆ ਹੈ। ਘੋੜੇ ਦੇ ਹੇਠਾਂ ਮੁਰਦਾ ਅਤੇ ਵੱਡਿਆ-ਟੁੱਕਿਆ ਸਿਪਾਹੀ ਪਿਆ ਹੈ। ਉਸ ਦੀ ਕੱਟੀ ਹੋਈ ਸੱਜੀ ਬਾਂਹ ਦਾ ਹੱਥ ਟੁੱਟਦੀ ਤਲਵਾਰ ਨੂੰ ਫੜ ਲੈਂਦਾ ਹੈ ਜਿਸ ਤੋਂ ਫੁੱਲ ਉੱਗਦਾ ਹੈ, ਤੇ ਔਰਤ ਦੇ ਹੱਥ ਵਿਚ ਬਲਦੀ ਮਸ਼ਾਲ ਹੈ ਜੋ ਮਸੀਹ ਦੀ ਸ਼ਹਾਦਤ ਦਾ ਪ੍ਰਤੀਕ ਹੈ। ਖੰਜਰ, ਘੋੜਾ ਅਤੇ ਬਲਦ ਦੇ ਖਾਸ ਮਤਲਬ ਹਨ। ਸਪੈਨਿਸ਼ ਸੱਭਿਆਚਾਰ ਵਿਚ ਘੋੜਾ ਅਤੇ ਬੈਲ ਮੁੱਖ ਪਾਤਰ ਹਨ ਜੋ ਬੁਰਾਈ ਅਤੇ ਚੰਗਿਆਈ ਦੇ ਪ੍ਰਤੀਕ ਹਨ। ਇੱਥੇ ਬੈਲ ਦੇ ਰੂਪ ਵਿਚ ਜਨਰਲ ਫਰੈਂਕੋ ਅਤੇ ਘੋੜੇ ਨੂੰ ਗੁਏਰਨਿਕਾ ਦੇ ਨਿਰਦੋਸ਼ ਲੋਕਾਂ ਦੇ ਪ੍ਰਤੀਕ ਵਜੋਂ ਵਿਖਾਇਆ ਗਿਆ ਹੈ। ਉਂਝ ਚਿੱਤਰ ਦੇਖਣ ਵਾਲੀ ਹਰ ਅੱਖ ਦੇ ਆਪੋ-ਆਪਣੇ ਕਿਆਸ, ਅਰਥ ਤੇ ਦ੍ਰਿਸ਼ਟੀਕੋਣ ਹਨ। ਸੱਜੇ ਪਾਸੇ ਇੱਕ ਹੋਰ ਔਰਤ ਹੈ ਜਿਸ ਦੇ ਹੱਥ ਦਹਿਸ਼ਤ ਨਾਲ ਉੱਠੇ ਹੋਏ ਹਨ, ਦੁਖੀ ਔਰਤ ਦਾ ਮੂੰਹ ਖੁੱਲ੍ਹਾ ਹੈ ਅਤੇ ਸਿਰ ਪਿੱਛੇ ਨੂੰ ਡਿੱਗਿਆ ਹੋਇਆ। ਉਸ ਦਾ ਸੱਜਾ ਹੱਥ ਹਵਾਈ ਜਹਾਜ਼ ਦੀ ਸ਼ਕਲ ਸੁਝਾਉਂਦਾ ਹੈ। ਮਨੁੱਖੀ ਖੋਪੜੀ ਘੋੜੇ ਦੇ ਸਰੀਰ ਨੂੰ ਢੱਕ ਲੈਂਦੀ ਹੈ। ਘੋੜੇ ਦੀ ਛਾਤੀ ਦੇ ਅੰਦਰ ਸਿੰਗ ਦਿਖਾਈ ਦਿੰਦਾ ਹੈ। ਬਲਦ ਦੀ ਪੂਛ ਅੱਗ ਦੀ ਲਾਟ ਦੀ ਤਸਵੀਰ ਬਣਾਉਂਦੀ ਹੈ ਜਿਸ ਤੋਂ ਧੂੰਆਂ ਉੱਠਦਾ ਹੈ।
ਕੁੱਲ ਮਿਲਾ ਕੇ ਇਹ ਚਿੱਤਰ ਫਾਸ਼ੀਵਾਦੀ ਹਮਲੇ ਦੀ ਮਾਰ ਹੇਠ ਆਏ ਗੁਏਰਨਿਕਾ ਕਸਬੇ ਦੇ ਨਿਰਦੋਸ਼ ਲੋਕਾਂ ਦੇ ਜਾਨ-ਮਾਲ-ਸੱਭਿਆਚਾਰ ਦੀ ਤਬਾਹੀ ਅਤੇ ਦਰਦ ਦੀ ਪੇਸ਼ਕਾਰੀ ਕਰਦਾ ਹੈ ਜੋ ਅੱਜ ਆਲਮੀ ਪੱਧਰ `ਤੇ ਨਿਹੱਕੀ ਜੰਗ ਵਿਰੁੱਧ ਬਿਗਲ ਦਾ ਚਿੰਨ੍ਹ ਬਣ ਚੁੱਕਾ ਹੈ। ਇਹ ਚਿੱਤਰ ਫਾਸ਼ੀਵਾਦ ਖਿਲਾਫ਼ ਲਿਖੇ ਗਏ ਲੱਖਾਂ ਸ਼ਬਦਾਂ ਅਤੇ ਭਾਸ਼ਣਾਂ ਜਿੰਨਾ ਹੀ ਸ਼ਕਤੀਸ਼ਾਲੀ ਕਲਾ ਸ਼ਾਸਤਰ ਹੈ। ਉਸ ਨੇ ਇਹ ਚਿੱਤਰ 1937 ਵਿਚ ਬਣਾਇਆ ਸੀ। ਇਹੀ ਲੋਕ ਪੱਖੀ ਕਲਾ ਦੀ ਤਾਕਤ ਹੈ ਜੋ ਮਨੁੱਖਤਾ ਦੇ ਦਰਦ ਨੂੰ ਬਿਆਨਦੀ ਹੈ।
ਇਸ ਮਗਰੋਂ ਦੂਜੀ ਆਲਮੀ ਜੰਗ ਸਮੇਂ ਪਿਕਾਸੋ ਨਾਜ਼ੀ ਕਬਜ਼ੇ ਵਾਲੇ ਪੈਰਿਸ ਵਿਚ ਰਹਿ ਰਿਹਾ ਸੀ ਤਾਂ ਇੱਕ ਨਾਜ਼ੀ ਅਫ਼ਸਰ ਉਸ ਦੇ ਅਪਾਰਟਮੈਂਟ ਵਿਚ ਆਇਆ। ਉਸ ਨੇ ‘ਗੁਏਰਨਿਕਾ` ਵੱਲ ਇਸ਼ਾਰਾ ਕਰਦਿਆਂ ਪੁੱਛਿਆ, “ ਇਹ ਤੁਸੀਂ ਬਣਾਇਆ ਹੈ?”
ਪਿਕਾਸੋ ਨੇ ਜਵਾਬ ਦਿੱਤਾ, “ਨਹੀਂ, ਇਹ ਤੁਸੀਂ ਬਣਾਈ ਹੈ।”
ਇਹ ਚਿੱਤਰ ਅੱਜ ਵੀ ਸੰਸਾਰ ਚੌਧਰ ਲਈ ਜੰਗ ਅਤੇ ਤਬਾਹੀ ਮਚਾ ਰਹੀਆਂ ਤਾਕਤਾਂ ਲਈ ਚੁਣੌਤੀ ਅਤੇ ਇਨਸਾਫ਼ਪਸੰਦ ਲੋਕਾਂ ਲਈ ਫਾਸ਼ੀਵਾਦ ਅਤੇ ਪੂੰਜੀਵਾਦ ਖਿਲਾਫ਼ ਸੰਘਰਸ਼ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਹੈ। 28-30 ਜੂਨ 2022 ਨੂੰ ਪਾਬਲੋ ਦੀ ਜਨਮ ਭੂਮੀ ਸਪੇਨ ਦੇ ਸ਼ਹਿਰ ਮੈਡਰਿਡ ਵਿਚ ਨਾਟੋ ਸੰਮੇਲਨ ਦੌਰਾਨ ਨਾਟੋ ਆਗੂਆਂ ਵੱਲੋਂ ਪਿਕਾਸੋ ਦੀ ਜੰਗ ਵਿਰੋਧੀ ਕਲਾਕ੍ਰਿਤ ‘ਗੁਏਰਨਿਕਾ` ਅੱਗੇ ਫੋਟੋ ਖਿਚਵਾਉਣ ਦੇ ਵਿਰੋਧ ਵਿਚ ਪੇਰੂਵੀਅਨ ਚਿੱਤਰਕਾਰ ਦੇਨੀਏਲਾ ਔਰਤਿਸ ਨੇ ਸਖ਼ਤ ਲਿਖਤੀ ਇਤਰਾਜ਼ ਜ਼ਾਹਿਰ ਕੀਤਾ ਅਤੇ ਅਜਾਇਬ ਘਰ ਨੂੰ ਨਾਟੋ ਦੁਆਰਾ ਸਾਮਰਾਜੀ ਜੰਗ ਦਾ ਮੰਚ ਬਣਾਉਣ ਦੇ ਵਿਰੋਧ ਵਿਚ ਆਪਣੀਆਂ ਅੱਠ ਕਲਾਕ੍ਰਿਤਾਂ ਮਿਊਜ਼ੀਅਮ ਵਿਚੋਂ ਹਟਾ ਲਈਆਂ। ਉਸ ਨੇ ਕਿਹਾ ਕਿ ਪੱਛਮੀ ਸਾਮਰਾਜੀ ਕਾਤਲਾਂ ਦਾ ਗਰੋਹ ਹਨ ਅਤੇ ਇਹ ਸੰਸਾਰ ਨੂੰ ਜੰਗ ਦੀ ਅੱਗ ਵਿਚ ਝੋਕ ਰਹੇ ਹਨ; ਤੇ ‘ਗੁਏਰਨਿਕਾ` ਅੱਗੇ ਤਸਵੀਰਾਂ ਖਿਚਵਾ ਕੇ ਉਹ ਪਿਕਾਸੋ ਦੀ ਜੰਗ ਵਿਰੋਧੀ ਸੰਸਾਰ ਪ੍ਰਸਿੱਧ ਕਲਾਕ੍ਰਿਤ ਨੂੰ ਅਪਮਾਨਿਤ ਕਰ ਰਹੇ ਹਨ।
ਪਿਕਾਸੋ ਆਪਣੀ ਮਾਤਭੂਮੀ `ਤੇ ਰਹਿੰਦਿਆਂ ਸਪੇਨ ਦੇ ਤਾਨਾਸ਼ਾਹ ਜਨਰਲ ਫਰਾਂਸਿਸਕੋ ਫਰੈਂਕੋ ਦੀਆਂ ਫਾਸ਼ੀਵਾਦੀ ਕਾਰਵਾਈਆਂ ਦਾ ਵਿਰੋਧੀ ਰਿਹਾ ਅਤੇ ਉਲਟਾ ਫਾਸ਼ੀਵਾਦੀ ਹਕੂਮਤ ਉਸ ਦੀ ਕਲਾ ਤੋਂ ਤ੍ਰਹਿੰਦੀ ਰਹੀ। ਉਸ ਨੇ ਸਪੇਨ ਤੋਂ ਜਲਾਵਤਨੀ ਮਗਰੋਂ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਵਰ੍ਹੇ ਫਰਾਂਸ ਵਿਚ ਹੀ ਗੁਜ਼ਾਰੇ। ਇੱਥੇ ਉਹ ਫਰਾਂਸ ਦੀ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ। ਦੂਜੀ ਆਲਮੀ ਜੰਗ ਸਮੇਂ ਨਾਜ਼ੀ ਫ਼ੌਜ ਵੱਲੋਂ ਉਸ ਦੀ ਕਲਾ ਦੀਆਂ ਜਨਤਕ ਪ੍ਰਦਰਸ਼ਨੀਆਂ ਨੂੰ ਜਬਰੀ ਰੋਕ ਦਿੱਤਾ ਗਿਆ ਸੀ ਪਰ ਕੁਝ ਬਾਗ਼ੀ ਗਰੁੱਪਾਂ ਵੱਲੋਂ ਪਿਕਾਸੋ ਨੂੰ ਪਨਾਹ ਦੇ ਨਾਲ-ਨਾਲ ਚਿੱਤਰਕਾਰੀ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਰਹੀ। 1944 ਵਿਚ ਫਰੈਂਚ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਤੋਂ ਬਾਅਦ ਉਸ ਨੇ ਫਰੈਂਚ ਅਖ਼ਬਾਰ ਵਿਚ ਲਿਖਿਆ- ‘ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਲੈਣੀ ਮੇਰੀ ਪੂਰੀ ਜ਼ਿੰਦਗੀ ਤੇ ਸਮੁੱਚੇ ਕਲਾ ਕੰਮ ਦਾ ਤਾਰਕਿਕ ਸਿੱਟਾ ਹੈ। ਐਨੇ ਸਾਲਾਂ ਦੇ ਭਿਆਨਕ ਜਬਰ ਨੇ ਮੈਨੂੰ ਸਿਖਾ ਦਿੱਤਾ ਹੈ ਕਿ ਮੈਨੂੰ ਇਸ ਜ਼ੁਲਮ ਖਿਲਾਫ਼ ਜ਼ਰੂਰ ਲੜਨਾ ਚਾਹੀਦਾ ਹੈ, ਮਹਿਜ਼ ਕਲਾ ਰਾਹੀਂ ਹੀ ਨਹੀਂ ਬਲਕਿ ਤਨੋ-ਮਨੋ।`
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਬਣੇ ਵੱਡ-ਆਕਾਰੀ ਅਜਾਇਬ ਘਰ ਵਿਚ ਇਹ ਚਿੱਤਰ ਅੱਜ ਵੀ ਵਿਸ਼ਵ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਬਿਨਾ ਦਰਜਨਾਂ ਹੋਰ ਚਿੱਤਰ, ਸਕੈੱਚ, ਮੂਰਤੀਆਂ, ਤਾਂਬੇ ਅਤੇ ਚੀਨੀ ਦੇ ਬਰਤਨਾਂ ਉੱਤੇ ਕੀਤੀ ਬਾਕਮਾਲ ਚਿੱਤਰਕਾਰੀ, ਖੋਜ ਪੇਪਰ ਅਤੇ ਪੁਸਤਕਾਂ ਅਜਾਇਬ ਘਰ ਦਾ ਸ਼ਿੰਗਾਰ ਬਣੇ ਹੋਏ ਹਨ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਮੁਤਾਬਿਕ ਉਸ ਨੇ ਕੁੱਲ 100000 ਪ੍ਰਿੰਟ, 34000 ਕਿਤਾਬਾਂ ਦੇ ਚਿੱਤਰ, 300 ਮੂਰਤੀਆਂ ਅਤੇ ਬਹੁਤ ਸਾਰੇ ਚਿੱਤਰ ਤਿਆਰ ਕੀਤੇ ਸਨ। ਕਲਾ ਪ੍ਰਾਪਤੀਆਂ ਕਾਰਨ ਪਿਕਾਸੋ ਨੂੰ ਵੀਹਵੀਂ ਸਦੀ ਦਾ ਆਧੁਨਿਕ ਕਲਾ ਦਾ ਪ੍ਰਭਾਵਸ਼ਾਲੀ ਚਿੱਤਰਕਾਰ ਮੰਨਿਆ ਗਿਆ। ਸੈਲਾਨੀ ਪਾਬਲੋ ਦੇ ਚਿੱਤਰਾਂ ਵਾਲੀਆਂ ਟੀ-ਸ਼ਰਟਾਂ, ਪੈੱਨ, ਕੌਫੀ ਕੱਪ, ਕਿਤਾਬਾਂ, ਕਾਰਡ, ਬੈੱਗ ਆਦਿ ਅਨੇਕਾਂ ਵਰਤੋਂ ਦੀਆਂ ਚੀਜ਼ਾਂ ਦੀ ਖਰੀਦਦੇ ਹਨ। ਅਜਾਇਬ ਘਰ ਅੰਦਰ ਆਪਣੇ ਕੈਮਰੇ `ਚ ਚਿੱਤਰਾਂ ਦੀ ਤਸਵੀਰ ਕੈਦ ਕਰਨ ਦੀ ਕੋਈ ਮਨਾਹੀ ਨਹੀਂ ਹੈ। ਜੇ ਤੁਸੀਂ ਵਿਦਿਆਰਥੀ ਹੋ ਤਾਂ ਟਿਕਟ `ਚ ਵੀ ਕੁਝ ਰਿਆਇਤ ਮਿਲ ਸਕਦੀ ਹੈ। ਪਾਬਲੋ ਪਿਕਾਸੋ ਅਜਾਇਬ ਘਰ ਵਿਚ ਘੁੰਮਦਿਆਂ ਯੂਰਪੀ ਭਵਨ ਨਿਰਮਾਣ ਕਲਾ ਦਾ ਅਨੋਖਾ ਅਹਿਸਾਸ ਵੀ ਮਿਲਦਾ ਹੈ। ਉਸ ਦੇ ਅਜਾਇਬ ਘਰ ਵੱਲ ਜਾਂਦੀਆਂ ਗਲੀਆਂ ਮੱਧਕਾਲੀਨ ਯੂਰਪੀ ਸਾਹਿਤ ਵਿਚ ਚਿਤਰੇ ਸਥਾਨਾਂ ਦਾ ਚੇਤਾ ਕਰਵਾ ਦਿੰਦੀਆਂ ਹਨ। ਇਹਦੇ ਵਿਚੋਂ ਸਪੇਨੀ ਸੱਭਿਆਚਾਰ, ਸਾਹਿਤ ਅਤੇ ਕਲਾ ਦਾ ਆਨੰਦ ਲਿਆ ਜਾ ਸਕਦਾ ਹੈ। ਯੂਰਪ ਵਿਚਲੇ ਅਜਿਹੇ ਅਜਾਇਬ ਘਰ ਅੱਜ ਵੀ ਆਪਣੀ ਪੁਰਾਤਨ ਕਲਾ, ਉਸ ਦੀ ਅਮੀਰੀ, ਵਿਲੱਖਣਤਾ ਅਤੇ ਵਿਰਾਸਤ ਸਾਂਭੀ ਬੈਠੇ ਹਨ। ਪਿਕਾਸੋ ਕਿਹਾ ਕਰਦਾ ਸੀ- ‘ਜ਼ਿੰਦਗੀ ਵਿਚ ਪਿਆਰ ਸਭ ਤੋਂ ਵੱਡੀ ਤਾਜ਼ਗੀ ਹੈ।` ਤੇ ਇਸ ਤਾਜ਼ਗੀ ਦਾ ਅਹਿਸਾਸ ਉਸ ਦੀ ਕਲਾ ਵਿਚੋਂ ਝਲਕਦੇ ਪਿਆਰ, ਸੁੰਦਰਤਾ ਅਤੇ ਸੁਹਜ ਰਾਹੀਂ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਪਾਬਲੋ ਪਿਕਾਸੋ ਦਾ ਪੂਰਾ ਨਾਮ ਪਾਬਲੋ ਡੀਏਗੋ ਖੋਸੇ ਫ੍ਰਾਂਸਿਸਕੋ ਡੀ ਪੌਲਾ ਖੁਆਨ ਨੇਪੋਮੁਸੇਨੋ ਮਾਰੀਆ ਡੇ ਲੋਸ ਰੇਮੇਦੀਓਸ ਸਿਪ੍ਰੀਆਨੋ ਡੇ ਲਾ ਸੈਂਤੀਸਿਮਾ ਤ੍ਰਿਨੀਦਾਦ ਰੁਇਜ਼ ਈ ਪਿਕਾਸੋ (ਜਨਮ 25 ਅਕਤੂਬਰ 1881, ਮੌਤ 8 ਅਪਰੈਲ 1973) ਹੈ। ਉਸ ਦਾ ਜਨਮ ਮਾਰੀਆ ਪਿਕਾਸੋ ਲੋਪੇਜ਼ ਦੀ ਕੁੱਖੋਂ 25 ਅਕਤੂਬਰ 1881 ਨੂੰ ਮੈਲਾਗਾ, ਸਪੇਨ ਵਿਚ ਹੋਇਆ ਅਤੇ ਉਸ ਦੇ ਪਿਤਾ ਰੁਈਜ਼ ਬਲਾਸਕੋ ਚਿੱਤਰਕਾਰ ਤੇ ਕਲਾ ਅਧਿਆਪਕ ਸਨ। ਪਾਬਲੋ ਅੰਦਰਲੀ ਚਿੱਤਰਕਾਰ ਪ੍ਰਤਿਭਾ ਦੀ ਖੋਜ ਅਤੇ ਵਿਕਾਸ ਵਿਚ ਉਸ ਦੇ ਪਿਤਾ ਦਾ ਵੱਡਾ ਯੋਗਦਾਨ ਹੈ। ਪਿਕਾਸੋ ਦੀ ਇਸੇ ਪ੍ਰਤਿਭਾ ਕਾਰਨ ਬਹੁਤ ਛੋਟੀ ਉਮਰ ਵਿਚ ਉਸ ਦੀਆਂ ਰਚਨਾਵਾਂ ਸਪੈਨਿਸ਼ ਮੈਗਜ਼ੀਨ ‘ਆਰਤੇ ਖੋਵਿਨ` (ਨੌਜਵਾਨ ਪ੍ਰਤਿਭਾ) ਵਿਚ ਪ੍ਰਕਾਸ਼ਿਤ ਹੋਣ ਲੱਗ ਗਈਆਂ ਸਨ। 1892 ਵਿਚ ਉਹ ਗੁਆਰਦਾ ਸਕੂਲ ਵਿਚ ਫਾਈਨ ਆਰਟਸ ਦੀ ਪੜ੍ਹਾਈ ਕਰਨ ਤੋਂ ਬਾਅਦ ਬਾਰਸੀਲੋਨਾ ਚਲੇ ਗਏ ਜਿੱਥੇ ਫਾਈਨ ਆਰਟਸ ਦੀ ਉਚੇਰੀ ਸਿੱਖਿਆ ਹਾਸਲ ਕੀਤੀ। ਪਿਕਾਸੋ ਦੇ ਕੰਮ ਨੂੰ ਬਲੂ ਪੀਰੀਅਡ (1901-1904), ਰੋਜ਼ ਪੀਰੀਅਡ (1904-1906), ਅਫਰੀਕਨ-ਪ੍ਰਭਾਵਿਤ ਪੀਰੀਅਡ (1907-1909), ਵਿਸ਼ਲੇਸ਼ਣਾਤਮਕ ਘਣਵਾਦ (1909-1912), ਅਤੇ ਸਿੰਥੈਟਿਕ ਕਿਊਬਿਜ਼ਮ (1912-1919) ਆਦਿ ਕਾਲਾਂ ਵਿਚ ਵੰਡਿਆ ਜਾਂਦਾ ਹੈ।
1911 ਵਿਚ ਪਿਕਾਸੋ ਦੀ ਜ਼ਿੰਦਗੀ ਵਿਚ ਈਵਾ ਗੋਏਲ ਨਾਮ ਦੀ ਖ਼ੂਬਸੂਰਤ ਔਰਤ ਆਈ ਜਿਸ ਨੇ ਉਸ ਦੇ ਪ੍ਰਸਿੱਧ ਚਿੱਤਰ ‘ਗਿਟਾਰ ਵਾਲੀ ਸੁੰਦਰੀ` ਲਈ ਪੋਜ਼ ਦਿੱਤਾ ਸੀ। ਉਹ ਆਪਣੀ ਮੌਤ (1915) ਤੱਕ ਉਸ ਦੇ ਸੰਗ ਰਹੀ। 1918 ਵਿਚ ਪਿਕਾਸੋ ਇੱਕ ਰੂਸੀ ਕਵੀ ਦੇ ਲਿਖੇ ਕਾਵਿ-ਨਾਟਕ ਦੇ ਸੈੱਟ ਦੀ ਤਿਆਰੀ ਕਰ ਰਿਹਾ ਸੀ ਤੇ ਉਸ ਕਾਵਿ-ਨਾਟਕ ਵਿਚ ਰੂਸੀ ਨ੍ਰਤਕੀ ਓਲਗਾ ਕੋਖਲੋਵਾ ਨ੍ਰਿਤ ਕਰ ਰਹੀ ਸੀ। ਪਿਕਾਸੋ ਨੇ ਉਸ ਨਾਲ ਪ੍ਰੇਮ ਵਿਆਹ ਕਰਵਾ ਲਿਆ। 1921 ਵਿਚ ਉਨ੍ਹਾਂ ਦੇ ਘਰ ਪਾਓਲੋ ਨਾਮ ਦੇ ਬੱਚੇ ਨੇ ਜਨਮ ਲਿਆ। ਪਿਕਾਸੋ ਅਤੇ ਓਲਗਾ ਲੜਦੇ-ਝਗੜਦੇ ਓਲਗਾ ਦੀ ਮੌਤ (1955) ਤੱਕ ‘ਇਕੱਠੇ` ਰਹੇ ਪਰ ਇਨ੍ਹਾਂ ਵਰਿ੍ਹਆਂ ਦਰਮਿਆਨ 46 ਸਾਲਾ ਪਿਕਾਸੋ 17 ਸਾਲਾ ਮੈਰੀ ਥੇਰੇਸ (‘ਸ਼ੀਸ਼ੇ ਮੂਹਰੇ ਬੈਠੀ ਕੁੜੀ`-1932 ਪੇਟਿੰਗ ਦਾ ਵਿਸ਼ਾ ਰਹੀ ਕੁੜੀ) ਨਾਲ ਰਹਿੰਦਾ ਰਿਹਾ। 1935 ਵਿਚ ਉਨ੍ਹਾਂ ਦੇ ਘਰ ਮਾਇਆ ਨਾਮ ਦੀ ਬੱਚੀ ਪੈਦਾ ਹੋਈ। 1936 ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਰਾਹ ਵੱਖੋ-ਵੱਖਰੇ ਹੋ ਗਏ। ਦੂਜੀ ਆਲਮੀ ਜੰਗ ਤੋਂ ਬਾਅਦ ਉਸ ਦੇ ਇੱਕ ਵਿਦਿਆਰਥਣ ਨਾਲ ਸਬੰਧ ਰਹੇ ਜਿਸ ਤੋਂ ਕਲਾਊਦੀ (1947) ਤੇ ਪਾਲੋਮਾ (1949) ਨਾਮ ਦੇ ਦੋ ਬੱਚੇ ਪੈਦਾ ਹੋਏ। ਉਹ ਔਰਤਾਂ ਦਾ ਚਹੇਤਾ ਸੀ ਤੇ ਔਰਤਾਂ ਉਸ ਦੀ ਕਮਜ਼ੋਰੀ। 72 ਸਾਲਾ ਪਿਕਾਸੋ ਦਾ ਦੂਜਾ ਤੇ ਆਖ਼ਰੀ ਵਿਆਹ 26 ਸਾਲਾ ਜੈਕਲੀਨ ਰੂਕੇ ਨਾਲ 1961 ਵਿਚ ਹੋਇਆ ਜੋ ਪਿਕਾਸੋ ਦੀ ਮੌਤ (1973) ਤੱਕ ਬਰਕਰਾਰ ਰਿਹਾ। ਉਸ ਦੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਵਿਚ ਔਰਤ ਅਤੇ ਉਸ ਦੀ ਸੁੰਦਰਤਾ ਦਾ ਖ਼ਾਸ ਚਿਤਰਨ ਸ਼ਾਮਲ ਰਿਹਾ।
ਪਿਕਾਸੋ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਪੈਰਿਸ ਵਿਚ ਬਿਤਾਇਆ। 1940 ਵਿਚ ਉਸ ਨੇ ਫਰਾਂਸੀਸੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਜਿਸ ਨੂੰ ‘ਅਤਿ ਦੇ ਵਿਚਾਰਾਂ ਜੋ ਕਮਿਊਨਿਜ਼ਮ ਵਿਚ ਵਿਕਸਤ ਹੋ ਸਕਦੇ ਹਨ` ਕਹਿ ਕੇ ਰੱਦ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ 2003 ਵਿਚ ਸਾਹਮਣੇ ਆਈ। 1950 ਵਿਚ ਭਾਵੇਂ ਉਸ ਨੂੰ ਸਟਾਲਿਨ ਸ਼ਾਂਤੀ ਪੁਰਸਕਾਰ ਮਿਲਿਆ, ਉਹ ਆਪਣੀ ਮੌਤ ਤੱਕ ਫਰੈਂਚ ਕਮਿਊਨਿਸਟ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਅਤੇ ਉਹ ਆਪਣੇ ਚਿੱਤਰਾਂ ਨੂੰ ਕਮਿਊਨਿਸਟ ਪੇਂਟਿੰਗਾਂ ਆਖਦਾ ਰਿਹਾ ਪਰ ਉਸ ਨੂੰ ਮਾਰਕਸਵਾਦੀ ਫਲਸਫ਼ੇ ਦਾ ਕੋਈ ਬਹੁਤਾ ਇਲਮ ਨਹੀਂ ਸੀ। ਬਸ ਕਮਿਊਨਿਜ਼ਮ `ਚ ਉਸ ਦੀ ਭਾਵੁਕ ਖਿੱਚ ਸੀ ਜੋ ਆਖ਼ਰੀ ਸਾਹ ਤੱਕ ਬਣੀ ਰਹੀ। ਉਸ ਨੇ ਅਮਰੀਕੀ ਸ਼ਹਿ ਪ੍ਰਾਪਤ ਕੋਰੀਅਨ ਯੁੱਧ (1951-53) ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਇਸ ਯੁੱਧ ਵਿਚ ਅਮਰੀਕੀ ਦਖਲਅੰਦਾਜ਼ੀ ਨੂੰ ਬਿਆਨਦਾ ਚਿੱਤਰ ਬਣਾਇਆ ਜਿਸ ਵਿਚ ਹਥਿਆਰਬੰਦ ਦਸਤੇ ਬੱਚੇ ਅਤੇ ਨਗਨ ਔਰਤਾਂ ਉੱਤੇ ਬੰਦੂਕਾਂ ਤਾਣੀ ਖੜ੍ਹੇ ਦਿਖਾਏ ਗਏ। 1949 ਵਿਚ ਉਸ ਨੇ ਜੰਗ ਅਤੇ ਸਾਮਰਾਜ ਵਿਰੋਧੀ ‘ਵਿਸ਼ਵ ਸ਼ਾਂਤੀ ਕੌਂਸਲ` ਸਮੇਂ ਸ਼ਾਂਤੀ ਨੂੰ ਦਰਸਾਉਂਦੀ ਅਮਨ ਚੈਨ ਦੀ ਘੁੱਗੀ ਦੀ ਤਸਵੀਰ ਬਣਾਈ। 1962 ਵਿਚ ਉਸ ਨੂੰ ਲੈਨਿਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਸ ਦੀ ਜ਼ਿੰਦਗੀ ਅੱਯਾਸ਼ੀ ਭਰੀ ਰਹੀ; ਇਸੇ ਕਰ ਕੇ ਉਸ ਦੇ ਬਣਾਏ ਕੁਝ ਚਿੱਤਰਾਂ ਉੱਤੇ ਨੰਗੇਜ਼ਵਾਦ ਦੇ ਦੋਸ਼ ਵੀ ਲੱਗਦੇ ਰਹੇ। ਪਿਕਾਸੋ ਭਾਵੇਂ ਸਾਰੀ ਜ਼ਿੰਦਗੀ ਆਪਣੇ-ਆਪ ਨੂੰ ਕਮਿਊਨਿਸਟ ਮੰਨਦਾ ਰਿਹਾ ਪਰ ਉਹ ਕਮਿਊਨਿਸਟ ਕਿਰਦਾਰ ਤੇ ਵਿਚਾਰਾਂ ਦੇ ਹਾਣ ਦਾ ਕਦੇ ਨਹੀਂ ਰਿਹਾ। ਫਾਸ਼ੀਵਾਦ ਵਿਰੋਧੀ ਸੁਰ ਦੇ ਬਾਵਜੂਦ ਉਸ ਦੀ ਕਲਾ ਮਜ਼ਦੂਰ ਜਮਾਤ ਨਾਲੋਂ ਵੱਧ ਮੱਧਵਰਗੀ ਸੁਹਜ-ਸੁਆਦ ਦੇ ਜ਼ਿਆਦਾ ਨੇੜੇ ਸੀ।
ਨੌਂ ਮਾਰਚ 1963 ਨੂੰ ਬਾਰਸੀਲੋਨਾ ਦੇ ਕਤਲੋਨੀਆ ਵਿਚ ਪੰਜ ਮੱਧਕਾਲੀਨ ਜਗ੍ਹਾਵਾਂ ਜੋੜ ਕੇ ‘ਮੋਸੀਓ ਪਿਕਾਸੋ` (ਪਿਕਾਸੋ ਮਿਊਜ਼ੀਅਮ) ਬਣਾਇਆ ਗਿਆ। ਇੱਥੇ ਪਿਕਾਸੋ ਦੀਆਂ 4251 ਕਲਾਕ੍ਰਿਤਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਮਿਊਜ਼ੀਅਮ ਖੋਲ੍ਹਣ ਵਿਚ ਪਿਕਾਸੋ ਦੇ ਨੇੜਲੇ ਸਾਥੀ ਜਿਊਮੇ ਸਾਬਾਰਤੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਸ ਨੇ ਸ਼ੁਰੂ ਵਿਚ ਪਿਕਾਸੋ ਦੁਆਰਾ ਉਸ ਨੂੰ ਸੌਂਪੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਸਮਾਂ ਪਾ ਕੇ ਦਾਨੀਆਂ ਦੀ ਮਦਦ ਨਾਲ ਇਹ ਵੱਡ-ਆਕਾਰੀ ਅਜਾਇਬ ਘਰ ਦਾ ਰੂਪ ਧਾਰਨ ਕਰ ਗਿਆ। ਬਾਅਦ ਵਿਚ ਇਹ ਰਾਸ਼ਟਰੀ ਅਜਾਇਬ ਘਰ ਵਿਚ ਤਬਦੀਲ ਹੋ ਗਿਆ ਅਤੇ ਹੁਣ ਤਕਨੀਕ ਦੇ ਤੇਜ਼ੀ ਨਾਲ ਵਧਦੇ ਦੌਰ ਅੰਦਰ ਇਸ ਦੇ ਚਰਚੇ ਟਵਿੱਟਰ, ਫੇਸਬੁੱਕ ਅਤੇ ਫਲਿਕਰ `ਤੇ ਹੋਣੇ ਸ਼ੁਰੂ ਹੋ ਗਏ।
ਸਪੇਨ ਦਾ ਰਾਜਾਸ਼ਾਹੀ ਤੋਂ ਲੈ ਕੇ ਸਪੇਨੀ ਸਾਮਰਾਜ ਬਣਨ ਤੱਕ ਦਾ ਲੰਮਾ ਇਤਿਹਾਸ ਰਿਹਾ ਹੈ। ਸਪੇਨੀ ਸਾਮਰਾਜ ਦੇ ਵਿਸਥਾਰ ਦੇ ਨਾਲ-ਨਾਲ ਸਪੈਨਿਸ਼ ਭਾਸ਼ਾ ਅਤੇ ਸੱਭਿਆਚਾਰ ਨੇ ਵੀ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਆਪਣਾ ਗਲਬਾ ਕਾਇਮ ਕੀਤਾ। ਲਾਤੀਨੀ ਅਮਰੀਕਾ ਸਪੇਨੀ ਸਾਮਰਾਜ ਦੀ ਵਿਸਥਾਰਵਾਦੀ ਨੀਤੀ ਦਾ ਸਦੀਆਂ ਤੱਕ ਸ਼ਿਕਾਰ ਰਿਹਾ। ਲਾਤੀਨੀ ਮੁਲਕਾਂ ਦੀਆਂ ਸਥਾਨਕ ਬੋਲੀਆਂ, ਪੁਰਾਤਨ ਸਥਾਨਕ ਸੱਭਿਆਚਾਰ, ਸੰਗੀਤ ਤੇ ਵੱਖ-ਵੱਖ ਕੋਮਲ ਕਲਾਵਾਂ ਉੱਤੇ ਸਪੇਨੀ ਸਾਮਰਾਜੀ ਭਾਸ਼ਾ (ਸਪੈਨਿਸ਼) ਅਤੇ ਸੱਭਿਆਚਾਰ ਦਾ ਪੂਰਾ ਪ੍ਰਭਾਵ ਰਿਹਾ। ਅੱਜ ਵੀ ਸਪੈਨਿਸ਼ ਸਾਮਰਾਜ ਦੇ ਦਾਬੇ ਹੇਠ ਰਹੇ ਮੁਲਕਾਂ ਵਿਚ ਸਪੈਨਿਸ਼ ਸਾਹਿਤ, ਸੱਭਿਆਚਾਰ ਅਤੇ ਕਲਾਵਾਂ ਦੇ ਕੇਂਦਰ ਵੱਡੀ ਤਦਾਦ ਵਿਚ ਸਥਾਪਿਤ ਹਨ। ਉਂਝ ਵੀ ਵਿਸ਼ਵ ਵਿਰਾਸਤੀ ਮੁਕਾਮਾਂ ਵਿਚੋਂ ਸਪੇਨ ਦਾ ਚੌਥਾ ਨੰਬਰ ਹੈ ਅਤੇ ਇੱਥੇ ਦੁਨੀਆ ਭਰ ਵਿਚੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਜਿੱਥੇ ਸਪੇਨੀ ਸਾਹਿਤ, ਸੰਗੀਤ, ਸੱਭਿਆਚਾਰ ਅਤੇ ਕਲਾ ਦੇ ਸੰਸਾਰ ਵਿਚ ਚੋਖੇ ਪ੍ਰਭਾਵ ਕਾਰਨ ਪਾਬਲੋ ਪਿਕਾਸੋ ਜਾਣੀ-ਪਛਾਣੀ ਵਿਸ਼ਵ ਪ੍ਰਤਿਭਾ ਹੈ, ਉੱਥੇ ਉਸ ਦੀ ਫਾਸ਼ੀਵਾਦੀ ਵਿਰੋਧੀ ਸੁਰ ਕਾਰਨ ਹਰਮਨ ਪਿਆਰਤਾ ਬਣੀ ਹੋਈ ਹੈ।
ਸਪੇਨ ਵਿਚ 1939 ਤੋਂ 1975 ਤੱਕ ਦਾ ਦੌਰ ਇਤਿਹਾਸ ਵਿਚ ਖ਼ਾਸ ਤੌਰ `ਤੇ ਫਾਸ਼ੀਵਾਦੀ ਤਾਨਾਸ਼ਾਹੀ (ਫਰਾਂਸਿਸਕੋ ਫਰੈਂਕੋ ਦੀ ਅਗਵਾਈ ਹੇਠ) ਦਾ ਦੌਰ ਸੀ ਅਤੇ ਇਹੀ ਸਮਾਂ ਪਾਬਲੋ ਪਿਕਾਸੋ ਦੀ ਕਲਾ ਦੀ ਚੜ੍ਹਤ ਦਾ ਸਮਾਂ ਸੀ। ਉਸ ਦੀ ਕਲਾ ਦੀ ਪ੍ਰਸਿੱਧੀ ਪਿੱਛੇ ਅਸਲ ਕਾਰਨ ਵੀ ਉਸ ਦੀ ਫਾਸ਼ੀਵਾਦੀ ਤਾਨਾਸ਼ਾਹ ਹਕੂਮਤ ਦੀ ਬਰਬਰਤਾ ਦੀ ਪੇਸ਼ਕਾਰੀ ਅਤੇ ਵਿਰੋਧ ਸੀ। ਕਲਾ ਪ੍ਰੇਮੀ ਭਾਵੇਂ ਉਸ ਦੀ ਕਲਾ, ਕਵਿਤਾ, ਨਾਟਕਾਂ ਤੇ ਚਿੱਤਰਕਲਾ ਵਿਚਲੇ ਖੋਜ ਕਾਰਨ ਨੂੰ ਹੋਰ ਸੂਖ਼ਮ, ਸੁੰਦਰ ਤੇ ਸੰਵੇਦਨਸ਼ੀਲ ਪੱਖਾਂ ਤੋਂ ਵੀ ਵਾਚਦੇ ਹਨ ਪਰ ਉਸ ਦੀ ਵਿਸ਼ਵ ਪ੍ਰਸਿੱਧੀ ਉਸ ਦੇ ਵਿਚਾਰਾਂ ਤੇ ਕਲਾ ਵਿਚਲੀ ਸਿਆਸੀ ਅਪੀਲ ਕਰ ਕੇ ਜ਼ਿਆਦਾ ਰਹੀ ਹੈ।