ਪਰਵਾਸ-5: ਪੰਜਾਬੀ ਪਰਵਾਸੀ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਝੰਡਾਬਰਦਾਰੀ

ਗੁਰਬਚਨ ਸਿੰਘ ਭੁੱਲਰ
ਇਸ ਗੱਲ ਦਾ ਬੜਾ ਮਾਣ ਕੀਤਾ ਜਾਂਦਾ ਹੈ ਕਿ ਸਾਡੇ ਪੰਜਾਬੀ ਦੁਨੀਆ ਦੇ ਬਹੁਤੇ ਦੇਸਾਂ ਵਿਚ ਪਹੁੰਚੇ ਹੋਏ ਹਨ ਅਤੇ ਉਹ ਜਿੱਥੇ ਵੀ ਜਾਂਦੇ ਹਨ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਆਪਣੇ ਨਾਲ ਲੈ ਕੇ ਜਾਂਦੇ ਹਨ। ਇਕ ਟੋਟਕਾ ਮਸ਼ਹੂਰ ਹੈ ਕਿ ਜਦੋਂ ਅਮਰੀਕੀ ਪੁਲਾੜ-ਯਾਤਰੀ ਚੰਦ ਉੱਤੇ ਪਹੁੰਚਣ ਵਾਲੇ ਪਹਿਲੇ ਮਨੁੱਖ ਹੋਣ ਦੇ ਦਾਅਵੇ ਨਾਲ ਉੱਤਰੇ, ਅੱਗੇ ਇਕ ਪੰਜਾਬੀ ਆਪਣੇ ਛੱਪਰ ਦੇ ਮੱਥੇ ਉੱਤੇ ਗੁਰਮੁਖੀ ਵਿਚ ‘ਸ਼ੇਰੇ ਪੰਜਾਬ ਢਾਬਾ’ ਲਿਖ ਕੇ ਬੈਠਾ ਪਕੌੜੇ ਤਲ਼ ਰਿਹਾ ਸੀ।

ਕਿਹਾ ਜਾਂਦਾ ਹੈ, “ਪੰਜਾਬੀ ਪਰਵਾਸੀਆਂ ਨੇ ਹਰ ਥਾਂ ਪੰਜਾਬੀਅਤ ਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ। ਉਥੇ ਉਹ, ਭਾਵੇਂ ਗੁਰਦੁਆਰਿਆਂ ਵਿਚ ਹੀ ਸਹੀ, ਅਗਲੀ ਪੀੜ੍ਹੀ ਨੂੰ ਪੰਜਾਬੀ ਪੜ੍ਹਾ ਰਹੇ ਹਨ। ਅਨੇਕ ਲੇਖਕ ਪੰਜਾਬੀ ਸਾਹਿਤ ਰਚ ਰਹੇ ਹਨ ਤੇ ਵੱਡੇ-ਵੱਡੇ ਸਾਹਿਤਕ ਸਮਾਗਮ ਹੁੰਦੇ ਹਨ। ਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਗਈ ਹੈ।” ਇਹ ਗੱਲ ਆਮ ਕਰਕੇ ਸੋਚੀ ਹੀ ਨਹੀਂ ਜਾਂਦੀ ਕਿ ਇਹ ਸਭ ਕੁਛ ਕਿਹੜੇ ਪੰਜਾਬੀ ਕਰ ਰਹੇ ਹਨ!
ਪਰਦੇਸਾਂ ਤੋਂ ਫੋਨ ਕਰਦੇ ਮਿਹਰਬਾਨ ਪਾਠਕਾਂ ਨੂੰ ਮੈਂ ਉਚੇਚਾ ਪੁਛਦਾ ਹਾਂ ਕਿ ਤੁਹਾਡੇ ਘਰ-ਪਰਿਵਾਰ ਵਿਚ ਪੰਜਾਬੀ ਅਖ਼ਬਾਰ ਕੌਣ-ਕੌਣ ਪੜ੍ਹਦਾ ਹੈ? ਸਭ ਦੇ ਜਵਾਬਾਂ ਵਿਚ ਸਾਂਝੀ ਗੱਲ ਇਹੋ ਹੁੰਦੀ ਹੈ ਕਿ ਪਰਿਵਾਰ ਦੇ ਇਧਰੋਂ ਗਏ ਵੱਡੇ ਜੀਅ ਹੀ ਨਜ਼ਰ ਮਾਰਦੇ ਹਨ। ਜੇ ਬੱਚਿਆਂ ਬਾਰੇ ਪੁੱਛੀਏ, ਜਵਾਬ ਮਿਲਦਾ ਹੈ, “ਵਾਹਿਗੁਰੂ ਵਾਹਿਗੁਰੂ ਕਰੋ ਜੀ! ਪੜ੍ਹਨੇ ਤਾਂ ਦੂਰ ਦੀ ਗੱਲ ਹੈ, ਉਹ ਤਾਂ ਇਨ੍ਹਾਂ ਵੱਲ ਝਾਕਦੇ ਵੀ ਨਹੀਂ!” ਜਿਹੜੇ ਲੋਕ ਉਧਰ ਜੰਮੀ ਪੀੜ੍ਹੀ ਨੂੰ ਘਰੇ ਜਾਂ ਗੁਰਦੁਆਰੇ ਵਿਚ ਪੰਜਾਬੀ ਸਿਖਾਉਣ-ਪੜ੍ਹਾਉਣ ਦੀ ਰੀਝ ਪਾਲ਼ਦੇ ਹਨ, ਉਹ ਬੱਚੇ ਦੇ ਵੱਡਾ ਹੋਣ ਦੇ ਨਾਲ ਹੀ ਨਿਹਫਲ ਹੋ ਜਾਂਦੀ ਹੈ। ਭਾਸ਼ਾ ਵਰਤਿਆਂ ਹੀ ਬੰਦੇ ਨਾਲ ਜੁੜੀ ਰਹਿ ਸਕਦੀ ਹੈ। ਅਣਵਰਤੀ ਭਾਸ਼ਾ ਦਾ ਸ਼ਬਦ-ਸਮੂਹ ਤੇ ਸੁਹੱਪਣ ਹੌਲ਼ੀ-ਹੌਲ਼ੀ ਮਨ ਵਿਚੋਂ ਕਿਰਦਾ ਜਾਂਦਾ ਹੈ। ਜਦੋਂ ਕੋਸ਼ਿਸ਼ਾਂ ਨਾਲ ਪੰਜਾਬੀ ਸਿਖਾਏ ਬੱਚਿਆਂ ਨੂੰ ਆਲੇ-ਦੁਆਲੇ, ਸਕੂਲ ਵਿਚ, ਦੋਸਤਾਂ ਨਾਲ, ਮਾਲਾਂ-ਬਾਜ਼ਾਰਾਂ ਵਿਚ ਪੰਜਾਬੀ ਬੋਲਣ ਦਾ ਮੌਕਾ ਨਹੀਂ ਮਿਲਦਾ, ਉਹਦੇ ਵਿਸਰਨ ਦਾ ਅਮਲ ਸ਼ੁਰੂ ਹੋ ਜਾਂਦਾ ਹੈ।
ਇਕ ਪਰਬਤ-ਲੜੀ ਦੀ ਮੂਹਰਲੀ ਪਹਾੜੀ ਉੱਤੇ ਬਣਿਆ ਹੋਣ ਸਦਕਾ ਸੈਨ ਹੋਜ਼ੇ ਦਾ ਗੁਰਦੁਆਰਾ ਤਾਂ ਖ਼ੂਬਸੂਰਤ ਹੈ ਹੀ, ਉਥੋਂ ਪੈਰਾਂ ਵਿਚ ਵਿਛੇ ਸਾਨ ਫ਼ਰਾਂਸਿਸਕੋ ਦਾ ਨਜ਼ਾਰਾ ਵੀ ਬੜਾ ਸੁੰਦਰ ਦਿਸਦਾ ਹੈ, ਖਾਸ ਕਰ ਕੇ ਰਾਤ ਨੂੰ। ਦੂਰ-ਦੂਰ ਤੱਕ ਸ਼ਹਿਰੀ ਰੌਸ਼ਨੀਆਂ ਜਿਵੇਂ ਸਮੁੰਦਰ ਵਿਚ ਲੱਖਾਂ ਦੀਵੇ ਤੈਰ ਰਹੇ ਹੋਣ। ਉਥੇ ਜਾਣ ਦਾ ਇਕ ਤੋਂ ਵੱਧ ਵਾਰ ਸਬੱਬ ਬਣਿਆ। ਜੇ ਭੋਜਨ ਦਾ ਵੇਲ਼ਾ ਹੁੰਦਾ, ਅਸੀਂ ਲੰਗਰ ਵੀ ਛਕਦੇ। ਇਕ ਦਿਨ ਪ੍ਰਸ਼ਾਦੇ ਵਰਤਾਉਂਦੀ 18-20 ਸਾਲ ਦੀ ਲੜਕੀ ਨੂੰ ਮੈਂ ਕਿਹਾ, “ਬੇਟਾ, ਬੱਸ ਸਵਾ ਲੱਖ ਪ੍ਰਸ਼ਾਦਾ!” ਉਹ ਬੋਲੀ, “ਵ੍ਹਟ ਅੰਕਲ?” ਮੈਂ ਆਪਣੀ ਭੁੱਲ ਸੋਧਦਿਆਂ ਕਿਹਾ, “ਓਨਲੀ ਵਨ…” ਤੇ ਅੱਗੇ ਮੈਨੂੰ ਪ੍ਰਸ਼ਾਦੇ ਜਾਂ ਰੋਟੀ ਦੀ ਅੰਗਰੇਜ਼ੀ ਨਾ ਆਈ ਪਰ “ਓਨਲੀ ਵਨ” ਨੇ ਕੰਮ ਸਾਰ ਦਿੱਤਾ। ਇਕ ਹੋਰ ਦਿਨ ਅਸੀਂ ਉਸੇ ਗੁਰਦੁਆਰੇ ਵਿਚ ਗਏ ਤਾਂ ਲੰਗਰ ਕਿਸੇ ਪਰਿਵਾਰ ਵੱਲੋਂ ਸੀ। ਸੱਤ-ਅੱਠ ਸਾਲਾਂ ਦੀ ਉਮਰ ਦੇ ਇਕ ਬੱਚੇ ਕੋਲ ਪ੍ਰਸ਼ਾਦਿਆਂ ਦਾ ਛੋਟਾ ਜਿਹਾ ਛਾਬਾ ਸੀ ਅਤੇ ਇਕ ਬੱਚੀ ਕੋਲ ਛੋਟੀ ਜਿਹੀ ਬਾਲਟੀ ਵਿਚ ਸਬਜ਼ੀ ਸੀ। ਉਹ ਪੰਗਤ ਕੋਲੋਂ ਲੰਘਦੇ “ਪ੍ਰਸ਼ਾਦਾ ਵਾਹਿਗੁਰੂ” ਤੇ “ਸਬਜ਼ੀ ਵਾਹਿਗੁਰੂ” ਦੁਹਰਾ ਰਹੇ ਬੜੇ ਹੀ ਪਿਆਰੇ ਲਗਦੇ ਸਨ। ਸਾਨੂੰ ਖ਼ੁਸ਼ ਤੇ ਅਚੰਭਿਤ ਹੋ ਕੇ ਉਨ੍ਹਾਂ ਵੱਲ ਦੇਖਦਿਆਂ ਦੇਖ ਕੇ ਸਾਡੇ ਕੋਲ ਬੈਠਾ ਇਕ ਸੱਜਨ, ਸ਼ਾਇਦ ਇਹ ਸੋਚ ਕੇ ਕਿ ਅਸੀਂ ਉਨ੍ਹਾਂ ਦੀ ਪੰਜਾਬੀ ਤੋਂ ਪ੍ਰਭਾਵਿਤ ਹੋਏ ਹਾਂ, ਮੁਸਕਰਾਇਆ, “ਬੱਸ ਜੀ, ਇਨ੍ਹਾਂ ਨੂੰ ਏਨੀ ਕੁ ਪੰਜਾਬੀ ਹੀ ਆਉਂਦੀ ਹੈ! ਫਰਰ-ਫਰਰ ਤਾਂ ਇਹ ਅੰਗਰੇਜ਼ੀ ਹੀ ਬੋਲਦੇ ਨੇ।”
ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਦੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀ। ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇਧਰ ਬਿਤਾ ਕੇ ਗਏ ਹਨ। ਉਨ੍ਹਾਂ ਦੇ ਧੀਆਂ-ਪੁੱਤ ਉਨ੍ਹਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਲੋੜ ਨਾ ਹੋਣ ਕਰਕੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਉਨ੍ਹਾਂ ਦੇ ਬੱਚੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ। ਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈ। ਕਿਸੇ ਦੇਸ ਦੇ ਭਾਸ਼ਾਈ-ਸਭਿਆਚਾਰਕ ਸਮੁੰਦਰ ਵਿਚ ਬਾਹਰੋਂ ਜਾ ਕੇ ਪਈ ਕਿਸੇ ਭਾਸ਼ਾ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਹੋਂਦ ਬਣਾਈ ਰੱਖਣ ਦੀ ਆਸ ਕਰਨਾ ਸਿਆਣਪ ਨਹੀਂ। ਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਵੱਡਿਆਂ ਨਾਲ ਮਿਲ ਕੇ ਦੇਸੀ ਤਿਹਾਰ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਸਥਾਨਕ ਤਿਹਾਰ ਮਨਾਉਣ ਦਾ ਵਧੇਰੇ ਉਤਸ਼ਾਹ ਦਿਖਾਉਂਦੀਆਂ ਹਨ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ।
ਕਾਫ਼ੀ ਪੁਰਾਣੀ ਗੱਲ ਹੈ, ਬਠਿੰਡਾ ਤੋਂ ਗੱਡੀ ਵਿਚ ਮੇਰੇ ਸਾਹਮਣੇ ਪੂਰੇ ਪੰਜਾਬੀ ਲਿਬਾਸ ਵਿਚ ਦੋ ਗੋਰਖਾ ਮੁਟਿਆਰਾਂ ਬੈਠੀਆਂ ਸਨ। ਸਾਰੇ ਰਾਹ ਉਹ ਆਪਸ ਵਿਚ ਨਾ ਸਿਰਫ਼ ਪੰਜਾਬੀ ਵਿਚ ਸਗੋਂ ਸਾਡੇ ਪਿੰਡਾਂ ਦੇ ਲਹਿਜ਼ੇ ਵਾਲ਼ੀ ਪੰਜਾਬੀ ਵਿਚ ਗੱਲਾਂ ਕਰਦੀਆਂ ਰਹੀਆਂ। ਸਬੱਬ ਨਾਲ ਉਹ ਵੀ ਮੇਰੇ ਸ਼ਹਿਰ ਰਾਮਪੁਰਾ ਫੂਲ ਹੀ ਉੱਤਰੀਆਂ। ਮੇਰੇ ਦੋਸਤ ਨੇ ਦੱਸਿਆ, ਉਨ੍ਹਾਂ ਦਾ ਨਿਪਾਲੀ ਪਿਤਾ ਜਵਾਨੀ ਵੇਲ਼ੇ ਤੋਂ ਉਥੇ ਸਰਕਾਰੀ ਹਸਪਤਾਲ ਵਿਚ ਸੇਵਾਦਾਰ ਲੱਗਿਆ ਹੋਇਆ ਸੀ ਤੇ ਉਹਦੇ ਬੱਚੀਆਂ-ਬੱਚੇ ਇਥੇ ਹੀ ਜੰਮੇ-ਪਲ਼ੇ ਸਨ। ਪੰਜਾਬ ਵਿਚ ਹੁਣ ਉੱਤਰ ਪ੍ਰਦੇਸ਼ੀਆਂ ਤੇ ਬਿਹਾਰੀਆਂ ਦਾ ਪੰਜਾਬੀਕਰਨ ਤੁਹਾਡੇ ਸਾਹਮਣੇ ਹੈ। ਇਕ ਵਾਰ ਮੈਂ ਖੇਤ ਵਿਚ ਰਹਿੰਦੇ ਇਕ ਰਿਸ਼ਤੇਦਾਰ ਦੇ ਘਰ ਗਿਆ। ਖੇਤ ਵਿਚ ਸਬਜ਼ੀਆਂ ਲਾਉਣ ਵਾਸਤੇ ਰੱਖਿਆ ਹੋਇਆ ਮਾਲੀ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਦੇ ਇਕ ਹਿੱਸੇ ਵਿਚ ਹੀ ਰਹਿ ਰਿਹਾ ਸੀ। ਉਹ ਕਈ ਸਾਲ ਤੋਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚ ਹੀ ਕੰਮ ਕਰਦਾ ਸੀ। ਉਨ੍ਹਾਂ ਦੇ ਬੇਟਾ-ਬੇਟੀ ਸਰਕਾਰੀ ਸਕੂਲ ਵਿਚ ਪੜ੍ਹਦੇ ਸਨ। ਉਹ ਤੇ ਉਹਦੀ ਪਤਨੀ ਤਾਂ ਭੋਜਪੁਰੀ ਤੇ ਪੰਜਾਬੀ ਦੀ ਖਿਚੜੀ ਬੋਲਦੇ ਸਨ ਪਰ ਦੋਵੇਂ ਬੱਚੇ ਵਧੀਆ ਪੰਜਾਬੀ ਵਿਚ ਹੀ ਬੋਲ ਰਹੇ ਸਨ। ਅਨੇਕ ਉੱਤਰ ਪ੍ਰਦੇਸ਼ੀ ਤੇ ਬਿਹਾਰੀ ਉਨ੍ਹਾਂ ਨੂੰ ਗ਼ੈਰ-ਪੰਜਾਬੀ ਸਮਝ ਕੇ ਬੋਲੀ ਤੁਹਾਡੀ ਹਿੰਦੀ ਦਾ ਜਵਾਬ ਪੰਜਾਬੀ ਵਿਚ ਦਿੰਦੇ ਹਨ। ਕਈਆਂ ਨੇ ਕਿਸੇ ਬਾਹਰਲੇ ਦਖ਼ਲ ਜਾਂ ਦਬਾਅ ਤੋਂ ਬਿਨਾਂ, ਆਪਣੀ ਖ਼ੁਸ਼ੀ ਨਾਲ ਹੀ ਦਾੜ੍ਹੀ-ਕੇਸ ਰੱਖ ਲਏ ਹਨ ਤੇ ਪੱਗਾਂ ਬੰਨ੍ਹ ਲਈਆਂ ਹਨ।
ਜਿਥੋਂ ਤੱਕ ਪਰਦੇਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਸਕੂਲਾਂ ਵਿਚ ਪੰਜਾਬੀ ਪੜ੍ਹਾਏ ਜਾਣ, ਪੰਜਾਬੀਆਂ ਦੇ ਵਸੇਵੇ ਵਾਲੇ ਇਲਾਕਿਆਂ ਵਿਚ ਸੜਕਾਂ ਦੇ ਨਾਂ ਗੁਰਮੁਖੀ ਵਿਚ ਲਿਖੇ ਜਾਣ, ਆਦਿ ਦਾ ਸੰਬੰਧ ਹੈ, ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿਚ ਕਿਸੇ ਭਾਸ਼ਾ ਲਈ ਅਜਿਹੀਆਂ ਸਹੂਲਤਾਂ ਹਾਸਲ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂ। ਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਸਾਡੇ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂ। ਪਰਦੇਸਾਂ ਵਿਚ ਜਿਨ੍ਹਾਂ ਪੰਜਾਬੀ ਸਾਹਿਤ ਸਭਾਵਾਂ ਦੀਆਂ ਬੈਠਕਾਂ ਦੀਆਂ ਖ਼ਬਰਾਂ ਅਤੇ ਸਮਾਗਮਾਂ ਦੀਆਂ ਤਸਵੀਰਾਂ ਛਪਦੀਆਂ ਹਨ, ਉਨ੍ਹਾਂ ਵਿਚ ਇਧਰੋਂ ਜਾ ਕੇ ਵਸੇ ਪੰਜਾਬੀ ਲੇਖਕ, ਉਨ੍ਹਾਂ ਦੇ ਪੰਜਾਬੀ ਦੋਸਤ-ਮਿੱਤਰ ਅਤੇ ਜੇ ਸਾਹਿਤ ਤੋਂ ਐਲਰਜੀ ਨਾ ਹੋਵੇ ਤਾਂ ਜੀਵਨ-ਸਾਥੀ ਸ਼ਾਮਲ ਹੁੰਦੇ ਹਨ। ਇਨ੍ਹਾਂ ਸਭ ਦੀ ਅਗਲੀ ਪੀੜ੍ਹੀ ਗ਼ੈਰ-ਹਾਜ਼ਰ ਹੁੰਦੀ ਹੈ।
ਭਾਸ਼ਾਈ-ਸਭਿਆਚਾਰਕ ਸੱਚ ਇਹੋ ਹੈ ਕਿ ਕਿਸੇ ਵੀ ਬਿਗਾਨੇ ਦੇਸ ਵਿਚ ਪੰਜਾਬੀ ਭਾਸ਼ਾ ਦਾ ਜੀਵਤ ਰਹਿਣਾ ਸੰਭਵ ਨਹੀਂ। ਬੱਚੇ ਮਾਪਿਆਂ ਦੇ ਕਹਿਆਂ ਇਧਰਲੇ ਅਣਦੇਖੇ-ਅਣਜਾਣੇ ਕੁੜੀ-ਮੁੰਡੇ ਨਾਲ ਵਿਆਹ ਤੋਂ ਕੋਰੀ ਨਾਂਹ ਕਰ ਕੇ ਜਦੋਂ ਕਿਸੇ ਸਥਾਨਕ ਦੋਸਤ ਨਾਲ ਵਿਆਹ ਕਰਵਾ ਲੈਂਦੇ ਹਨ, ਉਨ੍ਹਾਂ ਦੇ ਅਪੰਜਾਬੀਕਰਨ ਦਾ ਅਮਲ ਪੂਰਾ ਹੋ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਦੇ ਨਾਂ ਵੀ ਗ਼ੈਰ-ਪੰਜਾਬੀ ਹੋ ਜਾਂਦੇ ਹਨ, ਬਹੁਤੀਆਂ ਸੂਰਤਾਂ ਵਿਚ ਸਹਿਜ-ਸੁਭਾਵਿਕ ਹੀ ਧਰਮ ਵੀ ਸਥਾਨਕ ਹੋ ਜਾਂਦਾ ਹੈ। ਦਸੰਬਰ 2012 ਵਿਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਉਸ ਸਮੇਂ ਦੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ, “ਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ, ਦਿੱਖ ਅਤੇ ਭਾਸ਼ਾ ਵਾਲੇ ਮੰਤਰੀ ਨੇ ਹੱਸ ਕੇ ਉੱਤਰ ਦਿੱਤਾ, “ਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।”
ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦਾ ਪੁੱਤ ਭਰਾ ਦਲੀਪ ਸਿੰਘ ਸੌਂਦ ਪਰਿਵਾਰ ਨਾਲ ਮੁੜ ਆਉਣ ਦਾ ਇਕਰਾਰ ਕਰ ਕੇ ਅਮਰੀਕਾ ਪੜ੍ਹਨ ਗਿਆ, ਪਰ ਉਥੋਂ ਜੋਗਾ ਹੀ ਹੋ ਗਿਆ। ਆਖ਼ਰ ਉਹਨੇ ਵਿਤਕਰੇਬਾਜ਼ ਨੇਮਾਂ-ਕਾਨੂੰਨਾਂ ਦੀਆਂ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ਿਆਈ ਮੈਂਬਰ ਬਣਨ ਦਾ ਕ੍ਰਿਸ਼ਮਾ ਕਰਦਿਆਂ ਦੁਨੀਆ ਨੂੰ ਦੰਗ ਕਰ ਦਿੱਤਾ। ਉਹਨੇ ਆਵਾਸੀਆਂ ਦੇ ਰਾਹ ਦੀਆਂ ਕਾਨੂੰਨੀ ਰੋਕਾਂ ਹਟਵਾਉਣ ਵਿਚ ਤਾਂ ਵੱਡੀ ਭੂਮਿਕਾ ਨਿਭਾਈ ਹੀ, ਪਾਰਲੀਮੈਂਟ ਦੇ ਮੈਂਬਰ ਵਜੋਂ ਆਪਣੀ ਸ਼ਾਨਦਾਰ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆ। ਲੰਮੀ ਬੀਮਾਰੀ ਮਗਰੋਂ ਉਹ 22 ਅਪਰੈਲ 1973 ਨੂੰ ਚਲਾਣਾ ਕਰ ਗਿਆ। 7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿਚ ਇਤਿਹਾਸ-ਸਿਰਜਕ ਮੈਂਬਰਾਂ ਦੀ ਗੈਲਰੀ ਵਿਚ ਉਹਦਾ ਚਿਤਰ ਲਾਇਆ ਗਿਆ। ਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿਚ ਚਿਤਰ ਤੋਂ ਪਰਦਾ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉਥੇ ਦੋਵਾਂ ਪਾਸਿਆਂ ਦੇ ਪਰਿਵਾਰਾਂ ਵਿਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ।
ਉਧਰ ਜੰਮੇ ਬੱਚੇ ਆਪਣੇ ਪੰਜਾਬੀ-ਭਾਰਤੀ ਹੋਣ ਦੀ ਕਲਪਨਾ ਨਹੀਂ ਕਰ ਸਕਦੇ। ਘਰ ਦੇ ਵੱਡੇ ਉਨ੍ਹਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਵਾਰਿਸ ਸਮਝਦੇ ਹਨ, ਉਹ ਆਪਣੇ ਆਪ ਨੂੰ ਜਨਮ ਵਾਲੇ ਦੇਸ ਦੇ ਨਾਗਰਿਕ ਸਮਝਦੇ ਹਨ। ਇਕ ਸ਼ਾਮ ਖੇਡ-ਲੇਖਕ ਸਰਵਣ ਸਿੰਘ ਸਾਡੇ ਘਰ ਆਏ ਤਾਂ ਉਨ੍ਹਾਂ ਨਾਲ ਇਕ ਕੈਨੇਡਾ-ਵਾਸੀ ਦੋਸਤ ਤੇ ਉਹਦੇ ਦੋ ਜਵਾਨ ਬੇਟੇ ਸਨ। ਉਹ ਤਾਜ-ਮਹੱਲ ਦੇਖ ਕੇ ਆਏ ਸਨ। ਸੰਤੋਖ ਸਿੰਘ ਧੀਰ ਪਹਿਲਾਂ ਹੀ ਆਏ ਹੋਏ ਸਨ। ਖ਼ੁਸ਼ੀਆਂ-ਭਰਿਆ ਮਾਹੌਲ ਬਣ ਗਿਆ। ਮੈਂ ਦੇਖਿਆ, ਸਾਡੀ ਹਾਹਾ-ਹੋਹੋ ਵਿਚ ਦੋਵੇਂ ਮੁੰਡੇ ਨੀਵੀਆਂ ਪਾਈਂ ਬੈਠੇ ਸਨ। ਮੈਂ ਆਖਿਆ, “ਬੇਟਾ, ਤੁਸੀਂ ਆਰਾਮ ਕਰਨਾ ਚਾਹੋਗੇ?” ਉਨ੍ਹਾਂ ਦੇ ਚਿਹਰੇ ਅਧਖਿੜੇ ਫੁੱਲਾਂ ਵਰਗੇ ਹੋ ਗਏ। ਕਮਰੇ ਵਿਚ ਲਿਜਾ ਕੇ ਮੈਂ ਉਨ੍ਹਾਂ ਨੂੰ ਚਾਹ-ਕੌਫ਼ੀ ਦੇ ਨਾਲ ਸਿਰ ਦੁਖਦੇ ਦੀ ਗੋਲ਼ੀ ਵੀ ਪੁੱਛੀ ਤਾਂ ਫੁੱਲ ਪੂਰੇ ਖਿੜ ਗਏ। ਜਦੋਂ ਮੈਂ ਮੁੜਿਆ, ਦੋਸਤ ਬੋਲਿਆ, “ਏਨਾ ਖ਼ਰਚ ਕਰ ਕੇ ਮੈਂ ਇਨ੍ਹਾਂ ਨੂੰ ਇਨਾਂ੍ਹ ਦਾ ਦੇਸ ਦਿਖਾਉਣ ਲਿਆਇਆ ਹਾਂ, ਇਹ ਇਉਂ ਮੂੰਹ ਲਟਕਾਈਂ ਫਿਰਦੇ ਨੇ!” ਧੀਰ ਜੀ ਕਹਿੰਦੇ, “ਭਾਈ, ਜਿਹੜਾ ਦੇਸ ਤੂੰ ਇਨ੍ਹਾਂ ਨੂੰ ਦਿਖਾਉਣ ਲਿਆਇਆ ਹੈਂ, ਉਹ ਇਨ੍ਹਾਂ ਦਾ ਨਹੀਂ, ਤੇਰਾ ਦੇਸ ਹੈ। ਜਦੋਂ ਇਹ ਆਪਣੇ ਦੇਸ ਪਹੁੰਚੇ, ਮੌਜ ਨਾਲ ਸੁਖ ਦਾ ਸਾਹ ਲੈਣਗੇ।” ਮਗਰੋਂ ਧੀਰ ਜੀ ਨੇ ਇਸ ਘਟਨਾ ਨੂੰ ਲੈ ਕੇ ਕਹਾਣੀ ਵੀ ਲਿਖੀ।
ਏਨਾ ਹੀ ਨਹੀਂ, ਓਧਰ ਜੰਮੇ-ਪਲ਼ੇ ਬੱਚੇ ਮਾਪਿਆਂ ਦੇ ਇਧਰੋਂ ਗਏ ਹੋਏ ਜਾਂ ਉਧਰ ਵਸੇ ਹੋਏ ਪੰਜਾਬੀ ਰਿਸ਼ਤੇਦਾਰਾਂ ਨੂੰ ਮਿਲ ਕੇ ਵੀ ਕੋਈ ਅਪਣੱਤ ਮਹਿਸੂਸ ਨਹੀਂ ਕਰਦੇ। ਇਕ ਵਾਰ ਇੰਗਲੈਂਡ ਵਸੇ ਹੋਏ ਮੇਰੇ ਮਿੱਤਰ ਨੇ, ਜੋ ਪੰਜਾਬੀ ਦਾ ਮਸ਼ਹੂਰ ਲੇਖਕ ਸੀ, ਦੱਸਿਆ ਕਿ ਉਹਦੇ ਉਧਰ ਜੰਮੇ-ਪਲ਼ੇ ਦੋਵੇਂ ਪੁੱਤਰ ਉੱਚੀ ਪੜ੍ਹਾਈ ਕਰ ਕੇ ਆਪਣੇ ਕਿੱਤੇ ਵਿਚ ਚੰਗੇ ਸਫਲ ਸਨ। ਪੁੱਤਰ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਨ। ਵੱਡੇ ਡਰਾਇੰਗ ਰੂਮ ਦਾ ਜੋ ਦਰਵਾਜ਼ਾ ਉਹ ਵਰਤਦੇ ਸਨ, ਪੌੜੀਆਂ ਉਹਦੇ ਸਾਹਮਣੇ ਸਨ। ਸੋਫ਼ੇ ਦੂਜੇ ਪਾਸੇ ਸਨ। ਉਨ੍ਹਾਂ ਦੇ ਕਈ ਰਿਸ਼ਤੇਦਾਰ ਵੀ ਦੂਰ-ਨੇੜੇ ਰਹਿੰਦੇ ਸਨ। ਉਹ ਕਹਿੰਦਾ, “ਜਦੋਂ ਕੋਈ ਪੁੱਤਰ ਬਾਹਰੋਂ ਆਉਂਦਾ ਹੈ ਤੇ ਸ਼ੀਸ਼ੇ ਵਿਚੋਂ ਕਿਸੇ ਰਿਸ਼ਤੇਦਾਰ ਨੂੰ ਬੈਠਾ ਦੇਖ ਲੈਂਦਾ ਹੈ, ਉਹ ਇਧਰ ਦੇਖੇ ਬਿਨਾਂ ਬਿੱਲੀ ਵਾਂਗ ਦਬੇ ਪੈਰੀਂ ਪੌੜੀਆਂ ਜਾ ਚੜ੍ਹਦਾ ਹੈ। ਮੈਂ ਉਹਨੂੰ ਦੋ-ਤਿੰਨ ਪੌੜੀਆਂ ਚੜ੍ਹਨ ਦਿੰਦਾ ਹਾਂ ਤੇ ਫੇਰ ਆਖਦਾ ਹਾਂ, ਬੇਟਾ, ਤੇਰੇ ਮਾਮਾ ਜੀ ਆਏ ਹੋਏ ਨੇ। ਉਹ ਹਝੋਕੇ ਨਾਲ ਧੌਣ ਮੋੜ ਕੇ ਆਖਦਾ ਹੈ, ਓ… ਮਾਮਾ ਜੀ! ਆ ਕੇ ਮਸ਼ੀਨੀ ਢੰਗ ਨਾਲ ਓਕੇ… ਓਕੇ… ਦਾ ਵਟਾਂਦਰਾ ਕਰਦਾ ਹੈ ਤੇ ਪੌੜੀ ਜਾ ਚੜ੍ਹਦਾ ਹੈ।”
ਇਸ ਲਈ ਪਰਦੇਸਾਂ ਵਿਚ ਉੱਚੇ ਝੂਲਦੇ ਝੰਡਿਆਂ ਦੀ ਕਲਪਨਾ ਕਰਦਿਆਂ ਪੰਜਾਬੀ ਤੇ ਪੰਜਾਬੀਅਤ ਦਾ ਉਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਕਿਸੇ ਓਪਰੇ ਦੇਸ ਵਿਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤੱਕ ਨਵੇਂ ਪੰਜਾਬੀ ਉਥੇ ਪਹੁੰਚਦੇ ਰਹਿਣਗੇ। ਕੁਦਰਤੀ ਹੈ ਕਿ ਕਿਸੇ ਵੀ ਦੇਸ ਦਾ ਫਾਟਕ ਆਵਾਸੀਆਂ ਵਾਸਤੇ ਸਦਾ-ਸਦਾ ਲਈ ਖੁੱਲ੍ਹਾ ਨਹੀਂ ਰਹਿ ਸਕਦਾ। ਜਦੋਂ ਉਹਦਾ ਆਵਾਸੀਆਂ ਦੀ ਲੋੜ ਦਾ ਕਟੋਰਾ ਨੱਕੋ-ਨੱਕ ਭਰ ਗਿਆ, ਜੋ ਆਖ਼ਰ ਕਦੀ ਤਾਂ ਜ਼ਰੂਰ ਭਰੇਗਾ ਹੀ, ਉਹ ਫਾਟਕ ਬੰਦ ਕਰ ਕੇ ਅੰਦਰ ਜਿੰਦਾ ਲਾ ਲਵੇਗਾ। ਇਹਦੇ ਨਾਲ ਹੀ ਉਸ ਦੇਸ ਵਿਚ ਪੰਜਾਬੀ ਤੇ ਪੰਜਾਬੀਅਤ ਦੇ ਲਗਾਤਾਰ ਪਤਲੇ ਪੈਂਦੇ ਜਾਣ ਦਾ ਕੁਦਰਤੀ ਅਮਲ ਸ਼ੁਰੂ ਹੋ ਜਾਵੇਗਾ।
ਪੰਜਾਬੀ ਤੇ ਪੰਜਾਬੀਅਤ ਦੇ ਕੌਮਾਂਤਰੀ ਬਣ ਗਈ ਹੋਣ ਦਾ ਭਰਮ ਪਾਲਦੇ ਅਸੀਂ ਪੰਜਾਬ ਵਿਚ ਪੰਜਾਬੀ ਦੀ ਹਾਲਤ ਵੱਲ ਵੀ ਲੋੜੀਂਦੀ ਜਾਗਦੀ ਨਜ਼ਰ ਨਾਲ ਨਹੀਂ ਦੇਖ ਰਹੇ। ਇਹ ਗੱਲ ਅਸੀਂ ਜਿੰਨੀ ਛੇਤੀ ਸਮਝ ਲਵਾਂਗੇ, ਓਨਾ ਹੀ ਚੰਗਾ ਹੋਵੇਗਾ ਕਿ ਪੰਜਾਬੀ ਤੇ ਪੰਜਾਬੀਅਤ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਨ੍ਹਾਂ ਦਾ ਝੰਡਾ ਪੰਜਾਬ ਵਿਚ ਹੀ ਉੱਚਾ ਝੁਲਾਉਣਾ ਪਵੇਗਾ। ਸਾਡੀ ਭਾਸ਼ਾਈ-ਸਭਿਆਚਾਰਕ ਬਦਕਿਸਮਤੀ ਹੈ ਕਿ ਹੋ ਇਸ ਤੋਂ ਉਲਟ ਰਿਹਾ ਹੈ। ਖਾਸ ਕਰ ਕੇ ਪਿਛਲੇ ਪੱਚੀ-ਤੀਹ ਸਾਲਾਂ ਵਿਚ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬੀ ਤੇ ਪੰਜਾਬੀਅਤ ਦਾ ਜੋ ਬੇੜਾ ਗ਼ਰਕ ਕੀਤਾ ਹੈ, ਵੱਡੀ ਲੋੜ ਉਹਨੂੰ ਉਸ ਨਿਘਾਰ ਵਿਚੋਂ ਕੱਢ ਕੇ ਤਰੱਕੀ ਦੇ ਰਾਹ ਉੱਤੇ ਪਾਉਣ ਦੀ ਹੈ। ਇਹ ਕਾਰਜ ਪੰਜਾਬੀ ਲੇਖਕਾਂ, ਪਾਠਕਾਂ, ਸੂਝਵਾਨ ਲੋਕਾਂ ਅਤੇ ਸਭ ਤੋਂ ਵਧ ਕੇ ਪੰਜਾਬ ਸਰਕਾਰ ਦੇ ਗੰਭੀਰ ਤੇ ਸੱਚੇ ਦਿਲ ਦੇ ਯਤਨ ਲੋੜਦਾ ਹੈ।
(ਸੰਪਰਕ: +91 80763 63058)