ਤਰਾਸਦੀ

ਡਾ ਗੁਰਬਖ਼ਸ਼ ਸਿੰਘ ਭੰਡਾਲ
ਤਰਾਸਦੀ ਹਰ ਸ਼ਖ਼ਸ ਹੰਢਾਉਂਦਾ। ਕਦੇ ਬਾਹਰੀ ਤੇ ਕਦੇ ਅੰਤਰੀਵੀ। ਖਦੇ ਇਹ ਪ੍ਰਤੱਖ ਤੇ ਕਦੇ ਅਦ੍ਰਿਸ਼ਟ। ਕਦੇ ਇਸਦਾ ਅਸਰ ਬਾਹਰੀ ਰੂਪ ਵਿਚ ਪ੍ਰਗਟਦਾ ਅਤੇ ਕਦੇ ਇਹ ਤੁਹਾਨੂੰ ਅੰਦਰੋਂ ਖੋLਖ਼ਲਾ ਕਰਦੀ।

ਤਰਾਸਦੀ ਕਦੇ ਸਮਾਜ ਤੇ ਕਦੇ ਪਰਿਵਾਰ ਦਿੰਦਾ। ਕਦੇ ਸੰਸਾਰ ਤੇ ਕਦੇ ਆਲਾ-ਦੁਆਲਾ। ਕਦੇ ਸੰਗੀ ਸਾਥੀ ਅਤੇ ਕਦੇ ਦੁਸ਼ਮਣ ਤਰਾਸਦੀ ਭਰੇ ਪਲ ਤੁਹਾਡੇ ਜੀਵਨ-ਝੋਲੀ ਵਿਚ ਪਾਉਂਦੇ। ਤਰਾਸਦੀ ਤਨ ਤੇ ਮਨ ਨੂੰ ਚੀਰ ਦਿੰਦੀ। ਇਹ ਪੈਦਾ ਕਰਦੀ ਸਹਿਮ ਵੀ ਤੇ ਕਹਿਰ ਵੀ, ਹਉਕੇ ਵੀ ਤੇ ਹਿਚਕੀ ਵੀ, ਹੰਝੂ ਵੀ ਤੇ ਹਟਕੋਰੇ ਵੀ। ਤਰਾਸਦੀ ਤਾਂ ਕਪਟ ਅਤੇ ਫਰੇਬ ਦੀ ਵੀ, ਖੋਹੇ ਹੱਕਾਂ ਦੀ, ਮਾਰੇ ਡਾਕਿਆਂ ਦੀ, ਲਾਹੀਆਂ ਚੁੰਨੀਆਂ, ਤੋੜੀਆਂ ਵੰਗਾਂ, ਇੱਜ਼ਤ ਦੀ ਨਿਲਾਮੀ ਅਤੇ ਤਨ ਨੂੰ ਨੋਚਣ ਦੀ ਵੀ ਹੁੰਦੀ।
ਤਰਾਸਦੀ ਦੀਆਂ ਕਈਆਂ ਪਰਤਾਂ। ਇਨ੍ਹਾਂ ਨੂੰ ਫਰੋਲਣ `ਤੇ ਹੀ ਪਤਾ ਲੱਗਦਾ ਕਿ ਤਰਾਸਦੀ ਦੀ ਤਾਸੀਰ ਕੀ ਏ? ਕਿਸ ਨੇ ਦਿੱਤੀ ਹੈ? ਕਿਉਂ ਦਿੱਤੀ? ਇਸ ਤਰਾਸਦੀ ਵਿਚੋਂ ਕਿਵੇਂ ਉਭਰਿਆ ਜਾ ਸਕਦਾ?
ਸਰੀਰਕ ਤਰਾਸਦੀ ਤੋਂ ਉਭਰਨਾ ਸਭ ਤੋਂ ਅਸਾਨ ਹੁੰਦਾ ਕਿਉਂਕਿ ਸਰੀਰਕ ਅਲਾਮਤਾਂ ਨਾਲ ਸਿੱਝਣਾ ਬੰਦੇ ਦੇ ਆਪਣੇ ਵੱਸ ਹੁੰਦਾ। ਪਰ ਜਦ ਬੰਦੇ ਦੇ ਅੰਤਰੀਵ ਵਿਚ ਬੈਠੀਆਂ ਝੂਠੀਆਂ ਤੁਹਮਤਾਂ, ਉਲਾਹਮੇ ਦੇ ਰੂਬਰੂ ਹੋਣਾ ਬਹੁਤ ਔਖਾ ਹੁੰਦਾ ਜੋ ਆਪਣਿਆਂ ਨੇ ਦਿੱਤੀਆਂ ਹੁੰਦੀਆਂ। ਆਪਣਿਆਂ ਵਲੋਂ ਕੀਤੇ ਹੋਏ ਧੋਖੇ, ਕਪਟ ਅਤੇ ਫਰੇਬ ਦੀਆਂ ਰੂਹ `ਤੇ ਪਈਆਂ ਲਾਸਾਂ ਨੂੰ ਕੌਣ ਸੇਕ ਦੇਵੇਗਾ? ਆਤਮਾ ਦੇ ਵਲੂੰਧਰੇਪਣ `ਤੇ ਕੌਣ ਟਕੋਰ ਕਰੇਗਾ? ਇਹ ਅੰਦਰਲੇ ਜ਼ਖ਼ਮ ਹੀ ਹੁੰਦੇ ਜਿਹੜੇ ਕਿਸੇ ਨੂੰ ਦਿਸਦੇ ਨਹੀਂ ਪਰ ਬੰਦੇ ਨੂੰ ਸਭ ਤੋਂ ਜ਼ਿਆਦਾ ਦਰਦ ਇਹੀ ਜ਼ਖ਼ਮ ਦਿੰਦੇ।
ਤਰਾਸਦੀ ਸਰੀਰਕ, ਮਾਨਸਿਕ, ਭਾਵਨਾਤਮਿਕ, ਸਮਾਜਿਕ, ਆਰਥਿਕ ਜਾਂ ਸਵੈ ਵਿਚੋਂ ਵੀ ਉਪਜਦੀ। ਇਹ ਤੁਹਾਡੇ ਹਾਲਾਤਾਂ, ਹੰਭਲਿਆਂ, ਹਾਸਲਾਂ ਅਤੇ ਹਮ-ਰਾਹੀਆਂ ਵਲੋਂ ਵੀ ਵਣਜੀ ਜਾਂਦੀ। ਤਰਾਸਦੀ ਕਦੇ ਅਚੇਤ ਰੂਪ ਵਿਚ ਹੰਢਾਈਦੀ ਤੇ ਕਦੇ ਸੁਚੇਤ ਰੂਪ ਵਿਚ। ਕਦੇ ਇਹ ਚਸਕਦੀ ਪਰ ਕਦੇ ਪੀੜਾ ਨੂੰ ਅੰਦਰ ਹੀ ਪੀਣਾ ਪੈਂਦਾ।
ਤਰਾਸਦੀ ਧਰ ਜਾਂਦੀ ਤੁਹਾਡੇ ਨੈਣਾਂ ਵਿਚ ਧੁੰਧਲਕਾ, ਤੁਹਾਡੇ ਸਫ਼ਰ ਵਿਚ ਉਗਦੀਆਂ ਖਾਈਆਂ ਅਤੇ ਖੱਡੇ, ਮੰਜ਼ਲ਼ ਦਾ ਸਿਰਨਾਵਾਂ ਵੀ ਗਵਾਚ ਜਾਂਦਾ, ਤੁਹਾਡੇ ਪੈਰਾਂ ਵਿਚਲਾ ਉਦਮ ਦਮ ਤੋੜਦਾ ਅਤੇ ਤੁਹਾਡੀ ਸੋਚ ਮਸਤਕ ਵਿਚ ਉਦਾਸੀ ਦਾ ਪਹਿਰਾ। ਖ਼ਿਆਲਾਂ ਵਿਚ ਢਾਹੂ ਬਿਰਤੀ, ਮਨ ਬਹੁਤ ਤਰਲ ਤੇ ਅਸਾਵਾਂ ਹੋ ਕੇ ਤੁਹਾਨੂੰ ਡੋਲਣ ਲਾਉਂਦਾ।
ਤਰਾਸਦੀ ਹੀ ਹੁੰਦੀ ਕਿ ਬੰਦੇ ਦਾ ਮਨ ਨਾ ਟਿਕਦਾ, ਕੰਮ ਵਿਚ ਜੀਅ ਨਾ ਲੱਗਦਾ, ਪੜ੍ਹਨ ਨੂੰ ਉਕਾ ਹੀ ਚਿੱਤ ਨਾ ਕਰਦਾ, ਭੁੱਖ ਤ੍ਰੇਹ ਹੀ ਮਿਟ ਜਾਂਦੀ ਅਤੇ ਬੰਦਾ ਜੀਵਨ ਤੋਂ ਹੀ ਨਿਰਾਸ਼ ਤੇ ਹਤਾਸ਼ ਹੋ ਜਾਂਦਾ। ਤਰਾਸਦੀ ਦਾ ਤੁਹਾਡੀ ਮਾਨਸਿਕਤਾ `ਤੇ ਮਾਰੂ ਅਸਰ, ਇੰਦਰੀ ਤੰਤਰ `ਚ ਵਿਗਾੜ ਅਤੇ ਤੁਹਾਡੇ ਸਮੁੱਚ `ਤੇ ਮਾੜਾ ਅਸਰ। ਇਹ ਮਾੜੀ ਬਿਰਤੀ ਨੂੰ ਹੋਰ ਬਦਤਰ ਬਣਾਉਂਦੀ ਅਤੇ ਬੰਦੇ ਦਾ ਮਨ ਜਿਊਣ ਤੋਂ ਹੀ ਉਕਤਾ ਜਾਂਦਾ। ਅਜੇਹੀਆਂ ਤਰਾਸਦੀਆਂ ਮਨੁੱਖ ਵਿਚੋਂ ਮਨੁੱਖੀ ਭਾਵਨਾਵਾਂ ਨੂੰ ਅਲੋਪ
ਕਰ ਦਿੰਦੀਆਂ।
ਤਰਸਦੀ ਵਿਚ ਘਿਰੇ ਹੋਏ ਵਿਅਕਤੀ ਦਾ ਮੌਜੂ ਉਡਾਇਆ ਜਾਂਦਾ। ਆਪਣੇ ਹੀ ਬੇਮੁੱਖ ਹੋ ਜਾਂਦੇ। ਸਾਂਝਾਂ ਅਤੇ ਰਿਸ਼ਤੇ ਖਾਮੋਸ਼ ਹੋ ਜਾਂਦੇ। ਕਈ ਵਾਰ ਤੁਹਾਡੇ ਸਿਰ ਦਾ ਅੰਬਰ ਵੀ ਗਾਇਬ ਹੋ ਜਾਂਦਾ ਅਤੇ ਪੈਰਾਂ ਹੇਠਲੀ ਜ਼ਿਮੀਂ ਵੀ ਖਿਸਕ ਜਾਂਦੀ। ਸਮਾਜ ਲਈ ਬੰਦਾ ਤਮਾਸ਼ਾ ਅਤੇ ਉਸਦੇ ਆਲੇ-ਦੁਆਲੇ ਹੋ ਜਾਂਦੇ ਤਮਾਸ਼ਬੀਨ।
ਤਰਾਸਦੀ ਡੂੰਘਾ ਦਰਦ, ਅਸਹਿ ਪੀੜਾ, ਸੂਖ਼ਮ ਜਹੀ ਚੀਸ ਜਿਹੜੀ ਤੁਹਾਨੂੰ ਕੋਂਹਦੀ ਵੀ ਅਤੇ ਰੋਣ ਵੀ ਨਹੀਂ ਦਿੰਦੀ ਕਿਉਂਕਿ ਤਰਾਸਦੀ ਵਿਚ ਡੁੱਬੇ ਵਿਅਕਤੀ ਦੇ ਹੰਝੂਆਂ ਮਜ਼ਾਕ ਹੁੰਦੇ।
ਤਰਾਸਦੀ ਜਦ ਕਾਵਿ-ਪਰਤਾਂ ਦਾ ਰੂਪ ਧਾਰਦੀ ਤਾਂ ਸ਼ਬਦ ਵੀ ਸੋਗੀ ਹੋ ਜਾਂਦੇ;
ਪਿਆਸੇ ਨੈਣਾਂ ਦੀ ਕੇਹੀ ਤਰਾਸਦੀ
ਕਿ
ਉਹ ਆਪਣੇ ਹੰਝੂਆਂ ਨਾਲ ਵੀ
ਪਿਆਸ ਨਹੀਂ ਬੁਝਾ ਸਕਦੇ
ਕਿਉਂਕਿ ਕੁਝ ਹੰਝੂ ਨੈਣਾਂ ਵਿਚ ਜੰਮ ਜਾਂਦੇ
ਕੁਝ ਕੋਇਆਂ ਵਿਚ ਸੁੱਕ ਜਾਂਦੇ
ਕੁਝ ਪੱਥਰ ਹੀ ਹੋ ਜਾਂਦੇ
ਤੇ ਕੁਝ ਕੁ ਵਹਿ ਵੀ ਜਾਂਦੇ।

ਦੀਦਿਆਂ ਦੀ ਕੇਹੀ ਹੋਣੀ
ਕਿ
ਅੱਖ ਵਿਚ ਪਿਆ ਕੱਖ
ਅੱਖ ਆਪ ਨਹੀਂ ਕੱਢ ਸਕਦੀ
ਤੇ ਨਾ ਹੀ ਸਾਥਣ ਅੱਖ ਕੱਢ ਸਕਦੀ
ਸਿਰਫ਼
ਅੱਖ ਦੇ ਨਾਮ ਰੜਕ ਹੀ ਰਹਿ ਜਾਂਦੀ।

ਅੱਖਾਂ ਦੀ ਕੇਹੀ ਤਰਸਾਸਦੀ
ਕਿ
ਉਹ ਸਾਹਮਣੇ ਤਾਂ ਦੇਖਦੀਆਂ
ਪਰ ਪਿੰਡ ਤੇ ਹੋ ਰਹੇ
ਆਪਣਿਆਂ ਦੇ ਵਾਰਾਂ ਤੋਂ ਅਣਜਾਣ ਰਹਿੰਦੀਆਂ।
ਅੱਖਾਂ ਸਿਰਫ਼
ਬਾਹਰੀ ਵਰਤਾਰਿਆਂ ਨੂੰ ਦੇਖਣ ਤੀਕ ਸੀਮਤ
ਪਰ ਅੱਖਾਂ
ਬੰਦੇ ਦੀ ਅੰਦਰਲੀ ਟੁੱਟ ਭੱਜ
ਤੇ ਅੰਤਰੀਵੀ ਤੂਫ਼ਾਨਾਂ ਤੋਂ
ਹਮੇਸ਼ਾ ਹੀ ਅਣਜਾਣ ਰਹਿੰਦੀਆਂ।

ਨਦੀ ਤਾਂ ਸਮੁੰਦਰ `ਚ ਡਿਗਦਿਆਂ
ਸਮੁੰਦਰ ਹੋ ਗਈ
ਭਾਵੇਂ ਨਦੀ
ਨਦੀ ਬਣਨ ਲਈ ਹੀ ਤਰਸਦੀ ਰਹੀ।

ਦਰਿਆ ਦੇ ਦੋ ਕਿਨਾਰੇ
ਬਹੁਤ ਹੀ ਵਿਚਾਰੇ
ਵਹਿੰਦੇ ਪਾਣੀ ਨੂੰ ਤਾਂ ਦਰਿਆ ਬਣਾ ਦਿੰਦੇ
ਪਰ
ਆਪ ਸਾਰੀ ਉਮਰ ਹੀ
ਮਿਲਣ ਲਈ ਤਰਸਦੇ ਰਹਿੰਦੇ।

ਅਸਾਂ ਖੇਤਾਂ ਨੂੰ ਜਾਂਦੇ ਪਹਿਆਂ ਤੇ
ਲੁੱਕ ਵਿਛਾ ਦਿਤੀ
ਬਜ਼ੁਰਗਾਂ ਦੇ ਪੈਰਾਂ ਦੇ ਨਿਸ਼ਾਨ
ਸਿੱਸਕੀਆਂ ਬਣ ਗਏ।

ਪ੍ਰਦੇਸ ਤੁਰਨ ਲੱਗਿਆਂ
ਗੇਟ `ਤੇ ਜਿੰਦਰਾ ਲਟਕਾਅ ਆਏ
ਬੰਦ ਕਿਵਾੜਾਂ ਦਾ ਦਰਦ
ਜੰਗਾਲ ਬਣ ਕੇ
ਘਰ ਨੂੰ ਨਿਗਲ ਗਿਆ।

ਹੰਝੂਆਂ `ਚ ਖ਼ੁਰੇ ਹਰਫ਼
ਸ਼ਬਦ ਨਾ ਬਣ ਸਕੇ
ਜ਼ਿੰਦਗੀ ਦੀ ਕਿਤਾਬ ਦੇ ਵਰਕੇ
ਕੋਰੇ ਹੀ ਰਹਿ ਗਏ।

ਸ਼ਬਦਾਂ ਵਿਚ
ਬੁੱਝਿਆਂ ਦੀਵਿਆਂ ਵਰਗੇ ਅਰਥ
ਵਰਕਿਆਂ ਦੇ ਮੋਢਿਆਂ `ਤੇ
ਭਾਵਾਂ ਦੀ ਅਰਥੀ ਹੁੰਦੇ।

ਨਿੱਤਰੀ ਰਾਤ `ਚ
ਅਚਨਚੇਤੀ ਬੱਦਲ ਚੜ੍ਹ ਆਏ
ਝੀਲ `ਚ ਟਹਿਲਣ ਵਾਲੇ
ਚੰਨ ਦੀ ਗੈਰ-ਹਾਜ਼ਰੀ
ਝੀਲ ਨੂੰ ਉਪਰਾਮ ਕਰ ਗਈ।

ਅੰਬਰੋਂ ਤਾਰਾ ਟੁੱਟਿਆ
ਫਿਜ਼ਾ ਦੀ ਹਿੱਕ `ਚ
ਡੂੰਘਾ ਚੀਰ ਪੈ ਗਿਆ।

ਬੰਬੀ ਉਪਰ
ਬਾਪ ਦੇ ਹੱਥੀਂ ਲਾਏ
ਅੰਬ ਦੇ ਬੂਟੇ ਤੇ ਕੁਹਾੜਾ ਚੱਲਿਆ
ਖੇਤ
ਜ਼ਾਰੋ-ਜ਼ਾਰ ਰੋਇਆ।

ਪਲੰਘ `ਤੇ ਲੇਟੇ ਹੋਏ
ਦੋ ਜਿਸਮਾਂ ਦਰਮਿਆਨ
ਸੱਤ ਸਮੁੰਦਰਾਂ ਦੀ ਦੂਰੀ ਨੇ
ਸਿਲਵਟਾਂ ਨੂੰ ਖਾਮੋਸ਼ ਕਰ ਦਿਤਾ
ਤੇ ਸੇਜ ਧਾਹੀਂ ਰੋਣ ਲੱਗੀ।

ਤੇਜ ਬਾਰਸ਼ `ਚ
ਕਾਨਿਆਂ ਦੀ ਚੱਤ ਚੋਣ ਲੱਗੀ
ਬਾਪ ਨੇ ਖਾਦ ਵਾਲੇ ਬੋਰੇ ਦਾ ਝੁੰਭ ਬਣਾ
ਪੁੱਤ ਦੇ ਸਿਰ `ਤੇ ਧਰਤਾ
ਤੇ ਆਪ ਚੋਂਦੀ ਛੱਤ ਹੇਠ ਭਿੱਜਦਾ ਰਿਹਾ।

ਸੱਜਣ ਦੇ ਹੋਠਾਂ `ਤੇ
ਪਸਰੀ ਹੋਈ ਚੁੱਪ ਨੇ
ਮਿੱਤਰ ਦੇ ਬੋਲਾਂ ਨੂੰ
ਸੁੱਕਣੇ ਹੀ ਪਾ ਦਿਤਾ।

ਮੈਂ ਸਫ਼ਰ ਆਰੰਭਿਆ ਹੀ ਸੀ
ਕਿ
ਮੰਜ਼ਲ ਦਾ ਸਿਰਨਾਵਾਂ ਗੁਆਚ ਗਿਆ
ਰਾਹਾਂ ਖਾਮੋਸ਼ ਹੋ ਗਈਆਂ
ਤੇ ਮੰਜ਼ਲ ਉਦਾਸ ਹੋ ਗਈ।

ਖੇਡ ਰਹੇ ਬੱਚੇ ਨੇ
ਅਚਾਨਕ ਹੌਕਾ ਭਰਿਆ
ਮਾਂ ਦੇ ਸਾਹ ਹੀ ਸੂਤੇ ਗਏ।

ਬੰਦੇ ਦੀ ਪਿਆਸ ਦੀ
ਕੇਹੀ ਸਿੱਤਮ-ਜ਼ਰੀਫ਼ੀ
ਕਿ
ਡੀਕ ਲਿਆ ਦਰਿਆ
ਸਾਰੇ ਦਾ ਸਾਰਾ
ਤੇ ਦਰਿਆ `ਚ ਉਗ ਆਈ
ਬਰੇਤਿਆਂ ਦੀ ਬਸਤੀ।

ਤਰਾਸਦੀ ਨੂੰ ਸਮਝਣ ਲਈ
ਉਸ ਚਿਹਰੇ ਤੇ ਉਗੀਆਂ
ਸੰਜ਼ੀਦਗੀ ਦੀਆਂ ਲਕੀਰਾਂ ਪੜਨਾ
ਜਿਸਦਾ ਤਿੱੜਕਦਾ ਹੈ ਵਿਸ਼ਵਾਸ਼
ਮਰਦੀ ਹੈ ਆਸ
ਅਤੇ ਟੁੱਟ ਜਾਂਦਾ ਹੈ ਧਰਵਾਸ।

ਇਹ ਜ਼ਿੰਦਗੀ ਹੈ ਯਾਰੋ
ਕਦੇ ਹੰਝੂ ਤੇ ਕਦੇ ਹਟਕੋਰੇ
ਕਦੇ ਹੌਕੇ ਤੇ ਕਦੇ ਝੋਰੇ

ਕਦੇ ਵਰਕਿਆਂ `ਤੇ ਝਰੀਟਾਂ ਤੇ ਕਦੇ ਕੋਰੇ
ਕਦੇ ਖਾਈਆਂ ਤੇ ਕਦੇ ਰੋੜੇ
ਕਦੇ ਗਲ਼ ਜਾਣਾ ਤੇ ਕਦੇ ਖੋਰੇ
ਜ਼ਿੰਦਗੀ ਤਾਂ ਜਿਊਣੀ ਹੀ ਪੈਣੀ
ਹੋਰ ਚਾਰਾ ਵੀ ਤਾਂ ਕੋਈ ਨਹੀਂ।
ਤਰਾਸਦੀ `ਚ ਤਰਸ ਦੇ ਪਾਤਰ ਨਾ ਬਣੋ ਅਤੇ ਨਾ ਹੀ ਇਸਦੀ ਤਾਮੀਰਦਾਰੀ ਕਰੋ। ਸਗੋਂ ਇਸਨੂੰ ਲੀਰਾਂ ਲੀਰਾਂ ਕਰ ਕੇ, ਆਪਣੇ ਆਪ ਤੋਂ ਲਾਹੋ। ਮਨ ਅਤੇ ਤਨ ਨੂੰ ਇਸ ਤੋਂ ਆਜ਼ਾਦ ਕਰੋ। ਆਪਣੇ ਸੁਪਨਿਆਂ ਅਤੇ ਰੀਝਾਂ ਦੀ ਬਸਤੀ ਨੂੰ ਆਬਾਦ ਕਰੋ, ਜ਼ਿੰਦਗੀ ਬਹਤੁ ਹੀ ਖੂਬਸੂਰਤ ਅਤੇ ਜਿਊਣ ਗੋਚਰੀ ਹੋ ਜਾਵੇਗੀ।
ਤਰਾਸਦੀ ਲਈ ਤਰਾਸਦੀ ਢਾਹੁਣ ਵਾਲੇ ਜਿੰLਮੇਵਾਰ। ਪਰ ਉਸ ਤੋਂ ਜ਼ਿਆਦਾ ਕਸੂਰਵਾਰ ਨੇ ਉਹ ਲੋਕ ਜੋ ਤਰਾਸਦੀ ਨੂੰ ਦੇਖਦਿਆਂ ਵੀ ਅਣਡਿੱਠ ਕਰਦੇ। ਇਸ ਤੋਂ ਵੀ ਮਾੜੇ ਉਹ ਹੁੰਦੇ ਜੋ ਤਰਾਸਦੀ ਸਹਿੰਦਿਆਂ ਵੀ ਚੁੱਪ ਰਹਿੰਦੇ। ਉਨ੍ਹਾਂ ਦੀ ਖਾਮੋਸ਼ੀ ਜਦ ਉਨ੍ਹਾਂ ਦੀ ਸਹਿਮਤੀ ਬਣ ਜਾਂਦੀ ਤਾਂ ਕਹਿਰ ਵਾਪਰਦਾ। ਲੋੜ ਹੈ ਕਿ ਤਰਾਸਦੀ ਦੇ ਕਹਿਰ ਨੂੰ ਵਗਾਹ ਮਾਰੋ। ੀਕਸੇ ਨੂੰ ਆਪਣੀ ਹਸਤੀ ਤੇ ਹੋਂਦ `ਤੇ ਹਾਵੀ ਨਾ ਹੋਣ ਦਿਓ। ਤਰਾਸਦੀ ਤੁਹਾਡੇ ਵੱਲ ਅੱਖ ਭਰ ਕੇ ਵੀ ਨਹੀਂ ਦੇਖ ਸਕੇਗੀ। ਮਾਨਸਿਕ ਮਜ਼ਬੂਤੀ ਹੀ ਸਰੀਰਕ ਤੰਦਰੁਸਤੀ ਅਤੇ ਸਿਹਤਮੰਦੀ ਦਾ ਸਭ ਤੋਂ ਵੱਡਾ ਪੈਮਾਨਾ ਹੁੰਦਾ। ਫਿਰ ਤਰਾਸਦੀ ਨਾ ਤਾਂ ਤੁਹਾਡੇ ਕੋਲ ਢੁਕਦੀ ਅਤੇ ਨਾ ਹੀ ਤੁਹਾਡਾ ਕੁਝ ਵਿਗਾੜ ਸਕਦੀ।
ਤਰਾਸਦੀਆਂ ਵਿਚੋਂ ਉਭਰਨ ਵਾਲੇ ਲੋਕ ਹੀ ਜ਼ਿੰਦਗੀ ਦੇ ਸ਼ਾਹ-ਅਸਵਾਰ। ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ-ਮਾਡਲ। ਨਵੀਆਂ ਨਸਲਾਂ ਦੇ ਰਾਹ-ਦਸੇਰੇ।
ਯਾਦ ਰੱਖੋ! ਸੱਭ ਤੋਂ ਔਖਾ ਹੁੰਦਾ ਏ ਤਰਸਦੀਆਂ ਨੂੰ ਸਹਿੰਦਿਆਂ ਨਵੀਆਂ ਰਾਹਾਂ ਸਿਰਜਣੀਆਂ। ਬਾਅਦ ਵਿਚ ਤਾਂ ਲੋਕ ਇਨ੍ਹਾਂ ਰਾਹਾਂ `ਤੇ ਤੁਰਨ ਜੋਗੇ ਹੀ ਰਹਿ ਜਾਂਦੇ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਰਾਹਾਂ ਨੂੰ ਸਿਰਜਣ ਲਈ ਕਿਹੜੀਆਂ ਤਰਸਦੀਆਂ ਨੇ ਰਾਹ-ਸਿਰਜਕਾਂ ਦੀਆਂ ਕੋਸ਼ਿਸ਼ਾਂ ਨੂੰ ਵਿਰਾਮ ਲਾਉਣਾ ਚਾਹਿਆ। ਪਰ ਹਿੰਮਤੀ ਲੋਕ ਕਦ ਹਾਰ ਮੰਨਦੇ ਆ। ੀੲਹ ਭਾਵੇਂ ਵਿਦੇਸ਼ਾਂ ਵਿਚ ਪਹਿਲੇ ਪਹਿਲੇ ਆਏ ਪੰਜਾਬੀ ਹੋਣ ਜਦ ਉਹ ਨਸਲੀ ਹਿੰਸਾ ਦੇ ਸ਼ਿਕਾਰ ਵੀ ਹੋਏ, ਬੋਲੀ ਦੀ ਵੀ ਵੱਡੀ ਸਮੱਸਿਆ ਸੀ। ਘਰ ਤੋਂ ਦੂਰ ਰਹਿਣਾ ਅਤੇ ਘਰ ਵਾਲਿਆਂ ਨਾਲ ਕੋਈ ਰਾਬਤਾ ਨਾ ਰਹਿਣ ਦਾ ਦੁੱਖ ਵੀ ਹੰਢਾਇਆ ਪਰ ਉਨ੍ਹਾਂ ਦੀ ਦਲੇਰੀ ਨੂੰ ਸਲਾਮ ਕਿ ਉਨ੍ਹਾਂ ਦੀ ਬਦੌਲਤ ਹੀ ਅਜੋਕੇ ਸਮੇਂ ਵਿਚ ਪ੍ਰਵਾਸੀ ਨਵੀਆਂ ਉਪਲੱਬਧੀਆਂ ਦਾ ਮਾਣ ਬਣ ਰਹੇ ਹਨ।
ਸਾਨੂੰ ਕਦੇ ਵੀ ਆਪਣੇ ਉਨ੍ਹਾਂ ਬਜੁLਰਗਾਂ ਨੂੰ ਵਿਸਾਰਨਾ ਨਹੀਂ ਚਾਹੀਦਾ ਜਿਨ੍ਹਾਂ ਨੇ ਦੁੱਖ ਅਤੇ ਕਸ਼ਟ ਝੱਲ ਕੇ, ਸਾਡੇ ਲਈ ਪ੍ਰਵਾਸ ਦਾ ਰਾਹ ਖੋਲਿ੍ਹਆ। ਜਦ ਮਨੁੱਖ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਆਪਣੀ ਤੋਰ ਨੂੰ ਆਪਣੀ ਨਿਸ਼ਠਾ ਅਨੁਸਾਰ ਜਾਰੀ ਰੱਖਣ ਦਾ ਧਾਰ ਲਵੇ ਤਾਂ ਇਹ ਅੰਦਰਲੇ ਫੱਟ ਵੀ ਹੋਲੀ ਹੌਲੀ ਆਠਰ ਜਾਂਦੇ। ਤਰਾਸਦੀ ਨੂੰ ਪੈਰਾਂ `ਚ ਲਤਾੜਨਾ, ਇਸ ਵਿਚੋਂ ਉਭਰਨਾ ਇਕ ਕਾਮਯਾਬ ਵਿਅਕਤੀ ਦਾ ਸਭ ਤੋਂ ਮੀਰੀ ਗੁਣ। ਉਹ ਤਰਾਸਦੀ ਦੇ ਕਾਰਨਾਂ ਨੂੰ ਵਾਰੀ ਵਾਰੀ ਦੂਰ ਕਰ, ਦਿੱਤੇ ਜ਼ਖ਼ਮਾਂ `ਤੇ ਮਰ੍ਹਮ ਲਾ, ਪਿੰਡੇ `ਤੇ ਪਈਆਂ ਲਾਸਾਂ ਨੂੰ ਸਹਿਲਾਉਂਦਾ, ਸੱਟਾਂ ਨੂੰ ਸੇਕ ਦੇ,
ਨਵੇਂ ਸਿਰਿਉਂ ਆਪਣੇ ਪੈਰਾਂ ਦੇ ਨਾਮ ਨਵੀਆਂ ਮੰਜ਼ਲਾਂ ਦਾ ਸਿਰਨਾਵਾਂ ਕਰ, ਨਵੇਂ ਸਫ਼ਰ `ਤੇ ਤੁਰਨ ਦਾ ਅਹਿਦ ਕਰਦਾ। ਨਵੇਂ ਹੌਂਸਲੇ ਨਾਲ ਤੁਰ ਰਹੇ ਰਾਹੀ ਲਈ ਰਾਹਾਂ ਵਿਚ ਆਈਆਂ ਰੁਕਾਵਟਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਸਿਰੜ, ਸਾਧਨਾ ਅਤੇ ਬਜਿੱLਦਤਾ ਨੂੰ ਮਨ ਵਿਚ ਧਾਰ ਕੇ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ।
ਤਰਾਸਦੀ ਵਿਚੋਂ ਉਭਰਨ ਦਾ ਸਭ ਤੋਂ ਸਾਜ਼ਗਾਰ ਤਰੀਕਾ ਹੀ ਮਨ ਦੀ ਤਕੜਾਈ ਹੁੰਦੀ। ਮਨ ਵਿਚੋਂ ਹੀ ਨਵੀਆਂ ਤਰਕੀਬਾਂ ਨੇ ਜਨਮ ਲੈਣਾ ਹੁੰਦਾ ਅਤੇ ਨਵੀਆਂ ਤਰਕੀਬਾਂ ਦੀ ਕਰਾਮਾਤ ਹੀ ਹੁੰਦੀ ਕਿ ਤਕਦੀਰਾਂ ਵੀ ਤਦਬੀਰਾਂ ਦੀਆਂ ਬਾਂਦੀਆਂ ਹੋ ਜਾਂਦੀਆਂ। ਫਿਰ ਤੁਸੀਂ ਕੈਸੇ ਵੀ ਹਾਲਾਤ ਵਿਚ ਅਤੇ ਕੇਹੇ
ਔਕੜਾਂ ਤੇ ਕਸ਼ਟਾਂ ਭਰੇ ਸਮਿਆਂ ਵਿਚ ਵੀ ਮਨਚਾਹੀ ਮੰਜ਼ਲ਼ ਪ੍ਰਾਪਤ ਕਰ ਸਕਦੇ ਹੋ।
ਸਮੇਂ ਨਾਲ ਬੰਦਾ ਤਰਾਸਦੀ ਵਾਲੇ ਹਾਲਤਾਂ ਨੂੰ ਆਪਣੇ ਹੱਕ ਵਿਚ ਕਰ ਜਿਊਣਾ ਸਿੱਖ ਜਾਂਦਾ। ਇਹੀ ਜਿਊਣਾ ਹੀ ਮਨੁੱਖ ਦੀ ਅੰਦਰਲੀ ਸਮਰੱਥਾ ਬਣ ਕੇ, ਉਸਦੀ ਜ਼ਿੰਦਗੀ ਨੂੰ ਨਵੀਂ ਦਿੱਖ, ਦ੍ਰਿਸ਼ਟੀਕੋਣ ਅਤੇ ਅਨੁਭਵ ਦਿੰਦਾ। ਇਸ ਵਿਚੋਂ ਹੀ ਜ਼ਿੰਦਗੀ ਦਾ ਸੁੱਚਮ ਸੁLੱਭ-ਧਾਰਨਾਵਾਂ ਬਣ ਕੇ ਉਸ ਦੀਆਂ ਪਹਿਲਾਂ ਅਤੇ ਸੁਪਨਿਆਂ ਨੂੰ ਨਵੇਂ ਅੰਬਰ ਦੀ ਦੱਸ ਵੀ ਪਾਉਂਦਾ। ਫਿਰ ਉਸਦੀ ਪਰਵਾਜ਼ ਦਾ ਵੱਖਰਾ ਹੀ ਅੰਦਾਜ਼ ਹੁੰਦਾ। ਇਹੀ ਅੰਦਾਜ਼ ਉਸਦੀ ਸੰਪੂਰਨ ਜ਼ਿੰਦਗੀ ਦਾ ਰਾਜ਼ ਬਣ ਜਾਂਦਾ।
ਯਾਦ ਰੱਖਣਾ! ਤਰਾਸਦੀ ਸਿਰਫ਼ ਕਮਜੋLਰਾਂ ਲਈ ਕਿਆਮਤ। ਹਿੰਮਤੀਆਂ ਅਤੇ ਸਿਰੜੀਆਂ ਲਈ ਪਰਖ ਦੀ ਕਸਵੱਟੀ। ਅਜੇਹੇ ਲੋਕ ਪਰਖ਼ ਵਿਚੋਂ ਕਦੇ ਫੇਲ੍ਹ ਨਹੀਂ ਹੁੰਦੇ। ਜਿੱਤਾਂ ਉਨ੍ਹਾਂ ਦੇ ਮੱਥੇ ਦਾ ਸ਼ਿੰਗਾਰ ਹੁੰਦੀਆਂ।