ਹਰਮਿੰਦਰ ਸਿੰਘ ਸੰਧੂ! ਸਾਡਾ ਡੁੱਬਿਆ ਸੂਰਜ ਚੜ੍ਹੇਗਾ!!

ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਨੂੰ ਕੁਝ ਤਲਖ ਸਵਾਲ
ਹਰਚਰਨ ਸਿੰਘ ਪ੍ਰਹਾਰ
ਫੋਨ:403-681-8689

1980ਵਿਆਂ ਦੌਰਾਨ ਪੂਰਾ ਡੇਢ ਦਹਾਕਾ ਪੰਜਾਬ ਨੇ ਅਜਿਹਾ ਦੌਰ ਦੇਖਿਆ ਅਤੇ ਦਰਦ ਹੰਢਾਇਆ ਜਿਸ ਬਾਰੇ ਜਦ ਵੀ ਕੋਈ ਗੱਲ ਤੁਰਦੀ ਹੈ ਤਾਂ ਇਸ ਦੇ ਵੱਖ-ਵੱਖ ਪੱਖਾਂ ਬਾਰੇ ਨਵੇਂ ਸਿਰਿਓਂ ਤੱਥ ਉਜਾਗਰ ਹੋਣੇ ਸ਼ੁਰੂ ਹੋ ਜਾਂਦੇਹਨ। ਅਸਲ ਵਿਚ ਉਸ ਦੌਰ ਬਾਰੇ ਸਮੁੱਚਤਾ ਵਿਚ ਗੱਲ ਤੋਰਨ ਦਾ ਹੀਆ ਸਬੰਧਿਤ ਧਿਰਾਂ ਵਿਚੋਂ ਕਿਸੇ ਨੇ ਵੀ ਨਹੀਂ ਕੀਤਾ।

ਸਿੱਖ ਮਸਲਿਆਂ ਬਾਰੇ ਲਗਾਤਾਰ ਟਿੱਪਣੀ ਕਰਨ ਵਾਲੇ ਸ. ਹਰਚਰਨ ਸਿੰਘ ਪਰਹਾਰ ਨੇ ਸਾਬਕਾ ਆਈ.ਏ.ਐਸ. ਸ. ਗੁਰਤੇਜ ਸਿੰਘ ਦੇ ਸੋਸ਼ਲ ਮੀਡੀਆ ‘ਤੇ ਨਸ਼ਰ ਹੋਏ ਇਕ ਲੇਖ ਦੇ ਆਧਾਰ ‘ਤੇ ਆਪਣੇ ਇਸ ਲੇਖ ਵਿਚ ਸਿੱਖਾਂ ਨਾਲ ਜੁੜੇ ਮਸਲਿਆਂ ਬਾਰੇ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਹ ਉਹੀ ਸਵਾਲ ਹਨ ਜਿਹੜੇ ਵਾਰ-ਵਾਰ ਸਾਹਮਣੇ ਆਉਂਦੇ ਰਹੇ ਹਨ ਅਤੇ ਇਨ੍ਹਾਂ ਬਾਰੇ ਵੱਖ-ਵੱਖ ਧਿਰਾਂ ਗੱਲ ਕਰਨ ਤੋਂ ਅਕਸਰ ਕੰਨੀ ਕਤਰਾਉਂਦੀਆਂਰਹੀਆਂ ਹਨ। ਹਕੀਕਤ ਇਹ ਹੈ ਕਿ ਜਦੋਂ ਤੱਕ ਸਾਰੇ ਹਾਲਾਤ ਬਾਰੇ ਸਮੁੱਚਤਾ ਵਿਚ ਗੱਲ ਨਹੀਂ ਤੋਰੀ ਜਾਂਦੀ, ਓਨੀ ਦੇਰ ਗੱਲ ਕਿਸੇ ਤਣ-ਪੱਤਣ ਲਗਣੀ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਜਾਪਦੀ ਹੈ।
ਪਿਛਲੇ ਦਿਨੀਂ ਸਾਬਕਾ ਆਈ. ਏ. ਐਸ. ਅਤੇ ਸੰਤ ਭਿੰਡਰਾਂਵਾiਲ਼ਆਂ ਦੇ ਕਰੀਬੀ ਰਹੇ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਹੋਰਾਂ ਆਪਣਾ ਇੱਕ ਆਰਟੀਕਲ ‘ਸਾਡਾ ਡੁੱਬਿਆ ਸੂਰਜ ਚੜ੍ਹੇਗਾ’ ਆਪਣੇ ਫੇਸਬੁੱਕ ਪੇਜ `ਤੇ ਸ਼ੇਅਰ ਕੀਤਾ ਸੀ। ਜਿਸ ਵਿਚ ਉਹ 1984 ਤੋਂ ਪਹਿਲੇ ਖਾੜਕੂ ਸੰਘਰਸ਼ ਦੇ ਪ੍ਰਮੁੱਖ ਲੀਡਰ ਤੇ ਸੰਤ ਭਿੰਡਰਾਂਵਾiਲ਼ਆਂ ਦੇ ਕਰੀਬੀ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਡਾ. ਸੋਹਣ ਸਿੰਘ ਵਾਲ਼ੀ ਪੰਥਕ ਕਮੇਟੀ ਤੇ ਦਲਜੀਤ ਸਿੰਘ ਬਿੱਟੂ ਵਾਲ਼ੀ ਫੈਡਰੇਸ਼ਨ ਵਲੋਂ ਕੀਤੇ ਗਏ ਬੇਕਿਰਕ ਕਤਲ ਬਾਰੇ ਲਿਖਦੇ ਹਨ:
‘ਉਜੱਡ ਹਥਿਆਰਬੰਦ ਬੁਰਛਿਆਂ ਨੇ ਕਿਸੇ ਝੂਠੀ ਸਤ੍ਹਾ ਦੇ ਲੋਭੀ ਦੀ ਚੁੱਕ ਵਿਚ ਆ ਕੇ ਹਰਮਿੰਦਰ ਸਿੰਘ ਸੰਧੂ ਅਤੇ ਓਸ ਤੋਂ ਪਹਿਲਾਂ ਗੁਰਿੰਦਰ ਸਿੰਘ ਭੋਲੇ, ਸਰਬਜੀਤ ਸਿੰਘ ਰੋਪੜ, ਸੁਖਵੰਤ ਸਿੰਘ ਅੱਕਾਂਵਾਲ਼ੀ ਤੇ ਮਗਰੋਂ ਚਮਕੌਰ ਸਿੰਘ ਰੋਡੇ, ਭੁਪਿੰਦਰ ਸਿੰਘ ਲੌਂਗੀਆ, ਸਰਬਜੀਤ ਸਿੰਘ ਬਾਠ ਤੇ ਹੋਰ ਅਨੇਕਾਂ ਗੁਰੂ ਦੇ ਰਾਹ ਚੱਲੇ ਗੁਰਸਿੱਖਾਂ ਨੂੰ ਕਤਲ ਕਰਕੇ ਸਦ-ਰਹਿਣੇ ਖ਼ਾਲਸਾ ਰਾਜ ਦੇ ਲਾਲ ਨੂੰ ਖ਼ਾਲਿਸਤਾਨ (ਬੇਗਾਨੀ ਦਾਤ) ਦੇ ਲਫ਼ਜ਼ ਦੀ ਕਉਡੀ ਵੱਟੇ ਵਟਾ ਲਿਆ। ਇਨ੍ਹਾਂ ਬੁਰਛਿਆਂ ਦੇ ਸਰਗਣੇ ਅਤੇ ਮਰਾਸੀ ਅੱਜ ਵੀ ਬੇਹੱਦ ਢੀਠਤਾਈ ਨਾਲ ਸਦੀ ਦੀ ਵੱਡੀ ਤ੍ਰਾਸਦੀ ਹੋ ਨਿੱਬੜੇ ਕਤਲਾਂ ਨੂੰ ਸਹੀ ਪ੍ਰਚਾਰਨ ਲਈ ਬਜ਼ਿੱਦ ਹਨ। ਕਤਲ ਤਾਂ ਕਦੇ ਦੁਸ਼ਮਣ ਦਾ ਵੀ ਜਾਇਜ਼ ਨਹੀਂ ਹੁੰਦਾ, ਸਿਰਫ਼ ਮਜਬੂਰੀ ਹੁੰਦਾ ਹੈ। ਸਿੱਖ ਕੌਮ ਦੀ ਅਣਗਹਿਲੀ ਦੀ ਹੱਦ ਹੈ ਕਿ ਸਾਜ਼ਸ਼ੀ ਟੋਲਿਆਂ ਦੇ ਕਤਲਾਂ ਸਬੰਧੀ ‘ਪ੍ਰਵਚਨਾਂ’, ਹਰਕਤਾਂ ਨੂੰ ਅੱਜ ਤੱਕ ਸ਼ੀਰੇ-ਮਾਦਰ ਸਮਝ ਕੇ ਡਕਾਰ ਰਹੀ ਹੈ।’
ਸਰਦਾਰ ਸਾਹਿਬ ਦੇ ਪੂਰੇ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਇਹ ਪ੍ਰਭਾਵ ਬਣਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ `84 ਦੀ ਹਥਿਆਰਬੰਦ ਮੂਵਮੈਂਟ ਦੇ ਖਾੜਕੂ, 18ਵੀਂ ਸਦੀ ਦੇ ਖਾਲਸਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਈ ਫੌਜਾਂ ਵਾਲ਼ਾ ਸਿੱਖੀ ਕਿਰਦਾਰ ਨਿਭਾਉਣ ਦੀ ਥਾਂ ਬੁਰਛਾਗਰਦ ਟੋਲੇ ਹੋ ਨਿਬੜੇ, ਜੋ ਆਪਣੇ ਹੀ ਧਰਮ ਭਾਈਆਂ ਦੇ ਕਤਲ ਕਰਨ ਲੱਗ ਪਏ ਸਨ। ਸ. ਗੁਰਤੇਜ ਸਿੰਘ ਹੋਰਾਂ ਨੂੰ ਇਨ੍ਹਾਂ ਧਿਰਾਂ ਉਤੇ ਇਹ ਵੀ ਗਿਲਾ ਹੈ ਕਿ ਜਿਸ ‘ਖਾਲਿਸਤਾਨ’ ਦੇ ਸ਼ਬਦ ਨੂੰ ਲੈ ਕੇ ਇਨ੍ਹਾਂ ਨੇ ਬੇਮੁਹਾਰੀ ਕਤਲੋਗਾਰਤ ਕੀਤੀ ਸੀ, ਉਹ ‘ਖਾਲਿਸਤਾਨ’ ਦੀ ਮੰਗ ਸਿੱਖਾਂ ਦੀ ਨਹੀਂ ਸੀ, ਸਗੋਂ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਸਿਰ ਬੜੀ ਸਾਜ਼ਿਸ਼ ਤਹਿਤ ਮੜੀ ਸੀ। ਅਸੀਂ ਸਰਦਾਰ ਸਾਹਿਬ ਦੀਆਂ ਇਨ੍ਹਾਂ ਗੱਲਾਂ ਨਾਲ਼ ਬਿਲਕੁਲ ਸਹਿਮਤ ਹਾਂ ਕਿ `84 ਦੀ ਜਜ਼ਬਾਤੀ ਖਾੜਕੂ ਲਹਿਰ ਬਿਨਾਂ ਕਿਸੇ ਸਪੱਸ਼ਟ ਤੇ ਦੂਰ-ਅੰਦੇਸ਼, ਪੰਜਾਬ ਤੇ ਸਿੱਖ ਪੱਖੀ ਨਿਸ਼ਾਨੇ ਦੇ, ਬੇਮੁਹਾਰੀ ਹਿੰਸਾ ਹੋ ਨਿਬੜੀ ਸੀ। ਜਿਸਦਾ ਅੰਤ ਵੀ ਪੁਲਿਸ ਦੇ ਜਬਰ ਨਾਲ਼ ਬੜਾ ਭਿਆਨਕ ਹੋਇਆ ਸੀ। ਇੱਥੇ ਸਰਦਾਰ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ 18ਵੀਂ ਸਦੀ ਦੀਆਂ ਸਿੱਖ ਮਿਸਲਾਂ ਦੇ ਇਤਿਹਾਸ ਬਾਰੇ ਨਵੇਂ ਖਾਲਿਸਤਾਨੀ ਲੀਡਰ ਭਾਈ ਅੰਮ੍ਰਿਤਪਾਲ ਸਿੰਘ (ਜੋ ਅੱਜ ਕੱਲ੍ਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ) ਦੇ ਇਕ ਬਿਆਨ ਵੱਲ ਦਿਵਾਉਣਾ ਚਾਹੁੰਦੇ ਹਾਂ, ਜਦੋਂ ਉਨ੍ਹਾਂ ਨੇ ਪੰਥਕ ਧਿਰਾਂ ਵਿਚ ਫੁੱਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਸੀ: ‘ਅਸੀਂ ਤਾਂ ਅੱਜ ਬਹੁਤ ਚੰਗੇ ਹਾਲਾਤਾਂ ਵਿਚ ਹਾਂ, 18ਵੀਂ ਸਦੀ ਦੇ ਖਾਲਸੇ ਤਾਂ ਵਿਰੋਧੀ ਮਿਸਲਾਂ ਦੇ 4-5 ਸੌ ਬੰਦੇ ਮਾਰ ਕੇ ਰਾਤ ਦਾ ਪ੍ਰਸ਼ਾਦਾ ਛਕਦੇ ਸਨ।’ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਈ ਫੌਜਾਂ ਵਲੋਂ ਮਹਾਰਾਜੇ ਦੀ ਮੌਤ ਤੋਂ ਬਾਅਦ ਆਪਸੀ ਖਾਨਾਜੰਗੀ ਵਿਚ ਜੋ ਮੌਤ ਦਾ ਨੰਗਾ ਨਾਚ ਨੱਚਿਆ, ਉਸ ਬਾਰੇ ਸ਼ਾਹ ਮੁਹੰਮਦ ਦੇ ‘ਜੰਗਨਾਮਾ ਸਿੰਘਾਂ ਫਿਰੰਗੀਆਂ’ ਦੀਆਂ ਇਹ ਕੁਝ ਲਾਈਨਾਂ ਹੀ ਖਾਲਸਿਆਂ ਦੀ ਭਰਾ-ਮਾਰੂ ਜੰਗ ਨੂੰ ਸਮਝਣ ਲਈ ਕਾਫੀ ਹਨ: ‘ਸਿੰਘਾਂ, ਮਾਰ ਸਰਦਾਰਾਂ ਦਾ ਨਾਸ਼ ਕੀਤਾ, ਸਭੋ ਕਤਲ ਹੋਏ ਵਾਰੋ-ਵਾਰ ਮੀਆਂ। ਸਿਰ `ਤੇ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ। ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ।’ ਮੈਨੂੰ ਲਗਦਾ ਹੈ ਕਿ `84 ਦੇ ਦੌਰ ਵਿਚ ਵੀ ਖਾੜਕੂਆਂ ਨੇ ਸਾਡੇ ਪੁਰਾਤਨ ਕੌਮੀ (ਕਬੀਲਾ) ਸੁਭਾਅ ਅਨੁਸਾਰ ਹੀ ਸਭ ਕੁਝ ਕੀਤਾ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ, ਪਰ ਬਦਕਿਸਮਤੀ ਨਾਲ਼ ਸਾਡੇ ਵਿਦਵਾਨ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚਣ ਲਈ ਇਤਿਹਾਸ ਦਾ ਨਿਰਪੱਖ ਵਿਸ਼ਲੇਸ਼ਣ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰਦੇ?
ਇਸ ਲੇਖ `ਤੇ ਮੈਂ ਸਰਦਾਰ ਸਾਹਿਬ ਦੀ ਪੋਸਟ ਹੇਠ ਇਹ ਕੁਮੈਂਟ ਕੀਤਾ ਸੀ: ‘ਗੁਰਤੇਜ ਸਿੰਘ ਜੀ ਜਦੋਂ ਤੱਕ ਤੁਹਾਡੇ ਵਰਗੇ ਵਿਦਵਾਨ ਗੁਰਬਾਣੀ ਦੇ ਸਰਬ-ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦੇ ਸਿਧਾਂਤਕ ਨਜ਼ਰੀਏ ਤੋਂ ਸਿੱਖੀ ਨੂੰ ਨਹੀਂ ਸਮਝਦੇ, ਉਦੋਂ ਤੱਕ ਸਿੱਖਾਂ ਦਾ ਕਦੇ ਨਾ ਭਲਾ ਹੋਣਾ ਹੈ ਤੇ ਨਾ ਹੀ ਕੋਈ ਜਿੱਤ ਹੋਣੀ ਹੈ ਕਿਉਂਕਿ ਅਸੀਂ ਗੁਰੂਆਂ ਦੇ ਬੁਨਿਆਦੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਬਾਕੀ ਚਾਹੇ ਕੋਈ ਵਿਰੋਧੀਆਂ ਨੂੰ ਮਾਰ-ਮੁਕਾਏ ਅਤੇ ਚਾਹੇ ਇੱਕ ਦੂਜੇ ਨਾਲ਼ ਮੇਹਣੋ-ਮੋਹਣੀ ਹੋਈ ਜਾਏ। ਕੁਝ ਫਰਕ ਨਹੀਂ ਪੈਣਾ। ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰ `ਤੇ 1978 ਤੋਂ ਚੱਲੇ ਕੌਮੀ ਸੰਘਰਸ਼ ਦਾ ਅਧਾਰ ਹੀ ਗੁਰਮਤਿ ਤੇ ਸਿੱਖ ਵਿਰੋਧੀ ਸੀ? ਇਹ ਸੱਚ ਅੱਜ ਮੰਨ ਲਓ ਤੇ ਚਾਹੇ 100 ਸਾਲ ਬਾਅਦ ਮੰਨ ਲਿਉ? ਪਰ ਜੋ ਕੁਝ ਤੁਸੀਂ ਲੋਕ ਕਰ ਰਹੇ ਹੋ, ਕੀ ਉਹ ਗੁਰੂ ਨਾਨਕ ਸੰਦੇਸ਼ ਅਤੇ ਮੂਲ ਸਿੱਖ ਸਿਧਾਂਤਾਂ ਦੀ ਨਜ਼ਰ-ਅੰਦਾਜ਼ੀ ਨਹੀਂ? ਤੁਹਾਡੀ ਉਪਰਲੀ ਲਿਖਤ ਇਸਦਾ ਸਪੱਸ਼ਟ ਸਬੂਤ ਹੈ। ਗੁਸਤਾਖ਼ੀ ਮਾਫ।’
ਮੇਰੇ ਇਸ ਕੁਮੈਂਟ ਦੇ ਜਵਾਬ ਵਿਚ ਗੁਰਤੇਜ ਸਿੰਘ ਹੋਰਾਂ ਨੇ ਇਹ ਕੁਮੈਂਟ ਲਿਖਿਆ: ‘ਜੀ ਤੁਹਾਨੂੰ ਮੇਰੀ, ਹਥਲੀ ਲਿਖਤ ਸਮੇਤ ਕਿਹੜੀ ਲਿਖਤ ਵਿਚ ਸਰਬ -ਸਾਂਝੀਵਾਲਤਾ ਅਤੇ ਮਨੁੱਖੀ ਬਰਾਬਰੀ ਦੀ ਅਣਹੋਂਦ ਦਿਸੀ ਹੈ? ਜੇ ਕਿੰਤੂ ਕਰਨਾ ਹੀ ਵਿਦਵਤਾ ਹੈ ਤਾਂ ਤੁਹਾਨੂੰ ਮੁਬਾਰਕ ਹੋਵੇ।’
ਫਿਰ ਇਸੇ ਕੁਮੈਂਟ `ਤੇ ਖਾੜਕੂ ਸਫਾਂ ਅਤੇ ਫੈਡਰੇਸ਼ਨ ਵਿਚ ਮੋਢੀ ਆਗੂ ਰਹੇ, ਭਾਈ ਅਮਰੀਕ ਸਿੰਘ ਮੁਕਤਸਰ ਨੇ ਇਹ ਕੁਮੈਂਟ ਕੀਤਾ: ‘ਹਰਚਰਨ ਜੀ, ਸ. ਗੁਰਤੇਜ ਸਿੰਘ ਦੇ ਆਰਟੀਕਲ ਵਿਚ ਮੈਨੂੰ ਤਾਂ ਕੋਈ ਸਿਧਾਂਤਕ ਕੁਤਾਹੀ ਨਹੀਂ ਜਾਪੀ। ਸਗੋਂ ਉਨ੍ਹਾਂ ਨੇ ਖਾੜਕੂ ਲਹਿਰ ਦੀਆਂ ਬੁਰਛਾਗਰਦ ਅਤੇ ਭਰਾ-ਮਾਰੂ ਪ੍ਰਵਿਰਤੀਆਂ ਖ਼ਿਲਾਫ਼ ਖੁੱਲ੍ਹ ਕੇ ਸਟੈਂਡ ਲਿਆ ਹੈ। ਉਨ੍ਹਾਂ ਨੇ ਖਾੜਕੂ ਲਹਿਰ ਦੀਆਂ ਸਿਆਸੀ ਨਾ-ਸਮਝੀਆਂ ਉਪਰ ਵੀ ਉਂਗਲ ਧਰੀ ਹੈ। ਪਰ ਤੁਸੀਂ ਤਾਂ ਧਰਮ ਯੁੱਧ ਮੋਰਚੇ ਦੀ ਬੁਨਿਆਦ ਨੂੰ ਹੀ ਸਿੱਖ ਸਿਧਾਂਤਾਂ ਵਿਰੋਧੀ ਆਖ ਕੇ ਸੰਵਾਦ ਦੀ ਸੰਭਾਵਨਾ ਤੱਕ ਖਤਮ ਕਰ ਦਿੱਤੀ ਹੈ।’
ਅੱਗੇ ਮੇਰੇ ਇਸੇ ਕੁਮੈਂਟ `ਤੇ ਸਿੱਖ ਵਿਦਵਾਨ ਪ੍ਰੋ. ਬਲਵਿੰਦਰਪਾਲ ਸਿੰਘ ਇਉਂ ਲਿਖਦੇ ਹਨ: ‘ਗੁਰਤੇਜ ਸਿੰਘ ਤੋਂ ਵੱਧ ਕੌਣ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਨੂੰ ਸਮਝ ਲਵੇਗਾ। ਉਸਦਾ ਰੋਮ-ਰੋਮ ਪੰਥ ਨੂੰ ਸਮਰਪਿਤ ਹੈ। ਉਸਦੀ ਰੂਹ ਵਿਚ ਗੁਰੂ ਦੇ ਸਮਾਜ ਤੇ ਸੱਚੀ ਪਾਤਸ਼ਾਹੀ ਦੀ ਰਾਜਨੀਤੀ ਦਾ ਪੈਗਾਮ ਹੈ। ਹਰਚਰਨ ਭਾਜੀ, ਇਸ ਲਿਖਤ ਵਿਚ ਜੋ ਗੱਲ ਤੁਹਾਨੂੰ ਸਹੀ ਨਹੀਂ ਲੱਗੀ ਜਾਂ ਨਹੀਂ ਕਹੀ, ਉਸ ਬਾਰੇ ਵਿਸਥਾਰ ਸਹਿਤ ਚਰਚਾ ਕਰੋ।’
ਇਸੇ ਲਿਖਤ ਬਾਰੇ ਕੁਝ ਦਿਨ ਪਹਿਲਾਂ ਅਮਰੀਕ ਸਿੰਘ ਮੁਕਤਸਰ ਹੋਰਾਂ ਨਾਲ਼ ਫੋਨ `ਤੇ ਇੱਕ ਘੰਟੇ ਤੋਂ ਵੱਧ ਵਿਸਤਾਰਤ ਚਰਚਾ ਹੋਈ। ਨਿੱਜੀ ਜੀਵਨ ਵਿਚ ਬਿਜ਼ੀ ਹੋਣ ਕਾਰਨ ਇਸ ਪੋਸਟ `ਤੇ ਦੁਬਾਰਾ ਕੋਈ ਕੁਮੈਂਟ ਨਹੀਂ ਲਿਖ ਸਕਿਆ। ਪਰ ਅਮਰੀਕ ਸਿੰਘ ਮੁਕਤਸਰ ਹੋਰਾਂ ਨਾਲ਼ ਫੋਨ `ਤੇ ਲੰਬੀ ਗੱਲਬਾਤ ਤੋਂ ਬਾਅਦ ਮੈਂ ਆਪਣੀ ਗੱਲ ਨੂੰ ਸਪੱਸ਼ਟ ਕਰਨ ਅਤੇ ਮੇਰੇ ਮਨ ਵਿਚ ਸਿੱਖ ਵਿਦਵਾਨਾਂ ਤੇ ਲੀਡਰਾਂ ਪ੍ਰਤੀ ਜੋ ਸਵਾਲ ਹਨ, ਉਹ ਇਸ ਲੇਖ ਰਾਹੀਂ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਸੁਹਿਰਦ ਸਿੱਖ ਵਿਦਵਾਨਾਂ ਨੂੰ ਚਰਚਾ ਦਾ ਸੱਦਾ ਦਿੰਦਾ ਹਾਂ, ਜੇ ਉਹ ਇੱਥੇ ਨਹੀਂ ਤਾਂ ਪੰਥ ਤੇ ਪੰਜਾਬ ਦੇ ਭਲੇ ਹਿੱਤ ਆਪਣੇ ਕਿਸੇ ਪਲੈਟਫਾਰਮ `ਤੇ ਜ਼ਰੂਰ ਚਰਚਾ ਕਰਨ ਤਾਂ ਕਿ ਪੰਥ ਤੇ ਪੰਜਾਬ ਲਈ ਕੁਝ ਚੰਗਾ ਸਿਰਜਿਆ ਜਾ ਸਕੇ?
ਮੈਨੂੰ ਲਗਦਾ ਹੈ ਕਿ ਸਾਡੀਆਂ ਮੌਜੂਦਾ ਜਾਂ ਪਹਿਲੀਆਂ ਬਹੁਤੀਆਂ ਸਮੱਸਿਆਵਾਂ ਸਾਡੀ ਕਬੀਲਾ ਮਾਨਸਿਕਤਾ ਅਤੇ ਸਿੱਖ ਸਪਿਰਟ ਬਾਰੇ ਅਗਿਆਨਤਾ ਦੀਆਂ ਸਮੱਸਿਆਵਾਂ ਹਨ? ਮੇਰਾ ਇਹ ਵੀ ਮੰਨਣਾ ਹੈ ਕਿ ਅਸੀਂ ਘਟਨਾਵਾਂ ਆਧਾਰਤ ਜਜ਼ਬਾਤੀ ਨਾਹਰੇਬਾਜ਼ੀ ਦੀ ਸਿਆਸਤ ਤਾਂ ਜ਼ਰੂਰ ਕਰਦੇ ਹਾਂ, ਪਰ ਵਾਰ-ਵਾਰ ਉਠਾਏ ਜਾ ਰਹੇ ਮਸਲਿਆਂ ਨੂੰ ਗੰਭੀਰਤਾ ਤੇ ਦੂਰ-ਅੰਦੇਸ਼ੀ ਨਾਲ਼ ਸਮਝਣ ਜਾਂ ਵਿਚਾਰਨ ਦਾ ਸ਼ਾਇਦ ਸਾਡੇ ਕੋਲ਼ ਸਹਿਜ ਤੇ ਠਰੰਮਾ ਨਹੀਂ ਹੈ? ਮੇਰੀ ਸਮਝ ਅਨੁਸਾਰ ਗੁਰਬਾਣੀ ਵਿਚਾਰਧਾਰਾ ਦਾ ਮੁੱਖ ਆਧਾਰ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਤੇ ਰਾਜਸੀ ਨਿਆਂ ਹੈ। ਪਰ ਕੀ ਮੌਜੂਦਾ ਦੌਰ ਦੀਆਂ ਦੇਸ਼-ਵਿਦੇਸ਼ ਵਿਚ ਖਿੰਡਰੀਆਂ-ਪੁੰਡਰੀਆਂ ਪੰਥਕ ਧਿਰਾਂ ਆਪਣੇ ਇਨ੍ਹਾਂ ਬੁਨਿਆਦੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਹਿੰਸਾ ਤੇ ਨਫਰਤ ਆਧਾਰਤ ਫਿਰਕੂ ਰਾਜਨੀਤੀ ਨਹੀਂ ਕਰ ਰਹੀਆਂ? ਉਨ੍ਹਾਂ ਦੀ ਇਹ ਨੀਤੀ ਨਾ ਸਿਰਫ ਪੰਜਾਬ ਵਿਚ ਵਸਦੇ ਹਿੰਦੂਆਂ, ਦਲਿਤਾਂ ਤੇ ਹੋਰ ਭਾਈਚਾਰਿਆਂ ਦੇ ਹਿੱਤਾਂ ਨੂੰ ਵਿਸਾਰ ਚੁੱਕੀ ਹੈ, ਸਗੋਂ ਸਿੱਖਾਂ ਵਿਚਲੇ ਨਾਮਧਾਰੀ, ਰਾਧਾ ਸਵਾਮੀ, ਸਹਿਜਧਾਰੀ ਆਦਿ ਅਨੇਕਾਂ ਛੋਟੇ ਭਾਈਚਾਰੇ ਵੀ ਉਨ੍ਹਾਂ ਦੇ ਕਿਸੇ ਏਜੰਡੇ `ਤੇ ਨਹੀਂ ਹਨ। ਉਨ੍ਹਾਂ ਦੀ ਸਾਰੀ ਰਾਜਨੀਤੀ ਕੁਝ ਧੜਿਆਂ ਦੀਆਂ ਸਿਆਸੀ ਅਕਾਂਖਿਆਵਾਂ ਦੀ ਪੂਰਤੀ ਤੋਂ ਅੱਗੇ ਨਹੀਂ ਵਧਦੀ, ਜਿਸਨੂੰ ਉਹ ਸਿੱਖ ਕੌਮ ਦੀ ਆਜ਼ਾਦੀ ਦਾ ਨਾਮ ਦਿੰਦੇ ਹਨ?
ਹੁਣ ਸ. ਗੁਰਤੇਜ ਸਿੰਘ ਹੋਰਾਂ ਵਰਗੇ ਸੂਝਵਾਨ ਵਿਦਵਾਨ ਭਾਈ ਹਰਮਿੰਦਰ ਸਿੰਘ ਸੰਧੂ ਸਮੇਤ ਸੈਂਕੜੇ ਫੈਡਰੇਸ਼ਨ ਤੇ ਵਿਰੋਧੀ ਗੁੱਟਾਂ ਦੇ ਖਾੜਕੂਆਂ ਨੂੰ ਮਾਰਨ ਦੇ ਭਰਾ-ਮਾਰੂ ਰੁਝਾਨ ਦਾ ਤਾਂ ਵਿਰੋਧ ਕਰਦੇ ਹਨ, ਜੋ ਕੀਤਾ ਵੀ ਜਾਣਾ ਚਾਹੀਦਾ ਹੈ ਅਤੇ ਅਸੀਂ ਉਨ੍ਹਾਂ ਦੇ ਇਸ ਦਲੇਰਾਨਾ ਕਦਮ ਦੀ ਸ਼ਲਾਘਾ ਵੀ ਕਰਦੇ ਹਾਂ। ਪਰ ਮਸਲਾ ਤਾਂ ਇਹ ਹੈ ਕਿ ਕੀ ਖਾੜਕੂਆਂ ਨੇ 1982-1995 ਤੱਕ ਸਿਰਫ 100-200 ਆਪਣੇ ਖਾੜਕੂ ਸਾਥੀ ਹੀ ਮਾਰੇ ਸਨ? ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਅਨੇਕਾਂ ਸੁਹਿਰਦ ਸਿੱਖ ਨੌਜਵਾਨਾਂ ਨੇ ਜਜ਼ਬਾਤੀ ਰੌਂਅ ਵਿਚ ਹਥਿਆਰ ਚੁੱਕੇ ਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਤਸੀਹੇ ਝੱਲ ਕੇ ਬੇਗਰਜ਼ ਸ਼ਹਾਦਤਾਂ ਦਿੱਤੀਆਂ, ਪਰ ਸਵਾਲ ਤਾਂ ਇਹ ਹੈ ਕਿ ਉਨ੍ਹਾਂ ਹਜ਼ਾਰਾਂ ਬੇਗੁਨਾਹਾਂ ਦੇ ਕਤਲਾਂ ਬਾਰੇ ਅਸੀਂ ਕਦੋਂ ਵਿਚਾਰ ਕਰਾਂਗੇ, ਜਿਨ੍ਹਾਂ ਨੂੰ ਬੱਸਾਂ, ਟ੍ਰੇਨਾਂ, ਬਾਜ਼ਾਰਾਂ, ਸਿਨਮਿਆਂ, ਭੱਠਿਆਂ, ਨਹਿਰਾਂ ਤੇ ਗੋਲ਼ੀਆਂ ਨਾਲ਼ ਭੁੰਨ ਦਿੱਤਾ ਗਿਆ ਸੀ? ਕੀ ਉਦੋਂ ਖਾੜਕੂ ਧਿਰਾਂ ਵਲੋਂ ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਗੋਲੀ ਹੀ ਇੱਕ ਮਾਤਰ ਸਾਧਨ ਨਹੀਂ ਮਿੱਥ ਲਿਆ ਗਿਆ ਸੀ? ਕੀ ਉਸ ਦੌਰ ਵਿਚ ਵਿਰੋਧੀ ਵਿਚਾਰ ਰੱਖਣ ਵਾਲ਼ੇ ਮਾਰੇ ਗਏ ਸਿਆਸੀ ਕਾਰਕੁਨਾਂ, ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਾਉਣ ਲਈ ਗੋਲ਼ੀ ਹੀ ਇਕ ਮਾਤਰ ਰਾਹ ਬਚਿਆ ਸੀ? ਕੀ 30-35 ਸਾਲ ਬੀਤਣ ਤੋਂ ਬਾਅਦ ਵੀ ਸਾਡੇ ਬੁੱਧੀਜੀਵੀ ਅਜਿਹੇ ਮਸਲਿਆਂ ਤੇ ਸਿੱਖੀ ਦੀ ਸਾਂਝੀਵਾਲਤਾ ਦੀ ਸਪਿਰਟ ਅਨੁਸਾਰ ਵਿਚਾਰ ਕਰਨ ਤੋਂ ਅਸਮਰੱਥ ਰਹਿਣ ਦੇ ਦੋਸ਼ੀ ਨਹੀਂ? ਅਸੀਂ ਕਦੋਂ ਤੱਕ ਬੇਗੁਨਾਹਾਂ ਦੇ ਕਤਲਾਂ ਨੂੰ ਏਜੰਸੀਆਂ ਸਿਰ ਮੜ੍ਹ ਕੇ ਸਚਾਈ ਤੋਂ ਮੂੰਹ ਮੋੜਦੇ ਰਹਾਂਗੇ? ਕੀ ਗੁਰਤੇਜ ਸਿੰਘ, ਅਮਰੀਕ ਸਿੰਘ ਮੁਕਤਸਰ, ਦਲਜੀਤ ਸਿੰਘ ਬਿੱਟੂ ਆਦਿ ਅਨੇਕਾਂ ਵਿਦਵਾਨਾਂ ਤੇ ਲੀਡਰਾਂ ਨੂੰ ਪਤਾ ਨਹੀਂ ਕਿ ਕਿਹੜੇ ਐਕਸ਼ਨ ਕਿਹੜੀ ਜਥੇਬੰਦੀ ਤੇ ਕਿਹੜੇ ਖਾੜਕੂਆਂ ਨੇ ਕੀਤੇ ਸਨ? ਪਰ ਇਹ ਤਾਂ ਹੀ ਸੰਭਵ ਹੈ, ਜੇ ਅਸੀਂ ਸੌੜੀ ਫਿਰਕੂ ਸੋਚ ਦੀ ਥਾਂ ਸਾਂਝੀਵਾਲਤਾ ਵਾਲ਼ੀ ਸੋਚ ਅਪਨਾਵਾਂਗੇ? ਆਪਣੀਆਂ ਗਲਤੀਆਂ ਨੂੰ ਮੰਨਣ ਦਾ ਜ਼ੇਰਾ ਦਿਖਾਵਾਂਗੇ? ਕੋਈ ਸ਼ੱਕ ਨਹੀਂ ਕਿ ਭਾਰਤੀ ਸਟੇਟ ਨੇ ਜਬਰ ਦਾ ਰਸਤਾ ਅਪਨਾਉਣ ਦੀ ਬੱਜਰ ਗਲਤੀ ਕੀਤੀ? ਪਰ ਕੀ ਇਸ ਨਾਲ਼ ਅਸੀਂ ਆਪਣੇ ਗੁਨਾਹਾਂ ਤੋਂ ਬਚ ਜਾਵਾਂਗੇ? ਕੀ ਅਸੀਂ ਕਦੇ ਸੋਚਿਆ ਹੈ ਕਿ ਹਜ਼ਾਰਾਂ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲ਼ੀਆਂ ਧਿਰਾਂ ਦੀ ਥਾਂ ਲੋਕਾਂ ਨੇ ਪਿਛਲੇ 30 ਸਾਲਾਂ ਵਿਚ ਵਾਰ-ਵਾਰ ਅਕਾਲੀਆਂ ਤੇ ਕਾਂਗਰਸੀਆਂ ਤੇ ਹੁਣ ਆਮ ਆਦਮੀ ਪਾਰਟੀ ਨੂੰ ਰਾਜਸੀ ਤੌਰ `ਤੇ ਪ੍ਰਵਾਨਿਆ, ਪਰ ਪੰਥਕ ਧਿਰਾਂ ਨੂੰ ਕਦੇ ਕੋਈ ਅਹਿਮੀਅਤ ਕਿਉਂ ਨਹੀਂ ਦਿੱਤੀ?
ਭਾਈ ਸੰਧੂ ਦੇ ਕਤਲ ਬਾਰੇ ਆਸਟਰੇਲੀਆ ਰਹਿੰਦੇ ਉਸਦੇ ਸਾਥੀ ਤੇ ਸਾਬਕਾ ਖਾੜਕੂ ਵਿਜੈ ਪਾਲ ਸਿੰਘ ਕਹਿੰਦੇ ਹਨ ਕਿ ਸੰਧੂ ਦੀ ਪ੍ਰਤਿਭਾ ਹੀ ਉਸਦੇ ਕਤਲ ਦੀ ਵੱਡੀ ਦੁਸ਼ਮਣ ਹੋ ਨਿਬੜੀ। ਵੈਸੇ ਮੇਰੀ ਜਾਣਕਾਰੀ ਅਨੁਸਾਰ, ਅਜਿਹੀ ਪ੍ਰਤਿਭਾ ਤੇ ਕੌਮ ਪ੍ਰਤੀ ਸਮਰਪਿਤ ਭਾਵਨਾ ਨੇ ਵਿਜੈ ਪਾਲ ਸਿੰਘ ਦਾ ਵੀ ਇਨ੍ਹਾਂ ਟੋਲਿਆਂ ਤੋਂ ਕਤਲ ਕਰਵਾ ਦੇਣਾ ਸੀ, ਜੇ ਉਹ ਇੰਡੀਆ ਛੱਡ ਕੇ ਆਸਟਰੇਲੀਆ ਨਾ ਆ ਵਸਦੇ। ਕੋਈ ਸ਼ੱਕ ਨਹੀਂ ਕਿ ਹਰਮਿੰਦਰ ਸਿੰਘ ਸੰਧੂ ਸਮੇਤ ਅਨੇਕਾਂ ਫੈਡਰੇਸ਼ਨ ਆਗੂਆਂ ਤੇ ਖਾੜਕੂਆਂ ਦੇ ਭਰਾ-ਮਾਰੂ ਜੰਗ ਵਿਚ ਹੋਏ ਕਤਲ ਨਿੰਦਣਯੋਗ ਹਨ। ਪਰ ਹਰਮਿੰਦਰ ਸਿੰਘ ਸੰਧੂ ਵਲੋਂ ਜਨਰਲ ਸਰਦੂਲ ਸਿੰਘ ਦੇ ਫਰਜ਼ੀ ਨਾਮ ਹੇਠ ਬਣਾਈ ਹੋਈ, ‘ਦਸ਼ਮੇਸ਼ ਰੈਜਮੈਂਟ’ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ, ਦਿੱਲੀ ਦੇ ਸਿੱਖ ਲੀਡਰ ਹਰਬੰਸ ਸਿੰਘ ਮਨਚੰਦਾ, ਕਾਂਗਰਸ ਦੇ ਰਾਜ ਸਭਾ ਐਮ.ਪੀ. ਵਿਸ਼ਵਨਾਥ ਤਿਵਾੜੀ, ਹਿੰਦ ਸਮਾਚਾਰ ਗਰੁੱਪ ਦੇ ਐਡੀਟਰ ਰਮੇਸ਼ ਚੰਦਰ ਆਦਿ ਦੇ ਕਤਲਾਂ ਅਤੇ ਇੱਕੋ ਰਾਤ 36 ਰੇਲਵੇ ਸਟੇਸ਼ਨਾਂ ਨੂੰ ਸਾੜਨ ਵਰਗੀਆਂ ਅਨੇਕਾਂ ਹਿੰਸਕ ਵਾਰਦਾਤਾਂ ਨੂੰ ਚੱਲ ਰਹੇ ਸ਼ਾਂਤਮਈ ‘ਧਰਮ ਯੁੱਧ ਮੋਰਚੇ’ ਦੌਰਾਨ ਕਰਨਾ ਕਿਤਨਾ ਕੁ ਜਾਇਜ਼ ਕਿਹਾ ਜਾ ਸਕਦਾ ਹੈ? ਇਸੇ ਤਰ੍ਹਾਂ ਢਿੱਲਵਾਂ ਬੱਸ ਕਾਂਡ, ਪੱਟੀ ਤੇ ਨੌਸ਼ਹਿਰਾ ਪੰਨੂੰਆਂ ਵਾਲ਼ੇ ਬੇਗੁਨਾਹ ਹਿੰਦੂਆਂ ਦੇ ਕਤਲਾਂ ਨੂੰ ਅਸੀਂ ਕਦੋਂ ਤੱਕ ਏਜੰਸੀਆਂ ਸਿਰ ਮੜ੍ਹਦੇ ਰਹਾਂਗੇ?
ਸਾਡੇ ਵਿਦਵਾਨ ਅਕਸਰ ਇਹ ਇਲਜ਼ਾਮ ਲਗਾਉਂਦੇ ਹਨ ਕਿ ਭਾਰਤ ਸਰਕਾਰ ਨੇ ਜੂਨ `84 ਤੋਂ ਸਾਲ ਪਹਿਲਾਂ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਦੀ ਯੋਜਨਾ ਤਿਆਰ ਕਰ ਲਈ ਸੀ? ਖੁਫੀਆ ਏਜੰਸੀ ਰਾਅ ਦੇ ਸਾਬਕਾ ਸੀਨੀਅਰ ਅਧਿਕਾਰੀ ਜੀ ਬੀ ਸਿੱਧੂ ਆਪਣੀ ਕਿਤਾਬ ‘ਖਾਲਿਸਤਾਨ ਸਾਜਿਸ਼’ ਵਿਚ ਤਾਂ ਇੱਥੇ ਤੱਕ ਇਲਜ਼ਾਮ ਲਗਾਉਂਦੇ ਹਨ ਕਿ ਅਜਿਹੀ ਸਾਜ਼ਿਸ਼ ਦੀ ਸ਼ੁਰੂਆਤ 1980 ਦੇ ਸ਼ੁਰੂਆਤੀ ਦੌਰ ਵਿਚ ਹੀ ਸ਼ੁਰੂ ਹੋ ਚੁੱਕੀ ਸੀ? ਕੀ ‘ਦਸ਼ਮੇਸ਼ ਰੈਜਮੈਂਟ’ ਵਲੋਂ `84 ਵਿਚ ਵਾਰ-ਵਾਰ ਕੀਤੀਆਂ ਭੜਕਾਊ ਹਿੰਸਕ ਕਾਰਵਾਈਆਂ, ਮੈਡਮ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ `ਤੇ ਹਮਲਾ ਕਰਨ ਲਈ ਬਹਾਨਾ ਨਹੀਂ ਦੇ ਰਹੀਆਂ ਸਨ? ਕੀ ਅਸੀਂ ਇਸ ਬਾਰੇ ਵੀ ਕਦੇ ਵਿਚਾਰ ਕਰਾਂਗੇ ਕਿ ਸ਼ਾਂਤਮਈ ਧਰਮ ਯੁੱਧ ਮੋਰਚੇ ਵਿਚ ਵਾੜੀ ਗਈ ਹਿੰਸਾ ਵੀ ਕਿਸੇ ਅਜਿਹੀ ਸਾਜ਼ਿਸ਼ ਦਾ ਹਿੱਸਾ ਤੇ ਨਹੀਂ ਸੀ? ਜੇ ਅਸੀਂ ਬੇਗੁਨਾਹਾਂ ਦੇ ਕਤਲਾਂ `ਤੇ ਚੁੱਪ ਹਾਂ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਰੋਮ-ਰੋਮ ਵਿਚ ਗੁਰੂ ਦੇ ਪੰਥ ਦੀ ਸੋਚ ਵਸਦੀ ਹੈ?
ਭਾਈ ਅਮਰੀਕ ਸਿੰਘ ਮੁਕਤਸਰ ਵਲੋਂ ਮੇਰੇ `ਤੇ ਇਤਰਾਜ਼ ਉਠਾਇਆ ਗਿਆ ਹੈ ਕਿ ਮੈਂ ‘ਧਰਮ ਯੁੱਧ ਮੋਰਚੇ’ ਦੀ ਬੁਨਿਆਦ `ਤੇ ਹੀ ਸਵਾਲ ਉਠਾ ਕੇ ਕਿਸੇ ਸੰਭਾਵੀ ਸੰਵਾਦ ਦੀ ਸੰਭਾਵਨਾ ਹੀ ਖਤਮ ਕਰ ਦਿੱਤੀ ਹੈ। ਮੈਂ ਭਾਈ ਅਮਰੀਕ ਸਿੰਘ ਜੀ ਨੂੰ ਨਿੱਜੀ ਗੱਲਬਾਤ ਵਿਚ ਸਪੱਸ਼ਟ ਕੀਤਾ ਸੀ ਕਿ ਤੁਸੀਂ ਜਾਂ ਪੰਥ ਦੇ ਸਿਰਮੌਰ ਵਿਦਵਾਨ, ਕੀ ਇਹ ਦੱਸ ਸਕਦੇ ਹਨ ਕਿ 1982 ਵਿਚ ‘ਸਿੱਖ ਪੰਥ’ ਜਾਂ ‘ਸਿੱਖ ਧਰਮ’ ਨੂੰ ਅਜਿਹਾ ਕਿਹੜਾ ‘ਧਰਮ ਸੰਕਟ’ ਪੈਦਾ ਹੋ ਗਿਆ ਸੀ ਕਿ ਸਾਨੂੰ ‘ਧਰਮ ਯੁੱਧ’ ਲੜਨ ਦੀ ਲੋੜ ਪੈ ਗਈ ਸੀ? ਇਸ ‘ਧਰਮ ਯੁੱਧ’ ਮੋਰਚੇ ਦੀਆਂ 90% ਮੰਗਾਂ ਤਾਂ ਸਿਆਸੀ ਸਨ ਤਾਂ ਇਸਦਾ ਨਾਮ ‘ਧਰਮ ਯੁੱਧ ਮੋਰਚਾ’ ਰੱਖਣਾ ਕਿਤਨਾ ਕੁ ਜਾਇਜ਼ ਸੀ? ‘ਸਿੱਖ ਪੰਥ’ ਦੀ ਪੰਚ ਪ੍ਰਧਾਨੀ ਪ੍ਰੰਪਰਾ ਨੂੰ ਛੱਡ ਕੇ ਮੋਰਚੇ ਦੇ ਮੁਖੀ ਨੂੰ ‘ਡਿਕਟੇਟਰ’ ਦਾ ਅਹੁਦਾ ਦੇਣ ਤੋਂ ਸਾਨੂੰ ਕਿਉਂ ਤਕਲੀਫ ਨਹੀਂ ਹੋਈ ਕਿ ‘ਸਿੱਖੀ ਵਿਚ ਕਿਸੇ ਡਿਕਟੇਟਰਸ਼ਿਪ’ ਨੂੰ ਕੋਈ ਥਾਂ ਨਹੀਂ? ਜਦੋਂ ਮੋਰਚਾ ਨਿਰੋਲ ਸਿਆਸੀ ਮੰਗਾਂ `ਤੇ ਆਧਾਰਤ ਸੀ ਤਾਂ ਉਸਨੂੰ ਸਰਬ ਸਾਂਝੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਵਿਚ ਲਿਜਾਣ ਦੀ ਕਵਾਇਦ ਨੂੰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਤਖਤਾਂ ਦੇ ਜਥੇਦਾਰਾਂ ਨੇ ਰੋਕਿਆ ਕਿਉਂ ਨਹੀਂ? ਮੰਨ ਲਿਆ, ਜੇ ਪੁਰਾਣੀਆਂ ਸਿੱਖ ਰਵਾਇਤਾਂ ਦੀ ਆੜ ਹੇਠ ਮੋਰਚਾ ਪਵਿੱਤਰ ਧਾਰਮਿਕ ਅਸਥਾਨ ਤੋਂ ਸ਼ਾਂਤਮਈ ਰਾਜਨੀਤਕ ਮੋਰਚਾ ਸ਼ੁਰੂ ਕਰ ਹੀ ਲਿਆ ਸੀ ਤਾਂ ਉਥੇ ਭਾਂਤ-ਭਾਂਤ ਦੇ ਹਥਿਆਰ ਇਕੱਠੇ ਕਿਉਂ ਹੋਣ ਦਿੱਤੇ ਗਏ? ਉਸ ਸਾਰੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦਰਬਾਰ ਸਾਹਿਬ ਕੰਪਲੈਕਸ ਦੇ ਕਸਟੋਡੀਅਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਰੁਝਾਨ ਨੂੰ ਰੋਕਣ ਲਈ ਇਕ ਵਾਰ ਵੀ ਜ਼ੁਬਾਨ ਖੋਲ੍ਹਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਫੌਜੀ ਘੇਰਾ ਪੈ ਜਾਣ ਤੱਕ ਸਾਰੀ ਲੀਡਰਸ਼ਿਪ ਨੇ ਕਬੂਤਰ ਵਾਂਗ ਅੱਖਾਂ ਮੀਟੀ ਰੱਖਣ ਦੀ ਨੀਤੀ ਕਿਉਂ ਅਪਨਾਈ ਰੱਖੀ? ਕੀ ਇਹ ਸਭ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਤੇ ਨਹੀਂ ਸੀ, ਜਿਸ ਬਾਰੇ ਜੀ.ਬੀ. ਸਿੰਘ ਸਿੱਧੂ ਤੇ ਹੋਰ ਅਨੇਕਾਂ ਕਿਤਾਬਾਂ ਇਸ਼ਾਰਾ ਕਰਦੀਆਂ ਹਨ? ਕੀ ਅਜੇ ਵੀ ਸਾਨੂੰ ਸਪੱਸ਼ਟ ਨਹੀਂ ਹੋ ਰਿਹਾ ਕਿ ਪੰਥ ਉਸ ਵਕਤ ਸੌੜੀ ਰਾਜਨੀਤੀ ਦੇ ਰਾਹ ਪੈ ਚੁੱਕਾ ਸੀ?
ਇਸ ‘ਧਰਮ ਯੁੱਧ ਮੋਰਚੇ’ ਦਾ ਆਧਾਰ ‘ਅਨੰਦਪੁਰ ਦਾ ਮਤਾ’ ਸੀ, ਜਿਸ ਬਾਰੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਉਹ ਪੰਜਾਬ ਦੀਆਂ ਸਾਂਝੀਆਂ ਹੱਕੀ ਮੰਗਾਂ ਦੇ ਨਾਲ਼-ਨਾਲ਼ ਭਾਰਤ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਵਾਲ਼ੇ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ, ਜਦਕਿ ਉਸ ਦੀਆਂ ਮੁਢਲੀਆਂ ਲਾਈਨਾਂ ‘ਪੰਜਾਬ ਵਿਚ ਸਿੱਖਾਂ ਦੇ ਬੋਲ-ਬਾਲੇ’ ਦੀ ਵਕਾਲਤ ਕਰਦੀਆਂ ਹਨ? ਜੇ ਇਸ ਤੋਂ ਅਨੰਦਰਪੁਰ ਸਾਹਿਬ ਦਾ ਮਤਾ ਬਣਾਉਣ ਵਾiਲ਼ਆਂ ਦੀ ਰੀਝ ਸਿੱਖਾਂ ਦੀ ਚੜ੍ਹਦੀ ਕਲਾ ਵੇਖਣ ਤੋਂ ਸੀ ਤਾਂ ਦੱਸੋ ਦੁਨੀਆਂ ਭਰ ਵਿਚ ਬੈਠਾ ਕਿਹੜਾ ਸਿੱਖ ਹੈ, ਜੋ ਸਿੱਖਾਂ ਦੀ ਚੜ੍ਹਦੀ ਕਲਾ ਨਹੀਂ ਚਾਹੁੰਦਾ? ਕੀ ਇਸ ਰੀਝ ਦਾ ਪ੍ਰਗਟਾਵਾ ਅਜੋਕੇ ਜਮਹੂਰੀ ਮਾਡਰਨ ਵਰਲਡ ਦੀਆਂ ਹਕੀਕਤਾਂ ਦੇ ਸੰਦਰਭ ਵਿਚ ਕਿਸੇ ਹੋਰ ਢੰਗ ਨਾਲ਼ ਨਹੀਂ ਸੀ ਕੀਤਾ ਜਾ ਸਕਦਾ? ਜੇ ਇਸਦਾ ਜਵਾਬ ਨਹੀਂ ਵਿਚ ਸੀ ਤਾਂ ਫਿਰ ਵਿਰੋਧੀ ਸਾਡੇ ਇਰਾਦਿਆਂ `ਤੇ ਸ਼ੱਕ ਕਿਉਂ ਨਾ ਕਰਨ ਕਿ ਅਸੀਂ ‘ਧਰਮ ਯੁੱਧ ਮੋਰਚੇ’ ਦੀ ਆੜ ਵਿਚ ਦੇਸ਼ ਤੋੜਨ ਦੀ ਸਾਜ਼ਿਸ਼ ਕਰ ਰਹੇ ਸੀ? ਕੀ ਅਸੀਂ ‘ਪੰਜਾਬੀ ਸੂਬਾ’ ਮੋਰਚੇ ਵੇਲੇ ਵੀ ਅਜਿਹੀ ਹੀ ਗਲਤੀ ਨਹੀਂ ਕੀਤੀ ਸੀ ਕਿ ਮੰਗ ਤਾਂ ਬੋਲੀ ਆਧਾਰਤ ਸੂਬੇ ਦੀ ਕਰ ਰਹੇ ਸੀ ਤੇ ਮਨਸ਼ਾ ਪੰਜਾਬ ਵਿਚ ਬਹੁ-ਗਿਣਤੀ ਸਿੱਖ ਸੂਬਾ ਬਣਾਉਣ ਦਾ ਸੀ ਤਾਂ ਕਿ ਅਕਾਲੀਆਂ ਲਈ ਆਪਣੀਆਂ ਸਰਕਾਰਾਂ ਬਣਾਉਣ ਲਈ ਰਾਹ ਪੱਧਰਾ ਹੋ ਜਾਵੇ? ਫਿਰ ਕਿਵੇਂ ਦੂਜਿਆਂ ਨੂੰ ਦੋਸ਼ ਦੇਈਏ ਕਿ ਹਿੰਦੂਆਂ ਜਾਂ ਦੂਜੇ ਸੂਬਿਆਂ ਦੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ? ਕੀ ਅਕਾਲੀਆਂ ਨੇ ਆਪਣੀ ਅਜਿਹੀ ਰਾਜਨੀਤੀ ਅਧੀਨ ਰਾਜਸੀ ਮੋਰਚੇ ਨੂੰ ਸਿਰਫ ਇੱਕ ਧਰਮ ਅਸਥਾਨ ਨਾਲ਼ ਜੋੜ ਕੇ ਪੰਜਾਬ ਵਿਚ ਬਾਕੀ ਵੱਸਦੇ ਸਾਰੇ ਭਾਈਚਾਰਿਆਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਦਿੱਤਾ ਸੀ?
ਸਰਦਾਰ ਗੁਰਤੇਜ ਸਿੰਘ ਆਪਣੀਆਂ ਲਿਖਤਾਂ ਵਿਚ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਜਨਰਲ ਜਸਵੰਤ ਸਿੰਘ ਭੁੱਲਰ, ਜੋ ਕਿ ਭਾਰਤੀ ਖੁਫੀਆ ਏਜੰਸੀ ਰਾਅ ਦਾ ਏਜੰਟ ਸੀ, ਉਨ੍ਹਾਂ ਕੋਲ਼ ਹਰਿਮੰਦਰ ਸਾਹਿਬ ਹਥਿਆਰ ਪਹੁੰਚਾਣ ਵਿਚ ਮਦਦ ਮੰਗਣ ਆਇਆ ਸੀ? ਜੇ ਗੁਰਤੇਜ ਸਿੰਘ ਹੋਰਾਂ ਨੂੰ ਜਨਰਲ ਭੁੱਲਰ ਦੇ ਰਾਅ ਦਾ ਏਜੰਟ ਹੋਣ ਬਾਰੇ ਪਤਾ ਸੀ ਤਾਂ ਉਨ੍ਹਾਂ ਸੰਤ ਭਿੰਡਰਾਂਵਾiਲ਼ਆਂ ਦੇ ਸਲਾਹਕਾਰ ਹੋਣ ਨਾਤੇ ਉਨ੍ਹਾਂ ਨੂੰ ਕਿਉਂ ਨਹੀਂ ਦੱਸਿਆ ਕਿ ਭਾਰਤ ਸਰਕਾਰ ਭੁੱਲਰ ਰਾਹੀਂ ਅੰਦਰ ਹਥਿਆਰ ਭੇਜ ਕੇ ਹਮਲਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ? ਜੇ ਗੁਰਤੇਜ ਸਿੰਘ ਨੇ ਨਹੀਂ ਦੱਸਿਆ ਸੀ ਤਾਂ ਸੰਤਾਂ ਨੇ ਰਾਅ ਦੇ ਏਜੰਟਾਂ ਤੋਂ ਹਥਿਆਰ ਕਿਵੇਂ ਜਾਂ ਕਿਉਂ ਲਏ? ਕੀ ਸਾਰੀ ਲੀਡਰਸ਼ਿਪ ਸਾਜ਼ਿਸ਼ਾਂ ਦਾ ਸ਼ਿਕਾਰ ਸੀ ਜਾਂ ਉਹੀ ਕੁਝ ਕਰੀ ਜਾ ਰਹੀ ਸੀ, ਜੋ ਏਜੰਸੀਆਂ ਚਾਹੁੰਦੀਆਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ? ਪੰਥ ਨੂੰ ਸਮਰਪਿਤ ਸਿਰਮੌਰ ਵਿਦਵਾਨ ਕਦੋਂ ਅਜਿਹੇ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਹਿੰਮਤ ਕਰਨਗੇ?
ਗੁਰਤੇਜ ਸਿੰਘ ਹੋਰੀਂ 1992 ਦੀਆਂ ਚੋਣਾਂ ਦੇ ਬਾਈਕਾਟ ਦਾ ਦਰਦ ਤਾਂ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਚੋਣਾਂ ਦੇ ਬਾਈਕਾਟ ਨੂੰ ਸਿਰੇ ਚੜ੍ਹਾਉਣ ਲਈ ਕਿਤਨੇ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀਆਂ ਅਹੂਤੀਆਂ ਦਿੱਤੀਆਂ, ਜਿਨ੍ਹਾਂ ਨਾਲ਼ ਸਾਡੀ ਵੀ ਪੂਰੀ ਹਮਦਰਦੀ ਹੈ ਤੇ ਅਜਿਹਾ ਕਰਦਿਆਂ ਉਨ੍ਹਾਂ ਨੇ ਕਿਤਨੀਆਂ ਬੱਸਾਂ, ਟਰੇਨਾਂ, ਭੱਠਿਆਂ, ਨਹਿਰਾਂ ਤੇ ਬੇਗੁਨਾਹ ਹਿੰਦੂ ਤੇ ਪ੍ਰਵਾਸੀ ਮਾਰੇ ਸਨ। ਉਸ ਬੇਮੁਹਾਰੀ ਹਿੰਸਾ ਦੀ ਭੇਟ ਚੜ੍ਹੇ ਬੇਗੁਨਾਹਾਂ ਦੇ ਪਰਿਵਾਰਾਂ ਦਾ ਦਰਦ ‘ਸਰਬੱਤ ਦਾ ਭਲਾ’ ਮੰਗਣ ਵਾਲ਼ੇ ਪੰਥ ਦਾ ਦਰਦ ਕਦੋਂ ਬਣੇਗਾ? ਸ਼ਾਇਦ ਉਸ ਦਿਨ, ਜਿਸ ਦਿਨ ਸਾਡੀ ਸੋਚ ਮਨੁੱਖਾਤਾਵਾਦੀ ਤੇ ਸਾਂਝੀਵਾਲਤਾ ਵਾਲ਼ੀ ਹੋਵੇਗੀ? ਸ. ਗੁਰਤੇਜ ਸਿੰਘ ਜੀ ਇਹ ਸਵਾਲ ਤੁਹਾਡੇ ਵਰਗੇ ਕਿਸੇ ਜ਼ਿੰਮੇਵਾਰ ਪੰਥ ਹਿਤੈਸ਼ੀ ਵਿਦਵਾਨ ਤੋਂ ਹੀ ਪੁਛਿਆ ਜਾ ਸਕਦਾ ਹੈ? ਸ. ਅਜਮੇਰ ਸਿੰਘ ਵਰਗੇ ਵਿਦਵਾਨਾਂ ਨੂੰ ਅਜਿਹਾ ਸਵਾਲ ਕਰਨ ਦੀ ਗੁਸਤਾਖੀ ਤਾਂ ਕੀਤੀ ਹੀ ਨਹੀਂ ਜਾ ਸਕਦੀ? ਉਹ ਤਾਂ ਆਪਣੇ ਭਾਸ਼ਨਾਂ ਤੇ ਲਿਖਤਾਂ ਵਿਚ ਵਾਰ-ਵਾਰ ਸੰਧੂ ਤੇ ਸਾਥੀਆਂ ਦੇ ਕਤਲਾਂ ਨੂੰ ਜਾਇਜ਼ ਠਹਿਰਾਈ ਜਾਂਦਾ ਹੈ। ਫਰਵਰੀ, 1992 ਦੀਆਂ ਚੋਣਾਂ ਦੇ ਬਾਈਕਾਟ ਨੂੰ ਉਹ ਅੱਜ ਵੀ ਗੱਜ-ਵੱਜ ਕੇ ਜਾਇਜ਼ ਠਹਿਰਾਉਂਦਾ ਹੈ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇ ਬਾਈਕਾਟ ਨਾ ਹੁੰਦਾ ਤਾਂ ਪੰਥ ਦਾ ਬਹੁਤ ਭਾਰੀ ਨੁਕਸਾਨ ਹੋਣਾ ਸੀ ਤੇ ਪੰਥ ਨੇ ਉਨ੍ਹਾਂ ਹਜ਼ਾਰਾਂ ਸ਼ਹਾਦਤਾਂ ਦੀ ਦਾਤ ਤੋਂ ਵਾਂਝੇ ਰਹਿ ਜਾਣਾ ਸੀ, ਜਿਹੜੀਆਂ ਸ਼ਹਾਦਤਾਂ ਦੀ ਦਾਤ ਗੁਰੂ ਸਾਹਿਬ ਨੇ ਖਾੜਕੂ ਸੂਰਮਿਆਂ ਦੀ ਝੋਲ਼ੀ ਪਾਉਣੀ ਸੀ। ਮੇਰੀ ਤੁਹਾਨੂੰ, ਅਮਰੀਕ ਸਿੰਘ ਮੁਕਤਸਰ ਆਦਿ ਵਰਗੇ ਸੁਹਿਰਦ ਪੰਥ ਹਿਤੈਸ਼ੀ ਵਿਦਵਾਨਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਹਾਨੂੰ ਅਜਮੇਰ ਸਿੰਘ ਤੇ ਉਸ ਵਰਗੀ ਸੋਚ ਵਾਲ਼ੇ ਸਿੱਖ ਚਿੰਤਕਾਂ ਤੋਂ ਸਪੱਸ਼ਟ ਨਿਖੇੜਾ ਜ਼ਰੂਰ ਕਰਨਾ ਚਾਹੀਦਾ ਹੈ? ਪਰ ਉਸ ਤਰ੍ਹਾਂ ਦਾ ਨਿਖੇੜਾ ਨਹੀਂ, ਜਿਸ ਤਰ੍ਹਾਂ ਦਾ ਨਿਖੇੜਾ ਧਰਮ ਯੁੱਧ ਮੋਰਚੇ ਦੇ ‘ਕਲੋਜ਼ਰ’ ਦੀ ਵਾਰ-ਵਾਰ ਮੰਗ ਕਰਨ ਵਾਲ਼ਾ ਇੱਕ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਧਰਮ ਯੁੱਧ ਮੋਰਚੇ ਦੌਰਾਨ ਕੰਪਲੈਕਸ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਬਿਆਨ ਤੋਂ ਬਾਅਦ ਗਿਆਨੀ ਪ੍ਰਤਾਪ ਸਿੰਘ ਦੀ ਹੱਤਿਆ ਨੂੰ ਆਪਣੀਆਂ ਕਿਤਾਬਾਂ ਵਿਚ ਦਰਜ ਨਾ ਕਰਨ ‘ਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ੍ਹ ਵਲੋਂ ਸਵਾਲ ਪੁੱਛੇ ਜਾਣ `ਤੇ ਇੰਟਰਵਿਊ ਦੌਰਾਨ ਹੀ ਉਸਨੂੰ ਪੈ ਨਿਕiਲ਼ਆ ਸੀ: ‘ਤੂੰ ਮੇਰੀ ਇੰਟਰਵਿਊ ਲੈਣ ਆਇਆ ਹੈਂ ਜਾਂ ਮੇਰੀ ਇੰਟੈਰੋਗੇਸ਼ਨ ਕਰਨ ਆਇਆ ਹੈਂ।’ ਇਹ ਕਹਿ ਕਿ ਉਸਨੇ ਇੰਟਰਵਿਊ ਵਿਚੇ ਛੱਡ ਦਿੱਤੀ ਸੀ…।
ਮੇਰੇ ਦਿਮਾਗ ਵਿਚ ਵਾਰ-ਵਾਰ ਇਹ ਸਵਾਲ ਉਠਦਾ ਹੈ ਕਿ ਸਾਡੇ ਵਿਦਵਾਨ ਕਦੋਂ ਇਹ ਵਿਚਾਰ ਕਰਨਗੇ ਕਿ ਪੰਜਾਬ ਵਿਚ ਅੱਧੋਂ ਵੱਧ ਵਸਦੇ ਗੈਰ ਸਿੱਖ ਭਾਈਚਾਰਿਆਂ ਦਾ ਭਵਿੱਖ ਤੁਹਾਡੇ ਵਲੋਂ ਕਲਪੇ ਜਾ ਰਹੇ ‘ਸਿੱਖਾਂ ਦੇ ਬੋਲ-ਬਾਲੇ’ ਵਾਲ਼ੇ ਪੰਜਾਬ ਵਿਚ ਕੀ ਹੋਵੇਗਾ? ਜਿਨ੍ਹਾਂ ਨੂੰ ਤਕਰੀਬਨ ਸਾਰੀ ਪੰਥਕ ਲੀਡਰਸ਼ਿਪ ਸਿੱਖਾਂ ਦੇ ਦੁਸ਼ਮਣ ਮੰਨਦੀ ਹੈ? ਉਥੇ ਸਿੱਖਾਂ ਵਿਚਲੇ ਰਾਧਾ ਸਵਾਮੀਆਂ, ਨਾਮਧਾਰੀਆਂ, ਸਹਿਜਧਾਰੀਆਂ ਆਦਿ ਵੱਖਰੇ ਫਿਰਕਿਆਂ ਨਾਲ਼ ਕੀ ਵਾਪਰੇਗੀ? ਜਿਨ੍ਹਾਂ ਨੂੰ ਭਾਰੂ ਪੰਥਕ ਧਿਰਾਂ ਸਿੱਖ ਹੀ ਨਹੀਂ ਮੰਨਦੀਆਂ? ਅਸੀਂ ਵੀ ਗੁਰੂਆਂ ਦੇ ਨਾਮ `ਤੇ ਵਸਦੇ ਪੰਜਾਬ ਤੇ ਪੰਥ ਦੀ ਖ਼ੈਰ ਮੰਗਦੇ ਹਾਂ, ਪਰ ਦੇਸ਼-ਵਿਦੇਸ਼ ਵਿਚ ਹਿੰਸਾ, ਨਫਰਤ ਤੇ ਧੌਂਸ ਦੀ ਰਾਜਨੀਤੀ ਅਪਨਾ ਕੇ ਗੁਰੂਆਂ ਦਾ ਸਾਂਝੀਵਾਲਤਾ ਵਾਲ਼ਾ ਸਮਾਜ ਨਹੀਂ ਸਿਰਜਿਆ ਜਾ ਸਕਦਾ? ਤੇ ਨਾ ਹੀ ਇਹ ਖ਼ੈਰ ਦੂਜਿਆਂ ਨੂੰ ਬਲ਼ੀ ਦਾ ਬੱਕਰਾ ਬਣਾ ਕੇ ਮੰਗੀ ਜਾ ਸਕਦੀ ਹੈ?
ਅੱਜ ਪੰਜਾਬ ਵਿਚ ਹਰ ਪਾਸੇ ਸੰਕਟ ਹੀ ਸੰਕਟ ਹੈ? ਖੇਤੀ, ਸਿੱਖਿਆ, ਸਿਹਤ, ਗੰਦਾ ਤੇ ਮੁੱਕ ਰਿਹਾ ਪਾਣੀ, ਬੰਜਰ ਹੋ ਰਹੀ ਜ਼ਮੀਨ, ਉਦਯੋਗ, ਨਸ਼ੇ, ਖੁਦਕੁਸ਼ੀਆਂ, ਪ੍ਰਵਾਸ, ਕੁਰੱਪਸ਼ਨ, ਮਾਫੀਆ, ਗੈਂਗ, ਜੁਰਮ, ਖਾਲੀ ਖਜ਼ਾਨੇ ਆਦਿ ਦੇ ਵੱਡੇ ਸੰਕਟ ਹਨ। ਪਿੱਛੇ ਜਿਹੇ ਪੰਜਾਬ ਦੇ ਇੱਕ ਅਰਥ ਸ਼ਾਸਤਰੀ ਦੇ ਲੇਖ ਅਨੁਸਾਰ ਪੰਜਾਬ ਦੇ ਸਰਕਾਰੀ ਨੂੰ ਹਰ ਸਾਲ 20 ਤੋਂ 25 ਹਜ਼ਾਰ ਕਰੋੜ ਦਾ ਘਾਟਾ ਪੈ ਰਿਹਾ ਹੈ? ਜਿਸ ਨਾਲ਼ ਪੰਜਾਬ ਦਿਨੋਂ ਦਿਨ ਕੰਗਾਲ ਤੇ ਕਰਜ਼ਾਈ ਹੋ ਰਿਹਾ ਹੈ? ਪੰਜਾਬ ਦੇ ਲੋਕਾਂ ਲਈ ਧਰਮ ਦੀ ਰਾਜਨੀਤੀ ਨਾਲ਼ੋਂ ਵੱਡੇ ਸਵਾਲ ਉਪਰ ਦੱਸੇ ਸੰਕਟ ਹਨ? ਪਰ ਪਿਛਲੇ 30-35 ਸਾਲਾਂ ਤੋਂ ਪੰਥਕ ਲੀਡਰਸ਼ਿਪ ਦਾ ਇਨ੍ਹਾਂ ਸੰਕਟਾਂ ਵੱਲ ਉਕਾ ਧਿਆਨ ਨਹੀਂ? ਉਨ੍ਹਾਂ ਕੋਲ਼ ਪਿਛਲ਼ੇ ਦੋ ਦਹਾਕਿਆਂ ਤੋਂ ਘੁਮਾ ਫਿਰਾ ਕੇ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੀ ਦੋ ਮੁੱਦੇ ਹਨ? ਜਿਨ੍ਹਾਂ ਬਾਰੇ ਵੀ ਉਹ ਕਈ ਮੋਰਚੇ ਲਾ ਕੇ ਕਦੇ ਕਾਮਯਾਬ ਨਹੀਂ ਹੋਏ? ਬੇਸ਼ੱਕ ਇਹ ਮੁੱਦੇ ਵੀ ਜ਼ਰੂਰੀ ਹਨ, ਪਰ ਉਪਰਲੇ ਸੰਕਟ ਜ਼ਿਆਦਾ ਵੱਡੇ ਹਨ? ਅੱਜ ਗੁਰੂਆਂ ਦੇ ਨਾਮ `ਤੇ ਵਸਦੇ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਪੰਜਾਬ ਵਿਚ ਵਸਣ ਦਾ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਉਨ੍ਹਾਂ ਲਈ ਪੰਥਕ ਮੁੱਦਿਆਂ ਨਾਲ਼ੋਂ ਆਰਥਿਕ ਮੁੱਦੇ ਵੱਡੇ ਹਨ, ਇਸੇ ਲਈ ਅੱਜ ਹਰ ਸਿੱਖ ਨੌਜਵਾਨ ਪਾਸਪੋਰਟ ਚੁੱਕੀ ਫਿਰਦਾ ਹੈ ਕਿ ਕਿਸੇ ਹੀਲੇ ਪੰਜਾਬ ਛੱਡ ਕੇ ਭੱਜ ਜਾਵੇ? ਪਰ ਇਹ ਵੱਡਾ ਸੰਕਟ ਕਿਸੇ ਪੰਥਕ ਧਿਰ ਦੀ ਸਿਆਸਤ ਦੇ ਏਜੰਡੇ `ਤੇ ਨਹੀਂ?
ਮੇਰੀ ਸਮਝ ਅਨੁਸਾਰ ਸਵਾਲਾਂ ਦਾ ਸਵਾਲ 50 ਸਾਲ ਤੋਂ ਇਸ ਜਵਾਬ ਦੀ ਉਡੀਕ ਵਿਚ ਹੈ ਕਿ ਸਿੱਖਾਂ ਤੋਂ ਬਿਨਾਂ ਪੰਜਾਬ ਵਿਚ ਵੱਸਦੇ ਹੋਰ ਭਾਈਚਾਰਿਆਂ ਨੂੰ ਨਾਲ਼ ਲਏ ਬਿਨਾਂ ਪੰਜਾਬ ਤੇ ਪੰਥ ਦਾ ਭਲਾ ਕਿਵੇਂ ਹੋ ਸਕੇਗਾ…? ਸ. ਗੁਰਤੇਜ ਸਿੰਘ ਜੀ, ਪੰਜਾਬ ਦੀ ਅਜੋਕੀ ਸਥਿਤੀ ਨੂੰ ਵੇਹੰਦਿਆਂ ਜੇਕਰ ਅਸੀਂ ਆਪਣੇ ਪ੍ਰਵਚਨ ਤੇ ਮੁਹਾਵਰੇ ਨੂੰ ਨਹੀਂ ਬਦਲਦੇ ਤਾਂ ਨਾ ਪੰਜਾਬ ਦਾ ਤੇ ਨਾ ਪੰਥ ਦਾ ਭਲਾ ਹੋ ਸਕਣਾ ਹੈ ਅਤੇ ਨਾ ਹੀ ਪੰਜਾਬ ਦੀ ਬਰਬਾਦੀ ਦੇ ਵਹਿਣ ਨੂੰ ਹੀ ਠੱਲ੍ਹ ਪਾਈ ਜਾ ਸਕਣੀ ਹੈ…!