ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ…

ਪ੍ਰੋਫੈਸਰ ਬ੍ਰਿਜਿੰਦਰ ਸਿੰਘ ਸਿੱਧੂ
ਸੇਵਾ ਮੁਕਤ ਪ੍ਰਿੰਸੀਪਲ
ਫੋਨ: 925-683-1982
ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ 25 ਸਾਲ ਤੋਂ ਵੱਧ ਸਮਾਂ ਪੜ੍ਹਾਉਂਦੇ ਰਹੇ ਅਤੇ ਉਥੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਇਸ ਲੇਖ ਵਿਚ ਜ਼ਿੰਦਗੀ ਦੀਆਂ ਹਕੀਕਤਾਂ ਦੇ ਰੂ-ਬ-ਰੂ ਕਰਨ ਦਾ ਯਤਨ ਕੀਤਾ ਹੈ ਅਤੇ ਮਨੁੱਖ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਆਪਣੇ ਫਰਜ਼ਾਂ ਬਾਰੇ ਸੁਚੇਤ ਹੋਵੇ। ਹੋਰ ਖੂਬਸੂਰਤ ਜੀਵਨ ਦੇਖਣ-ਮਾਣਨ ਲਈ ਉਹ ਸਬਰ-ਸੰਤੋਖ ਤੇ ਸੰਜਮ ਦਾ ਪੱਲਾ ਕਦੇ ਨਾ ਛੱਡੇ।

‘ਪੰਜਾਬ ਟਾਈਮਜ਼’ ਦੀ 24ਵੀਂ ਵਰ੍ਹੇਗੰਢ ਦੇ ਸਮਾਗਮ ਦੀਆਂ ਤਸਵੀਰਾਂ ਬਹੁਤ ਚੰਗੀਆਂ ਲੱਗੀਆਂ। ਅਮੋਲਕ ਬਾਬਤ ਲਿਖੇ ਲੇਖ ਵੀ ਚੰਗੇ ਲੱਗੇ ਪਰ ਇਕ ਤਸਵੀਰ ਜਿਸ ਦਾ ਮੈਂ ਤਲਬਗਾਰ ਹਾਂ, ਨਜ਼ਰ ਨਹੀਂ ਆਈ:
ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਅਮੋਲਕ ਵ੍ਹੀਲ ਚੇਅਰ ਉਪਰ ਬੈਠਾ ਹੈ। ਉਸ ਦੇ ਹੱਥਾਂ ਵਿਚ ਅਖ਼ਬਾਰ ਦੀ ਕਾਪੀ ਹੈ। ਪਿੱਛੇ ਜਸਪ੍ਰੀਤ ਖੜ੍ਹੀ ਹੈ। ਉਹ ਸਰੋਤਿਆਂ ਦੀ ਮਹਿਫ਼ਲ ਨੂੰ ਕਹਿ ਰਿਹਾ ਹੈ: ਕੁਦਰਤ ਦੀ ਮਹਾਨ ਕ੍ਰਿਪਾ ਜਿਸ ਨੇ ਨਾਮੁਰਾਦ ਬਿਮਾਰੀ ਵਿਚ ਵੀ ਮੈਨੂੰ ਚੜ੍ਹਦੀ ਕਲਾ ਵਿਚ ਰੱਖਿਆ; ਜਸਪ੍ਰੀਤ ਦੀ ਮਿਹਰਬਾਨੀ ਜਿਸ ਨੇ ਅਤਿਅੰਤ ਔਖੀ ਘੜੀ ਵਿਚ ਵੀ ਮੇਰਾ ਸਾਥ ਨਿਭਾਇਆ; ਸਾਰੇ ਸਲਾਹਕਾਰਾਂ ਦੀ ਕ੍ਰਿਪਾ ਜਿਨ੍ਹਾਂ ਨੇ ਅਖ਼ਬਾਰ ਨੂੰ ਡਿੱਕ-ਡੋਲੇ ਖਾਣ ਤੋਂ ਬਚਾਇਆ; ਲੇਖਕਾਂ ਦੀ ਕ੍ਰਿਪਾ ਜਿਨ੍ਹਾਂ ਨੇ ਨਿੱਗਰ ਸਮੱਗਰੀ ਨਾਲ ਅਖ਼ਬਾਰ ਨੂੰ ਸਜਾਇਆ ਅਤੇ ਸਭ ਤੋਂ ਵੱਧ, ਪਾਠਕਾਂ ਦੀ ਕ੍ਰਿਪਾ ਜਿਹੜੇ ਇਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਰੱਜ ਕੇ ਸਲਾਹੁੰਦੇ ਹਨ। ਇਨ੍ਹਾਂ ਸਭ ਦੀ ਕ੍ਰਿਪਾ ਨਾਲ ਸਜੇ ਹਮ ਹੈਂ। ਨਹੀਂ ਤਾਂ ਬੇਅੰਤ ਪੰਜਾਬੀ ਅਖ਼ਬਾਰ ਸਟੋਰਾਂ `ਤੇ ਪਏ ਹੁੰਦੇ ਹਨ।
ਪਿਛਲੇ ਕਈ ਮਹੀਨਿਆਂ ਤੋਂ ਤਬੀਅਤ ਕਾਫ਼ੀ ਨਾਸਾਜ਼ ਰਹੀ ਹੈ। ਪੜ੍ਹਨਾ ਲਿਖਣਾ, ਸੈਰ ਕਰਨਾ ਅਤੇ ਟੈਲੀਫੋਨ ‘ਤੇ ਗੱਲਾਂ ਕਰਨਾ ਬਹੁਤ ਘਟ ਗਿਆ ਹੈ। ਕਈ ਵਾਰ ਸੋਫੇ ਉੱਪਰ ਇਕੱਲੇ ਬੈਠਿਆਂ ਇਕੱਲਤਾ ਦੂਰ ਰੱਖਣ ਲਈ ਆਈ-ਪੈਡ ਬਹੁਤ ਸਹਾਇਕ ਪ੍ਰਤੀਤ ਹੁੰਦਾ ਹੈ। ਇਕ ਤਾਂ ਲਫ਼ਜ਼ ਵੱਡੇ-ਵੱਡੇ ਕਰਨ ਨਾਲ ਅਖ਼ਬਾਰ ਪੜ੍ਹਨੇ ਸੁਖਾਲੇ ਹੋ ਜਾਂਦੇ ਹਨ; ਦੂਜਾ, ਬੇਅੰਤ ਕਿਸਮ ਦਾ ਮਿਊਜਕ ਯੂਟਿਊਬ ‘ਤੇ ਮਿਲ ਜਾਂਦਾ ਹੈ। ਕੁਦਰਤ ਦੀ ਬਹੁਤ ਮਿਹਰਬਾਨੀ ਕਿ ਮਨ ਭਾਉਂਦੇ ਮਿਊਜਕ ਅਤੇ ਰਸ ਭਿੰਨਾ ਕੀਰਤਨ ਸੁਣਦਿਆਂ ਮੈਨੂੰ ਵਕਤ ਦਾ ਅੰਦਾਜ਼ਾ ਹੀ ਨਹੀਂ ਰਹਿੰਦਾ। ਭੁੱਖ ਅਤੇ ਪਿਆਸ ਬਿਲਕੁਲ ਤੰਗ ਨਹੀਂ ਕਰਦੀ।
ਕੁਝ ਦਿਨ ਪਹਿਲਾਂ ਯੂਟਿਊਬ ‘ਤੇ ਟਿੱਕ ਕਰਦਿਆਂ ਅਚਾਨਕ ਭਾਈ ਸੁਰਜਨ ਸਿੰਘ (ਮਰਹੂਮ) ਦਾ ਇਹ ਸ਼ਬਦ ਕੰਨੀਂ ਪੈ ਗਿਆ: ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੋ ਗਰੀਬ ਕਰੋਰ ਪਰੇ। ਪਤਾ ਨਹੀਂ ਕਿਉਂ, ਇਸ ਸ਼ਬਦ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਵੱਲ ਖਿਆਲ ਦੌੜ ਗਿਆ।
ਬਹੁਤ ਸੂਝਵਾਨ ਆਰੀਆ ਸਮਾਜੀ ਦੌਲਤ ਰਾਏ ਦੀ ਲਿਖੀ ਕਿਤਾਬ ‘ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ’ ਚੇਤੇ ਆ ਗਈ। ਗੁਰੂ ਗੋਬਿੰਦ ਸਿੰਘ ਜਿਹਾ ਜਰਨੈਲ, ਸਰਬੰਸ ਦਾਨੀ ਅਤੇ ਹਰ ਲਿਹਾਜ਼ ਉੱਚੀ ਸ਼ਖਸੀਅਤ ਦਾ ਮਾਲਕ ਸ਼ਾਇਦ ਹੀ ਕੋਈ ਹੋਵੇ। ਇਹ ਕਿਤਾਬ ਹਿੰਦੀ ਅਤੇ ਪੰਜਾਬੀ ਵਿਚ ਬਹੁਤ ਐਡੀਸ਼ਨਾਂ ਵਿਚ ਛਪ ਚੁੱਕੀ ਹੈ। ਪੜ੍ਹਨ ਯੋਗ ਕਿਤਾਬ ਹੈ।
ਖ਼ਿਆਲਾਤ ਦੀ ਉਡਾਰੀ ਦੇ ਕਿਆ ਕਹਿਣੇ! ਮੇਰਾ ਧਿਆਨ ਅਜੀਬ ਘਟਨਾ ਵੱਲ ਚਲਿਆ ਗਿਆ। ਗਾਂਧੀ ਜੀ ਬਹੁਤ ਸਿਆਣੇ ਅਤੇ ਚੋਟੀ ਦੇ ਨੇਤਾ ਸਨ ਪਰ ਕਈ ਵਾਰ ਅਣਗਹਿਲੀ ਜਾਂ ਅਣਭੋਲ ਇਰਾਦੇ ਨਾਲ ਵੱਡੇ ਬੰਦਿਆਂ ਤੋਂ ਵੀ ਐਸੇ ਸ਼ਬਦ ਕਹੇ ਜਾਂਦੇ ਹਨ ਜੋ ਉਨ੍ਹਾਂ ਨੂੰ ਸੋਭਦੇ ਨਹੀਂ। ਮੌਤ ਤੋਂ ਕੁਝ ਦੇਰ ਪਹਿਲਾਂ ਉਹ ਬਿਰਲਾ ਮੰਦਰ ਦੇ ਦਲਾਨ ਵਿਚ ਆਪਣੇ ਪ੍ਰਵਚਨ ਰਾਹੀਂ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਉਹ ਕਹਿ ਬੈਠੇ ਕਿ ਗੁਰੂ ਗੋਬਿੰਦ ਸਿੰਘ ਦਿਸ਼ਾਹੀਣ ਦੇਸ਼ ਭਗਤ ਸਨ। ਉਨ੍ਹਾਂ ਦੇ ਨਜ਼ਦੀਕ ਬੈਠੇ ਇਕ ਮਨਚਲੇ ਨੂੰ ਇਹ ਸੁਣ ਕੇ ਗੁੱਸਾ ਆ ਗਿਆ। ਉਸ ਨੇ ਗਾਂਧੀ ਜੀ ਦੇ ਜੁੱਤੀ ਮਾਰੀ ਅਤੇ ਰਫ਼ੂ ਚੱਕਰ ਹੋ ਗਿਆ। ਉਨ੍ਹਾਂ ਦਿਨਾਂ ਵਿਚ ਸੰਚਾਰ ਦੇ ਅੱਜ ਵਰਗੇ ਸਾਧਨ ਨਾ ਹੋਣ ਕਰ ਕੇ ਗੱਲ ਰਫ਼ਾ-ਦਫ਼ਾ ਹੋ ਗਈ। ਕਿੰਨਾ ਚੰਗਾ ਹੁੰਦਾ, ਜੇ ਗਾਂਧੀ ਜੀ ਸਾਹਿਬ-ਏ-ਕਮਾਲ ਦੇ ਸ਼ਬਦ ਦਾ ਸਹਾਰਾ ਲੈਂਦੇ ਅਤੇ ਇਹ ਕਹਿੰਦੇ: “ਭਾਰਤ ਦੇ ਅਤਿ ਪਿਆਰੇ ਨਾਗਰਿਕ ਵੀਰੋ, ਤੁਹਾਡੀ ਕ੍ਰਿਪਾ ਨਾਲ ਹੀ ਮੈਂ ਸਜਿਆ ਹਾਂ, ਨਹੀਂ ਤਾਂ ਮੇਰੇ ਜਿਹੇ ਕ੍ਰੋੜਾਂ ਅਧ-ਵਸਤਰ ਪਹਿਨਣ ਵਾਲੇ ਸਾਧੂ ਮਹਾਤਮਾ ਬਥੇਰੇ ਫਿਰਦੇ ਹਨ। ਤੁਹਾਡੀ ਬਖਸ਼ੀ ਹੋਈ ਮਾਨਤਾ ਹੀ ਮੇਰੀ ਦੇਸ਼ ਵਿਦੇਸ਼ ਵਿਚ ਮਸ਼ਹੂਰੀ ਕਰਾਉਂਦੀ ਹੈ। ਤੁਹਾਡੀ ਕ੍ਰਿਪਾ ਸਦਕਾ ਹੀ ਮੈਨੂੰ ਇੰਗਲਿਸਤਾਨ ਵਿਚ ਇੱਜ਼ਤ ਮਿਲੀ ਹੈ; ਨਹੀਂ ਤਾਂ ਉਥੋਂ ਦੀ ਮਹਾਰਾਣੀ ਨੇ ਕਹਿ ਦਿੱਤਾ ਸੀ ਕਿ ਮੈਂ ਕਿਸੇ ਅੱਧ-ਨੰਗੇ ਪੁਰਸ਼ ਨਾਲ ਮੁਲਾਕਾਤ ਨਹੀਂ ਕਰਨੀ।
ਮੇਰੇ ਵਰਗੇ ਅਦਨਾ ਇਨਸਾਨ ਦਾ ਇਸ ਸ਼ਬਦ ਦਾ ਜਾਤੀ ਅਨੁਭਵ ਇਸ ਨਿਮਾਣੇ ਜਿਹੇ ਲੇਖ ਦਾ ਮੂਲ ਮਨੋਰਥ ਹੈ। ਇਕ ਦੋ ਵਾਰ ਮੈਂ ਤਾਜ ਮਹਿਲ ਦੇਖਣ ਗਿਆ ਹਾਂ। ਤਰੱਕੀਪਸੰਦ ਦੋ ਸ਼ਾਇਰਾਂ ਦਾ ਅਨੁਭਵ ਮੇਰੀ ਯਾਦਾਸ਼ਤ ਦਾ ਹਿੱਸਾ ਰਹੇ ਹਨ। ਪ੍ਰੋਫੈਸਰ ਮੋਹਨ ਸਿੰਘ ਨੂੰ ਹਜ਼ਾਰਾਂ ਡੰਡੇ ਮਾਰਦੇ ਕਾਰਕੁਨ ਨਜ਼ਰ ਆਉਂਦੇ ਹਨ, ਉਹ ਮਜ਼ਦੂਰਾਂ `ਤੇ ਅਤਿਆਚਾਰ ਕਰਦੇ ਹਨ। ਅਖੀਰ ਵਿਚ ਕਵੀ ਦੁੱਖ ਭਰੇ ਲਹਿਜੇ ਵਿਚ ਰਹਿੰਦਾ ਹੈ ਕਿ ਉਹ ਹੁਸਨ (ਇਮਾਰਤ ਦਾ) ਸੱਚਮੁਚ ਹੁਸਨ ਹੈ ਜੋ ਲੱਖਾਂ ਮਜ਼ਦੂਰਾਂ ਦੇ ਹੰਝੂਆਂ ‘ਤੇ ਪਲ ਰਿਹਾ ਹੈ!
ਸਾਹਿਰ ਲੁਧਿਆਣਵੀ ਨੂੰ ਤਾਜ ਮਹਿਲ ਦੇਖ ਕੇ ਮਹਿਸੂਸ ਹੁੰਦਾ ਹੈ: ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ, ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।
ਅੱਜ ਮੇਰਾ ਅਹਿਸਾਸ ਕੁਝ ਵੱਖਰਾ ਹੈ। ਮੈਨੂੰ ਜਾਪਦਾ ਹੈ, ਜਿਵੇਂ ਸ਼ਾਹਜਹਾਂ ਅਤੇ ਮੁਮਤਾਜ਼ ਬੇਗਮ ਦਰਸ਼ਕਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਕਹਿ ਰਹੇ ਹਨ: ਉਨ੍ਹਾਂ ਕਾਰੀਗਰਾਂ ਅਤੇ ਮਜ਼ਦੂਰਾਂ ਦੀ ਕ੍ਰਿਪਾ, ਯਮਨਾ ਦਰਿਆ ਦੀ ਕਦੀ ਵੀ ਨੁਕਸਾਨ ਨਾ ਪਹੁੰਚਾਉਣ ਦੀ ਕ੍ਰਿਪਾ ਅਤੇ ਤੁਹਾਡੇ ਲੱਖਾਂ ਕਰੋੜਾਂ ਦਰਸ਼ਕਾਂ ਦੀ ਕ੍ਰਿਪਾ ਜਿਹੜੇ ਰੱਜ ਕੇ ਇਸ ਬਿਲਡਿੰਗ ਨੂੰ ਸਲਾਹੁੰਦੇ ਹੋ; ਇਨ੍ਹਾਂ ਸਾਰਿਆਂ ਦੀ ਕ੍ਰਿਪਾ ਨਾਲ ਹੀ ਸਜੇ ਹਮ ਹੈਂ; ਵਰਨਾ ਹਜ਼ਾਰਾਂ ਮਕਬਰੇ ਅਤੇ ਉਨ੍ਹਾਂ ਉੱਤੇ ਬਣੀਆਂ ਇਮਾਰਤਾਂ ਨੂੰ ਕੋਈ ਸਿਆਣਦਾ ਤੱਕ ਨਹੀਂ।
ਇਸ ਦੁਨੀਆ ਵਿਚ ਸੱਤ ਅਚੰਭੇ ਮੰਨੇ ਜਾਂਦੇ ਹਨ। ਤਾਜ ਮਹਿਲ ਉਨ੍ਹਾਂ ਵਿਚ ਸ਼ੁਮਾਰ ਨਹੀਂ। ਮੈਨੂੰ ਬਹੁਤ ਸਾਲਾਂ ਤੋਂ ਬਹੁਤਾ ਸਮਾਂ ਅਮਰੀਕਾ ਵਿਚ ਰਹਿਣ ਕਰ ਕੇ ਇਨ੍ਹਾਂ ਸਾਰਿਆਂ ਨੂੰ ਦੂਰੋਂ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿਚੋਂ ਤਿੰਨ ਕੁਦਰਤ ਦਾ ਕ੍ਰਿਸ਼ਮਾ ਹਨ। ਉਹ ਹਨ: ਐਰੀਜ਼ੋਨਾ ਵਿਚ ਗਰੈਂਡ ਕੈਨੀਅਨ, ਗਰੇਟ ਲੇਕਸ ਆਫ ਮਿਸ਼ੀਗਨ ਅਤੇ ਕੈਨੇਡਾ-ਅਮਰੀਕਾ ਦੀਆਂ ਸਾਂਝੀਆਂ ਨਿਆਗਰਾ ਫਾਲਜ਼। ਤਿੰਨ ਕਾਰੀਗਰੀ ਦੀ ਕਮਾਲ ਹਨ; ਉਹ ਹਨ: ਚੀਨ ਦੀ ਮਹਾਨ ਦੀਵਾਰ, ਮਿਸਰ ਦੇ ਪੈਰਾਮਿਡ ਅਤੇ ਪੀਸਾ ਦਾ ਝੁਕਿਆ ਹੋਇਆ ਮੀਨਾਰ। ਸੱਤਵਾਂ ਬੇਬੀ ਲੋਨ ਦਾ ਲਟਕਦਾ ਬਾਗ ਹੁਣ ਲਗਭਗ ਲੋਪ ਹੋ ਚੁੱਕਿਆ ਹੈ।
ਇਨ੍ਹਾਂ ਸਭ ਬਾਰੇ ਮੇਰਾ ਨਜ਼ਰੀਆ ਤਾਜ ਮਹਿਲ ਵਰਗਾ ਹੀ ਹੈ। ਇਹ ਆਪ ਬੋਲ ਨਹੀਂ ਸਕਦੇ ਪਰ ਇਨ੍ਹਾਂ ਨਜ਼ਾਰਿਆਂ ਨੂੰ ਦੇਖਣ ਸਾਰ ਮਹਿਸੂਸ ਹੁੰਦਾ ਹੈ ਕਿ ਕੋਈ ਆਵਾਜ਼ ਕਹਿ ਰਹੀ ਹੈ: ਤੁਹਾਡੀ ਦਰਸ਼ਕਾਂ ਦੀ ਅਤੇ ਕਾਰੀਗਰਾਂ ਦੀ ਕ੍ਰਿਪਾ ਨਾਲ ਹੀ ਸਜੇ ਹਮ ਹੈਂ।
ਮੇਰੀ ਧੀ ਐਰੀਜ਼ੋਨਾ ਦੀ ਵਸਨੀਕ ਹੈ। ਇਸ ਕਰ ਕੇ ਗਰੈਂਡ ਕੈਨੀਅਨ ਕਈ ਵਾਰ ਦੇਖ ਆਇਆ ਹਾਂ। ਕੋਲੋਰੇਡੋ ਦਰਿਆ ਨੇ ਰੱਬ ਜਾਣੇ ਕਿਤਨੇ ਸਾਲ ਪਹਾੜਾਂ ਨੂੰ ਕੱਟ-ਕੱਟ ਅਤੇ ਡੂੰਘੇ-ਡੂੰਘੇ ਹੋ ਕੇ ਆਪਣਾ ਰਸਤਾ ਨਾ ਬਦਲ ਕੇ ਇਹ ਅਚੰਭਾ ਬਣਾਇਆ ਹੈ। ਭੂਚਾਲਾਂ ਨੇ ਵੀ ਕੁਦਰਤ ਦੀ ਮਹਾਨ ਕ੍ਰਿਪਾ ਤੇ ਵਡਮੁੱਲੇ ਦ੍ਰਿਸ਼ ਨੂੰ ਬਰਬਾਦ ਨਹੀਂ ਕੀਤਾ। ਪਹਾੜਾਂ ਦੀ ਸਤਹਿ ਇਸ ਤਰ੍ਹਾਂ ਇਕਸਾਰ ਹੈ ਕਿ ਸ਼ਾਮ ਨੂੰ ਸੂਰਜ ਛਿਪਣ ਦਾ ਨਜ਼ਾਰਾ ਹੋਰ ਕਿਤੇ ਘੱਟ ਹੀ ਦੇਖਣ ਨੂੰ ਮਿਲਦਾ ਹੈ। ਗਹੁ ਨਾਲ ਦੇਖਣ ਵਾਲੇ ਦਰਸ਼ਕਾਂ ਨੂੰ ਸੱਪ ਵਾਂਗ ਲੰਮ-ਸਲੰਮਾ ਵਲ ਖਾਂਦਾ ਅਤੇ ਬਹੁਤ ਡੂੰਘਾਈਆਂ ਵਿਚ ਅੱਖ ਮਚੋਲੀ ਖੇਡਦਾ ਇਹ ਦਰਿਆ ਕਹਿੰਦਾ ਹੈ: ਕੁਦਰਤ ਦੀ ਕ੍ਰਿਪਾ ਅਤੇ ਤੁਹਾਡੀ ਆਮਦ ਨਾਲ ਸਜੇ ਹਮ ਹੈਂ; ਨਹੀਂ ਤਾਂ ਲੱਖਾਂ ਦਰਿਆ-ਨਾਲੇ ਰਸਤੇ ਬਦਲਦੇ ਹੜ੍ਹਾਂ ਵੇਲੇ ਬਰਬਾਦੀਆਂ ਕਰਦੇ ਇਸ ਧਰਤੀ ‘ਤੇ ਵਗਦੇ ਹਨ, ਉਨ੍ਹਾਂ ਨੂੰ ਕੌਣ ਦੇਖਣ ਜਾਂਦਾ ਹੈ।
ਸ਼ਬਦ ਦੇ ਰਚੇਤਾ ਸਾਹਿਬ-ਏ-ਕਮਾਲ ਦਾ ਕਿਆ ਕਹਿਣਾ! ਜਿਨ੍ਹਾਂ ਦੀ ਕ੍ਰਿਪਾ ਨਾਲ ਆਪਣੇ ਆਪ ਨੂੰ ਸਜੇ ਕਿਹਾ, ਉਨ੍ਹਾਂ ਉਪਰ ਸਭ ਕੁਝ ਵਾਰ ਦਿੱਤਾ, ਆਪਣੇ ਪੁੱਤਰ ਕੁਰਬਾਨ ਕਰ ਦਿੱਤੇ, ਆਪਣੀ ਸਾਰੀ ਤਾਕਤ ਉਨ੍ਹਾਂ ਨੂੰ ਬਖ਼ਸ਼ ਦਿੱਤੀ।
ਇਹ ਅਚੰਭੇ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ, ਇਨ੍ਹਾਂ ਨੂੰ ਸਜਾਉਣ ਵਾਲਿਆਂ ਲਈ ਇਹ ਬੇ-ਜਾਨ ਚੀਜ਼ਾਂ ਆਪਣੇ ਆਪ ਵਿਚ ਕੁਝ ਨਹੀਂ ਕਰ ਸਕੀਆਂ ਪਰ ਇਨ੍ਹਾਂ ਦੇ ਮਾਲਕ (ਟਰਸਟ ਜਾਂ ਸਰਕਾਰ) ਬਹੁਤ ਕੁਝ ਕਰ ਸਕਦੇ ਹਨ। ਭਾਰਤ ਵਿਚ ਖਾਸ ਕਰ ਕੇ ਧਿਆਨ ਦੇਣ ਦੀ ਲੋੜ ਹੈ। ਜਿਵੇਂ ਤਾਜ ਮਹਿਲ ਨੂੰ ਕਦੀ ਨੁਕਸਾਨ ਨਾ ਦੇਣ ਵਾਲੀ ਯਮਨਾ ਨੂੰ ਗੰਦਗੀ ਨਾਲ ਨਾ ਭਰੀਏ। ਕਾਰਖਾਨਿਆਂ ਦੀਆਂ ਚੰਦਰੀਆਂ ਗੈਸਾਂ ਨਾਲ ਸੰਗਮਰਮਰ ਨੂੰ ਭੱਦਾ ਨਾ ਬਣਾਈਏ। ਦਰਸ਼ਕ ਜਿਹੜੇ ਇਸ ਦੀ ਸ਼ਾਨ ਵਿਦੇਸ਼ਾਂ ਵਿਚ ਵੀ ਪੁੱਜਦੀ ਕਰਦੇ ਹਨ, ਉਨ੍ਹਾਂ ਲਈ ਸਹੂਲਤਾਂ ਦੀ ਝੜੀ ਲਾ ਦੇਈਏ। ਕਾਰੀਗਰਾਂ ਦੀ ਖੋਜ ਕਰ ਕੇ ਸੁਹਣਾ ਮਿਊਜੀਅਮ ਉਨ੍ਹਾਂ ਦੀ ਯਾਦ ਵਿਚ ਬਣਾਈਏ। ਹਰ ਸਾਲ ਆਰਕੀਟੈਕਟ ਦੇ ਚੋਟੀ ਦੇ ਵਿਦਿਆਰਥੀ ਨੂੰ ਉਨ੍ਹਾਂ ਕਾਰੀਗਰਾਂ ਦੇ ਨਾਮ ਤੇ ਵਜ਼ੀਫ਼ਾ ਦੇਈਏ, ਵਗੈਰਾ ਵਗੈਰਾ। ਸਾਹਿਬ-ਏ-ਕਮਾਲ ਦੇ ਇਸ ਸ਼ਬਦ ਰਾਹੀਂ ਸੰਦੇਸ਼ ਨੂੰ ਜੇ ਜੀਵਨ ਦੇ ਹਰ ਪਹਿਲੂ ਵਿਚ ਅਪਣਾ ਲਈਏ, ਨਤੀਜੇ ਅਰਥ ਭਰਪੂਰ ਮਿਲਣਗੇ। ਕੋਈ ਵੀ ਮਿਸਾਲ ਸੌ ਫ਼ੀਸਦੀ ਢੁਕਵੀਂ ਨਹੀਂ ਹੁੰਦੀ, ਫਿਰ ਵੀ ਕਿਸੇ ਨੁਕਤੇ ਨੂੰ ਸਾਧਾਰਨ ਆਦਮੀਆਂ ਤੱਕ ਭੇਜਣ ਵਿਚ ਮਦਦਗਾਰ ਹੁੰਦੀ ਹੈ। ਬਚਪਨ ਦੀ ਇਹ ਯਾਦ ਸ਼ਾਇਦ ਕੁਥਾਂ ਨਾ ਹੋਵੇ:
ਮੇਰਾ ਪਿੰਡ ਰਾਮਪੁਰਾ ਬਠਿੰਡੇ ਜ਼ਿਲ੍ਹੇ ਵਿਚ ਪੈਂਦਾ ਹੈ। ਪਿੰਡ ਦੇ ਆਲੇ-ਦੁਆਲੇ ਭੂੰਦੜ (ਪ੍ਰੋਫੈਸਰ ਕਰਮ ਸਿੰਘ ਵਾਲਾ), ਮੰਡੀ ਕਲਾਂ ਅਜਮੇਰ ਸਿੰਘ ਵਾਲਾ ਅਤੇ ਪਿੱਥੋ ਗੁਰਬਚਨ ਸਿੰਘ ਭੁੱਲਰ ਵਾਲਾ ਹਨ। ਇਨ੍ਹਾਂ ਸਾਰੇ ਪਿੰਡਾਂ ਵਿਚ ਖੂਹਾਂ ਦਾ ਪਾਣੀ ਸੌ ਫੁੱਟ ਡੂੰਘਾ ਸੀ। ਬਿਜਲੀ ਕਿਤੇ ਵੀ ਨਹੀਂ ਸੀ। ਨਹਿਰੀ ਪਾਣੀ ਨਾਲ ਬਹੁਤ ਘੱਟ ਰਕਬਾ ਸੈਰਾਬ (ਸੇਂਜੂ) ਹੁੰਦਾ ਸੀ। ਟਿਊਬਵੈੱਲ ਦਾ ਨਾਮੋ-ਨਿਸ਼ਾਨ ਨਹੀਂ ਸੀ। ਖੇਤੀ ਮੂਲ ਰੂਪ ਵਿਚ ਮੀਂਹ ਆਸਰੇ ਹੀ ਸੀ।
ਸਾਡੇ ਦੋ ਸੀਰੀ-ਸਾਂਝੀ ਸਨ। ਸਾਰੀ ਫ਼ਸਲ ਵਿਚ ਉਨ੍ਹਾਂ ਦਾ ਹਿੱਸਾ ਸੀ। ਉਨ੍ਹਾਂ ਦੀ ਮਿਹਨਤ ਸਦਕਾ ਅਤੇ 1950-1956 ਤੱਕ ਚੰਗੇ ਮੀਂਹਾਂ ਦਾ ਸਦਕਾ ਫ਼ਸਲ ਚੰਗੀ ਹੁੰਦੀ ਰਹੀ। ਮੈਂ ਬਿਨਾ ਵਿਘਨ ਦਸਵੀਂ ਜਮਾਤ ਤੋਂ ਐਮ.ਐਸਸੀ. ਤੱਕ ਵਿਦਿਆ ਪ੍ਰਾਪਤ ਕਰ ਗਿਆ। ਸ਼ਾਇਦ ਇਨ੍ਹਾਂ ਸਾਰੇ ਪਿੰਡਾਂ ਵਿਚ ਮੈਂ ਪਹਿਲਾਂ ਐਮ.ਐਸਸੀ. (ਫਿਜਿਕਸ) ਹੋਣਾ। ਸੋਚਦਾ ਹਾਂ, ਸੀਰੀਆਂ ਦੀ ਕ੍ਰਿਪਾ ਨਾਲ ਹੀ ਸਜੇ ਹਮ ਹੈਂ।… ਸ਼ਬਦ ਦੀ ਸੂਝ ਤਾਂ ਹੈ ਨਹੀਂ ਸੀ ਪਰ ਕੁਦਰਤ ਦੀ ਕ੍ਰਿਪਾ, ਅਸੀਂ ਉਨ੍ਹਾਂ ਦਾ ਧਿਆਨ ਜ਼ਰੂਰ ਰੱਖਿਆ। ਛੁੱਟੀਆਂ ਵਿਚ ਮੈਂ ਉਨ੍ਹਾਂ ਲਈ ਸਵੇਰੇ-ਸਵੇਰੇ ਚੰਗੀ ਰੋਟੀ ਅਤੇ ਵਧੀਆ ਲੱਸੀ ਲੈ ਕੇ ਖੇਤ ਪੁੱਜ ਜਾਂਦਾ। ਉਨ੍ਹਾਂ ਦੇ ਘਰਾਂਵਾਲੀਆਂ ਮੱਖਣ ਲੱਦੀ ਲੱਸੀ ਸਾਡੇ ਘਰੋਂ ਲੈ ਜਾਂਦੀਆਂ। ਸ਼ਾਮ ਦੀ ਰੋਟੀ ਸੀਰੀ ਆਪਣੇ ਘਰ ਖਾਂਦੇ। ਹਰ ਮਹੀਨੇ ਵਧੀਆ ਕਣਕ ਅਤੇ ਹਿੱਸੇ ਬਹਿੰਦੀਆਂ ਦਾਲਾਂ ਨਾਲ ਉਨ੍ਹਾਂ ਦਾ ਸਾਰਾ ਪਰਿਵਾਰ ਆਪਣੀ ਮੌਜ ਦਾ ਪ੍ਰਸ਼ਾਦਾ ਛਕਦਾ।
ਉਨ੍ਹਾਂ ਨੇ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਲਈ ਕਦੀ ਕਿਸੇ ਬਾਣੀਏ ਤੋਂ ਕਰਜ਼ ਨਹੀਂ ਸੀ ਲਿਆ। ਇਹ ਸਾਡੀ ਜ਼ਿੰਮੇਵਾਰੀ ਸੀ! ਕਾਲਜ ਅਧਿਆਪਕ ਦੀ ਉਨ੍ਹਾਂ ਦਿਨਾਂ ਵਿਚ ਚੰਗੀ ਤਨਖ਼ਾਹ ਨਹੀਂ ਸੀ, ਫਿਰ ਵੀ ਮੈਂ ਜਦੋਂ ਵੀ ਪਿੰਡ ਜਾਂਦਾ, ਉਨ੍ਹਾਂ ਲਈ ਤਿਲ-ਫੁਲ ਮਾਇਆ ਜ਼ਰੂਰ ਦਿੰਦਾ। ਉਹ ਬਹੁਤ ਖੁਸ਼ ਹੁੰਦੇ। ਦੋਨੇ ਧਿਰਾਂ ਗਰੀਬੀ ਵਿਚ ਵੀ ਅੱਜ ਵਾਂਗ ਮਾਯੂਸ ਨਹੀਂ ਸਨ। ਹਰੀ ਕ੍ਰਾਂਤੀ ਕਹਿਣ ਨੂੰ ਤਾਂ ਖ਼ੁਸ਼ਹਾਲੀ ਲਿਆਈ ਪਰ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਰਜ਼ੇ ਤੇ ਖ਼ੁਦਕਸ਼ੀਆਂ ਵਿਚ ਡੋਬ ਗਈ! ਕਾਸ਼! ਅਸੀਂ ਸਾਹਿਬ-ਏ-ਕਮਾਲ ਦੀ ਸਿਖਿਆ ਅਨੁਸਾਰ ਉਨ੍ਹਾਂ ਸਭ ਦਾ ਭਲਾ ਸੋਚਦੇ ਜਿਨ੍ਹਾਂ ਦੀ ਕ੍ਰਿਪਾ ਨਾਲ ਸਜੇ ਹਾਂ। ਕਿਵੇਂ ਠੇਕੇ ‘ਤੇ ਜ਼ਮੀਨ ਦੇਣ ਵਾਲੇ, ਕਿਸਾਨਾਂ ਦੀ ਕਮਾਈ ਨਾਲ ਸਜੇ ਹਨ। ਉਹ ਠੇਕਾ ਘਟਾਉਣ। ਕਿਸਾਨ ਖੇਤ ਮਜ਼ਦੂਰਾਂ ਨੂੰ ਅਨਾਜ ਵਿਚੋਂ ਹਿੱਸਾ ਦੇਣ। ਖ਼ਾਦ ਵੇਚਣ ਵਾਲੇ ਆਪਣਾ ਨਫ਼ਾ ਘੱਟ ਕਰਨ। ਅਨਾਜ ਦੀ ਕੀਮਤ ਵਿਚ ਇਜ਼ਾਫ਼ਾ ਕੀਤਾ ਜਾਵੇ। ਪਿੰਡਾਂ ਵਿਚ ਖੇਤੀ ਨਾਲ ਸਬੰਧਿਤ ਛੋਟੀਆਂ ਸਨਅਤਾਂ ਲਾਉਣ। ਸਾਡੇ ਖੇਤੀ ਮਾਹਿਰ ਚੰਗੀਆਂ ਤਨਖ਼ਾਹਾਂ ਲੈ ਰਹੇ ਹਨ, ਉਹ ਖੇਤੀ ਦੇ ਧੰਦੇ ਕਰ ਕੇ ਹੀ ਸਜੇ ਹਨ। ਉਹ ਇਨ੍ਹਾਂ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਲਈ ਆਪਾ ਵਾਰ ਦੇਣ। ਭਵਿੱਖ ਉਜਲਾ ਹੋ ਜਾਵੇਗਾ।
ਆਉਣ ਵਾਲਾ ਸਮਾਂ ਨਿਰਾਸ਼ਾ ਵਾਲਾ ਨਜ਼ਰ ਆ ਰਿਹਾ ਹੈ। ਦੁਨੀਆ ਦੀ ਦੌਲਤ ਥੋੜ੍ਹੇ ਜਿਹੇ ਬੰਦਿਆਂ ਕੋਲ ਹੋ ਜਾਵੇਗੀ। ਗ਼ਰੀਬ ਅਮੀਰ ਪਾੜਾ ਭਿਆਨਕ ਰੂਪ ਅਖਤਿਆਰ ਕਰ ਲਵੇਗਾ। ਮੇਰੀ ਤੁਛ ਜਿਹੀ ਬੁੱਧੀ ਅਨੁਸਾਰ ਸਾਹਿਬ-ਏ-ਕਮਾਲ ਦਾ ਇਸ ਸ਼ਬਦ ਰਾਹੀਂ ਪੈਗਾਮ ਅਤੇ ਕ੍ਰਿਪਾ ਬਖ਼ਸ਼ਣ ਵਾਲਿਆਂ ਲਈ ਕ੍ਰਿਪਾ ਨਾਲ ਸਜੇ ਹੋਇਆਂ ਨੂੰ ਬਹੁਤ ਕਰਨ ਦੀ ਲੋੜ ਹੈ।
ਹਰ ਵਜ਼ੀਰ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਵੋਟਾਂ ਰਾਹੀਂ ਚੁਣਿਆ ਹੋਇਆ ਹਰ ਕਰਿੰਦਾ ਇਹ ਸੋਚ ਲਵੇ ਕਿ ਆਮ ਲੋਕਾਂ ਦੀਆਂ ਵੋਟਾਂ ਰਾਹੀਂ ਹੀ ਉਹ ਸਜੇ ਹੋਏ ਹਨ; ਵਰਨਾ ਉਨ੍ਹਾਂ ਵਿਚੋਂ ਕੋਈ ਚਾਹ ਵੇਚਦਾ ਹੁੰਦਾ, ਕੋਈ ਟਿਊਬਾਂ ਦੇ ਪੰਕਚਰ ਲਾਉਂਦਾ ਹੁੰਦਾ ਅਤੇ ਕੋਈ ਭੁੱਖਾ ਸੌਂਦਾ ਹੁੰਦਾ, ਵਗੈਰਾ-ਵਗੈਰਾ। ਸੋ, ਅਸੀਂ ਆਪਣੀਆਂ ਹੀ ਤਜੌਰੀਆਂ ਭਰ ਕੇ ਇਨ੍ਹਾਂ ਗਰੀਬਾਂ ਨੂੰ ਕੰਗਾਲ ਨਾ ਕਰੀਏ। ਇਨ੍ਹਾਂ ਦੀ ਹਰ ਜਾਇਜ਼ ਲੋੜ ਪੂਰੀ ਕਰੀਏ। ਇਨ੍ਹਾਂ ਦੀ ਖ਼ੁਸ਼ਹਾਲੀ ਹੀ ਸਾਡੇ ਜੀਵਨ ਦਾ ਮਨੋਰਥ ਹੋਵੇ।
ਵੱਡੇ-ਵੱਡੇ ਦੁਕਾਨਦਾਰ ਜਾਣ ਲੈਣ ਕਿ ਗਾਹਕਾਂ ਦੇ ਆਸਰੇ ਹੀ ਉਹ ਮੌਜਾਂ ਮਾਣ ਰਹੇ ਹਨ। ਉਹ ਲੁੱਟ ਘੱਟ ਕਰਨ ਅਤੇ ਸਬਰ-ਸੰਤੋਖ ਦਾ ਦਾਮਨ ਫੜਨ।
ਡਾਕਟਰ ਲੋਕ ਮਰੀਜ਼ਾਂ ਦੀ ਕ੍ਰਿਪਾ ਨਾਲ ਹੀ ਮਸ਼ਹੂਰ ਹਨ। ਆਮਦਨੀ ਬੇ-ਹਿਸਾਬ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮਰੀਜ਼ਾਂ ਨੂੰ ਪਿਆਰ ਭਰੀ ਸੇਵਾ ਦੇਣ। ਆਪਣੀ ਨੇਕ ਕਮਾਈ ਦਾ ਕੁਝ ਹਿੱਸਾ ਅਜਿਹੇ ਫੰਡ ਵਿਚ ਪਾਉਣ ਜਿਹੜਾ ਮਰੀਜ਼ਾਂ ਦੇ ਬੁਢਾਪੇ ਅਤੇ ਗਰੀਬ ਅਵਸਥਾ ਵਿਚ ਵਰਤਿਆ ਜਾ ਸਕੇ। ਡਾਕਟਰ ਬਹੁਤ ਸੂਝਵਾਨ ਬੰਦੇ ਹਨ। ਕਈ ਹੋਰ ਤਰੀਕਿਆਂ ਨਾਲ ਵੀ ਬਹੁਤ ਕੁਝ ਕਰ ਸਕਦੇ ਹਨ।
ਵਿਦਿਆਰਥੀਆਂ ਬਗੈਰ ਸਭ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੇਮਾਇਨਾ ਹਨ। ਇਹ ਸਭ ਅਦਾਰੇ ਉਨ੍ਹਾਂ ਦੀ ਕ੍ਰਿਪਾ ਨਾਲ ਹੀ ਸਜੇ ਹਨ। ਅਧਿਆਪਕ ਪ੍ਰੋਫੈਸਰ ਅਤੇ ਹੋਰ ਉੱਚ ਅਧਿਕਾਰੀ ਵਿਦਿਆਰਥੀਆਂ ਬਦੌਲਤ ਹੀ ਪ੍ਰਸੰਸਾ ਅਤੇ ਚੰਗੀ ਵੇਤਨ ਦੇ ਹੱਕਦਾਰ ਹਨ। ਵਿਦਿਆਰਥੀਆਂ ਦੀ ਬਿਹਤਰੀ ਅਤੇ ਉਜਲੇ ਭਵਿੱਖ ਲਈ ਇਨ੍ਹਾਂ ਸਭ ਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੱਲ੍ਹ ਦੋਹਾਂ ਧਿਰਾਂ ਦਾ ਰਿਸ਼ਤਾ ਕਾਰੋਬਾਰੀ ਬਣ ਗਿਆ ਹੈ। ਵਿਦਿਆ ਦੁਕਾਨਦਾਰੀ ਬਣ ਗਈ ਹੈ।
ਇਕ ਗੱਲ ਪੱਥਰ ‘ਤੇ ਲਕੀਰ ਹੈ। ਕੋਈ ਵੀ ਬੰਦਾ ਕਿਸੇ ਹੋਰ ਦੀ ਕ੍ਰਿਪਾ ਬਗੈਰ ਉੱਚੀ ਪੌੜੀ ਉੱਪਰ ਨਹੀਂ ਪਹੁੰਚ ਸਕਦਾ। ਉਸ ਨੂੰ ਕਦੀ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ। ਰੱਬ ਦੀ ਮਿਹਰ ਹੋਵੇ, ਉਸ ਨੂੰ ਇਹ ਸੋਝੀ ਆ ਜਾਵੇ। ਘੱਟੋ-ਘੱਟ ਕੁਦਰਤ ਦੀ ਕ੍ਰਿਪਾ ਤੋਂ ਮੁਨਕਰ ਨਾ ਹੋਵੇ। ਮਾਂ ਬਾਪ ਜਾਂ ਕਿਸੇ ਹੋਰ ਦੇ ਪਾਲਣ ਪੋਸ਼ਣ ਬਿਨਾ ਮਨੁੱਖ ਦਾ ਵਜੂਦ ਹੀ ਨਹੀਂ।
ਮੇਰਾ ਮਨ ਬਹੁਤ ਸਾਰੀਆਂ ਮਿਸਾਲਾਂ ਦੇਣ ਨੂੰ ਕਰਦਾ ਹੈ ਪਰ ਲੇਖ ਲੰਮਾ ਨਾ ਹੋ ਜਾਵੇ, ਇਹ ਧਿਆਨ ਵਿਚ ਰੱਖਦਿਆਂ ਸਿਰਫ਼ ਕੁਝ ਕੁ ਦਾ ਜ਼ਿਕਰ ਕਰ ਰਿਹਾ ਹਾਂ:
ਨੰਦ ਲਾਲ ਨੂਰਪੁਰੀ ਨੇ ਬਹੁਤ ਸੋਹਣੇ ਗੀਤ ਲਿਖੇ ਜਿਨ੍ਹਾਂ ਨੂੰ ਗਾ ਕੇ ਕਈ ਗਵੱਈਆਂ ਨੇ ਲੱਖਾਂ ਰੁਪਏ ਕਮਾਏ। ਉਸ ਗਰੀਬ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਨੂੰ ਸ਼ੁਹਰਤ ਅਤੇ ਚੰਗੀ ਕਮਾਈ ਮਿਲੀ ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਕਾਸ਼! ਉਨ੍ਹਾਂ ਸਭ ਨੂੰ ਕੁਝ ਸੋਝੀ ਹੁੰਦੀ। ਆਪਣੀ ਮਾਇਆ ਦਾ ਕੁਝ ਹਿੱਸਾ ਉਸ ਨੂੰ ਦਿੰਦੇ। ਉਹ ਖੂਹ ਵਿਚ ਛਾਲ ਮਾਰ ਕੇ ਅਨਿਆਈਂ ਮੌਤ ਨਾ ਮਰਦਾ।
ਕਲਾਕਾਰ ਬਹੁਤ ਜਜ਼ਬਾਤੀ ਹੁੰਦੇ ਹਨ। ਮੈਂ ਬਹੁਤ ਹੈਰਾਨ ਹੁੰਦਾ ਹਾਂ ਜਦੋਂ ਦੇਖਦਾ ਹਾਂ ਕਿ ਫਿਲਮੀ ਸਿਤਾਰਿਆਂ ਵਿਚ ਉਨ੍ਹਾਂ ਸਾਥੀ ਕਲਾਕਾਰਾਂ, ਜਿਨ੍ਹਾਂ ਦੀ ਕ੍ਰਿਪਾ ਨਾਲ ਉਹ ਸਜੇ ਹਨ, ਲਈ ਰੱਤੀ ਭਰ ਵੀ ਹਮਦਰਦੀ ਨਹੀਂ। ਮੀਨਾ ਕੁਮਾਰੀ ਦੀਆਂ ‘ਪਾਕੀਜ਼ਾ’ ਅਤੇ ਅਜਿਹੀਆਂ ਹੋਰ ਫਿਲਮਾਂ ਨੇ ਕਿੰਨੇ ਕਲਾਕਾਰਾਂ ਅਤੇ ਡਾਇਰੈਕਟਰਾਂ ਦੇ ਭਾਗ ਚਮਕਾ ਦਿੱਤੇ ਪਰ ਉਸ ਦੇ ਅੰਤ ਸਮੇਂ ਹਸਪਤਾਲ ਦੇ ਬਿਲ ਅਤੇ ਕਫ਼ਨ ਲਈ ਖਰਚ ਕਰਨ ਕੋਈ ਨਾ ਬਹੁੜਿਆ। ਉਹ ਘੋਰ ਗਰੀਬੀ ਵਿਚ ਇਸ ਜਹਾਨ ਤੋਂ ਰੁਖਸਤ ਹੋਈ। ਬਹੁਤ ਸਾਰੇ ਫਨਕਾਰ ਸੁਰੱਈਆ ਦੇ ਦੀਵਾਨੇ ਸਨ। ਉਸ ਦੀ ਕ੍ਰਿਪਾ ਨਾਲ ਕੁਛ ਹੱਦ ਤੱਕ ਉਨ੍ਹਾਂ ਦੀ ਮਸ਼ਹੂਰੀ ਹੋਈ। ਅਫ਼ਸੋਸ! ਉਸ ਦੇ ਜਨਾਜ਼ੇ ਵੇਲੇ ਕਿਸੇ ਨੇ ਆਪਣੀ ਸ਼ਕਲ ਨਾ ਦਿਖਾਈ। ਲੱਖਾਂ ਦਰਸ਼ਕਾਂ ਦੇ ਢਿੱਡੀਂ ਪੀੜ ਪਾਉਣ ਵਾਲੀ ਅਦਾਕਾਰਾ ਟੁਨ ਟੁਨ ਦਾ ਅਖੀਰਲਾ ਵਕਤ ਵੀ ਮੰਦਭਾਗਾ ਸੀ। ਉਸ ਕੋਲ ਦੋ ਵਕਤ ਦੀ ਰੋਟੀ ਦੀ ਵੀ ਗੁੰਜਾਇਸ਼ ਨਹੀਂ ਸੀ। ਉਸ ਦੀ ਵੀ ਕਿਸੇ ਨੇ ਸਾਰ ਨਾ ਲਈ।
ਆਓ, ਇਸ ਅਤਿ ਪਿਆਰੇ ਸ਼ਬਦ ਦੇ ਪੈਗ਼ਾਮ ਨੂੰ ਅਮਲੀ ਰੂਪ ਦੇਈਏ। ਕਿਉਂ ਨਾ ਇਹ ਅਮਲ ਘਰ ਤੋਂ ਹੀ ਸ਼ੁਰੂ ਕਰੀਏ। ਜਦੋਂ ਕਿਸੇ ਵੀ ਜਾਣੇ-ਪਛਾਣੇ ਸ਼ਖਸ ਦੇ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਬੇ-ਤਰਤੀਬ, ਖਿੱਲਰੀਆਂ ਵਸਤੂਆਂ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਘਰ ਦੀ ਰੌਣਕ (ਬੀਵੀ) ਕਿਤੇ ਗਈ ਹੋਈ ਹੈ। ਘਰ, ਦਫ਼ਤਰ ਅਤੇ ਅਨੇਕ ਥਾਵਾਂ ਇਸਤਰੀਆਂ ਦੀ ਕ੍ਰਿਪਾ ਨਾਲ ਸਜੀਆਂ ਹੋਈਆਂ ਹਨ। ਕਿਉਂ ਨਾ ਇਨ੍ਹਾਂ ਦਾ ਰੱਜ ਕੇ ਸਤਿਕਾਰ ਕਰੀਏ! ਨੰਨ੍ਹੀ ਉਮਰ ਤੋਂ ਹੀ ਹਰ ਘਰ ਵਿਚ ਇਹ ਸਿੱਖਿਆ ਮਿਲੇ ਕਿ ਇਸਤਰੀ ਦੀ ਇੱਜ਼ਤ ਕਰਨਾ ਸਭ ਦਾ ਇਖ਼ਲਾਕੀ ਫਰਜ਼ ਹੈ, ਇਸਤਰੀ ਭਾਵੇਂ ਕਿਸੇ ਵੀ ਉਮਰ ਦੀ ਹੋਵੇ। ਇਹ ਸੰਦੇਸ਼ ਸਕੂਲਾਂ ਵਿਚ ਸਮਾਜਿਕ ਸਿੱਖਿਆ ਦੇ ਸਿਲੇਬਸ ਦਾ ਜ਼ਰੂਰੀ ਅੰਗ ਹੋਵੇ। ਨਤੀਜੇ ਬਹੁਤ ਖੁਸ਼ਗਵਾਰ ਹੋਣਗੇ। ਮਨੀਪੁਰ ਵਰਗੀਆਂ ਦਰਦਨਾਕ ਘਟਨਾਵਾਂ ਨੂੰ ਠੱਲ੍ਹ ਪਵੇਗੀ। ਇਸਤਰੀ ਦੀ ਪਾਕੀਜ਼ਗੀ ਦੇ ਮਦੇਨਜ਼ਰ ਬਲਾਤਕਾਰ ਘਟ ਜਾਣਗੇ। ਆਸ ਕੀਤੀ ਜਾ ਸਕਦੀ ਹੈ ਕਿ ਜਿਸ ਦੇਸ਼ ਵਿਚ ਗਊ ਦੀ ਪਵਿੱਤਰਤਾ ਦਾ ਖਿਆਲ ਰੱਖਦੇ ਹੋਏ ਉਸ ਦੇ ਗੋਹੇ ਅਤੇ ਮੂਤਰ ਨੂੰ ਵੀ ਪਵਿੱਤਰ ਸਮਝਿਆ ਜਾਂਦਾ ਹੈ, ਉਥੇ ਇਸ ਪੈਗ਼ਾਮ ਦੀ ਇਸਤਰੀਆਂ ਬਾਬਤ ਕਿਉਂ ਨਾ ਬੱਲੇ-ਬੱਲੇ ਹੋ ਜਾਵੇਗੀ।
ਇਸ ਲੇਖ ਨੂੰ ਸਮਾਪਤ ਕਰਨ ਵੇਲੇ ‘ਪੰਜਾਬ ਟਾਈਮਜ਼’ ਦੇ ਬਾਨੀ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਯਾਦ ਆ ਗਈ। ਉਹ ਸਰਕਾਰੀ ਕਾਲਜ ਚੰਡੀਗੜ੍ਹ, ਸੈਕਟਰ 11 ਦਾ ਵਿਦਿਆਰਥੀ ਰਿਹਾ ਸੀ। ਮੈਂ ਉਸ ਸੰਸਥਾ ਵਿਚ ਪੱਚੀ ਸਾਲ ਫਿਜਿਕਸ ਦੇ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਉਹ ਬਹੁਤ ਵਾਰ ਮੈਨੂੰ ਕਹਿੰਦਾ ਹੁੰਦਾ ਸੀ ਕਿ ਉਸ ਦੀ ਪੰਜਾਬੀ ਬੋਲੀ ‘ਤੇ ਪਕੜ ਅਤੇ ਸੰਜਮ ਨਾਲ ਲਿਖਣ ਦੀ ਯੋਗਤਾ ਉਸ ਕਾਲਜ ਦੇ ਪ੍ਰੋਫੈਸਰ ਬਲਬੀਰ ਸਿੰਘ ਦਿਲ ਦੀ ਕ੍ਰਿਪਾ ਸਦਕਾ ਹੈ। ‘ਪੰਜਾਬ ਟਾਈਮਜ਼’ ਦੀ 24ਵੀਂ ਵਰ੍ਹੇਗੰਢ ਦੇ ਸਮਾਗਮ ਦੀਆਂ ਤਸਵੀਰਾਂ ਬਹੁਤ ਚੰਗੀਆਂ ਲੱਗੀਆਂ। ਅਮੋਲਕ ਬਾਬਤ ਲਿਖੇ ਲੇਖ ਵੀ ਚੰਗੇ ਲੱਗੇ ਪਰ ਇਕ ਤਸਵੀਰ ਜਿਸ ਦਾ ਮੈਂ ਤਲਬਗਾਰ ਹਾਂ, ਨਜ਼ਰ ਨਹੀਂ ਆਈ:
ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਅਮੋਲਕ ਵ੍ਹੀਲ ਚੇਅਰ ਉਪਰ ਬੈਠਾ ਹੈ। ਉਸ ਦੇ ਹੱਥਾਂ ਵਿਚ ਅਖ਼ਬਾਰ ਦੀ ਕਾਪੀ ਹੈ। ਪਿੱਛੇ ਜਸਪ੍ਰੀਤ ਖੜ੍ਹੀ ਹੈ। ਉਹ ਸਰੋਤਿਆਂ ਦੀ ਮਹਿਫ਼ਲ ਨੂੰ ਕਹਿ ਰਿਹਾ ਹੈ: ਕੁਦਰਤ ਦੀ ਮਹਾਨ ਕ੍ਰਿਪਾ ਜਿਸ ਨੇ ਨਾਮੁਰਾਦ ਬਿਮਾਰੀ ਵਿਚ ਵੀ ਮੈਨੂੰ ਚੜ੍ਹਦੀ ਕਲਾ ਵਿਚ ਰੱਖਿਆ; ਜਸਪ੍ਰੀਤ ਦੀ ਮਿਹਰਬਾਨੀ ਜਿਸ ਨੇ ਅਤਿਅੰਤ ਔਖੀ ਘੜੀ ਵਿਚ ਵੀ ਮੇਰਾ ਸਾਥ ਨਿਭਾਇਆ; ਸਾਰੇ ਸਲਾਹਕਾਰਾਂ ਦੀ ਕ੍ਰਿਪਾ ਜਿਨ੍ਹਾਂ ਨੇ ਅਖ਼ਬਾਰ ਨੂੰ ਡਿੱਕ-ਡੋਲੇ ਖਾਣ ਤੋਂ ਬਚਾਇਆ; ਲੇਖਕਾਂ ਦੀ ਕ੍ਰਿਪਾ ਜਿਨ੍ਹਾਂ ਨੇ ਨਿੱਗਰ ਸਮੱਗਰੀ ਨਾਲ ਅਖ਼ਬਾਰ ਨੂੰ ਸਜਾਇਆ ਅਤੇ ਸਭ ਤੋਂ ਵੱਧ, ਪਾਠਕਾਂ ਦੀ ਕ੍ਰਿਪਾ ਜਿਹੜੇ ਇਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਰੱਜ ਕੇ ਸਲਾਹੁੰਦੇ ਹਨ। ਇਨ੍ਹਾਂ ਸਭ ਦੀ ਕ੍ਰਿਪਾ ਨਾਲ ਸਜੇ ਹਮ ਹੈਂ। ਨਹੀਂ ਤਾਂ ਬੇਅੰਤ ਪੰਜਾਬੀ ਅਖ਼ਬਾਰ ਸਟੋਰਾਂ `ਤੇ ਪਏ ਹੁੰਦੇ ਹਨ।