ਗੀਤ ਤੇ ਗ਼ਦਰ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਗੁਮਾਡੀ ਵਿਠਲ ਰਾਓ ਉਰਫ ਗਦਰ ਭਾਵੇਂ ਸਰੀਰਕ ਤੌਰ ‘ਤੇ ਇਸ ਜਹਾਨ ਤੋਂ ਰੁਖਸਤ ਹੋ ਗਿਆ ਹੈ ਪਰ ਆਪਣੇ ਜੀਵਨ ਦੌਰਾਨ ਅਵਾਮ ਲਈ ਉਸ ਨੇ ਜੋ ਕੁਝ ਕੀਤਾ, ਉਹ ਸਦਾ ਲੋਕਾਂ ਦੇ ਚੇਤਿਆਂ ਵਿਚ ਰਹੇਗਾ। ਉਹਨੇ ਸੱਤਾ ਦੇ ਜ਼ੁਲਮ ਅਤੇ ਜਬਰ ਖਿਲਾਫ ਪੂਰੇ ਤਾਣ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਇਸ ਇਨਕਲਾਬੀ ਸ਼ਖਸੀਅਤ ਅਤੇ ਉਸ ਨਾਲ ਡੂੰਘੀ ਜੁੜੀ ਸਿਆਸਤ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

6 ਅਗਸਤ ਨੂੰ ਇਨਕਲਾਬੀ ਗਾਇਕ ਅਤੇ ਬਹੁਪੱਖੀ ਲੋਕ ਕਲਾਕਾਰ ਗ਼ਦਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਆਪਣੀ 74 ਸਾਲ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਇਨਕਲਾਬੀ ਗੀਤਾਂ ਤੇ ਪੇਸ਼ਕਾਰੀਆਂ ਰਾਹੀਂ ਦੱਬੇ-ਕੁਚਲੇ ਅਵਾਮ ਨੂੰ ਸੰਘਰਸ਼ਾਂ ਲਈ ਪ੍ਰੇਰਨ ਤੇ ਉਭਾਰਨ ਦੇ ਲੇਖੇ ਲਾਇਆ।
1949 `ਚ ਮੇਡਕ ਜ਼ਿਲ੍ਹੇ ਦੇ ਇਕ ਦਲਿਤ ਪਰਿਵਾਰ `ਚ ਜਨਮੇ ਗੁਮਡੀ ਵਿਠਲ ਰਾਓ ਤਿਲੰਗਾਨਾ ਦੀ ਉਸ ਨੌਜਵਾਨ ਪੀੜ੍ਹੀ `ਚੋਂ ਸਨ ਜੋ ਉਸ ਸਮੇਂ ਅਣਵੰਡੇ ਆਂਧਰਾ ਪ੍ਰਦੇਸ਼ `ਚ ਨਕਸਲੀ ਲਹਿਰ ਦੇ ਜ਼ਬਰਦਸਤ ਇਨਕਲਾਬੀ ਉਭਾਰ ਤੋਂ ਪ੍ਰਭਾਵਿਤ ਹੋਏ ਅਤੇ ਜਿਨ੍ਹਾਂ ਨੇ ਦੂਰ-ਦਰਾਜ ਜੰਗਲਾਂ-ਪਹਾੜਾਂ ਨੂੰ ਆਪਣੀ ਇਨਕਲਾਬੀ ਕਰਮ ਭੂਮੀ ਬਣਾਇਆ। ਉਹ ਆਪਣੇ ਭਵਿੱਖ ਦੇ ਸੁਪਨੇ, ਨੌਕਰੀਆਂ ਅਤੇ ਸਭ ਕੁਝ ਦਾਅ `ਤੇ ਲਾ ਕੇ ਦੱਬੇ-ਕੁਚਲੇ ਲੋਕਾਂ ਨੂੰ ਇਨਕਲਾਬ ਦੇ ਝੰਡੇ ਹੇਠ ਲਾਮਬੰਦ ਕਰਨ `ਚ ਜੁੱਟ ਗਏ ਅਤੇ ਅੱਜ ਵੀ ਆਪਣੇ ਅਕੀਦੇ ਉੱਪਰ ਅਡੋਲ ਹਨ। 1913-15 ਦੇ ਗ਼ਦਰੀ ਇਨਕਲਾਬੀਆਂ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਨੌਜਵਾਨ ਗੁਮਡੀ ਵਿਠਲ ਰਾਓ ਨੇ ਆਪਣਾ ਨਵਾਂ ਨਾਮ ਗ਼ਦਰ ਰੱਖ ਲਿਆ। ਰਵਾਇਤੀ ਚਿੱਟੀ ਧੋਤੀ, ਗਲ `ਚ ਲਾਲ ਪਰਨਾ, ਮੋਢੇ `ਤੇ ਕਾਲੀ ਕੰਬਲੀ, ਪੈਰਾਂ `ਚ ਘੁੰਗਰੂ, ਹੱਥ `ਚ ਡਫਲੀ, ਸੋਟਾ ਤੇ ਲਾਲ ਝੰਡਾ ਉਸ ਦੀ ਖ਼ਾਸ ਪਛਾਣ ਬਣ ਗਏ। ਤਿਲੰਗਾਨਾ ਦੇ ਲੋਕ ਗੀਤਾਂ ਨੂੰ ਇਨਕਲਾਬੀ ਰੰਗ `ਚ ਰੰਗ ਕੇ ਗ਼ਦਰ ਦੇ ਲਿਖੇ ਗੀਤ ਤੇ ਗੀਤ-ਨਾਟ ਨਵੇਂ ਯੁਗ ਦੇ ਲੋਕ ਗੀਤ ਬਣ ਗਏ। ਜਿੱਥੇ ਵੀ ਗ਼ਦਰ ਜਾਂਦਾ, ਹਜ਼ਾਰਾਂ ਲੋਕਾਂ ਦੀ ਆਵਾਜ਼ ਉਸ ਦੇ ਗੀਤਾਂ ਉੱਪਰ ਝੂਮ ਕੇ ਉਸ ਦੇ ਨਾਲ ਨੱਚਣ ਗਾਉਣ ਲੱਗ ਜਾਂਦੀ। ਗ਼ਦਰ ਨੇ ‘ਮਾ ਭੂਮੀ`, ‘ਰੰਗੁਲਾ ਕਲਾ` ਸਮੇਤ ਕੁਝ ਫਿਲਮਾਂ `ਚ ਵੀ ਕੰਮ ਕੀਤਾ। ‘ਅਰੇ ਰਿਕਸ਼ਾ` `ਚ ਗਾਏ ਗੀਤ ‘ਨੀ ਪਦਮ ਪਾਈ ਪੁਟੂਮਾਚਨਾਈ` ਨੂੰ ਨੰਦੀ ਪੁਰਸਕਾਰ ਵੀ ਮਿਲਿਆ। ਦੰਡਕਾਰਣੀਆ ਲਹਿਰ ਬਾਰੇ ਫਿਲਮ ‘ਦੰਡਕਾਰਣੀਅਮ` ਵਿਚ ਵੀ ਉਸ ਦੇ ਮਕਬੂਲ ਗੀਤ ਹਨ।
ਨਕਸਲੀ ਪਾਰਟੀ ਦੀ 1972 `ਚ ਬਣਾਈ ‘ਜਨ ਨਾਟਯਾ ਮੰਡਲੀ` ਪਿੰਡ-ਪਿੰਡ, ਗਲੀ-ਗਲੀ ਦੱਬੇ-ਕੁਚਲੇ ਅਵਾਮ ਨੂੰ ਗੀਤਾਂ ਰਾਹੀਂ ਜਗਾ ਰਹੀ ਸੀ। ਜਨ ਨਾਟਯ ਮੰਡਲੀ` ਦੇ ਗੀਤ ਲੋਕਾਂ ਦੇ ਦੁੱਖਾਂ-ਦਰਦਾਂ ਤੇ ਲੋਕ ਮੁੱਦਿਆਂ ਨੂੰ ਜ਼ੁਬਾਨ ਦੇਣ ਦਾ ਮੁੱਖ ਹਥਿਆਰ ਬਣ ਗਏ। ਐਸੀ ਹੀ ਇਕ ਜੋਸ਼ੀਲੀ ਆਵਾਜ਼ 23 ਸਾਲ ਦੇ ਨੌਜਵਾਨ ਕਲਾਕਾਰ ਪੀ. ਸ਼ੰਕਰ ਨੂੰ ਕਤਲ ਕਰ ਦਿੱਤੇ ਜਾਣ ਨਾਲ ਗੀਤਾਂ ਦੀ ਗੂੰਜ ਹੋਰ ਵੀ ਰੋਹਲੀ ਹੋ ਗਈ। ਗ਼ਦਰ ਦੀ ਬੇਜੋੜ ਗਾਇਨ ਕਲਾ ਅਤੇ ਗੀਤ ਦੀ ਤਾਕਤ ਉੱਪਰ ਉਸ ਦੀ ਲਾਸਾਨੀ ਪਕੜ ਨੇ ਇਸ ਨੂੰ ਵਿਸ਼ਾਲ ਸਭਿਆਚਾਰਕ ਕਾਫ਼ਲੇ `ਚ ਬਦਲ ਦਿੱਤਾ।
1969 `ਚ ਵੱਖਰਾ ਤਿਲੰਗਾਨਾ ਰਾਜ ਬਣਾਏ ਜਾਣ ਲਈ ਲੋਕ ਅੰਦੋਲਨ ਸੱਤਾ ਦੀ ਖ਼ੂੰਖ਼ਾਰ ਤਾਕਤ ਨਾਲ ਕੁਚਲ ਦਿੱਤਾ ਗਿਆ ਸੀ। ਆਂਧਰਾ ਦੇ ਰਾਜਨੀਤਕ ਗ਼ਲਬੇ ਤੇ ਸਭਿਆਚਾਰਕ ਧੌਂਸ ਨੇ ਤਿਲੰਗਾਨਾ ਦੇ ਸਭਿਆਚਾਰ ਨੂੰ ਹਾਸ਼ੀਏ `ਤੇ ਧੱਕ ਦਿੱਤਾ ਸੀ ਅਤੇ ਦੱਬੇ-ਕੁਚਲੇ ਲੋਕਾਂ ਵਿਰੁੱਧ ਜਾਤ-ਹੰਕਾਰੀ ਜਗੀਰੂ ਜਬਰ ਵੀ ਪੂਰੇ ਜ਼ੋਰਾਂ `ਤੇ ਸੀ। ਰਾਜਕੀ ਪੁਸ਼ਤ-ਪਨਾਹੀ ਵਾਲਾ ਸਮਾਜੀ ਤੇ ਰਾਜਸੀ ਦਾਬਾ ਅਤੇ ਹਾਸ਼ੀਏ `ਤੇ ਧੱਕੇ ਹਿੱਸਿਆਂ ਦੀ ਆਰਥਕ ਬਦਹਾਲੀ ਕਾਰਨ ਤਿਲੰਗਾਨਾ `ਚ ਨਕਸਲੀ ਲਹਿਰ ਨੂੰ ਹੁੰਗਾਰਾ ਦੇਣ ਲਈ ਹਾਲਾਤ ਬੇਹੱਦ ਸਾਜ਼ਗਰ ਸਨ। ਸ੍ਰੀਕਾਕੁਲਮ ਦੇ ਜੰਗਲਾਂ `ਚ ਨਕਸਲੀ ਅਗਵਾਈ ਹੇਠ ਆਦਿਵਾਸੀ ਵਿਦਰੋਹ ਨੂੰ ਬੇਤਹਾਸ਼ਾ ਜਬਰ ਨਾਲ ਕੁਚਲਿਆ ਜਾ ਰਿਹਾ ਸੀ। ਤਿਲੰਗਾਨਾ ਕੋਲ ਹੈਦਰਾਬਾਦ ਦੇ ਨਿਜ਼ਾਮ ਵਿਰੁੱਧ 1946-51 ਦੇ ਹਥਿਆਰਬੰਦ ਕਿਸਾਨ ਸੰਘਰਸ਼ ਦੀ ਸ਼ਾਨਾਮੱਤੀ ਵਿਰਾਸਤ ਸੀ ਜੋ ਪਿੰਡਾਂ `ਚ ਰਹਿ ਗਏ ਕਮਿਊਨਿਸਟਾਂ ਵੱਲੋਂ ਅਗਲੀਆਂ ਪੀੜ੍ਹੀਆਂ ਨੂੰ ਦਿੱਤੀ ਜਾ ਰਹੀ ਸੀ। ਤੇਲਗੂ ਸਾਹਿਤ ਦੇ ਪਿੜ ਅੰਦਰ ਨਕਸਲਬਾੜੀ ਅਤੇ ਸ੍ਰੀਕਾਕੁਲਮ ਲਹਿਰਾਂ ਦੇ ਪ੍ਰਭਾਵ ਹੇਠ ਇਨਕਲਾਬੀ ਕਵੀ ਵਰਾਵਰਾ ਰਾਓ ਤੇ ਹੋਰ ਲੇਖਕਾਂ-ਬੁੱਧੀਜੀਵੀਆਂ ਦੀ ਅਗਵਾਈ ਹੇਠ ਇਨਕਲਾਬੀ ਸਾਹਿਤ ਦੀ ਜ਼ਬਰਦਸਤ ਧਾਰਾ ਪੂਰੇ ਜ਼ੋਰਾਂ `ਤੇ ਸੀ। ਇਨਕਲਾਬੀ ਲਹਿਰ ਦੇ ਵਧ ਰਹੇ ਉਭਾਰ ਨੂੰ ਰੋਕਣ ਲਈ ਤਿਲੰਗਾਨਾ ਦੀ ਜਗੀਰੂ ਜਮਾਤ ਆਂਧਰਾ ਦੀ ਹੁਕਮਰਾਨ ਜਮਾਤ ਨਾਲ ਮਿਲ ਕੇ ਲੋਕ ਸੰਘਰਸ਼ਾਂ ਨੂੰ ਬੇਕਿਰਕੀ ਨਾਲ ਕੁਚਲ ਰਹੀ ਸੀ। ਇਹ ਪਿਛੋਕੜ ਸੀ ਜਦੋਂ ਗ਼ਦਰ ਨੇ ਇਨਕਲਾਬੀ ਰਾਜਨੀਤਕ ਤੇ ਸੱਭਿਆਚਾਰ ਦਾ ਮੋਰਚਾ ਮੱਲਿਆ, ਜਦੋਂ ਉਹ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਤੇ ਬੈਂਕ ਦੀ ਨੌਕਰੀ ਛੱਡ ਕੇ ਨਕਸਲੀ ਲਹਿਰ `ਚ ਸ਼ਾਮਲ ਹੋਏ। ਉਨ੍ਹਾਂ ਨੇ ਲੋਕ ਗੀਤਾਂ ਨੂੰ ਅਵਾਮ ਨੂੰ ਇਨਕਲਾਬੀ ਰਾਜਨੀਤਕ ਚੇਤਨਾ ਦੇਣ ਦੇ ਐਸੇ ਹਥਿਆਰ ਵਿਚ ਬਦਲ ਦਿੱਤਾ ਜਿਸ ਨੂੰ ਹਕੂਮਤ ਹਥਿਆਰਬੰਦ ਛਾਪਾਮਾਰਾਂ ਤੋਂ ਵੀ ਵਧੇਰੇ ਖ਼ਤਰਨਾਕ ਸਮਝਦੀ ਹੈ। ਪ੍ਰੋਫੈਸਰ ਵਰਾਵਰਾ ਰਾਓ ਗ਼ਦਰ ਦੀ ਇਸ ਇਨਕਲਾਬੀ ਕਾਇਆਪਲਟੀ ਬਾਰੇ ਕਹਿੰਦੇ ਹਨ, “ਗ਼ਦਰ ਨੇ ਲੋਕਾਂ ਦੇ ਇਨਕਲਾਬੀ ਗੀਤਾਂ ਦੀ ਵਿਰਾਸਤ ਨੂੰ ਅੰਗੀਕਾਰ ਕੀਤਾ, ਉਸ ਦਾ ਅਨਿੱਖਵਾਂ ਅੰਗ ਬਣ ਗਏ ਅਤੇ ਉਨ੍ਹਾਂ ਦੀ ਬੋਲੀ ਤੇ ਪਹਿਰਾਵੇ ਨੂੰ ਆਪਣਾ ਹਿੱਸਾ ਬਣਾ ਲਿਆ।”
ਜਦੋਂ ਇਨਕਲਾਬੀ ਲਹਿਰ ਉੱਪਰ ਜਬਰ ਤਿੱਖਾ ਹੋ ਗਿਆ ਅਤੇ ਜਨ ਨਾਟਯਾ ਮੰਡਲੀ ਸਮੇਤ ਜਨਤਕ ਜਥੇਬੰਦੀਆਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਤਾਂ ਗ਼ਦਰ ਦੀ ਅਗਵਾਈ ਹੇਠ ‘ਜਨ ਨਾਟਯਾ ਮੰਡਲੀ` ਰੂਪੋਸ਼ ਹੋ ਕੇ ਤਿਲੰਗਾਨਾ ਦੇ ਜੰਗਲਾਂ ਤੇ ਖੇਤਾਂ `ਚ ਇਨਕਲਾਬ ਦਾ ਹੋਕਾ ਦਿੰਦੀ ਰਹੀ। ਗ਼ਦਰ ਨੇ ਜਿੱਥੇ ਸੈਂਕੜੇ ਕੁਲ-ਵਕਤੀ ਸੱਭਿਆਚਾਰਕ ਕਾਮੇ ਪੈਦਾ ਕੀਤੇ ਉੱਥੇ ਉਸ ਦੇ ਗੀਤ ਹਜ਼ਾਰਾਂ ਨੌਜਵਾਨਾਂ ਨੂੰ ਲਹਿਰ ਵਿਚ ਖਿੱਚ ਲਿਆਏ।
1980ਵਿਆਂ ਅਤੇ 1990ਵਿਆਂ ਦੇ ਦਹਾਕੇ ਪੀਪਲਜ਼ ਵਾਰ ਗਰੁੱਪ ਦੀ ਅਗਵਾਈ ਹੇਠ ਉੱਤਰੀ ਤਿਲੰਗਾਨਾ ਵਿਚ ਲਾਸਾਨੀ ਇਨਕਲਾਬੀ ਚੜ੍ਹਤ ਦਾ ਸਮਾਂ ਸੀ। ਕਾਲਜਾਂ, ਯੂਨੀਵਰਸਿਟੀਆਂ `ਚ ਇਨਕਲਾਬੀ ਵਿਦਿਆਰਥੀ ਲਹਿਰ ਬੁਲੰਦੀ `ਤੇ ਸੀ। ਦਹਿ-ਹਜ਼ਾਰਾਂ ਨੌਜਵਾਨ ਵਿਦਿਆਰਥੀ ਪੜ੍ਹਾਈ ਛੱਡ ਕੇ ਇਨਕਲਾਬ ਦਾ ਸੁਪਨਾ ਅੱਖਾਂ `ਚ ਸੰਜੋਈ ‘ਪਿੰਡਾਂ ਨੂੰ ਚੱਲੋ` ਮੁਹਿੰਮ ਦੇ ਸੱਦੇ ਨੂੰ ਹੁੰਗਾਰਾ ਦਿੰਦੇ ਹੋਏ ਇਨਕਲਾਬੀ ਸਫ਼ਾਂ `ਚ ਸ਼ਾਮਿਲ ਹੋ ਰਹੇ ਸਨ। ਸਮਾਂਤਰ ਮੁਕਾਮੀ ਸੱਭਿਆਚਾਰ ਭਾਰੂ ਆਂਧਰਾ ਸੱਭਿਆਚਾਰ ਨੂੰ ਟੱਕਰ ਦੇ ਰਿਹਾ ਸੀ। ਦਲਿਤਾਂ ਉੱਪਰ ਜਬਰ ਦੇ ਹੌਲਨਾਕ ਕਾਂਡ ਸਟੇਟ ਵਿਰੁੱਧ ਲੋਕਾਂ ਦੇ ਗੁੱਸੇ ਨੂੰ ਹੋਰ ਜ਼ਰਬਾਂ ਦੇ ਰਹੇ ਸਨ। ਇਨ੍ਹਾਂ ਸਮਿਆਂ `ਚ ਗ਼ਦਰ ਨੇ ਲੋਕ ਵੇਦਨਾ, ਲੋਕ ਸਰੋਕਾਰਾਂ ਨੂੰ ਗੀਤਾਂ ਦੀ ਜ਼ੁਬਾਨ ਦਿੱਤੀ। ‘ਜਨ ਨਾਟਯਾ ਮੰਡਲੀ` ਦੀਆਂ ਟੀਮਾਂ ਦੀ ਜ਼ੁਬਾਨੀ ਅਤੇ ਟੇਪ ਰਿਕਾਰਡਰਾਂ ਰਾਹੀਂ ਗ਼ਦਰ ਦੇ ਗੀਤ ਲਹਿਰਾਂ ਬਣਕੇ ਤਿਲੰਗਾਨਾ ਤੇ ਆਂਧਰਾ ਦੇ ਦੂਰ-ਦਰਾਜ ਇਲਾਕਿਆਂ `ਚ ਗੂੰਜ ਉੱਠੇ। ਉਸ ਦੇ ਗੀਤਾਂ ਦੀਆਂ 30 ਟੇਪਾਂ ਦੀ ਰਿਕਾਰਡ ਤੋੜ ਵਿਕਰੀ ਹੋਈ। ਹਿੰਦੀ ਤੇ ਹੋਰ ਭਾਸ਼ਾਵਾਂ `ਚ ਵੀ ਉਸ ਦੇ ਗੀਤ ਬਹੁਤ ਮਕਬੂਲ ਹੋਏ।
1980ਵਿਆਂ ਦੇ ਦਹਾਕੇ `ਚ ਗ਼ਦਰ ਦੀ ਜ਼ਿੰਦਗੀ ਦਾ ਇਕੋ-ਇਕ ਭਾਵ ਸੀ ਗੀਤ, ਗੀਤ ਤੇ ਗੀਤ: ਖ਼ੂਨ-ਪਸੀਨਾ ਵਹਾ ਰਹੇ ਮਜ਼ਦੂਰ ਬਾਰੇ ਗੀਤ, ਖੇਤਾਂ ਬਾਰੇ ਗੀਤ, ਜਨਮ ਬਾਰੇ ਗੀਤ, ਮੌਤ ਬਾਰੇ ਗੀਤ, ਸ਼ਹੀਦ ਦੀ ਸ਼ਹਾਦਤ ਬਾਰੇ ਗੀਤ, ਪਿਆਰ ਬਾਰੇ ਗੀਤ। ਉਸ ਦੇ ਆਪਣੇ ਸ਼ਬਦਾਂ `ਚ, ‘ਕਿਰਤ ਹੀ ਗੀਤ ਹੈ, ਕਿਰਤ `ਚ ਲੈਅ ਹੈ। ਜਿਸ ਨੂੰ ਕੰਮ ਕਰਨਾ ਨਹੀਂ ਆਉਂਦਾ, ਉਹ ਕੰਮ ਵਿਗਾੜ ਦੇਵੇਗਾ। ਕਿਰਤ `ਚ ਨਿਖ਼ਾਰ ਆਉਂਦਾ ਹੈ ਤਾਂ ਲੈਅ `ਚ ਨਿਖ਼ਾਰ ਆਉਂਦਾ ਹੈ, ਗੀਤਾਂ `ਚ ਨਿਖ਼ਾਰ ਆਉਂਦਾ ਹੈ। ਲੋਕ ਆਪਣੇ ਰੋਜ਼ਮੱਰਾ ਕੰਮਕਾਰ ਰਾਹੀਂ ਗੀਤ ਨੂੰ ਨਿਖ਼ਾਰਦੇ ਹਨ।`
ਉੱਤਰੀ ਤਿਲੰਗਾਨਾ `ਚ ਨਕਸਲੀਆਂ ਦੀ ਸਮਾਂਤਰ ਸੱਤਾ ਨੇ ਪਿੰਡਾਂ `ਚ ਹਕੂਮਤੀ ਮਸ਼ੀਨਰੀ ਇਕ ਤਰ੍ਹਾਂ ਨਾਲ ਨਕਾਰਾ ਕਰ ਦਿੱਤੀ ਸੀ। ਬੁਖਲਾਈ ਹਕੂਮਤ ‘ਘੇਰੋ ਤੇ ਕੁਚਲੋ` ਮੁਹਿੰਮਾਂ ਰਾਹੀਂ ਬੇਕਿਰਕ ਜਬਰ, ਝੂਠੇ ਕੇਸਾਂ `ਚ ਜੇਲ੍ਹਬੰਦੀ ਅਤੇ ਝੂਠੇ ਪੁਲਿਸ ਮੁਕਾਬਲਿਆਂ `ਚ ਇਨਕਲਾਬੀਆਂ ਦਾ ਕਤਲੇਆਮ ਕਰ ਰਹੀ ਸੀ। ਇਸ ਦੇ ਨਾਲ-ਨਾਲ ਗਰੇ-ਹਾਊਂਡਜ਼ ਤੇ ਹੋਰ ਨਾਵਾਂ ਹੇਠ ਗ਼ੈਰ-ਕਾਨੂੰਨੀ ਕਾਤਲ ਗਰੋਹ ਬਣਾ ਕੇ ਮਨੁੱਖੀ ਹੱਕਾਂ ਦੇ ਕਾਰਕੁਨਾਂ, ਲੇਖਕਾਂ ਤੇ ਕਲਾਕਾਰਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਲੋਕਾਂ ਦੇ ਬੇਹੱਦ ਹਰਮਨਪਿਆਰੇ ਡਾ. ਰਾਮਾਨਾਥਨ ਕਲੀਨਿਕ ਵਿਚ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਜੋ ਆਂਧਰਾ ਪ੍ਰਦੇਸ਼ ਸਿਵਲ ਲਿਬਰਟੀਜ਼ ਕਮੇਟੀ ਦੇ ਆਗੂ ਸਨ। ਵਰਾਵਰਾ ਰਾਓ ਉੱਪਰ ਕਈ ਕਾਤਲਾਨਾ ਹਮਲੇ ਹੋਏ। ਇਸੇ ਸਿਲਸਿਲੇ `ਚ ਅਪਰੈਲ 1997 `ਚ ‘ਗਰੀਨ ਟਾਈਗਰਜ਼` ਵੱਲੋਂ ਗ਼ਦਰ ਨੂੰ ਸਿਕੰਦਰਾਬਾਦ ਵਿਚ ਉਸ ਦੇ ਘਰ ਦੇ ਅੰਦਰ ਗੋਲੀਆਂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਹਕੂਮਤ ਦੀ ਇਸ ਬੌਖਲਾਹਟ ਦੀ ਇਕ ਵੱਡੀ ਵਜਾ੍ਹ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਸ਼ਹਿਰੀ ਆਜ਼ਾਦੀਆਂ ਦੇ ਕਾਰਕੁਨਾਂ ਵੱਲੋਂ ਉਠਾਈ ਜਾ ਰਹੀ ਆਵਾਜ਼ ਸੀ। ਦੂਜੀ ਵਜ੍ਹਾ, ਮੁਕਾਬਲਿਆਂ `ਚ ਮਾਰੇ ਜਾ ਰਹੇ ਇਨਕਲਾਬੀਆਂ ਦੀਆਂ ਲਾਸ਼ਾਂ ਅੰਤਮ ਸਸਕਾਰ ਲਈ ਉਨ੍ਹਾਂ ਦੇ ਵਾਰਿਸਾਂ ਨੂੰ ਦਿਵਾਉਣ ਲਈ ਹੋ ਰਹੇ ਵਿਸ਼ਾਲ ਇਕੱਠ ਸਨ ਜਿਨ੍ਹਾਂ ਵਿਚ ਵਰਾਵਰਾ ਰਾਓ ਤੇ ਗ਼ਦਰ ਦੀ ਮਿਕਨਾਤੀਸੀ ਸ਼ਖ਼ਸੀਅਤ ਦੀ ਵੱਡੀ ਭੂਮਿਕਾ ਸੀ। ਗ਼ਦਰ ਦੀ ਜਾਨ ਤਾਂ ਬਚ ਗਈ ਪਰ ਰੀੜ੍ਹ ਦੀ ਹੱਡੀ `ਚ ਲੱਗੀ ਇਕ ਗੋਲੀ ਕੱਢੀ ਨਾ ਜਾ ਸਕੀ।
ਜਦੋਂ 2004 `ਚ ਸਿਵਲ ਸੁਸਾਇਟੀ ਦੇ ਦਬਾਅ ਹੇਠ ਸਰਕਾਰ ਨੂੰ ਪਹਿਲੀ ਵਾਰ ਰੂਪੋਸ਼ ਨਕਸਲੀ ਆਗੂਆਂ ਨਾਲ ਗੱਲਬਾਤ ਕਰਨੀ ਪਈ ਤਾਂ ਉਸ ਵਿਚ ਨਕਸਲੀ ਧਿਰ ਦੇ ਏਲਚੀਆਂ ਵਜੋਂ ਵਰਾਵਰਾ ਰਾਓ, ਗ਼ਦਰ ਅਤੇ ਲੇਖਕ ਕਲਿਆਣ ਰਾਓ ਨੇ ਗੱਲਬਾਤ ਕੀਤੀ ਜਦੋ ਇਨਕਲਾਬੀ ਲਹਿਰ `ਚ ਉਸ ਦੀ ਮਕਬੂਲੀਅਤ ਦਾ ਸਬੂਤ ਸੀ। ਗੱਲਬਾਤ ਦੌਰਾਨ ਰੂਪੋਸ਼ ਇਨਕਲਾਬੀਆਂ ਦੀ ਸ਼ਨਾਖ਼ਤ ਅਤੇ ਨਿਸ਼ਾਨਦੇਹੀ ਦੇ ਆਧਾਰ `ਤੇ ਅਗਲੇ ਸਾਲਾਂ `ਚ ਵਿਸ਼ਵਾਸਘਾਤੀ ਹਕੂਮਤ ਨੇ ਵੱਡੇ ਪੈਮਾਨੇ `ਤੇ ਕਤਲੇਆਮ ਕੀਤਾ ਅਤੇ ਤਿਲੰਗਾਨਾ ਵਿਚ ਇਨਕਲਾਬੀ ਲਹਿਰ ਨੂੰ ਬੇਕਿਰਕੀ ਨਾਲ ਕੁਚਲ ਦਿੱਤਾ।
ਦਹਾਕਿਆਂ ਤੱਕ ਨਿਧੜਕ ਕੁਲ-ਵਕਤੀ ਭੂਮਿਕਾ ਨਿਭਾਉਣ ਤੋਂ ਬਾਦ 2010 `ਚ ਗ਼ਦਰ ਨੇ ਨਕਸਲੀ/ਮਾਓਵਾਦੀ ਲਹਿਰ ਦੂਰੀ ਬਣਾ ਲਈ ਅਤੇ ਉਸ ਦਾ ਝੁਕਾਅ ਵੱਖਰਾ ਰਾਜ ਬਣਾਏ ਜਾਣ ਤੇ ਸਮਾਜੀ ਨਿਆਂ ਦੇ ਸਵਾਲਾਂ ਵੱਲ ਹੋ ਗਿਆ। ਇਸ ਦੀ ਵਜ੍ਹਾ ਜਾਤਪਾਤ ਵਰਗੇ ਸਵਾਲਾਂ ਉੱਪਰ ਮੱਤਭੇਦ ਅਤੇ ਲਹਿਰ ਤੋਂ ਮੋਹ-ਭੰਗ ਹੋਣਾ ਸੀ। ਫਿਰ ਉਸ ਨੇ ‘ਤਿਲੰਗਾਨਾ ਪਰਜਾ ਫਰੰਟ` ਬਣਾ ਕੇ ਵੱਖਰੇ ਤਿਲੰਗਾਨਾ ਲਈ ਲਹਿਰ ਵਿਚ ਵੱਡੀ ਭੂਮਿਕਾ ਨਿਭਾਈ। ਅਗਲੇ ਸਾਲਾਂ `ਚ ਉਸ ਨੇ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਪਾਰਟੀਆਂ ਬਣਾਈਆਂ ਪਰ ਕਿਤੇ ਵੀ ਉਸ ਨੂੰ ਉਹ ਚੀਜ਼ ਹਾਸਲ ਨਾ ਹੋਈ ਜਿਸ ਲਈ ਉਸ ਦਾ ਮਨ ਭਟਕ ਰਿਹਾ ਸੀ
ਜਦੋਂ 2014 `ਚ ਲੋਕ ਦਬਾਅ ਹੇਠ ਵੱਖਰਾ ਤਿਲੰਗਾਨਾ ਬਣਾਇਆ ਗਿਆ ਤਾਂ ਸੱਤਾ ਪੁਰਾਣੀ ਜਾਤ-ਹੰਕਾਰੀ ਹਾਕਮ ਜਮਾਤ ਨੇ ਹਥਿਆ ਲਈ ਅਤੇ ਜੂਝ ਮਰਨ ਤੇ ਕੁਰਬਾਨੀਆਂ ਕਰਨ ਵਾਲੇ ਅਵਾਮ ਇਕ ਵਾਰ ਫਿਰ ਹਾਸ਼ੀਏ `ਤੇ ਧੱਕ ਦਿੱਤੇ ਗਏ। ਇਹ ਅਵਾਮ ਦੇ ਖ਼ਵਾਬਾਂ ਦਾ ਜਮਹੂਰੀ ਤਿਲੰਗਾਨਾ ਨਹੀਂ ਸੀ। ਇਸੇ ਮਾਯੂਸੀ ਦੇ ਆਲਮ `ਚ ਗ਼ਦਰ ਦਾ ਝੁਕਾਅ ਹਾਕਮ ਜਮਾਤੀ ਸਿਆਸਤ ਵੱਲ ਹੋ ਗਿਆ ਅਤੇ 2018 ਦੀਆਂ ਚੋਣਾਂ `ਚ ਉਸ ਨੇ ਪਹਿਲੀ ਵਾਰ ਚੋਣ ਸਿਆਸਤ `ਚ ਹਿੱਸਾ ਲਿਆ ਜਿਸ ਦੇ ਬਾਈਕਾਟ ਲਈ ਉਹ ਦਹਾਕਿਆਂ ਤੋਂ ਪੁਰਜ਼ੋਰ ਲਾਮਬੰਦੀ ਕਰਦਾ ਰਿਹਾ ਸੀ। ਉਸ ਨੇ ਕਿਹਾ, “ਦੁਨੀਆ `ਚ ਲੋਕਾਂ ਨੂੰ ਅੰਤਮ ਸੰਘਰਸ਼ ਲਾਲ ਝੰਡੇ ਹੇਠ ਕਰਨਾ ਪਵੇਗਾ। ਵਿਚਕਾਰਲੇ ਦੌਰ ਵਿਚ ਉਨ੍ਹਾਂ ਨੂੰ ਅੰਬੇਡਕਰ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ… ਲੋਕਾਂ ਦੀ, ਨਾ ਕਿ ਕਿਸੇ ਪਾਰਟੀ ਦੀ, ਰੱਖਿਆਤਮਕ ਰਣਨੀਤੀ ਵੋਟ ਹੈ। ਮੈਂ ਸੰਵਿਧਾਨ ਅਤੇ ਭਾਰਤ ਬਚਾਓ, ਧਰਮਨਿਰਪੱਖਤਾ ਦੇ ਨਾਅਰੇ ਅਖ਼ਤਿਆਰ ਕੀਤੇ ਹਨ ਅਤੇ ਮੈਂ ਬਤੌਰ ਇਕ ਕਵੀ ਕੋਨੇ-ਕੋਨੇ `ਚ ਜਾ ਸਕਦਾ ਹਾਂ। ਮੈਂ ਹਥਿਆਰਾਂ ਬਾਰੇ ਗਾਉਂਦਾ ਸੀ ਤਾਂ ਪਹੁੰਚ ਸਿਰਫ਼ ਥੋੜ੍ਹੇ ਲੋਕਾਂ ਤੱਕ ਹੀ ਹੁੰਦੀ ਸੀ।” ਬੇਸ਼ੱਕ ਉਸ ਦਾ ਕਹਿਣਾ ਸੀ ਕਿ ਉਹ ਹਰ ਮੰਚ ਤੋਂ ਉਨ੍ਹਾਂ ਹੀ ਮੁੱਦਿਆਂ ਨੂੰ ਉਠਾਉਣ ਦੇ ਉਦੇਸ਼ ਨਾਲ ਇਨ੍ਹਾਂ ਪਾਰਟੀਆਂ `ਚ ਜਾ ਰਿਹਾ ਹੈ ਜਿਨ੍ਹਾਂ ਮੁੱਦਿਆਂ ਲਈ ਉਹ ਹਮੇਸ਼ਾ ਲੜਦਾ ਰਿਹਾ ਹੈ ਪਰ ਇਸ ਸਮੇਂ ਦੇ ਉਸ ਦੇ ਵਿਵਾਦਪੂਰਨ ਬਿਆਨਾਂ, ਰਾਜਨੀਤਕ ਪੁਜੀਸ਼ਨਾਂ ਅਤੇ ਕਾਂਗਰਸ ਤੇ ਹੋਰ ਪਾਰਟੀਆਂ ਨਾਲ ਉਸ ਦੀ ਨੇੜਤਾ ਦਾ ਹਾਕਮ ਜਮਾਤ ਨੇ ਇਨਕਲਾਬੀ ਲਹਿਰ ਨੂੰ ਭੰਡਣ ਲਈ ਰੱਜ ਕੇ ਲਾਹਾ ਲਿਆ। ਜਦੋਂ ਉਸ ਦੀ ਮੌਤ ਹੋਈ ਤਾਂ ਮੀਡੀਆ ਵਿਚ ਰਾਹੁਲ ਗਾਂਧੀ ਨਾਲ ਉਸ ਦੀ ਤਸਵੀਰ ਵੀ ਕਾਫ਼ੀ ਚਰਚਿਤ ਹੋਈ। ਵਜ੍ਹਾ ਇਹ ਹੈ ਕਿ ਗ਼ਦਰ ਮਹਿਜ਼ ਇਕ ਨਾਮ ਨਹੀਂ ਹੈ, ਇਸ ਦਾ ਮਹੱਤਵ ਰਾਹੁਲ ਗਾਂਧੀ ਵਰਗੇ ਸਿਆਸਤਦਾਨ ਬਾਖ਼ੂਬੀ ਜਾਣਦੇ ਹਨ। ਇਸ ਦਾ ਦੂਜਾ ਪਾਸਾ ਇਹ ਹੈ ਕਿ ਉਸ ਦੇ ਪਿੱਛੇ ਜੋ ਸ਼ਾਨਾਮੱਤੀ ਵਿਰਾਸਤ ਜੋ ਅਵਾਮ ਹੈ ਉਹ ਬਹੁਤ ਪਿੱਛੇ ਰਹਿ ਗਏ ਹਨ। ਇਹ ਹਕੀਕਤ ਗ਼ਦਰ ਨੂੰ ਪਤਾ ਸੀ।
ਹਸਪਤਾਲ `ਚ ਦਾਖ਼ਲ ਹੋਣ ਵੇਲੇ ਉਸ ਨੂੰ ਆਪਣੀ ਗੰਭੀਰ ਬਿਮਾਰੀ ਦਾ ਅਹਿਸਾਸ ਸੀ। ਮੌਤ ਤੋਂ ਚਾਰ ਦਿਨ ਪਹਿਲਾਂ ਉਸ ਵੱਲੋਂ ਲਿਖੀ ਚਿੱਠੀ `ਚ ਇਹ ਅਹਿਸਾਸ ਵੀ ਝਲਕਦਾ ਹੈ ਅਤੇ ਆਸ਼ਾਵਾਦ ਵੀ ਹੈ: “ਮੇਰਾ ਨਾਮ ਗੁਮਾਡੀ ਵਿਠਲ ਰਾਓ ਹੈ। ਗ਼ਦਰ ਮੇਰੇ ਗੀਤਾਂ ਦਾ ਨਾਮ ਹੈ। ਮੇਰੀ ਜ਼ਿੰਦਗੀ ਨਿਆਂ ਲਈ ਲਗਾਤਾਰ ਸੰਘਰਸ਼ ਕਰਦਿਆਂ ਗੁਜ਼ਰੀ। ਮੈਂ 74 ਸਾਲ ਦਾ ਹੋ ਗਿਆ ਹਾਂ। ਮੇਰੀ ਰੀੜ੍ਹ ਦੀ ਹੱਡੀ `ਚ ਫਸੀ ਗੋਲੀ ਨੂੰ 25 ਸਾਲ ਹੋ ਗਏ। ਮੇਰਾ ਦਿਲ ਧੜਕਣੋਂ ਨਹੀਂ ਰੁਕੇਗਾ ਪਰ ਕੁਝ ਕਾਰਨਾਂ ਕਰ ਕੇ ਦਿਲ ਨੂੰ ਤਕਲੀਫ਼ ਹੁੰਦੀ ਹੈ। ਹਾਲ ਹੀ ਵਿਚ ਮੈਂ ਅਪੋਲੋ ਹਸਪਤਾਲ `ਚ ਭਰਤੀ ਹੋਇਆ। ਮੈਂ 20 ਜੁਲਾਈ ਤੋਂ ਲੈ ਕੇ ਕਈ ਤਰ੍ਹਾਂ ਦੇ ਟੈਸਟਾਂ ਅਤੇ ਇਲਾਜ `ਚੋਂ ਗੁਜ਼ਰਿਆ। ਦਿਲ ਦੇ ਮਾਹਰ ਮੇਰੇ ਇਲਾਜ `ਚ ਜੁਟੇ ਹੋਏ ਹਨ। ਮੈਂ ਲੋਕਾਂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਵਾਅਦਾ ਕਰ ਰਿਹਾ ਹਾਂ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਤੁਹਾਡੇ ਦਰਮਿਆਨ ਆਵਾਂਗਾ। ਇਕ ਵਾਰ ਫਿਰ ਸੱਭਿਆਚਾਰਕ ਲਹਿਰ ਸ਼ੁਰੂ ਕਰਾਂਗਾ ਅਤੇ ਲੋਕਾਂ ਦਾ ਕਰਜ਼ਾ ਲਾਹਾਂਗਾ।” ਉਸ ਨੂੰ ਇਹ ਮੌਕਾ ਨਾ ਮਿਲਿਆ ਅਤੇ ਲੋਕਾਂ ਦਾ ਕਲਾਕਾਰ ਇਸ ਅਧੂਰੇ ਸੁਪਨੇ ਦੀ ਟੀਸ ਦਿਲ `ਚ ਲੈ ਕੇ ਚਲ ਵਸਿਆ।
ਬੇਸ਼ੱਕ ਗ਼ਦਰ ਆਖ਼ਰੀ ਸਾਲਾਂ `ਚ ਇਨਕਲਾਬੀ ਲੋਕ ਲਹਿਰ ਤੋਂ ਨਿੱਖੜ ਗਏ ਪਰ ਕਮਿਊਨਿਸਟ ਇਨਕਲਾਬੀ ਲਹਿਰ `ਚ ਸੱਭਿਆਚਾਰਕ ਮੁਹਾਜ਼ ਉੱਪਰ ਉਨ੍ਹਾਂ ਦੀ ਦੇਣ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਦੇ ਗੀਤ ਲੋਕ ਵੇਦਨਾ ਨੂੰ ਵਿਦਰੋਹ ਦੀ ਸਮੂਹਿਕ ਆਵਾਜ਼ ਦਾ ਰੂਪ ਦੇ ਕੇ ਮੁੜ ਉਨ੍ਹਾਂ ਦੀ ਝੋਲ਼ੀ `ਚ ਪਾਏ। ਉਸ ਦੇ ਗੀਤਾਂ `ਚ ਕਲਾ ਦੀ ਸਿਖ਼ਰ ਇਸ ਕਦਰ ਸੀ ਕਿ ਹੋਰ ਰਾਜਾਂ ਦੇ ਜੋ ਲੋਕ ਤੇਲਗੂ ਜ਼ੁਬਾਨ ਨਹੀਂ ਸੀ ਸਮਝਦੇ, ਉਹ ਵੀ ਉਸ ਦੀ ਆਵਾਜ਼ ਦੇ ਜਾਦੂ ਤੇ ਗੀਤਾਂ ਦੀ ਲੈਅ ਉੱਪਰ ਆਪ-ਮੁਹਾਰੇ ਨੱਚ ਉੱਠਦੇ ਸਨ। ਕਰਮਚੇਡੂ ਵਰਗੇ ਖ਼ੌਫ਼ਨਾਕ ਜਾਤਪਾਤੀ ਕਤਲੇਆਮਾਂ (1985) ਦੇ ਸਮਿਆਂ `ਚ ਵੀ ਉਸ ਦੇ ਗੀਤਾਂ ਨੇ ਜਗੀਰੂ ਜਾਬਰਾਂ ਦੇ ਹਮਲੇ ਅੱਗੇ ਦਲਿਤਾਂ ਨੂੰ ਹਿੱਕਾਂ ਤਾਣ ਕੇ ਜੂਝਣ ਦਾ ਹੋਕਾ ਦਿੱਤਾ। ਜਦੋਂ ਸੱਤਾ ਦੀਆਂ ਅੱਗ ਉਗਲਦੀਆਂ ਬੰਦੂਕਾਂ ਪੁਲਿਸ ਮੁਕਾਬਲਿਆਂ `ਚ ਇਨਕਲਾਬੀਆਂ ਦੇ ਸੱਥਰ ਵਿਛਾ ਰਹੀਆਂ ਸਨ, ਉਦੋਂ ਵੀ ਰਾਜਕੀ ਦਹਿਸ਼ਤਵਾਦ ਦਾ ਜਵਾਬ ਗ਼ਦਰ ਦੇ ਗੀਤਾਂ ਨੇ ਜਾਬਰ ਪ੍ਰਬੰਧ ਨੂੰ ਹੋਰ ਗਰਜਵੀਂ ਲਲਕਾਰ ਬਣ ਕੇ ਦਿੱਤਾ।
ਇਹ ਅਮਿੱਟ ਪੈੜਾਂ ਪਾਉਣ ਵਾਲਾ ਗ਼ਦਰ ਅੱਜ ਭਾਵੇਂ ਜਿਸਮਾਨੀ ਤੌਰ `ਤੇ ਨਹੀਂ ਰਿਹਾ ਪਰ ਜਿਸ ਵਿਸ਼ਾਲ ਇਨਕਲਾਬੀ ਲੋਕ ਸੱਭਿਆਚਾਰਕ ਲਹਿਰ ਨੂੰ ਉਸਾਰਨ ਲਈ ਉਸ ਨੇ ਦਿਨ-ਰਾਤ ਇਕ ਕਰ ਦਿੱਤਾ ਸੀ, ਉਹ ਮੁਲਕ ਦੇ ਜੰਗਲਾਂ-ਪਹਾੜਾਂ ਦੀਆਂ ਵਿਸ਼ਾਲ ਪੱਟੀਆਂ ਅੰਦਰ ਇਨਕਲਾਬੀ ਤਰਜ਼ੇ-ਜ਼ਿੰਦਗੀ ਦੀ ਕਾਇਆਪਲਟੀ ਕਰਨ `ਚ ਮਸਰੂਫ਼ ਯੁਗ-ਪਲਟਾਊ ਸੱਭਿਆਚਾਰਕ ਤਾਕਤ ਬਣ ਚੁੱਕੀ ਹੈ। ਬੇਸ਼ੁਮਾਰ ਇਨਕਲਾਬੀ ਸੱਭਿਆਚਾਰਕ ਟੋਲੀਆਂ ਮਾਓਵਾਦੀ ਲਹਿਰ ਦੇ ਜ਼ੋਰ ਵਾਲੇ ਵਿਸ਼ਾਲ ਖੇਤਰਾਂ ਅੰਦਰ ਸਰਗਰਮ ਹਨ ਜਿਨ੍ਹਾਂ ਦਾ ਲੋਕਾਂ ਨਾਲ ਮੱਛੀ ਤੇ ਪਾਣੀ ਵਾਲਾ ਰਿਸ਼ਤਾ ਹੈ ਅਤੇ ਜਿਨ੍ਹਾਂ ਨੇ ਯੁੱਧ ਦੇ ਮੈਦਾਨ `ਚ ਸ਼ਹਾਦਤਾਂ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ਪਿਛਲੇ ਡੇਢ ਦਹਾਕੇ ਤੋਂ ਆਪਣੇ ਹੀ ਮੁਲਕ ਦੇ ਆਦਿਵਾਸੀਆਂ ਵਿਰੁੱਧ ਭਾਰਤੀ ਰਾਜ ਵੱਲੋਂ ਲੜੇ ਜਾ ਰਹੇ ਧਾੜਵੀ ਯੁੱਧ ਦੀ ਫਾਸ਼ੀਵਾਦੀ ਦਹਿਸ਼ਤ ਦੇ ਅੰਦਰ ਵੀ ਇਨਕਲਾਬੀ ਦਸਤਿਆਂ ਨਾਲ ਇਕਮਿੱਕ ਜੁਝਾਰੂ ਆਦਿਵਾਸੀਆਂ ਦੇ ਸਮੂਹਿਕ ਗਾਇਣ ‘ਰੇਲਾ ਰੇ, ਰੇਲਾ ਰੇ, ਰੇਲਾ ਰੇ` ਦੀ ਗੂੰਜ ਰਾਤਾਂ ਦੇ ਹਨੇਰਿਆਂ ਦੀ ਹਿੱਕ ਚੀਰਦੀ ਸੁਣੀ ਜਾ ਸਕਦੀ ਹੈ।
ਗ਼ਦਰ ਦੀ ਹਸਤੀ ਇਸ ਸਮੂਹਿਕ ਗਾਇਨ ਤੋਂ ਵੱਖਰੀ ਨਹੀਂ ਹੈ। ਗੀਤ ਅਤੇ ਗ਼ਦਰ ਇੰਝ ਅਭੇਦ ਹਨ ਕਿ ਜਦੋਂ ਵੀ ਗੀਤ ਦੀ ਗੱਲ ਹੋਵੇਗੀ, ਗ਼ਦਰ ਦਾ ਨਾਮ ਅਤੇ ਪੇਸ਼ਕਾਰੀ ਮੁਦਰਾ `ਚ ਉਸ ਦੀ ਤਸਵੀਰ ਆਪ-ਮੁਹਾਰੇ ਅੱਖਾਂ ਅੱਗੇ ਆ ਜਾਇਆ ਕਰੇਗੀ।