ਹੜ੍ਹਾਂ ਦੀ ਮਾਰ: ਪੰਜਾਬ `ਚ ਸਵਾ ਛੇ ਲੱਖ ਏਕੜ ਫਸਲ ਤਬਾਹ ਹੋਈ, 54 ਮੌਤਾਂ

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਕਾਰਨ ਤਕਰੀਬਨ ਸਵਾ ਛੇ ਲੱਖ ਏਕੜ ਫਸਲ ਤਬਾਹ ਹੋਈ ਹੈ। ਇਸ ਦੌਰਾਨ 54 ਜਣਿਆਂ ਦੀ ਜਾਨ ਚਲੀ ਗਈ ਅਤੇ 27 ਹਜ਼ਾਰ ਪਸ਼ੂ ਵੀ ਮਰ ਗਏ। ਪੰਜਾਬ ਸਰਕਾਰ ਵੱਲੋਂ ਕੇਂਦਰੀ ਅੰਤਰ ਮੰਤਰਾਲਾ ਟੀਮ ਕੋਲ ਪੇਸ਼ ਰਿਪੋਰਟ ‘ਚ ਇਹ ਤੱਥ ਸਾਹਮਣੇ ਆਏ ਹਨ। ਬੇਸ਼ੱਕ ਫਸਲਾਂ ਦੀ ਗਿਰਦਾਵਰੀ ਮੁਕੰਮਲ ਹੋਣੀ ਬਾਕੀ ਹੈ ਪਰ ਇਹ ਤਸਵੀਰ ਉੱਭਰੀ ਹੈ ਕਿ 6.25 ਲੱਖ ਏਕੜ ਰਕਬੇ ਦਾ ਫਸਲੀ ਨੁਕਸਾਨ ਹੋਇਆ ਹੈ ਜਦਕਿ ਹੁਣ ਤੱਕ ਫਸਲੀ ਨੁਕਸਾਨ ਸਿਰਫ 2.59 ਲੱਖ ਏਕੜ ਹੀ ਦੱਸਿਆ ਜਾ ਰਿਹਾ ਸੀ।

ਪੰਜਾਬ ਸਰਕਾਰ ਨੇ ਫਸਲੀ ਨੁਕਸਾਨ ਦੀ ਭਰਪਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿਚ ਢਿੱਲ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਕ 1210 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਸੂਬੇ ਵਿਚ ਝੋਨੇ ਦੀ ਫ਼ਸਲ ਜ਼ਿਆਦਾ ਪ੍ਰਭਾਵਿਤ ਹੋਈ ਹੈ ਅਤੇ ਕੰਢੀ ਖੇਤਰ ਵਿਚ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਕੇਂਦਰੀ ਨਿਯਮਾਂ ਅਨੁਸਾਰ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਹੈ ਜਦੋਂ ਕਿ ਝੋਨੇ ਦੀ ਫ਼ਸਲ ਦੀ ਹਾਲੇ ਲੁਆਈ ਹੀ ਹੋਈ ਸੀ। ਕੇਂਦਰੀ ਨਿਯਮ ਮੁੱਢਲੇ ਪੜਾਅ ਦੇ ਪੌਦਿਆਂ ਨੂੰ ਫ਼ਸਲ ਨਹੀਂ ਮੰਨਦੇ ਹਨ।
ਰਿਪੋਰਟ ਅਨੁਸਾਰ ਸੂਬੇ ਵਿਚ ਕੁੱਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 2645 ਮਕਾਨ ਅੱਧੇ ਡਿੱਗੇ ਹਨ। ਪੰਜਾਬ ਨੇ ਕੇਂਦਰ ਤੋਂ ਘਰਾਂ ਵਾਸਤੇ ਪ੍ਰਤੀ ਘਰ 2.40 ਲੱਖ ਰੁਪਏ ਦੀ ਮੰਗ ਕੀਤੀ ਹੈ। ਪੰਜਾਬ ਵਿਚ ਹੜ੍ਹਾਂ ਦੌਰਾਨ ਜੋ 54 ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ 4 ਲੱਖ ਰੁਪਏ ਦੀ ਵਿੱਤੀ ਮਦਦ ਮਿਲਣੀ ਹੈ ਜਦੋਂ ਕਿ ਨਿਯਮਾਂ ਵਿਚ ਛੋਟ ਮਿਲਣ ‘ਤੇ ਅੱਠ ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਸੂਬੇ ਵਿਚ ਹੜ੍ਹਾਂ ਵਿਚ 27,640 ਪਸ਼ੂਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਰਾਸ਼ੀ ਆਫ਼ਤ ਰਾਹਤ ਫ਼ੰਡਾਂ ਵਿਚੋਂ ਮਿਲੇਗੀ।
ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਕਰਕੇ ਪੰਜਾਬ ਦੇ ਦਰਿਆਵਾਂ/ਚੋਆਂ ਅਤੇ ਨਹਿਰਾਂ ਵਿਚ ਕੁੱਲ 488 ਪਾੜ ਪਏ ਹਨ। ਇਨ੍ਹਾਂ ਵਿਚੋਂ 254 ਪਾੜ ਇਕੱਲੇ ਨਹਿਰਾਂ ਵਿਚ ਪਏ ਹਨ, ਇਨ੍ਹਾਂ ਲਈ 159 ਕਰੋੜ ਦੀ ਲੋੜ ਹੈ। ਪੰਜਾਬ ਵਿਚ ਸੜਕਾਂ ਦੀ ਮੁਰੰਮਤ ਪਹਿਲਾਂ ਹੀ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡਾਂ ਨੂੰ ਰੋਕੇ ਜਾਣ ਕਰਕੇ ਲਟਕੀ ਹੋਈ ਹੈ ਪਰ ਹੜ੍ਹਾਂ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹੜ੍ਹਾਂ ਨਾਲ 2251 ਕਿੱਲੋਮੀਟਰ ਸੜਕਾਂ ਟੁੱਟੀਆਂ ਹਨ ਜਿਨ੍ਹਾਂ ਵਿਚੋਂ 1733 ਕਿੱਲੋਮੀਟਰ ਲਿੰਕ ਸੜਕਾਂ ਹਨ। ਸੜਕਾਂ ਟੁੱਟਣ ਕਰਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਬਣੀ ਹੋਈ ਹੈ।
ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਨੂੰ ਵੀ ਮਾਰ ਪਈ ਹੈ। ਸਮੁੱਚੇ ਪੰਜਾਬ ਵਿਚ ਕੁੱਲ 1097 ਸਰਕਾਰੀ ਸਕੂਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਰੂਪਨਗਰ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ 277 ਸਕੂਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 187 ਸਕੂਲ ਅਤੇ ਮੁਹਾਲੀ ਜ਼ਿਲ੍ਹੇ ਵਿਚ 163 ਸਕੂਲਾਂ ਨੂੰ ਮੀਹਾਂ ਨੇ ਮਾਰ ਮਾਰੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। 668 ਪ੍ਰਾਇਮਰੀ ਸਕੂਲ, 185 ਮਿਡਲ ਸਕੂਲ, 132 ਹਾਈ ਸਕੂਲ ਅਤੇ 112 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮੀਹਾਂ ਨੇ ਪ੍ਰਭਾਵਿਤ ਕੀਤਾ ਹੈ। ਇਸੇ ਦੌਰਾਨ ਹੜ੍ਹਾਂ ਨਾਲ ਕਰੀਬ ਅੱਠ ਜ਼ਿਲਿ੍ਹਆਂ ਵਿਚ 41 ਸਿਹਤ ਕੇਂਦਰ ਵੀ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਦੀ ਮੁਰੰਮਤ ਲਈ ਫ਼ੌਰੀ ਫ਼ੰਡਾਂ ਦੀ ਲੋੜ ਹੈ।
ਪੰਜਾਬ ਸਰਕਾਰ ਨੇ ਆਪਣੀ ਰਿਪੋਰਟ ਵਿੱਚ ਆਖਿਆ ਕਿ ਹੈ ਐਤਕੀਂ ਹੜ੍ਹਾਂ ਕਾਰਨ ਝੋਨੇ ਦੀ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪੰਜਾਬ ਕੇਂਦਰੀ ਪੂਲ ਵਿਚ 21.2 ਚੌਲਾਂ ਦੀ ਹਿੱਸੇਦਾਰੀ ਪਾਉਂਦਾ ਹੈ। ਦੂਜੇ ਪਾਸੇ ਬਾਸਮਤੀ ਦੀ ਫਸਲ ਵੀ ਬਿਮਾਰੀ ਦੀ ਲਪੇਟ ਵਿੱਚ ਆਈ ਹੈ ਹੈ, ਜਿਸ ਕਾਰਨ ਬਾਸਮਤੀ ਦਾ ਝਾੜ ਵੀ ਘੱਟ ਜਾਣ ਸੰਭਾਵਨਾ ਹੈ।
ਹੜ੍ਹਾਂ ਦੇ ਮੁਆਵਜ਼ੇ ਲਈ ਸਖਤ ਹੋਈਆਂ ਕਿਸਾਨ ਜਥੇਬੰਦੀਆਂ
ਜਲੰਧਰ: ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਮੀਟਿੰਗ ਹੋਈ। ਇਸ ਵਿਚ ਫੈਸਲਾ ਕੀਤਾ ਗਿਆ ਕਿ ਹੜ੍ਹਾਂ ਵਿਚ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਦਾ ਅਜੇ ਤੱਕ ਮੁਆਵਜ਼ਾ ਨਾ ਦੇਣ ‘ਤੇ 19 ਅਗਸਤ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਬਲਵਿੰਦਰ ਸਿੰਘ ਮੱਲੀ ਨੰਗਲ ਅਤੇ ਮੇਜਰ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ।