ਬਾਗੀ ਬੀਬੀਆਂ ਨੇ ਸੁਖਬੀਰ ਦੀਆਂ ਮੁਸ਼ਕਿਲਾਂ ਵਧਾਈਆਂ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਨਵੀਂ ਪ੍ਰਧਾਨ ਲਾਏ ਜਾਣ ਤੋਂ ਬਾਅਦ ਟਕਸਾਲੀ ਮਹਿਲਾ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਪਾਰਟੀ ‘ਚ ਪੈਦਾ ਹੋਈਆਂ ਬਗਾਵਤੀ ਸੁਰਾਂ ਨੂੰ ਮੱਠਾ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮੈਦਾਨ ਵਿਚ ਆ ਗਏ ਹਨ। ਸ੍ਰੀ ਬਾਦਲ ਨੇ ਇੱਥੇ ਪਾਰਟੀ ਦੇ ਮਹਿਲਾ ਵਿੰਗ ਨਾਲ ਸਬੰਧਤ ਮੋਹਰੀ ਦਰਜਨ ਤੋਂ ਵੱਧ ਮਹਿਲਾ ਆਗੂਆਂ ਨਾਲ ਮੀਟਿੰਗ ਕੀਤੀ।

ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਨੂੰ ‘ਬਾਗੀ ਬੀਬੀਆਂ` ਦੇ ਸਖ਼ਤ ਰੁਖ਼ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਬੀਬੀਆਂ ਨੇ ਆਂਗਨਵਾੜੀ ਯੂਨੀਅਨ ਦੀ ਆਗੂ ਹਰਗੋਬਿੰਦ ਕੌਰ ਨੂੰ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ `ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਫੈਸਲੇ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਅੰਦਰ ਜਮਹੂਰੀਅਤ ਨਹੀਂ ਰਹੀ। ਬੀਬੀਆਂ ਨੇ ਕਿਹਾ ਕਿ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੀ ਜਾ ਰਹੀ ਹੈ ਤੇ ਵਿੰਗ ਦੀ ਕਿਸੇ ਵੀ ਮਹਿਲਾ ਨਾਲ ਸਲਾਹ ਮਸ਼ਵਰਾ ਤਾਂ ਦੂਰ ਦੀ ਗੱਲ ਭਿਣਕ ਤੱਕ ਨਹੀਂ ਪੈਣ ਦਿੱਤੀ। ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਨਾਲ ਹੋਈ ਇਸ ਮੀਟਿੰਗ ਦੌਰਾਨ ਮਹਿਲਾ ਵਿੰਗ ਦੀਆਂ ਬੀਬੀਆਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਹਰਗੋਬਿੰਦ ਕੌਰ ਨੂੰ ਤੁਰਤ ਪ੍ਰਧਾਨਗੀ ਤੋਂ ਲਾਹਿਆ ਨਹੀਂ ਜਾਂਦਾ ਤਾਂ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸ੍ਰੀ ਬਾਦਲ ਨੇ ਬਾਗੀ ਬੀਬੀਆਂ ਦੀ ਗੱਲ ਸੁਣਨ ਤੋਂ ਬਾਅਦ ਮਾਮਲੇ `ਤੇ ਵਿਚਾਰ ਕਰਨ ਲਈ ਸਮਾਂ ਮੰਗਿਆ ਹੈ ਤੇ ਇਹ ਮੰਨਿਆ ਕਿ ਨਿਯੁਕਤੀ ਸਮੇਂ ਭਰੋਸੇ `ਚ ਲਿਆ ਜਾਣਾ ਚਾਹੀਦਾ ਸੀ। ਬੀਬੀਆਂ ਦੇ ਬਾਗੀ ਧੜੇ ਦੀ ਆਗੂ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਭਰੋਸੇ ਤੋਂ ਬਾਅਦ ‘ਬਾਗੀ ਸਰਗਰਮੀਆਂ` ਦਸ ਕੁ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਸ ਦਿਨਾਂ ਦੇ ਅੰਦਰ-ਅੰਦਰ ਇਸ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਤੇ ਪ੍ਰਧਾਨਗੀ ਦਾ ਫੈਸਲਾ ਨਾ ਬਦਲਿਆ ਤਾਂ ਬੀਬੀਆਂ ਦਾ ਧੜਾ ਆਪਣਾ ਆਖਰੀ ਫੈਸਲਾ ਲੈਣ ਲਈ ਮਜਬੂਰ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੀਆਂ ਮਹਿਲਾ ਆਗੂਆਂ ਨੇ ਪਿਛਲੇ ਤਿੰਨ ਹਫਤਿਆਂ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ ਤੇ 4 ਦਰਜਨ ਤੋਂ ਵੱਧ ਮਹਿਲਾ ਆਗੂ ਪਾਰਟੀ ਤੋਂ ਅਸਤੀਫ਼ੇ ਵੀ ਦੇ ਚੁੱਕੀਆਂ ਹਨ। ਫਿਲਹਾਲ ਮਹਿਲਾ ਵਿੰਗ ਦੀ ਪ੍ਰਧਾਨਗੀ ਦੇ ਮਾਮਲੇ ਦਾ ਕੋਈ ਸਿੱਟਾ ਨਹੀਂ ਨਿਕਲਿਆ।