ਸ਼੍ਰੋਮਣੀ ਕਮੇਟੀ ਗੁਰੂ ਘਰਾਂ `ਚ ਖਿਡੌਣੇ ਜਹਾਜ਼ ਭੇਟ ਕਰਨ ਦੇ ਰੁਝਾਨ ਨੂੰ ਰੋਕੇਗੀ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਹਵਾਈ ਜਹਾਜ਼ ਵਰਗੇ ਖਿਡੌਣੇ ਭੇਟ ਕਰਨ ਦੇ ਰੁਝਾਨ ਨੂੰ ਰੋਕਣ ਲਈ ਹੁਣ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧੀ ਸ੍ਰੀ ਅਕਾਲ ਤਖਤ ਸਕੱਤਰੇਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਵੀ ਭੇਜਿਆ ਜਾ ਰਿਹਾ ਹੈ।

ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕਈ ਪੰਥਕ ਮਾਮਲਿਆਂ ‘ਤੇ ਵਿਚਾਰ ਚਰਚਾ ਹੋਈ। ਦੱਸਣਯੋਗ ਹੈ ਕਿ ਇਕ ਤਸਵੀਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਸੀ, ਜਿਸ ਵਿਚ ਇਕ ਸਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿਡੌਣੇ ਦੇ ਰੂਪ ਵਿਚ ਹਵਾਈ ਜਹਾਜ਼ ਭੇਟ ਕਰ ਰਿਹਾ ਸੀ ਜਿਸ ਨੂੰ ਉੱਥੇ ਬੈਠਾ ਕਰਮਚਾਰੀ ਦੇਖ ਰਿਹਾ ਸੀ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਵੱਲੋਂ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਸੀ ਕਿ ਅਜਿਹੇ ਰੁਝਾਨ ਨੂੰ ਰੋਕਿਆ ਜਾਵੇ। ਦੱਸਣਾ ਬਣਦਾ ਹੈ ਕਿ ਇਸ ਵੇਲੇ ਲੋਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਇਸ ਸਬੰਧੀ ਗੁਰੂਧਾਮਾਂ ਤੇ ਹੋਰ ਧਾਰਮਿਕ ਥਾਵਾਂ ‘ਤੇ ਮੰਨਤ ਮੰਗਦੇ ਹੋਏ ਹਵਾਈ ਜਹਾਜ਼ ਖਿਡੌਣੇ ਭੇਟ ਕੀਤੇ ਜਾ ਰਹੇ ਹਨ।
ਟਾਈਟਲਰ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ 10 ਦਿਨ ਦਾ ਸਮਾਂ ਮਿਲਿਆ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਹੱਤਿਆ ਕਾਂਡ ਦੇ ਮਾਮਲੇ ‘ਚ ਮੁਲਜ਼ਮ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਦੋਸ਼ ਪੱਤਰ ਸਮੇਤ ਸੀ.ਬੀ.ਆਈ. ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਹੈ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਟਾਈਟਲਰ ਦੇ ਵਕੀਲ ਵੱਲੋਂ ਦਾਇਰ ਇਕ ਅਰਜ਼ੀ ‘ਤੇ ਹੁਕਮ ਪਾਸ ਕੀਤਾ।