ਦਿਲਜੀਤ ਦੀ ਫਿਲਮ ‘ਪੰਜਾਬ 95`

ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ ‘ਪੰਜਾਬ ‘95` ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਨਹੀਂ ਜਾਵੇਗੀ। ਯਾਦ ਰਹੇ ਕਿ ਇਹ ਫਿਲਮ ਮਨੁੱਖੀ ਅਧਿਕਾਰਾਂ ਬਾਰੇ ਉਘੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ।

ਇਸ ਫਿਲਮ ਵਿਚ ਦਿਲਜੀਤ ਦੁਸਾਂਝ ਤੋਂ ਇਲਾਵਾ ਪ੍ਰਸਿੱਧ ਅਦਾਕਾਰ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਹਨ। ਇਸ ਫਿਲਮ ਦਾ ਨਾਂ ਪਹਿਲਾਂ ‘ਘੱਲੂਘਾਰਾ` ਰੱਖਿਆ ਗਿਆ ਸੀ। ਭਾਰਤ ਦੇ ਸੈਂਸਰ ਬੋਰਡ (ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡੀ ਨੇ ਫਿਲਮ ਨੂੰ 21 ਕੱਟ ਨਾਲ ਅਤੇ ‘ਪੰਜਾਬ `95` ਦੇ ਨਾਂ ਹੇਠ ਰਿਲੀਜ਼ ਕਰਨ ਲਈ ਝੰਡੀ ਦਿੱਤੀ ਹੈ।
ਯਾਦ ਰਹੇ ਕਿ ਪੰਜਾਬ ਦੇ ਅਤਿਵਾਦ ਵਾਲੇ ਦੌਰ ਦੌਰਾਨ ਬਹੁਤ ਸਾਰੇ ਨੌਜਵਾਨ ਲਾਪਤਾ ਹੋ ਗਏ ਸਨ। ਸ਼ੱਕ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਨੇ ਮਾਰ-ਖਪਾ ਦਿੱਤਾ ਹੈ। ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਲਾਪਤਾ ਨੌਜਵਾਨਾਂ ਬਾਰੇ ਛਾਣ-ਬੀਣ ਕੀਤੀ ਅਤੇ ਜ਼ਾਹਿਰ ਕੀਤਾ ਕਿ ਕਿਸ ਤਰ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਚੁੱਕ ਕੇ ਖਪਾ ਦਿੱਤਾ ਗਿਆ। ਇਹ ਮਾਮਲਾ ਉਠਾਉਣ ਤੋਂ ਬਾਅਦ ਜਸਵੰਤ ਸਿੰਘ ਕਾਲੜਾ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਆਖਰਕਾਰ ਉਨ੍ਹਾਂ ਨੌਜਾਵਨਾਂ ਵਾਂਗ ਹੀ ਇਕ ਦਿਨ ਉਸ ਨੂੰ ਵੀ ਗਰੋਂ ਚੁੱਕ ਲਿਆ ਗਿਆ ਅਤੇ ਮਾਰ-ਖਪਾ ਕੇ ਲਾਸ਼ ਵੀ ਖੁਰਦ-ਬੁਰਦ ਕਰ ਦਿੱਤੀ ਗਈ।