ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਹਰਪ੍ਰੀਤ ਸੇਖਾ (ਕੈਨੇਡਾ) ਦਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਗੁਰਸੀਰ

“ਮੁੰਡਿਆ, ਐਥੇ ਰੁਕ ਜਾਈਏ। ਮੈਥੋਂ ਨਹੀਂ ਟਰੱਕ ਚਲਾਇਆ ਜਾਣਾ। ਸਰੀਰ ਟੁੱਟਦਾ ਪਿਐ। ਲਗਦਾ ਬੁਖਾਰ ਜੇ। ਸਨੋਅ ਦਾ ਬਹਾਨਾ ਹੈ ਸਾਡੇ ਕੋਲ।” ਟਰੱਕ ਦੀ ਸਵਾਰੀ ਵਾਲੀ ਸੀਟ ‘ਤੇ ਬੈਠਾ ਉਸਤਾਦ ਬੋਲਿਆ। ਕੈਨੇਡਾ ਦੇ ਪੂਰਬੀ ਹਿੱਸੇ ਵੱਲੋਂ ਮੁੜਦਿਆਂ ਡਰਾਈਵਰ ਬਦਲਣ ਲਈ ਉਹ ਐਡਮਿੰਟਨ ਟਰੱਕ ਸਟਾਪ ‘ਤੇ ਰੁਕੇ ਸਨ। ਪਿਛਲੇ ਬਾਰਾਂ ਘੰਟੇ ਗੁਰਸੀਰ ਨੇ ਟਰੱਕ ਚਲਾਇਆ ਸੀ।
“ਸਨੋਅ ਐਨੀ ਨਹੀਂ ਉਸਤਾਦ। ਤੁਰੇ ਚਲਦੇ ਆਂ। ਕੱਲ੍ਹ ਨੂੰ ਅਮ੍ਰਿਤ ਦੀ ਜੌਬ ਇੰਟਰਵਿਊ ਐ। ਓਹਨੂੰ ਲੈ ਕੇ ਜਾਣੈ।” ਗੁਰਸੀਰ ਨੇ ਜਵਾਬ ਦਿੱਤਾ।
“ਕਿਸੇ ਹੋਰ ਨੂੰ ਆਖ ਛੱਡ, ਲੈ ਜਾਏਗਾ ਉਹਨੂੰ। ਬੱਸ ’ਤੇ ਨਈਓਂ ਜਾ ਸਕਦੀ ਉਹ?”
“ਬੱਸਾਂ ਦਾ ਓਹਨੂੰ ਬਹੁਤਾ ਹਿਸਾਬ ਨਹੀਂ ਆਇਆ। ਹਾਲੇ ਡਰਦੀ ਐ ‘ਕੱਲੀ ਜਾਣੋਂ। ਕਹਿੰਦੀ ਇਹ ਜੌਬ ਮਿਲ ਜਾਣੀ ਐ। ਅਰਜੰਟ ਲੋੜ ਐ ਕਿਸੇ ਕੰਪਨੀ ਨੂੰ। ਅਪਲਾਈ ਕਰਨ ਸਾਰ ਅਗਲਿਆਂ ਨੇ ਇੰਟਰਵਿਊ ਲਈ ਸੱਦ ਲਿਐ।”
ਉਸਤਾਦ ਕੁੱਝ ਦੇਰ ਚੁੱਪ ਰਿਹਾ ਫੇਰ ਬੋਲਿਆ, “ਆਖ ਦੇਵੇ ਪਰਸੋਂ ਆ ਜਾਏਗੀ।”
“ਐਂ ਕੌਣ ਮੰਨਦੈ, ਉਸਤਾਦ। ਅਗਲਿਆਂ ਨੇ ਕਿਸੇ ਹੋਰ ਨੂੰ ਰੱਖ ਲੈਣਾ। ਤੂੰ ਇਉਂ ਕਰ ਉਸਤਾਦ, ਟੈਨਲ ਦੀ ਗੋਲੀ ਲੈ ਕੇ ਪੈ ਜਾ, ਮੈਂ ਵੇਲਮਾਊਂਟ ਦੀ ਸਕੇਲ ਤੋਂ ਥੋੜ੍ਹਾ ਜਿਹਾ ਉਰ੍ਹਾਂ ਤਕ ਲਈ ਜਾਨੈ। ਉਦੋਂ ਤਕ ਤੇਰਾ ਬੁਖਾਰ ਠੀਕ ਹੋ ਜਾਊ।”
“ਮੁੰਡਿਆ, ਆਖੇ ਲੱਗਜਾ। ਸਨੋਅ ਪੈਂਦੀ ਏ। ਸਲਿੱਪਰੀ ਜੇ। ਹਿੱਲ ਦੀ ਚੜ੍ਹਾਈ ਆਉਣ ਵੇਲੇ ਟਾਇਰਾਂ ‘ਤੇ ਚੇਨਾਂ ਚੜ੍ਹਾਉਣ ਲਈ ਟਰੱਕ ‘ਚੋਂ ਬਾਹਰ ਨਿਕਲ਼ਣਾ ਪਏਗਾ। ਗਰਮ-ਸਰਦ ਹੋ ਕੇ ਕੰਮ ਵਿਗੜ ਨਾ ਜਾਏ।”
“ਚੇਨਾਂ ਤਾਂ ਕੋਕਾਹਾਲਾ ਦੀ ਚੜ੍ਹਾਈ ਵੇਲੇ ਚੜ੍ਹਾਉਣੀਆਂ, ਮੈਂ ਓਦੋਂ ਉੱਠ ਪਊਂਗਾ, ਤੂੰ ਟਰੱਕ ‘ਚੋਂ ਬਾਹਰ ਨਾ ਨਿਕਲੀਂ।”
“ਚੰਗਾ, ਤੇਰੀ ਮਰਜੀ ਜੇ। ਮੈਂ ਤੇ ਪੈਨਾਂ ਫਿਰ।” ਆਖ ਕੇ ਉਸਤਾਦ ਟਰੱਕ ਦੇ ਕੈਬਿਨ ਵਿਚ ਚਲਾ ਗਿਆ। ਗੁਰਸੀਰ ਨੇ ਟਰੱਕ ਤੋਰ ਲਿਆ। ਹਾਲੇ ਉਹ ਐਡਮਿੰਟਨ ਸ਼ਹਿਰ ਦੀ ਹੱਦ ‘ਚੋਂ ਬਾਹਰ ਹੀ ਨਿਕਲੇ ਸੀ ਕਿ ਬਰਫ਼ਬਾਰੀ ਤੇਜ਼ ਹੋ ਗਈ। ਮੂਹਰਲੇ ਸ਼ੀਸ਼ੇ ਤੋਂ ਬਰਫ਼ ਹਟਾਉਣ ਲਈ ਵਾਈਪਰ ਪੂਰਾ ਜ਼ੋਰ ਲਾ ਰਹੇ ਸਨ ਪਰ ਬਰਫ਼ ਦੇ ਹੋਰ ਮੋਟੇ ਹੋ ਗਏ ਫੰਬੇ ਉਨ੍ਹਾਂ ਦੀ ਪੇਸ਼ ਨਹੀਂ ਸੀ ਜਾਣ ਦਿੰਦੇ। ਗੁਰਸੀਰ ਨੇ ਟਰੱਕ ਹੋਰ ਵੀ ਹੌਲ਼ੀ ਕਰ ਲਿਆ। ਮੂਹਰਲੇ ਸ਼ੀਸ਼ੇ ‘ਤੇ ਡਿੱਗਦੀ ਬਰਫ਼ ਕਾਰਨ ਉਸ ਨੂੰ ਮੂਹਰੇ ਸੜਕ ਸਾਫ਼ ਨਹੀਂ ਸੀ ਦਿਸਦੀ। ਉਸ ਦੇ ਚਿੱਤ ‘ਚ ਆਈ ਕਿ ਟਰੱਕ ਸੜਕ ਦੇ ਪਾਸੇ ਖੜ੍ਹਾ ਕਰ ਦੇਵੇ। ਦੂਜੇ ਮਨ ਨੇ ਹੱਲਾਸ਼ੇਰੀ ਦਿੱਤੀ, ‘ਤੁਰਿਆ ਚੱਲ ਹੌਲ਼ੀ-ਹੌਲ਼ੀ। ਮਸਾਂ ਜੌਬ ਮਿਲਣ ਦੀ ਝਾਕ ਹੋਈ ਐ। ਮਿਲੇ ਕਿਤੇ ਨੌਕਰੀ ਤਾਂ ਹੱਥ ਕੁੱਝ ਸੌਖਾ ਹੋਵੇ।’ ਉਸ ਨੇ ਟਰੱਕ ਖੜ੍ਹਾ ਕਰਨ ਵਾਲ਼ਾ ਇਰਾਦਾ ਛੱਡ ਦਿੱਤਾ ਅਤੇ ਮੂਹਰਲੇ ਸ਼ੀਸ਼ੇ ‘ਤੇ ਨਿਗ੍ਹਾ ਗੱਡ ਕੇ ਟਰੱਕ ਤੋਰੀ ਰੱਖਿਆ। ਕੁੱਝ ਦੇਰ ਬਾਅਦ ਇਸ ਤਰ੍ਹਾਂ ਦੇਖਦੇ ਦੀਆਂ ਅੱਖਾਂ ਦਰਦ ਕਰਨ ਲੱਗੀਆਂ। ਉਸ ਦੇ ਚਿੱਤ ‘ਚ ਆਈ, ‘ਜੇ ਟਰੱਕ ਤਿਲਕ ਗਿਆ, ਅਮ੍ਰਿਤ ਲਈ ਜੌਬ ਲੱਭਦਾ ਲੱਭਦਾ ਕਿਤੇ ਆਵਦੀ ਵੀ ਨਾ ਗਵਾ ਬੈਠਾਂ! ਉਸਤਾਦ ਦੇ ਆਖੇ ਲੱਗ ਕੇ ਰੁਕ ਜਾਂਦੇ ਤਾਂ ਚੰਗਾ ਸੀ।’
‘ਤੁਰਿਆ ਚੱਲ। ਕੀ ਐ ਅੱਗੇ ਚੱਲ ਕੇ ਸਨੋਅ ਘਟ ਜਾਵੇ।’ ਇਨ੍ਹਾਂ ਜੱਕਾਂ-ਤੱਕਾਂ ਵਿਚ ਉਹ ਅੱਗੇ ਚਲਦਾ ਰਿਹਾ। ਐਡੀਸਨ ਸ਼ਹਿਰ ਟੱਪ ਕੇ ਬਰਫ਼ਬਾਰੀ ਘੱਟ ਹੋ ਗਈ। ਗੁਰਸੀਰ ਨੇ ਸੁੱਖ ਦਾ ਸਾਹ ਲਿਆ। ਬੀ ਸੀ ਸੂਬੇ ਦੇ ਸ਼ਹਿਰ ਵੇਲਮਾਊਂਟ ਪਹੁੰਚਣ ਤੋਂ ਪਹਿਲਾਂ ਗੁਰਸੀਰ ਕੈਬਿਨ ਵਿਚ ਜਾ ਪਿਆ ਅਤੇ ਉਸਤਾਦ ਟਰੱਕ ਚਲਾਉਣ ਲੱਗਾ।
ਗੁਰਸੀਰ ਦੀ ਅੱਖ ਹਾਲੇ ਲੱਗੀ ਹੀ ਸੀ ਕਿ ਉਸ ਨੂੰ ਉਸਤਾਦ ਦੀ ਆਵਾਜ਼ ਸੁਣੀ। ਉਹ ਆਖ ਰਿਹਾ ਸੀ, “ਮੁੰਡਿਆ, ਤਿਆਰ ਹੋ ਚੇਨਾਂ ਪਾਣ ਲਈ। ਚੇਨਅੱਪ ਏਰੀਆ ਆਉਣ ਵਾਲ਼ਾ ਜੇ।”
“ਆ ਵੀ ਗਿਆ?” ਆਖਦੇ ਗੁਰਸੀਰ ਨੇ ਅੱਖਾਂ ਖੋਲ੍ਹੀਆਂ ਤੇ ਫਿਰ ਨਾ ਚਾਹੁੰਦਿਆਂ ਵੀ ਸਿੱਧਾ ਹੋ ਕੇ ਬੈਠ ਗਿਆ। ਉਸ ਦੇ ਸਿਰ ਨੂੰ ਨੀਂਦ ਚੜ੍ਹੀ ਹੋਈ ਸੀ। ਉਹ ਕੁੱਝ ਪਲ ਉਵੇਂ ਹੀ ਬੈਠਾ ਰਿਹਾ। ਫਿਰ ਸਿਰ ਝਟਕ ਕੇ ਅੱਖਾਂ ਉਘੇੜੀਆਂ। ਆਪਣੇ ਫੋਨ ’ਤੇ ਟਾਈਮ ਦੇਖਿਆ। ਫਿਰ ਬਾਹਰਲ਼ਾ ਤਾਪਮਾਨ ਚੈੱਕ ਕੀਤਾ। ਇਹ ਜ਼ੀਰੋ ਤੋਂ ਗਿਆਰਾਂ ਡਿਗਰੀ ਥੱਲੇ ਸੀ। ਵਿੰਡ ਚਿੱਲ (ਹਵਾ ਨਾਲ਼) ਨਾਲ਼ ਮਨਫੀ ਵੀਹ ਡਿਗਰੀ ਸੀ। ਬਾਹਰਲ਼ਾ ਤਾਪਮਾਨ ਦੇਖ ਕੇ ਉਸ ਦਾ ਨਿੱਘ ‘ਚੋਂ ਨਿਕਲ਼ਣ ਲਈ ਜੀਅ ਨਾ ਕੀਤਾ।
‘ਉਠਣਾ ਪਊ ਗੁਰਸੀਰ ਸਿਆਂ, ਇਓਂ ਨਹੀਂ ਸਰਨਾ’, ਉਸ ਦੇ ਅੰਦਰੋਂ ਆਵਾਜ਼ ਆਈ। ਉਸ ਨੇ ਆਪਣਾ ਹੱਥ ਸਿਰ ‘ਤੇ ਫੇਰਿਆ। ਸਿਰ ‘ਤੇ ਲਈ ਟੂਕ ਠੀਕ ਕੀਤੀ। ਸਰਕ ਗਈਆਂ ਜ਼ੁਰਾਬਾਂ ਨੂੰ ਖਿੱਚ ਕੇ ਉੱਪਰ ਕੀਤਾ। ਜੈਕਟ ਪਾ ਕੇ ਚਿਹਰੇ ਦੇ ਨੰਗੇ ਹਿੱਸੇ ਦੁਆਲੇ ਗੁਲੂਬੰਦ ਲਪੇਟਿਆ। ਬੂਟਾਂ ਦੇ ਤਸਮੇਂ ਬੰਨ੍ਹਣ ਤੋਂ ਬਾਅਦ ਦਸਤਾਨੇ ਚੜ੍ਹਾ ਲਏ। ਇੰਨੀ ਦੇਰ ਵਿਚ ਉਸਤਾਦ ਨੇ ਟਰੱਕ ‘ਚੇਨਅੱਪ ਏਰੀਏ’ ਵਿਚ ਰੋਕ ਲਿਆ। ਇੱਥੋਂ ਪਹਾੜ ਦੀ ਚੜ੍ਹਾਈ ਸ਼ੁਰੂ ਹੁੰਦੀ ਸੀ। ਚੜ੍ਹਾਈ ਚੜ੍ਹਦਿਆਂ ਟਰੱਕ ਨੂੰ ਤਿਲਕਣ ਤੋਂ ਬਚਾਉਣ ਲਈ ਉਸ ਨੇ ਟਾਇਰਾਂ ਉੱਪਰ ਚੇਨਾਂ ਚੜ੍ਹਾਉਣੀਆਂ ਸਨ। ਗੁਰਸੀਰ ਨੇ ਕੈਬਿਨ ਵਿਚੋਂ ਬਾਹਰ ਆ ਕੇ ਟਰੱਕ ਦੀ ਖਿੜਕੀ ਖੋਲ੍ਹੀ। ਹਵਾ ਨਾਲ਼ ਉਡਦੀ ਬਰਫ਼ ਧੁੱਸ ਦੇ ਕੇ ਟਰੱਕ ਅੰਦਰ ਵੜ ਗਈ। ਡਰਾਈਵਰ ਸੀਟ ‘ਤੇ ਬੈਠਾ ਉਸਤਾਦ ਚੀਕਿਆ, “ਛੇਤੀ ਬੰਦ ਕਰ, ਅੱਗ ਲਾ ਏਹਨੂੰ, ਮੈਨੂੰ ਫੇਰ ਬੀਮਾਰ ਕਰੇਂਗਾ।” ਗੁਰਸੀਰ ਨੇ ਧੁੜਧੜੀ ਲਈ ਅਤੇ ਟਰੱਕ ‘ਚੋਂ ਬਾਹਰ ਆ ਗਿਆ। ਚਾਰੇ ਪਾਸੇ ਬਰਫ਼ ਹੀ ਬਰਫ਼ ਸੀ। ਭਾਵੇਂ ਨਵੀਂ ਨਹੀਂ ਸੀ ਪੈ ਰਹੀ ਪਰ ਪਹਿਲਾਂ ਹੀ ਪਈ ਹਵਾ ਨਾਲ਼ ਉੱਡ ਕੇ ਸਰੀਰ ਅੰਦਰ ਸੱਲ਼ ਕਰ ਰਹੀ ਸੀ।
ਜਦੋਂ ਗੁਰਸੀਰ ਨੇ ਟੂਲ ਬੌਕਸ ਵਿਚੋਂ ਬਾਹਰ ਕੱਢਣ ਲਈ ਸੰਗਲਾਂ ਨੂੰ ਹੱਥ ਪਾਇਆ, ਉਹ ਬਰਫ਼ ‘ਚ ਲੱਗੇ ਪਏ ਸਨ। ਉਸ ਨੇ ਛੇਤੀ ਨਾਲ਼ ਇਕ ਪਾਸੇ ਦੇ ਸੰਗਲ ਕੱਢੇ ਅਤੇ ਪਿਛਲੇ ਟਾਇਰਾਂ ਹੇਠ ਵਿਛਾਉਣ ਹੀ ਲੱਗਾ ਸੀ ਕਿ ਸਾਂਅ-ਸਾਂਅ ਕਰਦੀ ਹਵਾ ਨੇ ਗੁਰਸੀਰ ਨੂੰ ਬਰਫ਼ ਨਾਲ਼ ਭਰ ਦਿੱਤਾ। ਉਹ ਆਪਣੀਆਂ ਅੱਖਾਂ ਦੁਆਲਿਓਂ ਬਰਫ਼ ਝਾੜਨ ਲੱਗਾ। ਨੱਕ ਦੀ ਸਾਹ ਲੈਣ ਜੋਗੀ ਛੱਡੀ ਨੰਗੀ ਥਾਂ ਸੁਰਖ ਹੋ ਗਈ ਅਤੇ ਝਿੰਮਣੀਆਂ ‘ਤੇ ਬਰਫ਼ ਦੇ ਫੰਭੇ ਟਿਕ ਗਏ। ਫਿਰ ਉਸ ਨੇ ਦੂਜੇ ਪਾਸੇ ਦੇ ਟਾਇਰਾਂ ਪਿੱਛੇ ਸੰਗਲ ਵਿਛਾਅ ਕੇ ਉੱਚੀ ਆਵਾਜ਼ ’ਚ ਕਿਹਾ, “ਉਸਤਾਦ, ਕਰ ਬੈਕ ਟਰੱਕ।” ਟਰੱਕ ਦੇ ਪਿੱਛੇ ਹੋਣ ਤੋਂ ਬਾਅਦ ਗੁਰਸੀਰ ਨੇ ਟਾਇਰਾਂ ਦੁਆਲੇ ਸੰਗਲ ਵਲ਼ ਦਿੱਤੇ ਅਤੇ ਕੁੰਡੀਆਂ ਫਸਾਉਣ ਲਈ ਨੀਵਾਂ ਹੋਇਆ ਹੀ ਸੀ ਕਿ ਫਿਰ ਬਰਫ਼ ਉਡਾਉਂਦੀ ਸ਼ੂਕਦੀ ਹਵਾ ਨੇ ਉਸ ਦੇ ਪੈਰ ਉਖਾੜ ਦਿੱਤੇ। ਉਹ ਫਿਰ ਬਰਫ਼ ਝਾੜਨ ਲੱਗਾ। ਬਰਫ਼ ਝਾੜ ਕੇ ਉਹ ਸੰਗਲ ਦੀਆਂ ਕੁੰਡੀਆਂ ਮੇਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਦਸਤਾਨਿਆਂ ‘ਚ ਢਕੇ ਹੱਥਾਂ ਨਾਲ਼ ਉਹ ਆਪਸ ਵਿਚ ਮਿਲ ਨਹੀਂ ਸੀ ਰਹੀਆਂ। ਗੁਰਸੀਰ ਨੇ ਦਸਤਾਨੇ ਲਾਹ ਲਏ। ਕੁੰਡੀ ਫਸਾਉਣ ਦੀ ਕੋਸ਼ਿਸ਼ ਕਰਦਿਆਂ ਹੱਥ ਨੀਲੇ ਹੋ ਗਏ। ਕੁੰਡੀਆਂ ਫਿਰ ਵੀ ਨਹੀਂ ਮਿਲੀਆਂ। ਠੰਢ ਨਾਲ਼ ਸੁੰਨ ਹੋਏ ਹੱਥਾਂ ਤੋਂ ਦਿਮਾਗ ਦੇ ਆਦੇਸ਼ ਦੀ ਪਾਲਣਾ ਨਹੀਂ ਸੀ ਹੋ ਰਹੀ। ਕੁੰਡੀ ਕਦੇ ਅਗਾਂਹ ਹੋ ਜਾਂਦੀ, ਕਦੇ ਪਿੱਛੇ ਰਹਿ ਜਾਂਦੀ। ਪਿਛਲੇ ਪਾਸਿਓਂ ਹੁੰਦੀ ਬਰਫੀਲੀ ਬੁਛਾੜ ਕੱਪੜਿਆਂ ਦੀਆਂ ਤਹਿਆਂ ਵਿਚ ਦੀ ਪਿੱਠ ‘ਚ ਛੇਕ ਕਰੀ ਜਾਂਦੀ। ਗੁਰਸੀਰ ਕੁੱਝ ਦੇਰ ਟਿੱਲ ਲਾਉਂਦਾ ਰਿਹਾ, ਫਿਰ ਸੰਗਲ ਛੱਡ ਕੇ ਟਰੱਕ ਦੀ ਬਾਰੀ ਵੱਲ ਹੋ ਗਿਆ। ਉਸ ਨੂੰ ਆਪਣੇ ਪੈਰ ਵੀ ਸੁੰਨ ਹੋ ਗਏ ਲੱਗੇ। ਟਰੱਕ ਵਿਚ ਚੜ੍ਹਨ ਲਈ ਉਸ ਨੇ ਡੰਡੇ ਨੂੰ ਹੱਥ ਪਾਇਆ ਪਰ ਬਰਫ਼ ‘ਚ ਲੱਗੇ ਹੱਥਾਂ ਤੋਂ ਉਹ ਚੰਗੀ ਤਰ੍ਹਾਂ ਫੜ ਨਾ ਹੋਇਆ ਤੇ ਗੁਰਸੀਰ ਪਿੱਠ ਪਰਨੇ ਡਿੱਗ ਪਿਆ। ਉਸਤਾਦ ਤੇਜ਼ੀ ਨਾਲ਼ ਟਰੱਕ ‘ਚੋਂ ਉੱਤਰਿਆ। ਬਰਫ਼ ਦਾ ਹੱਲਾ ਉਸ ਦੇ ਚਿਹਰੇ ‘ਤੇ ਵੀ ਹੋ ਗਿਆ। ਉਸ ਨੇ ਚਿਹਰੇ ਦੁਆਲੇ ਗੁਲੂਬੰਦ ਵੀ ਨਹੀਂ ਸੀ ਲਪੇਟਿਆ ਹੋਇਆ ਤੇ ਨਾ ਹੀ ਵੱਡਾ ਕੋਟ ਪਾਇਆ ਸੀ। ਉਹ ਇਕ ਹੱਥ ਨਾਲ਼ ਮੂੰਹ ‘ਤੇ ਪਈ ਬਰਫ਼ ਝਾੜਦਾ ਤੇ ਦੂਜੀ ਬਾਂਹ ਨਾਲ਼ ਉੱਡਦੀ ਬਰਫ਼ ਤੋਂ ਮੂੰਹ ਲਕਾਉਂਦਾ ਹੋਇਆ ਗੁਰਸੀਰ ਵੱਲ ਵਧਿਆ। ਉਹ ਕੂਹਣੀਆਂ ਸਹਾਰੇ ਉੱਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਤਾਦ ਉਸ ਨੂੰ ਬਾਂਹੋਂ ਫੜ ਕੇ ਖੜ੍ਹਾ ਕਰਦਾ ਹੋਇਆ ਬੋਲਿਆ, “ਨਾਲ਼ੇ ਆਪ ਮਰਦਾ ਏ, ਨਾਲ਼ੇ ਮੈਨੂੰ ਠੰਢ ਨਾਲ਼ ਮਾਰਨ ਡਿਹੈ। ਸੱਟ ਤੋਂ ਬਚਾਅ ਜੇ?” ਗੁਰਸੀਰ ਨੇ ‘ਹਾਂ’ ‘ਚ ਸਿਰ ਹਿਲਾਇਆ। ਉਸ ਨੂੰ ਬਰਫ਼ ਨਾਲ਼ ਲਿਬੜਿਆ ਦੇਖ ਕੇ ਉਸਤਾਦ ਨੇ ਹੱਸਦਿਆਂ ਕਿਹਾ, “ਜਵਾਂ ਸਨੋਅਮੈਨ ਲਗਦਾ ਜੇ।” ਫਿਰ ਸ਼ੂਕਦੀ ਹਵਾ ਵੱਲ ਪਿੱਠ ਕਰ ਕੇ ਉਸਤਾਦ ਨੇ ਗੁਰਸੀਰ ਉੱਪਰਲੀ ਬਰਫ਼ ਨੂੰ ਝਾੜਿਆ ਤੇ ਪਿੱਛੋਂ ਧੱਕ ਕੇ ਉਸ ਨੂੰ ਟਰੱਕ ਵਿਚ ਵਾੜਿਆ। “ਜਵਾਂ ਸੁੰਨ ਹੋਗੇ”, ਆਖਦਾ ਗੁਰਸੀਰ ਟਰੱਕ ਦੀ ਸਵਾਰੀ ਵਾਲੀ ਸੀਟ ‘ਤੇ ਟਿਕ ਗਿਆ। ਉਸ ਨੇ ਹੀਟ ਵੈਂਟ ਵਿਚੋਂ ਨਿਕਲ਼ਦੀ ਗਰਮ ਹਵਾ ਅੱਗੇ ਹੱਥ ਕਰ ਦਿੱਤੇ। ਧੁੜਧੜੀ ਲੈਂਦਾ ਉਸਤਾਦ ਬੋਲਿਆ, “ਤੂੰ ਕਿਸੇ ਕੰਜਰ ਦੇ ਆਖੇ ਨਹੀਂ ਜੇ ਲਗਦਾ। ਦਿਵਾ ਲਈ ਜੇ ਇੰਟਰਵਿਊ ਵਾਈਫ ਦੀ? ਲੈ ਲਿਆ ਜੇ ਸਵਾਦ? ਜੇ ਟੁੱਟ ਜਾਂਦਾ ਚੂਕਣਾ, ਫੇਰ ਲਗਦਾ ਪਤਾ—।” ਉਸਤਾਦ ਉਸ ਨੂੰ ਹੋਰ ਵੀ ਤੱਤੀਆਂ ਸੁਣਾਉਂਦਾ ਰਿਹਾ। ਕੱਚਾ ਹੁੰਦਾ ਗੁਰਸੀਰ ਬੂਟਾਂ ਵਿਚ ਵੜ ਗਈ ਬਰਫ਼ ਕੱਢਣ ਲਈ ਪੈਰਾਂ ਨਾਲ਼ ਹੀ ਬੂਟ ਲਾਹੁਣ ਦੇ ਆਹਰ ਲੱਗ ਗਿਆ। ਉਸਤਾਦ ਨੇ ਹੀਟ ਫੁੱਲ ਕਰ ਦਿੱਤੀ ਸੀ। ਗੁਰਸੀਰ ਦੇ ਕਮੀਜ਼ ਹੇਠ ਵੀ ਬਰਫ਼ ਚਲੀ ਗਈ ਸੀ। ਬੁਨੈਣ ਗਿੱਲੀ ਹੋ ਗਈ ਸੀ। ਉਸ ਦਾ ਜੀਅ ਕੀਤਾ ਕਿ ਕੈਬਿਨ ਵਿਚ ਜਾ ਕੇ ਕੱਪੜੇ ਬਦਲ ਲਵੇ ਅਤੇ ਆਰਾਮ ਨਾਲ਼ ਬਿਸਤਰੇ ਵਿਚ ਵੜ ਜਾਵੇ। ਫਿਰ ਉਸ ਦੇ ਚਿੱਤ ‘ਚ ਆਈ ਕਿ ਤਿੰਨ-ਚਾਰ ਘੰਟਿਆਂ ਦੀ ਵਾਟ ਰਹਿ ਗਈ ਸੀ। ਥੋੜ੍ਹੀ ਜਿਹੀ ਹੋਰ ਤਕਲੀਫ਼ ਪਿੱਛੇ ਢੇਰੀ ਢਾਹੁਣੀ ਠੀਕ ਨਹੀਂ ਸੀ। ਹੱਥ-ਪੈਰ ਨਿੱਘੇ ਕਰ ਕੇ ਉਹ ਫਿਰ ਸੰਗਲ ਦੀਆਂ ਕੁੰਡੀਆਂ ਫਸਾਉਣ ਲਈ ਟਰੱਕ ‘ਚੋਂ ਉੱਤਰ ਗਿਆ।
ਕਾਂਬਾ ਲੱਥਣ ਤੋਂ ਬਾਅਦ ਉਸ ਦੀ ਅੱਖ ਲੱਗੀ ਹੀ ਸੀ ਕਿ ਪਹਾੜੀ ਦੀ ਢਲਾਣ ਮੁੱਕੇ ਤੋਂ ਟਾਇਰਾਂ ਤੋਂ ਸੰਗਲ ਲਾਹੁਣ ਲਈ ਉਸਤਾਦ ਨੇ ਮੁੜ ਉਸ ਨੂੰ ਜਗਾ ਲਿਆ।
ਇਸ ਤੋਂ ਬਾਅਦ ਉਹ ਘੰਟਾ-ਡੇਢ ਘੰਟਾ ਹੀ ਮਸਾਂ ਸੁੱਤਾ ਹੋਵੇਗਾ ਕਿ ਟਰੱਕ ਸਰੀ ਪਹੁੰਚ ਗਿਆ। ਦੋ ਸੌ ਕਿਲੋਮੀਟਰ ਦੂਰ, ਕੋਕਾਹਾਲਾ ਪਹਾੜੀ ਦੇ ਸਿਰੇ ‘ਤੇ, ਤਾਪਮਾਨ ਸਿਫ਼ਰ ਡਿਗਰੀ ਤੋਂ ਥੱਲੇ ਸੀ। ਪਹਾੜੀਆਂ ਤੋਂ ਥੱਲੇ ਉੱਤਰ ਕੇ ਮੈਦਾਨੀ ਇਲਾਕੇ ਵਿਚ ਵੜਦਿਆਂ ਹੋਪ ਸ਼ਹਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਸੀ। ਸਮੁੰਦਰ ਦੇ ਨੇੜੇ, ਸਰੀ ਸ਼ਹਿਰ ‘ਚ, ਜ਼ੀਰੋ ਤੋਂ ਚਾਰ ਡਿਗਰੀ ਉੱਪਰ ਹੋ ਗਿਆ ਸੀ। ਗੁਰਸੀਰ ਨੂੰ ਉਸ ਦੀ ਬੇਸਮੈਂਟ ਨੇੜੇ ਉਤਾਰ ਕੇ ਉਸਤਾਦ ਅੱਗੇ ਟਰੱਕ ਅਨਲੋਡ ਕਰਵਾਉਣ ਚਲਿਆ ਗਿਆ। ਗੁਰਸੀਰ ਦੇ ਘਰ ਪਹੁੰਚਦਿਆਂ ਅੱਗੋਂ ਅਮ੍ਰਿਤ ਤਿਆਰ ਖੜ੍ਹੀ ਸੀ। ਅਮ੍ਰਿਤ ਦਾ ਖਿੜਿਆ ਚਿਹਰਾ ਦੇਖ ਕੇ ਗੁਰਸੀਰ ਨੂੰ ਰਾਹ ‘ਚ ਝੱਲੀ ਔਖਿਆਈ ਭੁੱਲ ਗਈ।

ਗੁਰਸੀਰ ਛੇਤੀ ’ਚ ਨਹਾਤਾ। ਚਾਹ ਪੀਤੀ ਤੇ ਅਮ੍ਰਿਤ ਨੂੰ ਨਾਲ਼ ਲੈ ਕੇ ਬੱਸ ਸਟਾਪ ਵੱਲ ਤੁਰ ਪਿਆ। ਉਨ੍ਹਾਂ ਨੇ ਆਪੋ-ਆਪਣੀਆਂ ਛਤਰੀਆਂ ਚੁੱਕ ਲਈਆਂ। ਬਾਹਰ ਮੀਂਹ ਪੈ ਰਿਹਾ ਸੀ। ਜਦੋਂ ਦੀ ਅਮ੍ਰਿਤ ਸਰੀ ਪਹੁੰਚੀ ਸੀ, ਮਹੀਨਾ ਭਰ ਤੋਂ ਮੀਂਹ ਪੈ ਰਿਹਾ ਸੀ। ਵਿਚ-ਵਿਚ ਰੁਕ ਜਾਂਦਾ ਪਰ ਬੱਦਲ ਨਹੀਂ ਸੀ ਚੁੱਕੇ ਗਏ। ਬੱਸ ਸਟਾਪ ਉਨ੍ਹਾਂ ਦੇ ਘਰ ਤੋਂ ਦੋ ਬਲਾਕਾਂ ਦੀ ਵਿੱਥ ‘ਤੇ ਹੀ ਸੀ। ਉੱਥੇ ਪਹੁੰਚ ਕੇ ਅਮ੍ਰਿਤ ਨੇ ਆਪਣੀ ਛਤਰੀ ਬੰਦ ਕਰ ਦਿੱਤੀ ਅਤੇ ਗੁਰਸੀਰ ਦੀ ਛਤਰੀ ਹੇਠ ਉਸ ਦੇ ਨਾਲ਼ ਲੱਗ ਕੇ ਖੜ੍ਹ ਗਈ।
“ਗੁਰਸੀਰ ਇਹ ਨੌਕਰੀ ਤਾਂ ਲਗਦਾ ਮਿਲ ਹੀ ਜਾਊ। ਡਾਲਰ ਵੀ ਘੰਟੇ ਦੇ ਸਤਾਰਾਂ ਲਿਖਿਆ ਹੋਇਆ ਸੀ।” ਅਮ੍ਰਿਤ ਬੋਲੀ।
“ਅੱਛਾ? ਕਿਸੇ ਗੋਰੇ ਦੀ ਐ ਪੀਜ਼ਾ ਸ਼ਾਪ?” ਗੁਰਸੀਰ ਨੇ ਹੈਰਾਨੀ ਭਰੀ ਖੁਸ਼ੀ ‘ਚ ਪੁੱਛਿਆ। ਬੀ ਸੀ ਵਿਚ ਕਾਨੂੰਨਨ ਘੱਟੋ-ਘੱਟ ਪ੍ਰਤੀ ਘੰਟਾ ਤਨਖਾਹ ਦੀ ਦਰ ਸਾਢੇ ਦਸ ਡਾਲਰ ਸੀ। ਗੁਰਸੀਰ ਨੂੰ ਵੀ ਅਮ੍ਰਿਤ ਲਈ ਅਜਿਹੀ ਹੀ ਕੋਈ ਘੱਟ ਤਨਖਾਹ ਵਾਲੀ ਨੌਕਰੀ ਮਿਲਣ ਦੀ ਆਸ ਸੀ। ‘ਘੰਟੇ ਦੇ ਸਤਾਰਾਂ ਡਾਲਰ’ ਸੁਣ ਕੇ ਉਸ ਨੂੰ ਜਿਵੇਂ ਯਕੀਨ ਨਾ ਆਇਆ ਹੋਵੇ।
“ਨਾਂ ਤੋਂ ਤਾਂ ਪੀਜ਼ਾ ਸ਼ਾਪ ਕਿਸੇ ਗੋਰੇ ਦੀ ਲਗਦੀ ਐ ਪਰ ਜਿਸ ਭਾਈ ਨੇ ਇੰਟਰਵਿਊ ਵਾਸਤੇ ਫੋਨ ਕੀਤਾ ਸੀ, ਆਵਾਜ਼ ਤੋਂ ਤਾਂ ਆਪਣਾ ਲਗਦਾ ਸੀ।” ਅਮ੍ਰਿਤ ਨੇ ਦੱਸਿਆ।
“ਹੋ ਸਕਦਾ ਹੈ ਕਿ ਮਨੇਜਰ ‘ਆਪਣਾ’ ਹੋਵੇ। ਇਹ ਨੌਕਰੀ ਮਿਲ ਜਾਏ ਤਾਂ ਹੋਰ ਆਪਾਂ ਨੂੰ ਕੀ ਚਾਹੀਦੈ?”
“ਮੈਂ ਬੱਸ ਰੂਟ ਵੀ ਇੰਟਰਨੈੱਟ ‘ਤੇ ਦੇਖ ਲਿਐ। ਸਰੀ ਸੈਂਟਰਲ ਸਟੇਸ਼ਨ ਤਕ ਬੱਸ, ਉਸ ਤੋਂ ਅੱਗੇ ਨਿਊ ਵੈਸਟਮਿਨਸਟਰ ਸਟੇਸ਼ਨ ਤਕ ਸਕਾਈ ਟਰੇਨ ‘ਤੇ। ਅਗਾਂਹ ਪੈਦਲ ਨੇੜੇ ਈ ਹੈ।”
“ਤੂੰ ਤਾਂ ਬੜਾ ਕੁੱਝ ਸਿੱਖ ਗਈ ਮਹੀਨੇ ‘ਚ ਹੀ।”
“ਸਿੱਖ ਤਾਂ ਗਈ ਪਰ ਹਾਲੇ ਪਹਿਲੀ ਵਾਰ ਕਿਤੇ ‘ਕੱਲੀ ਜਾਣੋਂ ਡਰ ਲਗਦੈ। ਜੇ ਥੋਡੇ ਤੋਂ ਨਾ ਪਹੁੰਚਿਆ ਜਾਂਦਾ ਤਾਂ ਮੈਂ ਸੋਚ ਲਿਆ ਸੀ ਕਿ ‘ਕੱਲੀ ਹੀ ਚਲੀ ਜਾਵਾਂਗੀ।”
“ਲੈ ਇਉਂ ਕਿਉਂ ਨਾ ਪਹੁੰਚਿਆ ਜਾਂਦਾ?” ਆਖਦੇ ਗੁਰਸੀਰ ਨੇ ਅਮ੍ਰਿਤ ਵੱਲ ਦੇਖਿਆ। ਉਸ ਦੀਆਂ ਜਗਦੀਆਂ ਅੱਖਾਂ ਵਿਚ ਦੇਖ ਕੇ ਗੁਰਸੀਰ ਦਾ ਮਨ ਆਪਣੀ ਬਾਂਹ ਉਸ ਦੁਆਲੇ ਵਲਣ ਲਈ ਕੀਤਾ ਪਰ ਸੜਕ ‘ਤੇ ਖੜ੍ਹਿਆਂ ਇਸ ਤਰ੍ਹਾਂ ਕਰਨੋਂ ਉਹ ਜਕ ਗਿਆ। ਉਨ੍ਹਾਂ ਦੇ ਨਜ਼ਦੀਕ ਹੀ ਬੱਸ ਦੀ ਉਡੀਕ ਵਿਚ ਖੜ੍ਹੇ ਇਕ ਜੋੜੇ ਨੇ ਆਪਣੀਆਂ ਬਾਹਾਂ ਇਕ ਦੂਜੇ ਦੁਆਲੇ ਵਲੀਆਂ ਹੋਈਆਂ ਸਨ। ਗੁਰਸੀਰ ਨੇ ਅੱਖ ਦੇ ਇਸ਼ਾਰੇ ਨਾਲ਼ ਅਮ੍ਰਿਤ ਦਾ ਧਿਆਨ ਓਨ੍ਹਾਂ ਵੱਲ ਕੀਤਾ। ਅਮ੍ਰਿਤ ਨੇ ਚੋਰ ਅੱਖ ਨਾਲ਼ ਉਨ੍ਹਾਂ ਵੱਲ ਦੇਖਿਆ ਤੇ ਮੁੜ ਗੁਰਸੀਰ ਵੱਲ ਝਾਕੀ ਤੇ ਬੋਲੀ, “ਦੇਖੀਂ, ਇਹ ਤਾਂ ਜਵਾਂ ਨੀ ਸੰਗਦੇ।” ਗੁਰਸੀਰ ਬੋਲਿਆ, “ਅਗਾਂਹ ਨੂੰ ਕਨੇਡਾ ਹੀ ਜੰਮਾਂਗੇ।” ਅਮ੍ਰਿਤ ਨੇ ਨਖਰੇ ਨਾਲ਼ ਬੁੱਲ੍ਹ ਘੁੱਟੇ। ਉਸ ਦੀ ਇਸ ਅਦਾ ਨੂੰ ਦੇਖ ਕੇ ਗੁਰਸੀਰ ਦਾ ਮਨ ਹੋਰ ਮਚਲਣ ਲੱਗਾ। ਉਨ੍ਹਾਂ ਦੀ ਬੱਸ ਆ ਗਈ। ਬੱਸ ’ਚ ਬੈਠਣ ਸਾਰ ਹੀ ਅਮ੍ਰਿਤ ਬੋਲੀ, “ਸ਼ੀਰ, ਜੇ ਮੈਨੂੰ ਇਹ ਨੌਕਰੀ ਮਿਲ ਗਈ ਨਾ, ਮੈਂ ਫੇਰ ਕੋਈ ਹੋਰ ਪਾਰਟ ਟਾਈਮ ਨੌਕਰੀ ਵੀ ਲੱਭ ਲੈਣੀ ਆ। ਘਰੇ ‘ਕੱਲੀ ਬੈਠੀ ਦਾ ਭੋਰਾ ਜੀਅ ਨੀ ਲਗਦਾ।”
ਗੁਰਸੀਰ ਨੇ ਅਮ੍ਰਿਤ ਵੱਲ ਦੇਖਿਆ। ਉਸ ਨੂੰ ਅਮ੍ਰਿਤ ਦੇ ਚਿਹਰੇ ‘ਤੇ ਚਾਅ ਨੱਚਦਾ ਦਿਸਿਆ। ਗੁਰਸੀਰ ਨੂੰ ਆਪਣੇ ਵੱਲ ਤੱਕਦਾ ਦੇਖ ਅਮ੍ਰਿਤ ਬੋਲੀ, “ਸ਼ੀਰ, ਮੇਰੇ ਨਹੁੰ ਦੇਖਿਓ। ਕਿਵੇਂ ਲਗਦੇ ਆ? ਮੈਂ ਆਪੇ ਬਣਾਏ ਆ।” ਗੁਰਸੀਰ ਨੂੰ ਅਮ੍ਰਿਤ ਦੇ ਤਰਾਸ਼ੇ ਨਹੁੰਆਂ ਦੇ ਨਾਲ਼-ਨਾਲ਼ ਉਸ ਦੀਆਂ ਫਲੀਆਂ ਵਰਗੀਆਂ ਉਂਗਲਾਂ ਵੀ ਲੁਭਾਉਣੀਆਂ ਲੱਗੀਆਂ। ਉਸ ਨੇ ਅਮ੍ਰਿਤ ਦੀਆਂ ਉਂਗਲਾਂ ਆਪਣੇ ਹੱਥਾਂ ਵਿਚ ਲੈ ਲਈਆਂ ਤੇ ਉਸ ਦੇ ਨਹੁੰਆਂ ਵੱਲ ਦੇਖਣ ਲੱਗਾ। ਉਸ ਦੇ ਚਿੱਤ ‘ਚ ਆਈ, ‘ਜੇ ਕੰਮ ਮਿਲ ਗਿਆ, ਕੱਲ੍ਹ ਨੂੰ ਏਨ੍ਹਾਂ ਨਹੁੰਾਂ ਨੇ ਭਾਂਡੇ ਧੋਂਦਿਆਂ ਘਸ ਜਾਣੈ। ਇਸ ਤਰ੍ਹਾਂ ਦੇ ਸੋਹਣੇ ਨਹੀਂ ਰਹਿਣਾ।’ ਉਸ ਨੇ ਇਹ ਗੱਲ ਅਮ੍ਰਿਤ ਨੂੰ ਨਾ ਕਹੀ ਤੇ ਉਸ ਦੇ ਹੱਥਾਂ ਨੂੰ ਸਹਿਲਾਉਣ ਲੱਗਾ। ਅਮ੍ਰਿਤ ਬੋਲੀ, “ਕਿੰਨੇ ਦਿਨਾਂ ਬਾਅਦ ਮੁੜੇ ਐਂ। ਥੋਡਾ ਜੀਅ ਲੱਗ ਜਾਂਦੈ?” ਗੁਰਸੀਰ ਦਾ ਜੀਅ ਕਰਦਾ ਸੀ ਕਿ ਅਮ੍ਰਿਤ ਇਸੇ ਤਰ੍ਹਾਂ ਬੋਲਦੀ ਰਹੇ। ਉਸ ਦੀ ਆਵਾਜ਼ ਗੁਰਸੀਰ ਅੰਦਰ ਤਰਬਾਂ ਛੇੜ ਰਹੀ ਸੀ। ਅਮ੍ਰਿਤ ਵੀ ਕੋਈ ਹੁੰਗਾਰਾ ਉਡੀਕੇ ਤੋਂ ਬਿਨਾਂ ਅਗਲੀ ਗੱਲ ਸ਼ੁਰੂ ਕਰ ਲੈਂਦੀ, ਜਿਵੇਂ ਉਸ ਅੰਦਰ ਡੱਕੀਆਂ ਗੱਲਾਂ ਦਾ ਬੰਨ੍ਹ ਟੁੱਟ ਗਿਆ ਹੋਵੇ। ਅਮ੍ਰਿਤ ਬੋਲੀ, “ਦਾਲ਼ ਸਬਜ਼ੀ ਪੂਰੀ ਆ ਗਈ ਸੀ? ਮੈਂ ਸੋਚਿਐ ਅਗਲੀ ਵਾਰ ਤੋਂ ਕੁੱਝ ਮਿੱਠਾ ਬਣਾ ਕੇ ਵੀ ਨਾਲ਼ ਪਾ ਦਿਆਂ ਕਰਾਂ।”
ਗੱਲਾਂ ਵਿਚ ਹੀ ਉਹ ਬੱਸ ’ਚੋਂ ਉੱਤਰ ਕੇ ਸਕਾਈ ਟ੍ਰੇਨ ਚੜ੍ਹੇ ਅਤੇ ਫਿਰ ਨਿਊ ਵੈਸਟਮਿਨਸਟਰ ਸਟੇਸ਼ਨ ‘ਤੇ ਉੱਤਰ ਗਏ। ਉਨ੍ਹਾਂ ਦਾ ਇਹ ਸਫ਼ਰ ਜਿਵੇਂ ਅੱਖ ਝਪਕਦੇ ਹੀ ਮੁੱਕ ਗਿਆ ਹੋਵੇ। ਪੀਜ਼ਾ ਸ਼ਾਪ ਵੱਲ ਜਾਂਦਿਆਂ ਅਮ੍ਰਿਤ ਨੇ ਆਪਣੀ ਛਤਰੀ ਨਾ ਖੋਲ੍ਹੀ। ਉਹ ਗੁਰਸੀਰ ਦੇ ਨਾਲ਼ ਲੱਗ ਕੇ ਹੀ ਉਸ ਦੀ ਛੱਤਰੀ ਹੇਠ ਤੁਰਦੀ ਰਹੀ।
ਜਦ ਉਹ ਪੀਜ਼ਾ ਸ਼ਾਪ ਅੰਦਰ ਗਏ, ਮੂਹਰਲੇ ਕਾਊਂਟਰ ‘ਤੇ ਕੋਈ ਵੀ ਨਹੀਂ ਸੀ। ਕੁੱਝ ਮਿੰਟਾਂ ਬਾਅਦ ਦੁਕਾਨ ਦੇ ਪਿਛਲੇ ਹਿੱਸੇ ਜਿੱਥੇ ਅੰਗਰੇਜ਼ੀ ਵਿਚ ‘ਕੇਵਲ ਕਰਮਚਾਰੀ’ ਲਿਖਿਆ ਹੋਇਆ ਸੀ, ‘ਚੋਂ ਨਿਕਲ਼ ਕੇ ਇਕ ਔਰਤ ਆਈ ਤੇ ਬੋਲੀ, “ਹਾਓ ਮੇ ਆਈ ਹੈਲਪ ਯੂ?” (ਮੈਂ ਤੁਹਾਡੀ ਸਹਾਇਤਾ ਕਿਵੇਂ ਕਰ ਸਕਦੀ ਹਾਂ?” ਔਰਤ ਦੇ ਨੈਣ-ਨਕਸ਼ਾਂ ਤੋਂ ਅਮ੍ਰਿਤ ਨੇ ਅੰਦਾਜ਼ਾ ਲਾ ਲਿਆ ਕਿ ਉਹ ਪੰਜਾਬੀ ਹੈ ਪਰ ਆਪਣੀ ਅੰਗਰੇਜ਼ੀ ਬੋਲ ਸਕਣ ਦੀ ਸਮਰੱਥਾ ਦੱਸਣ ਲਈ ਅਮ੍ਰਿਤ ਅੰਗਰੇਜ਼ੀ ਵਿਚ ਹੀ ਬੋਲੀ, “ਮੈਂ ਇੰਟਰਵਿਊ ਦੇਣ ਆਈ ਹਾਂ।”
“ਉਹ ਅੱਛਾ! ਭਾਅ ਜੀ ਤਾਂ ਹਾਲੇ ਆਏ ਨਹੀਂ।” ਔਰਤ ਨੇ ਜਵਾਬ ਦਿੱਤਾ।
“ਮੈਨੂੰ ਇਕ ਵਜੇ ਦਾ ਟਾਈਮ ਦਿੱਤਾ ਸੀ।” ਆਖਦੀ ਅਮ੍ਰਿਤ ਨੇ ਕੰਧ ‘ਤੇ ਟੰਗੀ ਘੜੀ ਵੱਲ ਦੇਖਿਆ। ਉਸ ਉੱਪਰ ਇਕ ਵੱਜਣ ਵਿਚ ਦਸ ਮਿੰਟ ਰਹਿੰਦੇ ਸਨ।
“ਵੇਟ ਕਰ ਲਓ। ਆ ਜਾਣਗੇ ਜੇ ਟਾਈਮ ਦਿੱਤਾ ਹੈ ਤਾਂ।”
ਔਰਤ ਨੂੰ ਪੰਜਾਬੀ ਵਿਚ ਗੱਲ ਕਰਦਿਆਂ ਦੇਖ ਕੇ ਅਮ੍ਰਿਤ ਦਾ ਹੌਸਲਾ ਵਧ ਗਿਆ। ਉਸ ਨੇ ਪੁੱਛ ਲਿਆ, “ਦੀ, ਤੁਹਾਡੀ ਸ਼ਾਪ ਹੈ ਜਾਂ—?”
“ਨਹੀਂ, ਮੈਂ ਤਾਂ ਕੰਮ ਹੀ ਕਰਦੀ ਹਾਂ ਇੱਥੇ।” ਔਰਤ ਨੇ ਅਮ੍ਰਿਤ ਦੇ ਅਧੂਰੇ ਛੱਡੇ ਪ੍ਰਸ਼ਨ ਦਾ ਜਵਾਬ ਦੇ ਦਿੱਤਾ।
“ਅੱਛਾ, ਆਪਣੇ ਈ ਆ ਮਾਲਕ?”
“ਹਾਂ।”
“ਦੀ, ਮੈਂ ਨਵੀਂ ਹੀ ਆਈ ਆਂ ਇੰਡੀਆ ਤੋਂ। ਮੇਰੀ ਸਿਫਾਰਸ਼ ਕਰ ਦਿਉਂਗੇ? ਥੋਨੂੰ ਕੋਈ ਉਲਾਂਭਾ ਨਹੀਂ ਦਿਵਾਉਂਦੀ।”
ਔਰਤ ਨੇ ਅਮ੍ਰਿਤ ਦੇ ਚਿਹਰੇ ਵੱਲ ਦੇਖਿਆ, ਫਿਰ ਬੋਲੀ, “ਮੈਨੂੰ ਤਾਂ ਕੋਈ ਨਹੀਂ ਸਿਫਾਰਸ਼ ਕਰ ਦੇਊਂਗੀ ਪਰ—।” ਆਖਦੀ ਉਹ ਚੁੱਪ ਕਰ ਗਈ।
“ਦੀ ਪਲੀਜ਼, ਸਾਨੂੰ ਜੌਬ ਦੀ ਬਹੁਤ ਲੋੜ ਆ।”
“ਤੁਸੀਂ ਇੰਟਰਵਿਊ ਦੇ ਦਿਓ। ਬਹਿਜੋ।” ਆਖ ਕੇ ਔਰਤ ਅੰਦਰ ਜਾਣ ਲੱਗੀ ਫਿਰ ਮੁੜ ਆਈ ਤੇ ਬੋਲੀ, “ਵਾਲਮਾਰਟ ਸਟੋਰ ‘ਚ ਅਪਲਾਈ ਕਰ ਦਿਓ। ਓਹ ਹਾਇਰ ਕਰਦੇ ਆ। ਮੇਰਾ ਅੰਦਰ ਕੰਮ ਕਰਨ ਵਾਲ਼ਾ ਪਿਐ।” ਆਖ ਕੇ ਉਹ ਅੰਦਰ ਚਲੀ ਗਈ।
ਅਮ੍ਰਿਤ ਨੇ ਗੁਰਸੀਰ ਵੱਲ ਦੇਖਿਆ। ਉਹ ਬੋਲਿਆ, “ਬਹਿ ਜਾਨੇ ਆਂ।”
ਸਵਾ ਇਕ ਵਜੇ ਤੱਕ ਕੋਈ ਵੀ ਨਾ ਆਇਆ।
ਗੁਰਸੀਰ ਨੇ ਕਿਹਾ, “ਜਾਹ, ਪੁੱਛ ਤਾਂ ਅੰਦਰੋਂ।”
ਅਮ੍ਰਿਤ ਉਸ ਕੰਧ ਕੋਲ ਗਈ ਜਿੱਥੇ ‘ਕੇਵਲ ਕਰਮਚਾਰੀ’ ਲਿਖਿਆ ਸੀ ਤੇ ਉੱਚੀ ਆਵਾਜ਼’ਚ ਬੋਲੀ, “ਦੀ।”
ਅੰਦਰੋਂ ਹੁੰਗਾਰਾ ਸੁਣ ਕੇ ਅਮ੍ਰਿਤ ਮੁੜ ਬੋਲੀ, “ਕਦੋਂ ਕੁ ਤਕ ਆ ਜਾਣਗੇ ਮਾਲਕ?”
“ਮੈਂ ਦੇਖਦੀ ਹਾਂ ਫੋਨ ਕਰ ਕੇ।” ਔਰਤ ਨੇ ਅੰਦਰੋਂ ਹੀ ਜਵਾਬ ਦਿੱਤਾ। ਫਿਰ ਕੁੱਝ ਮਿੰਟਾਂ ਬਾਅਦ ਬਾਹਰ ਆ ਕੇ ਬੋਲੀ, “ਓਨ੍ਹਾਂ ਤੋਂ ਨਹੀਂ ਛੇਤੀ ਆ ਹੋਣਾ, ਲਓ ਤੁਸੀਂ ਫੋਨ’ਤੇ ਹੀ ਗੱਲ ਕਰ ਲਓ।” ਔਰਤ ਨੇ ਫੋਨ ਅਮ੍ਰਿਤ ਨੂੰ ਫੜਾ ਦਿੱਤਾ।
“ਸਰ, ਆਈ ਐਮ ਹੇਅਰ ਫਾਰ ਦਾ ਇੰਟਰਵਿਊ।” ਅਮ੍ਰਿਤ ਨੇ ਫੋਨ’ਚ ਕਿਹਾ। ਇਹ ਫਿਕਰਾ ਬੋਲਣ ਲਈ ਉਹ ਅਭਿਆਸ ਕਰਦੀ ਰਹੀ ਸੀ। ਅੰਗਰੇਜ਼ੀ ਜਾਣਦੀ ਹੋਣ ਦਾ ਚੰਗਾ ਪ੍ਰਭਾਵ ਪਾਉਣ ਲਈ ਉਸ ਨੇ ਕਈ ਸੰਭਾਵੀ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਅਭਿਆਸ ਕੀਤਾ ਸੀ।
“ਸਰ, ਪਹਿਲਾਂ ਤਾਂ ਕਿਸੇ ਪੀਜ਼ਾ ਸ਼ਾਪ ‘ਚ ਕੰਮ ਨਹੀਂ ਕੀਤਾ ਪਰ ਮੈਂ ਛੇਤੀ ਸਿੱਖ ਜਾਵਾਂਗੀ।”
“ਠੀਕ ਐ, ਸਰ।” ਅਮ੍ਰਿਤ ਨੇ ਕਿਹਾ ਅਤੇ ਫੋਨ ਔਰਤ ਨੂੰ ਫੜਾ ਦਿੱਤਾ ਤੇ ਬੋਲੀ, “ਉਹ ਕਹਿੰਦੇ ਦੋ-ਤਿੰਨ ਹੋਰਾਂ ਨੇ ਵੀ ਆਉਣੈ ਇੰਟਰਵਿਊ ਦੇਣ ਲਈ। ਦੀ, ਮੈਂ ਕੰਮ ਛੇਤੀ ਸਿੱਖ ਜਾਊਂ, ਜੇ ਕਹੋਂ ਤਾਂ ਇਕ ਹਫ਼ਤਾ ਫਰੀ ਕੰਮ ‘ਤੇ ਆ ਜਾਊਂ ਟ੍ਰੇਨਿੰਗ ਲੈਣ ਪਰ ਤੁਸੀਂ ਮੇਰੀ—।” ਔਰਤ ਵਿਚੋਂ ਹੀ ਬੋਲੀ, “ਸੱਚੀ ਗੱਲ ਦੱਸਾਂ? ਤੁਹਾਨੂੰ ਇਹ ਜੌਬ ਨਹੀਂ ਮਿਲਣੀ। ਇਹ ਤਾਂ ਏਨ੍ਹਾਂ ਨੇ ਐੱਲ ਐੱਮ ਆਈ ਏ ਅਪਰੂਵ ਕਰਵਾਉਣ ਲਈ ਫਰਜ਼ੀ ਐਡਵਰਟਾਈਜ਼ ਕੀਤੀ ਹੋਈ ਐ। ਤੁਹਾਡੇ ਤਰਲੇ ਸੁਣ ਕੇ ਮੈਥੋਂ ਦੱਸ ਹੋ ਗਿਆ।”
ਇਹ ਸੁਣਦਿਆਂ ਹੀ ਅਮ੍ਰਿਤ ਦੀਆਂ ਅੱਖਾਂ ਭਰ ਆਈਆਂ। ਗੁਰਸੀਰ ਦੇ ਅੰਦਰੋਂ ਲਾਟ ਉੱਠੀ। ਉਸ ਦੀਆਂ ਮੁੱਠੀਆਂ ਮਿਚ ਗਈਆਂ। ਉਸ ਨੇ ਅਮ੍ਰਿਤ ਵੱਲ ਦੇਖਿਆ। ਉਸ ਦੀਆਂ ਅੱਖਾਂ ਵੱਲ ਦੇਖ ਕੇ ਗੁਰਸੀਰ ਨੇ ਉਸ ਦੀ ਬਾਂਹ ਫੜੀ ਤੇ ਬੋਲਿਆ, “ਆ ਚੱਲੀਏ। ਕੋਈ ਨਾ ਕਿਤੇ ਹੋਰ ਮਿਲ ਜਾਊ। ਤੂੰ ਅਗਾਂਹ ਨੂੰ ‘ਆਪਣਿਆਂ’ ਦੇ ਅਪਲਾਈ ਹੀ ਨਾ ਕਰੀਂ।” (ਚੱਲਦਾ)