ਕੁਕੀ ਔਰਤਾਂ ਦੀ ਦਿਲ ਦਹਿਲਾ ਦੇਣ ਵਾਲੀ ਦਾਸਤਾਂ-2

ਟੋਰਾ ਅਗਰਵਾਲਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
19 ਅਤੇ 20 ਸਾਲ ਦੀਆਂ ਦੋ ਕੁੱਕੀ ਕੁੜੀਆਂ ਦੀ ਕਹਾਣੀ ਵੀ ਬਹੁਤ ਮਾਰਮਿਕ ਹੈ ਜੋ ਇਸ ਸਮੇਂ ਚੂਰਾਚਾਂਦਪੁਰ ਜ਼ਿਲ੍ਹੇ ਵਿਚ ਆਪਣੇ ਪਰਿਵਾਰਾਂ ਨਾਲ ਰਹਿ ਰਹੀਆਂ ਹਨ। ਉਨ੍ਹਾਂ ਨਾਲ ਜਿਨਸੀ ਹਿੰਸਾ ਇੰਫਾਲ ਦੇ ਇਕ ਨਰਸਿੰਗ ਇੰਸਟੀਚਿਊਟ `ਚ ਵਾਪਰੀ। 4 ਮਈ ਨੂੰ ਇੰਸਟੀਚਿਊਟ ਦੇ ਕੁੜੀਆਂ ਦੇ ਹੋਸਟਲ ਦੇ ਗੇਟ `ਤੇ ਭੀੜ ਇਕੱਠੀ ਹੋ ਗਈ।

ਭੀੜ ਵਿਚ ਮਰਦ ਤੇ ਔਰਤਾਂ, ਦੋਵੇਂ ਸ਼ਾਮਲ ਸਨ। ਉਹ ਜਿਵੇਂ ਗੇਟ ਤੋੜ ਦੇਣਾ ਚਾਹੁੰਦੇ ਸਨ। ਕੁੜੀਆਂ ਬਹੁਤ ਡਰ ਗਈਆਂ।
ਕੁੜੀਆਂ ਨੇ ਆਪਣੇ ਕਮਰਿਆਂ ਦੀਆਂ ਖਿੜਕੀਆਂ ਵਿਚੋਂ ਦੇਖਿਆ ਕਿ ਭੀੜ ਅੰਦਰ ਵੜ ਗਈ ਸੀ। ਭੀੜ ਨੇ ਦੋ ਕੁਕੀ ਕੁੜੀਆਂ- 19 ਸਾਲਾ ਪਹਿਲੇ ਸਾਲ ਦੀ ਵਿਦਿਆਰਥਣ ਅਤੇ 20 ਸਾਲਾ ਦੂਜੇ ਸਾਲ ਦੀ ਵਿਦਿਆਰਥਣ, ਨੂੰ ਦਬੋਚ ਲਿਆ। ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਭੀੜ ‘ਉਨ੍ਹਾਂ ਨੂੰ ਸੜਕ ਕਿਨਾਰੇ ਮਰਨ ਲਈ’ ਛੱਡ ਕੇ ਗਾਇਬ ਹੋ ਗਈ। ਉਥੋਂ ਉਨ੍ਹਾਂ ਨੂੰ ਪੁਲੀਸ ਦੀ ਗੱਡੀ ਵਿਚ ਹਸਪਤਾਲ ਲਿਜਾਇਆ ਗਿਆ।
ਦੋਹਾਂ ਨੇ ਪੁਲਿਸ ਕੋਲ ਵੱਖੋ-ਵੱਖਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ- 19 ਸਾਲਾ ਕੁੜੀ ਨੇ ਦਿੱਲੀ ਦੇ ਉੱਤਮ ਨਗਰ ਥਾਣੇ ਵਿਚ ਅਤੇ ਦੂਜੀ ਕੁੜੀ ਨੇ ਮਨੀਪੁਰ ਦੇ ਚੂਰਾਚਾਂਦਪੁਰ ਥਾਣੇ ਵਿਚ। ਮਨੀਪੁਰ ਦੇ ਥਾਣੇ `ਚ ਸ਼ਿਕਾਇਤ ਦੇ ਆਧਾਰ `ਤੇ ਕਤਲ ਦੀ ਕੋਸ਼ਿਸ਼ ਅਤੇ ਔਰਤ ਦੇ ਜਿਨਸੀ ਸ਼ੋਸ਼ਣ ਸਮੇਤ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਹ ਇੰਫਾਲ ਦੇ ਪੋਰਾਂਪਤ ਥਾਣੇ ਨੂੰ ਭੇਜ ਦਿੱਤੀ ਗਈ। ਉੱਤਮ ਨਗਰ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 30 ਮਈ 2023 ਨੂੰ ਮਨੀਪੁਰ ਦੇ ਪੁਲਿਸ ਮੁਖੀ ਨੂੰ ਸ਼ਿਕਾਇਤ ਭੇਜ ਦਿੱਤੀ ਸੀ ਪਰ ਇੰਫਾਲ ਦੇ ਪੋਰਾਂਪਤ ਥਾਣੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਮਿਲੀ ਹੀ ਨਹੀਂ।
20 ਸਾਲਾ ਕੁੜੀ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ, “ਆਧੁਨਿਕ ਹਥਿਆਰਾਂ ਨਾਲ ਲੈਸ ਮੈਤੇਈ ਭਾਈਚਾਰੇ ਦੇ ਅਤਿਵਾਦੀ ਅਨਸਰਾਂ ਦੀ ਭੀੜ… ਆਦਿਵਾਸੀਆਂ ਵਿਰੁੱਧ ਨਾਅਰੇਬਾਜ਼ੀ ਕਰਦੀ ਹੋਈ ਮੇਰੇ ਹੋਸਟਲ ਦੇ ਕਮਰੇ ‘ਚ ਆ ਵੜੀ ਤੇ ਮੈਨੂੰ ਘਸੀਟ ਕੇ ਬਾਹਰ ਗਲੀ ਵਿਚ ਲੈ ਗਈ। ਮੈਨੂੰ ਬੇਇੱਜ਼ਤ ਕੀਤਾ ਗਿਆ, ਕੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ।” 19 ਸਾਲਾ ਪੀੜਤ ਨੇ ਲਿਖਿਆ- “ਭੀੜ ਨੇ ਮੇਰੇ ਉੱਪਰ ਦੋਸ਼ ਲਗਾਇਆ ਕਿ ਉਹ ‘ਦੂਜੇ ਮੁਲਕ ਦੀ ਗੈਰ-ਕਾਨੂੰਨੀ ਪਰਵਾਸੀ’ ਹੈ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੈਨੂੰ ਸੜਕ `ਤੇ ਮਰਨ ਲਈ ਸੁੱਟ ਗਏ।”
ਦੋ ਮਹੀਨੇ ਬਾਅਦ ਚੂਰਾਚਾਂਦਪੁਰ ਸਥਿਤ ਆਪਣੇ ਘਰ, ਦੋਵੇਂ ਮੁਟਿਆਰਾਂ ਅਜੇ ਵੀ ਉਹ ਸਭ ਭੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਉਨ੍ਹਾਂ ਨਾਲ ਹੋਇਆ। ਉਹ ਕਦੇ-ਕਦਾਈਂ ਇਕ ਦੂਜੀ ਨੂੰ ਮਿਲਦੀਆਂ ਤਾਂ ਹਨ ਪਰ ਇਸ ਘਟਨਾ ਬਾਰੇ ਚਰਚਾ ਨਹੀਂ ਕਰਦੀਆਂ। ‘ਸਕਰੌਲ` ਨੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਿਸ ਵਿਚ ਉਨ੍ਹਾਂ ਨੇ ਘਟਨਾ ਬਾਰੇ ਵਿਸਤਾਰ `ਚ ਦੱਸਿਆ।
20 ਸਾਲਾ ਕੁੜੀ ਅਨੁਸਾਰ, “ਭੀੜ ਸ਼ਾਮ 4 ਵਜੇ ਤੋਂ ਥੋੜ੍ਹਾ ਬਾਅਦ ਪਹੁੰਚੀ। ਇਸ ਗੱਲ ਦੀ ਪੁਸ਼ਟੀ ਹੋਸਟਲ ਦੇ ਇਕ ਮੁਲਾਜ਼ਮ ਨੇ ਕੀਤੀ। ਇਹ ਔਰਤ ਮੁਲਾਜ਼ਮ ਮੈਤੇਈ ਹੈ ਅਤੇ ਇੰਫਾਲ ਵਿਚ ਰਹਿੰਦੀ ਹੈ।
ਭੀੜ ਵਿਚੋਂ ਦੋ ਔਰਤਾਂ ਨੇ ਹੋਸਟਲ ਵਿਚ ਘੁਸ ਕੇ ਸਾਰੀਆਂ ਵਿਦਿਆਰਥਣਾਂ ਨੂੰ ਆਪਣੇ ਸ਼ਨਾਖ਼ਤੀ ਕਾਰਡ ਦਿਖਾਉਣ ਲਈ ਕਿਹਾ।
ਹੋਸਟਲ ਵਿਚ ਮੈਤੇਈ, ਨਾਗਾ ਅਤੇ ਕੁਕੀ ਭਾਈਚਾਰਿਆਂ ਦੀਆਂ ਔਰਤਾਂ ਰਹਿੰਦੀਆਂ ਹਨ। 19 ਸਾਲਾ ਪੀੜਤਾ ਨੇ ਦੱਸਿਆ, “ਉੱਥੇ ਨੌਂ ਕੁਕੀ ਔਰਤਾਂ ਸਨ। ਉਨ੍ਹਾਂ ਵਿਚੋਂ ਛੇ ਹੋਸਟਲ ਦੇ ਇਕ ਹਿੱਸੇ ਵਿਚ ਲੁਕ ਗਈਆਂ ਪਰ ਮੈਂ ਅਤੇ ਮੇਰੀ ਸੀਨੀਅਰ ਲੁਕ ਨਹੀਂ ਸਕੀਆਂ।” 20 ਸਾਲਾ ਲੜਕੀ ਨੇ ਦੱਸਿਆ ਕਿ ਉਸ ਨੇ ਸ਼ਨਾਖ਼ਤੀ ਕਾਰਡਾਂ ਦੀ ਜਾਂਚ ਕਰ ਰਹੀਆਂ ਔਰਤਾਂ ਨੂੰ ਕਿਹਾ ਕਿ ਉਹ ਨਾਗਾ ਹੈ। ਉਨ੍ਹਾਂ ਵਿਚੋਂ ਇਕ ਔਰਤ ਨੇ ਜਵਾਬ ਦਿੱਤਾ, “ਫਿਰ ਕੋਈ ਸਮੱਸਿਆ ਨਹੀਂ- ਅਸੀਂ ਸਿਰਫ਼ ਕੁਕੀ ਕੁੜੀਆਂ ਦੀ ਭਾਲ ਕਰ ਰਹੇ ਹਾਂ” ਪਰ ਜਦੋਂ ਉਨ੍ਹਾਂ ਨੇ ਆਪਣੇ ਸ਼ਨਾਖ਼ਤੀ ਕਾਰਡ ਦਿਖਾਏ ਤਾਂ ਇਹ ਸਪਸ਼ਟ ਹੋ ਗਿਆ ਕਿ ਉਹ ਦੋਵੇਂ ਕੁਕੀ ਹਨ। 19 ਸਾਲਾ ਪੀੜਤ ਨੇ ਦੱਸਿਆ ਕਿ ਸੰਸਥਾ ਦੀ ਇਕ ਸੀਨੀਅਰ ਮੁਲਾਜ਼ਮ ਜੋ ਮੈਤੇਈ ਔਰਤ ਸੀ, ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ।
ਇਸ ਦੌਰਾਨ ਹੇਠਲੀ ਮੰਜ਼ਿਲ `ਤੇ ਇਕੱਠੀ ਹੋਈ ਭੀੜ ਹੋਰ ਭੜਕ ਰਹੀ ਸੀ ਅਤੇ ਚੀਕ-ਚੀਕ ਕੇ ਕਹਿ ਰਹੀ ਸੀ ਕਿ ਦੋਹਾਂ ਕੁਕੀ ਔਰਤਾਂ ਨੂੰ ਹੇਠਾਂ ਲਿਆਂਦਾ ਜਾਵੇ। ਭੀੜ ਚੀਕ ਰਹੀ ਸੀ, “ਤੁਸੀਂ ਉੱਥੇ ਕੀ ਕਰ ਰਹੀਆਂ ਹੋ? ਉਨ੍ਹਾਂ ਨੂੰ ਬਾਹਰ ਲਿਆਓ, ਉਨ੍ਹਾਂ ਨੂੰ ਬਾਹਰ ਲਿਆਓ।” 19 ਸਾਲਾ ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਹਾਂ ਨੂੰ ਹੋਸਟਲ ਤੋਂ ਬਾਹਰ ਮੁੱਖ ਸੜਕ `ਤੇ ਲਿਆਂਦਾ ਗਿਆ। ਉਸ ਨੇ ਦੱਸਿਆ, “ਥੱਲੇ ਲਿਆ ਕੇ ਸਾਨੂੰ ਦੋਹਾਂ ਨੂੰ ਕੁੱਟਿਆ ਗਿਆ। ਇੰਸਟੀਚਿਊਟ ਦੇ ਮੁਲਾਜ਼ਮ ਬੇਵੱਸ ਹੋ ਕੇ ਦੇਖਦੇ ਰਹੇ।” ਸੰਸਥਾ ਦੀ ਇਕ ਸੀਨੀਅਰ ਮੁਲਾਜ਼ਮ ਨੇ ਸਕਰੌਲ ਨੂੰ ਦੱਸਿਆ, “ਮੈਂ ਭੀੜ ਦੇ ਸਾਹਮਣੇ ਹੱਥ ਜੋੜੇ ਪਰ ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕੀ। ਮੈਂ ਬੇਵੱਸ ਸੀ।”
19 ਸਾਲਾ ਪੀੜਤ ਨੂੰ ਚੇਤੇ ਹੈ ਕਿ ਉਹ ਬੇਵੱਸ ਹੋ ਕੇ ਰੋ ਰਹੀ ਸੀ ਪਰ ਭੀੜ ਉਸ ਨੂੰ ਲੱਤਾਂ ਅਤੇ ਘਸੁੰਨ ਮਾਰ ਰਹੀ ਸੀ। ਦੋਹਾਂ ਪੀੜਤਾਂ ਨੇ ਦੱਸਿਆ ਕਿ ਭੀੜ `ਚ ਸ਼ਾਮਲ ਔਰਤਾਂ ਨੇ ਉਨ੍ਹਾਂ ਨੂੰ ਆਪ ਨਹੀਂ ਕੁੱਟਿਆ ਸਗੋਂ ਉਹ ਭੀੜ ਨੂੰ ਭੜਕਾ ਰਹੀਆਂ ਸਨ। ਉਹ ਕਹਿ ਰਹੀਆਂ ਸਨ, “ਤੁਸੀਂ ਉਨ੍ਹਾਂ ਨੂੰ ਜਿਊਂਦੀਆਂ ਕਿਉਂ ਛੱਡ ਰਹੇ ਹੋ? ਉਨ੍ਹਾਂ ਦਾ ਬਲਾਤਕਾਰ ਕਰੋ। ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿਓ। ਉਨ੍ਹਾਂ ਨੂੰ ਜਿਊਂਦੀਆਂ ਸਾੜ ਦਿਓ।” 19 ਸਾਲਾ ਪੀੜਤ ਨੇ ਦੱਸਿਆ ਕਿ ਉਸ ਨੂੰ ਏਨਾ ਕੁੱਟਿਆ ਗਿਆ ਕਿ ਉਹ ਜ਼ਮੀਨ `ਤੇ ਡਿੱਗ ਪਈ। ਉਸ ਨੇ ਦੱਸਿਆ, “ਮੇਰੇ ਲਾਗੇ ਮੇਰੀ ਸੀਨੀਅਰ ਨੂੰ ਵੀ ਕੁੱਟਿਆ ਜਾ ਰਿਹਾ ਸੀ। ਮੈਨੂੰ ਠੀਕ-ਠੀਕ ਚੇਤੇ ਨਹੀਂ ਕਿ ਕੀ ਹੋ ਰਿਹਾ ਸੀ ਪਰ ਮੈਨੂੰ ਏਨਾ ਤਾਂ ਸਮਝ ਆ ਰਿਹਾ ਸੀ ਕਿ ਉਸ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ।”
20 ਸਾਲਾ ਪੀੜਤ ਨੂੰ ਐਨੇ ਜ਼ੋਰ ਨਾਲ ਘਸੁੰਨ ਮਾਰੇ ਕਿ ਉਸ ਦੇ ਤਿੰਨ ਦੰਦ ਟੁੱਟ ਗਏ। ਚੂਰਾਚਾਂਦਪੁਰ ‘ਚ ਆਪਣੀ ਉਂਗਲੀ ਨਾਲ ਦੰਦਾਂ ਦੇ ਇੰਪਲਾਂਟ ਨੂੰ ਛੂੰਹਦਿਆਂ ਉਸ ਕਿਹਾ ਕਿ ਉਸ ਦੇ ਜ਼ਖ਼ਮ ਹੁਣ ਕੁਝ ਠੀਕ ਹਨ ਪਰ ਦੋ ਮਹੀਨੇ ਬਾਅਦ ਵੀ ਉਸ ਦੇ ਬੁੱਲ੍ਹ ਸੁੱਜੇ ਹੋਏ ਹਨ। ਉਸ ਨੇ ਕਿਹਾ, “ਮੈਨੂੰ ਅਜੇ ਵੀ ਉਸ ਔਰਤ ਦਾ ਚਿਹਰਾ ਚੇਤੇ ਹੈ ਜੋ ਚੀਕ-ਚੀਕ ਕੇ ਕਹਿ ਰਹੀ ਸੀ ਕਿ ਉਨ੍ਹਾਂ ਦਾ ਬਲਾਤਕਾਰ ਕਰੋ, ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿਓ। ਉਨ੍ਹਾਂ ਨੂੰ ਜਿਊਂਦੀਆਂ ਸਾੜ ਦਿਓ।”
19 ਸਾਲਾ ਪੀੜਤ ਕਹਿੰਦੀ ਹੈ ਕਿ ਕਿਸੇ ਔਰਤ ਮੂੰਹੋਂ ਅਜਿਹੇ ਸ਼ਬਦ ਸੁਣਨਾ ਸੱਚਮੁੱਚ ਬਹੁਤ ਦੁਖਦਾਈ ਸੀ। ਉਸ ਨੇ ਕਿਹਾ, “ਉਸ ਔਰਤ ਦੀ ਵੀ ਤਾਂ ਧੀ ਹੋਵੇਗੀ!”
ਫਿਰ ਦੋਹਾਂ ਪੀੜਤਾਂ ਨੂੰ ਕੁਝ ਦੂਰੀ ਤੱਕ ਪੈਦਲ ਚੱਲ ਕੇ ਜਾਣ ਲਈ ਕਿਹਾ ਗਿਆ। 19 ਸਾਲਾ ਪੀੜਤ ਅਨੁਸਾਰ, “ਉਦੋਂ ਤੱਕ ਮੇਰੀ ਕਮੀਜ਼ ਤੋਂ ਲੈ ਕੇ ਚੱਪਲਾਂ ਤੱਕ ਖ਼ੂਨ ਹੀ ਖ਼ੂਨ ਸੀ।” ਉਸ ਅਨੁਸਾਰ, ਪੱਥਰਾਂ ਅਤੇ ਚਾਕੂਆਂ ਤੋਂ ਇਲਾਵਾ ਭੀੜ ਵਿਚ ਸ਼ਾਮਿਲ ਲੋਕਾਂ ਦੇ ਹੱਥਾਂ ਵਿਚ ਬੰਦੂਕਾਂ ਵੀ ਸਨ। ਉਸ ਨੇ ਦੱਸਿਆ, “ਜਦੋਂ ਅਸੀਂ ਪੈਦਲ ਜਾ ਰਹੇ ਸੀ ਤਾਂ ਇਕ ਨੇ ਸਾਡੇ ਵੱਲ ਬੰਦੂਕ ਤਾਣ ਲਈ ਪਰ ਇਕ ਹੋਰ ਆਦਮੀ ਨੇ ਉਸ ਨੂੰ ਕਿਹਾ ਕਿ ਅਜੇ ਨਹੀਂ। ਇਸ ਤੋਂ ਬਾਅਦ ਉਸ ਨੇ ਬੰਦੂਕ ਦਾ ਮੂੰਹ ਮੋੜ ਲਿਆ।”
ਇਸ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਦਾ ਇਕ ਹੋਰ ਦੌਰ ਸ਼ੁਰੂ ਹੋ ਗਿਆ ਜਿਸ ਦੌਰਾਨ ਦੋਵੇਂ ਬੇਹੋਸ਼ ਹੋ ਗਈਆਂ। ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਉਹ ਹਸਪਤਾਲ ਵਿਚ ਸਨ। ਬਾਅਦ ਵਿਚ 19 ਸਾਲਾ ਪੀੜਤ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਗਿਆ ਜਿੱਥੇ ਉਸ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਟਰੌਮਾ ਸੈਂਟਰ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਦਾਖ਼ਲ ਕਰਵਾਇਆ ਗਿਆ। 20 ਸਾਲਾ ਪੀੜਤ ਨੂੰ ਪਹਿਲਾਂ ਇੰਫਾਲ ਦੇ ਫ਼ੌਜੀ ਹਸਪਤਾਲ ਅਤੇ ਫਿਰ ਚੂਰਾਚਾਂਦਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। 19 ਸਾਲਾ ਪੀੜਤਾ ਮਈ ਦੇ ਅਖੀਰ ਵਿਚ ਚੂਰਾਚਾਂਦਪੁਰ ਸਥਿਤ ਆਪਣੇ ਘਰ ਪਹੁੰਚੀ। ਉਸ ਨੇ ਦੱਸਿਆ, “ਮੈਂ ਹੁਣ ਥੋੜ੍ਹੀ ਠੀਕ ਹਾਂ ਪਰ ਘਰ ਆਉਣ ਤੋਂ ਬਾਅਦ ਵੀ ਮੈਨੂੰ ਕਈ ਦਿਨਾਂ ਤੱਕ ਚੱਕਰ ਅਤੇ ਉਲਟੀ ਆਉਂਦੇ ਰਹੇ।”
ਸਕਰੌਲ ਨੇ ਹੋਸਟਲ ਦੀ ਇਕ ਮੈਤੇਈ ਔਰਤ ਨਾਲ ਗੱਲ ਕੀਤੀ ਜਿਸ ਨੇ ਘਟਨਾ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ, “ਇਹ ਕੁੜੀਆਂ ਵਿਦਿਆਰਥਣਾਂ ਸਨ। ਉਹ ਮੇਰੇ ਲਈ ਬੱਚਿਆਂ ਵਾਂਗ ਸਨ। ਮੈਨੂੰ ਝੋਰਾ ਹੈ ਕਿ ਮੈਂ ਉਨ੍ਹਾਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕੀ।”
ਸਾਡੇ ਸਾਰਿਆਂ ਲਈ ਸ਼ਰਮਨਾਕ
44 ਅਤੇ 21 ਸਾਲ ਦੀਆਂ ਦੋ ਹੋਰ ਪੀੜਤ ਔਰਤਾਂ ਕ੍ਰਮਵਾਰ ਚੂਰਾਚਾਂਦਪੁਰ ਅਤੇ ਤੇਂਗਨੋਪਾਲ ਜ਼ਿਲਿ੍ਹਆਂ ਵਿਚ ਇਸ ਸਮੇਂ ਆਪਣੇ ਪਰਿਵਾਰਾਂ ਨਾਲ ਰਹਿ ਰਹੀਆਂ ਹਨ। ਉਨ੍ਹਾਂ ਨਾਲ ਘਟਨਾ ਕੰਗਪੋਕਪੀ ਜ਼ਿਲ੍ਹੇ `ਚ ਵਾਪਰੀ। 4 ਮਈ ਨੂੰ ਬੀ. ਫੈਨੋਮ ਦੇ ਵਸਨੀਕਾਂ ਨੂੰ ਜਿਉਂ ਹੀ ਪਤਾ ਲੱਗਾ ਕਿ ਮੈਤੇਈ ਲੋਕਾਂ ਦੀ ਭੀੜ ਨੇੜਲੇ ਪਿੰਡ ਵਿਚ ਘਰਾਂ ਨੂੰ ਅੱਗ ਲਗਾ ਰਹੀ ਹੈ ਤਾਂ ਉਨ੍ਹਾਂ ਨੇ ਆਪਣੇ ਘਰ ਛੱਡ ਕੇ ਜਾਣ ਲਈ ਸਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚ ਪਿੰਡ ਦੇ ਮੁਖੀ ਦੀ ਪਤਨੀ (ਉਮਰ 44 ਸਾਲ) ਵੀ ਸੀ। ਬਹੁਤੇ ਪਰਿਵਾਰ ਉੱਥੋਂ ਨਿਕਲ ਗਏ ਪਰ ਇਸ ਔਰਤ ਅਤੇ ਉਸ ਦਾ ਗੁਆਂਢੀ ਪਰਿਵਾਰ ਨੂੰ ਦੇਰ ਹੋ ਗਈ। ਫਿਰ ਵੀ ਉਹ ਸਮੇਂ ਸਿਰ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਏ। ਦੋਵੇਂ ਪਰਿਵਾਰ ਘਰ ਨੇੜਲੇ ਜੰਗਲ ਵੱਲ ਜਾਣ ਵਾਲੇ ਰਸਤੇ ਵਿਚ ਲੁਕ ਗਏ। ਉਹ ਉੱਥੇ ਸੁਣ ਸਕਦੇ ਸਨ ਕਿ ਹਮਲਾਵਰ ਪਿੰਡ ਦੇ ਚਰਚ ਦੀਆਂ ਘੰਟੀਆਂ ਵਜਾ ਰਹੇ ਹਨ। ਉਥੋਂ ਉਨ੍ਹਾਂ ਨੂੰ ਸੜ ਰਹੇ ਘਰ ਵੀ ਨਜ਼ਰ ਆ ਰਹੇ ਸਨ। ਪੀੜਤ ਔਰਤ ਨੇ ਕਿਹਾ, “ਸਾਡੇ ਲੁਕਣ ਵਾਲੀ ਥਾਂ ਉੱਤੇ ਸੰਘਣੀਆਂ ਝਾੜੀਆਂ ਸਨ” ਪਰ ਹਮਲਾਵਰ ਭੀੜ ਨੇ ਉਨ੍ਹਾਂ ਨੂੰ ਲੱਭ ਲਿਆ। ਉਹ ਦੋ ਹਿੱਸਿਆਂ ਵਿਚ ਵੰਡ ਕੇ ਆਲੇ-ਦੁਆਲੇ ਲੁਕੇ ਲੋਕਾਂ ਦੀ ਭਾਲ ਕਰ ਰਹੇ ਸਨ। ਇਸ ਔਰਤ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਗੁਆਂਢੀ, 56 ਸਾਲਾ ਸ਼ਖਸ ਤੇ ਉਸ ਦੇ 19 ਸਾਲਾ ਪੁੱਤਰ ਨੂੰ ਮਾਰਿਆ ਗਿਆ। ਫਿਰ ਭੀੜ ਨੇ ਇਸ ਔਰਤ ਅਤੇ ਗੁਆਂਢੀ ਦੀ 21 ਸਾਲਾ ਧੀ ਨੂੰ ਫੜ ਲਿਆ। ਬਾਅਦ ਵਿਚ ਉਨ੍ਹਾਂ ਨੂੰ ਨੰਗੀਆਂ ਕਰ ਕੇ ਘੁੰਮਾਇਆ ਗਿਆ, ਉਨ੍ਹਾਂ ਦੇ ਜਣਨ ਅੰਗ ਨੋਚੇ ਮਸਲੇ ਗਏ। ਇਸ ਘਟਨਾ ਦੀ ਵੀਡੀਓ ਇੰਟਰਨੈੱਟ ਉੱਪਰ ਵਾਇਰਲ ਹੋਈ ਹੈ।
ਘਟਨਾ ਤੋਂ ਕੁਝ ਸਮੇਂ ਬਾਅਦ 21 ਸਾਲਾ ਕੁੜੀ ਦਾ ਵਿਆਹ ਹੋ ਗਿਆ ਅਤੇ ਹੁਣ ਉਹ ਤੇਂਗਨੋਪਾਲ ਵਿਚ ਰਹਿੰਦੀ ਹੈ। ਦੂਜੀ ਔਰਤ ਚੂਰਾਚੰਦਪੁਰ ਵਿਚ ਭੀੜ-ਭੜੱਕੇ ਵਾਲੇ ਰਾਹਤ ਕੈਂਪ ਵਿਚ ਰਹਿ ਰਹੀ ਹੈ। ਉੱਥੇ ਹੀ ਜੁਲਾਈ ਦੀ ਇਕ ਸ਼ਾਮ ਉਸ ਨੇ ‘ਸਕਰੌਲ` ਨਾਲ ਆਪਣੇ ਨਾਲ ਹੋਈ-ਬੀਤੀ ਸਾਂਝੀ ਕੀਤੀ। ਦੋਹਾਂ ਪਰਿਵਾਰਾਂ ਦੇ ਫੜੇ ਜਾਣ ਤੋਂ ਬਾਅਦ ਮਰਦਾਂ ਨੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਭੀੜ ਵਿਚ ਸ਼ਾਮਿਲ ਕੁਝ (ਮੈਤੇਈ) ਮਰਦਾਂ ਨੇ ਕਿਹਾ ਕਿ ਔਰਤਾਂ ਨੂੰ ਮਾਰਨਾ ਠੀਕ ਨਹੀਂ। ਔਰਤ ਅਨੁਸਾਰ, “ਉਨ੍ਹਾਂ ਵਿਚੋਂ ਕੁਝ ਲੋਕ ਚੰਗੇ ਸਨ। ਕੁਝ ਨੇ ਤਾਂ ਇਹ ਵੀ ਕਿਹਾ, ‘ਅਸੀਂ ਔਰਤਾਂ ਦੀ ਕੁੱਟਮਾਰ ਨਾ ਕਰੀਏ` ਪਰ ਹਮਲਾਵਰਾਂ ਦੀ ਜ਼ਿਆਦਾਤਰ ਭੀੜ ਨੇ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੇ ਸਾਨੂੰ ਲੱਤਾਂ ਮੁੱਕਿਆਂ ਨਾਲ ਕੁੱਟਿਆ, ਸਾਡੇ ਵਾਲ ਪੁੱਟੇ।”
ਨੇੜੇ ਹੀ ਪੁਲਿਸ ਦੀ ਗੱਡੀ ਖੜ੍ਹੀ ਸੀ। ਉਨ੍ਹਾਂ ਵਿਚੋਂ ਤਿੰਨ (ਇਹ ਔਰਤ, 21 ਸਾਲਾ ਲੜਕੀ ਅਤੇ 19 ਸਾਲਾ ਲੜਕਾ) ਕਾਰ ਵਿਚ ਚੜ੍ਹ ਗਏ ਪਰ ਲੜਕੇ ਦੇ ਪਿਤਾ ਨੂੰ ਬਾਹਰ ਧੂਹ ਕੇ ਮਾਰ ਦਿੱਤਾ ਗਿਆ। ਉਸ ਨੇ ਦੱਸਿਆ, “ਅਸੀਂ ਇਹ ਤਾਂ ਨਹੀਂ ਦੇਖਿਆ ਕਿ ਉਸ ਨੂੰ ਕਿਵੇਂ ਮਾਰਿਆ ਪਰ ਸਾਨੂੰ ਪਤਾ ਹੈ ਕਿ ਉਸ ਨੂੰ ਮਾਰ ਦਿੱਤਾ ਗਿਆ।” ਔਰਤ ਅਨੁਸਾਰ, ਉਸ ਨੇ ਪੁਲਿਸ ਵਾਲਿਆਂ ਨੂੰ ਕਾਰ ਸਟਾਰਟ ਕਰਨ ਲਈ ਕਿਹਾ ਤਾਂ ਜੋ ਉਹ ਭੱਜ ਸਕਣ- “ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਗੱਡੀ ਹੀ ਨਹੀਂ ਤੋਰੀ। ਫਿਰ ਜਿਉਂ ਹੀ ਉਸ ਨੇ ਗੱਡੀ ਸਟਾਰਟ ਕੀਤੀ ਤਾਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੂੰ ਗੱਡੀ ਵਿਚੋਂ ਬਾਹਰ ਧੂਹ ਲਿਆ ਗਿਆ। ਲੜਕੇ ਨੂੰ ਦੋਹਾਂ ਤੋਂ ਵੱਖ ਕਰ ਕੇ ਘੜੀਸਦੇ ਹੋਏ ਝੋਨੇ ਦੇ ਉਸ ਖੇਤ ਵਿਚ ਲੈ ਗਏ ਜਿੱਥੇ ਉਸ ਦੇ ਪਿਤਾ ਨੂੰ ਮਾਰਿਆ ਸੀ।” ਉਸ ਔਰਤ ਨੇ ਦੂਰੋਂ ਦੇਖਿਆ ਕਿ ਲੜਕੇ `ਤੇ ਮੋਟੇ ਡੰਡੇ ਨਾਲ ਵਾਰ ਕੀਤੇ ਜਾ ਰਹੇ ਸਨ। ਉਹ ਆਪਣੇ ਪਿਤਾ ਦੀ ਲਾਸ਼ ਉੱਪਰ ਢੇਰੀ ਹੋ ਗਿਆ।
ਇਸ ਦੌਰਾਨ ਭੀੜ ਨੇ ਦੋਹਾਂ ਔਰਤਾਂ ਨੂੰ ਘੇਰ ਲਿਆ ਅਤੇ ਕੱਪੜੇ ਉਤਾਰਨ ਲਈ ਕਿਹਾ। ਉਸ ਨੇ ਦੱਸਿਆ, “ਜਦੋਂ ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਘਸੁੰਨ ਮਾਰੇ ਅਤੇ ਸਾਡੇ ਕੱਪੜੇ ਜ਼ਬਰਦਸਤੀ ਉਤਾਰਨ ਦੀ ਕੋਸ਼ਿਸ਼ ਕੀਤੀ।” ਮਰਦਾਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ‘ਜੇ ਤੁਸੀਂ ਆਪਣੇ ਕੱਪੜੇ ਨਾ ਉਤਾਰੇ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਿਆਂਗੇ’।”
ਔਰਤ ਨੇ ਦੱਸਿਆ ਕਿ ਉਸ ਕੋਲ “ਆਪਣੀ ਜਾਨ ਬਚਾਉਣ ਲਈ” ਇਕ-ਇਕ ਕਰ ਕੇ ਆਪਣੇ ਸਰੀਰ ਤੋਂ ਸਾਰੇ ਕੱਪੜੇ ਉਤਾਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਇਸ ਦੌਰਾਨ ਉਸ ਨੂੰ ਥੱਪੜ ਅਤੇ ਘਸੁੰਨ ਮਾਰੇ ਜਾ ਰਹੇ ਸਨ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਗੁਆਂਢੀ ਔਰਤ ਵੀ ਉਸ ਦੇ ਨੇੜੇ-ਤੇੜੇ ਹੀ ਹੈ ਪਰ ਉਸ ਨੂੰ ਬਿਲਕੁਲ ਨਹੀਂ ਪਤਾ ਲੱਗਾ ਕਿ ਉਸ ਨਾਲ ਕੀ ਹੋ ਰਿਹਾ ਹੈ। ਨੰਗੀ ਹਾਲਤ ਵਿਚ ਔਰਤ ਨੂੰ ਨੇੜਲੇ ਝੋਨੇ ਦੇ ਖੇਤ ਵਿਚ ਲਿਜਾਇਆ ਗਿਆ। ਭੀੜ ਉਸ ਦੇ ਪਿੱਛੇ ਸੀ। ਉੱਥੇ ਉਸ ਨੂੰ ਜ਼ਮੀਨ `ਤੇ ਲੰਮੀ ਪੈਣ ਲਈ ਕਿਹਾ ਗਿਆ। ਉਸ ਨੇ ਦੱਸਿਆ, “ਤਿੰਨ ਮਰਦਾਂ ਨੇ ਮੈਨੂੰ ਘੇਰ ਲਿਆ… ਦੋ ਮੇਰੇ ਦੋਵੇਂ ਪਾਸੇ ਸਨ ਅਤੇ ਇਕ ਮੇਰੇ ਬਿਲਕੁਲ ਸਾਹਮਣੇ। ਉਨ੍ਹਾਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ, ‘ਆਓ ਉਸ ਦਾ ਬਲਾਤਕਾਰ ਕਰੀਏ` ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਮੇਰੀ ਛਾਤੀ ਦੋ ਵਾਰ ਫੜੀ।”
ਔਰਤ ਨੂੰ ਯਾਦ ਹੈ ਕਿ ਹਮਲਾਵਰ ਉਸ ਨੂੰ ਕਹਿ ਰਹੇ ਸਨ ਕਿ “ਕੁਕੀ ਲੋਕਾਂ ਨੇ ਚੂਰਾਚਾਂਦਪੁਰ ਵਿਚ ਮੈਤੇਈ ਔਰਤਾਂ ਨਾਲ ਬਲਾਤਕਾਰ ਕੀਤਾ ਸੀ ਅਤੇ ਮੈਤੇਈ ਬੱਚਾ ਮਾਰ ਦਿੱਤਾ ਸੀ”; ਉਹ ਉਸ ਦਾ ਬਦਲਾ ਲੈ ਰਹੇ ਹਨ। ਉਹ ਉਸ ਨੂੰ ਖੇਤ ਵਿਚ ਛੱਡ ਕੇ ਚਲੇ ਗਏ। ਬਾਅਦ ਵਿਚ ਮੈਤੇਈ ਲੋਕਾਂ ਦਾ ਇਕ ਹੋਰ ਟੋਲਾ ਆਇਆ ਅਤੇ ਉਸ ਨੂੰ ਉਸ ਦੇ ਕੱਪੜੇ ਦਿੱਤੇ ਗਏ। ਉਹ ਪੁਲਿਸ ਦੀ ਗੱਡੀ ਵੱਲ ਜਾ ਰਹੀ ਸੀ ਪਰ ਰਾਹ ਵਿਚ ਹੀ ਉਸ ਨੂੰ ਇਕ ਹੋਰ ਭੀੜ ਨੇ ਰੋਕ ਲਿਆ। ਇਨ੍ਹਾਂ ਲੋਕਾਂ ਨੇ ਫਿਰ ਉਸ ਦੇ ਕੱਪੜੇ ਉਤਾਰ ਦਿੱਤੇ। ਔਰਤ ਅਨੁਸਾਰ ਮਰਦਾਂ ਦਾ ਪੁਰਾਣਾ ਟੋਲਾ ਫਿਰ ਆ ਗਿਆ। ਉਨ੍ਹਾਂ ਨੇ ਉਸ ਦੇ ਕੱਪੜੇ ਉਸ ਨੂੰ ਮੋੜ ਦਿੱਤੇ। ਉਦੋਂ ਹੀ ਉਸ ਦੀ ਗੁਆਂਢਣ, 21 ਸਾਲਾ ਔਰਤ, ਉਸ ਕੋਲ ਆਈ। ਦੋਹਾਂ ਨੇ ਆਪਣੇ ਕੱਪੜੇ ਇਕੱਠੇ ਕੀਤੇ ਅਤੇ ਨੇੜਲੇ ਪਿੰਡ ਚਲੀਆਂ ਗਈਆਂ।
ਔਰਤ ਨੇ ਕਿਹਾ ਕਿ ਉਸ ਨੇ ਖ਼ੁਦ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਉਸ ਦੇ ਇਕ ਰਿਸ਼ਤੇਦਾਰ ਨੇ ਸ਼ਿਕਾਇਤ ਕੀਤੀ। ਪੁਲਿਸ ਦਾ ਕਹਿਣਾ ਹੈ ਕਿ 18 ਮਈ ਨੂੰ ਕੰਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਵਿਚ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਵਿਚ ਔਰਤ ਦੀ ਉਮਰ 42 ਸਾਲ ਦੱਸੀ ਗਈ ਹੈ ਅਤੇ ਕਿਹਾ ਗਿਆ ਹੈ ਕਿ 21 ਸਾਲ ਦੀ ਔਰਤ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਕ ਤੀਜੀ ਔਰਤ ਜੋ ਇਨ੍ਹਾਂ ਦੋ ਔਰਤਾਂ ਦੇ ਨਾਲ ਸੀ, ਨੂੰ ਵੀ ਕੱਪੜੇ ਲਾਹੁਣ ਲਈ ਮਜਬੂਰ ਕੀਤਾ ਗਿਆ। ਸੈਕੁਲ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਅਣਪਛਾਤੇ ਬਦਮਾਸ਼ਾਂ` ਜਿਨ੍ਹਾਂ ਦੀ ਗਿਣਤੀ 800-1000 ਸੀ, ਦੇ ਖ਼ਿਲਾਫ਼ ਬਲਾਤਕਾਰ, ਕਤਲ ਅਤੇ ਹੋਰ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋ ਮਹੀਨੇ ਬਾਅਦ 44 ਸਾਲਾ ਔਰਤ ਨੇ ਕਿਹਾ ਕਿ ਉਸ ਨੇ ਜੋ ਕੁਝ ਕੀਤਾ, ਆਪਣੀ ਜਾਨ ਬਚਾਉਣ ਲਈ ਕੀਤਾ। ਉਸ ਨੇ ਟੁੱਟ ਰਹੀ ਆਵਾਜ਼ ਵਿਚ ਕਿਹਾ, “ਭੀੜ ਦੇ ਸਾਹਮਣੇ ਮੈਂ ਬੇਵੱਸ ਸੀ।”
ਰਾਹਤ ਕੈਂਪ ਨੇੜੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੀ 21 ਸਾਲਾ ਔਰਤ ਦੀ ਮਾਂ ਡੂੰਘੇ ਡਿਪਰੈਸ਼ਨ ਕਾਰਨ ਆਪਣੇ ਹੋਸ਼ੋ-ਹਵਾਸ ਗੁਆ ਚੁੱਕੀ ਜਾਪਦੀ ਹੈ। ਉਸ ਨੇ ਘਟਨਾ ਦੇ ਵੇਰਵੇ ਦੱਸਣ ਦੀ ਕੋਸ਼ਿਸ਼ ਕੀਤੀ, ਜਿਵੇਂ ਉਸ ਦੀ ਧੀ ਨੇ ਉਸ ਨੂੰ ਦੱਸਿਆ ਸੀ ਪਰ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ ਅਤੇ ਫੁੱਟ-ਫੁੱਟ ਕੇ ਰੋ ਪਈ।
ਘਟਨਾ ਤੋਂ ਬਾਅਦ ਕੁੜੀ ਦੇ ਪ੍ਰੇਮੀ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਲੜਕੀ ਦੀ ਮਾਂ ਨੇ ਕਿਹਾ, “ਉਹ ਹੁਣ ਉਸ ਦੇ ਨਾਲ ਹੈ… ਕਿਸੇ ਹੋਰ ਜ਼ਿਲ੍ਹੇ ਵਿਚ… ਉਹ ਇਨ੍ਹਾਂ ਸਭ ਤੋਂ ਦੂਰ ਹੈ।”
ਜਿੱਥੋਂ ਤੱਕ ਪਿੰਡ ਦੇ ਮੁਖੀ ਦੀ 44 ਸਾਲਾ ਪਤਨੀ ਦਾ ਸਵਾਲ ਹੈ, ਉਹ ਕਹਿੰਦੀ ਹੈ ਕਿ ਭਾਵੇਂ ਉਸ ਨੂੰ ਕਿੰਨੀ ਵੀ ਤਕਲੀਫ਼ ਕਿਉਂ ਨਾ ਹੋਵੇ, ਉਹ ਮੀਡੀਆ ਅੱਗੇ ਆਪਣੀ ਹੱਡਬੀਤੀ ਦੁਹਰਾਉਣਾ ਮਹੱਤਵਪੂਰਨ ਸਮਝਦੀ ਹੈ। ਉਸ ਔਰਤ ਨੇ ਕਿਹਾ, “ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਕੀ ਵਾਪਰਿਆ ਹੈ ਪਰ ਜੋ ਹੋਇਆ, ਉਸ ਦੇ ਬਾਵਜੂਦ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਰੇ ਮੈਤੇਈ ਬੁਰੇ ਨਹੀਂ … ਕੁਝ ਆਦਮੀਆਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।” (ਸਮਾਪਤ)