ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ

ਵਰਿਆਮ ਸਿੰਘ ਸੰਧੂ
ਵਟਸਐਪ-98726-02296, 647-535-1539
ਕਵੀਸ਼ਰੀ ਵਿਚ ਕਰਨੈਲ ਸਿੰਘ ਪਾਰਸ ਦਾ ਆਪਣਾ, ਨਿਵੇਕਲਾ ਤੇ ਨਿਆਰਾ ਸਥਾਨ ਹੈ। ਉਹਨੇ ਵੱਖ-ਵੱਖ ਲੋਕ-ਗਾਥਾਵਾਂ ਇਸ ਰੰਗ ਵਿਚ ਪੇਸ਼ ਕੀਤੀਆਂ ਕਿ ਇਹ ਨਵੇਂ ਸਿਰਿਓਂ ਪੰਜਾਬੀ ਲੋਕ-ਮਨ ਵਿਚ ਗੂੰਜ ਉੱਠੀਆਂ। ਉਹਦੀ ਕਵੀਸ਼ਰੀ ਲੋਕ-ਕਵਿਤਾ ਵਾਂਗ ਪੰਜਾਬੀ ਮਨ ਦਾ ਹਿੱਸਾ ਬਣ ਗਈ। ਉਸ ਦੀ ਕਵਿਤਾ ਵਿਚ ਪੰਜਾਬ ਦੀ ਸੁੱਚੀ ਰੂਹ ਸਮੋਈ ਹੋਈ ਹੈ। ਪਾਰਸ ਅਤੇ ਉਸ ਦੀ ਕਵੀਸ਼ਰੀ ਬਾਰੇ ਉੱਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਹ ਲੇਖ ਭੇਜਿਆ ਹੈ। ਇਹ ਲਿਖਤ ਕਰਨੈਲ ਸਿੰਘ ਪਾਰਸ ਅਤੇ ਢਾਡੀ ਪਰੰਪਰਾ ਦੇ ਹੂ-ਬ-ਹੂ ਦਰਸ਼ਨ ਕਰਵਾਉਂਦੀ ਹੈ।

ਕਾਲੇ ਤਵਿਆਂ ਵਿਚੋਂ ਲਿਸ਼ਕਦਾ ਕਰਨੈਲ ਸਿੰਘ ਪਾਰਸ ਦਾ ਨਾਂ ਤੇ ਗੂੰਜਦੀ ਗੜ੍ਹਕਦੀ ਆਵਾਜ਼ ਤਾਂ ਪੰਜਾਬ ਦੀਆਂ ਹਵਾਵਾਂ ਤੇ ਫ਼ਿਜ਼ਾਵਾਂ ਵਿਚ ਬੜੇ ਸਾਲਾਂ ਤੋਂ ਆਪਣੇ ਰਸਾਂ-ਰੰਗਾਂ ਸਮੇਤ ਆਮ ਪੰਜਾਬੀਆਂ ਵਾਂਗ ਮੇਰੇ ਸਿਰ `ਤੇ ਵੀ ਜਾਦੂ ਵਾਂਗ ਧੂੜੀ ਹੋਈ ਸੀ, ਪਰ ਪਾਰਸ ਨੂੰ ਮਿਲਣ ਦਾ ਸਬੱਬ ਉਦੋਂ ਜਾ ਕੇ ਬਣਿਆਂ, ਜਦੋਂ ਉਹਨੇ ਆਪਣਾ ਕਵੀਸ਼ਰੀ-ਲੰਗੋਟ ਲਾਹ ਕੇ ਕਿੱਲੀ ਉੱਤੇ ਟੰਗ ਦਿਤਾ ਸੀ ਅਤੇ ਰਾਮੂਵਾਲੇ ਨੂੰ ਛੱਡ ਕੇ ਕਨੇਡਾ ਵਿਚ ਆਪਣੇ ਪਰਿਵਾਰ ਦੇ ਜੀਆਂ ਕੋਲ ਵਸੇਬਾ ਕਰ ਲਿਆ ਸੀ। ‘ਪੰਜਾਬੀ ਸੱਥ’ ਲਾਂਬੜਾ ਨੇ ਹਰੇਕ ਸਾਲ ਪੰਜਾਬੀ ਸਾਹਿਤ-ਸਭਿਆਚਾਰ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਵਾਲੇ ਸਾਲਾਨਾ ਪ੍ਰੋਗਰਾਮ ਵਿਚ ਕਰਨੈਲ ਸਿੰਘ ਪਾਰਸ ਨੂੰ ਕਵੀਸ਼ਰੀ ਦੇ ਖੇਤਰ ਵਿਚ ਪਾਏ ਉਹਦੇ ਲਾਸਾਨੀ ਯੋਗਦਾਨ ਲਈ ਸਨਮਾਨਤ ਕਰਨਾ ਸੀ।
ਕਰਨੈਲ ਸਿੰਘ ਪਾਰਸ, ਰਾਮ ਸਰੂਪ ਅਣਖ਼ੀ ਤੇ ਕੁੱਝ ਹੋਰ ਵਿਦਵਾਨ ਇਸ ਸਮਾਗਮ ਦੀ ਸੋਭਾ ਸਨ। ਸਮਾਗਮ ਦੀ ਪ੍ਰਧਾਨਗੀ ਗੁਰਬਚਨ ਸਿੰਘ ਭੁੱਲਰ ਕਰ ਰਿਹਾ ਸੀ। ਜਾਣਦਾ ਤਾਂ ਉਹ ਪਾਰਸ ਨੂੰ ਪਹਿਲਾਂ ਹੀ ਸੀ, ਪਰ ਆਪਣੇ ਮਖ਼ਸੂਸ ਅੰਦਾਜ਼ ਵਿਚ ਉਹਨੇ ਆਪਣੇ ਪਿੱਛੇ ਖਲੋਤੇ ਪਾਰਸ ਕੋਲੋਂ ਉਸ ਬਾਰੇ ਜਾਨਣਾ ਚਾਹਿਆ। ਬਜ਼ੁਰਗ ਪਾਰਸ ਵੀ ਸੋਚਦਾ ਹੋਵੇਗਾ ਕਿ ਜਿਸ ਬੰਦੇ ਨੇ ਸਮਾਗਮ ਦੀ ਪ੍ਰਧਾਨਗੀ ਕਰਨੀ ਹੋਵੇ, ਉਹ ਉਸ ਬਾਰੇ ਜਾਣਦਾ ਤਾਂ ਹੋਵੇਗਾ ਹੀ, ਪਰ ਹੁਣ ਜਾਣ-ਬੁੱਝ ਕੇ ਅਣਜਾਣ ਬਣਨ ਦਾ ਵਿਖ਼ਾਲਾ ਕਰ ਰਿਹਾ ਹੈ। ਪਾਰਸ ਨੇ ਵੀ ਸਿੱਧਾ ਜਵਾਬ ਦੇਣ ਦੀ ਥਾਂ ਆਪਣੇ ਮਖ਼ਸੂਸ ਅੰਦਾਜ਼ ਵਿਚ ਕਿਹਾ, “ਮੈਂ ਬਲਵੰਤ ਸੁੰਹ ਰਾਮੂਵਾਲੀਏ ਦਾ ਪਿਉ ਆਂ।”
ਇਸ ਜਵਾਬ ਵਿਚ ਮਿੱਠੀ ਜਿਹੀ ਮਸ਼ਕਰੀ ਵੀ ਸੀ ਤੇ ਡੂੰਘੀ ਹਕੀਕਤ ਵੀ। ਸਾਡੀ ਆਪਣੇ ਲੇਖਕਾਂ, ਕਲਾਕਾਰਾਂ ਲਈ ਘਟਦੀ ਜਾਂਦੀ ਅਪਣੱਤ ਤੇ ਰਾਜਨੀਤਕ ਲੋਕਾਂ ਦੀ ਲੋੜੋਂ ਵੱਧ ਵਧਦੀ ਜਾਂਦੀ ਚਾਪਲੂਸੀ ਦੀ ਅਹਿਮੀਅਤ `ਤੇ ਕਰੜਾ ਵਿਅੰਗ ਵੀ ਸੀ। ਬਲਵੰਤ ਸਿੰਘ ਉਨ੍ਹੀਂ ਦਿਨੀਂ ਕੇਂਦਰ ਵਿਚ ਵਜ਼ੀਰ ਸੀ। ਕਰਨੈਲ ਸਿੰਘ ਪਾਰਸ ਸ਼ਾਇਦ ਇਹ ਕਹਿਣਾ ਚਾਹ ਰਿਹਾ ਸੀ ਕਿ ਭਾਈ! ਜੇਕਰ ਤੁਸੀਂ ਅੱਧੀ ਸਦੀ ਤੋਂ ਵੱਧ ਪੰਜਾਬ ਦੀਆਂ ਸਟੇਜਾਂ ਦਾ ਸ਼ਿੰਗਾਰ ਬਣੇ ਰਹਿਣ ਵਾਲੇ ਕਵੀਸ਼ਰ-ਕਲਾਕਾਰ ਬਾਰੇ ਅਜੇ ਤੱਕ ਅਣਜਾਣ ਹੋ ਤੇ ਜੇ ਤੁਸੀਂ ਰਾਜਨੀਤੀਵਾਨਾਂ ਨੂੰ ਹੀ ਪਛਾਣਦੇ ਓ ਤਾਂ ਬਲਵੰਤ ਸਿੰਘ ਰਾਮੂਵਾਲੀਏ ਦੇ ਹਵਾਲੇ ਨਾਲ ਹੀ ਮੈਨੂੰ ਪਛਾਣ ਲਵੋਗੇ। ਗੁਰਬਚਨ ਸਿੰਘ ਭੁੱਲਰ ਵੀ ਆਖ਼ਰ ‘ਗੁਰਬਚਨ ਸਿੰਘ ਭੁੱਲਰ’ ਹੋਇਆ! ਕਹਿਣ ਲੱਗਾ, “ਬਜ਼ੁਰਗੋ! ਅਸੀਂ ਬਲਵੰਤ ਸਿੰਘ ਰਾਮੂਵਾਲੀਏ ਦੇ ਪਿਉ ਨੂੰ ਨਹੀਂ ਜਾਣਦੇ। ਅਸੀਂ ਤਾਂ ਉਸ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਨੂੰ ਜਾਣਦੇ ਹਾਂ, ਜਿਹਦਾ ਮੁੰਡਾ ਬਲਵੰਤ ਸਿੰਘ ਰਾਮੂਵਾਲੀਆ ਏ ਅਤੇ ਉਸਤੋਂ ਵੀ ਵੱਧ ਅਸੀਂ ਉਸ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਨੂੰ ਪਿਆਰਦੇ ਸਤਿਕਾਰਦੇ ਆਂ, ਜੀਹਦੀਆਂ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ’ ਵਰਗੀਆਂ ਕਵਿਤਾਵਾਂ ਅਸੀਂ ਬਚਪਨ ਵਿਚ ਗੁਣਗੁਣਾਇਆ ਤੇ ਗਾਇਆ ਕਰਦੇ ਸਾਂ, ਤੇ ਜੀਹਨੂੰ ਵੇਖਣ ਤੇ ਸੁਣਨ ਦੀ ਰੀਝ ਹਰ ਪਲ ਸਾਡੇ ਮਨ ਵਿਚ ਮਚਲਦੀ ਰਹਿੰਦੀ ਸੀ। ਜੇ ਤੁਸੀਂ ਓਹੋ ਹੀ ਕਰਨੈਲ ਸਿੰਘ ਪਾਰਸ ਓ, ਜੋ ਸਾਡੇ ਬਚਪਨ ਤੋਂ ਹੀ ਸਾਡੇ ਚੇਤਿਆਂ ਵਿਚ ਵੱਸਿਆ ਹੋਇਆ ਏ ਤਾਂ ਤੁਹਾਨੂੰ ਮੇਰੀ ਬਹੁਤ ਬਹੁਤ ਨਮਸਕਾਰ!”
ਪੰਜਾਬ ਦੇ ਇਸ ਅਜ਼ੀਮ ਕਵੀਸ਼ਰ ਨੂੰ ਇਹ ਸਮੁੱਚੇ ਪੰਜਾਬੀ ਮਨਾਂ ਦੀ ਨਮਸਕਾਰ ਸੀ।
ਕਈ ਸਾਲਾਂ ਬਾਅਦ ਲਾਂਬੜੇ ਵਾਲੇ ਸਨਮਾਨ ਸਮਾਗਮ ਦੀ ਗੱਲ ਪਾਰਸ ਨਾਲ ਕੁੱਝ ਇੰਜ ਹੋਈ। ਨਿੰਦਰ ਘੁਗਿਆਣਵੀ ਪਾਰਸ ਬਾਰੇ ਕਿਤਾਬ ਲਿਖ ਰਿਹਾ ਸੀ। ਇੱਕ ਰਾਤ ਨੂੰ ਉਹਦਾ ਫ਼ੋਨ ਆਇਆ, “ਅੰਕਲ ਜੀ! ਮੈਂ ਰਾਮੂਵਾਲੇ ਤੋਂ ਬੋਲਦਾਂ। ਬਾਪੂ ਪਾਰਸ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ।”
ਉਹਨੇ ਫ਼ੋਨ ਪਾਰਸ ਨੂੰ ਫੜਾ ਦਿੱਤਾ। ਪਾਰਸ ਬੋਲ ਰਿਹਾ ਸੀ, “ਸੰਧੂ! ਤੂੰ ਲਾਂਬੜੇ ਵਾਲੇ ਸਮਾਗਮ `ਤੇ ਜੋ ਕੁੱਝ ਮੇਰੇ ਬਾਰੇ ਬੋਲਿਆ ਸੀ, ਮੈਨੂੰ ਹੁਣ ਤੱਕ ਯਾਦ ਐ। ਤੂੰ ਉਹ ਲਫ਼ਜ਼ ਬੋਲ ਕੇ ਮੈਨੂੰ ਬਹੁਤ ਮਾਣ ਦਿੱਤਾ ਸੀ ਭਾਈ! ਮੈਂ ਤੇਰਾ ਬਹੁਤ ਧੰਨਵਾਦ ਕਰਦੈਂ।”
ਤੇ ਉਹ ਮੇਰੇ ਬੋਲੇ ਲਫ਼ਜ਼ਾਂ ਦੇ ਸਵਾਦ ਵਿਚ ਗੜੂੰਦ ਹੋਇਆ ਉਨ੍ਹਾਂ ਦੇ ਵਿਸਥਾਰ ਵਿਚ ਵਹਿ ਗਿਆ।
ਲਾਂਬੜੇ ਵਾਲੇ ਸਮਾਗਮ ਦਾ ਮੈਂ ਮੰਚ-ਸੰਚਾਲਕ ਸਾਂ। ਸਨਮਾਨ ਲੈਣ ਵਾਲੀਆਂ ਤੇ ਹੋਰ ਸ਼ਖ਼ਸੀਅਤਾਂ ਵਾਰੀ ਵਾਰੀ ਬੋਲ ਗਈਆਂ ਸਨ।
ਸਟੇਜ ਸੰਚਾਲਕ ਦੀ ਸੇਵਾ ਨਿਭਾਉਂਦਿਆਂ ਮੈਂ ਰਾਮ ਸਰੂਪ ਅਣਖ਼ੀ ਵਰਗੇ ਆਪਣੇ ਖ਼ੇਤਰ ਦੇ ਨਾਮਵਰ ਲੋਕਾਂ ਨੂੰ, ਵਾਰੀ ਵਾਰੀ, ਸਟੇਜ `ਤੇ ਬੁਲਾ ਕੇ ਸਨਮਾਨ ਦੇਣ ਦੀ ਰਸਮ ਅਦਾ ਕਰਨ ਪਿੱਛੋਂ ਕਿਹਾ, “ਦੋਸਤੋ! ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਰਨੈਲ ਸਿੰਘ ਪਾਰਸ ਹੁਰਾਂ ਨੂੰ ਸਨਮਾਨਤ ਕਰਨ ਤੇ ਬੁਲਾਉਣ ਲਈ ਸਮਾਗਮ ਦੇ ਸਭ ਤੋਂ ਅਖ਼ੀਰ `ਤੇ ਕਿਉਂ ਰੱਖਿਆ ਏ? ਸ਼ਾਇਦ ਪਾਰਸ ਹੁਰੀਂ ਵੀ ਅੰਦਰੇ ਅੰਦਰ ਮੇਰੇ `ਤੇ ਖ਼ਫ਼ਾ ਹੋ ਰਹੇ ਹੋਣਗੇ ਕਿ ਮੈਂ ਉਨ੍ਹਾਂ ਦਾ ਨਾਂ ਅੱਗੇ ਤੋਂ ਅੱਗੇ ਟਾਲ਼ੀ ਜਾ ਰਿਹਾਂ। ਪਰ ਮੈਂ ਜਾਣਦਾਂ ਕਿ ਅੱਜ ਦੇ ਮੇਲੇ ਦਾ ਮੁੱਖ ਆਕਰਸ਼ਣ ਪਾਰਸ ਹੁਰੀਂ ਹੀ ਨੇ। ਜਿੰਨਾਂ ਚਿਰ ਸਰੋਤੇ ਪਾਰਸ ਹੁਰਾਂ ਨੂੰ ਸੁਣ ਨਹੀਂ ਲੈਣਗੇ, ਓਨਾ ਚਿਰ ਪੰਡਾਲ ਵਿਚੋਂ ਉੱਠ ਕੇ ਨਹੀਂ ਜਾਣ ਲੱਗੇ। ਸਰੋਤਿਆਂ ਨੂੰ ਅਖ਼ੀਰ ਤੱਕ ਬੰਨ੍ਹ ਕੇ ਬਿਠਾਈ ਰੱਖਣਾ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਜਦੋਂ ਛੋਟੇ ਹੁੰਦੇ ਸਾਂ ਤਾਂ ਦੀਵਾਲੀ ਵਾਲੀ ਰਾਤ ਨੂੰ ਪਟਾਕੇ, ਬੰਬ, ਹਵਾਈਆਂ, ਸ਼ੁਰਲੀਆਂ, ਫੁੱਲਝੜੀਆਂ ਤੇ ਆਤਿਸ਼ਬਾਜ਼ੀ ਦਾ ਹੋਰ ਸਮਾਨ ਚਲਾ ਕੇ ਦੀਵਾਲੀ ਦਾ ਆਨੰਦ ਮਾਣਦੇ ਸਾਂ ਪਰ ਜਦੋਂ ਸਾਰਾ ਕੁੱਝ ਖ਼ਤਮ ਹੋ ਜਾਂਦਾ ਤਾਂ ਇੱਕ ਵੱਡਾ ਅਨਾਰ ਇਸ ਲਈ ਸਾਂਭ ਕੇ ਰੱਖਿਆ ਹੁੰਦਾ ਸੀ ਕਿ ਆਖ਼ਰ ਵਿਚ ਚੱਲਣ ਵਾਲਾ ਇਹ ਅਨਾਰ ਆਪਣੀ ਰੌਸ਼ਨੀ ਨਾਲ ਝਿਲਮਿਲਾਉਂਦੇ ਤਾਰਿਆਂ-ਚੰਗਿਆੜਿਆਂ ਦੇ ਜਲੌਅ ਸਮੇਤ ਸਾਡੇ ਚੇਤਿਆਂ ਵਿਚ ਸਾਲ ਭਰ ਲਿਸ਼ਕਦਾ ਰਹੇ। ਮੈਂ ਵੀ ਆਪਣਾ ਇਹ ਵੱਡਾ ਅਨਾਰ ਅਖ਼ੀਰ ਉੱਤੇ ਚਲਾਉਣ ਲਈ ਰੱਖ ਛੱਡਿਆ ਸੀ। ਪੰਜਾਬੀ ਕਵੀਸ਼ਰੀ ਦਾ ਇਹ ਅਨਾਰ ਤਾਂ ਪਿਛਲੇ ਕਈ ਦਹਾਕਿਆਂ ਤੋਂ ਪੂਰੀ ਆਭਾ ਨਾਲ ਸਾਡੇ ਚੇਤਿਆਂ ਵਿਚ ਲਿਸ਼-ਲਿਸ਼ ਲਿਸ਼ਕ ਰਿਹਾ ਏ ਪਰ ਅੱਜ ਇੱਕ ਵਾਰ ਫੇਰ ਉਨ੍ਹਾਂ ਦੇ ਬੋਲਾਂ ਵਿਚੋਂ ਝਰਦੀਆਂ ਸ਼ੁਆਵਾਂ ਦਾ ਜਲੌਅ ਮਾਣੋ।”
ਸਰੋਤਿਆਂ ਨੇ ਗੜਗੜਾਉਂਦੀਆਂ ਤਾੜੀਆਂ ਨਾਲ ਮੇਰੇ ਬੋਲਾਂ ਦਾ ਹੁੰਗਾਰਾ ਭਰਿਆ। ਮੈਂ ਕੁੱਝ ਗ਼ਲਤ ਵੀ ਤਾਂ ਨਹੀਂ ਸੀ ਕਿਹਾ। ਪਾਰਸ ਅੱਜ ਵੀ ਕਵੀਸ਼ਰੀ ਦੇ ਇਤਿਹਾਸ ਦੇ ਆਕਾਸ਼ ਵਿਚ ਧਰੂ ਤਾਰੇ ਵਾਂਗ ਲਿਸ਼ਕ ਰਿਹਾ ਹੈ।
ਸਟੇਜ `ਤੇ ਆ ਕੇ ਪਾਰਸ ਨੇ ਆਪਣੀ ਵਡੇਰੀ ਹੁੰਦੀ ਜਾ ਰਹੀ ਉਮਰ ਦੇ ਹਵਾਲੇ ਨਾਲ ਗੱਲ ਸ਼ੁਰੂ ਕੀਤੀ, “ਮੌਤ ਦਾ ਮੈਨੂੰ ਡਰ ਕੋਈ ਨਹੀਂ ਤੇ ਜਾਣ ਦੀ ਮੈਨੂੰ ਕਾਹਲ ਕੋਈ ਨਹੀਂ।”
ਪਹਿਲੇ ਹੀ ਦੋ ਵਾਕਾਂ ਨਾਲ ਉਹਨੇ ਸਰੋਤਿਆਂ ਨੂੰ ਆਪਣੀ ਮੁੱਠੀ ਵਿਚ ਲੈ ਲਿਆ। ਇਨ੍ਹਾਂ ਵਾਕਾਂ ਵਿਚ ਜ਼ਿੰਦਗੀ ਤੇ ਮੌਤ ਨੂੰ ਸਹਿਜ ਨਾਲ ਲੈਣ ਤੇ ਜਿਊਣ ਦਾ ਹੁਨਰ ਵੀ ਲੁਕਿਆ ਹੋਇਆ ਸੀ। ਫਿਰ ਕਿੰਨਾ ਹੀ ਚਿਰ ਲੋਕ ਉਹਦੇ ਲਿਸ਼ਕਦੇ, ਚਮਕਦੇ ਤੇ ਖੜਕਦੇ ਬੋਲਾਂ ਨਾਲ ਮੰਤਰ-ਮੁਗਧ ਹੋਏ ਬੈਠੇ, ਧੌਣਾਂ ਸਿੱਧੀਆਂ ਕਰ ਕੇ ਤੇ ਉਲਰ-ਉਲਰ ਕੇ ਉਹਨੂੰ ਵੇਖਦੇ ਤੇ ਸੁਣਦੇ ਰਹੇ। ਏਸੇ ਭਾਸ਼ਣ-ਯੋਗਤਾ ਤੇ ਗਾਇਣ-ਯੋਗਤਾ ਦੀ ਬਦੌਲਤ ਉਹਨੇ ਲੰਮਾਂ ਸਮਾਂ ਪੰਜਾਬੀ ਮਨਾਂ `ਤੇ ਰਾਜ ਕੀਤਾ।
ਇਸ ਘਟਨਾ ਤੋਂ ਦਸ-ਬਾਰਾਂ ਸਾਲ ਬਾਅਦ ਕਨੇਡਾ ਤੋਂ ਪੰਜਾਬ ਆਏ ਕਰਨੈਲ ਸਿੰਘ ਪਾਰਸ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਰੂ-ਬ-ਰੂ ਕਰਵਾਇਆ ਗਿਆ। ਸਰੋਤਿਆਂ ਵਿਚ ਜਲੰਧਰ ਤੇ ਆਸ ਪਾਸ ਦੇ ਨਾਮਵਰ ਲੇਖਕ ਤੇ ਬੁੱਧਜੀਵੀ ਸ਼ਾਮਲ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਤਤਕਾਲੀ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਤੇ ਨਾਮਵਰ ਕਵੀਸ਼ਰ ਜੋਗਾ ਸਿੰਘ ਜੋਗੀ ਵੀ ਹਾਜ਼ਰ ਸਨ। ਜੋਗਾ ਸਿੰਘ ਜੋਗੀ ਦੀ ਵਾਰੀ ਆਈ ਤਾਂ ਉਹਨੇ ਕਵੀਸ਼ਰੀ ਦੇ ਖ਼ੇਤਰ ਵਿਚ ਪਾਰਸ ਦੇ ਪਾਏ ਯੋਗਦਾਨ ਦੀ ਗੱਲ ਵੀ ਕੀਤੀ ਤੇ ਪਾਰਸ ਨੂੰ ਆਪਣੇ ਗੁਰੂਆਂ ਵਰਗੇ ਪ੍ਰੇਰਨਾ ਸਰੋਤ ਹੋਣ ਦਾ ਮਾਣ ਦਿੰਦਿਆਂ ਪਾਰਸ ਦੇ ਲਿਖੇ ਛੰਦ ਦਾ ਇੱਕ ਬੰਦ ਕਵੀਸ਼ਰੀ ਅੰਦਾਜ਼ ਵਿਚ ਗਾ ਕੇ ਸੁਣਾਇਆ:

ਦਸਵੇਂ ਪਿਤਾ ਜੀ ਦਸਮੇਸ਼ ਚੋਜੀ ਜੀ,
ਪੈਜ ਰੱਖੋ ਬਾਣੇ ਦੀ,
ਕਵਿਤਾ `ਚ ਪਾਵਣੇ ਦੀ ਆ ‘ਜੇ ਸੋਝੀ ਜੀ,
ਪੇਟੇ ਅਤੇ ਤਾਣੇ ਦੀ,
ਅੜੇ ਨਾ ਅੜੀ ਛੰਦਾਂ ਦੀ
ਲੱਗ ‘ਜੇ ਸਭਾ `ਚ ਫੁੱਲਝੜੀ ਛੰਦਾਂ ਦੀ।
ਮੈਂ ਜੋਗੀ ਦੇ ਕੋਲ ਖਲੋਤਾ ਸਾਂ। ਪਤਾ ਨਹੀਂ ਮੇਰੇ ਅੰਦਰ ਕਿੱਥੋਂ ਦੱਬਿਆ ਸੋਮਾ ਫੁੱਟ ਨਿਕਲਿਆ। ਮੈਂ ਓਨੀ ਹੀ ਉੱਚੀ ਆਵਾਜ਼ ਤੇ ਓਸੇ ਅੰਦਾਜ਼ ਵਿਚ ਅਗਲਾ ਬੰਦ ਗਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇੱਕ ਤੋਂ ਬਾਅਦ ਦੂਜਾ ਕਵੀਸ਼ਰ ਬੋਲ ਚੁੱਕਦਾ ਏ।
ਨੱਪ ਸੁੱਚ ਗੱਡੀ ਤੋਰ ‘ਤੀ ਸਟੇਸ਼ਨੋ,
ਵੇਖਿਆ ‘ਸਿੰਗਲ’ ਨਾ।
ਕਵਿਤਾ ਦੇ ਲੱਡੂ ਬਣੇ ਬਿਨਾਂ ਵੇਸਣੋਂ,
ਪੜ੍ਹਿਆ ਪਿੰਗਲ ਨਾ,
ਨਾ ਮੈਂ ਮਾਹਿਰ ਗਿਆਨ ‘ਚ।
ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ‘ਚ।

ਦਰਸ਼ਕਾਂ-ਸਰੋਤਿਆਂ ਨੇ ਤਾੜੀਆਂ ਤਾਂ ਮਾਰਨੀਆਂ ਹੀ ਸਨ, ਉਹ ਮੇਰਾ ਇਹ ਰੂਪ ਵੇਖ ਕੇ ਹੈਰਾਨ ਤੇ ਖ਼ੁਸ਼ ਵੀ ਸਨ।
ਬਚਪਨ ਵਿਚ ਮੈਨੂੰ ਕਵੀਸਰਾਂ ਤੇ ਢਾਡੀਆਂ ਨੂੰ ਸੁਣਨ ਦਾ ਬੜਾ ਸ਼ੌਕ ਸੀ। ਸਾਡੇ ਆਪਣੇ ਪਿੰਡ ਵਿਚ ਹੀ ਦੋ-ਤਿੰਨ ਵੱਡੇ ਜੋੜ-ਮੇਲੇ ਲੱਗਦੇ ਸਨ। ਮੰਨੇ-ਪ੍ਰਮੰਨੇ ਢਾਡੀਆਂ ਤੇ ਕਵੀਸ਼ਰਾਂ ਨੂੰ ਸੁਣਨ ਦਾ ਸਬੱਬ ਬਣਦਾ ਰਹਿੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਬਹੁਤੇ ਕਵੀਸ਼ਰ ਪਾਰਸ ਦੀ ਕਵੀਸ਼ਰੀ ਦੇ ਅਖ਼ੀਰ `ਤੇ ਆਪਣਾ ਨਾਂ ਜੋੜ ਕੇ ‘ਆਪਣੀ’ ਬਣਾ ਲੈਂਦੇ। ਇਨ੍ਹਾਂ ਵਿਚੋਂ ਮਾਝੇ ਦੇ ਕਈ ਨਾਮੀ ਕਵੀਸ਼ਰ ਵੀ ਇਹ ‘ਕੰਮ’ ਕਰ ਲੈਂਦੇ ਸਨ। ਜਿਹੜਾ ਛੰਦ ਜੋਗਾ ਸਿੰਘ ਜੋਗੀ ਨੇ ਅੱਜ ਸੁਣਾਇਆ ਸੀ, ਇਹ ਤਾਂ ਅਸੀਂ ਸੈਂਕੜੇ ਵਾਰ ਕਵੀਸ਼ਰਾਂ ਕੋਲੋਂ ਸੁਣ ਚੁੱਕੇ ਸਾਂ, ਪਰ ਮੈਨੂੰ ਅੱਜ ਪਤਾ ਲੱਗਾ ਸੀ ਕਿ ਇਹ ਕਰਨੈਲ ਸਿੰਘ ਪਾਰਸ ਦਾ ਲਿਖਿਆ ਹੋਇਆ ਸੀ। ਤੇ ਉਸਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਉਹਨੇ ਆਪਣੇ ਸਿਖਾਂਦਰੂ ਦੌਰ ਵਿਚ ਲਿਖਿਆ ਸੀ। ਪਾਰਸ ਦੱਸਦਾ ਸੀ ਇੱਕ ਵਾਰ ਮੁਕਤਸਰ ਮੇਲੇ `ਤੇ ਉਸਨੇ ਮੋਹਨ ਸਿੰਘ ਰੋਡਿਆਂ ਵਾਲੇ ਦੇ ਜਥੇ ਦਾ ਪ੍ਰੋਗਰਾਮ ਸੁਣਿਆ; ਜੋ ਉਸਨੂੰ ਬਹੁਤ ਪਸੰਦ ਆਇਆ, ਤੇ ਉਹ ਮੋਹਨ ਸਿੰਘ ਨੂੰ ਮਿਲਣ ਦੀ ਠਾਣ ਕੇ ਉਸਦੇ ਰੂਬਰੂ ਜਾ ਹੋਇਆ।
ਉਹਨੇ ਮੋਹਨ ਸਿੰਘ ਨੂੰ ਆਪਣੀ ਲਿਖਣ ਦੀ ਰੁਚੀ ਬਾਰੇ ਦੱਸਿਆ ਤਾਂ ਮੋਹਨ ਸਿੰਘ ਨੇ ਉਹਨੂੰ ਆਪਣਾ ਲਿਖਿਆ ਕੁੱਝ ਸੁਣਾਉਣ ਲਈ ਕਿਹਾ। ਤੇ ਪਾਰਸ ਨੇ ਇਹ ਬੋਲ ਤੁਰੰਤ ਜੋੜ ਕੇ ਸੁਣਾ ਦਿੱਤੇ:
ਨਿੱਤ-ਨਿੱਤ ਕੱਠੀਆਂ ਨਾ ਹੋਣਾਂ ਰੂਹਾਂ ਨੇ,
ਗਤੀ ਦਾ ਆਉਂਦਾ ਵੇਗ ਨਹੀਂ,
ਬੰਦੇ ਮਿਲ ਪੈਣ ਮਿਲਣਾ ਨਹੀਂ ਖੂਹਾਂ ਨੇ,
ਸਕਦਾ ਹੋ ਨੇਮ ਨਹੀਂ,
ਵਸਦੇ ਜਹਾਨ `ਚ।
ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ ‘ਚ।

ਆਪਣੇ ਪਹਿਲੇ ਦਿਨਾਂ ਵਿਚ ਹੀ ਏਨੀ ਉਚ-ਪਾਏ ਦੀ ਕਵਿਤਾ ਲਿਖਣਾ ਤੇ ਕਵਿਤਾ ਨੂੰ ਪਰਿਭਾਸ਼ਿਤ ਕਰਨਾ ਉਹਦੇ ਅੰਦਰ ਲੁਕੀ ਅਦੁੱਤੀ ਸ਼ਾਇਰਾਨਾ ਪ੍ਰਤਿਭਾ ਦਾ ਲਹਿਰੀਆ ਝਲਕਾਰਾ ਹੀ ਕਿਹਾ ਜਾ ਸਕਦਾ ਹੈ।
ਮੈਨੂੰ ਇਹ ਸਾਰਾ ਛੰਦ ਬਚਪਨ ਤੋਂ ਯਾਦ ਸੀ ਕਿਉਂਕਿ ਸਾਡੇ ਇਲਾਕੇ ਦੇ ਬਹੁਤੇ ਕਵੀਸ਼ਰ ਆਪਣਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਇਸਨੂੰ ‘ਬੰਦਨਾਂ’ ਦੇ ਰੂਪ ਵਿਚ ਗਾਉਂਦੇ ਸਨ।

ਇਨ੍ਹਾਂ ਸਤਰਾਂ ਦੀ ਗਹਿਰਾਈ ਵਿਚ ਉਤਰ ਕੇ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਕਵਿਤਾ ਕੀ ਹੁੰਦੀ ਹੈ? ਕਿਹੋ ਕਿਹੀ ਹੋਣੀ ਚਾਹੀਦੀ ਹੈ? ਕਿਨ੍ਹਾਂ ਵਾਸਤੇ ਹੋਣੀ ਚਾਹੀਦੀ ਏ? ਆਦਿ ਸਵਾਲਾਂ ਨਾਲ ਪਾਰਸ ਖੌਝਲਦਾ ਨਜ਼ਰ ਆਉਂਦਾ ਹੈ।
ਪਹਿਲੇ ਬੰਦ ਵਿਚ ਹੀ ਕਵੀ ਆਖਦਾ ਏ:
ਕਵਿਤਾ `ਚ ਪਾਵਣੇ ਦੀ ਆ ‘ਜੇ ਸੋਝੀ ਜੀ,
ਪੇਟੇ ਅਤੇ ਤਾਣੇ ਦੀ,
ਅੜੇ ਨਾ ਅੜੀ ਛੰਦਾਂ ਦੀ
ਲੱਗ ‘ਜੇ ਸਭਾ `ਚ ਫੁੱਲਝੜੀ ਛੰਦਾਂ ਦੀ।
ਕਵੀ ਨੂੰ ਇਸ ਗੱਲ ਦੀ ਬੁਨਿਆਦੀ ਸੋਝੀ ਹੈ ਕਿ ‘ਪੇਟੇ-ਤਾਣੇ’ ਤੋਂ ਬਿਨਾ, ਭਾਵ ਖਿਆਲਾਂ ਤੇ ਵਿਚਾਰਾਂ ਨੂੰ ਠੀਕ ਤਰਤੀਬ ਵਿਚ ਜੋੜਨ ਤੇ ਉਣਨ-ਬੁਣਨ ਤੋਂ ਬਿਨਾ ਕਵਿਤਾ ਦੀ ਉਸਾਰੀ ਨਹੀਂ ਹੋ ਸਕਦੀ। ਖ਼ਾਸ ਤੌਰ `ਤੇ ਉਸ ਕਵਿਤਾ ਦੀ, ਜਿਸਨੂੰ ਸਭਾ ਵਿਚ ਗਾ ਕੇ ਲੋਕਾਂ ਦੇ ਮਨਾਂ ਵਿਚ ਜਜ਼ਬੇ ਤੇ ਉਤੇਜਨਾ ਦੀਆਂ ਫੁਲਝੜੀਆਂ ਲਿਸ਼ਕਾਉਣੀਆਂ ਹੋਣ। ਇਹ ਤਾਂ ਹੀ ਹੋ ਸਕਦਾ ਹੈ ਜੇ ਕਵਿਤਾ ਛੰਦ-ਬੱਧ ਵੀ ਹੋਵੇ ਤੇ ਛੰਦ ਵਿਚ ਅਜਿਹੀ ਰਵਾਨੀ ਵੀ ਹੋਵੇ ਕਿ ਬੋਲ ਕਿਤੇ ਅੜਦੇ ਨਾ ਜਾਪਣ। ਇਨ੍ਹਾਂ ਸਤਰਾਂ ਵਿਚ ਹੀ ਕਵੀ ਦਾ ਐਲਾਨਨਾਮਾ ਵੀ ਹੈ ਕਿ ਉਹਦੀ ਕਵਿਤਾ ਲੋਕਾਂ ਲਈ, ਲੋਕਾਂ ਦੀ ਸਭਾ ਵਿਚ ਗਾਈ ਤੇ ਸੁਣਾਈ ਜਾਣ ਵਾਲੀ ਹੈ, ਇਹ ਕੇਵਲ ਪੜ੍ਹਣ ਵਾਲੀ ਕਵਿਤਾ ਨਹੀਂ। ਇਹ ਕਵਿਤਾ ਸਰੋਤਾ-ਮੁਖੀ ਹੈ।
ਅਜਿਹੀ ਕਵਿਤਾ ਲਿਖਣ ਲਈ ਸੁਚੇਤ ਕੋਸ਼ਿਸ਼ ਕਰਨੀ ਪੈਂਦੀ ਹੈ। ਅਜਿਹੀ ਕਵਿਤਾ ਕੋਈ ਇਲਹਾਮ ਨਹੀਂ ਹੁੰਦੀ।
ਹੁਣ ਅਗਲੀਆਂ ਸਤਰਾਂ ਵੇਖੋ। ਇਨ੍ਹਾਂ ਸਤਰਾਂ ਵਿਚ ਕਵੀ ਆਪਣੀ ਰਚਨਾ-ਪ੍ਰਕਿਰਿਆ ਦੇ ਕਰਤਾਰੀ ਅਮਲ ਨਾਲ ਸਾਡੀ ਜਾਣ-ਪਛਾਣ ਕਰਵਾ ਰਿਹਾ ਹੈ।
ਨੱਪ ਸੁੱਚ ਗੱਡੀ ਤੋਰ ‘ਤੀ ਸਟੇਸ਼ਨੋ,
ਵੇਖਿਆ ‘ਸਿੰਗਲ’ ਨਾ।
ਕਵਿਤਾ ਦੇ ਲੱਡੂ ਬਣੇ ਬਿਨਾਂ ਵੇਸਣੋਂ,
ਪੜ੍ਹਿਆ ਪਿੰਗਲ ਨਾ,
ਨਾ ਮੈਂ ਮਾਹਿਰ ਗਿਆਨ ‘ਚ।
ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ‘ਚ।
ਇਨ੍ਹਾਂ ਸਤਰਾਂ ਵਿਚ ਕਵੀ ਦਾ ਮੰਨਣਾ ਹੈ ਕਿ ਬੇਸ਼ੱਕ ਕਵਿਤਾ ਇਲਹਾਮ ਨਹੀਂ ਹੁੰਦੀ ਪਰ ਜਦੋਂ ਕਵੀ ਦੇ ਅੰਦਰਲਾ ਸ਼ਾਇਰ ਜਾਗਦਾ ਹੈ ਤੇ ਕਵਿਤਾ ਰਵਾਂ ਚਾਲ ਤੁਰਨਾ ਸ਼ੁਰੂ ਕਰਦੀ ਹੈ ਤਾਂ ਉਦੋਂ ਕਵਿਤਾ ‘ਖੂਨ ਵਿਚ ਡੁੱਬ ਕੇ ਹੀ ਲਿਖੀ ਜਾਂਦੀ ਹੈ’, ਉਦੋਂ ਬਹਿਰ, ਜਾਂ ਪਿੰਗਲ ਦੇ (ਸਿੰਗਲ) ਸਿਗਨਲ ਉਹਦੀ ਸ਼ਾਇਰੀ ਦੀ ‘ਸ਼ੁਕ ਸ਼ੁਕ’ ਭੱਜਦੀ ਗੱਡੀ ਨੂੰ ਰੋਕ ਨਹੀਂ ਸਕਦੇ। ਉਦੋਂ ‘ਬਿਨਾਂ ਵੇਸਣ ਤੋਂ ਕਵਿਤਾ ਦੇ ਲੱਡੂ’ ਬਣਨ ਲੱਗਦੇ ਨੇ। ਕਰਤਾਰੀ ਅਮਲ ਵਿਚ ਪਿਆ ਕਵੀ ਨਿਹੋਂਦ ਵਿਚੋਂ ਹੋਂਦ ਸਿਰਜਦਾ ਹੈ। ਜਿਹੜੀ ਕਵਿਤਾ ‘ਉੱਚੇ-ਨਸ਼ੱਤਰਾਂ’ ਵਿਚ ਵੱਸਦੀ ਸੀ, ਉਹਨੇ ਉਹਨੂੰ ਸ਼ਬਦਾਂ ਵਿਚ ਬੰਨ੍ਹ ਕੇ ਕਾਗ਼ਜ਼ `ਤੇ ਲੈ ਆਉਣਾ ਹੈ। ਰਚਨਾ-ਪ੍ਰਕਿਰਿਆ ਦੇ ਇਸ ਬਿਆਨ ਵਿਚ ਕਵੀ ਜਦੋਂ ਨਿਮਰਤਾ ਸਹਿਤ ‘ਪਿੰਗਲ’ ਦੇ ਨਾ ਪੜ੍ਹੇ ਹੋਣ ਅਤੇ ‘ਗਿਆਨ ਵਿਚ ਮਾਹਿਰ ਨਾ ਹੋਣ’ ਦੀ ਗੱਲ ਕਬੂਲਦਾ ਹੈ ਤਾਂ ਉਹ ਅਸਲ ਵਿਚ ਇਹ ਗੱਲ ਤਸਲੀਮ ਕਰ ਰਿਹਾ ਹੈ ਕਿ ਕਵਿਤਾ ਲਿਖਣ ਲਈ ਕਾਵਿਕ-ਨੇਮਾਂ ਅਤੇ ਜ਼ਿੰਦਗੀ, ਦੋਵਾਂ ਦਾ, ਗਿਆਨ ਹੋਣਾ ਵੀ ਲਾਜ਼ਮੀ ਹੈ। ਪਰ ਜਦੋਂ ਸ਼ਾਇਰ ਲਿਖਣ ਦੇ ਆਲਮ ਵਿਚ ਡੁੱਬਾ ਹੁੰਦਾ ਏ ਉਦੋਂ ਜੀਵਨ ਤੇ ਕਵਿਤਾ ਲਿਖਣ ਦਾ ਗਿਆਨ, ਛੰਦ-ਪ੍ਰਬੰਧ ਤੇ ਸਾਰਾ ਕਾਵਿਕ-ਵਿਧਾਨ ਹੁੰਦਾ ਤਾਂ ਉਹਦੇ ਅੰਗ-ਸੰਗ ਹੀ ਹੈ, ਪਰ ਜ਼ਾਹਿਰਾ ਤੌਰ `ਤੇ ਨਹੀਂ, ਸਗੋਂ ਪਿਛੋਕੜ ਵਿਚ ਰਹਿ ਕੇ ਕਵਿਤਾ ਦੇ ਆ ਰਹੇ ਵਹਾਓ ਨੂੰ ਆਪਣੇ ਆਪ ਹੀ ਤਰਤੀਬ ਤੇ ਤਰਾਸ਼ ਰਿਹਾ ਹੁੰਦਾ ਏ। ਇਸ ਵੇਲੇ ਉਹਦਾ ਸੁਚੇਤ ਅਤੇ ਅਵਚੇਤ ਦੋਵੇਂ ਲਗਾਤਾਰ ਸਹਿਜ ਸੰਜੋਗ ਵਿਚ ਵਿਚਰ ਰਹੇ ਹੁੰਦੇ ਨੇ। ਏਸੇ ਸਹਿਜ ਵਿਚੋਂ ਹੀ ਕਵਿਤਾ ਕੁੱਝ ਇਸ ਅੰਦਾਜ਼ ਵਿਚ ਫੁੱਟ ਨਿਕਲਦੀ ਹੈ ਕਿ ਖ਼ਿਆਲਾਂ ਦੀਆਂ ਸੰਦਲੀ ਪਟਾਰੀਆਂ ਖ਼ੁਸ਼ਬੂਆਂ ਖ਼ਿਲਾਰਦੀਆਂ ਖੁੱਲ੍ਹਣ ਲੱਗਦੀਆਂ ਨੇ ਤੇ ਸੁਰਤ ਦੇ ਬੰਦ ਝਰੋਖ਼ੇ ਵੀ ਖੁੱਲ੍ਹ ਜਾਂਦੇ ਹਨ। ਮਨ ਕਲਪਨਾ ਦੀਆਂ ਉਚੀਆਂ ਉਡਾਣਾ ਭਰਨ ਲੱਗਦਾ ਹੈ।
ਖੁੱਲ੍ਹਣ ਖ਼ਿਆਲਾਂ ਸੰਦਲ ਪਟਾਰੀਆਂ,
ਸੁਰਤੀ ਜਿਉਂ ਸੂਤਰ।
ਲਾਉਂਦਾ ਰਹਵੇ ਮਨ ਅਰਸ਼ੀ ਉਡਾਰੀਆਂ,
ਬਣ ਕੇ ਕਬੂਤਰ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਪਾਰਸ ਕਵਿਤਾ ਨੂੰ ਕਾਵਿ-ਸ਼ਾਸਤਰੀਆਂ ਵਾਂਗ ਪਰਿਭਾਸ਼ਿਤ ਕਰ ਰਿਹਾ ਸੀ, ਉਦੋਂ ਉਹਦੀ ਉਮਰ ਮਹਿਜ਼ ਚੌਦਾਂ-ਪੰਦਰਾਂ ਸਾਲ ਦੀ ਸੀ। ਦੂਜੀ ਗੱਲ ਇਹ ਕਿ ਮੈਂ ਇਹ ਕਵਿਤਾ ਪਾਰਸ ਦੀ ਲਿਖੀ ਕਿਸੇ ਕਿਤਾਬ ਜਾਂ ਕਿੱਸੇ ਵਿਚੋਂ ਪੜ੍ਹ ਕੇ ਨਹੀਂ ਲਿਖ ਰਿਹਾ, ਸਗੋਂ ਆਪਣੇ ਪੰਜਾਹ-ਪਚਵੰਜਾ ਸਾਲ ਪਹਿਲਾਂ ਦੇ ਚੇਤੇ ਵਿਚੋਂ ਕੱਢ ਕੇ ਲਿਖ ਰਿਹਾ ਹਾਂ। ਅੱਜ ਕੱਲ੍ਹ ਦੇ ਸ਼ਾਇਰ ਤਾਂ ਆਪਣੀ ਕਵਿਤਾ ਵੀ ਜ਼ਬਾਨੀ ਯਾਦ ਨਹੀਂ ਰੱਖ ਸਕਦੇ। ਜੇ ਕਿਤੇ ਸੁਨਾਉਣੀ ਪੈ ਜਾਵੇ ਤਾਂ ਆਪਣੀਆਂ ਕਿਤਾਬਾਂ ਦੇ ਵਰਕੇ ਫਰੋਲਣ ਲੱਗ ਜਾਂਦੇ ਨੇ।
ਕਰਨੈਲ ਸਿੰਘ ‘ਪਾਰਸ’ ਸੱਚਮੁੱਚ ਦਾ ਪਾਰਸ ਸੀ। ਉਸਦੀ ਸੂਝ ਦੀ ਛੋਹ ਨਾਲ ਸਾਧਾਰਨ ਜਿਹੇ ਸ਼ਬਦ ਹੁਸੀਨ ਤਰਤੀਬ ਵਿਚ ਜੁੜ ਕੇ ਅਜਿਹੇ ਲਿਸ਼ਕੇ ਕਿ ਉਨ੍ਹਾਂ ਦੀ ਰੌਸ਼ਨੀ ਵਿਚ ਸਾਧਾਰਨ ਪੇਂਡੂ ਪੰਜਾਬੀ ਆਪਣੇ ਲੋਕ ਵਿਰਸੇ, ਸਮਾਜ, ਸਭਿਆਚਾਰ ਅਤੇ ਇਤਿਹਾਸ ਦੇ ਨਾਲ-ਨਾਲ ਆਪਣੀ ਰੂਹ ਨੂੰ ਵੇਖਣ, ਸਮਝਣ ਤੇ ਮਾਨਣ ਦੇ ਯੋਗ ਮਹਿਸੂਸ ਕਰਨ ਲੱਗਾ। ਅੱਧੀ ਸਦੀ ਤੋਂ ਵੱਧ ਉਸਦੀ ਕਵੀਸ਼ਰੀ, ਉਸਦੇ ਸਾਥੀਆਂ ਦੀ ਗਾਇਕੀ ਅਤੇ ਪਾਰਸ ਦੀ ਪੇਸ਼ਕਾਰੀ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਰਿਹਾ।
ਕਦੀ ਪੰਜਾਬ ਵਿਚ ਪਾਰਸ ਦੀ ਅਜਿਹੀ ਝੰਡੀ ਸੀ ਕਿ ਕੋਈ ਮੇਲਾ ਜਾਂ ਵੱਡੇ ਤੋਂ ਵੱਡਾ ਧਾਰਮਿਕ, ਸਮਾਜਿਕ-ਸਭਿਆਚਾਰਕ ਸਮਾਗਮ ਉਸਦੇ ਕਵੀਸ਼ਰੀ ਜੱਥੇ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਸੀ। ਲੋਕ ਮੀਲਾਂ ਤੱਕ ਪੈਂਡਾ ਝਾਗ ਕੇ ਉਸਦੇ ਅਖਾੜੇ ਸੁਣਨ ਜਾਂਦੇ। ਉਸਦੇ ਲਿਖੇ ਕਿੱਸੇ ਖ਼ਰੀਦ ਕੇ ਪੜ੍ਹਦੇ ਤੇ ਉਨ੍ਹਾਂ ਕਿੱਸਿਆਂ ਨੂੰ ਪੜ੍ਹਦੇ-ਪੜ੍ਹਦੇ ‘ਪਾਰਸ-ਛੋਹ’ ਨਾਲ ਕੀਲੇ ਖ਼ੁਦ ਕਵੀਸ਼ਰ ਬਣ ਜਾਂਦੇ।
ਸਾਰੇ ਜਾਣਦੇ ਨੇ ਕਿ ਉਹ ਪੰਜਾਬ ਦਾ ਪਹਿਲਾ ਕਵੀਸ਼ਰ ਸੀ ਜਿਸਨੇ ਸਭ ਤੋਂ ਪਹਿਲਾਂ ‘ਆਕਾਸ਼ਵਾਣੀ ਜਲੰਧਰ’ ਤੋਂ ਆਪਣੇ ਜੱਥੇ ਨਾਲ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ। ਰੀਕਾਰਡ ਕੰਪਨੀਆਂ ਨੇ ਉਸਦੀ ਕਵੀਸ਼ਰੀ ਦੇ ਤਵੇ ਭਰੇ। ਪਾਰਸ ਦੀ ਕਵਿਤਾ ਤੇ ਗਾਇਕੀ ਪੰਜਾਬ ਦੇ ਘਰ-ਘਰ ਪਹੁੰਚ ਗਈ। ਉਹ ਹਰੇਕ ਪੰਜਾਬੀ ਘਰ ਦਾ ਆਪਣਾ ਜੀਅ ਬਣ ਗਿਆ। ਲੋਕ ਘਰਾਂ, ਸੱਥਾਂ ਅਤੇ ਖੇਤਾਂ ਵਿਚ ਕੰਮ ਵੀ ਕਰੀ ਜਾਂਦੇ, ਗੱਲਾਂ ਵੀ ਕਰੀ ਜਾਂਦੇ ਤੇ ਜਦੋਂ ਕੋਠਿਆਂ ਉੱਤੇ ਮੰਜੇ ਜੋੜ ਕੇ ਉਨ੍ਹਾਂ ਨਾਲ ਲਟਕਾਏ ਸਪੀਕਰਾਂ ਵਿਚੋਂ ਪਾਰਸ ਦੀ ਕਵੀਸ਼ਰੀ ਦੇ ਰੀਕਾਰਡ ਵੱਜਦੇ ਤਾਂ ਲੋਕ ਵਿਚੋਂ ਸਾਹ ਰੋਕ ਕੇ ਪਾਰਸ ਦੀ ਕਵੀਸ਼ਰੀ ਦੀ ਹੂਕ ਨਾਲ ਇਕਸੁਰ ਹੋ ਕੇ ਉਸਦਾ ਆਨੰਦ ਵੀ ਲੈਂਦੇ ਰਹਿੰਦੇ। ਉਸਦੀ ਕਵੀਸ਼ਰੀ ਦੀ ਸੰਗਤ ਵਿਚ ਸੁੱਤਾ ਹੋਇਆ ਪੰਜਾਬ ਜਾਗ ਕੇ ਅੰਗੜਾਈ ਭਰਨ ਲੱਗਦਾ। ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਸੇਵਾ ਸਿੰਘ ਠੀਕਰੀਵਾਲਾ ਵਰਗੇ ਲੋਕ-ਨਾਇਕ ਬਣ ਚੁੱਕੇ ਰਾਜਸੀ ਆਗੂ ਅਤੇ ਪੂਰਨ ਭਗਤ, ਕੌਲਾਂ, ਦਹੂਦ ਬਾਦਸ਼ਾਹ, ਸਰਵਣ ਕੁਮਾਰ ਤੇ ਤਾਰਾ ਰਾਣੀ ਜਿਹੀਆਂ ਲੋਕ-ਗਥਾਵਾਂ ਉਸਦੀ ਕਵੀਸ਼ਰੀ ਨਾਲ ਜੁੜ ਕੇ ਮੁੜ ਪੰਜਾਬੀ ਲੋਕ-ਮਨ ਵਿਚ ਜਿਊ ਉੱਠੀਆਂ। ਉਸਦੀ ਕਵੀਸ਼ਰੀ ਲੋਕ-ਕਵਿਤਾ ਵਾਂਗ ਪੰਜਾਬੀ ਮਨ ਦਾ ਹਿੱਸਾ ਬਣ ਗਈ।
ਆਪਣੀ ਕਵਿਤਾ ਵਿਚ ਪਾਰਸ ਨੇ ਪੰਜਾਬ ਦੀ ਸੁੱਚੀ ਤੇ ਸਮੁੱਚੀ ਰੂਹ ਨੂੰ ਸਮੋਅ ਲੈਣ ਦਾ ਸੁਚੱਜਾ ਤੇ ਸਫ਼ਲ ਉਪਰਾਲਾ ਕੀਤਾ। ਉਹਦੀ ਕਵਿਤਾ ਜ਼ਿੰਦਗੀ ਦੇ ਹਰ ਰੰਗ ਵਿਚ ਡੂੰਘਾ ਉਤਰਨ ਦੀ ਕੋਸ਼ਿਸ਼ ਕਰਦੀ ਹੈ। ਧਾਰਮਿਕ ਰੰਗ ਵਿਚ ਜੇ, “ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ”, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਿਖ਼ਰਲੇ ਦਰਦ ਨੂੰ ਜ਼ਬਾਨ ਦਿੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦੀ ਘੋੜੀ, ਦੇਸ਼ ਭਗਤੀ ਦੇ ਰੰਗ ਵਿਚ ਰੱਤਿਆਂ ਮਰਜੀਵੜਿਆਂ ਦੀ ਆਜ਼ਾਦੀ ਦੀ ਤਾਂਘ ਦਾ ਤਰਾਨਾ ਹੋ ਨਿੱਬੜਦੀ ਹੈ। ਮਿਰਜ਼ਾ, ਹੀਰ ਤੇ ਸੱਸੀ ਜਿਹੇ ਪ੍ਰੇਮੀਆਂ ਦੇ ਸੰਤਾਪ ਦਾ ਸਿਖ਼ਰ ਵੀ ਉਹਦੀ ਕਵਿਤਾ ਦਾ ਅਮੀਰ ਅੰਗ ਹੋ ਨਿੱਬੜਦਾ ਹੈ। ਕਿਸਾਨਾਂ ਮਜ਼ਦੂਰਾਂ ਦੇ ਹੱਕਾਂ-ਹਿਤਾਂ ਲਈ ਵੀ ਉਹਦੀ ਕਵਿਤਾ ਹਿੱਕ ਡਾਹ ਕੇ ਲੜਦੀ ਹੈ।
ਕਰਨੈਲ ਸਿੰਘ ਪਾਰਸ ਦੀ ਏਨੀ ਲੋਕ-ਪ੍ਰਵਾਨਗੀ ਦਾ ਕਾਰਨ ਜਿੱਥੇ ਉਹਦੀ ਕਵਿਤਾ ਬਾਰੇ ਸਮਝ ਤੇ ਸਟੇਜੀ-ਪੇਸ਼ਕਾਰੀ ਦੇ ਹੁਨਰ ਵਿਚ ਲੁਪਤ ਸੀ, ਓਥੇ ਉਹਦੀ ਕਵਿਤਾ ਦਾ ਦਾਰਸ਼ਨਿਕ ਰੰਗ ਉਹਦੇ ਬੋਲਾਂ ਵਿਚ ਸਦੀਵੀ ਹਕੀਕਤ ਦੇ ਰੂਪ ਵਿਚ ਜਲਵਾਗਰ ਹੋ ਉੱਠਦਾ ਸੀ। ਉਹ ਸਿਰਫ਼ ਕਵਿਤਾ ਕੀ ਹੈ; ਵਰਗੇ ਸਵਾਲਾ ਨਾਲ ਹੀ ਨਹੀਂ ਸਿੱਝਦਾ ਸਗੋਂ ਜ਼ਿੰਦਗੀ ਕੀ ਹੈ, ਮੌਤ ਕੀ ਹੈ, ਦੁਖ ਕੀ ਹੈ, ਸੁਖ ਕੀ ਹੈ ਜਿਹੇ ਉਨ੍ਹਾਂ ਬੁਨਿਆਦੀ ਸਵਾਲਾਂ ਨੂੰ ਵੀ ਮੁਖ਼ਾਤਬ ਹੁੰਦਾ ਹੈ, ਜਿਨ੍ਹਾਂ ਸਵਾਲਾਂ ਨਾਲ ਸਦੀਆਂ ਤੋਂ ਸਾਡੇ ਰਿਸ਼ੀ-ਮੁਨੀ ਤੇ ਗੁਰੂ-ਪੀਰ ਜੂਝਦੇ ਆਏ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨੇ ਇਨ੍ਹਾਂ ਸਵਾਲਾਂ ਦੇ ਮੂਲੋਂ ਹੀ ਕੋਈ ਮੌਲਿਕ ਜਵਾਬ ਦਿੱਤੇ ਨੇ, ਸਵਾਲ ਇਹ ਹੈ ਕਿ ਉਹ ਆਪਣੇ ਏਸੇ ਗੁਣ ਕਰ ਕੇ ਉਨ੍ਹਾਂ ਕਵੀਆਂ ਨਾਲੋਂ ਵਿਲੱਖਣ ਹੈ ਜੋ ਕਵਿਤਾ ਨੂੰ ਵਿਚਾਰਧਾਰਾ ਤੋਂ ਮੁਕਤ ਕੋਈ ਸ਼ੈਅ ਸਮਝਦੇ ਨੇ ਤੇ ਇਹਨੂੰ ਕੇਵਲ ਜਜ਼ਬਿਆਂ ਦੇ ਕਲਾਤਮਕ ਬਿਆਨ ਦਾ ਵਸੀਲਾ ਹੀ ਮੰਨਦੇ ਹਨ।
‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ’ ਵਰਗੀ, ਪੰਜਾਬ ਦੇ ਬੱਚੇ ਬੱਚੇ ਦੇ ਬੁੱਲ੍ਹਾਂ `ਤੇ ਫਰਕਣ ਵਾਲੀ ਕਵਿਤਾ ਏਸੇ ਕਰ ਕੇ ਲੋਕਾਂ ਦੇ ਚੇਤਿਆਂ ਵਿਚ ਵੱਸੀ ਹੋਈ ਹੈ, ਕਿਉਂਕਿ ਇਹ ਜ਼ਿੰਦਗੀ-ਮੌਤ ਦੇ ਵਿਭਿੰਨ ਰੰਗਾਂ ਤੇ ਦਿਸ਼ਾਵਾਂ ਨੂੰ ਉਜਾਗਰ ਕਰਦੀ ਹੈ।
ਜ਼ਿੰਦਗੀ-ਮੌਤ ਦੀ ਗੱਲ ਕਰਦਿਆਂ ਪਾਰਸ ਦੀ ਇੱਕ ਹੋਰ ਕਵਿਤਾ ਮੇਰੇ ਚੇਤਿਆਂ ਵਿਚ ਲਿਸ਼ਕ ਉਠੀ ਹੈ ਜਿਸਨੂੰ ਸਾਡੇ ਇਲਾਕੇ ਦੇ ਕਵੀਸ਼ਰ ਸੁਣਾਉਂਦੇ ਸਨ ਤਾਂ ਉਨ੍ਹਾਂ ਨੂੰ ਇਨਾਮ ਦੇਣ ਲਈ ਸਟੇਜ ਵੱਲ ਜਾਂਦੇ ਲੋਕਾਂ ਦੀਆਂ ਕਤਾਰਾਂ ਬੱਝ ਜਾਂਦੀਆਂ ਸਨ।
ਜਿਹੜੀ ਮੌਤ ਡੈਣ ਨੇ ਕੱਲ੍ਹ ਦੁਨੀਆਂ ਨੂੰ ਖਾ ਲਿਆ ਹੈ,
ਇੱਕ ਦਿਨ ਸੋਚ ਮਨਾਂ ਉਹ ਤੇਰੇ ਸਿਰ ਵੀ ਆਉਣੀ।
ਤੇਰਾ ਚਿੱਤ ਨਹੀਂ ਕਰਦਾ ਭਰਿਆ ਮੇਲਾ ਛੱਡਣ ਨੂੰ,
ਪਾ ਕੇ ਨਾਲ ਜਮਾਂ ਦੇ ਬਹਿ ‘ਜੇਂ ਗਾ ਅੜਾਉਣੀ।
ਜਿਹੜੀ ਸਮਝੇਂ ਪਿਆਰੀ ਨਾਰ ਤੂੰ ਕੁੱਲ੍ਹ ਦੁਨੀਆਂ ਤੋਂ,
ਜਿਸ ਦਿਨ ਮਰ ਗਿਓਂ ਉਹ ਵੀ ‘ਪ੍ਰੇਤ-ਪ੍ਰੇਤ’ ਕੁਰਲਾਉਣੀ।

ਮੌਤ ਦੀ ਅਟੱਲਤਾ ਬਾਰੇ ਬਿਆਨ ਕਰਦਿਆਂ ਉਹਨੂੰ ਕੋਈ ਭੁਲੇਖਾਂ ਨਹੀਂ ਕਿ ਮੌਤ ਤੋਂ ਬਾਅਦ ਕੋਈ ਅਗਲਾ ਜਨਮ ਹੈ, ਕੋਈ ਸਵਰਗ-ਨਰਕ ਹੈ, ਕੋਈ ‘ਸੱਚਾ-ਪਾਤਸ਼ਾਹ’ ਹੈ, ਜਿਸਦੇ ਚਰਨਾਂ ਵਿਚ ਵਿਛੜ ਗਈ ਆਤਮਾ ਨੂੰ ਨਿਵਾਸ ਬਖ਼ਸ਼ਿਆ ਜਾਣਾ ਹੈ। ਮੌਤ ਬਾਰੇ ਅਜਿਹੀ ਕਵਿਤਾ ਲਿਖ ਕੇ ਉਹ ਬੰਦੇ ਨੂੰ ਡਰਾਉਂਦਾ ਨਹੀਂ, ਸਗੋਂ ਸੁਚੇਤ ਕਰਦਾ ਹੈ, ਚੰਗਾ ਜੀਵਨ ਜਿਊਣ ਲਈ। ਅਸਲ ਵਿਚ ਜਦੋਂ ਬੰਦਾ ਮੌਤ ਨੂੰ ਜਾਣ ਸਮਝ ਲੈਂਦਾ ਹੈ, ਉਹ ਜ਼ਿੰਦਗੀ ਨੂੰ ਜਾਣ ਸਮਝ ਲੈਂਦਾ ਹੈ। ਉਦੋਂ ਮੌਤ ਬੰਦੇ ਲਈ ਡਰਾਉਣੀ ਹੋਂਦ ਨਹੀਂ ਰਹਿ ਜਾਂਦੀ। ਪਾਰਸ ਦੀ ਪਿਛਲੀ ਉਮਰ ਵਿਚ ਮੈਨੂੰ ਅਕਸਰ ਉਹਨੂੰ ਮਿਲਣ ਤੇ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਸੀ। ਉਹ ਹਰ ਵੇਲੇ ਮੌਤ ਨੂੰ ਖਿੜੇ ਮੱਥੇ ਮਿਲਣ ਦੀ ਗੱਲ ਕਰਦਾ ਸੀ।
ਉਹ ਇੱਕ ਵਾਰ ਆਪਣੀ ਪਤਨੀ ਨਾਲ ਇੰਡੀਆ ਨੂੰ ਆ ਰਿਹਾ ਸੀ ਕਿ ਉਨ੍ਹਾਂ ਦਾ ਜਹਾਜ਼ ਰਾਹ ਵਿਚ ਹੀ ਖ਼ਰਾਬ ਹੋ ਗਿਆ। ਪਾਇਲਟ ਨੇ ਜਹਾਜ਼ ਦੀ ਖ਼ਰਾਬੀ ਦਾ ਐਲਾਨ ਕੀਤਾ ਤਾਂ ਜਹਾਜ਼ ਵਿਚ ਮੌਤ ਵਰਗੀ ਖ਼ਾਮੋਸ਼ੀ ਛਾ ਗਈ ਤੇ ਫਿਰ ਲੋਕ ਹੱਥ ਜੋੜ ਕੇ ਪਾਠ ਕਰਨ ਲੱਗੇ, ਅਰਦਾਸਾਂ ਕਰਨ ਲੱਗੇ। ਉਸਦੀ ਪਤਨੀ ਦਲਜੀਤ ਕੌਰ ਵੀ ਹੱਥ ਜੋੜ ਕੇ ‘ਵਾਹਿਗੁਰੂ ਵਾਹਿਗਰੂ’ ਕਰਨ ਲੱਗੀ ਤਾਂ ਪਾਰਸ ਹੱਸ ਕੇ ਕਹਿੰਦਾ, “ਦਲਜੀਤ ਕੁਰੇ! ਤੈਨੂੰ ਤੇਰੇ ਕਿਸੇ ਰੱਬ-ਰੁੱਬ ਨੇ ਨਹੀਂ ਬਚਾਉਣਾ। ਜੇ ਬਚਾਇਆ ਤਾਂ ਓਸੇ ਪਾਇਲਟ ਨੇ ਹੀ ਬਚਾਉਣਾ ਹੈ!”
ਤੇ ਸੱਚਮੁਚ ਉਨ੍ਹਾਂ ਦੇ ਪਾਇਲਟ ਨੇ ਉਨ੍ਹਾਂ ਨੂੰ ਬਚਾ ਲਿਆ। ਉਹ ਜਹਾਜ਼ ਮੋੜ ਕੇ ਪਟੜੀ `ਤੇ ਲੈ ਆਇਆ ਤੇ ਨਵੀਂ ਉਡਾਣ ਰਾਹੀਂ ਉਹ ਦੋਵੇਂ ਭਾਰਤ ਰਵਾਨਾ ਹੋ ਗਏ। ਮੌਤ ਨੂੰ ਏਨਾ ਸਾਹਮਣੇ ਵੇਖ ਕੇ ਆਪਣੀ ਤਰਕਸ਼ੀਲ ਸੋਚ ਨਾਲ ਜੁੜੇ ਰਹਿਣ ਦਾ ਇਹ ਜਿਗਰਾ ਕਿਸੇ ਵੱਡੇ ਬੰਦੇ ਦਾ ਹੀ ਭਾਗ ਬਣਦਾ ਏ।
ਲੁਧਿਆਣੇ ਨੇੜੇ ਬਾੜੇਵਾਲ ਪਿੰਡ ਵਿਚ ਉਸਦੇ ਕੁੜਮ ਦੇ ਭੋਗ ਦੀ ਅੰਤਿਮ ਅਰਦਾਸ ਦੀ ਰਸਮ ਮੌਕੇ ਵੱਡੇ-ਵੱਡੇ ਅਮੀਰਾਂ-ਵਜ਼ੀਰਾਂ ਨੇ ਆਪਣੇ ਸ਼ਰਧਾਂਜਲੀ ਸ਼ਬਦਾਂ ਵਿਚ ‘ਉਹਦੇ ਕੁੜਮ ਦੀ ਆਤਮਾ ਨੂੰ ਪਰਮਾਤਮਾ ਵੱਲੋਂ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ’ ਅਰਦਾਸ ਕੀਤੀ। ਸਮਾਗ਼ਮ ਦੇ ਅਖ਼ੀਰ ਵਿਚ ਸੰਗਤ ਨੂੰ ਧੰਨਵਾਦੀ ਸ਼ਬਦ ਕਹਿਣ ਲਈ ਕਰਨੈਲ ਸਿੰਘ ਪਾਰਸ ਨੂੰ ਬੇਨਤੀ ਕੀਤੀ ਗਈ। ਗੁਰਦੁਆਰੇ ਵਿਚ ਰਾਗੀਆਂ-ਅਰਦਾਸੀਆਂ ਤੇ ਹੋਰ ਸੰਗਤ ਦੀ ਹਾਜ਼ਰੀ ਵਿਚ ਕਰਨੈਲ ਸਿੰਘ ਪਾਰਸ ਹੀ ਏਨੀ ਸਾਫ਼ ਗੱਲ ਬੇਖ਼ੌਫ਼ ਹੋ ਕੇ ਆਖ ਸਕਦਾ ਸੀ:
“ਇੱਕ ਪਾਸੇ ਅਸੀਂ ਆਪ ਹੀ ਤਾਂ ਆਖਦੇ ਹਾਂ ਕਿ ਪਰਮਾਤਮਾ ਨਿਰ-ਆਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਜੇ ਉਹਦਾ ਆਕਾਰ ਨਹੀਂ ਤਾਂ ਫਿਰ ਉਸਦਾ ਸਰੀਰ ਕਿੱਥੋਂ ਆਇਆ! ਉਸਦੇ ਕਰ-ਪੈਰ ਕਿੱਥੋਂ ਆਏ! ਜੇ ਉਸਦੇ ਚਰਨ ਹੈ ਹੀ ਨਹੀਂ ਤਾਂ ਚਰਨਾਂ ਵਿਚ ਨਿਵਾਸ ਕਾਹਦਾ!”
ਅਜਿਹਾ ਸਹਿਜ ਤੇ ਸਮਝ ਬੰਦੇ ਨੂੰ ਡੂੰਘੇ ਅਧਿਅਨ, ਲੰਮੇ ਤਜਰਬੇ ਤੇ ਵਿਗਿਆਨਕ ਸੋਚ ਦੀ ਬਦੌਲਤ ਹੀ ਪ੍ਰਾਪਤ ਹੁੰਦੇ ਹਨ। ‘ਪਾਰਸ’ ਬਣੇ ਕਰਨੈਲ ਸਿੰਘ ਨੇ ਆਪਣੇ ਤਖ਼ੱਲਸ ਦੀ ਲਾਜ ਰੱਖਣ ਲਈ ਉਸਦੇ ਹਾਣ ਦਾ ਬਣਨ ਦਾ ਪ੍ਰਣ ਕਰ ਲਿਆ ਸੀ। ਉਸਨੇ ਸੱਚਾ ਵਿਦਵਾਨ ਤੇ ਸੁੱਚਾ ਇਨਸਾਨ ਬਣਨ ਦੀ ਧਾਰ ਲਈ। ਹਿੰਦੀ, ਪੰਜਾਬੀ ਦੇ ਨਾਲ ਉਸਨੇ ਕਿਸੇ ਮੌਲਵੀ ਤੋਂ ਉਰਦੂ ਵੀ ਸਿੱਖਿਆ। ਉਸਨੇ ਹਿੰਦੂ, ਸਿੱਖ ਅਤੇ ਇਸਲਾਮ ਆਦਿ ਧਰਮਾਂ ਦਾ ਡੂੰਘਾ ਅਧਿਅਨ ਵੀ ਕੀਤਾ। ਧਾਰਮਿਕ ਗ੍ਰੰਥ ਵੀ ਪੜ੍ਹੇ ਤੇ ਆਧੁਨਿਕ ਸਾਹਿਤ ਵੀ। ਵਿਦਿਆ ਹਾਸਲ ਕਰਨ ਦੀ ਅਜਿਹੀ ਡੂੰਘੀ ਲਗਨ ਨੇ ਉਸ ਅੰਦਰ ਸਾਹਿਤ ਅਤੇ ਕਵਿਤਾ ਨਾਲ ਪਿਆਰ ਦਾ ਤੀਬਰ ਜਜ਼ਬਾ ਪੈਦਾ ਕਰ ਦਿੱਤਾ। ਉਸ ਅੰਦਰ ਕਵੀਸ਼ਰੀ ਦਾ ਅਜਿਹਾ ਚਿਰਾਗ਼ ਬਲਿਆ ਕਿ ਇਸਦੀ ਲਾਟ ਨਾਲ ਪੰਜਾਬ ਵਿਚ ਕਵੀਸ਼ਰੀ ਦੀ ਪਰੰਪਰਾ ਨਵੇਂ ਰੰਗਾਂ ਤੇ ਅਰਥਾਂ ਵਿਚ ਝਿਲਮਿਲਾ ਉੱਠੀ।
ਸਾਹਿਤ ਪੜ੍ਹਨ ਦੇ ਸ਼ੌਕ ਨੇ ਉਸਨੂੰ ਚੜ੍ਹਦੀ ਜਵਾਨੀ ਵਿਚ ਹੀ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦਾ ਸ਼ੈਦਾਈ ਬਣਾ ਦਿੱਤਾ। ਜਦੋਂ ਗੁਰਦਵਾਰਿਆਂ ਵਿਚ ‘ਪ੍ਰੀਤ-ਲੜੀ’ ਦਾ ਵੜਨਾ ਮਨ੍ਹਾ ਕੀਤਾ ਹੋਇਆ ਸੀ ਤਾਂ ਉਹ ਗੁਰਦਵਾਰਿਆਂ ਵਿਚ ਧਾਰਮਿਕ ਦੀਵਾਨਾ `ਤੇ ਹਾਜ਼ਰ ਹੋਣ ਸਮੇਂ ਆਪਣੇ ਝੋਲੇ ਵਿਚ ‘ਪ੍ਰੀਤ-ਲੜੀ’ ਲੁਕਾ ਕੇ ਲੈ ਜਾਂਦਾ ਤੇ ਰਾਤ ਨੂੰ ਦੀਵੇ ਦੇ ਚਾਨਣ ਵਿਚ ਗੁਰਦਵਾਰੇ ਵਿਚਲੀ ਠਾਹਰ ਵਿਚ ਪੜ੍ਹਦਾ ਰਹਿੰਦਾ।
ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦਾ ਪਾਰਸ ਦੀ ਸੋਚ ਨੂੰ ਛਿੱਲਣ, ਤਰਤੀਬਣ ਤੇ ਤਰਾਸ਼ਣ ਵਿਚ ਬੁਨਿਆਦੀ ਯੋਗਦਾਨ ਸੀ। ਗੁਰਬਖ਼ਸ਼ ਸਿੰਘ ਨੇ ਉਹਦੇ ਮਨ ਵਿਚੋਂ ਵਹਿਮ-ਭਰਮ ਤੇ ਅੰਧ-ਵਿਸ਼ਵਾਸ ਦੇ ਘਾਹ-ਬੂਟੇ ਪੁੱਟ ਕੇ ਮਨ ਨੂੰ ਵਾਹ-ਸੁਹਾਗ ਦਿੱਤਾ। ਉਸਦੇ ਮਨ ਦੀ ਧਰਤੀ ਪੱਧਰੀ ਹੋ ਗਈ, ਵਾਹੀ ਤੇ ਸੁਹਾਗੀ ਗਈ। ਫਿਰ ਇਸ ਮਨ ਵਿਚ ਤਰਕ, ਮਾਨਵ-ਪ੍ਰੇਮ, ਬਰਾਬਰੀ ਤੇ ਸਮਾਜਵਾਦ ਦੇ ਨਵੇਂ ਅੰਕੁਰ ਫੁੱਟ ਨਿਕਲੇ। ਉਸਦੀ ਰੂਹ ਰੌਸ਼ਨ ਹੋ ਗਈ। ਉਹ ‘ਹਿੰਦੂ, ਮੁਸਲਿਮ, ਸਿੱਖ, ਜੱਟ, ਬਾਹਮਣ, ਸ਼ੂਦਰ’ ਆਦਿ ਦੀਆਂ ਵਲਗਣਾਂ ਵਿਚੋਂ ਨਿਕਲ ਗਿਆ। ਇਨਸਾਨੀ ਮੁਹੱਬਤ ਉਸਦਾ ਸਦੀਵੀ ਪੈਗ਼ਾਮ ਬਣ ਗਈ। ਇਹੋ ਕਾਰਨ ਸੀ ਕਿ ਜਦੋਂ ਸੰਤਾਲੀ ਵੇਲੇ ਧਰਮ ਦੇ ਨਾਂ `ਤੇ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ ਉਹ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਗੁੰਡਿਆਂ ਕੋਲੋਂ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਬਚਾ ਕੇ ਉਨ੍ਹਾਂ ਨੂੰ ਕੈਂਪਾਂ ਵਿਚ ਪਹੁੰਚਾਉਣ ਦਾ ਧਰਮ ਨਿਭਾਉਂਦਾ ਰਿਹਾ ਸੀ। ਮਨੁੱਖਤਾ ਦੀ ਸੇਵਾ ਹੀ ਉਹਦਾ ਧਰਮ ਸੀ। ਉਂਜ ਉਹ ਜਾਣ ਗਿਆ ਸੀ ਕਿ ਸਥਾਪਤ ਧਰਮ ਤੇ ਉਨ੍ਹਾਂ ਦਾ ਸਿਰਜਿਆ ‘ਰੱਬ’ ਜਮਾਤੀ ਸਮਾਜ ਵਿਚ ਧਨੀਆਂ ਤੇ ਲੁਟੇਰਿਆਂ ਦਾ ਸੇਵਕ ਹੈ ਅਤੇ ਲੋਕਾਂ ਦਾ ਦੁਸ਼ਮਣ।
ਲਗਭਗ ਪੌਣੀ ਸਦੀ ਪਹਿਲਾਂ ਲਿਖੇ ਕਿੱਸੇ ਵਿਚ ਪੇਸ਼ ਉਹਦੇ ਵਿਚਾਰ ਅੱਜ ਵੀ ਓਨੇ ਹੀ ਅਰਥਵਾਨ ਹਨ। ਉਹ ਰੱਬੀ ਹੋਂਦ ਨੂੰ ਵੀ ਜਮਾਤੀ ਨੁਕਤੇ ਤੋਂ ਵੇਖਦਾ ਕੁੱਝ ਇਸ ਅੰਦਾਜ਼ ਵਿਚ ਬਿਆਨ ਕਰਦਾ ਹੈ।
ਵਾਹੇ-ਗੁਰੂ, ਐ ਗਾਡ, ਭਗਵਾਨ ਰੱਬਾ! ਜ਼ਰਾ ਮੁੱਖ ਦਿਖਾਅ ਖ਼ੁਦਾ ਸਾਨੂੰ;
ਬਾਂਗ, ਸੰਖ, ਘੜਿਆਲ `ਤੇ ਗਿਰਗਿਟਾ ਤੂੰ, ਆਪੋ-ਵਿਚ ਨਾ ਪਿਆ ਲੜਾਅ ਸਾਨੂੰ!
ਰਹੇ ਸਾਧ, ਫ਼ਕੀਰ ਤੇ ਬ੍ਰਹਮਚਾਰੀ, ਤੇਰੇ ਨਾਮ `ਤੇ ਲੁੱਟ ਕੇ ਖਾਅ ਸਾਨੂੰ,
ਚੋਰ, ਠੱਗ, ਲੁਟੇਰੇ ਦੀ ਕਰੇਂ ਮੱਦਦ, ਤੇਰਾ ਬਦਲਿਆ ਦਿਸੇ ਸੁਭਾਅ ਸਾਨੂੰ।
ਦੂਸਰੇ ਪਾਸੇ ਉਹ ਸਾਮਰਾਜੀ ਗੋਰਿਆਂ ਵੱਲੋਂ ਕੀਤੀ ਜਾਂਦੀ ਭਾਰਤੀ ਲੋਕਾਂ ਦੀ ਲੁੱਟ ਨੂੰ ਪੇਂਡੂ ਮੁਹਾਵਰੇ `ਚ ਲਪੇਟ ਕੇ ਕਮਾਲ ਦੀ ਸ਼ਾਇਰੀ ਰਾਹੀਂ ਪੇਸ਼ ਕਰਦਾ ਹੈ:
ਸਾਡੀ ਭੋiਲ਼ਆਂ ਕਾiਲ਼ਆਂ ਵੱਛੜਿਆਂ ਦੀ, ਰੱਤ ਚੂਸਗੀ ਲੰਡਨੀਂ ਜੋਕ ਯਾਰੋ।
ਦਾਣੇ ਭੁੰਨਦੀ ਹਿੰਦੀਆਂ ਸਾਡਿਆਂ ਦੀ, ਭੱਠੀ ਢਾਹ ਗਿਆ ‘ਦੂਧੀਆ’ ਬੋਕ ਯਾਰੋ।
ਉਹਦੀ ਸਖ਼ਸ਼ੀਅਤ ਦਾ ਸੱਤਰੰਗਾ ਲਹਿਰੀਆ ਉਹਨੂੰ ਇੱਕ ਜੀਵੰਤ ਪੰਜਾਬੀ ਦੇ ਰੂਪ ਵਿਚ ਉਭਾਰ ਕੇ ਸਾਹਮਣੇ ਲਿਆਉਂਦਾ ਹੈ। ਕਿਸੇ ਦਿਖਾਵੇ ਜਾਂ ਦੰਭ ਤੋਂ ਮੁਕਤ ਉਹ ਆਪਣੀਆਂ ਕਮਜ਼ੋਰੀਆਂ ਨੂੰ ਬਿਆਨਣ ਤੇ ਵਿਖਾਉਣ ਤੋਂ ਵੀ ਨਹੀਂ ਸੀ ਝਿਜਕਦਾ। ਉਹਨੂੰ ਇਹ ਮੰਨਣ ਵਿਚ ਕਦੀ ਝਿਜਕ ਨਹੀਂ ਰਹੀ ਕਿ ਉਹ ਸ਼ਰਾਬ ਪੀ ਲੈਂਦਾ ਸੀ ਤੇ ਹੁਣ ਵੀ ਪੀ ਲੈਂਦਾ ਹੈ। ਉਹ ਤਾਂ ਇਹ ਵੀ ਦੱਸ ਦਿੰਦਾ ਸੀ ਕਿ ਜਦੋਂ ਉਹ ਕਿਸੇ ਪ੍ਰੋਗਰਾਮ ਦੀ ਸਾਈ ਫੜਦਾ ਸੀ ਤਾਂ ਨਿਸਚਿਤ ਕੀਤੀ ਫ਼ੀਸ ਦੇ ਨਾਲ ਪਹਿਲੇ ਸਾਲਾਂ ਵਿਚ ਇੱਕ ਬੋਤਲ ਤੇ ਬਾਅਦ ਵਿਚ ਦੋ ਬੋਤਲਾਂ ਸ਼ਰਾਬ ਦੀਆਂ ਉਹਦੀ ਨਕਦ ਫ਼ੀਸ ਦਾ ਹਿੱਸਾ ਹੁੰਦੀਆਂ ਸਨ। ਉਹਨੂੰ ਇਹ ਦੱਸਦਿਆਂ ਵੀ ਕਦੀ ਅੱਖ ਨੀਵੀਂ ਨਹੀਂ ਸੀ ਕਰਨੀ ਪਈ ਕਿ ਉਹਨੂੰ ਪ੍ਰੀਤ-ਲੜੀ ਦਾ ਪਾਠਕ ਹੋਣ ਕਰ ਕੇ ਇੱਕ ਵਾਰ ਗੁਰਦਵਾਰੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹ ਤਾਂ ਇਹ ਵੀ ਦੱਸ ਦਿੰਦਾ ਸੀ ਕਿ ਉਹਨੂੰ ਉਹਦਾ ਮੂੰਹ ਕਾਲਾ ਕਰਨ ਤੇ ਜੁੱਤੀਆਂ ਦਾ ਹਾਰ ਉਹਦੇ ਗਲ ਵਿਚ ਪਾਉਣ ਦਾ ਡਰਾਵਾ ਵੀ ਦਿੱਤਾ ਗਿਆ ਸੀ। ਇਹ ਉਹਦਾ ਹੀ ਜਿਗਰਾ ਸੀ ਕਿ ਇੱਕ ਵਾਰ ਭਰੇ ਪੰਡਾਲ ਵਿਚ ਕਿਸੇ ਵਿਰੋਧੀ ਨੇ ਕਿਹਾ, “ਪਾਰਸ ਤੇੜ ਕਛਹਿਰਾ ਨਹੀਂ ਪਾਉਂਦਾ, ਸ਼ਰਾਬ ਪੀਂਦਾ ਐ। ਇਹਨੂੰ ਸਟੇਜ `ਤੇ ਨਹੀਂ ਬੋਲਣ ਦੇਣਾ ਚਾਹੀਦਾ।” ਤਾਂ ਉਹਨੇ ਬੇਖੌਫ਼ ਹੋ ਕੇ ਕਿਹਾ ਸੀ, “ਭਰਾਵੋ! ਇਸ ਸੱਜਣ ਨੇ ਜੋ ਕੁੱਝ ਮੇਰੇ ਬਾਰੇ ਕਿਹਾ ਐ, ਉਹ ਸਭ ਸੱਚ ਏ। ਮੈਂ ਇਸਤਰ੍ਹਾਂ ਦਾ ਹੀ ਆਂ। ਹੁਣ ਜੇ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਓ ਤਾਂ ਵੀ ਠੀਕ ਐ। ਨਹੀਂ ਤਾਂ ਮੈਂ ਹੁਣੇ ਤੁਰ ਜਾਨਾ।”
ਏਨੇ ਸਹਿਜ ਨਾਲ ਆਪਣੀਆਂ ਖ਼ਾਮੀਆਂ ਨੂੰ ਸਵੀਕਾਰ ਕਰਨ ਵਾਲੇ ਨਾਲ ਲਾਡ ਕਰਨ ਨੂੰ ਕਿਸ ਦਾ ਚਿੱਤ ਨਹੀਂ ਕਰੇਗਾ! ਉਹ ਉਨ੍ਹਾਂ ਸੈਂਕੜੇ ਪ੍ਰਚਾਰਕਾਂ ਨਾਲੋਂ ਚੰਗਾ ਸੀ ਜੋ ਸਟੇਜ `ਤੇ ਪਰਚਾਰ ਤਾਂ ਹੋਰ ਕਰਦੇ ਨੇ ਪਰ ਵਿਹਾਰ ਵਿਚ ਕੁੱਝ ਹੋਰ ਹੀ ਨਿਕਲ ਆਉਂਦੇ ਨੇ। ਆਪਣੇ ਨੁਕਸਾਂ ਨੂੰ ਸਹਿਜ-ਭਾ ਮੰਨ ਲੈਣਾ ਭਰੇ-ਪੂਰੇ, ਮੁਕੰਮਲ, ਬੇਖੌਫ਼ ਤੇ ਬੁਲੰਦ ਬੰਦੇ ਦਾ ਹੀ ਜਿਗਰਾ ਹੈ। ਪਾਰਸ ਜ਼ਿੰਦਗੀ ਦੇ ਰਸਾਂ-ਕਸਾਂ ਨੂੰ ਮਾਣਦਾ ਹੋਇਆ, ਰੂਹ ਦੇ ਰੱਜ ਤੱਕ ਜਿਊਣ ਵਾਲਾ ਬੰਦਾ ਸੀ। ਏਸੇ ਕਰ ਕੇ ਉਹ ਮੈਨੂੰ ਜਿਊਂਦੇ ਜਾਗਦੇ ਪੰਜਾਬੀ ਦਾ ਪ੍ਰਤੀਨਿਧ ਨਮੂਨਾ ਲੱਗਦਾ ਹੈ।
ਜਿਵੇਂ ਅਸੀਂ ਦੱਸਿਆ ਹੈ ਕਿ ਬੇਝਿਜਕ ਹੋ ਕੇ ਖ਼ਰੀ ਗੱਲ ਕਹਿ ਦੇਣਾ ਉਸਦੇ ਸੁਭਾਅ ਦਾ ਹਿੱਸਾ ਸੀ। ਸੱਚ ਕਹਿਣ ਵਿਚ ਤਾਂ ਨਾ ਉਹ ‘ਸਕੇ ਪਿਓ’ ਦਾ ਲਿਹਾਜ ਕਰਦਾ ਸੀ, ਨਾ ‘ਸਕੇ ਪੁੱਤ’ ਦਾ। ਉਦੋਂ ਬਲਵੰਤ ਸਿੰਘ ਰਾਮੂਵਾਲੀਏ ਦੀ ਲੋਕ-ਭਲਾਈ ਪਾਰਟੀ ਦਾ ਚੰਗਾ ਵੱਜ ਸੀ। ਪਾਰਸ ਨੂੰ ਇਹਦੀ ਖ਼ੁਸ਼ੀ ਵੀ ਸੀ। ਪੁੱਤ ਤਰੱਕੀ ਕਰੇ, ਕੌਣ ਨਹੀਂ ਚਾਹੁੰਦਾ। ਮੈਂ ਸਹਿਵਨ ਪੁੱਛ ਲਿਆ, “ਤੁਹਾਨੂੰ ਪਾਰਟੀ ਦਾ ਭਵਿੱਖ ਕਿਵੇਂ ਲੱਗਦੈ?”
ਉਹਦਾ ਬੜਾ ਨਪਿਆ-ਤੁਲਿਆ ਤੇ ਸਾਫ਼ ਜਵਾਬ ਸੀ, “ਸਾਡੀਆਂ ਰਾਜਨੀਤਕ ਪਾਰਟੀਆਂ ਦਾ ਦੁਖਾਂਤ ਹੈ ਕਿ ਇਨ੍ਹਾਂ ਦੀ ਉਸਾਰੀ ਹੇਠੋਂ ਹੋਣੀ ਚਾਹੀਦੀ ਏ ਕਿਉਂਕਿ ਨੀਂਹ ਤੋਂ ਬਿਨਾ ਮਕਾਨ ਨਹੀਂ ਉਸਰਦੇ। ਪਿੰਡ ਪੱਧਰ ਦੀਆਂ ਇਕਾਈਆਂ ਤੋਂ ਉਪਰ ਨੂੰ ਤੁਰ ਕੇ ਹੀ ਰਾਜਨੀਤਕ ਆਗੂਆਂ ਦੀ ਚੋਣ ਹੋਣੀ ਚਾਹੀਦੀ ਏ। ਪਰ ਏਥੇ ਪਾਰਟੀਆਂ ਦੇ ਸਿਰ `ਤੇ ਬੈਠੇ ਉਤਲੇ ਲੀਡਰ ਹੇਠਲੇ ਲੀਡਰਾਂ ਨੂੰ ‘ਬਣਾਉਂਦੇ’ ਜਾਂ ‘ਲਾਹੁੰਦੇ’ ਨੇ। ਪਾਰਟੀ ਦਾ ਢਾਂਚਾ ਹੋਣਾ ਤਾਂ ਚਾਹੀਦਾ ਏ ਆਮ ਪਾਰਟੀ-ਮੈਂਬਰਾਂ ਦੀ ਮੁੱਠੀ ਵਿਚ, ਪਰ ਏਥੇ ਪਾਰਟੀ ਦਾ ਢਾਂਚਾ ਹੁੰਦਾ ਏ ਇੱਕ ਆਦਮੀ ਜਾਂ ਕੁੱਝ ਆਦਮੀਆਂ ਜਾਂ ਕਿਸੇ ਇੱਕ ਪਰਿਵਾਰ ਦੀ ਮੁੱਠੀ ਵਿਚ। ਜਿਹੜੀਆਂ ਪਾਰਟੀਆਂ ਦੀ ਜਾਨ ਇਕੋ ‘ਤੋਤੇ’ ਦੇ ਹੱਥਾਂ ਵਿਚ ਹੋਵੇ, ਉਹਦੇ ਭਵਿੱਖ ਦਾ ਐਲਾਨ ਕਰਨਾ ਸੌਖਾ ਨਹੀਂ। ਤੋਤਾ ਉਡਾਰੀ ਮਾਰ ਗਿਆ ਤਾਂ ਸਮਝੋ ਪਾਰਟੀ ਵੀ ਉੱਡ ਗਈ।”
ਉਹਦਾ ਰਾਜਨੀਤਕ ਪਾਰਟੀਆਂ ਬਾਰੇ ਵਿਸ਼ਲੇਸ਼ਣ ਸਭਨਾਂ ਪਾਰਟੀਆਂ `ਤੇ ਬਰਾਬਰ ਲਾਗੂ ਹੁੰਦਾ ਹੈ। ਤੇ ‘ਲੋਕ ਭਲਾਈ ਪਾਰਟੀ’ ਬਾਰੇ ਉਹਦੀ ਕੀਤੀ ਭਵਿੱਖਬਾਣੀ ਬਾਅਦ ਵਿਚ ਐਨ ਸੱਚ ਹੋ ਨਿੱਬੜੀ।
ਪਾਰਸ ਦੀ ‘ਪਾਰਸ-ਛੁਹ’ ਨਾਲ ਲਿਸ਼ਕਾਏ ਸੈਂਕੜੇ ਕਵੀਸ਼ਰ, ਉਸਦੇ ‘ਸ਼ਾਗਿਰਦਾਂ’ ਨੇ, ਉਸਦੇ ਨਾਂ ਦੀ ਚਮਕ ਨੂੰ, ਉਸ ਵਾਂਗ ਹੀ ਦੇਸ਼-ਵਿਦੇਸ਼ ਵਿਚ ਫ਼ੈਲਾਇਆ। ਇੰਜ ਪਾਰਸ ਨੇ ਕਵੀਸ਼ਰੀ ਦੀ ਮਹਾਨ ਪਰੰਪਰਾ ਨੂੰ ਫੈਲਾਉਣ ਦੇ ਨਾਲ ਨਾਲ ਜਿਊਂਦੀ ਰੱਖਣ ਦਾ ਕਾਰਜ ਵੀ ਕੀਤਾ। ਜਿਹੜੇ ਕਵੀਸ਼ਰ ਸਿੱਧੇ ਤੌਰ ਤੇ ਉਸਦੇ ਸ਼ਾਗਿਰਦ ਨਹੀਂ ਵੀ ਸਨ, ਉਹ ਵੀ ਉਸਦੀਆਂ ਕਵਿਤਾਵਾਂ ਪਿੱਛੇ ਆਪਣਾ ਨਾਂ ਜੋੜ ਕੇ ਉਸਦੇ ਹਵਾਲੇ ਨਾਲ ਹੀ ਸਥਾਪਤ ਹੋਣ ਦੇ ਯਤਨ ਵਿਚ ਲੱਗੇ ਰਹਿੰਦੇ। ਢਾਡੀ ਪਰੰਪਰਾ ਨੂੰ ਸਥਾਪਤ ਅਤੇ ਵਿਕਸਿਤ ਕਰਨ ਵਿਚ ਜਿੱਡਾ ਵੱਡਾ ਨਾਂ ਗਿਆਨੀ ਸੋਹਣ ਸਿੰਘ ਸੀਤਲ ਦਾ ਹੈ, ਕਵੀਸ਼ਰੀ ਦੀ ਪਰੰਪਰਾ ਵਿਚ ਕਰਨੈਲ ਸਿੰਘ ਪਾਰਸ ਵੀ ਓਡਾ-ਕੇਡਾ ਨਾਂ ਹੈ।
ਪੜ੍ਹਦੇ ਰਹਿਣਾ ਅਤੇ ਨਿਰੰਤਰ ਅਧਿਅਨ ਕਰਦੇ ਰਹਿਣਾ ਉਸਨੂੰ ਸਾਹ ਲੈਣ ਵਰਗਾ ਕਾਰਜ ਹੀ ਲੱਗਦਾ ਸੀ। ਉਮਰ ਦੇ ਅੰਤਲੇ ਦਿਨਾਂ ਤੱਕ ਉਸਨੇ ਆਪਣੇ ਇਸ ਸ਼ੌਕ ਨੂੰ ਜਿਊਂਦੇ ਰੱਖਿਆ।
ਚੰਗੀ ਲਿਖਤ ਦਾ ਉਹ ਡੱਲ੍ਹ ਡੁੱਲ੍ਹ ਪੈਂਦਾ ਆਸ਼ਕ ਸੀ। ਜਿਸ ਕਿਸੇ ਦੀ ਕੋਈ ਲਿਖਤ ਉਸਨੂੰ ਚੰਗੀ ਲੱਗਦੀ ਤਾਂ ਲੇਖਕ ਭਾਵੇਂ ਉਸਦੇ ਪੋਤਰਿਆਂ ਦੇ ਹਾਣ ਦਾ ਹੁੰਦਾ, ਉਹ ਉਸਨੂੰ ਫ਼ੋਨ ਕਰਦਾ; ਪਹੁੰਚ ਵਿਚ ਹੁੰਦਾ ਤਾਂ ਭਾਵੇਂ ਕਨੇਡਾ ਬੈਠਾ ਹੁੰਦਾ ਜਾਂ ਪੰਜਾਬ ਵਿਚ, ਕਾਰ ਕਢਵਾਉਂਦਾ `ਤੇ ਕਿਸੇ ਆਪਣੇ ਦੇ ਸਾਥ ਵਿਚ ਲੇਖਕ ਦੇ ਘਰ ਤੱਕ ਵੀ ਪਹੁੰਚ ਜਾਂਦਾ। ਲਿਖਤ ਲਿਖਣ ਵਾਲੇ ਉਸਦੇ ਹੱਥਾਂ ਨੂੰ ਚੁੰਮਦਾ, ਲਾਡ ਕਰਦਾ ਤੇ ਚੰਗੀ ਲਿਖਤ ਲਿਖਣ ਦੇ ਸ਼ਗਨ ਵਜੋਂ ਸੌ ਜਾਂ ਪੰਜ ਸੌ ਦਾ ਨੋਟ ਉਸਦੇ ਸਿਰ ਤੋਂ ਵਾਰ ਕੇ ਉਹਦੀ ਜੇਬ ਵਿਚ ਪਾ ਦਿੰਦਾ। ਚਾਅ ਵਿਚ ਭਰ ਕੇ ਉਹਦੀਆਂ ਅੱਖਾਂ `ਚੋਂ ਖ਼ੁਸ਼ੀ ਦੇ ਅੱਥਰੂ ਡੁੱਲ੍ਹਣ ਲੱਗਦੇ।
ਆਪਣੀ ਧਰਤੀ ਤੇ ਆਪਣੇ ਲੋਕਾਂ ਨਾਲ ਉਸਦੇ ਡੂੰਘੇ ਮੋਹ ਦੀ ਮਿਸਾਲ ਹੀ ਹੈ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਰਹਿੰਦਾ ਤਾਂ ਭਾਵੇਂ ਕਨੇਡਾ ਵਿਚ ਆਪਣੇ ਬੱਚਿਆਂ ਕੋਲ ਸੀ ਪਰ ਸਿਆਲ ਦੇ ਦਿਨਾਂ ਵਿਚ ਛੇ ਮਹੀਨੇ ਆਪਣੇ ਪਿੰਡ ਰਾਮੂਵਾਲੇ ਹੀ ਕੱਟਦਾ। ਉਸ ਕੋਲ ਮਿਲਣ ਆਉਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ। ਹਰ ਕਿਸਮ ਦੀ ਖਾਣ-ਪੀਣ ਦੀ ਸੇਵਾ ਤੋਂ ਇਲਾਵਾ ਉਹ ਆਪਣੇ ਸ਼ਬਦਾਂ ਦੇ ਅਨਾਰਾਂ ਨਾਲ ਉਨ੍ਹਾਂ ਦੀ ਰੂਹ ਰੁਸ਼ਨਾਉਂਦਾ ਰਹਿੰਦਾ।
ਉਸਦੇ ਪਿੰਡ ਦਾ ਹਾਈ ਸਕੂਲ ਉਸਦੇ ਨਾਂ `ਤੇ ਬਣਿਆ ਹੋਇਆ ਹੈ। ਉਹ ਹਰੇਕ ਸਾਲ ਆਪਣੇ ਕੋਲੋਂ ਲੱਖਾਂ ਰੁਪਈਏ ਆਪਣੇ ਪਿੰਡ ਦੀ ਭਲਾਈ ਵਾਸਤੇ ਖ਼ਰਚਦਾ। ਉਸਨੇ ਆਪਣੇ ਖ਼ਰਚ `ਤੇ ਪਿੰਡ ਵਿਚ ਬਿਰਧ-ਘਰ, ਡਿਸਪੈਂਸਰੀ, ਲਾਇਬ੍ਰੇਰੀ, ਜਿਮਖਾਨਾ, ਦਲਿਤਾਂ ਲਈ ਧਰਮਸਾਲਾ ਬਣਵਾ ਕੇ ਦਿੱਤੇ। ਉਹ ਗੁਰੂ ਨਾਨਕ ਦਾ ਸੱਚਾ ਸਿੱਖ ਸੀ। ਉਸਨੂੰ ਆਪਣੇ ਲੋਕਾਂ ਲਈ ਆਪਾ ਲੁਟਾਉਣ ਦਾ ਚਾਅ ਰਹਿੰਦਾ ਸੀ। ਬਾਬੇ ਨਾਨਕ ਵਾਂਗ ਹੀ ਉਸਨੂੰ ਜਾਤਾਂ ਪਾਤਾਂ ਦੇ ਆਧਾਰ `ਤੇ ਵੰਡਿਆ ਸਮਾਜ ਪਰਵਾਨ ਨਹੀਂ ਸੀ, ਇਸੇ ਕਰਕੇ ਜਦੋ ਉਸਨੇ ਆਪਣੇ ਪਿੰਡ ਦੇ ਸਿਵਿਆਂ ਨੂੰ ਸਵਾਰਨ ਲਈ ਦਾਨ ਦਿੱਤਾ ਤਾਂ ‘ਤਥਾ-ਕਥਿਤ’ ਸਵਰਨ ਜਾਤੀਆਂ ਦੇ ਸਿਵਿਆਂ ਨਾਲੋਂ ਦਲਿਤ ਜਾਤੀਆਂ ਦੇ ਸਿਵਿਆਂ ਲਈ ਦੁਗਣੇ ਪੈਸੇ ਦਿੱਤੇ ਸਨ। ਉਹਨੇ ਤਾਂ ਇਹ ਵੀ ਐਲਾਨ ਕੀਤਾ ਹੋਇਆ ਸੀ ਕਿ ਉਹਦੇ ਮਰਨ ਤੋਂ ਬਾਅਦ ਉਹਦਾ ਸਸਕਾਰ ਦਲਿਤਾਂ ਦੇ ਸਿਵਿਆਂ ਵਿਚ ਕੀਤਾ ਜਾਵੇ। ‘ਨੀਚਾਂ ਅੰਦਰ ਨੀਚ’ ਦੇ ਸੰਗ-ਸਾਥ ਦੀ ਇਸਤੋਂ ਵੱਖਰੀ ਕੀ ਮਿਸਾਲ ਹੋ ਸਕਦੀ ਹੈ।
ਸਦਾ-ਬਹਾਰ ਕਵੀਸ਼ਰੀ ਲਿਖਣ ਵਾਲਾ ਸ਼ੋਮਣੀ ਕਵੀਸ਼ਰ ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ ਜੋ 28 ਜੂਨ 1916 ਨੂੰ ਪੈਦਾ ਹੋਇਆ ਸੀ, ਸਦੀ ਦੇ ਨੇੜੇ ਢੁੱਕਦੀ ਉਮਰ ਭੋਗ ਕੇ ਆਖ਼ਰਕਾਰ 28 ਫਰਵਰੀ 2009 ਨੂੰ ਦੁਨਿਆਵੀ ‘ਜੰਕਸ਼ਨ’ ਤੋਂ ਸਦਾ ਲਈ ਤੁਰ ਜਾਣ ਵਾਲੀ ‘ਗੱਡੀ’ ਵਿਚ ਬੈਠ ਕੇ ਅਮੁੱਕ ਸਫ਼ਰ `ਤੇ ਤੁਰ ਗਿਆ ਤੇ ਪਿੱਛੇ ‘ਪਲੇਟਫ਼ਾਰਮ’ `ਤੇ ਖੜੀ ਸਾਡੀ, ਉਸਦੇ ਪ੍ਰਸੰਸਕਾਂ ਤੇ ਪ੍ਰੇਮੀਆਂ ਦੀ ਭੀੜ ਮੋਹ ਭਰੀਆਂ ਅੱਖਾਂ ਨਾਲ ਉਸਨੂੰ ਜਾਂਦੇ ਨੂੰ ਹੱਥ ਹਿਲਾ ਰਹੀ ਹੈ ਤੇ ਉਸਦੀਆਂ ਯਾਦਾਂ ਨੂੰ ਚਿਤਵ ਰਹੀ ਹੈ।
ਸ਼ਬਦ-ਚਿਤਰਾਂ ਦੀ ਛਪ ਰਹੀ ਕਿਤਾਬ ‘ਹੀਰੇ ਬੰਦੇ’ ਵਿਚੋਂ