ਦੁਨੀਆ ਦੀ ਤਾਰੀਖ਼ ਦਾ ਸਭ ਤੋ ਵੱਡਾ ਝੂਠ ਤੇ ਮਜ਼੍ਹਬੀ ਦੁਖਾਂਤ

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
ਸੰਨ ਸੰਤਾਲੀ ਵਿਚ ਪੰਜਾਬੀਆਂ ਨੇ ਕਹਿਰਾਂ ਦੇ ਜ਼ੁਲਮ ਝੱਲੇ। ਲੱਖਾਂ ਲੋਕ ਕਤਲ ਹੋ ਗਏ ਅਤੇ ਲੱਖਾਂ ਹੀ ਉਜੜ ਗਏ। ਅਣਗਿਣਤ ਔਰਤਾਂ ਦੀ ਬੇਪਤੀ ਹੋਈ। ਇਹ ਅਜਿਹਾ ਨਾਸੂਰ ਹੈ ਜੋ ਸਮਾਂ ਬੀਤਣ ਨਾਲ ਵੀ ਠੀਕ ਨਹੀਂ ਹੋਇਆ ਸਗੋਂ ਇਸ ਦੀ ਪੀੜ ਪੀੜ੍ਹੀ-ਦਰ-ਪੀੜ੍ਹੀ ਅਗਾਂਹ ਤੁਰਦੀ ਗਈ ਹੈ।

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੇ ਆਪਣੇ ਇਸ ਲੇਖ ਵਿਚ ਨਫਰਤਾਂ ਦੀ ਸਿਆਸਤ ਬੰਦ ਹੋਣ ਦੀ ਉਮੀਦ ਜ਼ਾਹਿਰ ਕੀਤੀ ਹੈ।
ਖੁਲ੍ਹੇਆਮ ਅਵਾਰਾ ਘੁੰਮਣ ਫਿਰਨ ਨੂੰ ਅਜ਼ਾਦੀ ਨਹੀਂਂ ਕਹਿੰਦੇ ਬਲਕਿ ਅਜ਼ਾਦੀ ਉਹ ਹੁੰਦੀ ਹੈ, ਜਦੋਂ ਕੋਈ ਵਿਅਕਤੀ ਜਾਂ ਕੌਮ ਮਾਨਸਿਕ ਤੌਰ ‘ਤੇ ਅਜਾਦ ਹੋਵੇ ਤੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਬਿਨਾ ਕਿਸੇ ਬਾਹਰੀ ਡਰ ਜਾਂ ਦਬਾਅ ਦੇ ਕਰ ਸਕੇ। ਅਜਾਦੀ ਉਹ ਵੀ ਹੁੰਦੀ ਹੈ, ਜਦੋ ਸਭ ਆਪਸ ਵਿਚ ਮਿਲ ਬੈਠਣ, ਬਿਨਾ ਕਿਸੇ ਭਿੰਨ-ਭੇਦ ਦੇ ਵਿਚਰ ਸਕਣ, ਮਜ੍ਹਬਾਂ ਤੇ ਜਾਤਾਂ-ਗੋਤਾਂ ਦਾ ਜਾਂ ਫਿਰ ਅਮੀਰ ਤੇ ਗਰੀਬ, ਤਕੜੇ ਤੇ ਮਾੜੇ ਦੇ ਅਧਾਰ ‘ਤੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਮਜ੍ਹਬਾਂ ਦੇ ਅਧਾਰ ‘ਤੇ ਵੰਡੀਆਂ, ਖੂਨ ਖਰਾਬਾ ਤੇ ਫਿਰਕੂ ਨਫਰਤ ਨੂੰ ਕਦੇ ਵੀ ਅਜਾਦੀ ਨਹੀਂਂ ਕਿਹਾ ਦਾ ਸਕਦਾ। ਇਸ ਕਰਕੇ 1947 ਚ ਹਿੰਦੁਸਤਾਨ ਨਾਮਕ ਮੁਲਕ ਦੇ, ਮਜ੍ਹਬੀ ਅਧਾਰ ‘ਤੇ ਹੋਏ ਦੋ ਟੁਕੜਿਆਂ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦੀ ਦਾ ਨਾਮ ਕਦਾਚਿਤ ਨਹੀਂਂ ਦਿੱਤਾ ਜਾ ਸਕਦਾ। ਦਰਅਸਲ ਇਹ ਦੁਨੀਆ ਦਾ ਸਭ ਵੱਡਾ ਮਜ਼੍ਹਬੀ ਬਟਵਾਰਾ ਅਤੇ ਖੂਨੀ ਕਾਂਡ ਸੀ, ਪਰ ਹੈਰਾਨੀ ਤੇ ਸਿਤਮਜ਼ਰੀਫੀ ਇਹ ਹੈ ਕਿ ਅੱਜ 76 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਉਕਤ ਖੂਨੀ ਕਾਂਡ ਨੂੰ ਬਹੁਤ ਹੀ ਸੋਚੀ-ਸਮਝੀ ਸ਼ਾਜਿæਸ਼ ਤਹਿਤ ਅਜ਼ਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ।
ਇਹ ਕੰਧ ‘ਤੇ ਉੱਕਰਿਆ ਸੱਚ ਹੈ ਕਿ 14 ਤੇ 15 ਅਗਸਤ 1947 ਨੂੰ ਭਾਰਤ ਤੇ ਪਾਕਿਸਤਾਨ ਆਜਾਦ ਨਹੀਂ, ਬਲਕਿ ਸੋਨੇ ਦੀ ਚਿੜੀ ਮੰਨਿਆ ਜਾਣ ਵਾਲਾ ਦੁਨੀਆ ਦਾ ਇਕ ਬਹੁਤ ਹੀ ਅਮੀਰ ਮੁਲਕ ਹਿੰਦੁਸਤਾਨ ਟੋਟੇ-ਟੋਟੇ ਹੋਇਆ ਸੀ, ਜਿਸ ਦਾ ਇਲਜਾਮ ਬਾਅਦ ਵਿਚ ਅੰਗ੍ਰੇਜ਼ਾ ਸਿਰ ਮੜ੍ਹਿਆ ਗਿਆ। ਮੈਂ ਕਰਤਾਰ ਪੁਰ ਲਾਂਘੇ ਨੂੰ ਲੈ ਕੇ ਜਦ ਇਸ ਵਿਸ਼ੇ ਉਤੇ ਖੋਜ ਕੀਤੀ ਤਾਂ ਅਜਿਹੇ ਬਹੁਤ ਸਾਰੇ ਇੰਕਸਾਫ ਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਜਿਨ੍ਹਾਂ ਨੁੰ ਦੇਖ-ਪੜ੍ਹ ਕੇ ਅਕਲ ਦੰਗ ਰਹਿ ਗਈ। ਇਸ ਤਰਾਂ ਜਾਪਣ ਲੱਗਾ ਕਿ ਦੇਸ਼ ਦੀ ਵੰਡ ਕਰਾਉਣ ਵਾਲੇ ਅਸਲ ਕਸੂਰਵਾਰਾਂ ਵੱਲੋਂ ਆਪਣੀਆਂ ਕਾਲੀਆਂ ਕਰਤੂਤਾਂ ‘ਤੇ ਪਰਦਾ ਪਾਉਣ ਵਾਸਤੇ ਅੰਗ੍ਰੇਜਾਂ ਨੂੰ ਖਾਹਮਖਾਹ ਹੀ ਇੱਕ ਬੜੀ ਗਹਿਰੀ ਸ਼ਾਜਿਸ ਤਹਿਤ ਬਦਨਾਮ ਕੀਤਾ ਜਾਂਦਾ ਰਿਹਾ ਕਿ ਉਹ “ਪਾੜੋ ਤੇ ਰਾਜ ਕਰੋ” ਦੀ ਨੀਤੀ ‘ਤੇ ਚਲ ਕੇ ਰਾਜ ਕਰਦੇ ਸਨ ਤੇ ਮੁਲਕ ਛੱਡਣ ਵੇਲੇ ਇਸ ਨੁੰ ਦੋ ਹਿੱਸਿਆ ‘ਚ ਵੰਡ ਗਏ, ਜਦ ਕਿ ਅਸਲੀਅਤ ਇਸ ਤੋ ਬਿਲਕੁਲ ਉਲਟ ਹੈ।
ਅਸਲ ਵਿਚ ਪਹਿਲਾਂ ਇਤਿਹਾਸ ਗਲਤ ਲਿਖਿਆ ਜਾਂ ਲਿਖਵਾਇਆ ਗਿਆ ਤੇ ਫਿਰ ਸਾਡੇ ਲੋਕਾਂ ਨੁੰ ਅੱਜ ਤੱਕ ਪੜ੍ਹਾਇਆ ਜਾਂਦਾ ਰਿਹਾ। ਇਤਿਹਾਸਕ ਹਵਾਲਿਆ ਮੁਤਾਬਿਕ ਅੰਗ੍ਰੇਜ ਹਿੰਦੁਸਤਾਨ ਨੂੰ ਅਖੰਡ ਰੂਪ ‘ਚ ਆਜਾਦ ਕਰਨਾ ਚਾਹੁੰਦੇ ਸੀ। ਉਹ ਕਦੇ ਵੀ ਨਹੀਂਂ ਸਨ ਚਾਹੁੰਦੇ ਕਿ ਇਸ ਮੁਲਕ ਦੇ ਟੁਕੜੇ ਹੋਣ।
ਹਵਾਲੇ ਵਜੋਂ, 3 ਜੂਨ 1947 ਨੂੰ ਹਿੰਦੁਸਤਾਨ ਦੇ ਬਟਵਾਰੇ ਦਾ ਰੇਡੀਓ ਤੋਂ ਐਲਾਨ ਕਰਦਿਆਂ ਵਾਇਸਰਾਏ ਲੌਰਡ ਮਾਊਂਟ ਬੈਟਨ ਨੇ ਕਿਹਾ ਸੀ,
“ਇਸ ਬਟਵਾਰੇ ਦਾ ਮੈਨੁੰ ਬਹੁਤ ਦੁੱਖ ਹੈ। ਮੈਂ ਇਹ ਚਾਹੁੰਦਾ ਸੀ ਕਿ ਸਾਰੀਆਂ ਧਿਰਾਂ ਦੀ ਆਮ ਸਹਿਮਤੀ ਨਾਲ ਇਕ ਅਖੰਡ ਹਿੰਦੁਸਤਾਨ ਨੂੰ ਸੁਤੰਤਰਤਾ ਦਿੱਤੀ ਜਾਵੇ, ਪਰ ਅਸੀਂ ਇਸ ਦਿਸ਼ਾ ਵਿਚ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਹਿੰਦੁਸਤਾਨੀ ਨੇਤਾਵਾਂ ਤੋਂ ਕੋਈ ਵੀ ਅਜਿਹੀ ਤਜਵੀਜ ਮਨਵਾਉਣ ‘ਚ ਕਾਮਸਾਬ ਨਹੀਂ ਹੋ ਸਕੇ——ਮੁਸਲਿਮ ਲੀਗ ਪਾਕਿਸਤਾਨ ਚਾਹੁੰਦੀ ਹੈ—-ਕਾਂਗਰਸ ਕਹਿੰਦੀ ਹੈ, ਇਸ ਬਟਵਾਰੇ ਨੂੰ ਜਲਦੀ ਤੋ ਜਲਦੀ ਲਾਗੂ ਕੀਤਾ ਜਾਵੇ——ਇਸ ਕਰਕੇ ਪੰਜਾਬ, ਬੰਗਾਲ, ਆਸਾਮ ਤੇ ਗੁਜਰਾਤ ਦਾ ਬਟਵਾਰਾ ਵੀ ਕਰਨਾ ਪਵੇਗਾ, ਜਿਸ ਵਾਸਤੇ ਇਕ ਨਿਆਂਇਕ ਕਮਿਸ਼ਨ ਸਥਾਪਿਤ ਕੀਤਾ ਜਾਵੇਗਾ, ਜੋ ਇਸ ਦਿਸ਼ਾ ਵਿਚ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰੇਗਾ।——ਮੈਂ ਸਿੱਖਾਂ ਵਾਸਤੇ ਬਹੁਤ ਚਿੰਤਤ ਹਾਂ ਕਿਉਂਕਿ ਪੰਜਾਬ ਦਾ ਬਟਵਾਰਾ ਹਰ ਹਾਲਤ ਵਿਚ ਉਨ੍ਹਾਂ ਦੀ ਕੌਮ ਦਾ ਬਟਵਾਰਾ ਹੋਵੇਗਾ, ਪਰ ਸਿੱਖ ਨੇਤਾ ਇਸ ਬਟਵਾਰੇ ਦੇ ਹੱਕ ਵਿਚ ਹਨ।”
ਵਾਇਸਰਾਏ ਦੇ ਉਕਤ ਐਲਾਨ ਤੋਂ ਇਕ ਦਿਨ ਬਾਅਦ ਭਾਵ 4 ਜੂਨ 1947 ਨੂੰ ਮਹਾਤਮਾ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਕਿ,
“ਬਰਤਾਨੀਆ ਸਰਕਾਰ ਮੁਲਕ ਨੂੰ ਵੰਡਣ ਦੇ ਹੱਕ ਵਿਚ ਬਿਲਕੁਲ ਵੀ ਨਹੀਂ ਸੀ, ਪਰ ਜੇਕਰ ਦੇਸ਼ ਦੇ ਹਿੰਦੂ ਤੇ ਮੁਸਲਮਾਨ ਆਗੂ ਹੀ ਜਿੱਦ ਕਰਨ ਤਾਂ ਅਜਿਹੇ ਹਾਲਾਤਾਂ ਵਿਚ ਅੰਗਰੇਜ ਕੀ ਕਰਨ?”
ਦਰਅਸਲ ਅੰਗਰੇਜਾਂ ਨੂੰ 1947 ‘ਚ ਮੁਲਕ ਦੀ ਵੰਡ ਨਾ ਚਾਹੁੰਦਿਆ ਹੋਇਆਂ ਵੀ ਕਰਨ ਵਾਸਤੇ ਮਜਬੂਰ ਕੀਤਾ ਗਿਆ, ਪਰ ਫਿਰ ਵੀ ਉਨ੍ਹਾਂ ਇਸ ਵੰਡ ਸਮੇ ਆਪਣੀ ਮਰਜੀ ਬਿਲਕੁਲ ਨਹੀਂ ਕੀਤੀ, ਸਗੋਂ ਜੋ ਵੀ ਮਤੇ ਪਾਏ ਉਨ੍ਹਾਂ ਉਤੇ ਰਾਇਸ਼ੁਮਾਰੀ ਕਰਵਾ ਕੇ ਹਿੰਦੁਸਤਾਨੀ ਨੇਤਾਵਾਂ ਦੀ ਲਿਖਤੀ ਸਹਿਮਤੀ ਲਈ ਤੇ ਅੱਗੋਂ ਉਸੇ ਅਧਾਰ ‘ਤੇ ਕਾਰਵਾਈਆਂ ਕੀਤੀਆਂ। ਗੱਲ ਭਾਵੇਂ ੀਨਦiਅਨ ਨਿਦੲਪੲਨਦੲਨਚੲ ੳਛਠ ਨੂੰ ਪਾਸ ਕਰਨ ਦੀ ਹੋਵੇ, ਬਟਵਾਰਾ ਕਮਿਸ਼ਨ ਬਿਠਾਉਣ ਦੀ, ਹੱਦਬੰਦੀ ਸੰਬੰਧੀ ਨਿਆਂਇਕ ਕਮਿਸ਼ਨ ਬਣਾਉਣ ਜਾਂ ਫਿਰ ਹੋਰ ਮਸਲਿਆਂ ਨੂੰ ਤਹਿ ਕਰਨ ਦੀ, ਅੰਗਰੇਜਾਂ ਨੇ ਤਾਂ ਸਿਰਫ ਮੌਕੇ ਦੇ ਹਿੰਦੂ, ਮੁਸਲਮ ਤੇ ਸਿੱਖ ਨੇਤਾਵਾਂ ਵਲੋਂ ਜੋ ਕਿਹਾ ਗਿਆ, ਉਸ ਦੇ ਮੁਤਾਬਿਕ ਕਾਰਵਾਈ ਕੀਤੀ, ਉਨ੍ਹਾਂ ਨੇ ਆਪਣੇ ਵਲੋਂ ਕਿਸੇ ‘ਤੇ ਕਦੇ ਵੀ ਕੁੱਝ ਨਹੀਂਂ ਥੋਪਿਆ। ਇਸ ਦੀ ਇਕ ਹੋਰ ਬਹੁਤ ਵੱਡੀ ਉਦਾਹਰਣ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਚ ਪਰਵੇਸ਼ ਕਰਨ ਸਮੇ ਮੁਲਕ ਵਿਚ 567 ਦੇ ਲਗਭਗ ਵੱਡੀਆ-ਛੋਟੀਆਂ ਰਿਆਸਤਾਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਧੱਕੇ ਨਾਲ ਕਬਜੇ ‘ਚ ਕਰਨ ਦੀ ਬਜਾਏ ਇਹ ਖੁਲ੍ਹ ਦਿੱਤੀ ਕਿ ਉਹ ਆਪਣੀ ਮਰਜੀ ਮੁਤਾਬਿਕ ਇਕ ਦੂਸਰੀ ਰਿਆਸਤ ਨਾਲ ਮਿਲ ਕੇ ਰਹਿਣ ਜਾਂ ਸੁਤੰਤਰ, ਪਰ ਆਪਣੀ ਫੌਜ ਨਾ ਰੱਖਣ। ਲੋੜ ਪੈਣ ‘ਤੇ ਬਰਤਾਨਵੀ ਫੌਜ ਉਨ੍ਹਾਂ ਨੂੰ ਹਰ ਲੌੜੀਂਦੀ ਫੌਜੀ ਸਹਾਇਤਾ ਦੇਵੇਗੀ। ਇਸ ਤੋ ਵੀ ਸਾਫ ਹੋ ਜਾਂਦਾ ਹੈ ਕਿ, “ਫੁੱਟ ਪਾਓ ਤੇ ਰਾਜ ਕਰੋ” ਦੀ ਤੌਹਮਤ ਅੰਗਰੇਜਾਂ ਸਿਰ ਬਿਨਾਂ ਕਿਸੇ ਵਜ੍ਹਾ ਸਿਰਫ ਹਿੰਦੂ, ਮੁਸਲਿਮ ਤੇ ਸਿੱਖ ਨੇਤਾਵਾਂ ਵਲੋ ਆਪਣੇ ਕਾਲੇ ਕਾਰਨਾਮੇ ਲੁਕੌਣ ਵਾਸਤੇ ਲਗਾਈ ਗਈ ਤੇ ਅੱਜ ਤੱਕ ਲਗਾਈ ਜਾ ਰਹੀ ਹੈ।
ਬਰਤਾਨੀਆ ‘ਚ ਇਸ ਵੇਲੇ 115 ਕੁ ਮੁਲਕਾਂ ਦੇ ਲੋਕ ਰਹਿ ਰਹੇ ਹਨ ਤੇ ਇਥੇ ਕਦੇ ਵੀ ਨਸਲੀ ਦੰਗੇ ਨਹੀਂਂ ਭੜਕੇ, ਜੇਕਰ ਇਹ ਲੋਕ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਚਲਦੇ ਹੁੰਦੇ ਤਾਂ ਫਿਰ ਇਸ ਮੁਲਕ ਦਾ ਹਾਲ ਸ਼ਾਇਦ ਭਾਰਤ ਵਰਗਾ ਹੀ ਹੁੰਦਾ।
ਮੈਂ ਇਹ ਲੇਖ ਕੋਈ ਅਂਗਰੇਜਾਂ ਦੀ ਵਕਾਲਤ ਕਰਨ ਵਾਸਤੇ ਨਹੀਂ ਲਿਖ ਰਿਹਾ, ਮੈਂ ਜਾਣਦਾ ਹਾਂ ਕਿ ਅੰਗਰੇਜ਼ਾਂ ਨੇ ਵੀ ਆਪਣੇ ਰਾਜ-ਕਾਲ ਦੌਰਾਨ ਰੱਜ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਜਲਿਆਂਵਾਲਾ ਬਾਗ ਵਰਗੇ ਖੂਨੀ ਕਾਂਡ ਕੀਤੇ, ਇਹ ਲੇਖ ਲਿਖਣ ਦੇ ਪਿਛੇ ਮੇਰਾ ਅਸਲ ਮਕਸਦ ਇਹ ਹੈ ਕਿ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ। 1947 ਤੋਂ ਪਹਿਲਾਂ ਵੱਖ ਵੱਖ ਧਰਮਾਂ ਨਾਲ ਸੰਬੰਧਤ ਮੁਲਕ ਦੇ ਤਤਕਾਲੀ ਨੇਤਾਵਾਂ ਨੇ ਅੰਗਰੇਜਾਂ ਨੂੰ ਇਹ ਗੱਲ ਚੰਗੀ ਤਰਾਂ ਸਮਝਾ ਦਿੱਤੀ ਸੀ ਕਿ ਅਜਾਦੀ ਤੋਂ ਬਾਅਦ ਵੀ ਉਹ ਕਦੇ ਇਕੱਠੇ ਨਹੀਂਂ ਰਹਿ ਸਕਣਗੇ ਭਾਵ ਕਿ ਫਿਰਕਾ ਪ੍ਰਸਤੀ ਦਾ ਨੰਗਾ ਨਾਚ ਹੁੰਦਾ ਰਹੇਗਾ ਤੇ ਦੰਗੇ ਫ਼ਸਾਦ ਜਾਰੀ ਰਹਿਣਗੇ ਤੇ ਹਿੰਦੁਸਤਾਨੀ ਨੇਤਾਵਾਂ ਨੇ ਇਹ ਸਭ ਕੁੱਝ ਅੰਗਰੇਜ਼ਾਂ ਦੇ ਹਿੰਦੁਸਤਾਨ ਨੂੰ ਛੱਡ ਜਾਣ ਦੇ ਐਲਾਨਨਾਮੇ ਤੋਂ ਤੁਰੰਤ ਬਾਅਦ 14-15 ਅਗਸਤ 1947 ਨੂੰ ਕਰਕੇ ਦਿਖਾ ਵੀ ਦਿੱਤਾ।
ਜਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਵਾਹਗਾ ਸਰਹੱਦ 14-15 ਅਗਸਤ 1947 ਤੱਕ ਬਿਲਕੁਲ ਵੀ ਨਹੀਂ ਸੀ, ਇਸ ਲੀਕ ਦਾ ਐਲਾਨ 17 ਅਗਸਤ 1947 ਦੀ ਸ਼ਾਮ ਨੁੰ ਆਲ ਇੰਡੀਆ ਰੇਡੀਓ ਤੋਂ ਲੌਰਡ ਮਾੳਂੂਟ ਬੈਟਨ ਵਲੋਂ ਕੀਤਾ ਗਿਆ ਸੀ। ਸਿਰਫ ਰੌਲੇ-ਰੱਪੇ ਵਿਚ ਹੀ ਤੇ ਇਸ ਸਰਹੱਦ ਦੀ ਅਣਹੋਂਦ ਵਿਚ ਵੀ 50 ਲੱਖ ਲੋਕਾਂ ਦਾ ਉਜਾੜਾ, 10 ਲੱਖ ਦਾ ਕਤਲ ਤੇ 60,000 ਔਰਤਾ ਦਾ ਬਲਾਤਕਾਰ ਤੇ ਉਧਾਲਾ ਹੋਣਾ ਜਿਥੇ ਅੱਜ ਵੀ ਕਈ ਸਵਾਲ ਖੜ੍ਹੇ ਕਰਦਾ ਹੈ, ਉਥੇ ਦੁਨੀਆ ਦੇ ਇਤਿਹਾਸ ਵਿਚ ਮਜ੍ਹਬ ਦੇ ਅਧਾਰ ‘ਤੇ ਕੀਤੀ ਗਈ ਸਿਆਸਤ ਨਾਲ ਹੋਏ ਸਭ ਤੋਂ ਵੱਡੇ ਖੂਨ-ਖਰਾਬੇ ਦਾ ਕਾਲਾ ਸਿਆਹ ਪੰਨਾ ਦਰਜ ਕਰਕੇ ਮੌਕੇ ਦੇ ਹਿੰਦੁਸਤਾਨੀ ਨੇਤਾਵਾਂ ਦੇ ਮੂੰਹ ਉਤੇ ਕਾਲਖ ਦਾ ਪੋਚਾ ਵੀ ਫੇਰ ਰਿਹਾ ਹੈ।
ਕਬਰਾਂ, ਸ਼ਮਸ਼ਾਨ ਘਾਟਾਂ, ਕਤਲਗਾਹਾਂ ‘ਤੇ ਮੜ੍ਹੀਆ ‘ਤੇ ਕਦੇ ਮੇਲੇ ਨਹੀਂਂ ਲਗਦੇ, ਜਸ਼ਨ ਨਹੀਂਂ ਮਨਾਏ ਜਾਂਦੇ। ਇਨ੍ਹਾਂ ਸਥਾਨਾਂ ‘ਤੇ ਸੋਗ, ਮਾਤਮ, ਸ਼ਰਧਾਂਜਲੀਆਂ ਤੇ ਅਰਦਾਸਾਂ ਕੀਤੀਆਂ ਜਾਂਦੀਆ ਹਨ, ਪਰ ਦੁਨੀਆ ਦੇ ਸਿਰਫ ਦੋ ਮੁਲਕਾਂ, ਭਾਰਤ ਅਤੇ ਪਾਕਿਸਤਾਨ ਚ ਇਥੇ ਵੀ ਉਲਟੀ ਗੰਗਾ ਪਿਹੋਏ ਨੂੰ ਵਹਿ ਰਹੀ ਹੈ। ਵਾਹਗਾ ਸਰਹੱਦ, ਜਿਥੇ ਲੱਖਾਂ ਉਜੜੇ, ਲੱਖਾਂ ਦਾ ਕਤਲ ਹੋਇਆ, ਧਰਤੀ ਖੂਨ ਨਾਲ ਲੱਥ ਪੱਥ ਹੋਈ, ਦਰਿਆਵਾਂ ਦੇ ਪਾਣੀਆ ਦਾ ਰੰਗ ਸੂਹਾ ਲਾਲ ਹੋਇਆ, ਖੂਨ ਦੇ ਦਰਿਆ ਵਗੇ, ਉਥੇ ਝੰਡਾ ਉਤਾਰਨ ਦੀ ਰਸਮ ਦੇ ਬਹਾਨੇ ਹਰ ਰੋਜ ਖੁਸ਼ੀਆ ਚ ਗਿੱਧੇ ਤੇ ਭੰਗੜੇ ਵੀ ਪਾਏ ਜਾਂਦੇ ਹਨ ਤੇ ਦੋਹਾਂ ਮੁਲਕਾਂ ਦੇ ਲੋਕਾਂ ‘ਚ ਨਫਰਤੀ ਜਹਿਰ ਵੀ ਕੁੱਟ-ਕੁੱਟ ਕੇ ਭਰਿਆ ਜਾ ਰਿਹਾ ਹੈ, ਜਿਸ ਤੋਂ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀਂ ਕਿ ਮੁਲਕ ਦੀ ਵੰਡ ਦੇ ਅਸਲ ਜਿੰਮੇਵਾਰ ਕੋਣ ਰਹੇ ਹਨ।
ਮੁਕਦੀ ਗੱਲ ਇਹ ਹੈ ਕਿ ਜਿਸ ਨੂੰ ਅਜਾਦੀ ਸਮਝ ਕੇ ਦੋਹਾਂ ਮੁਲਕਾਂ ਚ ਅੱਜ ਜਸ਼ਨ ਮਨਾਏ ਜਾ ਰਹੇ ਹਨ, ਉਹ ਅਸਲ ਵਿਚ ਮਜ੍ਹਬ ਦੇ ਅਧਾਰ ‘ਤੇ ਸਾਡੇ ਉਸ ਵੇਲੇ ਦੇ ਨਾਅਹਿਲ ਆਗੂਆਂ ਵਲੋਂ ਲਿਖੀ ਹੋਈ ਸਾਡੀ ਬਰਬਾਦੀ ਦੀ ਦਾਸਤਾਨ ਹੈ, ਜਿਸ ਉਤੇ ਸੋਗ ਮਨਾਉਣ ਦੀ ਬਜਾਏ ਅਸੀਂ ਅਜੋਕੇ ਫਿਰਕੂ ਆਗੂਆਂ ਦੀ ਅਗਵਾਈ ਹੇਠ ਬਿਨਾ ਸੋਚੇ-ਸਮਝੇ ਕਿੰਤੂ ਕੀਤੇ, ਆਪਣੀ ਬਰਬਾਦੀ ਦੀ ਅਧਾਰਸ਼ਿਲਾ ਉੱਤੇ ਨਫਰਤਾਂ ਦਾ ਮਹਿਲ ਸਾਲ ਦਰ ਸਾਲ ਹੋਰ ਪੱਕਾ ਕਰ ਰਹੇ ਹਾਂ। ਭਾਰਤ ਤੇ ਪਾਕਿਸਤਾਨ ਦੋ ਮੁਲਕਾਂ ਦੀ ਗੱਲ ਛੱਡ ਵੀ ਦੇਈਏ ਤਾਂ ਵੀ ਪੰਜਾਬੀਆਂ ਨੂੰ ਤਾਂ ਘੱਟੋ ਘੱਟ ਇਸ ਬਾਰੇ ਜਰੂਰ ਹੀ ਅੱਜ 76 ਸਾਲ ਬਾਅਦ ਸੋਚਣਾ ਬਣਦਾ ਹੈ ਕਿ ਇਸ ਵੰਡ ਦੀ ਵਜ੍ਹਾ ਕਰਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪੂਰੀ ਤਰਾਂ ਬਰਬਾਦ ਹੋ ਗਏ। ਪੰਜਾਬੀਆ ਦੇ ਕਤਲੇਆਮ ਤੋਂ ਬਿਨਾ ਕਿਸੇ ਹੋਰ ਦੀ ਚੀਚੀ ‘ਤੇ ਵੀ ਚੀਰਾ ਤੱਕ ਨਹੀਂ ਆਇਆ ਤੇ ਫਿਰ ਪੰਜਾਬ ਦੀ ਧਰਤੀ ‘ਤੇ ਸਰਹੱਦ ਦੇ ਦੋਹੀਂ ਪਾਸੀਂ ਹਰ ਸਾਲ 14-15 ਅਗਸਤ ਨੂੰ ਕਾਹਦੇ ਜਸ਼ਨ ਮਨਾਏ ਜਾ ਰਹੇ ਹਨ ਤੇ ਇਹ ਝੂਠ ਹੋਰ ਕਿੰਨਾ ਕੁ ਚਿਰ ਬੋਲਿਆ ਜਾਂਦਾ ਰਹੇਗਾ?
ਸਾਫ ਤੇ ਸ਼ਪੱਸ਼ਟ ਲਫ਼ਜ਼ਾਂ ਵਿਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ 1947 ਵਿਚ “ਹਿੰਦੁਸਤਾਨ” ਨਾਮ ਦਾ ਮੁਲਕ ਟੁੱਟ ਕੇ ਦੋ ਟੋਟੇ (ਭਾਰਤ ਤੇ ਪਾਕਿਸਤਾਨ) ਹੋਇਆ, ਜਿਨ੍ਹਾਂ ਵਿਚੋਂ ਭਾਰਤ ਅੰਗਰੇਜ ਸਾਮਰਾਜ ਤੋਂ ਮੁਕਤ ਹੋਇਆ। ਪਾਕਿਸਤਾਨ ਇੱਕ ਨਵੇਂ ਮੁਲਕ ਵਜੋਂ ਆਬਾਦ ਹੋਇਆ ਤੇ ਪੰਜਾਬ ਪੂਰੀ ਤਰਾਂ ਬਰਬਾਦ ਹੋਇਆ। ਇਸ ਵੰਡ ਦਾ ਸਭ ਵੱਧ ਬੁਰਾ ਅਸਰ ਪੰਜਾਬ ਉੱਤੇ ਪਿਆ ਜਿਸ ਕਾਰਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਉਜਾੜੇ ਦਾ ਸ਼ਿਕਾਰ ਹੋਏ। ਪੰਜਾਬ ਇਸ ਵੰਡ ਸਮੇਂ ਚੜ੍ਹਦੇ ਤੇ ਲਹਿੰਦੇ ਵਿਚਕਾਰ ਹੀ ਨਹੀਂ ਵੰਡਿਆ ਗਿਆ ਬਲਕਿ ਚੜ੍ਹਦੇ ਪੰਜਾਬ ਵਿਚਲੇ ਛੋਟੇ ਜਿਹੇ ਪੰਜਾਬ ਦੇ ਅੱਗੋਂ ਫਿਰ ਸੱਤ ਟੁਕੜੇ (ਮੌਜੂਦਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਵਿਚਲੇ ਇਲਾਕੇ, ਪੰਜਾਬੋ ਉਜੜ ਕੇ ਭਾਰਤ ਦੇ ਵੱਖ ਵੱਖ ਹਿੱਸਿਆਂ ਜਾ ਵੱਸਿਆ ਪੰਜਾਬ ਅਤੇ ਪਰਵਾਸੀ ਪੰਜਾਬ) ਕੀਤੇ ਗਏ। ਇਸ ਦੇ ਨਾਲ ਹੀ ਪੰਜਾਬੀ ਬੋਲੀ ਦੀ ਹੋਂਦ ਖਤਮ ਕਰਨ ਵਾਸਤੇ ਬਹੁਤ ਸਾਰੀਆਂ ਸ਼ਾਜਿਸ਼ਾ ਕੀਤੀਆਂ ਗਈਆਂ ਜੋ ਅਜੇ ਵੀ ਬਦਸਤੂਰ ਜਾਰੀ ਹਨ।
ਸੋ 15 ਅਗਸਤ ਦਾ ਦਿਹਾੜਾ ਪੰਜਾਬੀਆ ਵਾਸਤੇ ਇਕ ਕਾਲਾ ਦਿਨ ਹੈ, ਪੰਜਾਬ ਦੀ ਬਰਬਾਦੀ ਦੀ ਦਾਸਤਾਨ ਹੈ, ਮਨੁੱਖੀ ਅਧਿਕਾਰਾ ਦਾ ਚਿੱਟੇ ਦਿਨ ਘਾਣ ਹੈ। ਇਹ ਉਸ ਵੇਲੇ ਹੋਏ ਨਸਲੀ ਖੂਨੀ ਕਾਂਡ ਦੀ ਤਾਰੀਖ ਹੈ, ਇਤਿਹਾਸ ਦਾ ਕਾਲਾ ਧੱਬਾ ਹੈ ਜੋ ਅੱਜ ਵੀ ਤਤਕਾਲੀ ਮਜ਼੍ਹਬੀ ਜਨੂੰਨੀਅਤ ਭਰੇ ਆਗੂਆਂ ਨੂੰ ਲਾਹਨਤਾਂ ਪਾਉਂਦਾ ਹੈ। ਮੈਂ ਭਾਰਤ ਦੀ ਗੱਲ ਨਹੀਂ ਕਰਦਾ ਪਰ ਪੰਜਾਬੀਆਂ ਵਾਸਤੇ ਇਹ ਦੋ ਦਿਨ ਕਿਸੇ ਵੀ ਤਰ੍ਹਾਂ ਜਸ਼ਨਾ ਦੇ ਦਿਨ ਨਹੀਂ ਹਨ। ਪੰਜਾਬੀਆ ਨੂੰ ਇਨ੍ਹਾਂ ਦੋ ਦਿਨਾ ‘ਤੇ ਸ਼ਰਧਾਂਜਲੀ ਸਮਾਗਮ ਕਰਕੇ ਉਸ ਵੇਲੇ ਮਾਰੇ ਗਏ ਬਹੁਤ ਸਾਰੇ ਨਿਹੱਥਿਆਂ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਨੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਭਾਈਚਾਰੇ ਦੀ ਬੇਹਤਰੀ ਵਾਸਤੇ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਦਾ ਵੀ ਇਹੀ ਫਰਜ ਬਣਦਾ ਹੈ ਕਿ ਪੰਜਾਬ ਵਿਚ ਇਹ ਦਿਨ ਸੋਗ ਦਿਵਸ ਵਜੋਂ ਮਨਾਇਆ ਜਾਵੇ, ਤਿਰੰਗਾ ਝੰਡਾ ਲਹਿਰਾਉਣ ਦੇ ਜਸ਼ਨੀ ਸਮਾਗਮ ਬੰਦ ਕਰਕੇ 1947 ਚ ਹੋਈ ਪੰਜਾਬ ਦੀ ਬਰਬਾਦੀ ਤੇ ਜਾਨੀ ਨੁਕਸਾਨ ਵਾਸਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾਣ ਤੇ ਪੰਜਾਬ ਦੀ ਬੇਹਤਰੀ ਦੀਆਂ ਤਰਕੀਬਾਂ ਕੀਤੀਆਂ ਜਾਣ। ਜੇਕਰ ਹੋ ਸਕੇ ਤਾਂ ਵਾਹਗਾ ਸਰਹੱਦ ਉੱਤੇ ਝੰਡਾ ਉਤਾਰਨ ਦੀ ਪਰੇਡ ਦੇ ਨਾਮ ‘ਕੀਤਾ ਜਾ ਰਿਹਾ ਨਫਰਤੀ ਪਰਚਾਰ ਬੰਦ ਕਰਾਉਣ ਲਈ ਚਾਰਾਜੋਈ ਕੀਤੀ ਜਾਵੇ। ਇੱਥੇ ਜਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਹੋਰ ਕਿਸੇ ਵੀ ਮੁਲਕ ਵਿਚ ਸਰਹੱਦਾਂ ‘ਤੇ ਝੰਡਾ ਲਹਿਰਾਉਣ ਦੇ ਨਾਮ ਹੇਠ ਨਫਰਤ ਦਾ ਦੁਸਟ ਪ੍ਰਚਾਰ ਨਹੀਂ ਕੀਤਾ ਜਾਂਦਾ। ਇਹ ਪ੍ਰਥਾ ਸਭ ਤੋਂ ਪਹਿਲਾਂ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਬਾਅਦ ਵਿਚ ਪਾਕਿਸਤਾਨ ਨੇ ਵੀ ਅਪਣਾ ਲਿਆ। ਕਿੰਨਾ ਚੰਗਾ ਹੋਵੇ ਜੇਕਰ ਪਾਕਿਸਤਾਨ ਆਪਣੇ ਤੌਰ ਇਸ ਨਫ਼ਰਤ ਦੇ ਬਾਜ਼ਾਰ ਨੂੰ ਬੰਦ ਕਰ ਦੇਵੇ। ਅਜਿਹੇ ਵਿਚ ਭਾਰਤ ਵਲੇ ਕੀਤੀ ਜਾ ਰਹੀ ਇਹ ਕਾਰਵਾਈ ਆਪਣੇ ਆਪ ਹੀ ਅਰਥਹੀਣ ਹੋ ਕੇ ਰਹਿ ਜਾਵੇਗੀ।
*****