ਅੰਮ੍ਰਿਤਸਰ: ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੋਕੇ ਜਾਣ ‘ਤੇ ਟਵੀਟ ਕਰਦਿਆਂ ਅਸਿੱਧੇ ਢੰਗ ਨਾਲ ਕੇਂਦਰ ‘ਤੇ ਹੱਲਾ ਬੋਲਿਆ ਹੈ। ਢੇਸੀ ਨੇ ਟਵੀਟ ਕਰਦਿਆਂ ਕਿਹਾ, ”ਜਦੋਂ ਮੈਂ ਪਿਛਲੇ ਸਾਲ ਭਾਰਤ ਆਇਆ ਸੀ ਤਾਂ ਉਦੋਂ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਸੀ,
ਕਿਉਂਕਿ ਮੈਂ ਕਿਸਾਨ ਅੰਦੋਲਨ ਅਤੇ ਮਨੁੱਖੀ ਅਧਿਕਾਰਾਂ ਦਾ ਸਮਰਥਨ ਕੀਤਾ ਸੀ ਪਰ ਹੁਣ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਦੋ ਘੰਟੇ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਰੋਕੀ ਰੱਖਿਆ ਗਿਆ ਕਿਉਂਕਿ ਮੈਨੂੰ ਨਾਪਸੰਦ ਕਰਨ ਵਾਲਿਆਂ ਦਾ ਕਹਿਣਾ ਸੀ ਮੇਰਾ ਓ.ਸੀ.ਆਈ. ਵੀਜ਼ਾ ਰੱਦ ਹੈ। ਮੇਰਾ ਅੰਦਾਜ਼ਾ ਹੈ ਕਿ ਮੈਨੂੰ ਕਿਸਾਨਾਂ, ਹਾਸ਼ੀਏ ‘ਤੇ ਧੱਕੇ ਲੋਕਾਂ ਅਤੇ ਸਿੱਖਾਂ ਵਰਗੇ ਘੱਟ ਗਿਣਤੀ ਵਰਗ ਨਾਲ ਇੱਕਜੁਟਤਾ ਨਾਲ ਖੜ੍ਹਨ ਦੀ ਕੀਮਤ ਚੁਕਾਉਣੀ ਪਈ ਹੈ।“
ਇਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਅਤੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਮਰਥਨ ਕੀਤਾ। ਇਸੇ ਦੌਰਾਨ ਉਨ੍ਹਾਂ ਜਲੰਧਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਦੋ ਘੰਟੇ ਰੋਕਣ ਤੋਂ ਬਾਅਦ ਉਨ੍ਹਾਂ ਦਾ ਕਾਰਡ ਬਹਾਲ ਕੀਤਾ ਗਿਆ। ਸ੍ਰੀ ਢੇਸੀ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੀ ਗੱਲ ਬੇਬਾਕੀ ਨਾਲ ਉਠਾਉਂਦੇ ਰਹੇ ਸਨ। ਉਨ੍ਹਾਂ ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਇਸ ਮਾਮਲੇ ਨੂੰ ਉਠਾਇਆ ਸੀ। ਸ੍ਰੀ ਢੇਸੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕੌਮਾਂਤਰੀ ਮੰਚਾਂ ‘ਤੇ ਮਨੁੱਖੀ ਅਧਿਕਾਰਾਂ ਨੂੰ ਬੜੇ ਜ਼ੋਰ-ਸ਼ੋਰ ਢੰਗ ਨਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਹੁੰਚਣ ਤੱਕ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦਾ ਕਾਰਡ ਮੁਅੱਤਲ ਕੀਤਾ ਹੋਇਆ ਹੈ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਇਹ ਇਕ ਸਦਮੇ ਵਾਂਗ ਸੀ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਸੈਰ-ਸਪਾਟਾ, ਵਪਾਰ ਅਤੇ ਦੋਵਾਂ ਦੇਸਾਂ ਵਿਚਕਾਰ ਬਿਹਤਰ ਸਬੰਧਾਂ ਲਈ ਕੰਮ ਕੀਤਾ ਹੈ। ਪਿਛਲੀ ਵਾਰ ਉਹ ਅਪਰੈਲ 2022 ਵਿਚ ਭਾਰਤ ਆਏ ਸਨ। ਉਸ ਸਮੇਂ ਵੀ ਕੁਝ ਲੋਕਾਂ ਨੇ ਉਨ੍ਹਾਂ ਦੇ ਦੌਰੇ ਦਾ ਵਿਰੋਧ ਕੀਤਾ ਸੀ।
ਸੁਖਬੀਰ ਬਾਦਲ ਨੇ ਢੇਸੀ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ
ਅੰਮ੍ਰਿਤਸਰ: ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਰੋਕੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਬਰਤਾਨਵੀ ਸਿੱਖ ਸੰਸਦ ਮੈਂਬਰ ਨਾਲ ਹਵਾਈ ਅੱਡੇ ‘ਤੇ ਇਸ ਤਰ੍ਹਾਂ ਦੀ ਕਾਰਵਾਈ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਨਾਲ ਸਿੱਖ ਭਾਈਚਾਰੇ ਵਿਚ ਨਾਰਾਜ਼ਗੀ ਦੀ ਭਾਵਨਾ ਹੈ। ਇਸ ਕਾਰਵਾਈ ਨਾਲ ਦੇਸ ਦੀ ਧਰਮ ਨਿਰਪੱਖ ਦਿੱਖ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੂੰ ਕਿਹਾ ਕਿ ਸਿੱਖ ਭਾਈਚਾਰੇ ਨਾਲ ਅਜਿਹਾ ਘਟੀਆ ਵਤੀਰਾ ਬੰਦ ਹੋਣਾ ਚਾਹੀਦਾ ਹੈ ਅਤੇ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।