ਕੋਟਕਪੂਰਾ ਕਾਂਡ ਕੇਸ ਵਿਚ ਸੁਖਬੀਰ ਨੇ ਪੇਸ਼ੀ ਭੁਗਤੀ

ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਇਥੇ ਪੇਸ਼ੀ ਭੁਗਤੀ। ਕੇਸ ਦੀ ਅਗਲੀ ਸੁਣਵਾਈ ਹੁਣ 19 ਅਗਸਤ ਨੂੰ ਹੋਵੇਗੀ।

ਸੁਣਵਾਈ ਦੌਰਾਨ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਪੇਸ਼ ਨਹੀਂ ਹੋਏ। ਕੇਸ ਵਿਚ ਨਾਮਜ਼ਦ ਪੁਲਿਸ ਅਧਿਕਾਰੀ ਚਰਨਜੀਤ ਸ਼ਰਮਾ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਗੋਲੀ ਕਾਂਡ ਦੌਰਾਨ ਪੁਲਿਸ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਦਰਜ ਕੀਤੇ ਕੇਸ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਇਸ ਦੇ ਜਵਾਬ ਵਿਚ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮੁਤਾਬਕ ਕੇਸ ਦੀ ਪੜਤਾਲ ਹਾਲ ਦੀ ਘੜੀ ਸਾਂਝੀ ਨਹੀਂ ਕੀਤੀ ਜਾ ਸਕਦੀ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ 14 ਅਕਤੂਬਰ 2015 ਨੂੰ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਉੱਪਰ ਹੋਏ ਕਥਿਤ ਹਮਲੇ ਦੇ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਟੀਮ ਨੇ ਪੁਲਿਸ ‘ਤੇ ਹਮਲਾ ਕਰਨ ਵਾਲੇ ਦਸ ਵਿਅਕਤੀਆਂ ਦੀਆਂ ਤਸਵੀਰਾਂ ਅਖਬਾਰਾਂ ਵਿਚ ਨਸ਼ਰ ਕੀਤੀਆਂ ਸਨ ਪਰ ਅਜੇ ਤੱਕ ਕਿਸੇ ਵੀ ਜ਼ਖ਼ਮੀ ਅਧਿਕਾਰੀ ਜਾਂ ਆਮ ਜਨਤਾ ਨੇ ਉਨ੍ਹਾਂ ਦੀ ਪਛਾਣ ਨਹੀਂ ਕੀਤੀ। ਇਸ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਜਾਂਚ ਟੀਮ ਨੇ ਕਿਹਾ ਕਿ ਸਿੱਖ ਪ੍ਰਚਾਰਕਾਂ ਨੇ ਪੁਲਿਸ ‘ਤੇ ਹਮਲਾ ਨਹੀਂ ਕੀਤਾ। ਇਸ ਕਰਕੇ ਸਿੱਖ ਪ੍ਰਚਾਰਕਾਂ ਨੂੰ ਕਲੀਨ ਚਿਟ ਮਿਲ ਗਈ ਸੀ।