ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਉਨ੍ਹਾਂ ‘ਤੇ ਸੱਤਾ ‘ਚ ਰਹਿਣ ਦੌਰਾਨ ਮਹਿੰਗੇ ਸਰਕਾਰੀ ਤੋਹਫ਼ੇ ਵੇਚਣ ਦਾ ਦੋਸ਼ ਹੈ।
ਇਸ ਫੈਸਲੇ ਨਾਲ ਇਮਰਾਨ ਪੰਜ ਸਾਲਾਂ ਲਈ ਚੋਣਾਂ ਨਹੀਂ ਲੜ ਸਕੇਗਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਤਰਜਮਾਨ ਜੁਲਫੀ ਬੁਖਾਰੀ ਨੇ ਪੱਤਰਕਾਰਾਂ ਨੂੰ ਵਟਸਐਪ ਰਾਹੀਂ ਦੱਸਿਆ ਕਿ ਸੰਵਿਧਾਨ ਤਹਿਤ ਇਮਰਾਨ ਖਾਨ ਨੂੰ ਪੰਜ ਸਾਲਾਂ ਲਈ ਕੋਈ ਵੀ ਜਨਤਕ ਅਹੁਦਾ ਸਾਂਭਣ ਦੇ ਅਯੋਗ ਠਹਿਰਾ ਦਿੱਤਾ ਗਿਆ ਹੈ। ਤਿੰਨ ਮਹੀਨਿਆਂ ‘ਚ ਦੂਜੀ ਵਾਰ ਹੈ ਜਦੋਂ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਲਾਮਾਬਾਦ ਆਧਾਰਿਤ ਜਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਹਮਾਯੂੰ ਦਿਲਾਵਰ ਨੇ ਇਮਰਾਨ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕਿਹਾ ਕਿ ਜੇਕਰ ਉਹ ਜੁਰਮਾਨਾ ਨਹੀਂ ਭਰਦੇ ਹਨ ਤਾਂ ਉਨ੍ਹਾਂ ਨੂੰ ਛੇ ਮਹੀਨੇ ਹੋਰ ਜੇਲ੍ਹ ‘ਚ ਰੱਖਿਆ ਜਾਵੇ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ, “ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਖ਼ਿਲਾਫ਼ ਸੰਪਤੀ ਦੇ ਗਲਤ ਵੇਰਵੇ ਦੇਣ ਦੇ ਦੋਸ਼ ਸਾਬਤ ਹੋਏ ਹਨ। ਇਮਰਾਨ ਖਾਨ ਨੇ ਜਾਣਬੁੱਝ ਕੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਤੋਸ਼ਾਖਾਨੇ ਦੇ ਤੋਹਫ਼ਿਆਂ ਦਾ ਫਰਜ਼ੀ ਵੇਰਵਾ ਦਿੱਤਾ ਸੀ ਅਤੇ ਉਹ ਭ੍ਰਿਸ਼ਟ ਵਿਵਹਾਰ ਦਾ ਦੋਸ਼ੀ ਪਾਇਆ ਗਿਆ ਹੈ।” ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨੂੰ ਚੋਣ ਐਕਟ 2017 ਦੀ ਧਾਰਾ 174 ਤਹਿਤ ਤਿੰਨ ਸਾਲ ਦੀ ਸਾਧਾਰਨ ਸਜ਼ਾ ਸੁਣਾਈ ਗਈ ਹੈ।
ਰਿਪੋਰਟਾਂ ਮੁਤਾਬਕ ਇਮਰਾਨ ਨੂੰ ਪ੍ਰਧਾਨ ਮੰਤਰੀ ਰਹਿੰਦਿਆਂ ਆਲਮੀ ਹਸਤੀਆਂ ਤੋਂ 14 ਕਰੋੜ ਰੁਪਏ ਮੁੱਲ ਦੇ 58 ਤੋਹਫ਼ੇ ਮਿਲੇ ਸਨ ਅਤੇ ਉਸ ਨੇ ਕੁਝ ਨੂੰ ਕੌਡੀਆਂ ਦੇ ਭਾਅ ਜਾਂ ਬਿਨਾਂ ਅਦਾਇਗੀ ਦੇ ਆਪਣੇ ਕੋਲ ਰੱਖ ਲਿਆ ਸੀ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਪਾਕਿਸਤਾਨ ‘ਚ ਆਮ ਚੋਣਾਂ ਹੋਣ ਵਾਲੀਆਂ ਹਨ। ਇਮਰਾਨ ਨੂੰ ਉਸ ਦੇ ਲਾਹੌਰ ਸਥਿਤ ਜਮਾਨ ਪਾਰਕ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਫੈਸਲੇ ਖ਼ਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ।