ਇੰਫਾਲ: ਮਨੀਪੁਰ ਵਿਚ ਜਾਰੀ ਹਿੰਸਾ ਦੌਰਾਨ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 10 ਹੋਰ ਕੰਪਨੀਆਂ ਉੱਤਰ-ਪੂਰਬੀ ਸੂਬੇ ‘ਚ ਭੇਜ ਦਿੱਤੀਆਂ ਹਨ। ਇਸ ਦੌਰਾਨ ਇੰਫਾਲ ਪੱਛਮੀ ਜਿਲ੍ਹੇ ‘ਚ ਹੋਈ ਹਿੰਸਾ ਦੌਰਾਨ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਉਧਰ, ਪੁਲਿਸ ਨੇ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਨਾਲ ਸਬੰਧਤ ਵੀਡੀਓ ਮਾਮਲੇ ਵਿਚ ਥੋਊਬਲ ਜਿਲ੍ਹੇ ਦੇ ਨੋਂਗਪੋਕ ਸੇਕਮਾਈ ਥਾਣੇ ਦੇ ਇੰਚਾਰਜ ਸਣੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਿਸ਼ਨੂਪੁਰ ਜਿਲ੍ਹੇ ਵਿਚ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਅਸਲਾਖਾਨੇ ਵਿਚੋਂ ਹਥਿਆਰ ਤੇ ਗੋਲੀ-ਸਿੱਕਾ ਲੁੱਟਣ ਨਾਲ ਜੁੜੇ ਮਾਮਲੇ ਦੀ ਆਈ.ਜੀ. ਦੀ ਅਗਵਾਈ ਹੇਠ ਛੇ ਹਫਤਿਆਂ ‘ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀ.ਆਰ.ਪੀ.ਐਫ, ਬੀ.ਐਸ.ਐਫ, ਆਈ.ਟੀ.ਬੀ.ਪੀ. ਅਤੇ ਐਸ.ਐਸ.ਬੀ. ਦੀਆਂ 10 ਕੰਪਨੀਆਂ (ਕਰੀਬ 900 ਜਵਾਨ ਅਤੇ ਕੁਝ ਅਧਿਕਾਰੀ) ਇਥੇ ਪੁੱਜ ਗਈਆਂ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿਲਿ੍ਹਆਂ ‘ਚ ਤਾਇਨਾਤ ਕੀਤਾ ਜਾਵੇਗਾ। ਮਨੀਪੁਰ ‘ਚ 3 ਮਈ ਤੋਂ ਸ਼ੁਰੂ ਹੋਈ ਹਿੰਸਾ ਮਗਰੋਂ ਰੱਖਿਆ ਅਤੇ ਗ੍ਰਹਿ ਮੰਤਰਾਲੇ ਨੇ ਫੌਜ, ਅਸਾਮ ਰਾਈਫਲਜ ਅਤੇ ਵੱਖ-ਵੱਖ ਹਥਿਆਰਬੰਦ ਬਲਾਂ ਦੇ 40 ਹਜ਼ਾਰ ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਸਨ। ਮੈਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਪੁਲਿਸ ਅਤੇ ਕੇਂਦਰੀ ਬਲਾਂ ਦੇ ਇਕ ਧੜੇ ‘ਤੇ ਪੱਖਪਾਤ ਕੀਤੇ ਜਾਣ ਦੇ ਦੋਸ਼ ਲਾਏ ਗਏ ਸਨ।
ਇੰਫਾਲ ਪੱਛਮੀ ਜਿਲ੍ਹੇ ਦੇ ਲੰਗੋਲ ਖੇਡ ਪਿੰਡ ‘ਚ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਨੇ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗੇ। ਹਿੰਸਾ ਦੌਰਾਨ 45 ਵਰਿ੍ਹਆਂ ਦਾ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੰਫਾਲ ਪੂਰਬੀ ਜਿਲ੍ਹੇ ਦੇ ਚੈਕਓਨ ਇਲਾਕੇ ‘ਚ ਵੀ ਹਿੰਸਾ ਦੀਆਂ ਰਿਪੋਰਟਾਂ ਹਨ ਜਿਥੇ ਇਕ ਵੱਡੇ ਵਪਾਰਕ ਅਦਾਰੇ ਅਤੇ ਤਿੰਨ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਕਾਂਗਪੋਕਪੀ ਜਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਇਕ ਵਿਅਕਤੀ ਨੂੰ ਐਸ.ਐਲ.ਆਰ. ਅਤੇ 50 ਕਾਰਤੂਸਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਹੁਣ ਤੱਕ 300 ਵਿਅਕਤੀਆਂ ਨੂੰ ਵੱਖ-ਵੱਖ ਮਾਮਲਿਆਂ ਤਹਿਤ ਗ੍ਰਿਫਤਾਰ ਕੀਤਾ ਹੈ। ਡੀ.ਜੀ.ਪੀ. ਰਾਜੀਵ ਸਿੰਘ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਲੁੱਟੇ ਗਏ 1195 ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 1057 ਹਥਿਆਰ ਘਾਟੀ ਦੇ ਜਿਲਿ੍ਹਆਂ ਜਦਕਿ 138 ਹਥਿਆਰ ਪਹਾੜੀ ਜਿਲਿ੍ਹਆਂ ‘ਚੋਂ ਮਿਲੇ ਹਨ। ਡੀ.ਜੀ.ਪੀ. ਨੇ ਕਿਹਾ ਕਿ ਲੁੱਟੇ ਗਏ ਹਥਿਆਰ ਬਰਾਮਦ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਤੋਂ ਹਥਿਆਰ ਲੁੱਟਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਸਮਰਥਨ ਵਾਪਸ ਲਿਆ
ਨਵੀਂ ਦਿੱਲੀ: ਮਨੀਪੁਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਰਾਜ ਵਿਚ ਚੱਲ ਰਹੀ ਨਸਲੀ ਹਿੰਸਾ ਖ਼ਿਲਾਫ਼ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਰਾਜਪਾਲ ਨੂੰ ਭੇਜੇ ਪੱਤਰ ਵਿਚ ਕੇ.ਪੀ.ਏ ਜਿਸ ਦੇ ਮਨੀਪੁਰ ਵਿਧਾਨ ਸਭਾ ਵਿਚ ਦੋ ਵਿਧਾਇਕ ਹਨ, ਨੇ ਕਿਹਾ, “ਹਿੰਸਾ ਨੂੰ ਧਿਆਨ ਨਾਲ ਵਿਚਾਰਨ ਤੋਂ ਬਾਅਦ ਬੀਰੇਨ ਸਿੰਘ ਦੀ ਅਗਵਾਈ ਵਾਲੀ ਮਨੀਪੁਰ ਦੀ ਮੌਜੂਦਾ ਸਰਕਾਰ ਨੂੰ ਸਮਰਥਨ ਦੇਣਾ ਸੰਭਵ ਨਹੀਂ ਰਿਹਾ। ਕੇ.ਪੀ.ਏ. ਸਮਰਥਨ ਵਾਪਸ ਲੈ ਰਿਹਾ ਹੈ।” ਕੇ.ਪੀ.ਏ. ਨੇ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਐੱਨ.ਡੀ.ਏ. ਮੀਟਿੰਗ ਵਿਚ ਹਿੱਸਾ ਲਿਆ ਸੀ।