ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਮੋਰਚਾਬੰਦੀ

ਮੁਹਾਲੀ: ਪੰਜਾਬ ਵਿਚ ਹੜ੍ਹਾਂ ਪੀੜਤਾਂ ਲਈ ਰਾਹਤ, ਸੰਘੀ ਢਾਂਚਾ, ਕਰਜ਼ਾ ਮੁਆਫੀ, ਚੰਡੀਗੜ੍ਹ ਉਤੇ ਪੰਜਾਬ ਦਾ ਹੱਕ, ਪੰਜਾਬ ਦੇ ਪਾਣੀਆਂ ਸਮੇਤ ਹੋਰ ਮੁੱਦਿਆਂ ਸਬੰਧੀ ਪੰਜ ਕਿਸਾਨ ਜਥੇਬੰਦੀਆਂ ਨੇ ਮੁਹਾਲੀ ਵਿਚ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸਾਂਝੇ ਬੈਨਰ ਹੇਠ ਪੰਜਾਬ ਭਰ ‘ਚੋਂ ਕਿਸਾਨ ਕਾਫਲਿਆਂ ਦੇ ਰੂਪ ਵਿਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਪੁੱਡਾ ਗਰਾਊਂਡ ਵਿਚ ਪੁੱਜੇ ਤੇ ਰੋਸ ਜ਼ਾਹਰ ਕੀਤਾ।

ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਹਰਜਿੰਦਰ ਸਿੰਘ ਟਾਂਡਾ ਅਤੇ ਬੋਘ ਸਿੰਘ ਮਾਨਸਾ ਨੇ ਮੁੱਖ ਤੌਰ ‘ਤੇ ਦਰਿਆਈ ਪਾਣੀ ਵਿਵਾਦ ਅਤੇ ਜਲ ਸੰਕਟ, ਵਾਤਾਵਰਨ ਪ੍ਰਦੂਸ਼ਣ, ਸੰਘੀ ਪ੍ਰਣਾਲੀ ‘ਤੇ ਕੇਂਦਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ, ਹੜ੍ਹ ਪੀੜਤਾਂ ਲਈ ਤੁਰੰਤ ਲੋੜੀਂਦੀ ਰਾਹਤ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫੀ ਆਦਿ ਮੁੱਦਿਆਂ ‘ਤੇ ਹੁਕਮਰਾਨਾਂ ‘ਤੇ ਨਿਸ਼ਾਨਾ ਸਾਧਿਆ। ਰਾਜੇਵਾਲ ਨੇ ਕਿਹਾ ਕਿ ਕੇਂਦਰ ਦੇ ਗਲਤ ਫੈਸਲਿਆਂ ਅਤੇ ਕਾਰਜਕਾਰੀ ਹੁਕਮਾਂ ਰਾਹੀਂ ਸੂਬੇ ਦੇ ਦਰਿਆਈ ਪਾਣੀਆਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਵਾਧੂ ਪਾਣੀ ਗੈਰ-ਰਿਪੇਰੀਅਨ ਰਾਜਾਂ ਨੂੰ ਦਿੱਤਾ ਗਿਆ ਹੈ। ਪ੍ਰੇਮ ਸਿੰਘ ਭੰਗੂ ਨੇ ਹੜ੍ਹ ਪੀੜਤਾਂ ਨੂੰ ਤੁਰਤ ਰਾਹਤ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਝੋਨੇ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਮ੍ਰਿਤਕਾਂ ਨੂੰ 10 ਲੱਖ ਰੁਪਏ ਅਤੇ ਤਬਾਹ ਹੋਏ ਘਰਾਂ ਲਈ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਕੰਵਲਪ੍ਰੀਤ ਸਿੰਘ ਪੰਨੂ ਨੇ ਕੇਂਦਰ ਤੇ ਸੂਬਾ ਸਰਕਾਰਾਂ ‘ਤੇ ਕਰਜ਼ਾ ਮੁਆਫ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਨੌਂ ਸਾਲਾਂ ਦੇ ਸ਼ਾਸਨ ਦੌਰਾਨ ਕਾਰਪੋਰੇਟਾਂ ਦੇ 15 ਲੱਖ ਕਰੋੜ ਰੁਪਏ ਮੁਆਫ ਕਰ ਦਿੱਤੇ ਹਨ। ਉਨ੍ਹਾਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ‘ਤੇ ਕਰਜ਼ਾ ਚੜ੍ਹਨ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਮੰਗ ਕੀਤੀ ਕਿ ਐਮ.ਐਸ.ਪੀ. ਨੂੰ ਕਾਨੂੰਨੀ ਹੱਕ ਬਣਾਇਆ ਜਾਵੇ ਅਤੇ ਡਾ. ਐਮ.ਐਸ. ਸਵਾਮੀਨਾਥਨ ਦੀ ਰਿਪੋਰਟ ਹੂ-ਬ-ਹੂ ਲਾਗੂ ਕੀਤੀ ਜਾਵੇ। ਪੰਜਾਬ ਦੇ ਰਾਜਪਾਲ ਦੇ ਫੀਲਡ ਅਫਸਰ ਮੱਖਣ ਸਿੰਘ ਅਤੇ ਮੁਹਾਲੀ ਦੇ ਡੀ.ਆਰ.ਓ. ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਤੋਂ ਮੰਗ ਪੱਤਰ ਹਾਸਲ ਕੀਤਾ। ਕਿਸਾਨਾਂ ਨੇ ਮਸਲੇ ਹੱਲ ਕਰਨ ਲਈ ਦੋ ਮਹੀਨੇ ਦਾ ਅਲਟੀਮੇਟਮ ਦਿੱਤਾ।
ਲੀਡਰਾਂ ਦੀ ਸ਼ਹਿ ‘ਤੇ ਜ਼ਮੀਨਾਂ ਖੋਹ ਰਿਹੈ ਭੂ-ਮਾਫੀਆ: ਉਗਰਾਹਾਂ
ਮਹਿਲ ਕਲਾਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਗੋਬਿੰਦਪੁਰਾ ਜ਼ਮੀਨੀ ਘੋਲ ਦੇ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ 13ਵੀਂ ਬਰਸੀ ਮੌਕੇ ਪਿੰਡ ਹਮੀਦੀ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਵੇਂ ਦਿੱਲੀ ਦੀਆਂ ਬਰੂਹਾਂ ‘ਤੇ ਕੀਤੇ ਗਏ ਸੰਘਰਸ਼ ਸਦਕਾ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਲਏ ਗਏ ਹਨ ਪਰ ਜ਼ਮੀਨੀ ਹਮਲਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਭਾਰਤਮਾਲਾ ਵਰਗੇ ਵੱਡੇ ਹਾਈਵੇਅ ਪ੍ਰੋਜੈਕਟਾਂ ਰਾਹੀਂ ਨਿਗੂਣੇ ਜਿਹੇ ਮੁਆਵਜ਼ੇ ਦੇ ਕੇ ਕਿਸਾਨਾਂ ਕੋਲੋਂ ਲੱਖਾਂ ਏਕੜ ਜਮੀਨ ਖੋਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭੂ-ਮਾਫੀਆ ਵੱਲੋਂ ਇਹ ਸਭ ਕੁਝ ਸਿਆਸਤਦਾਨਾਂ ਦੀ ਸ਼ਹਿ ‘ਤੇ ਕੀਤਾ ਜਾ ਰਿਹਾ ਹੈ।