ਕੁਦਰਤ ਕੌਰ
ਪਾਕਿਸਤਾਨੀ ਫਿਲਮ ‘ਜੁਆਏ ਲੈਂਡ’ ਪਿਛਲੇ ਸਾਲ ਰਿਲੀਜ਼ ਹੋਈ ਸੀ। ਉਰਦੂ ਅਤੇ ਪੰਜਾਬੀ ਵਿਚ ਬਣੀ ਇਸ ਫਿਲਮ ਦਾ ਡਾਇਰੈਕਟਰ ਸਾਇਮ ਸਾਦਿਕ ਹੈ। ਇਹ ਫਿਲਮ ਉਸ ਨੇ ਖੁਦ ਲਿਖੀ ਹੈ ਅਤੇ ਸੰਪਾਦਨ ਕਾਰਜ ਵਿਚ ਵੀ ਹੱਥ ਵਟਾਇਆ ਹੈ। ਇਸ ਫਿਲਮ ਵਿਚ ਅਲੀ ਜੁਨੇਜੋ, ਐਲੀਨਾ ਖਾਨ, ਰਸਤੀ ਫਾਰੂਕ, ਸਰਵਤ ਗਿਲਾਨੀ, ਸਲਮਾਨ ਪੀਰਜ਼ਾਦਾ, ਸੁਹੇਲ ਸਮੀਰ, ਸਾਨੀਆ ਸਈਦ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ।
ਇਹ ਫਿਲਮ ਝੰਜੋੜਨ ਵਾਲੀ ਅਤੇ ਸਾਡੇ ਸਮਾਜ ਦੀਆਂ ਬੇਰਹਿਮੀਆਂ ਦੀ ਝਾਤ ਪੁਆਉਣ ਵਾਲੀ ਹੈ। ਇਹ ਫਿਲਮ ਚਿਰ ਪਹਿਲਾਂ ਆਈ ਇਕ ਹੋਰ ਪਾਕਿਸਤਾਨੀ ਫਿਲਮ ‘ਬੋਲ` ਵਾਂਗ ਕਈ ਮਾਮਲਿਆਂ ਵਿਚ ਹੈਰਾਨ ਕਰਦੀ ਹੈ। ਵਾਕਈ, ਪਾਕਿਸਤਾਨੀ ਡਾਇਰੈਕਟਰ ਕਦੇ-ਕਦੇ ਵੱਡਾ ਕ੍ਰਿਸ਼ਮਾ ਕਰ ਦਿੰਦੇ ਹਨ। ਫਿਲਮ ਜਗੀਰੂ ਸਮਾਜ ਦੀ ਘੁਟਨ ਬਾਰੇ ਹੈ ਜਿਸ ਵਿਚ ਹਰ ਬੰਦਾ ਆਪਣੀ ‘ਜੁਆਏ ਲੈਂਡ’ ਤਲਾਸ਼ ਰਿਹਾ ਹੈ ਪਰ ਮਿਲ ਨਹੀਂ ਰਹੀ। ਫਿਲਮ ਵਿਚ ਜ਼ਾਹਿਰਾ ਤੌਰ ‘ਤੇ ਕੋਈ ਖਲਨਾਇਕ ਨਹੀਂ ਪਰ ਹਰ ਇਕ ਦੀ ਸੰਘੀ ਦੱਬਣ ਲਈ ਸਿਸਟਮ ਰੂਪੀ ਅਦਿੱਖ ਸ਼ਕਤੀ ਹੈ। ਫਿਲਮ ਸਭ ਕੁਝ ਦ੍ਰਿਸ਼ ਦੀ ਭਾਸ਼ਾ ਵਿਚ ਬਿਆਨਦੀ ਹੈ। ਯਥਾਰਥ ਅਤੇ ਐਬਸਟ੍ਰੈਕਸ਼ਨ (ਅਮੂਰਤਤਾ) ਬਾਂਹ ਵਿਚ ਬਾਂਹ ਪਾਈ ਇਉਂ ਨਾਲ ਨਾਲ ਚਲਦੇ ਹਨ ਕਿ ਨਿਰਦੇਸ਼ਕ ਦੀ ਕਲਾ ਸੂਝ ‘ਤੇ ਰਸ਼ਕ ਹੁੰਦਾ ਹੈ। ਕਲਾਕਾਰਾਂ ਨੇ ਜਿਵੇਂ ਭਿੱਜ ਕੇ ਆਪੋ-ਆਪਣੇ ਰੋਲ ਨਿਭਾਏ ਹਨ, ਉਹ ਵੀ ਦਰਸ਼ਕ ਦੇ ਅਹਿਸਾਸ ਦਾ ਅੰਗ ਬਣ ਜਾਂਦੇ ਹਨ। ਇਸ ਫਿਲਮ ਦਾ ਨਾਂ ਭਾਵੇਂ ਅੰਗਰੇਜ਼ੀ ਵਿਚ ਹੈ ਪਰ ਫਿਲਮ ਪੰਜਾਬੀ ਤੜਕੇ ਵਾਲੀ ਉਰਦੂ ਜ਼ੁਬਾਨ ਵਿਚ ਹੈ।
ਇਹ ਫਿਲਮ 75ਵੇਂ ਕਾਨ ਫਿਲਮ ਮੇਲੇ ਦੌਰਾਨ 23 ਮਈ 2022 ਨੂੰ ਦਿਖਾਈ ਗਈ ਸੀ ਜਿੱਥੇ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਇਹ ਫਿਲਮ ਟਰਾਂਟੋ ਕੌਮਾਂਤਰੀ ਫਿਲਮ ਮੇਲੇ, 27ਵੇਂ ਬੁਸਾਨ ਕੌਮਾਂਤਰੀ ਫਿਲਮ ਮੇਲੇ, 28ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮੇਲੇ ਅਤੇ ਕਈ ਹੋਰ ਕੌਮਾਂਤਰੀ ਫਿਲਮ ਮੇਲਿਆਂ ਵਿਚ ਵੀ ਦਿਖਾਈ ਗਈ। ਫਿਲਮ ਨੂੰ ਭਾਵੇਂ ਹਰ ਪਾਸਿਓਂ ਸ਼ਾਬਾਸ਼ ਮਿਲੀ ਪਰ ਜਦੋਂ ਇਹ ਫਿਲਮ 18 ਨਵੰਦਰ 2022 ਨੂੰ ਪਾਕਿਸਤਾਨ ਵਿਚ ਰਿਲੀਜ਼ ਹੋਣੀ ਸੀ ਤਾਂ ਇਸ ਉਤੇ ਪਾਬੰਦੀ ਲਗਾ ਦਿੱਤੀ ਗਈ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦਾ ਕਹਿਣਾ ਸੀ ਕਿ ਇਹ ਫਿਲਮ ਸਮਲਿੰਗੀ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਹੈ ਹਾਲਾਂਕਿ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ। ਉਂਝ, ਪਾਕਿਸਤਾਨ ਵਿਚ ਇਸ ਪਾਬੰਦੀ ਦਾ ਬਹੁਤ ਤਿੱਖਾ ਵਿਰੋਧ ਸਾਹਮਣੇ ਆਇਆ। ਸੋਸ਼ਲ ਮੀਡੀਆ ਉਤੇ ਵੀ ਇਸ ਪਾਬੰਦੀ ਖਿਲਾਫ ਮੁਹਿੰਮ ਚੱਲ ਨਿੱਕਲੀ ਅਤੇ ਆਖਿਰਕਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਦਖਲ ਦੇਣਾ ਪਿਆ ਅਤੇ ਇਸ ਫਿਲਮ ਦੇ ਮੁਲੰਕਣ ਲਈ ਕਮੇਟੀ ਬਣਾਈ ਗਈ। ਕਮੇਟੀ ਦੀ ਰਾਏ ਤੋਂ ਬਾਅਦ ਇਹ ਫਿਲਮ ਕੁਝ ਕੱਟਾਂ ਨਾਲ ਪਾਕਿਸਤਾਨ ਵਿਚ ਤਾਂ ਉਸੇ ਦਿਨ 18 ਨਵੰਬਰ ਨੂੰ ਰਿਲੀਜ਼ ਕਰ ਦਿੱਤੀ ਗਈ ਪਰ ਇਹ ਪੰਜਾਬ ਵਿਚ ਨਹੀਂ ਦਿਖਾਈ ਗਈ।
ਇਸ ਫਿਲਮ ਦਾ ਡਾਇਰੈਕਟਰ 32 ਵਰਿ੍ਹਆਂ ਦਾ ਨੌਜਵਾਨ ਸਾਇਮ ਸਾਦਿਕ ਹੈ। ਉਸ ਦਾ ਜਨਮ ਲਾਹੌਰ ਦਾ ਹੈ। ਉਂਝ ਉਸ ਦਾ ਪਾਲਣ-ਪੋਸ਼ਣ ਰਾਵਲਪਿੰਡੀ ਵਿਚ ਹੋਇਆ। ਉਹ ਲਾਲਾਜ਼ਾਰ (ਰਾਵਲਪਿੰਡੀ) ਦੇ ਸੇਂਟ ਮੇਰੀ’ਜ਼ ਅਕੈਡਮੀ ਵਿਚ ਪੜ੍ਹਿਆ ਅਤੇ ਫਿਰ ਉਸ ਨੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਤੋਂ ਸਾਲ 2014 ਵਿਚ ਗਰੈਜੂਏਸ਼ਨ ਕੀਤੀ। 2019 ਵਿਚ ਉਸ ਨੇ ਕੋਲੰਬੀਆ ਯੂਨੀਵਰਸਿਟੀ ਸਕੂਲ ਆਫ ਆਰਟਸ ਤੋਂ ਪਟਕਥਾ ਅਤੇ ਡਾਇਰੈਕਸ਼ਨ ਦਾ ਕੋਰਸ ਕੀਤਾ। ਪਹਿਲਾਂ ਪਹਿਲ ਉਸ ਨੇ ਛੋਟੀ ਫਿਲਮ ‘ਨਾਈਸ ਟਾਕਿੰਗ ਟੂ ਯੂ’ ਬਣਾਈ। ਇਸ ਫਿਲਮ ਅਤੇ ਸਾਇਮ ਸਾਦਿਕ ਦੀ ਖੂਬ ਚਰਚਾ ਹੋਈ ਅਤੇ ਕੋਲੰਬੀਆ ਯੁਨੀਵਰਸਿਟੀ ਫਿਲਮ ਮੇਲੇ ਵਿਚ ਇਨਾਮ ਵੀ ਹਾਸਲ ਹੋਇਆ। ਇਸ ਫਿਲਮ ਨੇ ਹੋਰ ਵੀ ਕਈ ਇਨਾਮ ਜਿੱਤੇ। ਆਪਣੀ ਪੜ੍ਹਾਈ ਦੌਰਾਨ ਸਾਇਮ ਦੀ ਦਿਲਚਸਪੀ ਖੁਸਰਿਆਂ ਬਾਰੇ ਛਾਣ-ਬੀਣ ਵਿਚ ਬਹੁਤ ਵਧ ਗਈ ਸੀ ਅਤੇ ਇਸ ਦਿਲਚਸਪੀ ਦਾ ਸਿੱਟਾ ‘ਜੁਆਏਲੈਂਡ’ ਦੇ ਰੂਪ ਵਿਚ ਸਾਹਮਣੇ ਆਇਆ। ਉਹ ਖੁਸ਼ ਹੈ ਕਿ ਉਹ ਇਨ੍ਹਾਂ ਲੋਕਾਂ ਬਾਰੇ ਵਧੀਆ ਗੱਲਾਂ ਕਰ ਸਕਿਆ ਹੈ। ਇਹ ਉਸ ਦੀ ਪਲੇਠੀ ਫੀਚਰ ਫਿਲਮ ਹੈ। ਇਹ ਪਹਿਲੀ ਪਾਕਿਸਤਾਨੀ ਫਿਲਮ ਹੋ ਨਿੱਬੜੀ ਹੈ ਜੋ ਕਾਨ ਫਿਲਮ ਮੇਲੇ ਵਿਚ ਦਿਖਾਈ ਗਈ।