ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਕਰਨਵੀਰ
ਕਾਰ ਦਾ ਲਾਈਸੰਸ ਲੈਣ ਲਈ ਰੋਡ ਟੈੱਸਟ ਦੇਣ ਵਾਸਤੇ ਕਰਨਵੀਰ ਨੂੰ ਛੇਤੀ ਕਿਤੇ ਤਾਰੀਖ਼ ਨਹੀਂ ਸੀ ਮਿਲ ਰਹੀ। ਇਮੀਗ੍ਰੇਸ਼ਨ ਸਲਾਹਕਾਰ ਚਿੱਟੀ ਨੇ ਉਸ ਨੂੰ ਦੱਸਿਆ ਕਿ ‘ਵਧੀਆ ਡਰਾਈਵਿੰਗ’ ਸਕੂਲ ਵਾਲੇ ਕੋਈ ਬੰਦੋਬਸਤ ਕਰ ਦੇਣਗੇ। ਕਰਨਵੀਰ ਨੇ ਉਦੋਂ ਹੀ ਉਸ ਸਕੂਲ ਨਾਲ਼ ਸੰਪਰਕ ਕਰ ਲਿਆ। ਅਗਲੇ ਦਿਨ ਹੀ ਪੰਜਾਹ-ਪਚਵੰਜਾ ਸਾਲਾਂ ਦਾ ਆਦਮੀ ਆਪਣੀ ਟਿਉਟਾ ਕਰੋਲਾ ਕਾਰ ਨਾਲ਼ ਕਰਨਵੀਰ ਕੋਲ ਪਹੁੰਚ ਗਿਆ। ਕਰਨਵੀਰ ਦੇ ਕਾਰ ਵਿਚ ਬੈਠਣ ਸਾਰ ਹੀ ਉਸ ਨੇ ਪੁੱਛਿਆ, “ਪਹਿਲਾਂ ਚਲਾਈ ਐ ਕਾਰ?”

“ਹਾਂ ਜੀ ਅੰਕਲ, ਸਪੇਨ ‘ਚ ਚਲਾਉਂਦਾ ਆਇਆਂ।”
“ਅੱਛਾ-ਅੱਛਾ ਫੇਰ ਤਾਂ ਤੈਨੂੰ ਪਤਾ ਈ ਹੋਣੈ ਕੰਟਰੋਲਾਂ ਬਾਰੇ।”
ਕਰਨਵੀਰ ਨੇ ਕਾਰ ਦੇ ਅੰਗਾਂ ‘ਤੇ ਨਿਗ੍ਹਾ ਮਾਰੀ ਤੇ ਬੋਲਿਆ, “ਹਾਂ ਜੀ।”
“ਚਲੋ ਫੇਰ।”
ਕਰਨਵੀਰ ਨੇ ਕਾਰ ਤੋਰ ਲਈ।
“ਸਟਾਪ ਸਾਈਨ ਤੋਂ ਸੱਜੇ ਮੋੜ ਲਈਂ।”
ਕਰਨਵੀਰ ਨੇ ਹਰਓਨਟੇਰੀਓ ਸੜਕ ਤੋਂ ਕਾਰ ਸੱਜੇ ਹੱਥ ਮੋੜ ਲਈ।
“ਸਪੇਨ ਕਿੰਨਾ ਚਿਰ ਰਿਹੈਂ?”
“ਚਾਰ ਕੁ ਸਾਲ।”
“ਓਥੇ ਕਿਵੇਂ ਅੱਪੜੇ?”
“ਸਟੂਡੈਂਟ ਵਜੋਂ।”
“ਓਥੇ ਫਿਰ ਗੱਲ ਨੀ ਬਣੀ?”
“ਬਣ ਗਈ ਸੀ। ਪਰ ਉੱਥੇ ਹੋਰ ਪਰਿਵਾਰ ਨੂੰ ਸੱਦਣ ਦੇ ਚਾਨਸ ਨਹੀਂ ਸੀ। ਮੈਂ ਸੋਚਿਆ ਕਨੇਡਾ ਹੋਰ ਵੀ ਵਧੀਆ ਮੁਲਖ ਏ। ਏਥੇ ਪੱਕੇ ਹੋ ਕੇ ਹੋਰ ਭੈਣ ਭਾਈ ਨੂੰ ਵੀ ਬੁਲਾ ਸਕਦਾ ਵਾਂ।”
“ਠੀਕ ਸੋਚਿਆ। ਅੱਛਾ, ਹੈ ਕੋਈ ਭੈਣ ਭਾਈ ਪਿੱਛੇ?”
“ਹਾਂ ਜੀ, ਵੱਡੀ ਭੈਣ ਤੇ ਛੋਟਾ ਭਰਾ। ਮੇਰੀ ਡਰਾਈਵਿੰਗ ਠੀਕ ਏ ਜੀ?”
“ਹਾਂ ਹਾਂ। ਸਿੱਧਾ ਲਈ ਚੱਲ। ਸਪੇਨ ‘ਚ ਪੜ੍ਹਿਆ ਨੀ ਫੇਰ?” ਇਹ ਸੁਣ ਕੇ ਕਰਨਵੀਰ ਦੇ ਚਿੱਤ ‘ਚ ਆਈ ਕਿ ਕਹੇ, ‘ਅੰਕਲ, ਮੇਰੇ ਬਾਰੇ ਐਨੀ ਜਾਣਕਾਰੀ ਲੈ ਲਈ, ਹੁਣ ਕਿਸੇ ਕਨੇਡੀਅਨ ਕੁੜੀ ਦਾ ਰਿਸ਼ਤਾ ਹੀ ਕਰਵਾ ਦਿਓ’ ਪਰ ਉਸ ਨੇ ਇਹ ਨਾ ਕਿਹਾ ਤੇ ਬੋਲਿਆ, “ਪੜ੍ਹਨ ਦਾ ਤਾਂ ਥੋਨੂੰ ਪਤਾ ਈ ਏ ਜੀ। ਪੜ੍ਹਨ ਥੋੜ੍ਹੋ, ਕੰਮ ਕਰਨ ਆਈਦਾ ਏ। ਕਰਜ਼ਾ ਲੈ ਕੇ ਆਇਆ ਸੀ। ਉਹ ਵੀ ਤਾਂ ਲਾਹੁਣਾ ਹੁੰਦਾ ਨਾ।”
“ਸਹੀ ਗੱਲ ਐ। ਪਾਰਕਿੰਗ ਲਵਾ ਕੇ ਦੇਖੀਏ ਕਿ ਲਾ ਲੈਨਾਂ? ਲਾ ਹੀ ਲੈਂਦਾ ਹੋਵੇਂਗਾ ਐਨੇ ਸਾਲ ਚਲਾਈ ਐ ਕਾਰ। ਰੋਡ ਟੈੱਸਟ ਬੁੱਕ ਕੀਤਾ ਹੋਇਐ?”
“ਨਹੀਂ ਜੀ। ਤਾਂ ਹੀ ਤਾਂ ਤੁਹਾਡੇ ਨਾਲ਼ ਗੱਲ ਕੀਤੀ ਏ। ਡੇਟ ਨਹੀਂ ਮਿਲਦੀ।”
“ਉਹ ਨਹੀਂ ਮਿਲਣੀ ਛੇਤੀ।”
“ਕੀ ਇਲਾਜ ਏ ਜੀ ਫਿਰ? ਮੈਂ ਕਾਰ ਤੋਂ ਬਾਅਦ ਟਰੱਕ ਦਾ ਲਾਈਸੰਸ ਲੈਣਾ ਏ।”
“ਗੱਲ ਏਦਾਂ ਬਈ ਤੂੰ ਕਾਰ ਤਾਂ ਠੀਕ ਚਲਾਉਨੈ ਪਰ ਰਿਸਕ ਵੱਡਾ ਇਹ ਹੈ ਕਿ ਜੇ ਐਗਜ਼ਾਮੀਨਰ ਘਰੋਂ ਘਰਵਾਲ਼ੀ ਨਾਲ਼ ਲੜ ਕੇ ਆਇਆ ਹੋਇਆ ਤੇ ਗੁੱਸਾ ਉਸ ਨੇ ਤੇਰੇ ‘ਤੇ ਕੱਢ’ਤਾ ਫੇਰ ਗੜਬੜ ਹੋਜੂ। ਸਾਲ ਭਰ ਤੂੰ ਫਿਰ ਰੋਡ ਟੈੱਸਟ ਨੀ ਦੇ ਸਕਣਾ।”
“ਫੇਰ ਜੀ?”
“ਮੇਰੇ ਕੋਲ ਬੰਦਾ ਹੈ ਇਕ ਔਰੈਂਜਵਿਲ ਸ਼ਹਿਰ ‘ਚ। ਏਥੋਂ ਦੋ ਘੰਟੇ ਲੱਗਦੇ ਆ। ਓਥੇ ਭਾਵੇਂ ਅਗਲੇ ਹਫ਼ਤੇ ਦਾ ਰੋਡ ਟੈੱਸਟ ਬੁੱਕ ਕਰ ਲਈਏ। ਤੈਨੂੰ ਮੈਂ ਇਸ ਕਰ ਕੇ ਦੱਸਦੈਂ ਬਈ ਤੂੰ ਟਰੱਕ ਦਾ ਲਸੰਸ ਛੇਤੀ ਲੈਣਾ। ਜੇ ਪਹਿਲਾਂ ਕਾਰ ਦਾ ਹੋਵੇਗਾ, ਫੇਰ ਈ ਟਰੱਕ ਦਾ ਮਿਲੇਗਾ ਪਰ ਡਾਲੇ ਲੱਗਣਗੇ।”
“ਕਿੰਨੇ ਕੁ ਲੱਗਣਗੇ ਜੀ?”
“ਪੰਦਰਾਂ ਸੌ ਲੈਂਦਾ ਉਹ। ਮੇਰੀ ਵੀ ਆਉਣ-ਜਾਣ ਦੀ ਦਿਹਾੜੀ ਹੈ। ਕਾਰ ‘ਚ ਗੈਸ ਵੀ ਪੈਣਾ।”
ਕਰਨਵੀਰ ਚੁੱਪ ਕਰ ਗਿਆ। ਅੰਕਲ ਫਿਰ ਬੋਲਿਆ, “ਬ੍ਰੈਂਪਟਨ ’ਚ ਤਾਂ ਕਈ ਮਹੀਨੇ ਵਾਰੀ ਨੀ ਆਉਣੀ। ਤੇਰੇ ਕੋਲ ਮੇਰਾ ਫੋਨ ਨੰਬਰ ਤਾਂ ਹੈਗਾ ਈ ਆ। ਫੇਰ ਸੋਚ ਕੇ ਦੱਸ ਦੇਵੀਂ।”
‘ਜੇ ਫੇਲ੍ਹ ਹੋ ਗਿਆ ਤਾਂ ਸਾਰਾ ਕੰਮ ਹੀ ਵਿਗੜ ਜਾਵੇਗਾ। ਫੇਰ ਕਨੇਡਾ ਦਾ ਤਾਂ ਖਿਆਲ ਹੀ ਛੱਡਣਾ ਪਵੇਗਾ।’ ਇਹ ਸੋਚ ਕੇ ਕਰਨਵੀਰ ਨੇ ਉਸੇ ਵੇਲੇ ਹੀ ਹਾਮੀ ਭਰ ਦਿੱਤੀ। ਅਗਲੇ ਹਫ਼ਤੇ ਔਰੈਂਜਵਿਲ ਸ਼ਹਿਰ ‘ਚ ਕਾਰ ਦਾ ਰੋਡ ਟੈੱਸਟ ਦੇ ਕੇ ਕਰਨਵੀਰ ਨੇ ਸੋਚਿਆ ਕਿ ਜੇ ਅੰਕਲ ਨੂੰ ਵਾਧੂ ਡਾਲਰ ਨਾ ਵੀ ਦਿੱਤੇ ਹੁੰਦੇ ਤਾਂ ਪਾਸ ਉਸ ਨੇ ਫੇਰ ਵੀ ਹੋ ਹੀ ਜਾਣਾ ਸੀ।

ਕਰਨਵੀਰ ‘ਘੈਂਟ ਟਰੱਕ ਡਰਾਈਵਿੰਗ ਸਕੂਲ’ ਦੇ ਦਫ਼ਤਰ ਮੂਹਰੇ ਸਭ ਤੋਂ ਪਹਿਲਾਂ ਆ ਕੇ ਖੜ੍ਹ ਗਿਆ। ਟਾਈਮ ਦੇਖਣ ਲਈ ਉਸ ਨੇ ਜੈਕਟ ਵਿਚੋਂ ਫੋਨ ਕੱਢਿਆ। ਅੱਠ ਵੱਜਣ ਵਿਚ ਦਸ ਮਿੰਟ ਰਹਿੰਦੇ ਸਨ। ਹਾਲੇ ਤਕ ਕੋਈ ਵੀ ਨਹੀਂ ਸੀ ਆਇਆ। ਕਰਨਵੀਰ ਨੇ ਦੂਜੀ ਜੇਬ ਵਿਚ ਸੈੱਲ ਫੋਨ ਰੱਖ ਕੇ ਉਸ ਵਿਚ ਛਤਰੀ ਫੜ ਲਈ ਅਤੇ ਪਹਿਲੇ ਹੱਥ ਨੂੰ ਨਿੱਘਾ ਕਰਨ ਲਈ ਜੈਕਟ ਦੀ ਜੇਬ ਵਿਚ ਪਾ ਲਿਆ। ਮੀਂਹ ਤੇਜ਼ ਹੋ ਗਿਆ ਸੀ। ਉਹ ਡਰਾਈਵਿੰਗ ਸਕੂਲ ਦੇ ਦਫ਼ਤਰ ਮੂਹਰੇ ਬਣੇ ਵਾਧਰੇ ਹੇਠ ਹੋ ਗਿਆ। ਉਸ ਦੇ ਮਗਰ ਲਾਈਨ ਲੱਗਣੀ ਸੀ। ਅੱਜ ਉਹ ਧਾਅ ਕੇ ਆਇਆ ਸੀ ਕਿ ਸਭ ਤੋਂ ਪਹਿਲਾਂ ਪਹੁੰਚੇਗਾ ਤਾਂ ਕਿ ਸ਼ਾਮ ਨੂੰ ਟਰੱਕ ਬੈਕ ਕਰਨਾ ਸਿੱਖਣ ਲਈ ਉਸ ਦੀ ਸਭ ਤੋਂ ਪਹਿਲਾਂ ਵਾਰੀ ਆਵੇ। ਕੱਲ੍ਹ ਉਹ ਬੱਚਿਆਂ ਨੂੰ ਸਕੂਲ ਦੀ ਬੱਸ ਚੜ੍ਹਾਉਣ ਦੇ ਚੱਕਰ ਵਿਚ ਦਸ ਵਜੇ ਪਹੁੰਚਿਆ ਸੀ। ਤੇ ਸ਼ਾਮ ਨੂੰ ਉਸ ਦੀ ਵਾਰੀ ਨਹੀਂ ਸੀ ਆਈ। ਟਰੱਕ ਸਕੂਲ ਵਾਲ਼ਾ ਨਛੱਤਰ ਪਹਿਲੇ ਚਾਰਾਂ ਦੀ ਪ੍ਰੈਕਟਿਸ ਕਰਵਾ ਕੇ ਚਲਦਾ ਬਣਿਆ ਸੀ। ਜਾਣ ਲੱਗਾ ਕਹਿੰਦਾ, “ਕਿਸੇ ਐਗਜ਼ਾਮੀਨਰ ਨੂੰ ਖਵਾਉਣ-ਪਿਆਉਣ ਲਿਜਾਣਾ, ਜਿਹੜਾ ਥੋਨੂੰ ਪਾਸ ਕਰ ਦਿਆ ਕਰੇ।”
ਨਛੱਤਰ ਸਵੇਰੇ ਨੌਂ ਤੋਂ ਬਾਰਾਂ ਵਜੇ ਤਕ ਸਿਖਾਂਦਰੂਆਂ ਦਾ ਪੰਦਰਾਂ ਕੁ ਮਿੰਟ ਦਾ ਗੇੜਾ ਕਢਵਾ ਦਿੰਦਾ ਅਤੇ ਫਿਰ ਉੱਥੋਂ ਚਲਿਆ ਜਾਂਦਾ। ਆਖਦਾ ਕਿ ਅੱਜ ਫਲਾਣੇ ਦਾ ਰੋਡ ਟੈੱਸਟ ਦਿਵਾਉਣ ਚੱਲਿਆਂ। ਕਈ ਵਾਰ ਉਹ ਬਾਰਾਂ ਤੋਂ ਵੀ ਪਹਿਲਾਂ ਚਲਿਆ ਜਾਂਦਾ। ਉਸ ਕੋਲ ਆਪਣਾ ਯਾਰਡ ਨਹੀਂ ਸੀ। ਜਿਸ ਪਲਾਜ਼ੇ ਵਿਚ ਉਸ ਦਾ ਸਕੂਲ ਸੀ, ਉਸ ਦੀ ਪਾਰਕਿੰਗ ਲਾਟ ਸ਼ਾਮ ਨੂੰ ਵਿਹਲੀ ਹੋ ਜਾਂਦੀ ਅਤੇ ਉਹ ਸਿਖਾਂਦਰੂਆਂ ਨੂੰ ਟਰੱਕ ਬੈਕ ਕਰਨ ਦੀ ਉੱਥੇ ਹੀ ਸਿਖਲਾਈ ਦਿੰਦਾ। ਪਰਸੋਂ ਕਰਨਵੀਰ ਨੇ ਉਸ ਨੂੰ ਕਿਹਾ ਸੀ, “ਸਰ, ਸਿੱਧਾ ਟਰੱਕ ਚਲਾਉਣ ਦਾ ਮੇਰਾ ਹੱਥ ਖੁੱਲ੍ਹ ਗਿਆ ਏ, ਹੁਣ ਬੈਕ ਲਾਉਣੀ ਵੀ ਸਿਖਾ ਦਿਓ।”
“ਠੀਕ ਹੈ ਕੱਲ੍ਹ ਤੋਂ ਸ਼ਾਮ ਨੂੰ ਵੀ ਆ ਜਾਇਆ ਕਰੀਂ।” ਨਛੱਤਰ ਬੋਲਿਆ। ਤੇ ਕੱਲ੍ਹ ਉਸ ਦੀ ਵਾਰੀ ਨਾ ਆਈ ਹੋਣ ਕਰ ਕੇ ਕਰਨਵੀਰ ਅੱਜ ਸਵੇਰੇ ਹੀ ਸਭ ਤੋਂ ਪਹਿਲਾਂ ਆ ਗਿਆ ਸੀ। ਕਰਨਵੀਰ ਦੇ ਚੇਤੇ ਵਿਚ ਰੁਪਿੰਦਰ ਦਾ ਮਸੋਸਿਆ ਚਿਹਰਾ ਆ ਗਿਆ। ਰਾਤ ਕਰਨਵੀਰ ਨੇ ਕਿਹਾ ਸੀ, “ਭਾਬੀ ਕੱਲ੍ਹ ਨੂੰ ਮੈਥੋਂ ਬੱਚਿਆਂ ਨੂੰ ਸਕੂਲ ਲਈ ਬੱਸ ਸਟਾਪ ਤਕ ਨਹੀਂ ਛੱਡ ਹੋਣਾ। ਅੱਜ ਮੈਂ ਖ਼ੱਜਲ ਹੋ ਕੇ ਮੁੜ ਆਇਆ ਵਾਂ। ਕੁੱਝ ਨਹੀਂ ਸਿੱਖਿਆ। ਸਵੇਰ ਨੂੰ ਜਿਹੜਾ ਪਹਿਲਾਂ ਪਹੁੰਚਦਾ ਏ, ਸ਼ਾਮ ਨੂੰ ਬੈਕ ਲਾਉਣੀ ਸਿੱਖਣ ਦੀ ਵੀ ਪਹਿਲਾਂ ਉਸੇ ਦੀ ਵਾਰੀ ਆਉਂਦੀ ਏ।”
“ਕਰਨ, ਜੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਕੰਮ ‘ਤੇ ਦੱਸ ਆਉਂਦੀ ਕਿ ਲੇਟ ਆਊਂਗੀ।” ਰੁਪਿੰਦਰ ਬੋਲੀ। ਉਸ ਦਾ ਮਸੋਸਿਆ ਜਿਹਾ ਚਿਹਰਾ ਦੇਖ ਕੇ ਕਰਨਵੀਰ ਨੇ ਕਿਹਾ, “ਚੱਲ ਕੱਲ੍ਹ ਨੂੰ ਮੈਂ ਫੇਰ ਲੇਟ ਚਲਾ ਜਾਵਾਂਗਾ। ਤੁਸੀਂ ਕੰਮ ‘ਤੇ ਦੱਸ ਆਇਓ।”
“ਨਹੀਂ ਨਹੀਂ। ਤੂੰ ਚਲਿਆ ਜਾਈਂ, ਮੈਂ ਐਡਜਸਟ ਕਰ ਲਵਾਂਗੀ।”
ਜਦੋਂ ਵੀ ਰੁਪਿੰਦਰ ‘ਐਡਜਸਟ ਕਰ ਲਵਾਂਗੀ’ ਆਖਦੀ, ਕਰਨਵੀਰ ਆਪਣੇ ਆਪ ਨੂੰ ਦੱਬਿਆ ਦੱਬਿਆ ਮਹਿਸੂਸ ਕਰਦਾ। ਉਹ ਸੋਚਦਾ ਕਿ ਐਨਾ ਅਹਿਸਾਨ ਨਹੀਂ ਲੈਣਾ ਕਿ ਕਿਸੇ ਗੱਲੋਂ ਜਵਾਬ ਦੇਣਾ ਮੁਸ਼ਕਲ ਹੋ ਜਾਵੇ। ਖ਼ਾਸ ਕਰ ਕੇ ਉਸ ਦਿਨ ਤੋਂ ਉਹ ਜ਼ਿਆਦਾ ਹੀ ਚੌਕਸ ਹੋ ਗਿਆ ਸੀ ਜਿਸ ਦਿਨ ਰੁਪਿੰਦਰ ਨੇ ਕਿਹਾ ਸੀ, “ਕਰਨ, ਛੇਤੀ ਛੇਤੀ ਕਿਤੇ ਐਡਜਸਟ ਹੋ, ਫਿਰ ਤੇਰੇ ਵਾਸਤੇ ਕੋਈ ਕੁੜੀ ਲੱਭੀਏ।”
“ਹੁਣੇ ਲੱਭ ਦਿਓ ਕੁੜੀ। ਨਾਲ਼ੇ ਮੇਰਾ ਐਡਜਸਟ ਹੋਣਾ ਸੁਖਾਲ਼ਾ ਹੋ ਜਾਵੇਗਾ। ਹੁਣ ਪਤਾ ਨੀ ਕਿੰਨਾ ਚਿਰ ਲੱਗੇ ਸੈੱਟ ਹੋਣ ਨੂੰ।” ਕਰਨਵੀਰ ਨੇ ਜਵਾਬ ਦਿੱਤਾ ਸੀ।
“ਇੰਡੀਆ ਤੋਂ ਲਿਆ ਕੇ ਦਿਊਂ ਤੈਨੂੰ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ।”
“ਭਾਬੀ, ਸ਼ਾਮ ਦੀ ਦਾਲ਼-ਸਬਜ਼ੀ ਮੈਂ ਬਣਾ ਦਿਆ ਕਰਾਂਗਾ। ਮੈਂ ਕਿਤੇ ਬਣਾਉਣੀ ਭੁੱਲ ਹੀ ਨਾ ਜਾਵਾਂ।” ਕਰਨਵੀਰ ਨੇ ਹੱਸ ਕੇ ਗੱਲ ਨੂੰ ਹੋਰ ਪਾਸੇ ਪਾਉਣ ਲਈ ਕਿਹਾ। ਉਹ ਕੋਈ ਵਾਅਦਾ ਕਰ ਕੇ ਕੈਨੇਡਾ ਵਿਚ ਵਿਆਹ ਕਰਵਾ ਕੇ ਪੱਕਾ ਹੋਣ ਵਾਲ਼ਾ ਰਾਹ ਬੰਦ ਨਹੀਂ ਸੀ ਕਰਨਾ ਚਾਹੁੰਦਾ; ਤੇ ਕਰਨਵੀਰ ਅੱਗੇ ਲਈ ਚੌਕਸ ਹੋ ਗਿਆ ਸੀ ਕਿ ਕੋਈ ਨਾ ਕੋਈ ਘਰਦਾ ਕੰਮ ਕਰ ਕੇ ਉਹ ਆਪਣੇ ਚਚੇਰੇ ਭਰਾ-ਭਰਜਾਈ ‘ਤੇ ਬਹੁਤਾ ਬੋਝ ਨਾ ਬਣੇ। ਪਹਿਲਾਂ ਵੀ ਤਿੰਨ ਵਾਰ ਕਰਨਵੀਰ ਬੱਚਿਆਂ ਨੂੰ ਸਕੂਲ ਲਈ ਸਵੇਰੇ ਬੱਸ ਸਟਾਪ ‘ਤੇ ਨਹੀਂ ਸੀ ਛੱਡ ਸਕਿਆ; ਤੇ ਉਨ੍ਹਾਂ ਸ਼ਾਮਾਂ ਨੂੰ ਉਹ ਬੱਚਿਆਂ ਲਈ ਬਾਹਰੋਂ ਕੁੱਝ ਖਾਣ ਲਈ ਲੈ ਗਿਆ ਸੀ।
ਉਸ ਦਿਨ ਵੀ ਕਰਨਵੀਰ ਬੱਚਿਆਂ ਨੂੰ ਸਕੂਲ ਵਾਲੀ ਬੱਸ ਨਹੀਂ ਸੀ ਚੜ੍ਹਾ ਸਕਿਆ ਜਿਸ ਦਿਨ ਉਹ ਕਾਰ ਦੇ ਲਾਈਸੰਸ ਲਈ ਸੜਕ ਨਿਯਮਾਂ ਦੀ ਜਾਣਕਾਰੀ ਵਾਲ਼ਾ ਟੈੱਸਟ ਦੇਣ ਗਿਆ ਸੀ। ਪਹਿਲੇ ਦਿਨ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਹ ਟੈੱਸਟ ਦੇਣ ਲਈ ਉਸ ਨੂੰ ਲੰਮੀ ਕਤਾਰ ਵਿਚ ਖੜ੍ਹ ਕੇ ਉਡੀਕ ਕਰਨੀ ਪਵੇਗੀ। ਉਹ ਲਾਈਨ ਵਿਚ ਹਾਲੇ ਪੰਜ ਸੱਤ ਮਿੰਟ ਹੀ ਖੜ੍ਹਾ ਹੋਵੇਗਾ ਕਿ ਉਸ ਕੋਲੋਂ ਲੰਘਦਾ ਇਕ ਬੰਦਾ ਬੋਲਿਆ, “ਇੱਥੇ ਖੜ੍ਹਨ ਦਾ ਕੋਈ ਫਾਇਦਾ ਨਹੀਂ। ਅੱਜ ਨਹੀਂ ਵਾਰੀ ਆਉਂਦੀ। ਕੱਲ੍ਹ ਨੂੰ ਸਵੇਰੇ ਆ ਕੇ ਖੜ੍ਹਿਓ। ਦਫ਼ਤਰ ਅੱਠ ਵਜੇ ਖੁੱਲ੍ਹਦਾ ਹੈ। ਉਸ ਤੋਂ ਵੀ ਪਹਿਲਾਂ ਆ ਕੇ ਖੜ੍ਹਿਓ।”
ਕਰਨਵੀਰ ਨੇ ਉਵੇਂ ਹੀ ਕੀਤਾ। ਅਗਲੇ ਦਿਨ ਉਹ ਸਵੇਰੇ ਛੇ ਵਜੇ ਹੀ ਲਾਈਨ ਵਿਚ ਲੱਗ ਗਿਆ। ਉਸ ਤੋਂ ਮੂਹਰੇ ਦੋ ਜਿਊੜੇ ਹੋਰ ਖੜ੍ਹੇ ਸਨ। ਦਫ਼ਤਰ ਖੁੱਲ੍ਹਣ ਸਾਰ ਹੀ ਕਰਨਵੀਰ ਦੀ ਵਾਰੀ ਆ ਗਈ। “ਆਪਣੇ ਦੇਸ਼ ਤੋਂ ਆਪਣੀ ਡਰਾਈਵਿੰਗ ਹਿਸਟਰੀ ਮੰਗਵਾ ਲਵੋ ਤੇ ਸੜਕ ਨਿਯਮਾਂ ਦੀ ਜਾਣਕਾਰੀ ਦਾ ਟੈੱਸਟ ਦੇ ਦਿਓ। ਉਹ ਟੈੱਸਟ ਪਾਸ ਕਰਨ ਤੋਂ ਬਾਅਦ ਰੋਡ ਟੈੱਸਟ ਬੁੱਕ ਕਰਵਾ ਦਿਓ।” ਉਸ ਨੂੰ ਦੱਸਿਆ ਗਿਆ।
ਕਰਨਵੀਰ ਆਪਣੀ ‘ਡਰਾਈਵਿੰਗ ਹਿਸਟਰੀ’ ਲੈ ਕੇ ਅਗਲੇ ਹਫ਼ਤੇ ਫਿਰ ਛੇ ਵਜੇ ਲਾਈਨ ਵਿਚ ਜਾ ਲੱਗਾ। ਉਸ ਦਿਨ ਠੰਢ ਹੱਥ ਪੈਰ ਸੁੰਨ ਕਰ ਰਹੀ ਸੀ। ਸੀਤ ਹਵਾ ਉਸ ਦੇ ਪਾਏ ਕੱਪੜਿਆਂ ਦੀਆਂ ਤਹਿਆਂ ਪਾੜ ਕੇ ਉਸ ਤਕ ਪਹੁੰਚ ਰਹੀ ਸੀ। ਉਸ ਤੋਂ ਅੱਗੇ-ਪਿੱਛੇ ਖੜ੍ਹੇ ਆਪਣੇ ਨਾਲ਼ ਸਾਥੀ ਲੈ ਕੇ ਆਏ ਸਨ। ਉਨ੍ਹਾਂ ਵਿਚੋਂ ਇਕ ਜਣਾ ਕੁੱਝ ਦੇਰ ਜਾ ਕੇ ਕਾਰ ਵਿਚ ਗਰਮ ਹੋ ਆਉਂਦਾ, ਦੂਜਾ ਲਾਈਨ ਵਿਚ ਉਸ ਦੀ ਥਾਂ ਬਣਾਈ ਰੱਖਦਾ। ਕਰਨਵੀਰ ਇਕੱਲਾ ਸੀ। ਦੋ ਘੰਟੇ ਲਾਈਨ ਵਿਚ ਖੜੋਤਿਆਂ ਉਸ ਦਾ ਸਰੀਰ ਸੁੰਨ ਹੋ ਗਿਆ ਸੀ।
ਉਸ ਦਿਨ ਦੀ ਠੰਢ ਨੂੰ ਯਾਦ ਕਰ ਕੇ ਕਰਨਵੀਰ ਨੂੰ ਝੁਣਝਣੀ ਆਈ। “ਆਇਆ ਨੀ ਹਾਲੇ ਕੋਈ?” ਇਸ ਆਵਾਜ਼ ਨੇ ਕਰਨਵੀਰ ਨੂੰ ਉਸ ਦਿਨ ਦੀ ਸੀਤ ਹਵਾ ਵਾਲੀ ਠੰਢ ‘ਚੋਂ ਅੱਜ ਦੇ ਮੀਂਹ ਵਿਚ ਮੋੜ ਲਿਆਂਦਾ।
ਕਰਨਵੀਰ ਨੇ ਆਵਾਜ਼ ਵਾਲੇ ਪਾਸੇ ਦੇਖਿਆ। ਫਿਰ ਆਉਣ ਵਾਲੇ ਵੱਲ ਦੇਖ ਕੇ ਬੋਲਿਆ, “ਹੈਲੋ ਮਨਦੀਪ, ਨਹੀਂ, ਹਾਲੇ ਤਾਂ ਕੋਈ ਨਹੀਂ ਆਇਆ। ਜੇ ਟਰੱਕ ਹੀ ਏਥੇ ਹੁੰਦਾ ਤਾਂ ਪ੍ਰੀ-ਟ੍ਰਿੱਪ ਇਨਸਪੈਕਸ਼ਨ ਹੀ ਦੁਹਰਾ ਲੈਂਦੇ।”
“ਉਹ ਤਾਂ ਰੱਟਿਆ ਪਿਐ। ਹੁਣ ਤਾਂ ਰੋਡ ਟੈੱਸਟ ਹੋਵੇ ਫੇਰ ਐ।” ਮਨਦੀਪ ਬੋਲਿਆ।
“ਕਿੰਨਾ ਕੁ ਚਿਰ ਹੋ ਗਿਆ ਲੈਸਨ ਲੈਂਦਿਆਂ ਨੂੰ?”
“ਦੋ ਮਹੀਨੇ ਹੋ ਚੱਲੇ ਆ। ਵਾਅਦਾ ਕੀਤਾ ਸੀ ਬਈ ਮਹੀਨੇ ਦੇ ਵਿਚ ਵਿਚ ਰੋਡ ਟੈੱਸਟ ਦਿਵਾ ਦਿਊਂਗਾ।”
‘ਜੇ ਇਹਦੀ ਦੋ ਮਹੀਨੇ ਵਾਲੇ ਦੀ ਹਾਲੇ ਵਾਰੀ ਨਹੀਂ ਆਈ ਤਾਂ ਮੇਰੀ ਬਾਰਾਂ ਦਿਨਾਂ ਵਾਲੇ ਦੀ ਕਦੋਂ ਆਈ?’ ਕਰਨਵੀਰ ਨੇ ਸੋਚਿਆ ਪਰ ਉਸ ਨੇ ਇਸ ਤਰ੍ਹਾਂ ਕਿਹਾ ਨਹੀਂ। ਉਹ ਬੋਲਿਆ, “ਵਾਅਦਾ ਤਾਂ ਮੇਰੇ ਨਾਲ਼ ਵੀ ਇਹੀ ਕੀਤਾ ਸੀ ਪਰ ਹੁਣ ਤੁਹਾਨੂੰ ਕਹਿੰਦਾ ਕੀ ਏ?”
“ਅੱਜ ਰੋਡ ਟੈੱਸਟ ਬੁੱਕ ਕਰਦੇ ਆਂ ਕੱਲ੍ਹ ਕਰਦੇ ਆਂ ਆਖ ਛੱਡਦੈ।”
“ਲੱਗਦੈ ਕਿ ਜੂਨ ਦਾ ਮਹੀਨਾ ਟਪਾਊਗਾ। ਸਾਰੇ ਹੀ ਜੂਨ ਤੋਂ ਪਹਿਲਾਂ ਪਹਿਲਾਂ ਲਾਈਸੰਸ ਲੈਣਾ ਚਾਹੁੰਦੇ ਆ। ਏਸ ਕਰ ਕੇ ਡੇਟਾਂ ਨੀ ਮਿਲਦੀਆਂ।” ਉਨ੍ਹਾਂ ਕੋਲ ਆ ਕੇ ਖੜ੍ਹਦਾ ਇਕ ਹੋਰ ਸਿਖਾਂਦਰੂ ਬੋਲਿਆ।
“ਹਾਂ ਬਈ ਸੁਰਜੀਤ, ਆ ਗਿਆ? ਫੇਰ ਲਾਰੇ ਨਾ ਨਾ ਲਾਵੇ, ਸਿੱਧਾ ਆਖ ਦੇਵੇ। ਮੈਂ ਤਾਂ ਹਜ਼ਾਰ ਡਾਲਰ ਦੇ ਬੈਠਾਂ, ਨਹੀਂ ਤਾਂ ਕੋਈ ਹੋਰ ਸਕੂਲ ਦੇਖ ਲੈਂਦਾ। ਓਧਰੋਂ ਰੂਲ ਚੇਂਜ ਹੋ ਜਾਣੇ ਆ।” ਮਨਦੀਪ ਬੋਲਿਆ।
‘ਸਿਰੇ ਸੱਟ ਟਰੱਕ ਡਰਾਈਵਿੰਗ ਸਕੂਲ’ ਵਾਲ਼ਾ ਦਰਸ਼ਨ ਕਹਿੰਦੇ ਰੋਡ ਟੈੱਸਟ ਦਿਵਾ ਦਿੰਦਾ। ਉਹਦੇ ਕੋਲ ਹੁੰਦੀਆਂ ਡੇਟਾਂ ਪਰ ਉਹ ਫ਼ੀਸ ਦੋ ਹਜ਼ਾਰ ਲੈਂਦਾ। ਨਾਲ਼ੇ ਸੁਣਦੇ ਆਂ ਕਿ ਹੈ ਕੱਬਾ।”
“ਕੱਬੇ ਨੂੰ ਤਾਂ ਚੱਲ ਝੱਲ ਲਵਾਂਗੇ ਰੋਡ ਟੈੱਸਟ ਦਿਵਾਵੇ ਤਾਂ ਪਰ ਉਹਨੂੰ ਕਿੱਥੋਂ ਮਿਲਦੀਐਂ ਡੇਟਾਂ?”
“ਉਹਦੀਆਂ ਕਹਿੰਦੇ ਪਹਿਲਾਂ ਹੀ ਬੁੱਕ ਕੀਤੀਆਂ ਹੋਈਆਂ। ਹੁਣ ਉਹ ਨਾਂ ਬਦਲ ਕੇ ਦਿਵਾਈ ਜਾਂਦਾ ਰੋਡ ਟੈੱਸਟ।” ਸੁਰਜੀਤ ਨੇ ਦੱਸਿਆ।
“ਕਰੀਏ ਪਤਾ ਫਿਰ ਉਹਤੋਂ?” ਮਨਦੀਪ ਬੋਲਿਆ।
“ਮੈਨੂੰ ਵੀ ਲੈ ਚੱਲੋਂਗੇ, ਵੀਰੇ?” ਕਰਨਵੀਰ ਨੇ ਪੁੱਛਿਆ।
“ਠੀਕ ਹੈ, ਤਿੰਨੇ ਚੱਲਾਂਗੇ, ਹੋਰ ਕਿਸੇ ਕੋਲ ਗੱਲ ਨੀ ਕਰਨੀ।”
ਉਨ੍ਹਾਂ ਦੇ ਸਲਾਹਾਂ ਕਰਦਿਆਂ ਇਕ ਜਣਾ ਹੋਰ ਉੱਥੇ ਆ ਗਿਆ। ਉਨ੍ਹਾਂ ਨੇ ਆਪਣੀ ਗੱਲ ਦਾ ਵਿਸ਼ਾ ਬਦਲ ਲਿਆ। ਫਿਰ ਤਿੰਨ ਸਿਖਾਂਦਰੂ ਹੋਰ ਆ ਗਏ। ਕੁੱਝ ਦੇਰ ਬਾਅਦ ਕਿਸੇ ਦਾ ਫੋਨ ਖੜਕਿਆ। ਫੋਨ ਸੁਣਨ ਤੋਂ ਬਾਅਦ ਉਹ ਸਾਰਿਆਂ ਨੂੰ ਬੋਲਿਆ, “ਨਛੱਤਰ ਦਾ ਫੋਨ ਸੀ, ਕਹਿੰਦਾ ਘਰਾਂ ਨੂੰ ਵਗਜੋ ਅੱਜ ਨੀ ਉਸ ਤੋਂ ਆ ਹੋਣਾ, ਕੋਈ ਜ਼ਰੂਰੀ ਕੰਮ ਹੋ ਗਿਆ ਉਸ ਨੂੰ।”
“ਹੈ ਭੈਂਅ— ਰਾਤ ਫੋਨ ਕਰ ਦਿੰਦਾ ਤਾਂ ਮੈਂ ਕਿਉਂ ਛੁੱਟੀ ਕਰਦਾ ਅੱਜ ਦੀ।” ਸੁਰਜੀਤ ਨੇ ਕਿਹਾ। ਕਰਨਵੀਰ ਨੇ ਸੁਰਜੀਤ ਵੱਲ ਦੇਖਿਆ। ਉਹ ਫਿਰ ਬੋਲਿਆ, “ਇਹ ਸਸਤੇ ਹੋਣ ਕਰ ਕੇ ਅਸੀਂ ਆਪਣੇ ਬੰਦਿਆਂ ਵੱਲ ਭੱਜਦੇ ਆਂ। ਇਹ ਇਸ ਤਰ੍ਹਾਂ ਖ਼ਰਾਬ ਕਰ ਕੇ ਵੱਧ ਦਾ ਨੁਕਸਾਨ ਕਰ ਦਿੰਦੇ ਆ।”
“ਏਵੇਂ ਈ ਐ। ਏਅਰ ਬ੍ਰੇਕਾਂ ਦਾ ਕੋਰਸ ਮੈਂ ਗੋਰੇ ਤੋਂ ਕੀਤੈ। ਦੋ ਦਿਨਾਂ ਦਾ ਕੋਰਸ ਸੀ। ਕੋਈ ਖੱਜਲ ਖੁਆਰੀ ਨੀ। ਦੋ ਦਿਨਾਂ ‘ਚ ਹੀ ਕਰ ਕੇ ਪਾਸੇ ਕੀਤਾ।” ਮਨਦੀਪ ਨੇ ਦੱਸਿਆ।
“ਹਾਂ, ਉਹਨੇ ਨਹੀਂ ਖ਼ਰਾਬ ਕੀਤਾ।” ਕਰਨਵੀਰ ਨੇ ਹਾਜ਼ਰੀ ਲਵਾਈ।
ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਉਹ ਕੁੱਝ ਦੇਰ ਬਾਅਦ ਉੱਥੋਂ ਤੁਰ ਪਏ। ਸੁਰਜੀਤ ਅਤੇ ਮਨਦੀਪ ਦੇ ਮਗਰ ਹੀ ਕਰਨਦੀਪ ਤੁਰ ਪਿਆ। ਉਹ ਇਕ ਕਾਰ ਕੋਲ ਜਾ ਕੇ ਰੁਕ ਗਏ। ਖੜ੍ਹਦਿਆਂ ਹੀ ਕਰਨਵੀਰ ਬੋਲਿਆ, “ਵੀਰੇ ਤੁਹਾਡੇ ਤੋਂ ਕੀ ਛੁਪਾਉਣਾ, ਮੈਂ ਇੱਥੇ ਵਿਜ਼ਟਰ ਵੀਜ਼ੇ ‘ਤੇ ਆਇਆ ਵਾਂ। ਛੇ ਮਹੀਨੇ ਦਾ ਵੀਜ਼ਾ ਸੀ। ਇਕ ਮਹੀਨਾ ਮੈਂ ਓਥੇ ਹੀ ਜੱਕਾਂ-ਤੱਕਾਂ ‘ਚ ਲੰਘਾ ਦਿੱਤਾ। ਜੌਬ ਛੱਡ ਕੇ ਆਇਆ ਵਾਂ। ਜਿਸ ਦਿਨ ਤੁਸੀਂ ਗਏ, ਮੈਨੂੰ ਵੀ ਲੈ ਚੱਲਿਓ।”
“ਜਿੱਦਣ ਕੀ, ਅੱਜ ਹੀ ਚੱਲਦੇ ਆਂ। ਬੈਠੋ ਕਾਰ ‘ਚ।” ਆਖਦਿਆਂ ਸੁਰਜੀਤ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਲਿਆ ਅਤੇ ਫਿਰ ਕਾਰ ਵਿਚ ਬੈਠ ਕੇ ਬੋਲਿਆ, “ਮੈਂ ਤਾਂ ਊਬਰ ਦੇ ਡਰੋਂ ਲਾਈਸੰਸ ਲੈ ਰਿਹਾਂ। ਕਹਿੰਦੇ ਛੇਤੀ ਆ ਜਾਣੀ ਐ। ਜੇ ਟੈਕਸੀ ਦਾ ਮੰਦਾ ਹੋ ਗਿਆ, ਟਰੱਕ ‘ਤੇ ਚੜ੍ਹ ਜਾਂ’ਗੇ। ਮੈਂ ਪਿੱਛੋਂ ਲੈ ਲਊਂ, ਪਹਿਲਾਂ ਤੁਹਾਡੀ ਦੋਹਾਂ ਦੀ ਗੱਲ ਕਰਦੇ ਆਂ ਓਥੇ ਜਾ ਕੇ।”
“ਇਕ ਵਾਰੀ ਫਿਰ ਨਛੱਤਰ ਤੋਂ ਪੁੱਛ ਨਾ ਲਈਏ ਕਿ ਕਦੋਂ ਦਿਵਾਏਗਾ?” ਮਨਦੀਪ ਨੇ ਪੁੱਛਿਆ।
“ਤੂੰ ਕਿਵੇਂ ਡਬਲ ਮਾਈਂਡਡ ਹੋ ਗਿਐਂ ਐਨੀ ਛੇਤੀ?” ਸੁਰਜੀਤ ਬੋਲਿਆ।
“ਹਜ਼ਾਰ ਖੁੱਸਣ ਦਾ ਡਰ ਲੱਗਦੈ।”
“ਮੈਂ ਕੱਲ੍ਹ ਨਛੱਤਰ ਤੋਂ ਪੁੱਛਿਆ ਸੀ ਬਈ ਕਦੋਂ ਦਿਵਾਏਂਗਾ ਰੋਡ ਟੈੱਸਟ। ਕਹਿੰਦਾ ਹਾਲੇ ਤਾਂ ਕੋਈ ਹੈ ਨੀ ਅਪੁਇੰਟਮੈਂਟ। ਜਦੋਂ ਮਿਲਗੀ, ਸਭ ਤੋਂ ਪਹਿਲਾਂ ਤੇਰਾ ਰੋਡ ਟੈੱਸਟ ਹੀ ਦਿਵਾਊਂ। ਤੂੰ ਪੁੱਛ ਕੇ ਦੇਖ ਲੈ, ਵਿਹਨੇ ਆਂ ਕੀ ਕਹਿੰਦਾ ਤੈਨੂੰ।”
ਮਨਦੀਪ ਨੇ ਨਛੱਤਰ ਨੂੰ ਫੋਨ ਮਿਲਾ ਲਿਆ ਅਤੇ ਫਿਰ ਕੁੱਝ ਦੇਰ “ਅੱਛਾ ਅੱਛਾ” ਕਰ ਕੇ ਫੋਨ ਬੰਦ ਕਰਦਾ ਬੋਲਿਆ, “ਮੈਨੂੰ ਵੀ ਏਦਾਂ ਹੀ ਕਹਿੰਦਾ।”
“ਸਾਲਾ ਸਭ ਨੂੰ ਉੱਲੂ ਬਣਾਉਂਦੈ। ਛੋਟੇ ਭਾਈ ਕੀ ਨਾਂ ਦੱਸਿਆ ਸੀ?” ਸੁਰਜੀਤ ਨੇ ਕਰਨਵੀਰ ਵੱਲ ਦੇਖਿਆ ਅਤੇ ਉਸ ਦੇ ਨਾਂ ਦੱਸਣ ਤੋਂ ਬਾਅਦ ਬੋਲਿਆ, “ਹਾਂ ਕਰਨਵੀਰ, ਦਸਾਂ ਕੁ ਮਿੰਟਾਂ ਨੂੰ ਤੂੰ ਫੋਨ ਕਰੀਂ, ਦੇਖਦੇ ਆਂ ਕੀ ਕਹਿੰਦੈ।”
“ਏਹੀ ਲਾਰਾ ਇਹਨੂੰ ਲਾਊ।” ਮਨਦੀਪ ਬੋਲਿਆ।
ਉਹੀ ਗੱਲ ਹੋਈ। ਕਰਨਵੀਰ ਨੂੰ ਵੀ ਉਹੀ ਜਵਾਬ ਮਿਲਿਆ।
‘ਸਿਰੇ ਸੱਟ ਡਰਾਈਵਿੰਗ ਸਕੂਲ’ ਪਹੁੰਚ ਕੇ ਕਰਨਵੀਰ ਦੋਨਾਂ ਦੇ ਮਗਰ ਮਗਰ ਦਫ਼ਤਰ ਅੰਦਰ ਚਲਾ ਗਿਆ। ਸੁਰਜੀਤ ਬੋਲਿਆ, “ਅਸੀਂ ‘ਘੈਂਟ ਟਰੱਕ ਡਰਾਈਵਿੰਗ ਸਕੂਲ’ ‘ਚ ਟਰੇਨਿੰਗ ਲੈਨੇ ਆਂ। ਉਹਨੇ ਮਹੀਨੇ-ਪੰਦਰਾਂ ਦਿਨਾਂ ‘ਚ ਰੋਡ ਟੈੱਸਟ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਕਹਿੰਦਾ ਹੈਨੀ ਡੇਟਾਂ। ਤੁਸੀਂ ਦੱਸੋ ਕਦੋਂ ਦਿਵਾ ਸਕਦੇ ਆਂ ਰੋਡ ਟੈੱਸਟ। ਸਹੀ ਸਹੀ ਦੱਸਿਓ। ਸਾਡੀ ਭਕਾਈ ਨਾ ਕਰਾਇਓ।”
“ਟਰੱਕ ਚਲਾ ਲੈਨੇ ਆਂ ਥੋੜ੍ਹਾ ਬਹੁਤਾ?”
“ਸਿੱਧਾ ਤਾਂ ਚਲਾ ਲੈਨਾਂ, ਬੈਕ ਲਾਉਣ ਦੀ ਪ੍ਰੌਬਲਮ ਐ ਥੋੜ੍ਹੀ ਜਿਹੀ।” ਆਖ ਕੇ ਸੁਰਜੀਤ ਨੇ ਮਨਦੀਪ ਤੇ ਕਰਨਵੀਰ ਵੱਲ ਦੇਖਿਆ।
“ਹਾਂ ਜੀ ਬੈਕ ਦੀ ਚਾਹੀਦੀ ਐ ਪ੍ਰੈਕਟਿਸ।” ਮਨਦੀਪ ਨੇ ਕਿਹਾ ਅਤੇ ਕਰਨਵੀਰ ਨੇ ਵੀ ਹਾਮੀ ਵਿਚ ਸਿਰ ਹਿਲਾ ਦਿੱਤਾ।
“ਗੱਲ ਏਦਾਂ ਬਈ ਅੱਜ ਹੋਗੀ ਸਤਾਈ ਫਰਵਰੀ ਤੇ ਸਤਾਈ ਮਾਰਚ ਤਕ ਤਿੰਨਾਂ ਦੇ ਰੋਡ ਟੈੱਸਟ ਦਿਵਾ ਦਿਊਂ। ਮੈਂ ਕੋਈ ਬੁਲਸ਼ਿਟ ਨੀ ਕਰਦਾ। ਮੇਰੇ ਕੋਲ ਦੋ ਟਰੱਕ ਐ ਤੇ ਅਸੀਂ ਸਿਖਾਉਣ ਵਾਲੇ ਵੀ ਦੋ ਆਂ। ਡਾਲਰ ਲੱਗੂ ਦੋ ਹਜ਼ਾਰ। ਪੰਦਰਾਂ ਪੰਦਰਾਂ ਸੌ ਪਹਿਲਾਂ ਪੰਜ ਪੰਜ ਸੌ ਰੋਡ ਟੈੱਸਟ ਵਾਲੇ ਦਿਨ।”
ਕਰਨਵੀਰ ਸੋਚਣ ਲੱਗਾ ਕਿ ਇਸੇ ਤਰ੍ਹਾਂ ਹੀ ਨਛੱਤਰ ਨੇ ਪਹਿਲੇ ਦਿਨ ਕਿਹਾ ਸੀ, “ਪੰਦਰਾਂ ਸੌ ਲੱਗੇਗਾ। ਪੰਜ ਸੌ ਪਹਿਲਾਂ, ਪੰਜ ਸੌ ਦੋ ਹਫ਼ਤਿਆਂ ਬਾਅਦ ਤੇ ਪੰਜ ਸੌ ਰੋਡ ਟੈੱਸਟ ਵਾਲੇ ਦਿਨ।”
“ਰੋਡ ਟੈੱਸਟ ਦੀ ਗਰੰਟੀ ਚਾਹੀਦੀ ਐ, ਪੰਦਰਾਂ ਸੌ ਰੋਡ ਟੈੱਸਟ ਵਾਲੇ ਦਿਨ ਲੈ ਲਿਓ, ਪੰਜ ਸੌ ਪਹਿਲਾਂ।” ਸੁਰਜੀਤ ਨੇ ਕਿਹਾ।
“ਥੋਨੂੰ ਮੈਂ ਪਹਿਲਾਂ ਦੱਸਿਆ ਬਈ ਮੈਂ ਕੋਈ ਬੁਲਸ਼ਿਟ ਨੀ ਕਰਦਾ ਹੁੰਦਾ। ਸਾਰਿਆਂ ਨਾਲੋਂ ਪੁਰਾਣਾ ਸਕੂਲ ਐ। ਆਹ ਜਿਹੜੇ ਰੋਡ ਟੈੱਸਟ ਲੈਂਦੇ ਆ, ਅੱਧਿਓਂ ਵੱਧ ਮੇਰੇ ਸਿਖਾਏ ਵੇ ਆ। ਜੀਹਤੋਂ ਮਰਜੀ ਪੁੱਛ ਲਿਓ ਸਿਰੇ ਸੱਟ ਵਾਲੇ ਦਰਸ਼ਨ ਦਾ ਨਾਂ। ਰੂਲ ਸਾਰਿਆਂ ਲਈ ਇਕੋ ਹੀ ਐ। ਪੰਦਰਾਂ ਸੌ ਪਹਿਲਾਂ।”
“ਬੈਕ ਲਾਉਣੀ ਕਦੋਂ ਸਿਖਾਉਨੇ ਆਂ?” ਸੁਰਜੀਤ ਨੇ ਪੁੱਛਿਆ।
“ਸਵੇਰੇ ਇਕ ਘੰਟਾ ਰੋਡ ‘ਤੇ ਲਿਜਾਨੇ ਆਂ ਸਾਰਿਆਂ ਨੂੰ। ਸ਼ਾਮ ਨੂੰ ਪੰਜ ਤੋਂ ਅੱਠ ਮਨਿਸਟਰੀ ਦੀ ਬਿਲਡਿੰਗ ਪਿੱਛੇ ਪਾਰਕਿੰਗ ਦੀ ਪ੍ਰੈਕਟਿਸ ਕਰਾਉਨੇ ਆਂ, ਜਿੱਥੇ ਉਨ੍ਹਾਂ ਨੇ ਰੋਡ ਟੈੱਸਟ ਵਾਲੇ ਦਿਨ ਬੈਕ ਲਵਾ ਕੇ ਦੇਖਣੀ ਆ।”
“ਮੈਂ ਕਰਦੈਂ ਜੌਬ। ਮੈਥੋਂ ਦੋ ਵਾਰ ਨੀ ਆ ਹੋਣਾ। ਏਸੇ ਦੁੱਖੋਂ ਮੈਂ ਓਧਰੋਂ ਛੱਡਣੈ। ਪੱਕਾ ਟੈਮ ਦਿਓਂਗੇ ਸ਼ਾਮ ਦਾ?”
“ਠੀਕ ਐ। ਸ਼ਾਮ ਨੂੰ ਸਾਢੇ ਛੇ ਆ ਜਿਆ ਕਰੀਂ ਬੈਕ ਦੀ ਪ੍ਰੈਕਟਿਸ ਲਈ। ਜਿੱਦਣ ਰੋਡ ਟੈੱਸਟ ਹੋਇਆ, ਓਦਣ ਦੋ-ਤਿੰਨ ਗੇੜੇ ਓਸੇ ਰੂਟ ‘ਤੇ ਕਢਾ ਦਿਆਂਗੇ ਜਿਸ ‘ਤੇ ਰੋਡ ਟੈੱਸਟ ਲੈਂਦੇ ਆ। ਆ ਜਿਓ ਫਿਰ ਕੱਲ੍ਹ ਤੋਂ। ਫ਼ੀਸ ਲੈ ਆਇਓ।”
“ਚੈੱਕ ਜਾਂ ਕ੍ਰੈਡਿਟ ਕਾਰਡ ਲੈ ਲੈਂਦੇ ਓ?” ਕਰਨਵੀਰ ਨੇ ਪੁੱਛਿਆ।
“ਫੇਰ ਟੈਕਸ ਲੱਗੂ। ਕੈਸ਼ ਈ ਲੈ ਆਇਓ।”
ਦਫ਼ਤਰ ਤੋਂ ਬਾਹਰ ਆ ਕੇ ਕਰਨਵੀਰ ਨੇ ਉੱਥੇ ਸਿਖਾਂਦਰੂਆਂ ਦੀ ਭਾਲ਼ ਵਿਚ ਆਸੇ-ਪਾਸੇ ਦੇਖਿਆ। ਉੱਥੇ ਉਸ ਨੂੰ ਕੋਈ ਵੀ ਸਿਖਾਂਦਰੂ ਨਾ ਦਿਸਿਆ। ਉਸ ਨੇ ਸੋਚਿਆ ਕਿ ਇਸ ਸਕੂਲ ਵਿਚ ਸਾਰਾ ਕੁੱਝ ਸਿਸਟਮ ਨਾਲ਼ ਚਲਦਾ ਹੋਵੇਗਾ। ਨਛੱਤਰ ਵਾਲੇ ਸਕੂਲ ਵਿਚ ਤਾਂ ਪੰਦਰਾਂ-ਵੀਹ ਜਣੇ ਆਪਣੀ ਵਾਰੀ ਦੀ ਉਡੀਕ ਵਿਚ ਹਮੇਸ਼ਾ ਹੀ ਖੜ੍ਹੇ ਰਹਿੰਦੇ ਹਨ। ਕਰਨਵੀਰ ਇਹ ਸੋਚ ਹੀ ਰਿਹਾ ਸੀ ਕਿ ਮਨਦੀਪ ਦੀ ਆਵਾਜ਼ ਉਸ ਦੇ ਕੰਨੀਂ ਪਈ। ਉਹ ਬੋਲਿਆ, “ਲਾਈਸੰਸ ਲੈਣ ‘ਤੇ ਕੁੱਝ ਜ਼ਿਆਦਾ ਈ ਖਰਚਾ ਹੋ ਰਿਹਾ।”
“ਕੀ ਕਰੀਏ ਵੀਰੇ, ਜਦੋਂ ਫਸ ਗਏ ਵਾਂ।” ਕਰਨਵੀਰ ਨੇ ਜਵਾਬ ਦਿੱਤਾ। ਉਹ ਦੋਨੋਂ ਡਿਕਸੀ ਗੁਰਦੁਆਰੇ ਵੱਲ ਤੁਰ ਪਏ ਸਨ। ਸੁਰਜੀਤ ਨੇ ਕਿਸੇ ਹੋਰ ਪਾਸੇ ਜਾਣਾ ਸੀ।
ਮਨਦੀਪ ਕੁੱਝ ਪਲ ਚੁੱਪ ਰਿਹਾ, ਫਿਰ ਬੋਲਿਆ, “ਮੈਂ ਵੀ ਤੇਰੇ ਵਾਂਗ ਵਿਜ਼ਟਰ ਹੀ ਆਂ ਸਗੋਂ ਟਰੱਕ ਸਿੱਖਣ ਵਾਲੇ ਬਹੁਤੇ ਵਿਜ਼ਟਰ ਈ ਐ ਜਾਂ ਇੰਟਰਨੈਸ਼ਨਲ ਸਟੂਡੈਂਟ ਜਾਂ ਊਬਰ ਆਉਣ ਦੇ ਡਰੋਂ ਕੁੱਝ ਟੈਕਸੀਆਂ ਵਾਲੇ ਆ; ਤਾਂ ਹੀ ਐਨਾ ਕਾਠ ਵੱਜਿਐ। ਪੈਸੇ ਹੁਣ ਬੰਦਾ ਇੰਡੀਆਂ ਤੋਂ ਕਿੰਨੇ ਕੁ ਮੰਗਵਾਈ ਜਾਏ।”
“ਔਖਾ ਤਾਂ ਏ।”
“ਮੈਂ ਬੈਠਾ ਵੀ ਰਿਸ਼ਤੇਦਾਰਾਂ ਦੇ ਘਰੇ ਆਂ। ਪਹਿਲੀ ਵਾਰ ਕਿਤੇ ਹੱਥ ਨੀ ਪਿਆ। ਪੰਜ ਮਹੀਨੇ ਲਾ ਕੇ ਮੁੜ ਗਿਆ ਤੀ। ਹੁਣ ਦੂਜੀ ਵਾਰ ਆਇਐਂ ਜ਼ਮੀਨ ਵੇਚ ਕੇ।”
“ਅੱਛਾ।”
“ਕੀ ਕਰੀਏ ਪਿੱਛੇ ਚੰਗੇ ਹੁੰਦੇ ਤਾਂ ਐਥੇ ਕਿਉਂ ਆਉਂਦੇ। ਇਕ ਵਾਰੀ ਕਿਤੇ ਹੱਥ ਅੜੇ ਤਾਂ ਨਿਆਣੇ ਵੀ ਸੱਦ ਲਵਾਂ ਪਰ ਹੱਥ ਅੜਦਾ ਨੀ ਦੀਂਹਦਾ ਕਿਤੇ। ਦਿਨੋ-ਦਿਨ ਲੱਗੀ ਤੁਰੇ ਜਾਂਦੇ ਆ।”
ਕਰਨਵੀਰ ਦੇ ਚਿੱਤ ‘ਚ ਆਈ ਕਿ ਕਹੇ, ‘ਭਰਾਵਾ ਪਹਿਲਾਂ ਰੋਡ ਟੈੱਸਟ ਤੂੰ ਦੇ ਲਵੀਂ’ ਪਰ ਉਸ ਨੇ ਹਾਲੇ ਕਿਹਾ ਨਹੀਂ ਸੀ ਕਿ ਉਸ ਨੂੰ ਮਨਦੀਪ ਦੀ ਫਿਰ ਆਵਾਜ਼ ਸੁਣੀ। ਉਹ ਆਖ ਰਿਹਾ ਸੀ, “ਊਂ ਜੇ ਕਿਸੇ ਸਟੈਂਡਰਡ ਦੇ ਸਕੂਲ ਤੋਂ ਸਹੀ ਤਰੀਕੇ ਨਾਲ਼ ਟ੍ਰੇਨਿੰਗ ਲੈਣੀ ਹੋਵੇ ਤਾਂ ਤਿੰਨ ਮਹੀਨੇ ਲੱਗਦੇ ਆ, ਨਾਲ਼ੇ ਉਨ੍ਹਾਂ ਦੀ ਫ਼ੀਸ ਸੱਤ ਹਜ਼ਾਰ ਐ। ਏਸ ਗੱਲੋਂ ਸੋਚੀਏ ਤਾਂ ਆਪਣੇ ਭਾਈਆਂ ਦੇ ਸਕੂਲ ਮਹਿੰਗੇ ਨੀ ਲਗਦੇ।” ਕੁੱਝ ਦੇਰ ਬਾਅਦ ਮਨਦੀਪ ਫਿਰ ਬੋਲਿਆ, “ਹਜ਼ਾਰ ਡਾਲਰ ਜਿਹੜਾ ਦਿੱਤੈ ਪਹਿਲੇ ਸਕੂਲ ਨੂੰ, ਉਹ ਤਾਂ ਫਿਰ ਅਜਾਈਂ ਹੀ ਜਾਊ। ਜੀਅ ਜਿਹਾ ਨੀ ਮੰਨਦਾ। ਕੀ ਐ ਰੋਡ ਟੈੱਸਟ ਦੀ ਵਾਰੀ ਆ ਹੀ ਜਾਵੇ।”
“ਦੇਖ ਲੋ, ਮੈਨੂੰ ਤਾਂ ਲਗਦਾ ਨਹੀਂ ਕਿ ਵਾਰੀ ਆਵੇ।”
“ਲਗਦਾ ਤਾਂ ਮੈਨੂੰ ਵੀ ਇਉਂ ਹੀ ਹੈ।” ਆਖਦਾ ਮਨਦੀਪ ਚੁੱਪ ਹੋ ਗਿਆ, ਫਿਰ ਬੋਲਿਆ, “ਕੱਲ੍ਹ ਨੂੰ ਨਛੱਤਰ ਨੂੰ ਪਾਸੇ ਕਰ ਕੇ ਕਹੂੰਗਾ ਬਈ ਜਾਂ ਤਾਂ ਵਾਅਦੇ ਅਨੁਸਾਰ ਰੋਡ ਟੈੱਸਟ ਦਿਵਾ, ਨਹੀਂ ਪੈਸੇ ਮੋੜ।” ਉਸ ਦੀਆਂ ਤਰਲ ਅੱਖਾਂ ਵੱਲ ਦੇਖ ਕਰਨਵੀਰ ਨੇ ਸੋਚਿਆ ਕਿ ਕਹੇ, ‘ਮੈਂ ਦੇ ਦਿੰਨੈ ਪੰਦਰਾਂ ਸੌ’ ਪਰ ਝੱਟ ਹੀ ਉਸ ਨੇ ਸੋਚਿਆ ਕਿ ਉਸ ਕੋਲ ਵੀ ਤਾਂ ਗੁਜ਼ਾਰੇ ਜੋਗੇ ਹੀ ਹਨ।
ਘਰ ਵੱਲ ਜਾਂਦਾ ਕਰਨਵੀਰ ਸੋਚਣ ਲੱਗਾ, ‘ਕਨੇਡਾ ਆਉਣ ਦਾ ਐਵੇਂ ਹੀ ਪੰਗਾ ਲਿਆ। ਸਪੇਨ ‘ਚ ਵਧੀਆ ਸੀ, ਹਰ ਮਹੀਨੇ ਦੋ ਸੌ ਯੂਰੋ ਇੰਡੀਆ ਭੇਜ ਦਿੰਦਾ ਸੀ।’ ਉਸ ਦੀਆਂ ਯਾਦਾਂ ਵਿਚ ਉਸ ਦੀ ਵੱਡੀ ਭੈਣ ਆ ਗਈ ਜਿਹੜੀ ਨਸ਼ੇੜੀ ਪਤੀ ਤੋਂ ਤੰਗ ਆ ਕੇ ਦੋ ਬੱਚਿਆਂ ਸਮੇਤ ਪੇਕੇ ਆ ਗਈ ਸੀ। ਕੈਨੇਡਾ ਦੀ ਸਕੀਮ ਬਣਾਉਣ ਤੋਂ ਪਹਿਲਾਂ ਕਰਨਵੀਰ ਨੇ ਇੰਡੀਆ ਕਾਲਜ ਪੜ੍ਹਦੇ ਆਪਣੇ ਛੋਟੇ ਭਰਾ ਤੋਂ ਪੁੱਛਿਆ ਸੀ, “ਜੇ ਛੇ ਮਹੀਨੇ ਕੁੱਝ ਨਾ ਭੇਜਿਆ ਗਿਆ ਤਾਂ ਸਾਰ ਲਵੇਂਗਾ?” ਉਸ ਦੀ ਹਾਮੀ ਸੁਣ ਕੇ ਹੀ ਕਰਨਵੀਰ ਨੇ ਕੈਨੇਡਾ ਸੈੱਟ ਹੋਣ ਦਾ ਪ੍ਰੋਗਰਾਮ ਬਣਾਇਆ ਸੀ। ਉਸ ਬਾਰੇ ਯਾਦ ਕਰ ਕੇ ਕਰਨਵੀਰ ਨੇ ਸੋਚਿਆ, ‘ਜੇ ਕੰਮ ਸ਼ੁਰੂ ਕੀਤਾ ਏ ਤਾਂ ਸਿਰੇ ਲਾ ਕੇ ਰਹਾਂਗਾ ਭਾਵੇਂ ਕੁੱਝ ਜ਼ਿਆਦਾ ਖਰਚਾ ਆ ਜਾਵੇ।’ ਇਸੇ ਸੋਚ ਨਾਲ਼ ਹੀ ਉਸ ਨੇ ਅਗਲੇ ਦਿਨ ‘ਸਿਰੇ ਸੱਟ ਸਕੂਲ’ ਵਾਲੇ ਦਰਸ਼ਨ ਨੂੰ ਦੇਣ ਲਈ ਪੰਦਰਾਂ ਸੌ ਡਾਲਰ ਬੈਂਕ ਵਿਚੋਂ ਕਢਵਾ ਲਏ।

ਸਿਰੇ ਸੱਟ ਟਰੱਕ ਡਰਾਈਵਿੰਗ ਸਕੂਲ ਨਾਲ਼ ਪਹਿਲੇ ਦਿਨ ਟਰੱਕ ਪਿੱਛਲਖੁਰੀ ਖੜ੍ਹਾਉਣ ਦਾ ਅਭਿਆਸ ਕਰਦਾ ਕਰਨਵੀਰ ਰੋਣਹਾਕਾ ਹੋ ਗਿਆ। ਉਹ ਮਨਿਸਟਰੀ ਦੀ ਇਮਾਰਤ ਮਗਰ ਬਣੇ ਬੇਅ ‘ਤੇ ਟਰੱਕ ਪਿੱਛੇ ਵੱਲ ਕਰਦਾ ਬੋਲਿਆ, “ਹਾਂ, ਹੁਣ ਦਿਸਦੀ ਏ ਕਰਬ।”
“ਹੁਣ ਸਟੇਰਿੰਗ ਨੂੰ ਦੋ ਗੇੜੇ ਦੇ ਦੇ।” ਦਰਸ਼ਨ ਨੇ ਕਿਹਾ।
ਕਰਨਵੀਰ ਨੇ ਸਟੇਰਿੰਗ ਨੂੰ ਸੱਜੇ ਘੁਮਾ ਦਿੱਤਾ। ਕਿਸੇ ਟਰੱਕ ਦਾ ਦੁਬਾਰਾ ਹਾਰਨ ਵੱਜਿਆ। ਕਰਨਵੀਰ ਦਾ ਧਿਆਨ ਓਧਰ ਹੋ ਗਿਆ। ‘ਬਿੰਦਾ ਡਰਾਈਵਿੰਗ ਸਕੂਲ’ ਦਾ ਟਰੱਕ ਸੀ। ਉਸ ਨੇ ਅਗਾਂਹ ਲੰਘਣਾ ਸੀ। ਕਰਨਵੀਰ ਤੋਂ ਟਰੱਕ ਨੂੰ ਪਾਰਕ ਲਾਉਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਸੀ। ਟਰੱਕ ਦੇ ਨਾਲ਼ ਟਰਾਲਾ ਜੋੜਿਆ ਹੋਇਆ ਸੀ। ਉਨ੍ਹਾਂ ਤੋਂ ਅਗਲਾ ਬੇਅ ਹਾਲੇ ਖਾਲੀ ਸੀ ਜਿੱਥੇ ਬਿੰਦਾ ਟਰੱਕਿੰਗ ਵਾਲਿਆਂ ਨੂੰ ਪਹੁੰਚਣ ਦੀ ਕਾਹਲ ਲਗਦੀ ਸੀ।
“ਤੂੰ ਸੱਜੇ ਨੂੰ ਵੀਲ੍ਹ ਘੁਮਾਤਾ, ਟਰੱਕ ਨੂੰ ਬਾਹਰ ਕੱਢਣੈ ਕਿ ਲਾਉਣੈ?” ਦਰਸ਼ਨ ਦੀ ਹਰਖੀ ਆਵਾਜ਼ ਸੁਣ ਕੇ ਕਰਨਵੀਰ ਭਮੱਤਰ ਗਿਆ। ਉਸ ਦਾ ਦਿਮਾਗ਼ ਜਿਵੇਂ ਸੁੰਨ ਹੋ ਗਿਆ ਹੋਵੇ। ਟਰੱਕਾਂ ਦੇ ਦੋ-ਤਿੰਨ ਹਾਰਨ ਵੱਜੇ। ‘ਬਿੰਦਾ ਟਰੱਕਿੰਗ’ ਤੋਂ ਮਗਰਲ਼ਾ ਟਰੱਕ ਵੀ ਹਾਰਨ ਮਾਰਨ ਲੱਗਾ ਸੀ। “ਪਤਾ ਨੀ ਕਿਧਰੋਂ ਮੂੰਹ ਚੁੱਕ ਕੇ ਆ ਜਾਂਦੇ ਆ ਟਰੱਕ ਸਿੱਖਣ।” ਆਖਦਾ ਦਰਸ਼ਨ ਟਰੱਕ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ਼ ਗਿਆ। ਫੇਰ ਦੂਜੇ ਟਰੱਕ ਵਾਲੇ ਨੂੰ ਬੋਲਿਆ, “ਖੜ੍ਹਜੋ ਯਾਰ ‘ਗਾਂਹ ਡਿੱਗਣੈ ਕਿਤੇ?”
“ਤੂੰ ਰਾਹ ਦੇਵੇਂਗਾ ਤਾਂ ਹੀ ਡਿੱਗਾਂਗੇ ਕਿਤੇ।” ‘ਬਿੰਦਾ ਟਰੱਕ’ ‘ਚੋਂ ਆਵਾਜ਼ ਆਈ। ਮਨਿਸਟਰੀ ਦਾ ਦਫ਼ਤਰ ਬੰਦ ਹੋਣ ਤੋਂ ਬਾਅਦ ਬਹੁਤ ਸਾਰੇ ਦੇਸੀ ਟਰੱਕਿੰਗ ਸਕੂਲ ਆਪਣੇ ਸਿਖਾਂਦਰੂਆਂ ਦਾ ਅਭਿਆਸ ਕਰਵਾਉਣ ਇੱਥੇ ਲੈ ਆਉਂਦੇ। ਦਰਸ਼ਨ ਨੇ ਕਰਨਵੀਰ ਨੂੰ ਕਰਬ ਦੀ ਨਿਸ਼ਾਨੀ ਦੱਸ ਕੇ ਕਿਹਾ ਸੀ, “ਜਦੋਂ ਕਰਬ ਦਿਸਣ ਲੱਗ ਪਵੇ, ਉਦੋਂ ਸਟੇਰਿੰਗ ਨੂੰ ਦੋ ਗੇੜੇ ਦੇ ਦੇਵੀਂ।”
“ਜੇ ਕਿਤੇ ਕਰਬ ਨਾ ਹੋਵੇ, ਓਥੇ ਕੀ ਕਰੀਏ, ਸਰ?” ਕਰਨਵੀਰ ਨੇ ਮੁੜਵਾਂ ਸਵਾਲ ਪੁੱਛਿਆ ਸੀ।
“ਤੂੰ ਲਈਸੰਸ ਲੈਣਾ ਐ ਨਾ?” ਦਰਸ਼ਨ ਦੀ ਅਚਾਨਕ ਹਰਖੀ ਆਵਾਜ਼ ਸੁਣ ਕੇ ਕਰਨਵੀਰ ਕੁੱਝ ਨਾ ਬੋਲਿਆ। ਦਰਸ਼ਨ ਫਿਰ ਬੋਲਿਆ, “ਤਾਂ ਜਿਵੇਂ ਮੈਂ ਕਹਿਨੈ, ਉਵੇਂ ਕਰ।” ਦਰਸ਼ਨ ਦੀ ਤਿੱਖੀ ਆਵਾਜ਼ ਅਤੇ ਟਰੱਕਾਂ ਦੇ ਹਾਰਨ ਸੁਣ ਕੇ ਕਰਨਵੀਰ ਘਬਰਾ ਗਿਆ। ਉਸ ਵਾਲੀ ਤਾਕੀ ਖੋਲ੍ਹ ਕੇ ਦਰਸ਼ਨ ਬੋਲਿਆ, “ਹੋ ਪਾਸੇ, ਆਪਾਂ ‘ਕੱਲੇ ਨੀ ਏਥੇ, ਹੋਰਾਂ ਨੇ ਵੀ ਪ੍ਰੈਕਟਿਸ ਕਰਨੀ ਆ।” ਕਰਨਵੀਰ ਟਰੱਕ ‘ਚੋਂ ਬਾਹਰ ਆ ਗਿਆ। ਦਰਸ਼ਨ ਨੇ ਉਡੀਕ ਰਹੇ ਟਰੱਕਾਂ ਨੂੰ ਲੰਘ ਜਾਣ ਦਿੱਤਾ ਅਤੇ ਅਗਲੇ ਸਿਖਾਂਦਰੂ ਨੂੰ ਸਿਖਾਉਣ ਲੱਗਾ। ਕਰਨਵੀਰ ਪਾਸੇ ਖੜ੍ਹਾ ਇਹ ਧਿਆਨ ਨਾਲ਼ ਦੇਖਣ ਲੱਗਾ। ਦਰਸ਼ਨ ਨੇ ਉਸ ਨੂੰ ਦੱਸਿਆ ਸੀ ਕਿ ਐਗਜ਼ਾਮੀਨਰ ਉਸ ਨੂੰ ਟਰੱਕ ਨੂੰ ਟਰਾਲੇ ਨਾਲੋਂ ਵੱਖ ਕਰ ਕੇ ਨੱਬੇ ਡਿਗਰੀ ‘ਤੇ ਲਿਜਾਣ ਲਈ ਲਈ ਕਹੇਗਾ ਅਤੇ ਫਿਰ ਸਿੱਧਾ ਬੈਕ ਕਰ ਕੇ ਟਰੱਕ ਨੂੰ ਟਰਾਲੇ ਨਾਲ਼ ਜੋੜਨ ਲਈ ਕਹੇਗਾ। ਇਹ ਸਾਰਾ ਕੁੱਝ ਕਰਨਵੀਰ ਦਿਨੇ, ਜਦੋਂ ਵੀ ਟਰੱਕ ਵਿਹਲਾ ਹੋ ਜਾਂਦਾ, ਕਰਨ ਲੱਗ ਜਾਂਦਾ। ਕਰਨਵੀਰ ਸਵੇਰੇ ਹੀ ਬੱਚਿਆਂ ਨੂੰ ਸਕੂਲ ਲਈ ਬੱਸ ਚੜ੍ਹਾ ਕੇ ਡਰਾਈਵਿੰਗ ਸਕੂਲ ਪਹੁੰਚ ਜਾਂਦਾ ਅਤੇ ਸਾਰਾ ਦਿਨ ਉੱਥੇ ਹੀ ਰਹਿੰਦਾ। ਦੁਪਹਿਰੇ ਡਿਕਸੀ ਗੁਰਦੁਆਰੇ ਵਿਚੋਂ ਲੰਗਰ ਛਕ ਆਉਂਦਾ ਤੇ ਜਦੋਂ ਵੀ ਟਰੱਕ ਵਿਹਲਾ ਮਿਲ ਜਾਂਦਾ, ਉਹ ਕਿਸੇ ਨਵੇਂ ਆਏ ਸਿਖਾਂਦਰੂ ਨੂੰ ਪ੍ਰੀ ਟ੍ਰੈਪ ਇਨਸਪੈਕਸ਼ਨ ਕਰਵਾਉਣ ਲੱਗ ਜਾਂਦਾ। ਇਹ ਉਸ ਦੇ ਮੂੰਹ ਜ਼ੁਬਾਨੀ ਯਾਦ ਹੋ ਗਿਆ ਸੀ। ਉਹ ਕਈ ਵਾਰ ਆਪਣੇ ਮਨ ‘ਚ ਹੀ ਦੁਹਰਾਉਣ ਲੱਗ ਜਾਂਦਾ: ਵਿੰਡ ਸ਼ੀਲਡ ਨੋ ਚਿੱਪ ਨੋ ਕ੍ਰੈਕ, ਸਾਈਡ ਮਿਰਰ ਨੋ ਕ੍ਰੇਕ ਨੋ ਡੈਮੈਜ, ਵਾਈਪਰ ਵਰਕਿੰਗ ਪ੍ਰੌਪਰਲੀ, ਟਾਇਰ ਥ੍ਰੈੱਡ ਗੁੱਡ, ਨੋ ਕ੍ਰੈਕ ਨੋ ਡੈਮੇਜ, — ਇਹ ਸਭ ਕੁੱਝ ਦੁਹਰਾ ਕੇ ਉਹ ਕਪਲਿੰਗ ਅਨਕਪਲਿੰਗ ਬਾਰੇ ਮਨ ਵਿਚ ਦੁਹਰਾਉਣ ਲਗਦਾ। ਟਰੱਕ ਨੂੰ ਟਰਾਲੇ ਨਾਲ਼ ਜੋੜਨ ਅਤੇ ਖੋਲ੍ਹਣ ਨੂੰ ਉਹ ਇਹ ਆਖਦੇ। ਟਰੇਲਰ ਦੇ ਲੈਂਡਿੰਗ ਗੇਅਰ ਲਾਉਣੇ, ਵ੍ਹੀਲ ਚੈੱਕ ਕਰਨੇ, ਗਲਾਈਡਰ ਉਤਾਰਨੇ। ਟਰੱਕ ਦੇ ਪਾਰਕਿੰਗ ਬ੍ਰੇਕ ਲਾ ਕੇ ਫੇਰ ਬਾਹਰ ਆਉਣੈ।— ਇਹ ਸਭ ਉਸ ਨੂੰ ਰਟਿਆ ਪਿਆ ਸੀ। ਕਰਨਵੀਰ ਨੂੰ ਦਰਸ਼ਨ ਦੇ ਡਰਾਈਵਰ ਮਨੋਜ ਜਿਹੜਾ ਦਿਨ ਵੇਲੇ ਟ੍ਰੇਨਿੰਗ ਦਿੰਦਾ ਸੀ, ਦਾ ਭੇਤ ਆ ਗਿਆ ਸੀ। ਕਰਨਵੀਰ ਮਨੋਜ ਵਾਸਤੇ ਦਿਨੇ ਕੌਫ਼ੀ ਤੇ ਡੋਨਟ ਲਿਆ ਦਿੰਦਾ। ਉਹ ਕਰਨਵੀਰ ਨੂੰ ਇਹ ਸਭ ਸਿੱਖਣ ਵਿਚ ਮਦਦ ਕਰਦਾ। ਉਸ ਦਿਨ ਦਰਸ਼ਨ ਦੇ ਗ਼ੁੱਸੇ ਹੋਣ ਤੋਂ ਬਾਅਦ ਕਰਨਵੀਰ ਨੇ ਸੋਚਿਆ ਕਿ ਅੱਗੇ ਤੋਂ ਉਸ ਨੂੰ ਕੋਈ ਪ੍ਰਸ਼ਨ ਨਹੀਂ ਪੁੱਛਣਾ ਪਰ ਰੋਡ ਟੈੱਸਟ ਬਾਰੇ ਤਾਂ ਪੁੱਛਣਾ ਹੀ ਸੀ। ਤਿੰਨ ਹਫ਼ਤੇ ਲੰਘਣ ਤੋਂ ਬਾਅਦ ਜਦੋਂ ਕਰਨਵੀਰ ਨੇ ਇਹ ਪੁੱਛਿਆ ਤਾਂ ਦਰਸ਼ਨ ਬੋਲਿਆ, “ਗੱਲ ਏਦਾਂ ਬਈ ਮਨਿਸਟਰੀ ਵਾਲਿਆਂ ਨੂੰ ਪਤਾ ਲੱਗ ਗਿਐ। ਹੁਣ ਉਹ ਮੈਨੂੰ ਨਾਂ ਚੇਂਜ ਕਰ ਕੇ ਕਿਸੇ ਹੋਰ ਦੀ ਅਪੁਆਇੰਟਮੈਂਟ ਕਿਸੇ ਹੋਰ ਨੂੰ ਨਹੀਂ ਦੇਣ ਦਿੰਦੇ।”
“ਫੇਰ?” ਕਰਨਵੀਰ ਦਾ ਚਿਹਰਾ ਉੱਤਰ ਗਿਆ।
“ਐਂ ਕਰਦੇ ਆਂ। ਏਥੋਂ ਥੋੜ੍ਹੀ ਦੂਰੀ ‘ਤੇ ਇਕ ਸ਼ਹਿਰ ਐ ਕਲਿੰਟਨ। ਦੋ ਢਾਈ ਘੰਟੇ ਦਾ ਰਾਹ ਹੈ। ਓਥੇ ਦੀ ਤੂੰ ਪ੍ਰਾਈਵੇਟ ਬੁਕਿੰਗ ਕਰ ਲੈ। ਮੈਂ ਨਾਲ਼ ਚਲਿਆ ਜਾਵਾਂਗਾ। ਤੇਰਾ ਓਥੇ ਟੈੱਸਟ ਦਿਵਾ ਲਿਆਊਂ।” ਫਿਰ ਬੋਲਿਆ, “ਦਸ ਕੁ ਮਿੰਟ ਦੇ ਮੈਨੂੰ।” ਦਰਸ਼ਨ ਆਪਣੇ ਫੋਨ ‘ਤੇ ਦੇਖਣ ਲੱਗਾ। ਫਿਰ ਕੁੱਝ ਮਿੰਟਾਂ ਬਾਅਦ ਬੋਲਿਆ, “ਕਲਿੰਟਨ ਤਾਂ ਵਿਹਲਾ ਪਿਆ। ਆਪਾਂ ਇਉਂ ਕਰਦੇ ਆਂ। ਚਾਰ ਜਣਿਆਂ ਦਾ ਬੁੱਕ ਕਰ ਦਿੰਨੇ ਆਂ। ਸਾਰੇ ਚਲੇ ਚੱਲਾਂਗੇ। ਮੈਂ ਵੇਖਦਾਂ ਕਿਹੜੇ ਕਿਹੜੇ ਨੂੰ ਜ਼ਿਆਦਾ ਕਾਹਲੀ ਐ।”
“ਸੁਰਜੀਤ ਨੂੰ ਵੀ ਪੁੱਛ ਲਿਓ।” ਕਰਨਵੀਰ ਨੇ ਕਿਹਾ। ਦਰਸ਼ਨ ਨੇ ਪਹਿਲਾ ਫੋਨ ਸੁਰਜੀਤ ਨੂੰ ਹੀ ਕੀਤਾ। ਫੋਨ ਦਾ ਸਪੀਕਰ ਚਾਲੂ ਕਰ ਕੇ ਉਹ ਬੋਲਿਆ, “ਸੁਰਜੀਤ, ਕਲਿੰਟਨ ਦੀ ਤਿੰਨ ਦਿਨਾਂ ਬਾਅਦ ਮਿਲਦੀ ਐ ਰੋਡ ਟੈੱਸਟ ਲਈ ਅਪੁਆਇੰਟਮੈਂਟ। ਖਰਚਾ ਥੋੜ੍ਹਾ ਹੋਰ ਆਊਗਾ। ਇਕ ਦਿਨ ਪਹਿਲਾਂ ਵੀ ਸ਼ਾਇਦ ਜਾਣਾ ਪਊ।” ਇਕ ਪਲ ਦੂਜੇ ਪਾਸਿਓਂ ਕੋਈ ਜਵਾਬ ਨਾ ਆਇਆ। ਫਿਰ ਸੁਰਜੀਤ ਦੀ ਆਵਾਜ਼ ਆਈ, “ਦੋ ਦਿਹਾੜੀਆਂ ਭੰਨੂੰ, ਨਾਲ਼ੇ ਖਰਚਾ ਵਾਧੂ। ਤੁਸੀਂ ਮੇਰੇ ਨਾਲ਼ ਮਹੀਨੇ ਦਾ ਬ੍ਰੈਂਪਟਨ ‘ਚ ਵਾਅਦਾ ਕੀਤਾ ਸੀ।” ਦਰਸ਼ਨ ਨੇ ਸਪੀਕਰ ਬੰਦ ਕਰ ਕੇ ਫੋਨ ਕੰਨ ਨੂੰ ਲਾ ਲਿਆ। ਫਿਰ ਬੋਲਿਆ, “ਬ੍ਰੈਂਪਟਨ ਦੀ ਤਾਂ ਜੂਨ ਤੋਂ ਬਾਅਦ ਦੀ ਮਿਲੇਗੀ।”
“ਪੈਸੇ ਕਿਵੇਂ ਮੋੜ ਦਿਆਂ? ਟਰੱਕ ਨੀ ਸਿਖਾਇਆ? ਬੈਕ ਫੋਨ ਕਰਲੀਂ ਜੇ ਜਾਣਾ ਹੋਇਆ।” ਆਖ ਕੇ ਦਰਸ਼ਨ ਨੇ ਫੋਨ ਬੰਦ ਕਰ ਦਿੱਤਾ ਤੇ ਬੁੜਬੜਾਇਆ, “ਡੇਟਾਂ ਮੇਰੀ ਜੇਬ ‘ਚ ਪਾਈਆਂ!”
ਕਰਨਵੀਰ ਦੇ ਚਿੱਤ ਚ ਆਈ, ‘ਜੇ ਨਹੀਂ ਜੇਬ ‘ਚ ਤਾਂ ਵਾਅਦਾ ਕਿਉਂ ਕਰਦੇ ਓ’ ਪਰ ਉਸ ਨੇ ਇਹ ਕਿਹਾ ਨਹੀਂ। ਦਰਸ਼ਨ ਹੀ ਬੋਲਿਆ, “ਤੂੰ ਵੇਟ ਕਰ। ਮੈਂ ਕਰਦੈਂ ਕੋਈ ਬੰਦੋਬਸਤ।”
ਫਿਰ ਕੁੱਝ ਦੇਰ ਬਾਅਦ ਆ ਕੇ ਦਰਸ਼ਨ ਬੋਲਿਆ, “ਪਰਸੋਂ ਨੌਂ ਵਜੇ ਦੀ ਬੁੱਕ ਕਰਲੋ ਅਪੁਇੰਟਮੈਂਟ; ਤੇ ਕੱਲ੍ਹ ਸ਼ਾਮ ਨੂੰ ਚਾਰ ਵਜੇ ਇੱਥੇ ਆ ਜਾਇਓ। ਤੁਸੀਂ ਚਾਰ ਜਣੇ ਹੋਵੋਂਗੇ। ਮਨੋਜ ਆਪਣੀ ਕਾਰ ‘ਤੇ ਲੈ ਜਾਵੇਗਾ। ਉਸ ਦੀ ਕਾਰ ਵਿਚ ਗੈਸ ਪਵਾ ਦਿਓ। ਓਥੇ ਪਹੁੰਚ ਕੇ ਮੈਂ ਥੋਡੀ ਓਸੇ ਰੂਟ ‘ਤੇ ਪ੍ਰੈਕਟਿਸ ਕਰਵਾ ਦੇਊਂ ਜਿਸ ‘ਤੇ ਰੋਡ ਟੈੱਸਟ ਹੋਣਾ ਹੋਇਆ। ਪੰਜ ਸੌ ਡਾਲਰ, ਜਿਹੜਾ ਰੋਡ ਟੈੱਸਟ ਵਾਲੇ ਦਿਨ ਦੇਣਾ ਸੀ ਉਹ, ਤੇ ਪੰਜ ਸੌ ਲੱਗੂ ਹੋਰ। ਹਜ਼ਾਰ ਡਾਲਰ ਲੈ ਆਈਂ। ਕਰਦੇ ਬੁੱਕ ਹੁਣੇ ਹੀ, ਨਹੀਂ ਤਾਂ ਹੱਥੋਂ ਨਾ ਨਿਕਲ਼ ਜਾਏ।” ਆਖ ਕੇ ਦਰਸ਼ਨ ਕਿਸੇ ਹੋਰ ਨੂੰ ਫੋਨ ਮਿਲਾਉਣ ਲੱਗ ਪਿਆ। ਦਰਸ਼ਨ ਦੀ ਗੱਲ ਸੁਣ ਕੇ ਕਰਨਵੀਰ ਨੂੰ ਲੱਗਾ ਕਿ ਉਸ ਕੋਲ ਕੋਈ ਹੋਰ ਚਾਰਾ ਹੀ ਨਹੀਂ। ਉਹ ਆਪਣੀ ਅਪੁਇੰਟਮੈਂਟ ਬੁੱਕ ਕਰਵਾਉਣ ਲੱਗ ਪਿਆ।
ਘਰ ਵੱਲ ਵਾਪਸ ਜਾਂਦਾ ਕਰਨਵੀਰ ‘ਵਧੀਆ ਸਕੂਲ’ ਵਾਲੇ ਅੰਕਲ ਬਾਰੇ ਸੋਚਣ ਲੱਗਾ ਜਿਹੜਾ ਉਸ ਨੂੰ ਕਾਰ ਦਾ ਰੋਡ ਟੈੱਸਟ ਦਿਵਾਉਣ ਲਾਗਲੇ ਸ਼ਹਿਰ ਔਰੈਂਜਵਿਲ ਲੈ ਗਿਆ ਸੀ। ਉਦੋਂ ਕਾਰ ਦਾ ਡਰਾਈਵਿੰਗ ਟੈੱਸਟ ਪਾਸ ਹੋਣ ਦੀ ਖੁਸ਼ੀ ਵਿਚ ਕਰਨਵੀਰ ਨੂੰ ਵਾਧੂ ਖਰਚੇ ਡਾਲਰ ਚੁਭਣੋ ਹਟ ਗਏ ਸਨ ਪਰ ਦਰਸ਼ਨ ਦੀ ਕਲਿੰਟਨ ਸ਼ਹਿਰ ਜਾ ਕੇ ਟਰੱਕ ਦਾ ਰੋਡ ਟੈੱਸਟ ਦੇਣ ਦੀ ਗੱਲ ਸੁਣ ਕੇ ਕਰਨਵੀਰ ਨੂੰ ਉਹ ਵਾਧੂ ਖਰਚੇ ਡਾਲਰ ਰੜਕਣ ਲੱਗ ਪਏ।
‘ਅੰਕਲ ਨੇ ਪਤਾ ਨਹੀਂ ਅੱਗੇ ਕਿਸੇ ਨੂੰ ਦਿੱਤੇ ਵੀ ਹੋਣਗੇ ਪੰਦਰਾਂ ਸੌ ਕਿ ਆਪ ਹੀ ਖਾ ਗਿਆ ਹੋਵੇਗਾ?’ ਕਰਨਵੀਰ ਨੇ ਸੋਚਿਆ। ਫਿਰ ਉਸ ਦੇ ਦਿਮਾਗ਼ ਵਿਚ ਆਇਆ ਕਿ ਸਪੇਨ ਵਿਚ ਉਸ ਨੂੰ ਇਸ ਤਰ੍ਹਾਂ ਕਿਸੇ ਨੂੰ ਵੀ ਰਿਸ਼ਵਤ ਨਹੀਂ ਸੀ ਦੇਣੀ ਪਈ। ‘ਏਸ ਪੱਖੋਂ ਤਾਂ ਓਥੇ ਹੀ ਵਧੀਆ ਸੀ।’ ਫਿਰ ਉਸ ਨੇ ਸੋਚਿਆ, ‘ਉੱਥੇ ਲਾਈਸੰਸ ਨਾਲ਼ ਪੀ ਆਰ ਲੈਣ ਦਾ ਲਾਲਚ ਨਹੀਂ ਸੀ ਜੁੜਿਆ ਹੋਇਆ।’ ‘ਕਿਤੇ ਦਰਸ਼ਨ ਵੀ ਅੰਕਲ ਵਾਂਗ ਹੋਰ ਪੈਸੇ ਬਣਾਉਣ ਦੇ ਲਾਲਚ ਵਿਚ ਤਾਂ ਨਹੀਂ ਸਾਨੂੰ ਬਾਹਰਲੇ ਸ਼ਹਿਰ ਲੈ ਕੇ ਚੱਲਿਆ?’ ਉਸ ਨੇ ਸੋਚਿਆ। ਫਿਰ ‘ਜੇ ਹੋਊਗਾ ਵੀ ਤਾਂ ਕੀ ਕਰ ਸਕਦਾ ਵਾਂ, ਹੋਰ ਕੋਈ ਰਾਹ ਵੀ ਤਾਂ ਨਹੀਂ’ ਸੋਚ ਕੇ ਕਰਨਵੀਰ ਨੇ ਆਪਣੇ ਆਪ ਨੂੰ ਸਮਝਾ ਲਿਆ। (ਚੱਲਦਾ)