ਮਿੱਟੀ ਨੂੰ ਮਿੱਟੀ ਆਖੇ

ਗੁਰਬਖ਼ਸ਼ ਸਿੰਘ ਭੰਡਾਲ
ਅਸੀਂ ਸਾਰੇ ਹੀ ਮਿੱਟੀ। ਮਿੱਟੀ ਵਿਚੋਂ ਹੀ ਉਪਜੇ ਅਤੇ ਮਿੱਟੀ ਵਿਚ ਬਿਨਸੇ। ਮਿੱਟੀ ਹੀ ਹੋ ਜਾਣਾ। ਫਿਰ ਭਲਾ! ਮਿੱਟੀ ਕਾਹਤੋਂ ਮਿੱਟੀ `ਤੇ ਹੀ ਮਾਣ ਕਰੇ। ਕਿਉਂ ਨਾ ਆਪਣੇ ਅੰਤਰੀਵ ਨੂੰ ਪੜ੍ਹੇ, ਅੰਦਰਲੇ ਸਮੁੰਦਰ ਨੂੰ ਤਰੇ। ਮਨ `ਚ ਬੈਠੀ ਇਨਸਾਨੀਅਤ ਦੇ ਬੁੱਕ ਭਰੇ, ਚੌਗਿਰਦੇ ਨੂੰ ਵਰੇ ਅਤੇ ਮਰਨਹਾਰੀ ਰੁੱਤ ਨੂੰ ਜਿਉਂਦੀ ਕਰੇ।

ਮਿੱਟੀ ਸਾਡੇ ਪੈਰਾਂ ਥੱਲੇ ਸਾਰੀ ਉਮਰ ਰਹਿੰਦੀ ਪਰ ਮਰਨ ਤੋਂ ਬਾਅਦ ਅਸੀਂ ਮਿੱਟੀ ਹੇਠਾਂ ਆ ਜਾਂਦੇ। ਮਿੱਟੀ ਦਾ ਹੇਠਾਂ ਤੋਂ ਉਪਰ ਵੱਲ ਦਾ ਸਫ਼ਰ ਹੀ ਮਨੁੱਖ ਨੂੰ ਆਪਣੀ ਔਕਾਤ ਦੇ ਰੁਬਰੂ ਕਰਦਾ ਕਿ ਦੱਸ ਵੇ ਬੰਦਿਆ! ਕੀ ਏ ਤੇਰੀ ਔਕਾਤ?
ਕਈ ਵਾਰ ਅਸੀਂ ਹੁੰਦੜਹੇਲ ਹੁੰਦਿਆਂ ਮਿੱਟੀ ਨੂੰ ਖ਼ੂਬ ਉਡਾਉਂਦੇ। ਪਰ ਜਦ ਇਹ ਮਿੱਟੀ ਖੁਦ ਉਡ ਕੇ ਸਾਡੇ ਸਿਰ ਵਿਚ ਪੈਂਦੀ ਤਾਂ ਫਿਰ ਮਿੱਟੀ ਹੋਣ ਨੂੰ ਜੀਅ ਕਾਹਲਾ ਪੈਂਦਾ। ਮਿੱਟੀ ਦਰਿਆਵਾਂ ਨੂੰ ਬੰਨ੍ਹ ਵੀ ਮਾਰ ਲੈਂਦੀ। ਪਰ ਇਹੀ ਮਿੱਟੀ ਹੀ ਦਰਿਆ ਨੂੰ ਰਾਹ ਦਿੰਦੀ। ਇਸਦੇ ਵਹਾਅ ਨੂੰ ਬੇਤਰਤੀਬੀ ਤੋਂ ਬਚਾਉਂਦੀ ਤਾਂ ਕਿ ਉਛਲਦੇ ਦਰਿਆ ਤਬਾਹੀ ਨਾਲ ਲੋਕਾਈ ਨੂੰ ਨਾ ਉਜਾੜਨ।
ਮਿੱਟੀ ਤੋਂ ਦੂਰ ਹੋ ਕੇ
ਜਦ ਮਨ ਵਿਚ ਹੇਰਵਾ ਪੈਦਾ ਹੁੰਦਾ
ਤਾਂ ਮਿੱਟੀ ਮਿੱਟੀ ਕੂਕਦੀ।
ਵੇ ਭੋਲਿਆ!
ਕਦੇ ਤਾਂ ਮੈਨੂੰ ਆਪਣੇ ਮੱਥੇ ਨਾਲ ਛੁਹਾ।
ਤਰਸ ਗਈ ਹਾਂ ਤੇਰੀ ਛੋਹ ਨੂੰ।

ਜਦ ਕੋਈ ਬਹੁਤ ਪਿਆਰਾ
ਸਦਾ ਲਈ ਪਿਆਰਾ ਤੁਰ ਜਾਂਦਾ
ਤਾਂ ਮਨ `ਚ ਇਕ ਪਛਤਾਵਾ ਘਰ ਕਰਦਾ
ਦੋਸਤਾ! ਯਾਦ ਰੱਖੀਂ।
ਸਮਾਂ ਵਿਹਾਜ਼ੇ ਤੋਂ ਬਾਅਦ
ਮਿੱਟੀ `ਚ ਗਵਾਚੇ ਲਾਲ ਨਹੀਂ ਥਿਆਉਂਦੇ।

ਅਸੀਂ ਜੋ ਘਰਾਂ ਤੋਂ ਦੂਰ ਹਾਂ,
ਬਹੁਤ ਤਰਸ ਗਏ ਹਾਂ ਮਾਂ-ਮਿੱਟੀ ਲਈ
ਇਸ ਨਾਲ ਜੁੜੀਆਂ ਹੋਈਆਂ
ਬਚਪਨ ਤੇ ਜਵਾਨੀ ਦੀਆਂ ਮਾਸੂਮ ਖ਼ੂਬਸੂਰਤ ਯਾਦਾਂ।

ਅਸੀਂ ਆਪਣੇ ਘਰਾਂ ਤੋਂ ਕੇਹੇ ਦੂਰ ਹੋਏ
ਕਿ ਮਿੱਟੀ ਹੀ ਮਿੱਟੀ ਦੀ ਮੌਤ ਦਾ ਕਾਰਨ ਬਣ ਗਈ
ਪਰ ਮਿੱਟੀ ਨਾਲੋਂ ਮਿੱਟੀ ਨਾਲੋਂ ਕੌਣ ਨਿਖੇੜੇ?

ਮਿੱਟੀ ਲਈ ਵਿਲਕਦੇ ਬੰਦਿਆਂ ਦੀ ਹੂਕ,
ਹਵਾ ਵਿਚ ਸਿਸਕੀ ਧਰਦੀ
ਫਿਜ਼ਾ ਵਿਚ ਹੰਝੂ ਉਗਦੇ
ਚੌਗਿਰਦੇ ਵਿਚ ਸੋਗ ਵਿਛਦਾ

ਤੇ ਸੋਗੀ ਮਾਹੌਲ ਵਿਚ
ਮੁੱਠੀ ਵਿਚਲੀ ਮਿੱਟੀ ਵੀ ਮਿੱਟੀ ਹੱਥੋਂ ਕਿਰ ਜਾਂਦੀ।
ਕਈ ਸਾਲਾਂ ਬਾਅਦ ਮੈਂ ਖੇਤਾਂ ਵੰਨੀਂ ਗੇੜਾ ਮਾਰਿਆ। ਆਪਣੇ ਖੇਤ ਦੀ ਮਿੱਟੀ ਮੱਥੇ ਨਾਲ ਛੁਹਾਈ ਅਤੇ ਮੁੱਠ ਕੁ ਪੱਲੇ ਬੰਨ ਲਈ। ਇਉਂ ਲੱਗਾ ਜੀਕੂੰ ਬਾਪ ਦੇ ਰੱਟਨਾਂ ਨਾਲ ਅੱਟੇ ਹੋਏ ਹੱਥ ਸਿਰ ਪਲੋਸ ਰਹੇ ਹੋਣ। ਚੰਗਾ ਹੁੰਦਾ ਹੈ ਯਾਰੋ! ਆਪਣੇ ਖੂਹ ਦੀ ਮਿੱਟੀ `ਚੋਂ ਪੁਰਖਿਆਂ ਨੂੰ ਚਿਤਾਰਨਾ।
ਬਾਪ ਦੀ ਰਾਖ਼ ਨੂੰ ਦਰਿਆਂ ਵਿਚ ਰੋੜਨ ਲੱਗਿਆਂ ਮੇਰੇ ਹੱਥ ਕੰਬੇ। ਸਾਹਾਂ ਵਿਚ ਹਉਕਾ ਉਗਿਆ। ਮੈਂ ਸੋਚਣ ਲੱਗਾ ਕਿ ਕੀ ਸੱਚੀਂ! ਮੇਰੇ ਕੋਲ ਰਾਖ਼ ਦੀ ਮੁੱਠ ਵੀ ਨਹੀਂ ਰਹਿਣੀ?
ਮਿੱਟੀ ਨੇ ਮਿੱਟੀ ਨੂੰ ਚੁੰਮਿਆ। ਦੂਰੋਂ ਆਵਾਜ਼ ਆਈ। ਭੋਲਿਆ! ਮਿੱਟੀ ਦਾ ਮੋਹ ਨਹੀਂ ਕਰੀਦਾ। ਪਤਾ ਨਹੀਂ ਕਦੋਂ ਮਿੱਟੀ, ਮਿੱਟੀ `ਚ ਗਵਾਚ ਜਾਵੇ।
ਮਿੱਟੀ ਹਮੇਸ਼ਾਂ ਸਫ਼ਰ `ਚ। ਕੁਝ ਨਵਾਂ ਸਿਰਜਦੀ, ਸੁਗੰਧਤ ਕਰਦੀ, ਸੰਵਾਰਦੀ ਅਤੇ ਪਿੰਡੇ `ਤੇ ਰਾਹਵਾਂ ਦਾ ਸਿਰਨਾਵਾਂ ਖੁੱਣਦੀ ਅਤੇ ਫਿਰ ਤੁਰਦੀ ਬਣਦੀ। ਮਿੱਟੀ ਕਦੇ ਪਿਆਸ ਮਿਟਾਉਣ ਲਈ ਪਾਣੀ ਵਾਲਾ ਘੜਾ ਬਣਦੀ। ਪਰ ਇਹੀ ਮਿੱਟੀ ਕਦੇ ਚੌਰਸਤੇ `ਚ ਟੁੱਟਿਆ ਤੌੜਾ ਬਣ ਕੇ ਆਖਰੀ ਸਫ਼ਰ ਦਾ ਸੰਦੇਸ਼L ਵੀ ਹੁੰਦੀ।
ਕਦੇ ਮਿੱਟੀ ਛੱਤਾਂ, ਕੰਧਾਂ ਤੇ ਵਿਹੜਾ ਲਿਪਦੀ। ਚੌਂਕੇ ਨੂੰ ਸੁੱਚਾ ਕਰਦੀ। ਪਰ ਕਦੇ ਲਿਓੜ ਬਣ ਕੇ ਲਹਿੰਦੀ ਅਤੇ ਕੰਧ `ਚ ਮੋਰੀ ਧਰ ਜਾਂਦੀ। ਕਦੇ ਮਿੱਟੀ ਪਹਿਆਂ ਦੀ ਧੁੱਧਲ ਬਣ, ਰਾਹੀਆਂ ਦੇ ਮੁੱਖ ਪੂੰਝਦੀ। ਕਦੇ ਨੈਣਾਂ ਵਿਚ ਧੁੰਧਲਕਾ ਪੈਦਾ ਕਰਦੀ। ਕਦੇ ਇਹ ਰਾਹਾਂ ਵਿਚ ਵਿਛੀ ਹੋਈ ਪੈੜ ਦੇ ਨਕਸ਼-ਚਿੱਤਰ ਬਣ ਜਾਂਦੀ।
ਕਈ ਵਾਰ ਕੋਈ ਮਿੱਟੀ ਬੰਦੇ ਜੰਮਦੀ। ਪਰ ਕਦੇ ਇਹੋ ਮਿੱਟੀ ਬੰਦਿਆਂ ਲਈ ਕਬਰ ਬਣਦੀ। ਕਦੇ ਮਿੱਟੀ ਹਾਲ਼ੀ ਦੇ ਹੱਥਾਂ ਦੀ ਮਹਿੰਦੀ ਬਣਦੀ ਅਤੇ ਕਦੇ ਇਹੋ ਮਿੱਟੀ ਮਰਨ-ਰੁੱਤ ਦੀ ਆਹਟ ਬਣ ਜਾਂਦੀ। ਮਿੱਟੀ ਦੇ ਪੱਕੇ ਭਾਂਡੇ ਟਣਕਦੇ ਤੇ ਉਮਰਾਂ ਵਾਂਗ ਨਾਲ ਨਿੱਭਦੇ। ਪਰ ਮਿੱਟੀ ਦੇ ਕੱਚੇ ਭਾਡੇ ਭੋਰਾ ਕੁ ਠੋਕਰ ਨਾਲ ਤਿੜਕ ਜਾਂਦੇ ਤੇ ਸੋਹਣੀਆਂ ਨੂੰ ਅੱਧ-ਵਿਚਕਾਰ ਡੋਬਦੇ।
ਮਿੱਟੀ ਦੀ ਤਾਸੀਰ ਹੀ ਹੁੰਦੀ ਜੋ ਕਦੇ ਸਾਗ ਵਾਲੀ ਤੌੜੀ, ਕਦੇ ਦਾਲ ਵਾਲਾ ਹਾਰਾ ਅਤੇ ਦੁੱਧ ਵਾਲੀ ਕਾੜਣੀ ਬਣ ਕੇ ਜੀਵਨ ਲਈ ਆਹਾਰ ਦਾ ਰੂਪ ਧਾਰਦੀ। ਕਦੇ ਕਦੇ ਮਿੱਟੀ `ਤੇ ਤੁਰਦਾ ਬੰਦਾ ਆਪਣੀ ਔਕਾਤ ਭੁੱਲ ਜਾਂਦਾ। ਪਰ ਉਹੀ ਬੰਦਾ ਆਖਰ ਨੂੰ ਰਾਖ਼ ਬਣ, ਮਿੱਟੀ ਵਿਚ ਮਿਲ ਕੇ ਆਪਣੀ ਪਛਾਣ ਹੀ ਗਵਾਹ ਬਹਿੰਦਾ।
ਮਿੱਟੀ ਖੁਰਨ ਲੱਗ ਪਵੇ ਤਾਂ ਆੜਾਂ ਤੇ ਔਲੂ ਰਿਸਣ ਲੱਗਦੇ ਨੇ। ਛੱਤਾਂ `ਚੋਂ ਮਿੱਟੀ ਕਿਰਨ ਲੱਗੇ ਤਾਂ ਕਿਰਲੀਆਂ ਸੂਣ ਲੱਗਦੀਆਂ। ਅਤੇ ਚੋਂਦੀ ਛੱਤ ਹੇਠ ਰਹਿੰਦਿਆਂ ਦੇ ਸੁਪਨੇ ਵੀ ਸਲਾਬੇ ਜਾਂਦੇ। ਮਿੱਟੀ ਉਡਣ ਲੱਗ ਪਵੇ ਤਾਂ ਪਰਲੋ ਆਉਂਦੀ ਹੈ। ਢਹਿ ਜਾਂਦੇ ਘਰਾਂ ਦੇ ਜੰਗਲ ਅਤੇ ਜੜ੍ਹਾਂ ਤੋਂ ਪੁੱਟੇ ਜਾਂਦੇ ਬਿਰਖ਼-ਬਾਬੇ। ਮਿੱਟੀ ਜਦ ਮਰਨ-ਮਿੱਟੀ ਬਣ ਜਾਵੇ ਤਾਂ ਸਿਵਿਆਂ ਤੇ ਕਬਰਾਂ ਲਈ ਥਾਂ ਨਹੀਂ ਬੱਚਦੀ।
ਮਿੱਟੀ ਤੋਂ ਘਰ ਵੀ ਤਾਮੀਰ ਹੁੰਦੇ, ਚੌਂਕੇ ਦੇ ਓਟਿਆਂ `ਤੇ ਮੋਰ-ਘੁੱਗੀਆਂ ਵੀ ਗੁੱਟਕਦੇ। ਚੁੱਲ੍ਹਾ ਤੇ ਭੜੌਲੀ ਵੀ, ਘਿਓ ਲਈ ਕੁੱਜੇ ਵੀ ਅਤੇ ਦਾਣੇ ਪਾਉਣ ਲਈ ਭੜੌਲੇ ਵੀ। ਇਹ ਤਾਂ ਘiੁਮਆਰ `ਤੇ ਨਿਰਭਰ ਕਰਦਾ ਕਿ ਮਿੱਟੀ ਨੇ ਕਿਹੜਾ ਰੂਪ ਅਖਤਿਆਰ ਕਰਨਾ ਏ।
ਮਿੱਟੀ ਰਾਹ ਦਿੰਦੀ ਤਾਂ ਵਗਦਾ ਪਾਣੀ ਚੋਅ, ਨਦੀ, ਨਾਲਾ ਜਾਂ ਦਰਿਆ ਬਣ ਜਾਂਦਾ। ਮਿੱਟੀ ਦਾ ਬੰਨ੍ਹ ਮਾਰਿਆ ਜਾਂਦਾ ਤਾਂ ਡੈਮ ਬਣਦਾ। ਪਰ ਜਦ ਮਿੱਟੀ ਖੁੱਰਦੀ ਤਾਂ ਬਰਬਾਦੀ ਦਾ ਬਿਗਲ ਹੁੰਦਾ।
ਮਿੱਟੀ ਵਿਚੋਂ ਮਿੱਟੀ ਉਪਜੇ
ਤੇ ਮਿੱਟੀ ਬਣਦੀ ਮੋਹ,
ਮਿੱਟੀ ਵਰਗੇ ਸੱਜਣ ਟੁੱਰ ਜਾਣ
ਤਾਂ ਮਨ `ਚ ਪੈਂਦੀ ਖੋਹ।
ਮਿੱਟੀ ਉਪਰ ਮਿੱਟੀ ਚੜ੍ਹਦੀ
ਤਾਂ ਚੜ੍ਹਦਾ ਰੂਪ ਸਵਾਇਆ,
ਤੇ ਜੀਵਨ ਦੀ ਝੋਲੀ ਪੈਂਦੀ
ਸੂਹੀ ਰੁੱਤ ਜਹੀ ਕਾਇਆ।
ਮਿੱਟੀ ਦੇ ਵਿਚੋਂ ਮਿੱਟੀ ਨਿੰਮਦੀ
ਤਾਂ ਨਵਾਂ ਹੀ ਰੰਗ ਵਟਾਵੇ,
ਤੇ ਸਮਿਆਂ ਦੀ ਸਰਦਲ ਉਪਰ
ਨਵੀਂ ਤਹਿਜ਼ੀਬ ਟਿਕਾਵੇ।
ਮਿੱਟੀ ਦੇ ਵਿਚ ਮਿੱਟੀ ਗੁੱਝਦੀ
ਤਾਂ ਸਾਹਾਂ ਦੀ ਦਿਲਦਾਰੀ,
ਨੈਣਾਂ ਦੇ ਵਿਚ ਸੰਦਲੀ ਸੁਪਨੇ
ਤੇ ਚਾਵਾਂ ਵਿਚ ਖ਼ੁਮਾਰੀ।
ਮਿੱਟੀ

ਸਿਰਫ਼ ਮਿੱਟੀ ਹੀ ਨਹੀਂ ਹੁੰਦੀ
ਸਗੋਂ
ਮਿੱਟੀ
ਮਰਿਆਦਾ ਹੁੰਦੀ
ਮਾਨਤਾ ਹੁੰਦੀ
ਮੰਨਤ ਹੁੰਦੀ
ਮਾਣ ਹੁੰਦੀ
ਮੁਹੱਬਤ ਹੁੰਦੀ
ਮਹਾਨਤਾ ਹੁੰਦੀ
ਮਹਾਤਮਾ ਹੁੰਦੀ
ਅਤੇ ਸੱਭ ਤੋਂ ਉਪਰ
ਮਿੱਟੀ ਮਾਂ ਹੁੰਦੀ।

ਮਿੱਟੀ
ਮਾਂ ਦੇ ਹੱਥਾਂ `ਚ ਹੁੰਦੀ
ਤਾਂ ਕਲਾਕਾਰੀ ਹੁੰਦੀ
ਕਦੇ ਕੰਧਾਂ `ਤੇ ਤੋਤੇ ਚਿੜੀਆਂ
ਤੇ ਓਟੇ ਤੇ ਫੁੱਲ ਬੂਟੇ
ਕਦੇ ਵਿਹੜੇ `ਚ ਮਿੱਟੀ ਦਾ ਪੋਚਾ
ਕਦੇ ਬਾਹਰਲੇ ਦਰਵਾਜ਼ੇ `ਤੇ
ਆਉਣ ਵਾਲਿਆਂ ਲਈ

ਖ਼ੁਸ-ਆਮਦੀਦ ਉਕਰਨਾ।
ਰੋਟੀ ਬਣਾਉਂਦਿਆ
ਖਵਾਉਂਦਿਆ ਤੇ ਖਾਂਦਿਆ
ਮਿੱਟੀ ਦੇ ਚੌਗਿਰਦੇ `ਚ
ਮਿੱਟੀ ਨਾਲ ਓਤਪੋਤ ਹੁੰਦੀ ਮਾਂ
ਜੀਵਨ-ਨਾਦ ਦੀ ਰੰਗਸ਼ਾਲਾ ਬਣ ਜਾਂਦੀ।
ਅਸਾਂ ਮਿੱਟੀ ਕੇਹੀ ਵਸਾਰੀ ਕਿ ਅਸੀਂ ਪੱਥਰਾਂ ਦੇ ਜੰਗਲ `ਚ ਪੱਥਰਾਟ ਬਣ ਗਏ। ਕਾਗਜ਼ੀ ਫੁੱਲਾਂ `ਚ ਗਵਾਚ ਗਈ ਮਿੱਟੀ ਦੀ ਮਹਿਕ। ਥੇ ਮਿੱਟੀ ਤੋਂ ਟੁੱਟਿਆਂ, ਮਨੁੱਖ ਮਨੁੱਖ ਨਹੀਂ ਰਹਿੰਦਾ। ਮਾਂ-ਬਾਪ ਰੂਪੀ ਮਿੱਟੀ `ਚੋਂ ਨਵੀਂ ਮਿੱਟੀ ਨੇ ਜਨਮ ਲਿਆ। ਫਿਰ ਮਿੱਟੀ ਦੀ ਮਿੱਟੀ ਤੋਂ ਮੁੱਨਕਰੀ, ਮਨੁੱਖ ਲਈ ਸ਼ਰਮਸ਼ਾਰੀ ਹੀ ਹੋਈ?
ਸਾਰੇ ਖਿਡੌਣੇ ਮਿੱਟੀ ਦੇ ਹੀ ਹੁੰਦੇ। ਪਰ ਹਰ ਖਿਡੌਣੇ ਦੇ ਨਕਸ਼ਾਂ ਵਿਚ ਝਲਕਦੀ ਹੈ ਸਿਰਜਕ ਦੀ ਕਲਾਕਾਰੀ। ਮਿੱਟੀ ਦੇ ਖਿਡੌਣੇ ਇਕ ਹੀ ਦੁਕਾਨ `ਤੇ ਵਿਕਦੇ। ਕਿਹੜਾ ਖਿਡੌਣਾ, ਕਿਸਨੇ ਖਰੀਦਣਾ ਹੈ ਇਹ ਮਿੱਟੀ ਦੀ ਤਕਦੀਰ ਨਿਸ਼ਚਿਤ ਕਰਦੀ। ਮਿੱਟੀ ਦੇ ਖਿਡੌਣੇ ਚਾਰ ਕੁ ਦਿਨ ਖੇਡਣ ਲਈ ਹੁੰਦੇ। ਆਖਰ ਨੂੰ ਇਨ੍ਹਾਂ ਟੁੱਟਣਾ ਹੀ ਹੁੰਦਾ। ਟੁੱਟਣ `ਤੇ ਕਾਹਦਾ ਰੋਣਾ। ਖੇਡਣ ਦੀ ਰੁੱਤ ਯਾਦ ਕਰਿਆ ਕਰ ਐ ਮਨਾਂ!
ਮਿੱਟੀ ਤੋਂ ਮਿੱਟੀ ਦਾ ਸਫ਼ਰ
ਅਰਥ ਭਰਪੂਰ ਹੁੰਦਾ
ਜਦ ਮਿੱਟੀ ਤਕਦੀਰ ਬਣਦੀ

ਪਰ
ਇਹੀ ਸਫ਼ਰ
ਅਰਥਹੀਣ ਹੋ ਜਾਂਦਾ
ਜੇ ਮਿੱਟੀ ਦੀ ਤਾਸੀਰ
ਗੰਧਲੀ ਹੋ ਜਾਵੇ।

ਫ਼ੱਕਰ ਲੋਕ
ਮਿੱਟੀ ਦੀ ਇਬਾਦਤ `ਚੋਂ
ਖੁਦਾ ਦੇ ਦੀਦਾਰੇ ਪਾਉਂਦੇ
ਤਾਂ ਹੀ ਉਹ ਦਰ-ਬ-ਦਰ ਕੂਕਦੇ
‘ਮਾਟੀ ਖੁਦੀ ਕਰੇਂਦੀ ਯਾਰ’।

ਮਿੱਟੀ `ਚ ਮਿੱਟੀ ਗੁੱਝੀ
ਹੋਰ ਮਿੱਟੀ ਨੇ ਜਨਮ ਲਿਆ
ਤੇ ਇਹ ਨਵੀਂ ਮਿੱਟੀ
ਨਵੀਂ ਤਾਸੀਰ, ਤਹਿਜ਼ੀਬ ਤੇ ਤਰਬੀਅਤ ਵਿਚੋਂ
ਨਵੇਂ ਅਰਥ ਮਿੱਟੀ ਦੇ ਨਾਮ ਕਰ ਗਈ।

ਮਿੱਟੀਏ ਨੀ ਮਿੱਟੀਏ
ਸਾਹਾਂ ਵਿਚ ਵੱਸਦੀ ਏਂ
ਤੈਨੂੰ ਕਿਵੇਂ ਸਿੱਟੀਏ।

ਮਿੱਟੀਏ ਨੀ ਮਿੱਟੀਏ
ਚਿੱਤ ਕਰੇ ਬੱਚਾ ਬਣ
ਤੇਰੇ ਉਤੇ ਲਿੱਟੀਏ।

ਮਿੱਟੀਏ ਨੀ ਮਿੱਟੀਏ
ਕਹਿਰ ਭਰੇ ਕਾਲੇ ਦਿਨੀਂ
ਕਾਹਤੋਂ ਹੋਈ ਚਿੱਟੀ ਏਂ।

ਮਿੱਟੀਏ ਨੀ ਮਿੱਟੀਏ
ਤੈਥੋਂ ਜਾ ਕੇ ਆਪੇ ਦੂਰ
ਹੁਣ ਕਾਹਤੋਂ ਪਿੱਟੀਏ।

ਮਿੱਟੀਏ ਨੀ ਮਿੱਟੀਏ
ਤੇਰੇ ਨਾਲ ਜੁੜੇ ਰਹਿ ਕੇ
ਵਕਤੋਂ ਨਾ ਮਿਟੀਏ।

ਜਗਿਆਸੂ ਨੇ ਫਕੀਰ ਨੂੰ ਪੱਛਿਆ,
“ਜ਼ਿੰਦਗੀ ਕੀ ਏ?’
ਫਕੀਰ ਨੇ ਮਿੱਟੀ ਦੀ ਮੁੱਠ ਭਰੀ
ਤੇ ਹਵਾ ਵਿਚ ਖਿੰਡਾ ਦਿਤੀ।

ਜ਼ਿੰਦਗੀ ਦੇ ਅਰਥ
ਫ਼ਿਜ਼ਾ ਦੇ ਨਾਮ ਹੋ ਗਏ।
ਕੀ ਤੁਸੀਂ ਵੀ ਕਦੇ ਮਿੱਟੀ ਵਿਚੋਂ ਜ਼ਿੰਦਗੀ ਦੀ ਨਿਸ਼ਾਨਦੇਹੀ ਕੀਤੀ ਏ? ਜੇ ਨਹੀਂ ਤਾਂ ਹੁਣ ਜ਼ਰੂਰ ਕਰਿਓ।