ਗੁਰਬਚਨ ਸਿੰਘ ਭੁੱਲਰ
(ਸੰਪਰਕ: +91 80763 63058)
ਜਿਹੜੇ ਪੰਜਾਬੀ ਪੜ੍ਹਾਈ, ਰਿਸ਼ਤੇਦਾਰੀ ਜਾਂ ਹੋਰ ਕਿਸੇ ਵੀ ਬਹਾਨੇ ਪਰਦੇਸ ਚਲੇ ਜਾਂਦੇ ਹਨ, ਉਨ੍ਹਾਂ ਵਿਚੋਂ ਬਿਗਾਨੀ ਧਰਤੀ ਨੂੰ ਮੱਥਾ ਟੇਕ ਕੇ ਵਤਨ ਪਰਤਣ ਵਾਲਾ ਕੋਈ ਵਿਰਲਾ-ਟਾਂਵਾਂ ਹੀ ਭਾਵੇਂ ਹੋਵੇ। ਸਗੋਂ ਪਰਦੇਸ ਪਹੁੰਚ ਚੁੱਕੇ ਜਾਂ ਜਾਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਨੌਜਵਾਨਾਂ ਦੇ ਜਿਨ੍ਹਾਂ ਮਾਪਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਉਹ ਵੀ ਮੌਕਾ ਬਣੇ ਤੋਂ ਪਿੱਛੇ-ਪਿੱਛੇ ਜਾਣ ਲਈ ਔਲਾਦ ਤੋਂ ਵੱਧ ਉਤਾਵਲੇ ਹੁੰਦੇ ਹਨ। ਬਹੁਤ ਘੱਟ ਸੂਰਤਾਂ ਵਿਚ ਇਹ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਜਾਣ ਜੀ ਜਿਥੇ ਜਾਂਦੇ ਨੇ, ਅਸੀਂ ਤਾਂ ਇਥੇ ਹੀ ਰਹਾਂਗੇ। ਵਤਨ ਛੱਡਣਾ ਔਖਾ ਹੋਣ ਦੇ ਬਾਵਜੂਦ ਪਰਦੇਸਾਂ ਦੀ ਇਸ ਖਿੱਚ ਦੇ ਇਕ ਨਹੀਂ, ਕਈ ਕਾਰਨ ਹਨ।
ਸਭ ਤੋਂ ਪਹਿਲਾਂ ਕਮਾਈ ਦੀ ਗੱਲ ਕਰੀਏ। ਪਰਦੇਸ ਪਹੁੰਚਣ ਵਾਲੇ ਹਰ ਕਿਸੇ ਨੂੰ ਕੰਮ ਮਿਲ ਹੀ ਜਾਂਦਾ ਹੈ, ਭਾਵੇਂ ਕੁਛ ਸੂਰਤਾਂ ਵਿਚ ਉਹ ਉਨ੍ਹਾਂ ਦੀ ਇੱਛਾ ਤੇ ਆਸ ਤੋਂ ਛੋਟਾ ਹੀ ਹੋਵੇ। ਇਥੋਂ ਤੱਕ ਕਿ ਜਿਹੜੇ ਬੰਦੇ ਟੇਢੇ-ਵਿੰਗੇ ਢੰਗਾਂ ਨਾਲ ਜਾਂਦੇ ਹਨ ਅਤੇ ਕੰਮ ਕਰਨ ਦੇ ਕਾਨੂੰਨੀ ਹੱਕਦਾਰ ਨਹੀਂ ਹੁੰਦੇ, ਉਨ੍ਹਾਂ ਨੂੰ ਵੀ, ਖਾਸ ਕਰਕੇ ਆਪਣੇ ਦੇਸੀ ਕਾਰੋਬਾਰੀ ਘੱਟ ਦਿਹਾੜੀ ਨਾਲ ਰੱਖ ਲੈਂਦੇ ਹਨ। ਦੋਵਾਂ ਧਿਰਾਂ ਨੂੰ ਫ਼ਾਇਦਾ। ਨਵੇਂ ਪੰਛੀ ਨੂੰ ਆਖ਼ਰ ਰੋਟੀ ਤੇ ਰਿਹਾਇਸ਼ ਤਾਂ ਚਾਹੀਦੀ ਹੀ ਹੈ ਜਿਸ ਕਰਕੇ ਉਹ ਘੱਟ ਮਜ਼ਦੂਰੀ ਨਾਲ ਹੀ ਬਾਗੋਬਾਗ ਹੋ ਜਾਂਦਾ ਹੈ। ਅਜਿਹੇ ਬੰਦਿਆਂ ਤੋਂ ਕੰਮ ਕਰਵਾਉਣ ਵਾਲੇ ਪੈਸੇ ਬਚਦੇ ਹੋਣ ਕਰਕੇ ਸੰਤੁਸ਼ਟ ਰਹਿੰਦੇ ਹਨ।
ਕੰਮ ਦਾ ਇਕ ਹੈਰਾਨ ਕਰਨ ਵਾਲਾ ਪੱਖ ਕਿਰਤ ਨੂੰ ਲੁੱਟਣ ਵਾਲੇ ਪੂੰਜੀਵਾਦੀ ਪ੍ਰਬੰਧ ਦੇ ਬਾਵਜੂਦ ਕਿਰਤ ਦੀ ਕਦਰ ਹੈ। ਫ਼ਰੈਜ਼ਨੋ ਵਿਚ ਮੈਂ ਤੇ ਮੇਰੀ ਭੂਆ ਦਾ ਪੁੱਤਰ ਭਰਾ ਉਹਦੇ ਘਰ ਦੇ ਬਾਹਰ ਖਲੋਤੇ ਗੱਲਾਂ ਕਰ ਰਹੇ ਸੀ। ਉਸ ਪੂਰੀ ਵਸੋਂ ਦੇ ਘਰ ਚਾਰ-ਦੀਵਾਰੀ ਤੋਂ ਮੁਕਤ ਸਨ। ਸੜਕ ਦੇ ਨਾਲ ਘਾਹ-ਬੂਟੇ ਸਨ ਤੇ ਉਸ ਤੋਂ ਅੱਗੇ ਮਕਾਨ ਸਨ। ਗੁਆਂਢੀ ਮਕਾਨ ਦਾ ਬੂਹਾ ਖੁੱਲਿ੍ਹਆਂ ਅੰਦਰ ਝਾਤ ਪੈ ਜਾਂਦੀ ਸੀ। ਗੁਆਂਢੀ ਘਰ ਵਿਚੋਂ ਨਿਕਲ ਕੇ ਕ੍ਰਿਕਟੀ ਟੋਪੀ ਤੇ ਟੀਸ਼ਰਟ-ਨਿੱਕਰ ਵਾਲੇ ਗੋਰੇ ਨੇ ਬਾਹਰੋਂ ਗੈਰਜ ਖੋਲਿ੍ਹਆ ਤੇ ਕਾਰ ਕੱਢ ਕੇ ਬਾਹਰ ਖੜ੍ਹੀ ਕਰ ਦਿੱਤੀ। ਅੰਦਰੋਂ ਕੰਧਾਂ ਨਾਲ ਟੰਗੇ ਨਾਲ਼ੀਆਂ-ਔਜ਼ਾਰਾਂ ਵਿਚੋਂ ਉਹਨੇ ਕਾਰ ਵਿਚ ਰੱਖਣੇ ਸ਼ੁਰੂ ਕਰ ਦਿੱਤੇ। ਮੈਂ ਪੁੱਛਿਆ, “ਇਹ ਇਨ੍ਹਾਂ ਦਾ ਡਰਾਈਵਰ ਹੈ ਕਿ ਕਿਰਾਏਦਾਰ ਪਲੰਬਰ?” ਉਹ ਹੱਸ ਕੇ ਕਹਿੰਦਾ, “ਇਹ ਇਸ ਕੋਠੀ ਦਾ ਮਾਲਕ ਹੈ ਤੇ ਇਹਦੇ ਕਈ ਅਪਾਰਟਮੈਂਟ ਕਿਰਾਏ ਉੱਤੇ ਚਾੜ੍ਹੇ ਹੋਏ ਹਨ। ਇਹ ਡਾਲਰਾਂ ਵਿਚ ਕਰੋੜਪਤੀ ਹੈ। ਜਦੋਂ ਕਿਸੇ ਕਿਰਾਏਦਾਰ ਦਾ ਬਿਜਲੀ ਜਾਂ ਪਾਣੀ ਖ਼ਰਾਬ ਹੋਣ ਦਾ ਫੋਨ ਆਉਂਦਾ ਹੈ, ਇਹ ਆਪ ਜਾ ਕੇ ਠੀਕ ਕਰ ਆਉਂਦਾ ਹੈ।” ਮੈਂ ਹੈਰਾਨ ਹੋ ਕੇ ਕਿਹਾ, “ਜੇ ਇਹ ਆਪਣੇ ਦੇਸ ਵਿਚ ਹੋਵੇ, ਬੂਟਾਂ ਦੇ ਫ਼ੀਤੇ ਵੀ ਨੌਕਰ ਤੋਂ ਬੰਨ੍ਹਾਵੇ!”
ਕੋਈ ਕਿਸੇ ਨੂੰ ਛੋਟੇ ਕੰਮ ਉੱਤੇ ਲੱਗੇ ਹੋਣ ਦਾ ਮਿਹਣਾ ਨਹੀਂ ਮਾਰਦਾ। ਮੇਰੇ ਦੇਖਣ-ਸੁਣਨ ਵਿਚ ਇਕ ਵੀ ਮੌਕਾ ਅਜਿਹਾ ਨਹੀਂ ਸੀ ਆਇਆ ਜਦੋਂ ਕਿਸੇ ਪੰਜਾਬੀ ਨੇ ਸਫ਼ਾਈ-ਸੇਵਕ ਜਿਹੇ ਕਿਸੇ ਹੋਰ ਪੰਜਾਬੀ ਬਾਰੇ ਨੱਕ ਚਾੜ੍ਹ ਕੇ ਟਿੱਪਣੀ ਕੀਤੀ ਹੋਵੇ। ਇਸ ਮਾਹੌਲ ਦਾ ਇਕ ਸਲਾਹੁਣਜੋਗ ਨਤੀਜਾ ਇਹ ਹੋਇਆ ਹੈ ਕਿ ਸਾਧਾਰਨ ਛੋਟੇ ਕੰਮਾਂ ਉੱਤੇ ਲੱਗੇ ਹੋਏ ਪੰਜਾਬੀ ਵੀ ਆਪਣੇ ਕੰਮ ਦੀ ਸੰਗ-ਸ਼ਰਮ ਨਹੀਂ ਮੰਨਦੇ। ਅਸੀਂ ਸਾਨ ਫ਼ਰਾਂਸਿਸਕੋ ਦੇ ਇਕ ਪੰਜਾਬੀ ਰੈਸਟੋਰੈਂਟ ਦੇ ਪਿਛਲੇ ਵਿਹੜੇ ਵਿਚ ਬੈਠੇ ਸੀ। ਕੁਛ ਚਿਰ ਮਗਰੋਂ ਪੰਜਾਬੀ ਦਿਸਦੇ ਇਕ ਨੌਜਵਾਨ ਨੇ ਆ ਕੇ ਬੁਰਸ਼ਾਂ, ਬੋਤਲਾਂ ਤੇ ਪੋਚਿਆਂ ਵਾਲੀ ਰੇੜ੍ਹੀ ਖੜ੍ਹੀ ਕੀਤੀ ਤੇ ਫ਼ਰਸ਼ ਉੱਤੇ ਡਾਂਗਦਾਰ ਪੋਚਾ ਮਾਰਨ ਲੱਗ ਪਿਆ। ਮੇਰੇ ਬੁਲਾਇਆਂ ਉਹ ਬੇਝਿਜਕ ਆਇਆ ਅਤੇ ਆਪਣਾ ਨਾਂ-ਥਾਂ ਦੱਸ ਕੇ ਬੋਲਿਆ, “ਮੈਨੂੰ ਆਏ ਨੂੰ ਕੁਛ ਹੀ ਮਹੀਨੇ ਹੋਏ ਨੇ। ਪਹਿਲਾਂ ਦੇ ਆਏ ਹੋਏ ਆਪਣੇ ਬੰਦਿਆਂ ਦੀ ਮਦਦ ਨਾਲ ਐਹ ਕੰਮ ਮਿਲ ਗਿਆ। ਗੁਜ਼ਾਰੇ ਜੋਗੇ ਵਧੀਆ ਪੈਸੇ ਮਿਲ ਜਾਂਦੇ ਨੇ।”
ਪਰਦੇਸੀ ਸਕੂਨ ਦਾ ਇਕ ਹੋਰ ਕਾਰਨ ਆਮ ਨਾਗਰਿਕ ਦੇ ਜੀਵਨ ਵਿਚ ਸਰਕਾਰੀ ਦਖ਼ਲ ਦੀ ਅਣਹੋਂਦ ਹੈ ਜੋ ਸਾਡੇ ਦੇਸ ਦੀ ਹਾਲਤ ਦੇ ਮੁਕਾਬਲੇ ਉਥੇ ਰਹਿਣ ਨੂੰ ਬਹੁਤ ਸਹਿਜ ਬਣਾ ਦਿੰਦੀ ਹੈ। ਇਕ ਸੱਜਨ ਨੇ ਮੇਰੇ ਨਾਲ ਗੱਲਾਂ ਕਰਦਿਆਂ ਕਿਹਾ, “ਬੰਦਾ ਕੋਈ ਕਾਨੂੰਨ ਨਾ ਤੋੜੇ, ਉਹਦਾ ਕਿਸੇ ਸਰਕਾਰੀ ਮਹਿਕਮੇ ਨਾਲ ਸਾਰੀ ਉਮਰ ਕੋਈ ਵਾਹ ਨਹੀਂ ਪੈਂਦਾ।” ਜੇ ਕੋਈ ਵਾਹ ਪੈ ਹੀ ਜਾਵੇ, ਸਾਡੀ ਕਲਰਕਸ਼ਾਹੀ ਵਾਲੀਆਂ ਮੁਸ਼ਕਲਾਂ ਬਿਲਕੁਲ ਨਹੀਂ ਆਉਂਦੀਆਂ। ਉਥੇ ਫ਼ਾਈਲ ਨੂੰ ਹੱਥ ਲਾਉਣ ਤੋਂ ਪਹਿਲਾਂ ‘ਚਾਹ-ਪਾਣੀ’ ਦੀ ਮੰਗ ਕਰਨ ਵਾਲੇ ਬਾਬੂ ਹੁੰਦੇ ਹੀ ਨਹੀਂ। ਇਸ ਤੋਂ ਵੀ ਵਧ ਕੇ ਹਰ ਕੋਈ ਮਦਦ ਲੋੜਦੇ ਬੰਦੇ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਥੋਂ ਦੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦਾ ਰਵੱਈਆ ਸਾਡੀਆਂ ਸੰਸਥਾਵਾਂ ਨਾਲੋਂ ਬਿਲਕੁਲ ਉਲਟ ਹੁੰਦਾ ਹੈ। ਮੈਂ ਆਪਣੇ ਵਾਹ ਦੇ ਆਧਾਰ ਉੱਤੇ ਕਹਿ ਸਕਦਾ ਹਾਂ ਕਿ ਆਪਣੇ ਦੇਸ ਵਿਚ ਉਹੋ ਜਿਹੇ ਵਿਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਮੈਨੂੰ ਵੀਜ਼ਾ ਵਧਾਉਣ ਦੀ ਲੋੜ ਪਈ। ਕੰਪਿਊਟਰ ਤੋਂ ਸੰਬੰਧਤ ਦਫ਼ਤਰ ਲੱਭਿਆ ਤਾਂ ਮੇਰੀ ਅੱਧੀ ਤਸੱਲੀ ਤਾਂ ਉਨ੍ਹਾਂ ਦੀਆ ਹਦਾਇਤਾਂ ਪੜ੍ਹ ਕੇ ਹੀ ਹੋ ਗਈ। ਲਿਖਿਆ ਹੋਇਆ ਸੀ: “ਤੁਸੀਂ ਸਾਡੇ ਦਫ਼ਤਰ ਨਹੀਂ ਆਉਣਾ ਹੋਵੇਗਾ; ਵੀਜ਼ਾ ਵਧਵਾਉਣ ਦਾ ਕਾਰਨ ਘੱਟ ਤੋਂ ਘੱਟ ਸ਼ਬਦਾਂ ਵਿਚ ਈਮੇਲ ਰਾਹੀਂ ਭੇਜ ਦਿਓ; ਉਸ ਪਿੱਛੋਂ ਸਾਨੂੰ ਕੋਈ ਚਿੱਠੀ-ਪੱਤਰ ਨਾ ਭੇਜਣਾ; ਸਾਡਾ ਹਾਂ-ਨਾਂਹ ਦਾ ਫ਼ੈਸਲਾ ਪਹਿਲੇ ਵੀਜ਼ੇ ਦੀ ਮੁਨਿਆਦ ਮੁੱਕਣ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗਾ।” ਮੈਂ ਕਾਰਨ ਲਿਖਿਆ, “ਮੈਂ ਆਪਣੀ ਭਾਸ਼ਾ ਦਾ ਜਾਣਿਆ-ਪਛਾਣਿਆ ਲੇਖਕ ਹਾਂ ਜਿਸ ਨੂੰ ਇਸੇ ਸਾਲ ਭਾਰਤ ਦਾ ਸਭ ਤੋਂ ਵੱਡਾ ਰਾਜਕੀ ਪੁਰਸਕਾਰ ਦਿੱਤਾ ਗਿਆ ਹੈ। ਮੈਂ ਸੋਚਿਆ ਸੀ ਕਿ ਜੋ ਕੁਛ ਮੈਂ ਦੇਖਣਾ ਹੈ, ਏਨੇ ਕੁ ਸਮੇਂ ਵਿਚ ਦੇਖ ਲਵਾਂਗਾ, ਪਰ ਇਥੇ ਮਿਊਜ਼ੀਅਮਾਂ, ਯੂਨੀਵਰਸਿਟੀਆਂ, ਆਰਟ ਗੈਲਰੀਆਂ, ਹੋਰ ਵੰਨ-ਸੁਵੰਨੀਆਂ ਦੇਖਣਜੋਗ ਥਾਵਾਂ, ਕੁਦਰਤੀ ਦ੍ਰਿਸ਼ਾਂ, ਆਦਿ ਦੇ ਰੂਪ ਵਿਚ ਏਨਾ ਕੁਛ ਦੇਖਣ ਵਾਲਾ ਹੈ ਕਿ ਮੈਂ ਤਾਂ ਅਜੇ ਕੁਛ ਵੀ ਦੇਖ ਨਹੀਂ ਸਕਿਆ।” ਵਧਿਆ ਹੋਇਆ ਵੀਜ਼ਾ ਸਮੇਂ-ਸਿਰ ਮੇਰੇ ਕੰਪਿਊਟਰ ਵਿਚ ਆ ਪਹੁੰਚਿਆ।
ਇਹ ਤਾਂ ਰਹੀ ਸਰਕਾਰੀ ਸੰਸਥਾ ਦੀ ਗੱਲ, ਹੁਣ ਇਕ ਕਿੱਸਾ ਗ਼ੈਰ-ਸਰਕਾਰੀ ਸੰਸਥਾ ਦਾ ਵੀ ਸੁਣ ਲਵੋ। ਅਸੀਂ ਸਲੀਨਸ ਦਾ ਜ਼ਰਾਇਤੀ ਮਿਊਜ਼ੀਅਮ ਦੇਖਣ ਗਏ। ਸ਼ੁਰੂ ਵਿਚ ਹੀ ਇਕ ਫੱਟੇ ਉੱਤੇ ਗੋਲ ਚੱਕਰ ਵਿਚ ਟੋਪੀਆਂ-ਟੋਪ ਟੰਗੇ ਹੋਏ ਸਨ। ਮੈਨੂੰ ਲਗਿਆ, ਸਭ ਤੋਂ ਉਤਲੀ ਕਿੱਲੀ ਉੱਤੇ ਤਾਂ ਆਪਣੀ ਦਸਤਾਰ ਹੈ! ਵਿਚਕਾਰ ਲਿਖੇ ਵੇਰਵੇ ਵਿਚ ਦੱਸਿਆ ਹੋਇਆ ਸੀ ਕਿ ਇਹ ਵੀਹਵੀਂ ਸਦੀ ਦੇ ਸ਼ੁਰੂ ਵਿਚ ਇਥੋਂ ਦੀਆਂ ਨਵੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਵਿਚ ਵੱਡਾ ਹਿੱਸਾ ਪਾਉਣ ਵਾਲੇ ਪੰਜਾਬੀ ਸਿੱਖਾਂ ਦੀ ਨਿਸ਼ਾਨੀ ਦਸਤਾਰ ਹੈ। ਮੈਂ ਮੋਬਾਈਲ ਵਿਚ ਇਸ ਲਿਖਤ ਦੀ ਤਸਵੀਰ ਸਾਂਭ ਲਈ। ਅਗਲੇ ਦਿਨ ਮੈਂ ਉਹ ਲਿਖਤ ਕਾਗ਼ਜ਼ ਉੱਤੇ ਉਤਾਰਨੀ ਚਾਹੀ ਤਾਂ ਫਿੱਕੀ ਹੋਣ ਕਾਰਨ ਪੜ੍ਹੀ ਨਾ ਜਾ ਸਕੀ। ਮੇਰੀ ਬੇਟੀ ਕਹਿੰਦੀ ਮੈਂ ਮੇਲ ਕਰਦੀ ਹਾਂ। ਮੈਂ ਕਿਹਾ, ਮੇਰਾ ਲੇਖਕ ਹੋਣਾ ਵਧਾ-ਚੜ੍ਹਾ ਕੇ ਲਿਖ, ਉਨ੍ਹਾਂ ਉੱਤੇ ਰੁਅਬ ਪਵੇ। ਉਹ ਕਹਿੰਦੀ, ਮੈਂ ਬਿਲਕੁਲ ਸਾਧਾਰਨ ਮੇਲ ਕਰਦੀ ਹਾਂ, ਤੁਸੀਂ ਜਵਾਬ ਉਡੀਕੋ।
ਉਹਨੇ ਡਾਇਰੈਕਟਰ ਨੂੰ ਸਿਰਫ਼ ਏਨਾ ਲਿਖਿਆ, “ਅਸੀਂ ਕੱਲ੍ਹ ਟੋਪ-ਟੋਪੀਆਂ ਵਾਲੇ ਫੱਟੇ ਦੀ ਲਿਖਤ ਦੀ ਤਸਵੀਰ ਲੈ ਗਏ ਸੀ। ਉਹ ਪੜ੍ਹੀ ਨਹੀਂ ਜਾ ਸਕੀ। ਕੀ ਤੁਸੀਂ ਉਹ ਲਿਖਤ ਭੇਜਣ ਦੀ ਖੇਚਲ ਕਰੋਗੇ?” ਕੁਛ ਹੀ ਮਿੰਟਾਂ ਵਿਚ ਜਵਾਬ ਆਇਆ, “ਸਾਡੇ ਇਥੇ ਸੈਮੀਨਾਰ ਚੱਲ ਰਿਹਾ ਹੈ ਜਿਸ ਕਰਕੇ ਸਮਾਂ ਲੱਗ ਸਕਦਾ ਹੈ। ਮੈਂ ਮਾਫ਼ੀ ਚਾਹੁੰਦੀ ਹਾਂ।” ਮੈਂ ਕਿਹਾ, “ਆਪਾਂ ਨੂੰ ਕਿਹੜੀ ਏਨੀ ਕਾਹਲ ਹੈ, ਸੈਮੀਨਾਰ ਦੋ ਦਿਨ ਦਾ ਹੋਊ, ਤਿੰਨ ਦਾ ਹੋਊ!” ਬੇਟੀ ਬੋਲੀ, “ਨਹੀਂ ਪਿਤਾ ਜੀ, ਇਥੇ ਸਮਾਂ ਲੱਗਣ ਦਾ ਭਾਵ ਦਿਨਾਂ ਤੋਂ ਨਹੀਂ ਹੁੰਦਾ, ਮਿੰਟਾਂ-ਘੰਟਿਆਂ ਤੋਂ ਹੁੰਦਾ ਹੈ। ਇਥੇ ਦਿਨ ਦਾ ਕੋਈ ਕੰਮ ਦਫ਼ਤਰ ਤੋਂ ਜਾਣ ਸਮੇਂ ਅਣਕੀਤਾ ਛੱਡਣ ਦਾ ਰਿਵਾਜ ਨਹੀਂ।” ਠੀਕ ਹੀ ਅੱਧੇ ਘੰਟੇ ਮਗਰੋਂ ਮੇਲ ਆ ਗਈ, “ਮੈਨੂੰ ਸਾਡੀ ਡਾਇਰੈਕਟਰ ਨੇ ਇਹ ਲਿਖਤ ਤੁਹਾਨੂੰ ਭੇਜਣ ਲਈ ਕਿਹਾ ਹੈ। ਅਸੀਂ ਦੇਰ ਲਈ ਮਾਫ਼ੀ ਚਾਹੁੰਦੇ ਹਾਂ।”
ਇਥੇ ਸਾਡੀਆਂ ਸੰਸਥਾਵਾਂ ਉੱਤੇ ਇਕ ਝਾਤ ਪਾ ਲੈਣਾ ਵੀ ਠੀਕ ਰਹੇਗਾ। ਲਾਸ ਏਂਜਲਸ ਦੇ ਜਗਤ-ਪ੍ਰਸਿੱਧ ਗੈਟੀ ਮਿਊਜ਼ੀਅਮ ਵਿਚੋਂ ਮੈਂ ਕੁਛ ਚਿੱਤਰਾਂ ਦਾ ਵੇਰਵਾ ਲਿਖ ਲਿਆਇਆ। ਉਨ੍ਹਾਂ ਵਿਚੋਂ ਕੁਛ ਨਾਂ ਫ਼ਰਾਂਸੀਸੀ ਸਨ। ਮੈਂ ਦੇਸ ਪਰਤ ਕੇ ਯਾਤਰਾਨਾਮਾ ਲਿਖਣ ਲਗਿਆਂ ਸੋਚਿਆ, ਜਿਸ ਫ਼ਰਾਂਸੀਸੀ ਬੁੱਤਕਾਰ ਨੂੰ ਅਸੀਂ ਮੈਡਮ ਤੂਸਾਦ ਕਹਿੰਦੇ ਹਾਂ, ਉਥੋਂ ਦੇ ਉਹਦੇ ਮਿਊਜ਼ੀਅਮ ਵਿਚ ਜਾ ਕੇ ਉਹਦਾ ਨਾਂ ਟੂਸਾਓ ਹੋਣ ਦਾ ਪਤਾ ਲਗਿਆ ਸੀ, ਇਨ੍ਹਾਂ ਫ਼ਰਾਂਸੀਸੀ ਚਿੱਤਰਕਾਰਾਂ ਦੇ ਨਾਂਵਾਂ ਦਾ ਉਚਾਰਨ ਵੀ ਪਤਾ ਕਰ ਲੈਣਾ ਚਾਹੀਦਾ ਹੈ। ਮੈਂ ਭਾਰਤੀ ਲਲਿਤ ਅਕਾਦਮੀ, ਦਿੱਲੀ ਆਰਟ ਕਾਲਜ ਅਤੇ ਫ਼ਰਾਂਸੀਸੀ ਦੇ ਜਾਣਕਾਰ ਇਕ ਪੰਜਾਬੀ ਪ੍ਰੋਫ਼ੈਸਰ ਨੂੰ ਸਾਰਾ ਮਾਜਰਾ ਦੱਸ ਕੇ ਉਹ ਪੰਜ-ਛੇ ਨਾਂ ਭੇਜ ਦਿੱਤੇ। ਮੇਰੀਆਂ ਤਿੰਨਾਂ ਚਿੱਠੀਆਂ ਵਿਚੋਂ ਕਿਸੇ ਇਕ ਦਾ ਵੀ ਕੋਈ ਜਵਾਬ ਨਹੀਂ ਆਇਆ; ਮੁਕੰਮਲ ਚੁੱਪ!
ਸਾਡੇ ਦੇਸ ਵਿਚ ਹਰ ਸ਼ਰੀਫ਼ ਆਦਮੀ ਅਮਾਨਵੀ ਪੁਲਸ ਨਾਲ ਵਾਹ ਤੋਂ ਬਚੇ ਰਹਿਣਾ ਚਾਹੁੰਦਾ ਹੈ। ਉਥੋਂ ਦੀ ਪੁਲਸ ਦੀ ਸਾਡੀ ਪੁਲਸ ਨਾਲ ਕੋਈ ਵੀ ਗੱਲ ਸਾਂਝੀ ਨਹੀਂ। ਪੰਜਾਬੀ ਯੂਨੀਵਰਸਿਟੀ ਦਾ ਪੜ੍ਹਿਆ ਸਿਆਸਤ ਸਿੰਘ ਪਹਿਲੀ ਵਾਰ ਅਮਰੀਕਾ ਮਿਲ ਕੇ ਮੇਰਾ ਮਿੱਤਰ ਬਣ ਗਿਆ। ਇਕ ਦਿਨ ਉਹ ਮੈਨੂੰ ਸਾਨ ਫ਼ਰਾਂਸਿਸਕੋ ਦਿਖਾਉਣ ਲੈ ਗਿਆ। ਕਹਾਣੀਕਾਰ ਅਜਮੇਰ ਸਿੱਧੂ ਵੀ ਉਥੇ ਗਿਆ ਹੋਇਆ ਸੀ, ਮੈਂ ਉਹਨੂੰ ਵੀ ਬੁਲਾ ਲਿਆ। ਸ਼ਹਿਰ ਵਿਚ ਹੀ ਇਕ ਥਾਂ ਜਾ ਕੇ ਸਿਆਸਤ ਰਾਹ ਭੁੱਲ ਗਿਆ। ਉਹਨੇ ਕਾਰ ਸੜਕ ਦੇ ਕਿਨਾਰੇ ਠੀਕ ਥਾਂ ਲਾਈ ਤੇ ਕਿਸੇ ਰਾਹ ਦੱਸਣ ਵਾਲੇ ਨੂੰ ਉਡੀਕਣ ਲਗਿਆ। ਏਨੇ ਨੂੰ ਸੜਕ ਦੇ ਦੂਜੇ ਪਾਸੇ ਇਕ ਪੁਲਸੀਆ ਆਪਣੀ ਗਡੀਰੀ ਜਿਹੀ ਕਾਰ ਵਿਚ ਆ ਗਿਆ। ਸਿਆਸਤ ਨੇ ਕੁਛ ਵੀ ਬੋਲੇ ਬਿਨਾਂ ਉਂਗਲ ਖੜ੍ਹੀ ਕਰ ਦਿੱਤੀ। ਉਹ ਦੇਖ ਕੇ ਲੰਘ ਗਿਆ। ਮੈਂ ਹੱਸਿਆ, “ਉਹ ਤਾਂ ਔਹ ਗਿਆ ਤੇਰੀ ਖੜ੍ਹੀ ਉਂਗਲ ਦੀ ਪਰਵਾਹ ਕੀਤੇ ਬਿਨਾਂ!” ਸਿਆਸਤ ਨੇ ਭਰੋਸੇ ਨਾਲ ਕਿਹਾ, “ਉਹ ਜ਼ਰੂਰ ਆਊਗਾ। ਇਥੇ ਪੁਲਸ ਵਾਲੇ ਵੀ ਨੇਮ ਤੋੜਨ ਦੀ ਖੁੱਲ੍ਹ ਨਹੀਂ ਲੈਂਦੇ। ਉਹ ਅਗਲੇ ਯੂ-ਟਰਨ ਤੋਂ ਮੁੜ ਕੇ ਆਊਗਾ।” ਉਹਨੇ ਕੁਛ ਹੀ ਪਲਾਂ ਵਿਚ ਆ ਕੇ ਦੁਆ-ਸਲਾਮ ਕੀਤੀ ਤੇ ਸਮੱਸਿਆ ਪੁੱਛੀ। ਰਾਹ ਚੰਗੀ ਤਰ੍ਹਾਂ ਸਮਝਾ ਕੇ ਤੇ ਸਿਆਸਤ ਦੇ ਸਮਝ ਗਏ ਹੋਣ ਦੀ ਤਸੱਲੀ ਕਰ ਕੇ ਉਹ ਮੁਸਕਰਾਹਟ ਵੰਡਦਾ ਆਪਣੀ ਗਡੀਰੀ ਵਿਚ ਜਾ ਚੜ੍ਹਿਆ।
ਕਾਰ ਵਿਚ ਬੈਠ ਕੇ ਮੈਂ ਕਿਹਾ, “ਸਿਆਸਤ, ਕੁਛ ਨਹੀਂ ਤੇਰੀ ਅਮਰੀਕੀ ਪੁਲਸ, ਲੋਗੜ ਦੀ ਬਣੀ ਹੋਈ!… ਹੁੰਦਾ ਸਾਡਾ ਸ਼ੇਰ ਪੰਜਾਬੀ ਪੁਲਸੀਆ। ਪਹਿਲਾਂ ਤਾਂ ਉਹਨੇ ਕਿਸੇ ਯੂਟਰਨ ਤੱਕ ਜਾਏ ਬਿਨਾਂ ਸੜਕ ਐਥੇ ਹੀ ਸਿੱਧੀ ਲੰਘਣੀ ਸੀ ਕਿਉਂਕਿ ਸਾਡੇ ਪੁਲਸ ਲਈ ਕੋਈ ਨੇਮ-ਕਾਨੂੰਨ ਮੰਨਣਾ ਜ਼ਰੂਰੀ ਨਹੀਂ। ਆ ਕੇ ਉਹਨੇ ਪੁੱਛਣਾ ਸੀ, ਉਂਗਲ ਖੜ੍ਹੀ ਕਰ ਦਿੱਤੀ ਮੈਨੂੰ, ਮੈਂ ਤੇਰੇ ਪਿਓ ਦਾ ਨੌਕਰ ਹਾਂ ਉਇ? ਤੇ ਫੇਰ ਠੀਕ ਥਾਂ ਖੜ੍ਹਾਈ ਹੋਣ ਦੇ ਬਾਵਜੂਦ ਉਹਨੇ ਕਾਰ ਦੇ ਡੰਡਾ ਮਾਰ ਕੇ ਕਹਿਣਾ ਸੀ,ਇਹ ਆਬਦੀ ਮਾਂ ਇਥੇ ਕਿਉਂ ਖੜ੍ਹੀ ਕੀਤੀ ਐ?” ਸਿਆਸਤ ਮੁਸਕਰਾਇਆ, “ਇਥੇ ਇਉਂ ਨਹੀਂ ਹੁੰਦਾ।”
ਜਨਤਕ ਵਾਹ ਵਾਲਾ ਹਰ ਕੋਈ ਮੁਸਕਰਾ ਕੇ ਗੱਲ ਕਰਦਾ ਹੈ। ਸਟੋਰ ਵਿਚ ਕੰਮ ਕਰਦੀ ਇਕ ਪੰਜਾਬਣ ਨੇ ਦੱਸਿਆ, “ਸਾਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਜੇ ਘਰ-ਪਰਿਵਾਰ ਦੀ ਕੋਈ ਸਮੱਸਿਆ ਵੀ ਹੈ, ਉਹਨੂੰ ਦਰਵਾਜ਼ੇ ਉੱਤੇ ਛੱਡ ਆਓ। ਗਾਹਕ ਨੂੰ ਮੁਸਕਰਾ ਕੇ ਹੀ ਮਿਲਣਾ ਹੈ।” ਅਸੀਂ ਸਟੈਨਫ਼ੋਰਡ ਯੂਨੀਵਰਸਿਟੀ ਦੇਖ ਕੇ ਨਿੱਕਲੇ ਤਾਂ ਗੋਰੀ ਰਿਸੈਪਸ਼ਨਿਸਟ ਕਹਿੰਦੀ, “ਸਰ, ਕੇਹੋ ਜੇਹੀ ਲੱਗੀ ਸਾਡੀ ਯੂਨੀਵਰਸਿਟੀ?” ਮੈਂ ਕਿਹਾ, “ਜੇ ਤੁਸੀਂ ਵਿਦਿਆਰਥੀ ਬਣਾਉਣ ਦੀ ਕਿਰਪਾ ਕਰੋਂ, ਮੈਂ ਕੱਚੀ ਪਹਿਲੀ ਵਿਚ ਦਾਖ਼ਲ ਹੋਣ ਲਈ ਤਿਆਰ ਹਾਂ।” ਉਹ ਖੁੱਲ੍ਹ ਕੇ ਹੱਸੀ, “ਤੁਸੀਂ ਆਓ ਸਹੀ, ਅਸੀਂ ਤੁਹਾਨੂੰ ਡਾਕਟਰੇਟ ਵਿਚ ਦਾਖ਼ਲ ਕਰਾਂਗੇ।” ਜਨਤਕ ਵਾਹ ਵਾਲੇ ਲੋਕ ਹਰ ਥਾਂ ਇਸੇ ਤਰ੍ਹਾਂ ਮਿਲਦੇ ਹਨ।
ਜੇ ਮੈਂ ਕੂੜੇ-ਕਚਰੇ ਤੋਂ ਪੂਰੀ ਤਰ੍ਹਾਂ ਸਾਫ਼ ਸ਼ਹਿਰਾਂ ਤੇ ਬਾਹਰਲੀਆਂ ਸੜਕਾਂ, ਨਿਰਵਿਘਨ ਆਵਾਜਾਈ, ਕਣਚਈ ਨਿਰਮਲ ਪਾਣੀ, ਸ਼ਾਨਦਾਰ ਵਿਦਿਅਕ ਸੰਸਥਾਵਾਂ ਤੇ ਕਲਾ-ਸੰਗ੍ਰਹਿ ਭਵਨਾਂ ਦਾ ਸੰਖੇਪ ਜ਼ਿਕਰ ਵੀ ਕਰਨ ਲੱਗ ਪਿਆ, ਲੇਖ ਬਹੁਤ ਲੰਮਾ ਹੋ ਜਾਵੇਗਾ।
ਸਰਕਾਰ ਦੀ ਪੱਧਰ ਉੱਤੇ ਉਨ੍ਹਾਂ ਦੇਸਾਂ ਦੀਆਂ ਕੌਮਾਂਤਰੀ ਨੀਤੀਆਂ ਕਿੰਨੀਆਂ ਵੀ ਦਖ਼ਲਬਾਜ਼, ਜੰਗਬਾਜ਼, ਲੋਟੂ ਤੇ ਧੱਕੜ ਹੋਣ, ਉਨ੍ਹਾਂ ਨੇ ਪਰਵਾਸੀਆਂ ਸਮੇਤ ਆਪਣੇ ਨਾਗਰਿਕਾਂ ਲਈ ਵਧੀਆ ਮਾਹੌਲ ਤੇ ਚੰਗਾ ਜੀਵਨ-ਮਿਆਰ ਯਕੀਨੀ ਬਣਾਇਆ ਹੋਇਆ ਹੈ। ਇਸੇ ਕਰਕੇ ਪਰਦੇਸ ਦੇ ਦਰਸ਼ਨਾਂ ਮਗਰੋਂ ਪਰਵਾਸੀ ਆਪਣੇ ਮੂਲ ਦੇਸ ਨੂੰ ਦੂਰੋਂ ਦੂਰੋਂ ਪਿਆਰ ਕਰਨਾ ਹੀ ਠੀਕ ਸਮਝਦੇ ਹਨ। ਮਹਾਨ ਸ਼ਾਇਰ ਮੀਰ ਦਾ ਮਿਸਰਾ ਹੁਧਾਰਾ ਮੰਗ ਕੇ ਕਿਹਾ ਜਾ ਸਕਦਾ ਹੈ: ਕੌਨ ਆਏ ਮੀਰ ਪਰਦੇਸ ਕੀ ਗਲੀਆਂ ਛੋਡ ਕਰ!