ਕੁਕੀ ਔਰਤਾਂ ਦੀ ਦਿਲ ਦਹਿਲਾ ਦੇਣ ਵਾਲੀ ਦਾਸਤਾਂ

ਟੋਰਾ ਅਗਰਵਾਲਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਟੋਰਾ ਅਗਰਵਾਲਾ ਗੁਹਾਟੀ ਆਧਾਰਿਤ ਸੁਤੰਤਰ ਪੱਤਰਕਾਰ ਹੈ ਜਿਸ ਦੀ ਇਹ ਸਟੋਰੀ ਆਨਲਾਈਨ ਨਿਊਜ਼ ਪੋਰਟਲ ‘ਸਕਰੌਲ` ਉੱਪਰ ਛਪੀ ਹੈ। ਸਕਰੌਲ ਵੱਲੋਂ ਇਹ ਵੇਰਵਾ ਪ੍ਰਕਾਸ਼ਿਤ ਕੀਤੇ ਜਾਣ ਤੋਂ ਅਗਲੇ ਦਿਨ ਇਸ ਨੌਜਵਾਨ ਕੁੜੀ ਨੇ ਆਪਣੇ ਨਾਲ ਬਲਾਤਕਾਰ ਦੀ ਰਿਪੋਰਟ ਪੁਲਿਸ ਨੂੰ ਕੀਤੀ। ਐੱਫ.ਆਈ.ਆਰ. ਦਰਜ ਹੋ ਗਈ ਹੈ। ਫਿਰ ਪ੍ਰਧਾਨ ਮੰਤਰੀ ਨੂੰ ਮਨੀਪੁਰ ਬਾਰੇ ਮੂੰਹ ਖੋਲ੍ਹਣਾ ਪਿਆ। ਉਨ੍ਹਾਂ ਉੱਪਰ ਜ਼ੁਲਮ ਕਰਨ ਵਾਲੇ ਮਰਦ ਕਹਿ ਰਹੇ ਸਨ ਕਿ ਉਹ ਆਪਣੇ ਭਾਈਚਾਰੇ ਵਿਰੁੱਧ ਹੋਈ ਹਿੰਸਾ ਦਾ ਬਦਲਾ ਲੈ ਰਹੇ ਹਨ। ਇਸ ਲੇਖ ਦੀ ਪਹਿਲੀ ਕਿਸ਼ਤ ਪੇਸ਼ ਕੀਤੀ ਜਾ ਰਹੀ ਹੈ ਜਿਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਮਈ 2023 ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਕੁਕੀ ਕਬੀਲੇ ਦੀਆਂ ਔਰਤਾਂ ਉੱਤੇ ਗੁੰਡਾ ਗੈਂਗ ਨੇ ਹਮਲਾ ਕੀਤਾ ਸੀ। ਹਮਲਾਵਰਾਂ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਵਿਰੁੱਧ ਹਿੰਸਾ ਦਾ ਬਦਲਾ ਲੈ ਰਹੇ ਹਨ।
ਕੁਕੀ ਕਬੀਲੇ ਦੀਆਂ ਔਰਤਾਂ ਦੀ ਭੀੜ ਦੁਆਰਾ ਨਗਨ ਪਰੇਡ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਨੇ ਉਸ ਜਿਨਸੀ ਹਿੰਸਾ ਵੱਲ ਮੁਲਕ ਦਾ ਧਿਆਨ ਖਿੱਚਿਆ ਜੋ ਮਨੀਪੁਰ ਵਿਚ ਚੱਲ ਰਹੀ ਖ਼ਾਨਾਜੰਗੀ `ਚ ਔਰਤਾਂ ਵਿਰੁੱਧ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ‘ਸਕਰੌਲ’ ਨੇ ਮਨੀਪੁਰ ਦਾ ਦੌਰਾ ਕੀਤਾ ਅਤੇ ਉੱਥੇ ਕੁਕੀ ਔਰਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਭੀੜ ਦੇ ਹੱਥੋਂ ਭਿਆਨਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਅਸੀਂ ਚਾਰ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿਚ ਉਹ ਔਰਤ ਵੀ ਸ਼ਾਮਿਲ ਸੀ ਜਿਸ ਉੱਪਰ ਕੀਤੇ ਜਿਨਸੀ ਜ਼ੁਲਮ ਦੀ ਵੀਡੀਓ ਬਣਾਈ ਗਈ ਸੀ। ਫਿਰ ਪ੍ਰਧਾਨ ਮੰਤਰੀ ਨੂੰ ਮਨੀਪੁਰ ਬਾਰੇ ਮੂੰਹ ਖੋਲ੍ਹਣਾ ਪਿਆ। ਉਨ੍ਹਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਉੱਪਰ ਜ਼ੁਲਮ ਕਰਨ ਵਾਲੇ ਮਰਦ ਕਹਿ ਰਹੇ ਸਨ ਕਿ ਉਹ ਆਪਣੇ ਭਾਈਚਾਰੇ ਵਿਰੁੱਧ ਹੋਈ ਹਿੰਸਾ ਦਾ ਬਦਲਾ ਲੈ ਰਹੇ ਹਨ। ਦੋ ਮਾਮਲਿਆਂ ਵਿਚ ਪੀੜਤਾਂ ਨੇ ਦੱਸਿਆ ਕਿ ਮੈਤੇਈ ਔਰਤਾਂ ਵੀ ਭੀੜ ਦਾ ਹਿੱਸਾ ਸਨ ਜੋ ਮਰਦਾਂ ਨੂੰ ਉਕਸਾ ਰਹੀਆਂ ਸਨ।
ਕੁਕੀ ਕਬੀਲੇ ਦੀ 19 ਸਾਲਾ ਪੀੜਤ ਲੜਕੀ ਜੋ ਇਸ ਸਮੇਂ ਕੰਗਪੋਕਪੀ ਜ਼ਿਲ੍ਹੇ ਦੇ ਰਾਹਤ ਕੈਂਪ ਵਿਚ ਰਹਿ ਰਹੀ ਹੈ, ਉਸ ਨਾਲ ਇਹ ਵਹਿਸ਼ੀਆਨਾ ਘਟਨਾ 15 ਮਈ ਨੂੰ ਇੰਫਾਲ ਵਿਚ ਵਾਪਰੀ।
15 ਮਈ ਨੂੰ ਇੰਫਾਲ ਦੀ ਨਿਊ ਚੇਕੋਂ ਕਾਲੋਨੀ ਦੀ ਰਹਿਣ ਵਾਲੀ 19 ਸਾਲਾ ਲੜਕੀ ਜਦੋਂ ਏ.ਟੀ.ਐੱਮ `ਚੋਂ ਪੈਸੇ ਕਢਵਾਉਣ ਲਈ ਘਰੋਂ ਬਾਹਰ ਨਿਕਲੀ ਤਾਂ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨਾਲ ਇੰਝ ਹੋਵੇਗਾ। ਅਗਲੇ ਕੁਝ ਘੰਟਿਆਂ ਵਿਚ ਹੀ ਉਸ ਨੂੰ ਇਕ ਗਰੋਹ ਨੇ ਅਗਵਾ ਕਰ ਕੇ ਕਾਰ ਵਿਚ ਜਬਰੀ ਬਿਠਾ ਲਿਆ ਅਤੇ ਇੰਫਾਲ ਵਿਚ ਤਿੰਨ ਵੱਖ-ਵੱਖ ਥਾਵਾਂ `ਤੇ ਜ਼ੁਲਮ ਕੀਤਾ। ਉਸ ਦੀ ਕਿਸਮਤ ਚੰਗੀ ਸੀ ਕਿ ਫਿਰ ਉਹ ਉਨ੍ਹਾਂ ਦੇ ਚੁੰਗਲ ਵਿਚੋਂ ਬਚ ਨਿਕਲੀ।
ਘਟਨਾ ਤੋਂ ਦੋ ਮਹੀਨੇ ਬਾਅਦ ਵੀ ਕੰਗਪੋਕਪੀ ਜ਼ਿਲ੍ਹੇ ਦੇ ਰਾਹਤ ਕੈਂਪ ਵਿਚ ਰਹਿ ਰਹੀ ਪੀੜਤਾ ਦੀ ਰਾਤਾਂ ਦੀ ਨੀਂਦ ਉਡ ਚੁੱਕੀ ਹੈ। ਧੀਮੀ ਅਤੇ ਕਮਜ਼ੋਰ ਆਵਾਜ਼ ਵਿਚ ਉਹ ਕਹਿੰਦੀ ਹੈ, “ਕਈ ਵਾਰ ਨੀਂਦ ਟੁੱਟ ਜਾਣ `ਤੇ ਮੈਂ ਕੁਰਲਾ ਉੱਠਦੀ ਹਾਂ… ਮੈਨੂੰ ਵਾਰ-ਵਾਰ ਚੇਤੇ ਆਉਂਦਾ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਕੀ ਕੀਤਾ ਸੀ, ਮੈਂ ਉਸ ਬਾਰੇ ਹੀ ਸੋਚਦੀ ਰਹਿੰਦੀ ਹਾਂ।”
ਇਕ ਸਿਖਲਾਈ ਸੰਸਥਾ ਦੇ ਇਕ ਕਲਾਸ ਰੂਮ ਨੂੰ ਹੁਣ ਉਜਾੜੇ ਗਏ ਕੂਕੀ ਲੋਕਾਂ ਲਈ ਰਾਹਤ ਕੈਂਪ ਵਿਚ ਬਦਲ ਦਿੱਤਾ ਗਿਆ ਹੈ, ਉੱਥੇ ਇਸ ਔਰਤ ਨੇ ਲਗਭਗ ਇਕ ਘੰਟੇ ਤੱਕ ਆਪਣੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਦੱਸੀ।
3 ਮਈ 2023 ਨੂੰ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਝੜਪ ਹੋ ਗਈ। ਅਗਲੇ ਦਿਨ 4 ਮਈ ਨੂੰ ਪੀੜਤ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਸੈਂਕੜੇ ਹੋਰਾਂ ਨਾਲ ਇੰਫਾਲ ਤੋਂ ਨਿਕਲ ਗਏ। ਕਿਸੇ ਕਾਰਨ 19 ਸਾਲਾ ਪੀੜਤਾ ਉਨ੍ਹਾਂ ਦੇ ਨਾਲ ਨਹੀਂ ਜਾ ਸਕੀ। ਜਦੋਂ ਹਿੰਸਾ ਸ਼ੁਰੂ ਹੋਈ ਤਾਂ ਉਹ ਆਪਣੀ ਇਕ ਕੁਕੀ ਸਹੇਲੀ ਦੇ ਘਰ ਸੀ ਜੋ ਇਕ ਮੁਸਲਮਾਨ ਨੂੰ ਵਿਆਹੀ ਹੋਈ ਹੈ।
“ਹਾਲਾਤ ਬਹੁਤ ਤਣਾਅ ਵਾਲੇ ਹੋਣ ਕਾਰਨ ਮੈਂ ਆਪਣੇ ਪਰਿਵਾਰ ਨਾਲ ਨਹੀਂ ਜਾ ਸਕੀ ਅਤੇ ਪੰਗਾਲ ਮੁਹੱਲੇ ਵਿਚ ਪਨਾਹ ਲਈ। ਮੈਤੇਈ ਪੰਗਾਲ ਇੰਫਾਲ ਘਾਟੀ ਦੇ ਵਸਨੀਕ ਹਨ ਜੋ ਇਸਲਾਮ ਨੂੰ ਮੰਨਦੇ ਹਨ। ਉਹ ਮਨੀਪੁਰ ਵਿਚ ਚੱਲ ਰਹੀ ਇਸ ਲੜਾਈ ਵਿਚ ਸ਼ਾਮਲ ਨਹੀਂ ਹਨ ਅਤੇ ਇਸ ਲਈ ਆਮ ਤੌਰ `ਤੇ ਦੋਹਾਂ ਪਾਸਿਆਂ ਦੇ ਹਮਲਾਵਰਾਂ ਤੋਂ ਬਚੇ ਰਹਿੰਦੇ ਹਨ।
ਕਈ ਦਿਨ ਪੀੜਤਾ ਮੁਸਲਿਮ ਪਰਿਵਾਰ ਦੇ ਘਰੋਂ ਬਾਹਰ ਨਹੀਂ ਆਈ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉਸ ਨੂੰ ਦੇਖੇ। ਲੱਗਭੱਗ ਦਸ ਦਿਨਾਂ ਬਾਅਦ ਹਿੰਸਾ ਦਾ ਪਹਿਲਾ ਦੌਰ ਖ਼ਤਮ ਹੋ ਗਿਆ, ਫਿਰ ਵੀ ਇੰਫਾਲ ਵਿਚ ਤਣਾਅ ਸੀ। ਉਸ ਦੇ ਮਾਤਾ-ਪਿਤਾ ਕੰਗਪੋਕਪੀ ਜ਼ਿਲ੍ਹੇ ਦੇ ਰਾਹਤ ਕੈਂਪ ਵਿਚ ਸਨ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਕਿ ਉਸ ਲਈ ਇੰਫਾਲ ਛੱਡ ਦੇਣਾ ਹੀ ਬਿਹਤਰ ਹੈ। ਮਾਪਿਆਂ ਨੇ ਉਸ ਨੂੰ ਕੁਝ ਪੈਸੇ ਭੇਜ ਦਿੱਤੇ। ਯੋਜਨਾ ਇਹ ਬਣਾਈ ਗਈ ਕਿ ਮੁਸਲਮਾਨ ਡਰਾਈਵਰ ਉਸ ਨੂੰ ਕੰਗਪੋਕਪੀ ਛੱਡ ਦੇਵੇਗਾ।
15 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਪੀੜਤਾ ਆਪਣੀ ਸਹੇਲੀ ਜਿਸ ਦੇ ਘਰ `ਚ ਉਸ ਨੇ ਪਨਾਹ ਲਈ ਹੋਈ ਸੀ, ਨਾਲ ਆਪਣੇ ਸਫ਼ਰ ਦੇ ਖ਼ਰਚੇ ਲਈ ਪੈਸੇ ਕਢਵਾਉਣ ਘਰੋਂ ਬਾਹਰ ਨਿਕਲੀ। ਇਸ ਤੋਂ ਪਹਿਲਾਂ ਕਿ ਉਹ ਏ.ਟੀ.ਐੱਮ. ਤੱਕ ਪਹੁੰਚਦੀ, ਚਿੱਟੇ ਰੰਗ ਦੀ ਬਲੈਰੋ ਅਤੇ ਬੈਂਗਣੀ ਰੰਗ ਦੀ ਸਵਿਫਟ ਕਾਰ `ਚ ਸਵਾਰ ਕੁਝ ਵਿਅਕਤੀਆਂ ਨੇ ਉਤਰ ਕੇ ਉਸ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਦਿਖਾਉਣ ਲਈ ਕਿਹਾ।
ਜਦੋਂ ਉਨ੍ਹਾਂ ਨੇ ਕਿਹਾ ਕਿ ਆਧਾਰ ਕਾਰਡ ਤਾਂ ਉਨ੍ਹਾਂ ਕੋਲ ਹੈ ਨਹੀਂ ਤਾਂ ਇਹ ਸੁਣ ਕੇ ਉਨ੍ਹਾਂ ਨੇ ਪਹਿਲਾਂ ਪੀੜਤਾ ਦੀ ਸਹੇਲੀ ਅਤੇ ਫਿਰ ਪੀੜਤਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪੀੜਤਾ ਦੀ ਸਹੇਲੀ ਉੱਪਰ ਕੁਕੀ ਲੜਕੀ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਅਤੇ ਕੁੱਟਮਾਰ ਤੋਂ ਬਾਅਦ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ।
ਫਿਰ ਉਨ੍ਹਾਂ ਪੀੜਤਾ ਨੂੰ ਖਿੱਚ ਕੇ ਬਲੈਰੋ ਵਿਚ ਬਿਠਾ ਲਿਆ। ਕਾਰ ਅੰਦਰ ਉਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਹ ਉਸ ਨੂੰ ਵਾਂਗਖੇਈ ਅਯਾਂਗਪਾਲੀ ਨਾਮ ਦੇ ਮੈਤੇਈ ਇਲਾਕੇ ਵਿਚ ਲੈ ਗਏ। ਉੱਥੇ ਜਾ ਕੇ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕ ਇਕੱਠੇ ਕਰ ਲਏ। ਉੱਥੇ ਸੜਕ ਦੇ ਕਿਨਾਰੇ ਪਹਿਲਾਂ ਔਰਤਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਅਨੁਸਾਰ, “ਉਨ੍ਹਾਂ ਵਿਚ ਕੁਝ ਮੁਟਿਆਰਾਂ ਤੇ ਕੁਝ ਬਜ਼ੁਰਗ ਸਨ ਅਤੇ ਉਨ੍ਹਾਂ ਆਪਣਾ ਰਵਾਇਤੀ ਪਹਿਰਾਵਾ ਫਾਣਕ ਪਾਇਆ ਹੋਇਆ ਸੀ। ਉਸ ਨੂੰ ਉਹ ਔਰਤਾਂ ਹੱਥਾਂ ਅਤੇ ਡੰਡਿਆਂ ਨਾਲ ਕੁੱਟ ਰਹੀਆਂ ਸਨ। ਕੁਝ ਔਰਤਾਂ ਦੇ ਹੱਥਾਂ ਵਿਚ ਕੈਂਚੀਆਂ ਵੀ ਸਨ।” ਪੀੜਤਾ ਅਨੁਸਾਰ, “ਕਿਸੇ ਨੇ ਮੇਰੇ ਵਾਲ ਖਿੱਚ ਲਏ… ਫਿਰ ਉਨ੍ਹਾਂ ਨੇ ਕੈਂਚੀ ਨਾਲ ਮੇਰੇ ਵਾਲ ਕੱਟਣ ਦੀ ਕੋਸ਼ਿਸ਼ ਵੀ ਕੀਤੀ।” ਇਸ ਦੌਰਾਨ ਪੀੜਤਾ ਮੈਤੇਈ ਬੋਲੀ `ਚ ਹਮਲਾਵਰ ਭੀੜ ਦੀਆਂ ਮਿੰਨਤਾਂ ਕਰਦੀ ਰਹੀ। ਉਸ ਨੇ ਦੱਸਿਆ ਕਿ “ਮੈਂ ਉਨ੍ਹਾਂ ਨੂੰ ਕਿਹਾ- ‘ਤੁਸੀਂ ਮੈਨੂੰ ਕਿਉਂ ਮਾਰ ਰਹੇ ਹੋ? ਤੁਸੀਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਥੱਪੜ ਕਿਉਂ ਮਾਰ ਰਹੇ ਹੋ? ਕੀ ਮੈਂ ਤੁਹਾਡੀ ਭੈਣ ਨਹੀਂ ਹਾਂ?”
ਭੀੜ ਉੱਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਪੀੜਤਾ ਨੇ ਦੱਸਿਆ ਕਿ ਫਿਰ ਉਨ੍ਹਾਂ ਔਰਤਾਂ ਨੇ ਇਹ ਕਹਿ ਕੇ ਉਸ ਨੂੰ ਮਰਦਾਂ ਦੇ ਹਵਾਲੇ ਕਰ ਦਿੱਤਾ ਕਿ ਇਸ ਨੂੰ ਮਾਰ ਦਿਓ। ਉਸ ਨੇ ਕਿਹਾ, “ਮਰਦਾਂ ਨੇ ਮੈਨੂੰ ਪੁੱਛਿਆ ਕਿ ਮੈਂ ਉੱਥੇ (ਇੰਫਾਲ ਵਿਚ) ਰਹਿਣ ਦੀ ਹਿੰਮਤ ਕਿਵੇਂ ਕੀਤੀ? ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇੰਫਾਲ ਤੋਂ ਬਾਹਰ ਨਿਕਲਣ ਦੀ ਪੂਰੀ ਵਾਹ ਲਾਉਂਦੀ ਰਹੀ ਹਾਂ ਅਤੇ ਉਹ ਮੈਨੂੰ ਛੱਡ ਦੇਣ।” ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਕਿਹਾ, “ਤੁਹਾਡੇ ਕਬੀਲੇ ਦੇ ਮੁੰਡਿਆਂ ਨੇ ਸਾਨੂੰ ਮੈਤੇਈਆਂ ਨੂੰ ਮਾਰਿਆ ਹੈ, ਇਸ ਲਈ ਅਸੀਂ ਤੈਨੂੰ ਨਹੀਂ ਬਚਾਵਾਂਗੇ।”
ਪੀੜਤਾ ਨੇ ਦੱਸਿਆ, ਫਿਰ ਕੁਝ ਲੋਕ ਫੋਨ ਕਰਨ ਲੱਗੇ। ਉਸ ਅਨੁਸਾਰ, ਉਹ ਅਰਮਬਾਈ ਟੈਂਗੋਲ ਨਾਂ ਦੇ ਕੱਟੜਪੰਥੀ ਮੈਤੇਈ ਗਰੁੱਪ ਦੇ ਮੈਂਬਰਾਂ ਨੂੰ ਫੋਨ ਕਰ ਰਹੇ ਸਨ ਜਿਨ੍ਹਾਂ ਉੱਪਰ 3 ਮਈ ਨੂੰ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਕੁਕੀ ਭਾਈਚਾਰੇ ਵਿਰੁੱਧ ਲੜੀਵਾਰ ਹਮਲਿਆਂ ਦੀ ਅਗਵਾਈ ਕਰਨ ਦਾ ਇਲਜ਼ਾਮ ਹੈ। ਉਨ੍ਹਾਂ ਨੇ ਫੋਨ `ਤੇ ਕੱਟੜਪੰਥੀ ਮੈਤੇਈ ਸਮੂਹ ਦੇ ਮੈਂਬਰਾਂ ਨੂੰ ਦੱਸਿਆ, “ਅਸੀਂ ਇਕ ਕਬਾਇਲੀ ਫੜੀ ਹੈ।”
ਇਸ ਤੋਂ ਥੋੜ੍ਹੀ ਦੇਰ ਬਾਅਦ ਉੱਥੇ ਇਕ ਹੋਰ ਬਲੈਰੋ ਆ ਗਈ ਜਿਸ ਵਿਚ ਕਾਲੀਆਂ ਟੀ-ਸ਼ਰਟਾਂ ਵਾਲੇ ਬੰਦੂਕਧਾਰੀ ਸਵਾਰ ਸਨ। ਪੀੜਤਾ ਨੂੰ ਧੂਹ ਕੇ ਬਲੈਰੋ ਵਿਚ ਸੁੱਟ ਲਿਆ ਗਿਆ ਅਤੇ ਉਹ ਉਸ ਨੂੰ ਇਕ ਹੋਰ ਥਾਂ `ਤੇ ਲੈ ਗਏ। ਪੀੜਤ ਅਨੁਸਾਰ, ਇਹ ਸਥਾਨ ਇੰਫਾਲ ਘਾਟੀ ਦੇ ਪੂਰਬੀ ਪਾਸੇ ਸਥਿਤ ਪਹਾੜੀ ਲੜੀ ਲੰਗੋਲ ਪਹਾੜੀਆਂ ਵਿਚ ਸੀ।
ਉੱਥੇ ਉਸ ਦੀਆਂ ਅੱਖਾਂ `ਤੇ ਪੱਟੀ ਬੰਨ੍ਹੀ ਗਈ ਅਤੇ ਉਸ ਦੇ ਦੋਵੇਂ ਹੱਥ ਵੀ ਬੰਨ੍ਹੇ ਦਿੱਤੇ ਗਏ। ਉਸ ਨੇ ਦੱਸਿਆ, “ਮੈਂ ਸਾਰਾ ਸਮਾਂ ਰੋਂਦੀ ਕੁਰਲਾਉਂਦੀ ਰਹੀ ਸੀ… ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਮੈਂ ਰੋਣਾ-ਕੁਰਲਾਉਣਾ ਬੰਦ ਨਾ ਕੀਤਾ ਤਾਂ ਉਹ ਮੈਨੂੰ ਗੋਲੀ ਮਾਰ ਦੇਣਗੇ।” ਫਿਰ, ਭੀੜ ਨੇ ਮੈਨੂੰ ਤੀਜੇ ਸਥਾਨ `ਤੇ ਲਿਜਾਣ ਦਾ ਫ਼ੈਸਲਾ ਕੀਤਾ। ਇਹ ਸਥਾਨ ਇੰਫਾਲ ਤੋਂ ਬਹੁਤ ਦੂਰ ਬਿਸ਼ਨੂਪੁਰ ਜ਼ਿਲ੍ਹੇ ਵਿਚ ਸੀ। ਪੀੜਤਾ ਅਨੁਸਾਰ, “ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਉਨ੍ਹਾਂ ਨੇ ਇੰਫਾਲ ਵਿਚ ਮੇਰੇ ਨਾਲ ਉਹੀ ਕੀਤਾ ਜੋ ਉਹ ਕਰਨਾ ਚਾਹੁੰਦੇ ਸਨ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ।”
ਉਦੋਂ ਤੱਕ ਰਾਤ ਹੋ ਚੁੱਕੀ ਸੀ। ਪੀੜਤਾ ਅਨੁਸਾਰ ਉਸ ਨੂੰ ਪਹਾੜੀ `ਤੇ ਲਿਜਾਇਆ ਗਿਆ: “ਉਨ੍ਹਾਂ ਮੈਨੂੰ ਕਿਹਾ ਕਿ ਜੇ ਮੈਂ ਜੀਣਾ ਚਾਹੁੰਦੀ ਹਾਂ ਤਾਂ ਮੈਨੂੰ ਉਸੇ ਤਰ੍ਹਾਂ ਕਰਨਾ ਪਵੇਗਾ ‘ਜਿਵੇਂ ਉਨ੍ਹਾਂ ਨੇ ਕਿਹਾ’ ਹੈ।… ਉਹ ਬਹੁਤ ਅਸ਼ਲੀਲ ਸ਼ਬਦ ਵਰਤ ਰਹੇ ਸਨ।” ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਹ ਉਸ ਨਾਲ ਬਲਾਤਕਾਰ ਕਰਨਾ ਚਾਹੁੰਦੇ ਹਨ। ਪੀੜਤ ਅਨੁਸਾਰ, “ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਦਿਆਂ ਤਾਂ ਉਹ ਮੈਨੂੰ ਬਚਾ ਸਕਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਅਜਿਹੀ ਕੁੜੀ ਨਹੀਂ ਹਾਂ।”
ਜਦੋਂ ਪੀੜਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ‘ਉਸ ਦੀ ਕੁੜਤੀ ਲਾਹੁਣ’ ਅਤੇ ‘ਉਸ ਦੇ ਅੰਗਾਂ ਨੂੰ ਹੱਥ ਪਾਉਣ’ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੀ ਹੈ ਕਿ ਸਾਰਾ ਸਮਾਂ ਰਾਈਫ਼ਲਾਂ ਵਿਚ ਕਾਰਤੂਸ ਲੋਡ ਕਰਨ ਦੀ ਆਵਾਜ਼ ਸੁਣਦੀ ਰਹੀ ਅਤੇ ਰਾਈਫਲਾਂ ਦੀਆਂ ਨਾਲੀਆਂ ਉਸ ਨੂੰ ਆਪਣੇ ਸਰੀਰ `ਚ ਖੁੱਭਦੀਆਂ ਮਹਿਸੂਸ ਹੁੰਦੀਆਂ ਰਹੀਆਂ। ਬਾਅਦ ਵਿਚ ਉਸ ਨੇ ਰਾਹਤ ਕੈਂਪ ਵਿਚ ਉਸ ਦੀ ਦੇਖਭਾਲ ਕਰ ਰਹੀ ਮਹਿਲਾ ਨੂੰ ਦੱਸਿਆ ਕਿ ਇਕ ਸਮੇਂ ਉਹ ਬੇਹੋਸ਼ ਹੋ ਗਈ। ਫਿਰ ਉਹ ਦੱਸਦੀ ਹੈ ਕਿ ਉਸ ਨੂੰ ਪੇਸ਼ਾਬ ਕਰਨ ਦੀ ਹਾਜ਼ਤ ਮਹਿਸੂਸ ਹੋਈ ਤਾਂ ਉਸ ਨੂੰ ਜਾਗ ਆ ਗਈ। ਉਸ ਨੇ ਕਿਹਾ, “ਜਦੋਂ ਮੈਂ ਉਨ੍ਹਾਂ ਤੋਂ ਆਗਿਆ ਮੰਗੀ ਤਾਂ ਉਹ ਹੱਸ ਪਏ ਅਤੇ ਮੈਨੂੰ ਕਿਹਾ ਕਿ ਜੇ ਤੂੰ ਮਰਨ ਤੋਂ ਪਹਿਲਾਂ ਪੇਸ਼ਾਬ ਕਰਨਾ ਚਾਹੁੰਦੀ ਏਂ ਤਾਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੰਦੇ ਹਾਂ।”
ਉਨ੍ਹਾਂ ਨੇ ਉਸ ਦੇ ਹੱਥ ਖੋਲ੍ਹ ਦਿੱਤੇ ਅਤੇ ਉਸ ਦਾ ਮੂੰਹ ਦੂਜੇ ਪਾਸੇ ਮੋੜ ਕੇ ਉਸ ਨੂੰ ਬਹੁਤ ਦੂਰ ਨਾ ਜਾਣ ਦੀ ਚਿਤਾਵਨੀ ਦਿੱਤੀ। ਪੀੜਤਾ ਨੇ ਆਪਣੀਆਂ ਅੱਖਾਂ ਤੋਂ ਪੱਟੀ ਲਾਹ ਲਈ ਅਤੇ ਕੁਝ ਦੂਰ ਚਲੀ ਗਈ। ਉਹ ਦੱਸਦੀ ਹੈ, “ਜਦੋਂ ਮੈਂ ਦੇਖਿਆ ਕਿ ਉਨ੍ਹਾਂ ਦੀ ਮੇਰੇ ਵੱਲ ਪਿੱਠ ਹੈ ਤਾਂ ਪਤਾ ਨਹੀਂ ਮੈਂ ਕਿਵੇਂ ਮੈਂ ਲੰਮੀ ਪੈ ਗਈ ਅਤੇ ਪਹਾੜੀ ਦੀ ਢਲਾਣ ਤੋਂ ਹੇਠਾਂ ਰਿੜ੍ਹਨਾ ਸ਼ੁਰੂ ਕਰ ਦਿੱਤਾ। ਹੇਠਾਂ ਵੱਲ ਰਿੜ੍ਹਦੀ ਹੋਈ ਉਹ ਪਹਾੜੀ ਦੇ ਬਿਲਕੁਲ ਹੇਠਾਂ ਮੁੱਖ ਸੜਕ `ਤੇ ਪਹੁੰਚ ਗਈ।
ਉਸ ਸਮੇਂ ਕੋਈ ਮੁਸਲਿਮ ਆਟੋ ਰਿਕਸ਼ਾ ਵਾਲਾ ਆਪਣਾ ਆਟੋ ਲੈ ਕੇ ਉੱਥੋਂ ਲੰਘ ਰਿਹਾ ਸੀ। ਜਦੋਂ ਉਸ ਨੇ ਪੀੜਤਾ ਨੂੰ ਦੇਖਿਆ ਤਾਂ ਉਸ ਨੇ ਆਪਣਾ ਆਟੋ ਰੋਕ ਕੇ ਉਸ ਨੂੰ ਸਹਾਰਾ ਦੇ ਕੇ ਆਟੋ ਵਿਚ ਬਿਠਾ ਲਿਆ। ਪੀੜਤਾ ਅਨੁਸਾਰ, “ਮੈਂ ਆਪਣੇ ਪੈਰਾਂ `ਤੇ ਖੜ੍ਹੀ ਹੋਣ ਦੀ ਹਾਲਤ `ਚ ਵੀ ਨਹੀਂ ਸੀ।”
ਉਦੋਂ ਤੱਕ ਅਗਵਾਕਾਰਾਂ ਨੇ ਦੇਖ ਲਿਆ ਸੀ ਕਿ ਉਹ ਉਨ੍ਹਾਂ ਦੇ ਚੁੰਗਲ `ਚੋਂ ਨਿਕਲ ਕੇ ਭੱਜ ਰਹੀ ਹੈ। ਉਹ ਗੋਲੀਆਂ ਚਲਾਉਂਦੇ ਹੋਏ ਪਹਾੜੀ ਤੋਂ ਹੇਠਾਂ ਭੱਜੇ ਪਰ ਆਟੋ ਚਾਲਕ ਆਟੋ ਭਜਾ ਕੇ ਉੱਥੋਂ ਨਿਕਲਣ `ਚ ਕਾਮਯਾਬ ਹੋ ਗਿਆ।
ਉਸ ਨੂੰ ਪਹਿਲਾਂ ਥਾਣੇ ਲਿਜਾਇਆ ਗਿਆ ਜਿੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਅਫਸਰਾਂ ਦੇ ਆਉਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਪਰ ਉਹ ਉੱਥੇ ਅਸਹਿਜ ਮਹਿਸੂਸ ਕਰ ਰਹੀ ਸੀ ਕਿਉਂਕਿ ਸਾਰੇ ਪੁਲਿਸ ਵਾਲੇ ਮੈਤੇਈ ਸਨ। ਇਹ ਦੇਖ ਕੇ ਉਸ ਨੇ ਆਟੋ ਚਾਲਕ ਨਾਲ ਉਥੋਂ ਚਲੇ ਜਾਣ ਦਾ ਫ਼ੈਸਲਾ ਕੀਤਾ। ਆਟੋ ਵਾਲੇ ਨੇ ਉਸ ਨੂੰ ਨਿਊ ਚੇਕੋਂ ਇਲਾਕੇ ਵਿਚ ਛੱਡ ਦਿੱਤਾ ਜਿੱਥੇ ਕੁਕੀ ਭਾਈਚਾਰੇ ਦੇ ਕੁਝ ਲੋਕਾਂ ਨੇ ਉਸ ਨੂੰ ਸਾਂਭਿਆ ਜੋ ਉਸ ਸਮੇਂ ਅਜੇ ਇੰਫਾਲ ਵਿਚ ਸਨ।
ਅਗਲੇ ਦੋ ਦਿਨ ਤੱਕ ਉਸ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਟੀਟੀ ਹਾਓਕਿਪ ਦੇ ਘਰ ਪਨਾਹ ਲਈ। ਇਸ ਗੱਲ ਦੀ ਪੁਸ਼ਟੀ ਸਾਬਕਾ ਵਿਧਾਇਕ ਦੀ ਪਤਨੀ ਮੈਰੀ ਹਾਓਕਿਪ ਨੇ ਕੀਤੀ। ਮਾਰੇ ਜਾਣ ਦੇ ਡਰੋਂ ਪੀੜਤਾ ਹਸਪਤਾਲ ਨਹੀਂ ਗਈ ਸਗੋਂ ਹਾਓਕਿਪ ਦੇ ਘਰ ਹੀ ਮੁੱਢਲੀ ਡਾਕਟਰੀ ਸਹਾਇਤਾ ਲਈ। ਉਹ ਦੱਸਦੀ ਹੈ ਕਿ ਉਸ ਦੇ ਕੰਨਾਂ ਵਿਚੋਂ ਲਹੂ ਵਹਿ ਰਿਹਾ ਸੀ, ਅੱਖਾਂ ਲਾਲ ਸਨ, ਸਾਰਾ ਸਰੀਰ ਵਲੂੰਧਰਿਆ ਹੋਇਆ ਸੀ ਅਤੇ ਚਿਹਰਾ ਸੁੱਜਿਆ ਹੋਇਆ ਸੀ। ਉਸ ਨੇ ਦੱਸਿਆ, “ਮੈਂ ਤਾਂ ਖਾਣਾ ਚਬਾ ਅਤੇ ਨਿਗਲ ਵੀ ਨਹੀਂ ਸੀ ਸਕਦੀ।”
ਮੈਰੀ ਹਾਓਕਿਪ ਜੋ ਹੁਣ ਚੂਰਾਚਾਂਦਪੁਰ ਵਿਚ ਹੈ, ਨੇ ਕਿਹਾ ਕਿ ਉਸ ਨੇ ਲੜਕੀ ਦੀ ਦੇਖਭਾਲ ਕੀਤੀ ਅਤੇ ਉਸ ਨੂੰ ਖਾਣਾ ਖਵਾਇਆ। ਉਸ ਨੇ ਕਿਹਾ, “ਮੇਰੇ ਕੋਲ ਉਸ ਦੀ ਹਾਲਤ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ।” ਸਾਬਕਾ ਵਿਧਾਇਕ ਦੀ ਪਤਨੀ ਅਨੁਸਾਰ, “ਉਹ ਪੌੜੀ ਚੜ੍ਹਨ ਦੀ ਹਾਲਤ `ਚ ਵੀ ਨਹੀਂ ਸੀ। ਉਹ ਦੋ ਦਿਨ ਕੁਝ ਖਾ ਵੀ ਨਹੀਂ ਸਕੀ। ਸਾਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ਨੂੰ ਉਸ ਦੇ ਮਾਤਾ-ਪਿਤਾ ਕੋਲ ਵਾਪਸ ਕਿਵੇਂ ਭੇਜਿਆ ਜਾਵੇ ਪਰ ਆਖ਼ਿਰਕਾਰ ਅਸੀਂ ਇੰਤਜ਼ਾਮ ਕਰਨ `ਚ ਕਾਮਯਾਬ ਹੋ ਗਏ।
20 ਮਈ ਨੂੰ ਪੀੜਤਾ ਕੰਗਪੋਕਪੀ ਸਥਿਤ ਰਾਹਤ ਕੈਂਪ ਵਿਚ ਪਹੁੰਚੀ ਜਿੱਥੇ ਉਸ ਦੇ ਪਰਿਵਾਰ ਨੇ ਪਨਾਹ ਲਈ ਹੋਈ ਸੀ। ਉਸ ਨੂੰ ਕੰਗਪੋਕਪੀ ਜ਼ਿਲ੍ਹੇ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਗੁਆਂਢੀ ਨਾਗਾਲੈਂਡ ਦੇ ਇਕ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਨਾਗਾ ਹਸਪਤਾਲ ਅਥਾਰਟੀ ਕੋਹਿਮਾ ਦੇ ਮੈਡੀਕਲ ਅਫਸਰ ਦੇ ਦਸਤਖ਼ਤਾਂ ਵਾਲੀ 24 ਮਈ ਦੀ ਰਿਪੋਰਟ `ਚ ਉਸ ਦੀ ਹਾਲਤ ਇਸ ਤਰ੍ਹਾਂ ਬਿਆਨ ਕੀਤੀ ਗਈ ਹੈ: ਪੀੜਤਾ ਉੱਪਰ ‘ਕਥਿਤ ਤੌਰ `ਤੇ ਜਿਨਸੀ ਹਮਲਾ ਅਤੇ ਬਲਾਤਕਾਰ ਕੀਤਾ ਗਿਆ ਸੀ’। ਕੇਸ ਵੇਰਵਾ ਬਿਆਨ ਕਰਦਾ ਹੈ: “ਮਨੀਪੁਰ ਵਿਚ ਕਬਾਇਲੀ ਲੜਾਈ ਦੌਰਾਨ 15/05/23 ਨੂੰ ਉਸ ਉੱਪਰ ਜਿਨਸੀ ਹਮਲਾ ਅਤੇ ਬਲਾਤਕਾਰ।” ਸਕਰੌਲ ਨੇ ਆਜ਼ਾਦਾਨਾ ਤੌਰ `ਤੇ ਇਸ ਰਿਪੋਰਟ ਦੀ ਤਸਦੀਕ ਕੀਤੀ ਹੈ।
ਘਟਨਾ ਤੋਂ ਦੋ ਮਹੀਨੇ ਬਾਅਦ ਵੀ ਪੀੜਤਾ ਨੂੰ ਹਮਲਾਵਰਾਂ ਦੇ ਚਿਹਰੇ ਯਾਦ ਹਨ। ਉਸ ਦੇ ਪਰਿਵਾਰ ਨੇ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਕਰਨ ਦਾ ਮਨ ਬਣਾਇਆ ਪਰ ਬਾਅਦ ਵਿਚ ਡਰ ਦੇ ਮਾਰੇ ਆਪਣਾ ਮਨ ਬਦਲ ਲਿਆ। ਪੀੜਤਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਆਖ਼ਿਰਕਾਰ ਸ਼ਿਕਾਇਤ ਦਰਜ ਕਰਵਾਈ ਗਈ ਜਾਂ ਨਹੀਂ। ਸਕਰੌਲ ਨੇ ਦੋ ਥਾਣਿਆਂ- ਕੰਗਪੋਕਪੀ ਅਤੇ ਸਪੋਰਮੇਨਾ ਜਾ ਕੇ ਪੁੱਛ-ਪੜਤਾਲ ਕੀਤੀ ਪਰ ਉੱਥੇ ਕੇਸ ਦਰਜ ਹੋਣ ਦਾ ਕੋਈ ਰਿਕਾਰਡ ਨਹੀਂ ਮਿਲਿਆ।
ਪੀੜਤਾ ਨੇ ਦੱਸਿਆ ਕਿ ਉਸ ਦਾ ਆਪਣੇ ਸਾਰੇ ਮੈਤੇਈ ਦੋਸਤਾਂ ਨਾਲ ਸੰਪਰਕ ਟੁੱਟ ਗਿਆ ਹੈ। ਉਸ ਅਨੁਸਾਰ, “ਉਨ੍ਹਾਂ ਵਿਚੋਂ ਕੁਝ ਨੇ ਮੇਰੀ ਮਾਂ ਦਾ ਫੋਨ ਨੰਬਰ ਲੱਭ ਲਿਆ ਅਤੇ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮੈਂ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਮੈਂ ਇਹ ਭੁੱਲ ਨਹੀਂ ਸਕਦੀ ਕਿ ਉਨ੍ਹਾਂ (ਮੈਤੇਈ ਲੋਕਾਂ) ਨੇ ਮੇਰੇ ਨਾਲ ਕੀ ਕੀਤਾ। ਮੈਂ ਇੰਫਾਲ ਵਿਚ ਆਪਣੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ।”
ਇਨ੍ਹਾਂ ਦਿਨਾਂ `ਚ ਉਸ ਦੀ ਮਾਂ ਉਸ ਨੂੰ ਤਾਕਤਵਰ ਹੋਣ ਲਈ ਕਹਿੰਦੀ ਰਹਿੰਦੀ ਹੈ। ਪੀੜਤਾ ਨੇ ਕਿਹਾ, “ਉਹ ਮੈਨੂੰ ਦੱਸਦੀ ਹੈ ਕਿ ਉਸ ਦੇ ਸੁਣਨ `ਚ ਆਇਆ ਹੈ ਕਿ ਅਜਿਹੀਆਂ ਕਈ ਕੁੜੀਆਂ ਹਨ ਜੋ ਇਸ ਤਰ੍ਹਾਂ ਦੇ ਸੰਤਾਪ `ਚੋਂ ਗੁਜ਼ਰੀਆਂ ਹਨ। ਉਨ੍ਹਾਂ ਦੀ ਖ਼ਾਤਰ, ਮੈਨੂੰ ਮਜ਼ਬੂਤ ਬਣੇ ਰਹਿਣਾ ਚਾਹੀਦਾ ਹੈ। (ਚੱਲਦਾ)