ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ

ਲੁਧਿਆਣਾ: ‘ਪੁੱਤ ਜੱਟਾਂ ਦੇ`, ‘ਜੱਟ ਜਿਉਣਾ ਮੌੜ` ਅਤੇ ‘ਯਾਰਾਂ ਦਾ ਟਰੱਕ ਬੱਲੀਏ` ਜਿਹੇ ਯਾਦਗਾਰ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। 20 ਮਈ, 1953 ਵਿਚ ਜਨਮੇ ਛਿੰਦਾ ਨੇ ਕੁੱਝ ਦਿਨ ਪਹਿਲਾਂ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ,

ਜਿਸ ਮਗਰੋਂ ਢਿੱਡ `ਚ ਇਨਫੈਕਸ਼ਨ ਵਧਣ `ਤੇ ਉਨ੍ਹਾਂ ਨੂੰ ਸਾਹ ਲੈਣ `ਚ ਪਰੇਸ਼ਾਨੀ ਹੋਣ ਲੱਗ ਪਈ ਸੀ। ਉਨ੍ਹਾਂ ਦੇ ਪਰਿਵਾਰ `ਚ ਪਤਨੀ ਜੋਗਿੰਦਰ ਕੌਰ, ਬੇਟੇ ਮਨਿੰਦਰ ਛਿੰਦਾ ਅਤੇ ਸਿਮਰਨ ਛਿੰਦਾ ਹਨ। ਜਿਵੇਂ ਹੀ ਸੁਰਿੰਦਰ ਛਿੰਦਾ ਦੇ ਦੇਹਾਂਤ ਦੀ ਖਬਰ ਫੈਲੀ ਤਾਂ ਪੰਜਾਬੀ ਗਾਇਕੀ ਤੇ ਫਿਲਮ ਇੰਡਸਟਰੀ ਦੇ ਨਾਲ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ `ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਮਕਬੂਲ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵੀ ਦਿਖਾਏ ਸਨ ਜਿਨ੍ਹਾਂ `ਚ ‘ਪੁੱਤ ਜੱਟਾਂ ਦੇ`, ‘ਉੱਚਾ ਦਰ ਬਾਬੇ ਨਾਨਕ ਦਾ` ਅਤੇ ‘ਬਦਲਾ ਜੱਟੀ ਦਾ` ਸ਼ਾਮਲ ਹਨ।
ਸੁਰਿੰਦਰ ਛਿੰਦਾ ਲੁਧਿਆਣਾ ਦੇ ਪਿੰਡ ਛੋਟੀ ਇਆਲੀ ਦੇ ਜੰਮਪਲ ਸਨ ਅਤੇ ਚਾਰ ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਸੰਗੀਤ ਦੀ ਚੇਟਕ ਲੱਗ ਗਈ ਸੀ। ਸੰਗੀਤ ਉਨ੍ਹਾਂ ਨੂੰ ਵਿਰਾਸਤ ‘ਚ ਮਿਲਿਆ ਸੀ। ਉਨ੍ਹਾਂ ਦੇ ਪਿਤਾ ਉਸਤਾਦ ਮਿਸਤਰੀ ਬਚਨ ਰਾਮ ਤੇ ਮਾਤਾ ਵਿਦਿਆਵਤੀ ਸਨ। ਉਸਤਾਦ ਮਿਸਤਰੀ ਬਚਨ ਰਾਮ ਨੇ ਛਿੰਦਾ ਨੂੰ ਗਾਇਕੀ ਸਿਖਾਈ ਅਤੇ ਜਸਵੰਤ ਭੰਮਰਾ ਤੋਂ ਸੰਗੀਤ ਦੇ ਗੁਰ ਸਿੱਖ ਕੇ ਉਨ੍ਹਾਂ ‘ਚ ਹੋਰ ਨਿਖਾਰ ਆ ਗਿਆ। ਛਿੰਦਾ ਨੇ ਆਪਣੀ ਮੁੱਢਲੀ ਸਿੱਖਿਆ ਪੁਰਾਣੇ ਸ਼ਹਿਰ ਦੇ ਸਰਕਾਰੀ ਸਕੂਲ ਹਾਤਾ ਸ਼ੇਰ ਜੰਗ ‘ਚ ਪੂਰੀ ਕੀਤੀ ਸੀ। ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਸੁਰਿੰਦਰ ਛਿੰਦਾ ਨੇ ਮਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ। ਕੋਰਸ ਪੂਰਾ ਕਰਨ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਵਿਚ ਨੌਕਰੀ ਮਿਲ ਗਈ, ਪਰ ਉਹ ਗਾਇਕ ਬਣਨਾ ਚਾਹੁੰਦੇ ਸਨ। ਨੌਕਰੀ ਛੱਡਣ ਤੋਂ ਬਾਅਦ ਸੁਰਿੰਦਰ ਛਿੰਦਾ ਨੇ ਆਪਣਾ ਪਹਿਲਾ ਗੀਤ ‘ਉੱਚਾ ਬੁਰਜ ਲਾਹੌਰ ਦਾ‘ ਕੱਢਿਆ ਜੋ ਕਾਫੀ ਮਕਬੂਲ ਹੋਇਆ। ਇਸ ਤੋਂ ਬਾਅਦ ਛਿੰਦੇ ਨੇ ਗੀਤਾਂ ਦੀ ਝੜੀ ਲਾ ਦਿੱਤੀ ਤੇ ਉਨ੍ਹਾਂ 40 ਤੋਂ ਵੱਧ ਕੈਸੇਟਾਂ ਕੱਢੀਆਂ। 1979 ਵਿਚ ਸੁਰਿੰਦਰ ਛਿੰਦਾ ਦੀ ਐਲਬਮ ‘ਰੱਖ ਲੈ ਕਲੀਂਡਰ ਯਾਰਾ‘ ਸੁਪਰ ਹਿੱਟ ਹੋਈ। ਗਾਇਕੀ ਮਗਰੋਂ ਸੁਰਿੰਦਰ ਛਿੰਦਾ ਨੇ ਕਈ ਹਿੱਟ ਫਿਲਮਾਂ ਕੀਤੀਆਂ, ਜਿਨ੍ਹਾਂ ਵਿਚ ‘ਪੁੱਤ ਜੱਟਾਂ ਦੇ‘, ‘ਉੱਚਾ ਦਰ ਬਾਬੇ ਨਾਨਕ ਦਾ‘, ‘ਬਦਲਾ ਜੱਟੀ ਦਾ‘, ‘ਜੱਟ ਜਿਉਣਾ ਮੌੜ‘ ਤੇ ‘ਪਟੋਲਾ‘ ਸ਼ਾਮਲ ਹਨ। ਸ਼ਾਨਦਾਰ ਗਾਇਕੀ ਤੇ ਅਦਾਕਾਰੀ ਲਈ ਉਨ੍ਹਾਂ ਨੂੰ ‘ਪੰਜਾਬ ਗੌਰਵ ਰਤਨ ਪੁਰਸਕਾਰ‘, ‘ਸ਼੍ਰੋਮਣੀ ਗਾਇਕ ਪੁਰਸਕਾਰ‘ ਸਮੇਤ ਵਿਦੇਸ਼ਾਂ ਵਿਚ ਵੀ ਕਈ ਪੁਰਸਕਾਰ ਮਿਲੇ ਸਨ।