ਪਾਕਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ 46 ਹਲਾਕ

ਪੇਸ਼ਾਵਰ: ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ‘ਚ ਇਕ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿਚ ਇਕ ਸਥਾਨਕ ਆਗੂ ਮੌਲਾਨਾ ਜ਼ਿਆਉੱਲਾ ਜਨ ਸਣੇ 46 ਵਿਅਕਤੀ ਹਲਾਕ ਹੋ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਦੁਸ਼ਮਣ ਅਤਿਵਾਦੀਆਂ ਦਾ ਸਫਾਇਆ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਕਬਾਇਲੀ ਜਿਲ੍ਹੇ ਬਜੌਰ ਦੀ ਰਾਜਧਾਨੀ ਖਾਸ ਵਿਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ-ਐੱਫ) ਦੇ ਵਰਕਰਾਂ ਦੇ ਸੰਮੇਲਨ ਦੌਰਾਨ ਹੋਇਆ। ਪੁਲਿਸ ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ‘ਚ ਘੱਟੋ ਘੱਟ 46 ਲੋਕ ਮਾਰੇ ਗਏ ਹਨ ਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ। ਇਸ ਸਬੰਧੀ ਟੀਵੀ ‘ਤੇ ਨਸ਼ਰ ਹੋਈਆਂ ਵੀਡੀਓਜ ‘ਚ ਲੋਕ ਇੱਧਰ-ਉੱਧਰ ਭੱਜਦੇ ਦਿਖਾਈ ਦੇ ਰਹੇ ਹਨ। ਜਦੋਂ ਇਹ ਧਮਾਕਾ ਹੋਇਆ ਤਾਂ 500 ਤੋਂ ਵੱਧ ਲੋਕ ਕਨਵੈਨਸ਼ਨ ‘ਚ ਹਿੱਸਾ ਲੈ ਰਹੇ ਸਨ। ਜੇ.ਯੂ.ਆਈ-ਐੱਫ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਸੂਬੇ ਦੇ ਮੁੱਖ ਮੰਤਰੀ ਆਜਮ ਖਾਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਜੇ.ਯੂ.ਆਈ.ਐਫ. ਵਰਕਰ ਸ਼ਾਂਤ ਰਹਿਣ ਅਤੇ ਸੰਘੀ ਤੇ ਸੂਬਾਈ ਸਰਕਾਰਾਂ ਜ਼ਖ਼ਮੀਆਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਉਣ।‘ ਜੇ.ਯੂ.ਆਈ.ਐਫ. ਦੇ ਆਗੂ ਹਾਫਿਜ਼ ਹਮਦੁੱਲ੍ਹਾ ਨੇ ਜੀਓ ਨਿਊਜ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਕਨਵੈਨਸ਼ਨ ‘ਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਕੁਝ ਨਿੱਜੀ ਕਾਰਨਾਂ ਕਰਕੇ ਉਹ ਜਾ ਨਹੀਂ ਸਕੇ। ਉਨ੍ਹਾਂ ਕਿਹਾ, ‘ਮੈਂ ਇਸ ਧਮਾਕੇ ਦੀ ਸਖਤੀ ਨਾਲ ਆਲੋਚਨਾ ਕਰਦਾ ਹਾਂ ਤੇ ਇਸ ਘਟਨਾ ਪਿਛਲੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਹ ਜਹਾਦ ਨਹੀਂ ਬਲਕਿ ਅਤਿਵਾਦ ਹੈ। ਇਹ ਮਨੁੱਖਤਾ ਤੇ ਬਜੌਰ ‘ਤੇ ਹਮਲਾ ਹੈ।‘ ਦੱਸਣਾ ਬਣਦਾ ਹੈ ਕਿ ਅਗਸਤ 2021 ਵਿਚ ਤਾਲਿਬਾਨ ਦੇ ਮੁੜ ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ‘ਤੇ ਅਤਿਵਾਦੀ ਹਮਲੇ ਵੱਧ ਗਏ ਹਨ ਅਤੇ ਅੰਤਰਿਮ ਸ਼ਾਸਕਾਂ ਨੇ ਸਰਹੱਦ ਪਾਰੋਂ ਹੋਣ ਵਾਲੇ ਹਮਲਿਆਂ ਲਈ ਜ਼ਿੰਮੇਵਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਸਮੇਤ ਅਤਿਵਾਦੀਆਂ ਖ਼ਿਲਾਫ਼ ਫੈਸਲਾਕੁਨ ਕਾਰਵਾਈ ਦਾ ਸੱਦਾ ਦਿੱਤਾ ਹੈ।