ਸੀਚੇਵਾਲ ਦੇ ਯਤਨਾਂ ਸਦਕਾ ਮਸਕਟ ਵਿਚ ਫਸੀਆਂ ਔਰਤਾਂ ਵਤਨ ਪਰਤੀਆਂ

ਜਲੰਧਰ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਦੋ ਔਰਤਾਂ ਨੂੰ ਮਸਕਟ ਤੋਂ ਸੁਰੱਖਿਅਤ ਪੰਜਾਬ ਲਿਆਂਦਾ ਗਿਆ ਹੈ। ਬਲਬੀਰ ਸਿੰਘ ਸੀਚੇਵਾਲ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਦੋਵੇਂ ਔਰਤਾਂ ਨੂੰ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਦੋਵੇਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਟਰੈਵਲ ਏਜੰਟਾਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਅਤੇ ਉਨ੍ਹਾਂ ਤੋਂ ਠੱਗੇ ਗਏ ਪੈਸੇ ਵਾਪਸ ਦਿਵਾਉਣ ਦਾ ਭਰੋਸਾ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਵਿਚੋਂ ਇਕ ਮਹਿਲਾ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਵਸਨੀਕ ਹੈ ਜੋ ਕਿ ਤਿੰਨ ਮਹੀਨੇ ਪਹਿਲਾਂ ਮਸਕਟ ਗਈ ਸੀ। ਉਸ ਦੀ ਮਾਸੀ ਨੇ ਹੀ ਧੋਖੇ ਨਾਲ ਉਸ ਨੂੰ ਫਸਾਇਆ ਸੀ। ਇਸ ਮਹਿਲਾ ਦੀ ਮਾਸੀ ਨੇ ਸਿਹਤ ਖਰਾਬ ਹੋਣ ਦਾ ਬਹਾਨਾ ਲਾ ਕੇ ਉਸ ਨੂੰ ਆਪਣੀ ਥਾਂ ਕੰਮ ਕਰਨ ਲਈ ਮਸਕਟ ਸੱਦਿਆ ਸੀ, ਪਰ ਉੱਥੇ ਪਹੁੰਚਣ ‘ਤੇ ਉਸ ਨੂੰ ਸ਼ਰੀਫਾ ਨਾਂ ਦੀ ਇਕ ਔਰਤ ਕੋਲ ਭੇਜ ਦਿੱਤਾ ਤੇ ਉਸ ਦਾ ਪਾਸਪੋਰਟ ਵੀ ਖੋਹ ਲਿਆ। ਦੂਜੀ ਮਹਿਲਾ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਜੋ ਕਿ 14 ਮਈ ਨੂੰ ਮਸਕਟ ਗਈ ਸੀ। ਉਸ ਨੂੰ ਰਿਸ਼ਤੇਦਾਰੀ ਵਿਚੋਂ ਇਕ ਲੜਕੀ ਨੇ ਦੱਸਿਆ ਸੀ ਕਿ ਘਰਾਂ ਵਿਚ ਕੰਮ ਕਰ ਕੇ ਵਧੀਆ ਕਮਾਈ ਹੁੰਦੀ ਹੈ ਪਰ ਹਵਾਈ ਅੱਡੇ ਤੋਂ ਟਰੈਵਲ ਏਜੰਟ ਉਸ ਨੂੰ ਟਰੇਨਿੰਗ ਦੇਣ ਦੇ ਬਹਾਨੇ ਲੈ ਗਿਆ ਤੇ ਕਮਰੇ ਵਿਚ ਬੰਦ ਕਰ ਦਿੱਤਾ। ਉੱਥੇ ਸ਼ੀਆ ਨਾਂ ਦੀ ਔਰਤ ਉਸ ਨਾਲ ਕੁੱਟਮਾਰ ਕਰਦੀ ਸੀ ਤੇ ਭਾਰਤ ਤੋਂ ਪੈਸੇ ਮੰਗਵਾਉਣ ਲਈ ਕਹਿੰਦੀ ਸੀ। ਇਸ ਸਬੰਧੀ ਉਸ ਕੋਲੋਂ ਇੱਕ ਵੀਡੀਓ ਵੀ ਬਣਵਾਈ ਗਈ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਮਸਕਟ ਤੋਂ ਪਰਤੀਆਂ ਔਰਤਾਂ ਨੇ ਦੱਸਿਆ ਹੈ ਕਿ ਹਾਲੇ ਵੀ ਉੱਥੇ ਵੱਡੀ ਗਿਣਤੀ ਔਰਤਾਂ ਫਸੀਆਂ ਹੋਈਆਂ ਹਨ। ਉਧਰ, ਤਲਵੰਡੀ ਭਾਈ ਦੇ ਪਿੰਡ ਲੱਲ੍ਹੇ ਦੇ ਇਕ ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਅਰਸ਼ਦੀਪ ਕੌਰ ਨੂੰ ਇਕ ਏਜੰਟ ਨੇ ਕਤਰ ਭੇਜਣ ਦੀ ਥਾਂ ਬਗਦਾਦ ਭੇਜ ਦਿੱਤਾ ਹੈ। ਅਰਸ਼ਦੀਪ ਦੇ ਮਾਤਾ-ਪਿਤਾ ਵੱਲੋਂ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਦੀ ਮਾਤਾ ਬਲਜਿੰਦਰ ਕੌਰ ਪਤਨੀ ਹੀਰਾ ਸਿੰਘ ਵਾਸੀ ਲੱਲ੍ਹੇ ਨੇ ਥਾਣਾ ਤਲਵੰਡੀ ਭਾਈ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਲੁਧਿਆਣਾ ਦੀ ਇਕ ਫੈਕਟਰੀ ਵਿਚ ਕੰਮ ਕਰਦੀ ਸੀ, ਜਿੱਥੇ ਉਸ ਨਾਲ ਕੰਮ ਕਰਨ ਵਾਲੀ ਮਮਤਾ ਵਾਸੀ ਅੰਮ੍ਰਿਤਸਰ ਕੁਝ ਸਮਾਂ ਪਹਿਲਾਂ ਕਤਰ ਚਲੀ ਗਈ ਸੀ।
ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਮਮਤਾ ਨੇ ਅਰਸ਼ਦੀਪ ਨੂੰ ਸੋਨੀਆ ਨਾਂ ਦੀ ਇਕ ਏਜੰਟ ਨਾਲ ਮਿਲਵਾਇਆ ਤੇ ਸੋਨੀਆ ਨੇ 90 ਹਜ਼ਾਰ ਰੁਪਏ ਲੈ ਕੇ ਅਰਸ਼ਦੀਪ ਦਾ ਵੀਜ਼ਾ ਲਗਵਾਇਆ। ਉਪਰੰਤ ਲੰਘੀ 9 ਮਾਰਚ ਨੂੰ ਅਰਸ਼ਦੀਪ ਕਤਰ ਲਈ ਰਵਾਨਾ ਹੋਈ ਸੀ। ਬਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਧੋਖੇ ਨਾਲ ਅਰਸ਼ਦੀਪ ਨੂੰ ਕਤਰ ਦੀ ਥਾਂ ਪਹਿਲਾਂ ਦੁਬਈ ਅਤੇ ਫਿਰ ਇਰਾਕ ਲੈ ਗਈ। ਉਸ ਮਗਰੋਂ ਅਰਸ਼ਦੀਪ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਬਲਜਿੰਦਰ ਕੌਰ ਨੇ ਦੱਸਿਆ ਕਿ ਬਗਦਾਦ ਵਿਚ ਅਰਸ਼ਦੀਪ ਦੀ ਸਰੀਰਕ ਤੇ ਮਾਨਸਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮਾਲੀ ਹਾਲਤ ਅਜਿਹੀ ਨਹੀਂ ਕਿ ਉਹ ਆਪਣੀ ਧੀ ਨੂੰ ਵਾਪਸ ਲਿਆ ਸਕਣ।